ਗੁਰਮੀਤ ਪਨਾਗ ਦੀ ਪਹਿਲੀ ਪੁਸਤਕ ‘ਮੁਰਗਾਬੀਆਂ’

ਬਲਦੇਵ ਦੂਹੜੇ
‘ਮੁਰਗਾਬੀਆਂ’ ਗੁਰਮੀਤ ਪਨਾਗ ਦਾ ਪਹਿਲਾ ਕਹਾਣੀ ਸੰਗ੍ਰਿਹ ਹੈ। ਕਹਾਣੀਆਂ ਦੀ ਪਿਠ-ਭੂਮੀ ਕੈਨੇਡਾ ਦਾ ਮੱਧ ਵਰਗ ਹੈ, ਪਰ ਉਸ ਦਾ ਕੈਨਵਸ ਪੰਜਾਬੀ ਲੋਕਾਂ ਦੇ ਆਮ ਤਜਰਬੇ ਤੋਂ ਆਰ-ਪਾਰ ਦਾ ਹੈ। ਉਸ ਦੀਆਂ ਕਹਾਣੀਆਂ ਵਿਚ ਤੁਹਾਨੂੰ ਉਹ ਦ੍ਰਿਸ਼ ਮਿਲਣਗੇ, ਜੋ ਹੁਣ ਸਿਰਫ ਇਤਿਹਾਸ ਦੇ ਪੰਨਿਆਂ ਵਿਚ ਰਹਿ ਗਏ ਹਨ। ਇਤਿਹਾਸ ਵਿਚ ਕਿਸੇ ਵਰਤਾਰੇ ਨੂੰ ਪੜ੍ਹਨਾ ਅਤੇ ਕਹਾਣੀ ਵਿਚ ਪਾਤਰਾਂ ਰਾਹੀਂ ਮਹਿਸੂਸ ਕਰਨਾ-ਦੋ ਬਿਲਕੁਲ ਵਖਰੇ ਅਨੁਭਵ ਹਨ। ਮੈਡਮ ਪਨਾਗ ਸਾਨੂੰ ਬਹੁਤ ਸਾਰੇ ਅਜਿਹੇ ਮੰਜ਼ਰ ਦਿਖਾਉਂਦੇ ਹਨ, ਜੋ ਇਤਿਹਾਸ ਦਾ ਕੁਝ ਹੱਦ ਤੱਕ ਜੀਂਦਾ ਜਾਗਦਾ ਅਨੁਭਵ ਹੋ ਨਿਬੜਦੇ ਹਨ।

ਪਨਾਗ ਦੀਆਂ ਕਹਾਣੀਆਂ ਵਿਚ ਕੈਨੇਡੀਅਨ ਕਦਰਾਂ-ਕੀਮਤਾਂ ਦਾ ਸਬਟੈਕਸਟ ਚਲਦਾ ਹੈ। ਕਰੁਣਾ, ਮਦਦ, ਇਨਸਾਫ ਅਤੇ ਹਮਦਰਦੀ ਦੇ ਗੁਣ ਪਾਤਰਾਂ ਵਿਚ ਮਿਲਦੇ ਹਨ। ਜਿਥੇ ਵੀ ਕੋਈ ਦੁਖੀ ਪਾਤਰ ਆਉਂਦਾ ਹੈ, ਉਸ ਦੀ ਮਦਦ ਲਈ ਕੋਈ ਚੰਗਾ ਪਾਤਰ ਹਾਜ਼ਰ ਹੈ।
ਪਨਾਗ ਦੀਆਂ ਕਹਾਣੀਆਂ ਵਿਚ ਕੈਨੇਡੀਅਨ ਮਧ ਵਰਗ ਦੀਆਂ ਸਮਸਿਆਵਾਂ ਅਤੇ ਇਨ੍ਹਾਂ ਦੇ ਹੱਲ ਹਨ, ਪਰ ਇਸ ਦੇ ਨਾਲ ਨਾਲ ਇਕ ਕਿਸਮ ਦਾ ਨਾਰੀਵਾਦ ਵੀ ਚਲਦਾ ਹੈ। ਇਹ ਨਾਰੀਵਾਦ ਨਾਰੀ ਦੇ ਸਵੈ-ਵਾਸਵੀਕਰਨ ਅਤੇ ਸੁਤੰਤਰ ਹੋਣ ਵੱਲ ਵਿਚਰਦਾ ਹੈ। ਇਨ੍ਹਾਂ ਸਭ ਗੁਣਾਂ ਕਰਕੇ ਗੁਰਮੀਤ ਪਨਾਗ ਦੀ ਕਹਾਣੀ ਇਕ ਦੋਸਤਾਨਾ ਅਤੇ ਖੁਸ਼ਗਵਾਰ ਮਾਹੌਲ ਪੈਦਾ ਕਰਦੀ ਹੈ। ਇਸ ਦਾ ਅਰਥ ਇਹ ਨਹੀਂ ਕਿ ਉਸ ਦੇ ਪਾਤਰ ਦੁੱਖ ਤਕਲੀਫਾਂ ਵਿਚੋਂ ਨਹੀਂ ਲੰਘਦੇ। ਉਸ ਦੇ ਕਹਾਣੀ ਜਗਤ ਵਿਚ ਜ਼ਿੰਦਗੀ ਜ਼ਿੰਦਗੀ ਹੈ ਅਤੇ ਇਸ ਨਾਲ ਆਉਂਦੇ ਦੁੱਖ-ਸੁੱਖ ਸਭ ਮਿਲਦੇ ਹਨ, ਪਰ ਕਰੁਣਾ ਅਤੇ ਇਨਸਾਫ ਦਾ ਪਲੜਾ ਭਾਰੀ ਹੈ। ਸ਼ਾਇਦ ਇਹ ਇਸ ਕਰਕੇ ਹੈ ਕਿ ਕੈਨੇਡੀਅਨ ਜ਼ਿੰਦਗੀ ਵਿਚ ਸਥਿਰਤਾ, ਸਹਿਜ ਅਤੇ ਕਰੁਣਾ ਆਖਿਰ ਖੌਲਦੇ ਪਾਣੀਆਂ ਨੂੰ ਸ਼ਾਂਤ ਕਰਨ ਵਿਚ ਕਾਮਯਾਬ ਹਨ।
ਕਹਾਣੀ ‘ਮੁਰਗਾਬੀਆਂ’ ਵਿਚ ਨੇਟਿਵ ਲੋਕਾਂ ਦੀ ਹਾਲਤ ਕੁਝ ਪਾਤਰਾਂ ਰਾਹੀਂ ਦਿਖਾਈ ਗਈ ਹੈ। ਬਹੁਤ ਸਾਰੇ ਇਤਿਹਾਸਕ ਤੱਥ ਅਤੇ ਤ੍ਰਾਸਦਿਕ ਸਥਿਤੀਆਂ ਭਾਸ਼ਣ ਦਿੰਦੇ ਇਕ ਪਾਤਰ ਰਾਹੀਂ ਪਾਠਕ ਦੇ ਨਜ਼ਰ ਗੋਚਰੇ ਕੀਤੀਆਂ ਗਈਆਂ ਹਨ। ਅੰਕਲ ਰਾਹੀਂ ਨੇਟਿਵ ਲੋਕਾਂ ਵਿਚ ਅਵਸਾਦ ਜਾਂ ਡਿਪਰੈਸ਼ਨ ਅਤੇ ਸ਼ਰਾਬਖੋਰੀ ਦੀਆਂ ਸਮਸਿਆਵਾਂ ਦਾ ਇਜ਼ਹਾਰ ਹੈ। ਸਮੁੱਚੇ ਤੌਰ ‘ਤੇ ਲੇਖਿਕਾ ਨੇਟਿਵ ਲੋਕਾਂ ਦੀ ਹਕੀਕਤ ਨੂੰ ਬਾਹਰਮੁਖੀ ਤਰੀਕੇ ਨਾਲ ਵਰਣਾਉਣ ਦੀ ਥਾਂ, ਨੇਟਿਵ ਲੋਕਾਂ ਵਲ ਨੂੰ ਥੋੜ੍ਹਾ ਜਿਹਾ ਅੰਤਰਮੁਖੀ ਝੁਕਾਓ ਰੱਖਦੀ ਦਿਸਦੀ ਹੈ, ਜੋ ਸ਼ਾਇਦ ਉਸ ਦੇ ਕਰੁਣਾਮਈ ਨਜ਼ਰੀਏ ਦਾ ਹੀ ਸਬੂਤ ਹੈ। ਇਸ ਕਹਾਣੀ ਵਿਚ ਇੰਨੇ ਤੱਥ ਇੰਨੀ ਤੇਜ਼ੀ ਨਾਲ ਦਿਤੇ ਗਏ ਹਨ ਕਿ ਕਈ ਵਾਰ ਇਹ ਕਹਾਣੀ ਘੱਟ ਅਤੇ ਇਕ ਡਾਕੁਮੈਂਟਰੀ ਵਧੇਰੇ ਲਗਦੀ ਹੈ।
‘ਮਾਈ ਲਾਈਫ ਮਾਈ ਵੇਅ’ ਕਹਾਣੀ ਵਿਚ ਪਵਲੀਨ ਘਰ ਦੀ ਰੱਟ ਵਿਚੋਂ ਨਿਕਲ ਕੇ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜਿਉਣ ਦਾ ਫੈਸਲਾ ਕਰਦੀ ਹੈ। ਇਹ ਪੰਜਾਬੀ ਸਭਿਆਚਾਰ ਦੇ ਕੰਜ਼ਰਵੇਟਿਵ ਮਿਆਰਾਂ ਅਨੁਸਾਰ ਨਾਰੀਵਾਦੀ ਦਿਸਦਾ ਹੈ ਅਤੇ ਬਿਲਕੁਲ ਵਾਜਬ ਵੀ। ਇਹ ਸਵੈ-ਵਾਸਤਵਿਕਤਾ ਵਲ ਵਧਦਾ ਕਦਮ ਕਹਾਣੀ ਨੂੰ ਇਕ ਆਸ਼ਾਵਾਦੀ ਮੋੜ ਦੇ ਕੇ ਖਤਮ ਕਰਦਾ ਹੈ।
ਕਹਾਣੀ ‘ਕਾਸ਼ਨੀ ਸੁਪਨੇ’ ਵਿਚ ਕੁਲਦੀਪ ਆਪਣਾ ਬੁਢਾਪਾ, ਆਪਣੀ ਮਰਜ਼ੀ ਨਾਲ ਇਕੱਲੀ ਰਹਿ ਕੇ ਬਿਤਾ ਰਹੀ ਹੈ, ਪਰ ਹਾਲਾਤ ਕੁਝ ਅਜਿਹਾ ਮੋੜ ਖਾਂਦੇ ਹਨ ਕਿ ਉਸ ਦਾ ਰੋਮਾਂਟਿਕ ਝੁਕਾਓ ਗੁਆਂਢ ਵਿਚ ਰਹਿਣ ਲੱਗੇ ਡਾ. ਸਿੱਧੂ ਵਲ ਹੋ ਜਾਂਦਾ ਹੈ। ਕਹਾਣੀ ਇਥੇ ਖਤਮ ਹੋ ਜਾਂਦੀ ਹੈ, ਪਰ ਇੰਜ ਲਗਦਾ ਹੈ ਕਿ ਦੋ ਬੜੇ ਸਾਊ ਅਤੇ ਪਤਵੰਤੇ ਇਨਸਾਨਾਂ ਦਾ ਇਕ ਦੂਜੇ ਨਾਲ ਇਸ਼ਕ ਸ਼ੁਰੂ ਹੋਣ ਵਾਲਾ ਹੈ। ਇਸ ਕਹਾਣੀ ਦੀ ਖੂਬਸੂਰਤੀ ਇਹ ਹੈ ਕਿ ਇਹ ਦੋਨੋਂ ਪਾਤਰ ਆਪਣੇ ਸੀਨੀਅਰ ਸਾਲਾਂ ਵਿਚ ਸਾਰਥਕ, ਰੁਮਾਂਟਿਕ ਅਤੇ ਸਭਿਅਕ ਜ਼ਿੰਦਗੀ ਜਿਉਂਦੇ ਦਿਸਦੇ ਹਨ।
ਕਹਾਣੀ ‘ਗੋਰੀ ਅੱਖ ਦਾ ਟੀਰ’ ਵਿਚ ਉਤਰੀ ਅਮਰੀਕਾ ਦਾ ਇਕ ਵਾਰ ਵਾਰ ਵਾਪਰਨ ਵਾਲਾ ਵਰਤਾਰਾ ਦਿਖਾਇਆ ਗਿਆ ਹੈ। ਨਸਲਵਾਦ ਅਤੇ ਬੇਇਨਸਾਫੀ ਨੌਜਵਾਨਾਂ ਨੂੰ ਹਿੰਸਾ ਵਲ ਤੋਰਦੀ ਹੈ। ਇਸ ਕਹਾਣੀ ਵਿਚ ਨੇਥਨ ਬਰਾਊਨ ਇਕ ਪੁਲਿਸ ਅਫਸਰ ਦੇ ਨਸਲਵਾਦ ਤੋਂ ਦੁਖੀ ਹੋ ਕੇ ਉਸ ਦੇ ਗੋਲੀ ਮਾਰ ਦਿੰਦਾ ਹੈ। ਇਸ ਨਾਲ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਜਾਂਦੀ ਹੈ। ਕੈਨੇਡੀਅਨ ਇਨਸਾਫ ਦੇ ਤਰਾਜ਼ੂ ਵਿਚ ਮਨੋਵਿਗਿਆਨਕ ਜ਼ੁਲਮ ਅਤੇ ਇਸ ਦੇ ਪ੍ਰਤੀਕਰਮ ਨੂੰ ਸਮਝਣ ਲਈ ਕੋਈ ਥਾਂ ਨਹੀਂ। ਇਹ ਇਕ ਚੰਗਾ ਨੌਜਵਾਨ ਮੁਜਰਮ ਹੋ ਨਿਬੜਦਾ ਹੈ। ਇਹ ਗੱਲ ਵਾਰ ਵਾਰ ਹੋਈ ਹੈ। ਸਾਡੀ ਆਪਣੀ ਕਮਿਉਨਿਟੀ ਵਿਚ ਵੀ ਗੈਂਗਾਂ ਦਾ ਪੈਦਾ ਹੋਣ ਦਾ ਅਸਲ ਕਾਰਨ ਨਸਲਵਾਦ ਹੈ। ਪਹਿਲੀਆਂ ਪੀੜ੍ਹੀਆਂ ਨਸਲਵਾਦ ਵਿਰੁਧ ਲੜਨ ਵਿਚ ਅਸਮਰੱਥ ਸਨ, ਪਰ ਕੈਨੇਡਾ ਜਾਂ ਅਮਰੀਕਾ ਵਿਚ ਪੈਦਾ ਹੋਏ ਬੱਚੇ ਨਸਲਵਾਦ ਵਿਰੁਧ ਲੜਨ ਲਗਦੇ ਹਿੰਸਾ ਦੀ ਦੁਨੀਆਂ ਵਿਚ ਦਾਖਲ ਹੋ ਜਾਂਦੇ ਹਨ, ਜਿਸ ਨਾਲ ਨਤੀਜੇ ਬੜੇ ਦੁਖਾਂਤਮਈ ਨਿਕਲਦੇ ਹਨ। ਪਨਾਗ ਨੇ ਇਥੇ ਇਸ ਵਰਤਾਰੇ ਨੂੰ ਬਾਖੂਬੀ ਫੜ੍ਹਿਆ ਹੈ।
ਪੁਸਤਕ ਵਿਚ ਇਨ੍ਹਾਂ ਕੁਝ ਕੁ ਕਹਾਣੀਆਂ ਤੋਂ ਬਿਨਾ ਹੋਰ ਵੀ ਬਹੁਤ ਪੜ੍ਹਨਯੋਗ ਤੇ ਮਾਣਨਯੋਗ ਕਹਾਣੀਆਂ ਹਨ।
ਗੁਰਮੀਤ ਪਨਾਗ ਦੀਆਂ ਕਹਾਣੀਆਂ ਵਿਚ ਨਾਰੀਵਾਦ ਉਸ ਦੇ ਨਾਰੀ ਪਾਤਰਾਂ ਦੇ ਮਜ਼ਬੂਤ ਇਰਾਦੇ ਅਤੇ ਸੁਤੰਤਰਤਾ ਦੀ ਇੱਛਾ ਤੇ ਸਮਰਥਾ ਤੋਂ ਦਿਸਦਾ ਹੈ। ਪਰ ਇਹ ਨਾਰੀਵਾਦ ਅਸਲ ਵਿਚ ਮਾਨਵਵਾਦ ਹੀ ਹੈ ਕਿਉਂਕਿ ਬਹੁਤ ਸਾਰੇ ਪੰਜਾਬੀਆਂ ਨੂੰ ਵੀ ਇਸ ਕਿਸਮ ਦੀ ਮੁਕਤੀਮਈ ਆਜ਼ਾਦੀ ਦੀ ਲੋੜ ਹੈ।
ਗੁਰਮੀਤ ਨੇ ਆਪਣੀ ਪਹਿਲੀ ਕਿਤਾਬ ਨਾਲ ਕਈ ਮੰਜ਼ਿਲਾਂ ਤੈਅ ਕਰ ਲਈਆਂ ਹਨ, ਪਰ ਇਸ ਨਾਲ ਵਿਕਾਸ ਨਹੀਂ ਰੁਕਣਾ ਚਾਹੀਦਾ। ਸਾਹਿਤ ਵਿਚ ਨਿਪੁੰਨਤਾ ਅਤੇ ਪਰਪੱਕਤਾ ਦਾ ਸਫਰ ਉਮਰ ਭਰ ਦਾ ਸਫਰ ਹੈ।
ਪਿਛਲੇ ਦਿਨੀਂ ਇਸ ਪੁਸਤਕ ਦੇ ਰਿਲੀਜ਼ ਸਮਾਗਮ ਮੌਕੇ ਡਾ. ਬਲਦੇਵ ਸਿੰਘ ਧਾਲੀਵਾਲ ਕੁੰਜੀਵਤ ਬੁਲਾਰੇ ਸਨ। ਉਨ੍ਹਾਂ ਕੈਨੇਡੀਅਨ ਪੰਜਾਬੀ ਲੇਖਕ ਦੀ ਸਥਿਤੀ ਅਤੇ ਉਨ੍ਹਾਂ ਦੀਆਂ ਕਹਾਣੀਆਂ ਬਾਰੇ ਬੜਾ ਲੰਬਾ ਚੌੜਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਨੇ ਆਪਣਾ ਪਰਚਾ ਪੜ੍ਹ ਕੇ ਨਹੀਂ ਸੁਣਾਇਆ, ਸਿਰਫ ਖੁਲਾਸਾ ਕਰਕੇ ਹੀ ਦੱਸਿਆ। ਉਨ੍ਹਾਂ ਦੀ ਗੱਲ ਸੁਣ ਕੇ ਇਹ ਮਹਿਸੂਸ ਹੋਇਆ ਕਿ ਡਾ. ਬਲਦੇਵ ਧਾਲੀਵਾਲ ਕੈਨੇਡੀਅਨ ਪੰਜਾਬੀ ਕਹਾਣੀ ਉਤੇ ਇਕ ਅਥਾਰਿਟੀ ਹਨ।