ਹਿੰਦੁਸਤਾਨ ਗਦਰ ਪਾਰਟੀ ਦੀ ਮੁਖਤਸਰ ਹਿਸਟਰੀ

ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪਾਠਕਾਂ ਅੱਗੇ ਪੇਸ਼ ਕਰਨ ਵਾਲੇ ਉਘੇ ਲੇਖਕ ਕੇਸਰ ਸਿੰਘ ਨਾਵਲਿਸਟ ਨੇ ਬਹੁਤ ਮਿਹਨਤ ਨਾਲ ਗਦਰ ਲਹਿਰ ਦੀ ਵਾਰਤਕ ਲੱਭਣ ਅਤੇ ਸੰਭਾਲਣ ਦਾ ਔਖੇਰਾ ਕਾਰਜ ਵੀ ਨੇਪਰੇ ਚਾੜ੍ਹਿਆ ਸੀ। ਗਦਰ ਲਹਿਰ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦਾ ਅਹਿਮ ਪੰਨਾ ਹੈ। ਗਦਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਵਿਚ ਕਿਸ ਤਰ੍ਹਾਂ ਦੀ ਸਰਗਰਮੀ ਅੰਗਰੇਜ਼ ਹਕੂਮਤ ਖਿਲਾਫ ਹੋ ਰਹੀ ਸੀ, ਉਸ ਦਾ ਜ਼ਿਕਰ ‘ਪੰਜਾਬ ਟਾਈਮਜ਼’ ਦੇ ਪਾਠਕਾਂ ਨੇ ਉਸ ਵਕਤ ਕੈਨਡਾ ਤੋਂ ਛਪਦੇ ਰਹੇ ਦੋ ਪਰਚਿਆਂ ‘ਸੁਦੇਸ਼ ਸੇਵਕ’ ਤੇ ‘ਸੰਸਾਰ’ ਵਿਚ ਛਪੀਆਂ ਲਿਖਤਾਂ ਰਾਹੀਂ ਪੜ੍ਹਿਆ ਹੈ।

ਹੁਣ ਅਮਰੀਕਾ ਤੋਂ ਛਪਦੇ ‘ਗਦਰ’ ਵਿਚ ਛਪੀਆਂ ਲਿਖਤਾਂ ਦੀ ਲੜੀ ਛਾਪੀ ਜਾ ਰਹੀ ਹੈ। ਐਤਕੀਂ ਅਸੀਂ ਪ੍ਰਸਿਧ ਗਦਰੀ ਭਾਈ ਰਤਨ ਸਿੰਘ (ਰਾਏਪੁਰ ਡੱਬਾ) ਦੇ ਦੋ ਲੇਖ ਛਾਪ ਰਹੇ ਹਾਂ। ਪਹਿਲਾਂ ਲੇਖ ਉਨ੍ਹਾਂ ਵਲੋਂ ਗਦਰ ਪਾਰਟੀ ਦਾ ਪ੍ਰਤੀਨਿਧ ਹੋਣ ਦੀ ਹੈਸੀਅਤ ਵਿਚ ਸ਼ਹਿਨਸ਼ਾਹੀ ਵਿਰੁਧ ਲੀਗ ਦੀ ਅਸੈਂਬਲੀ ਵਿਚ ਅਤੇ ਦੂਜਾ ਲੇਖ, ਸ਼ਹਿਨਸ਼ਾਹੀ ਵਿਰੁਧ ਲੀਗ ਦੇ ਜਲਸੇ ਕੀਤੀਆਂ ਤਕਰੀਰਾਂ ਹਨ। ਇਨ੍ਹਾਂ ਤੋਂ ਉਸ ਵੇਲੇ ਗਦਰੀਆਂ ਦੇ ਮਨਾਂ ਅੰਦਰਲੇ ਉਠਦੇ ਗਦਰ ਦੀ ਥਾਹ ਪਾਈ ਜਾ ਸਕਦੀ ਹੈ। -ਸੰਪਾਦਕ

ਭਾਈ ਰਤਨ ਸਿੰਘ

ਸੰਨ 1907 ਵਿਚ ਹਿੰਦੁਸਤਾਨ ਦੇ ਸ਼ਾਮਿਲ ਮਗ਼ਰਬੀ (ਪੱਛਮੀ) ਹਿੱਸੇ (ਪੰਜਾਬ) ਵਿਚੋਂ ਕਈ ਕਿਸਾਨਾਂ ਤੇ ਗਰੀਬ ਲੋਕ ਹੇਠ ਲਿਖੇ ਦੋ ਕਾਰਨਾਂ ਕਰਕੇ ਅਮਰੀਕਾ, ਕੈਨੇਡਾ ਤੇ ਪਨਾਮਾ ਦੇ ਮੁਲਕਾਂ ਵਿਚ ਚਲੇ ਗਏ ਤਾਂ ਕਿ ਕੁਝ ਐਸਾ ਕਮਾ ਕੇ ਕਾਸਬ ਸ਼ਾਹੂਕਾਰਾਂ ਦਾ ਪੈਸਾ ਸਿਰੋਂ ਉਤਾਰਣ ਜੋ ਉਨ੍ਹਾਂ ਦੇ ਜੀਵਨ ਨੂੰ ਤੰਗ ਕਰ ਰਿਹਾ ਸੀ ਅਤੇ ਆਪਣੀ ਭੈੜੀ ਆਰਥਿਕ ਦਸ਼ਾ ਨੂੰ ਕੁਝ ਸੁਧਾਰ ਸਕਣ। ਇਨ੍ਹਾਂ ਤੋਂ ਇਲਾਵਾ ਕਈ ਲੋਕ ਉਪਰੋਕਤ ਦੋ ਕਾਰਨਾਂ ਕਰਕੇ ਚੀਨ ਮਲਾਇਆ ਤੇ ਫਿਲਪੀਨ ਮੁਲਕਾਂ ਵਿਚ ਗਏ, ਪੁਲਸੀਏ ਤੇ ਚੌਕੀਦਾਰਾਂ ਦੇ ਕੰਮ ‘ਤੇ ਲੱਗ ਪਏ।
ਹੌਲੀ ਹੌਲੀ ਇਹ ਲੋਕ ਅਮਰੀਕਾ ਤੇ ਕੈਨੇਡਾ ਵੱਲ ਵੀ ਵਧਣ ਲੱਗੇ ਕਿ ਕੈਨੇਡਾ ਤੇ ਅਮਰੀਕਾ ਦੀ ਇਮੀਗਰੇਸ਼ਨ ਦੀ ਰਿਪੋਰਟ ਅਨੁਸਾਰ ਸੰਨ 1910 ਵਿਚ ਹਿੰਦੁਸਤਾਨੀ ਮਜ਼ਦੂਰ ਲਗਭਗ 30 ਹਜ਼ਾਰ ਦੀ ਗਿਣਤੀ ਵਿਚ ਨਵੀਂ ਦੁਨੀਆਂ ਦੇ ਉਤਰੀ ਹਿੱਸੇ ਵਿਚ ਪਹੁੰਚ ਗਏ। ਇਨ੍ਹਾਂ ਦਿਨਾਂ ਵਿਚ ਬਜਰ ਨਿਕਲੇ ਹਿੰਦੀਆਂ ਨੂੰ ਹਜ਼ਾਰਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਬਰਤਾਨੀਆਂ ਦੀ ਸ਼ਾਹੀ ਪ੍ਰਸਤ ਹਕੂਮਤ ਇਸ ਗੱਲ ਨੂੰ ਬਰਦਾਸ਼ਤ ਨਹੀਂ ਸੀ ਕਰ ਸਕਦੀ ਕਿ ਗਰੀਬ ਪਰ ਸਖਤ ਜਾਨ ਹਿੰਦੀ ਮਜ਼ਦੂਰ ਆਪਣੀ ਰੋਜ਼ੀ ਕਮਾ ਸਕਣ ਤੇ ਨਾਲ ਨਾਲ ਹੀ ਆਜ਼ਾਦ ਦੇਸ਼ਾਂ ਵਿਚ ਰਹਿਣ ਕਰਕੇ ਆਪਣੀ ਗ਼ੁਲਾਮੀ ਦੀ ਦਸ਼ਾ ਨੂੰ ਅਨੁਭਵ ਕਰਨ ਲੱਗ ਜਾਣ ਤੇ ਆਜ਼ਾਦੀ ਦੀ ਮੁਹੱਬਤ ਵਿਚ ਰਸੇ ਜਾਣ। ਸਰਕਾਰ ਬਰਤਾਨੀਆਂ ਨੂੰ ਇਸ ਗੱਲ ਦਾ ਖਤਰਾ ਲੱਗਿਆ ਤੇ ਇਨ੍ਹਾਂ ਲੋਕਾਂ ਨੂੰ ਕੈਨੇਡਾ ਤੋਂ ਹੰਡੂਰਾਸ ਭੇਜਣ ਦਾ ਫੈਸਲਾ ਕਰ ਲਿਆ। ਗੌਰਮਿੰਟ ਨੇ ਕੋਸ਼ਿਸ਼ ਕੀਤੀ ਕਿ ਹੰਡੂਰਾਸ ਦੀ ਖੁਸ਼ਹਾਲੀ ਦੇ ਸਬਜ਼ ਬਾਗ਼ ਦਿਖਾ ਕੇ ਇਨ੍ਹਾਂ ਨੂੰ ਲਾਲਚ ਦਿੱਤਾ ਜਾਵੇ। ਪਰ ਉਹ ਇਸ ਜਾਲ ਵਿਚ ਨਾ ਫਸੇ, ਉਨ੍ਹਾਂ ਨੇ ਤਾਬੜ ਤੋੜ (ਫੈਸਲਾ ਕੀਤਾ ਕਿ) ਖਾਲਸਾ ਦੀਵਾਨ ਦੀ ਛਤਰ ਛਾਇਆ ਹੇਠਾਂ ਹੰਡੂਰਾਸ ਦੀ ਅਸਲ ਹਾਲਤ ਦੀ ਦੇਖਭਾਲ ਕਰਨ ਵਾਸਤੇ ਇਕ ਵਫਦ ਤਿਆਰ ਕਰ ਲੈਣਾ ਚਾਹੀਦਾ ਹੈ। ਅੰਗਰੇਜ਼ਾਂ ਨੇ ਇਸ ਵਫਦ ਨੂੰ ਵੱਢੀ ਦੇ ਕੇ ਆਪਣੇ ਬਿਆਨ ਦਾ ਹੱਕ ਪੂਰਨ ਵਾਲੀ ਤੇ ਹੰਡੂਰਾਸ ਦੀ ਹਾਲਤ ਨੂੰ ਸੋਹਣੇ ਰੰਗਾਂ ਵਿਚ ਪੇਸ਼ ਕਰਨ ਵਾਲੀ ਰਿਪੋਰਟ ਹਾਸਿਲ ਕਰਨ ਦਾ ਯਤਨ ਕੀਤਾ।
ਪਰ ਵਫਦ ਦੇ ਮੈਂਬਰ ਆਪਣੇ ਸਾਥੀਆਂ ਦੇ ਹੱਕ ਵਿਚ ਰਹੇ ਤੇ ਉਨ੍ਹਾਂ ਨੇ ਸਗੋਂ ਇਕ ਖੁਲ੍ਹੇ ਦੀਵਾਨ ਵਿਚ ਸਾਰੇ ਭਾਈਆਂ ਕੋਲ ਅੰਗਰੇਜ਼ਾਂ ਦੀ ਗਿਰਾਵਟ ਭਰੀ ਤੇ ਸ਼ੈਤਾਨੀ ਚਾਲ ਦਾ ਪੋਲ ਖੋਲ੍ਹ ਦਿੱਤਾ। ਇਸ ਤਰ੍ਹਾਂ ਇਹ ਵਿਚਾਰੇ ਹਿੰਦੀ ਬੇਕਾਰੀ ਦੇ ਅੱਡੇ ਤੇ ਬੁਰੀ ਆਬੋ ਹਵਾ ਨਾਲੇ ਹੰਡੂਰਾਸ ਦੇ ਦੋਜ਼ਖ ਤੋਂ ਬਚ ਗਏ। ਇਥੇ ਹੀ ਬਸ ਨਹੀਂ, ਸਗੋਂ ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਕੀ (ਕਿ) ਸ਼ਾਹੀ ਪ੍ਰਸਤ ਉਨ੍ਹਾਂ ਨੂੰ ਕਿਸ ਤਰ੍ਹਾਂ ਕੁਚਲਣ ਵਾਸਤੇ ਕਮੀਨੀਆਂ ਚਾਲਾਂ ਪਰ ਚੱਲੇ ਹੋਏ ਸਨ। ਸਰਕਾਰ ਬਰਤਾਨੀਆ ਦੀ ਇਸ ਸ਼ੈਤਾਨੀਅਤ ਤੇ ਧੋਖੇ ਭਰੀ ਚਾਲਾਂ ਨੂੰ ਦੇਖ ਕੇ ਇਕ ਭਾਰੀ ਹਲਚਲ ਮੱਚ ਗਈ। ਇਸ ਤੋਂ ਬਾਅਦ ਅੰਗਰੇਜ਼ਾਂ ਨੇ ਧੱਕੇ ਜ਼ੋਰੀ ਨਾਲ ਵੀ ਇਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਨਿਸਫਲ ਰਹੇ। ਥੋੜ੍ਹੇ ਚਿਰ ਤੋਂ ਬਾਅਦ ਵੈਨਕੂਵਰ ਖਾਲਸਾ ਦੀਵਾਨ ਨੇ ਇਕ ਅਖਬਾਰ ਜਾਰੀ ਕੀਤਾ। ਇਸ ਖਿਆਲ ਨਾਲ ਕਿ ਆਪਣੇ ਭਾਈਆਂ ਵਿਚ ਪ੍ਰਚਾਰ ਕੀਤਾ ਜਾਵੇ ਤੇ ਉਨ੍ਹਾਂ ਨੂੰ ਸਰਕਾਰ ਤੋਂ ਆਪਣੇ ਹੱਕ ਬਚਾਉਣ ਵਾਸਤੇ ਤਿਆਰ ਕੀਤਾ ਜਾਵੇ। ਪਰ ਬਹੁਤ ਕਿਸਮ ਦੀਆਂ ਔਕੜਾਂ ਦੇ ਕਾਰਨ ਜਿਨ੍ਹਾਂ ਵਿਚੋਂ ਇਕ ਮੁਕਾਮੀ ਪਰੈਸ ਐਕਟ ਵੀ ਸੀ ਅਤੇ ਜੋ ਖਾਸ ਕਰਕੇ ਇਹ ਅਖਬਾਰ ਜਾਰੀ ਕਰਨ ਦੀ ਲੋੜ ਮਹਿਸੂਸ ਕਰਦੀ ਸੀ। ਸੰਨ 1912 ਵਿਚ ਕੈਲੀਫੋਰਨੀਆ ਵਿਚ ਇਕ ਅਕਾਲੀ ਜਥਾ ਕਾਇਮ ਕੀਤਾ ਗਿਆ। ਕੁਝ ਦੇਰ ਬਾਅਦ ਅਕਾਲੀ ਜੱਥਾ ਵੀ ਨਵੀਂ ਜਥੇਬੰਦੀ ਵਿਚ ਸ਼ਾਮਿਲ ਹੋ ਗਿਆ ਜਿਸ ਦੀ ਬੁਨਿਆਦ ਇਸ ਤਰ੍ਹਾਂ ਰੱਖੀ ਗਈ।
ਇਕ ਨਵੰਬਰ ਸੰਨ 1913 ਨੂੰ ਅਮਰੀਕਾ ਨਿਵਾਸੀ ਹਿੰਦੀ ਮਜ਼ਦੂਰਾਂ ਦਾ ਇਕ ਆਮ ਇਕੱਠ ਕੀਤਾ ਗਿਆ। ਉਥੇ ਇਹ ਵੀ ਪਾਸ ਕੀਤਾ ਗਿਆ ਕਿ ਹਿੰਦੁਸਤਾਨੀ ਜ਼ਬਾਨਾਂ (ਉਰਦੂ ਤੇ ਗੁਰਮੁਖੀ) ਵਿਚ ਇਕ ਅਖਬਾਰ ਜਾਰੀ ਕੀਤਾ ਜਾਵੇ ਤੇ ਨਾਲ ਹੀ ਗਦਰ ਪਾਰਟੀ ਨਾਮੀ ਜਥੇਬੰਦੀ ਦੀ ਬੁਨਿਆਦ ਰੱਖੀ ਗਈ। ਉਸ ਦਿਨ ਤੋਂ ਲੈ ਕੇ ਇਸ ਜਥੇਬੰਦੀ ਨੂੰ ਪੱਕਿਆਂ ਪੈਰਾਂ ‘ਤੇ ਕਰਕੇ ਇਸ ਦੇ ਦਾਇਰੇ ਨੂੰ ਖੁੱਲ੍ਹਾ ਕਰਨ ਦੇ ਭਾਰੀ ਯਤਨ ਕੀਤੇ ਜਾਂਦੇ ਹਨ। ਗਦਰ ਦੇ ਅਰਥ ਰੈਵੋਲੀਉਸ਼ਨ ਹਨ। ਇਸ ਲਈ ਦੂਜੇ ਗਦਰ ਅਖਬਾਰ ਦੇ ਐਡੀਟਰ ਦੇ ਕੁਝ ਲੇਖ ਜਾਰ ਰੂਸ ਦੇ ਵਿਰੁਧ ਲਿਖੇ ਤਾਂ ਇਮੀਗਰੇਸ਼ਨ ਕੋਰਟ ਵਿਚ ਉਸ ਦੇ ਵਿਰੁਧ ਮੁਕੱਦਮਾ ਚਲਾਇਆ ਗਿਆ। ਇਸ ਤੋਂ ਬਾਅਦ ਗਦਰ ਪਾਰਟੀ ਦਾ ਨਾਮ ਹਿੰਦੁਸਤਾਨ ਗਦਰ ਪਾਰਟੀ ਵਿਚ ਬਦਲ ਦਿਤਾ ਗਿਆ ਤੇ ਅਖਬਾਰ ਹਿੰਦੁਸਤਾਨ ਗਦਰ ਦੇ ਨਾਮ ਹੇਠ ਜਾਰੀ ਹੋਇਆ। ਇਸ ਤੋਂ ਕੁਝ ਚਿਰ ਪਹਿਲਾਂ ਕੈਨੇਡੀਅਨ ਇਮੀਗਰੇਸ਼ਨ ਮਹਿਕਮੇ ਨੇ ਹਿੰਦੀ ਮਜ਼ਦੂਰਾਂ ਨੂੰ ਕੈਨੇਡਾ ਵਿਚ ਉਤਰਨ ਦੀ ਇਸ ਕਰਕੇ ਮਨਾਹੀ ਕਰ ਦਿੱਤੀ ਕਿ ਉਹ ਵਿਦੇਸ਼ੀ ਜਹਾਜਾਂ ਵਿਚ ਆਉਂਦੇ ਹਨ ਤੇ ਕਿਹਾ ਕਿ ਜਦੋਂ ਤਾਈਂ ਉਹ ਆਪਣੇ ਜਹਾਜਾਂ ਵਿਚ ਨਾ ਸਫਰ ਕਰਨ, ਉਦੋਂ ਤਕ ਕੈਨੇਡਾ ਵਿਚ ਨਹੀਂ ਉਤਰ ਸਕਦੇ। ਹਿੰਦੀ ਮਜ਼ਦੂਰਾਂ ਨੇ ਅਜੇ ਵੀ ਹੌਸਲਾ ਨਾ ਹਾਰਿਆ ਤੇ ਇਸ ਔਕੜ ਨੂੰ ਦੂਰ ਕਰਨ ਵਾਸਤੇ ਵੀ ਕਮਰ ਕਸੇ ਕਰ ਲਏ। ਸਾਥੀ ਗੁਰਦਿੱਤ ਸਿੰਘ ਦੀ ਅਗਵਾਈ ਹੇਠ ਕਾਮਾਗਾਟਾ ਮਾਰੂ ਨਾਮ ਜਹਾਜ ਕਿਰਾਏ ‘ਤੇ ਲੈ ਕੇ ਕੈਨੇਡਾ ਨੂੰ ਤੁਰ ਪਏ। ਜਦੋਂ ਉਹ ਕੈਨੇਡਾ ਪੁੱਜੇ ਤਾਂ ਸਰਕਾਰ ਅੰਗਰੇਜ਼ੀ ਪੂਰੀ ਬੇਸ਼ਰਮੀ ਨਾਲ ਆਪਣੇ ਅਲਫਾਜ਼ ਤੋਂ ਫਿਰ ਗਈ ਤੇ ਕਿਰਤੀਆਂ ਨੂੰ ਉਤਰਨ ਦੀ ਆਗਿਆ ਨਹੀਂ ਦਿਤੀ ਗਈ।
ਕੈਨੇਡੀਅਨ ਇਮੀਗਰੇਸ਼ਨ ਮਹਿਕਮੇ ਨੇ ਦਾਉ ਘਾਤ ਖੇਲਣੇ ਸ਼ੁਰੂ ਕਰ ਦਿੱਤੇ ਅਤੇ ਰਾਤ ਦੇ ਹਨੇਰੇ ਵਿਚ ਜਹਾਜ ਨੂੰ ਖਿੱਚ ਕੇ ਬੰਦਰਗਾਹ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਮੁਸਾਫਰ ਤਾੜ ਗਏ, ਉਨ੍ਹਾਂ ਨੇ ਰੱਸੇ ਕੱਟ ਦਿੱਤੇ। ਇਸ ਤੋਂ ਬਾਅਦ ਕੈਨੇਡਾ ਦੀ ਪੁਲਿਸ ਨੇ ਨਿਹੱਥੇ ਭਾਰਤੀਆਂ ਉਪਰ ਗੋਲੀਆਂ ਦਾਗ਼ ਦਿੱਤੀਆਂ। ਅੱਗੋਂ ਉਨ੍ਹਾਂ ਨੇ ਵੀ ਗੋਲਿਆਂ ਦਾ ਮੀਂਹ ਵਰ੍ਹਾ ਕੇ ਪੁਲਿਸ ਨੂੰ ਜਵਾਬ ਦਿੱਤਾ। ਇਸੇ ਤਰ੍ਹਾਂ ਹਕੂਮਤ ਦੀਆਂ ਸਾਰੀਆਂ ਚਾਲਾਂ ਫੇਲ੍ਹ ਹੋ ਗਈਆਂ, ਪਰ ਇੰਨੇ ਚਿਰ ਨੂੰ ਜਹਾਜ ਵਾਲਿਆਂ ਦਾ ਰਾਸ਼ਨ ਨੇੜੇ ਹੋ ਗਿਆ ਤੇ ਇਸ ਮਾਮਲੇ ਨੂੰ ਨਜਿੱਠਣ ਲਈ ਖਾਲਸਾ ਦੀਵਾਨ ਵੱਲੋਂ ਨੀਯਤ ਕੀਤੀ ਗਈ ਕਮੇਟੀ ਨੇ ਫੈਸਲਾ ਦਿੱਤਾ ਕਿ ਜਹਾਜ ਹਿੰਦੁਸਤਾਨ ਨੂੰ ਵਾਪਸ ਚਲਾ ਜਾਵੇ। ਇਸ ਲਈ ਜਹਾਜ ਵਾਪਿਸ ਹੋਇਆ ਤੇ ਕਲਕੱਤੇ ਦੇ ਬਜ ਬਜ ਘਾਟ ‘ਤੇ ਲੱਗਾ। ਜਦੋਂ ਇਥੇ ਗਰੀਬ ਮੁਸਾਫਰ ਉਤਰੇ ਤਾਂ ਫੌਜ ਨੇ ਗੋਲੀਆਂ ਨਾਲ ਇਨ੍ਹਾਂ ਦਾ ਸੁਆਗਤ ਕੀਤਾ। 19 ਸਾਥੀ ਜਾਨ ਤੋਂ ਮਾਰੇ ਗਏ ਤੇ ਬਾਕੀ ਦੇ ਜੇਲਾਂ ਵਿਚ ਧੱਕ ਕੇ ਕਾਬੂ ਕਰ ਲਏ ਗਏ। ਜਦੋਂ ਜਹਾਜ ਕੈਨੇਡਾ ਦੇ ਕਿਨਾਰੇ ਨੂੰ ਛੱਡ ਗਿਆ ਸੀ ਤਾਂ ਇਮੀਗਰੇਸ਼ਨ ਮਹਿਕਮੇ ਨੇ ਹੋਪਕਿਨਸਨ ਨਾਮੀ ਇਸ ਮਹਿਕਮੇ ਦੇ ਇਕ ਸਾਰਜੰਟ ਦੀ ਚਲਾਕੀ ਰਾਹੀਂ (ਜੋ ਅਸਲ ਵਿਚ ਅੰਗਰੇਜ਼ੀ ਹਿੰਦੁਸਤਾਨੀ ਸੀ.ਆਈ.ਡੀ. ਦਾ ਮੈਂਬਰ ਸੀ) ਉਨ੍ਹਾਂ ਦੇ ਮਜ਼ਦੂਰਾਂ ਨੂੰ ਜੋ ਆਪਣੇ ਸਾਥੀਆਂ ਲਈ ਕਾਨੂੰਨੀ ਚਾਰਾਜੋਈ ਕਰਨ ਵਾਸਤੇ ਹਿੰਦੁਸਤਾਨ ਨੂੰ ਆਉਣ ਦੀਆਂ ਤਿਆਰੀਆਂ ਕਰ ਰਹੇ ਹਨ, ਇਕ ਹਿੰਦੀ ਗਦਰੀ ਹੱਥੋਂ ਸ਼ਹੀਦ ਕਰਾ ਦਿੱਤਾ। ਜਦੋਂ ਇਨ੍ਹਾਂ ਦੇ ਸਾਥੀਆਂ ਦੇ ਕਤਲ ਦਾ ਮੁਕੱਦਮਾ ਚਲਿਆ ਤਾਂ ਭਾਈ ਮੇਵਾ ਸਿੰਘ ਨੇ ਜੋ ਕੈਨੇਡਾ ਵਿਚ ਇਕ ਉੱਘਾ ਕੌਮਪ੍ਰਸਤ ਸੀ, ਅਦਾਲਤ ਦੇ ਕਮਰੇ ਵਿਚ ਹੋਪਕਿਨਸਨ ਲਾਹ ਕੇ ਰੱਖ ਦਿੱਤਾ। ਬਾਅਦ ਵਿਚ ਮੇਵਾ ਸਿੰਘ ਝਾਂਸੀ ਆ ਗਿਆ।
ਐਨ ਇਸ ਮੌਕੇ ‘ਤੇ, ਭਾਵ 1914 ਵਿਚ ਯੂਰਪ ਦੀਆਂ ਸ਼ਾਹੀ ਹਕੂਮਤਾਂ ਵਿਚਕਾਰ ਜੰਗ ਲਗ ਗਈ। ਹਿੰਦੁਸਤਾਨ ਵਿਚੋਂ ਅੰਗਰੇਜ਼ੀ ਰਾਜ ਨੂੰ ਉਖਾੜਨ ਦਾ ਇਹ ਬੜਾ ਮੁਨਾਸਿਬ ਸਮਾਂ ਸੀ, ਇਸ ਲਈ ਸਾਡੀ ਪਾਰਟੀ ਜੋ ਅਜੇ ਬਿਲਕੁਲ ਬਾਲ ਅਵਸਥਾ ਵਿਚ ਹੋਣ ਕਰਕੇ ਸਾਰੇ ਮੁਲਕ ਭਰ ਵਿਚ ਗਦਰ ਮਚਾਉਣ ਤੋਂ ਅਸਮਰਥ ਸੀ, ਹਿੰਦੁਸਤਾਨ ਦੇ ਜ਼ਾਲਮਾਂ ਦੀ ਤਾਕਤਾਂ ਦੇ ਵਿਰੁਧ ਜੰਗ ਕਰਨ ਵਾਸਤੇ ਮੈਦਾਨ ਵਿਚ ਕੁਦ ਪਈ। ਸਭ ਪਾਰਟੀ ਦੇ ਮੈਂਬਰਾਂ ਨੂੰ ਪਾਰਟੀ ਦੇ ਝੰਡੇ ਹੇਠ ਜਮ੍ਹਾਂ ਹੋਣ ਲਈ ਅਪੀਲ ਕੀਤੀ ਗਈ। ਹਿੰਦੀ ਕਿਰਤੀਆਂ ਨੇ ਇਸ ਸੱਦੇ ਦਾ ਬੜਾ ਹੌਂਸਲਾ ਬਖਸ਼ ਉਤਰ ਦਿੱਤਾ ਅਤੇ ਪਾਰਟੀ ਦੀ ਜਥੇਬੰਦੀ ਅੰਦਰ ਭਾਰੀ ਗਿਣਤੀ ਵਿਚ ਜਮ੍ਹਾਂ ਹੋ ਕੇ ਹਿੰਦੁਸਤਾਨ ਵਿਚ ਚਲੇ ਗਏ। ਇਨ੍ਹਾਂ ਗਦਰੀਆਂ ਦਾ ਖਿਆਲ ਸੀ ਕਿ ਉਹ ਹਿੰਦੁਸਤਾਨ ਵਿਚੋਂ ਵੀ ਕਾਫੀ ਸਹਾਇਤਾ ਹਾਸਿਲ ਕਰ ਲੈਣਗੇ ਅਤੇ ਅੰਗਰੇਜ਼ਾਂ ਦੀ ਕਮਜ਼ੋਰੀ ਦਾ ਫਾਇਦਾ ਉਠਾਉਂਦੇ ਹੋਏ ਤਲਵਾਰ ਦੇ ਜ਼ੋਰ ਨਾਲ ਅੰਗਰੇਜ਼ੀ ਹਕੂਮਤ ਦਾ ਖਾਤਮਾ ਕਰ ਦੇਣਗੇ। ਹਿੰਦੀ ਮਜ਼ਦੂਰ ਕੈਨੇਡਾ ਅਮਰੀਕਾ ਜਾਂ ਪਨਾਮਾ ਵਿਚੋਂ ਹੀ ਨਹੀਂ ਸਨ ਗਏ ਸਗੋਂ ਚੀਨ ਤੇ ਮਲੇਸ਼ੀਆ ਦੇ ਹਿੰਦੀ ਮਜ਼ਦੂਰਾਂ ਨੇ ਵੀ ਆਪਣਾ ਹਿੱਸਾ ਪਾਇਆ। ਪਰ ਹਕੂਮਤ ਬਰਤਾਨੀਆ ਨੂੰ ਇਨ੍ਹਾਂ ਦੇ ਅਸਲੀ ਮਨਸ਼ਾ ਦਾ ਪਤਾ ਲੱਗ ਗਿਆ।
ਹਿੰਦੁਸਤਾਨ ਦੀ ਧਰਤੀ ‘ਤੇ ਪੈਰ ਧਰਦਿਆਂ ਹੀ ਇਨ੍ਹਾਂ ਨੂੰ ਪਕੜ ਕੇ ਜੇਲ ਪਾ ਦਿੱਤਾ ਗਿਆ, ਇਸ ਨਾਜ਼ੁਕ ਮੌਕੇ ‘ਤੇ ਹਿੰਦੁਸਤਾਨ ਦੀ ਕੌਮੀ ਪਾਰਟੀ ਨੇ ਅੰਗਰੇਜ਼ਾਂ ਨੂੰ ਮਦਦ ਲੈਣ ਦੇਣ ਦਾ ਇਕਰਾਰ ਕਰ ਲਿਆ ਅਤੇ ਜਿਤਨੀ ਹੋ ਸਕਦੀ, ਮਦਦ ਵੀ ਕੀਤੀ। ਸਰਕਾਰ ਬਰਤਾਨੀਆ ਨੇ ਉਪਰੋਕਤ ਨਾਮ ਵਾਲੀ ਕੌਮੀ ਪਾਰਟੀ ਦੇ ਆਗੂਆਂ ਦੀ ਸਹਾਇਤਾ ਨਾਲ ਗਦਰੀਆਂ ਵਿਰੁਧ ਆਮ ਲੋਕਾਂ ਵਿਚ ਇਕ ਕਿਸਮ ਦੀ ਜ਼ਹਿਰ ਭਰਨੀ ਸ਼ੁਰੂ ਕਰ ਦਿੱਤੀ ਕਿ ਇਹ ਮਜ਼ਹਬ ਦੇ ਵੈਰੀ ਹਨ, ਅਮਨ ਦੇ ਵੈਰੀ ਹਨ ਤੇ ਨਿੱਜ ਦੀ ਜਾਇਦਾਦ ਦੇ ਹੱਕ ਵਾਸਤੇ ਖਤਰਨਾਕ ਹਨ, ਲੋਕ ਉਸ ਵੇਲੇ ਆਮ ਤੌਰ ‘ਤੇ ਆਜ਼ਾਦੀ ਦੇ ਨਾਮ ਤੋਂ ਅਣਜਾਣ ਸਨ, ਇਨ੍ਹਾਂ ਦਿੱਕਤਾਂ ਦੇ ਬਾਵਜੂਦ ਗਦਰ ਪਾਰਟੀ ਨੇ ਗਦਰ ਕਰਨ ਦੀ ਮੁਕੰਮਲ ਤਿਆਰੀ ਕਰ ਦਿੱਤੀ। ਪ੍ਰਬੰਧ ਕੀਤਾ ਕਿ ਪੰਜਾਬ, ਬੰਗਾਲ ਤੇ ਮੱਧ ਹਿੰਦ ਵਿਚ ਇਕੱਠਾ ਕੰਮ ਅਰੰਭਿਆ ਜਾਵੇ, ਕਈ ਗਦਰੀਆਂ ਵਲੋਂ ਵਖਰੇ ਕੰਮਾਂ ‘ਤੇ ਲਾਏ ਗਏ। ਪ੍ਰਚਾਰ ਰਹਿਤ, ਤਕਰੀਰਾਂ ਦੁਆਰਾਂ ਤੇ ਬੜੀ ਸਿਆਣਪ ਨਾਲ ਇਨਕਲਾਬੀ ਸਾਹਿਤ ਕਿਸਾਨਾਂ ਤੇ ਫੌਜਾਂ ਵਿਚ ਛੱਡ ਕੇ ਹਜ਼ਾਰਾਂ ਕਿਸਾਨ ਤੇ ਸੈਂਕੜੇ ਸਿਪਾਹੀ ਆਉਣ ਵਾਲੀ ਆਜ਼ਾਦੀ ਦੀ ਜੰਗ ਵਿਚ ਹਿੱਸਾ ਲੈਣ ਲਈ ਤਿਆਰ ਕੀਤੇ ਗਏ। ਦੱਖਣ ਵਿਚ ਆਸਾਮ, ਬਰਮਾ ਤੇ ਮਲਾਇਆ, ਸ਼ੁਮਾਲ (ਉਤਰ) ਵਿਚ ਲਾਹੌਰ, ਰਾਵਲਪਿੰਡੀ, ਫਿਰੋਜ਼ਪੁਰ, ਜਲੰਧਰ ਤੇ ਅੰਮ੍ਰਿਤਸਰ ਯਾਨਿ ਪੰਜਾਬ ਦੇ ਅਤੇ ਯੂ.ਪੀ. ਵਿਚ ਮੇਰਠ, ਕਾਨਪੁਰ, ਅਲਾਹਬਾਦ, ਬਨਾਰਸ, ਫੈਜ਼ਾਬਾਦ ਤੇ ਲਖਨਊ ਅਤੇ ਮੱਧ ਤੇ ਪੂਰਬੀ ਹਿੰਦ ਵਿਚ ਫੌਜੀ ਦਸਤੇ ਗਦਰ ਪਾਰਟੀ ਦੇ ਨਾਲ ਹੋ ਕੇ ਜਾਨਾਂ ਦੇਣ ਨੂੰ ਤਿਆਰ ਸਨ, ਕੇਵਲ ਇਸ਼ਾਰਾ ਹੀ ਉਡੀਕਦੇ ਸਨ। ਇਸ ਇਨਕਲਾਬੀ ਲਹਿਰ ਦਾ ਅਸਰ ਹਿੰਦੁਸਤਾਨ ਤੋਂ ਛੁੱਟ ਦੂਜਿਆਂ ਮਾਤੈਹਤ ਦੇਸ਼ਾਂ ਤੇ ਨੌ ਆਬਾਦੀਆਂ ਵਿਚ ਵੀ ਹੋ ਗਿਆ। ਮਿਸਾਲ ਦੇ ਤੌਰ ‘ਤੇ ਬਰਮਾਂ, ਸਿੰਘਾਪੁਰ (ਸਿੰਗਾਪੁਰ) ਤੇ ਹਾਂਗਕਾਂਗ ਵਿਚ ਖਾਸ ਤਿਆਰੀ ਕੀਤੀ ਗਈ।
ਕਿਉਂਕਿ ਵਕਤ ਬਹੁਤ ਥੋੜ੍ਹਾ ਸੀ। ਤਿਆਰੀ ਦੀ ਰਫਤਾਰ ਤੇਜ਼ ਕਰ ਦਿੱਤੀ ਗਈ ਤਾਂ ਕਿ ਯੂਰਪ ਦੇ ਝਮੇਲੇ ਤੋਂ ਨਿਕਲਣ ਤੋਂ ਪਹਿਲਾਂ ਹੀ ਅੰਗਰੇਜ਼ਾਂ ‘ਤੇ ਸੱਟ ਮਾਰੀ ਜਾਵੇ। ਕੁਦਰਤੀ ਤੌਰ ‘ਤੇ ਰਫਤਾਰ ਦੀ ਤੇਜ਼ੀ ਹਾਸਿਲ ਕਰਨ ਦੀ ਖਾਤਿਰ ਸ਼ੰਘਾਈ ਦਾ ਕੁਝ ਹਿੱਸਾ ਕੁਰਬਾਨ ਕਰਨਾ ਪਿਆ। ਇਸ ਹਾਲਤ ਵਿਚ ਅੰਗਰੇਜ਼ੀ ਜਾਸੂਸਾਂ ਨੂੰ ਗਦਰੀਆਂ ਦੀ ਜਥੇਬੰਦੀ ਵਿਚ ਸ਼ਾਮਿਲ ਹੋਣ ਦਾ ਅਵਸਰ ਮਿਲ ਗਿਆ। ਇਨ੍ਹਾਂ ਰਾਹੀਂ ਅੰਗਰੇਜ਼ਾਂ ਨੂੰ ਗਦਰ ਕਰਨ ਦੇ ਦਿਨ ਤੇ ਘੜੀ ਦਾ ਵੀ ਪਤਾ ਲੱਗ ਗਿਆ। ਫਿਰ ਸਰਕਾਰੀ ਪੈਮਾਨੇ ਤੇ ਫੜੋ ਫੜੀ ਸ਼ੁਰੂ ਹੋ ਗਈ। ਗਦਰ ਪਾਰਟੀ ਦੀ ਸੈਂਟਰਲ ਕਮੇਟੀ ਵੀ ਜਿਸ ਦਾ ਅੱਡਾ ਲਾਹੌਰ ਸੀ, ਗ੍ਰਿਫਤਾਰ ਕੀਤੀ ਗਈ। ਹੇਠ ਲਿਖੇ ਅਨੁਸਾਰ ਗਦਰੀਆਂ ‘ਤੇ ਮੁਕੱਦਮੇ ਚਲਾਏ ਗਏ। ਪਹਿਲਾਂ ਲਾਹੌਰ ਸਾਜ਼ਿਸ਼ ਕੇਸ ਜਿਸ ਵਿਚ 61 ਗਦਰੀਆਂ ਨੂੰ ਸਜ਼ਾਵਾਂ ਹੋਈਆਂ, ਦੂਜਾ ਜਿਸ ਵਿਚ 74 ਨੂੰ, ਤੀਜਾ ਜਿਸ ਵਿਚ 12 ਨੂੰ। ਇਨ੍ਹਾਂ ਸਜ਼ਾ ਪਾ ਚੁੱਕਿਆਂ ਵਿਚੋਂ 28 ਫਾਂਸੀ ਚੜ੍ਹੇ। ਕੁਝ ਰਿਹਾ ਕੀਤੇ ਗਏ। ਬਾਕੀ ਸਭ ਨੂੰ ਉਮਰ ਕੈਦ ਹੋ ਗਈ।
4. ਸ਼ਿਮਲਾ ਸਾਜ਼ਿਸ਼ ਕੇਸ ਜੋ ਉਨ੍ਹਾਂ ਸਿਪਾਹੀਆਂ ਦੇ ਵਿਰੁਧ ਚਲਾਇਆ ਗਿਆ, ਜਿਨ੍ਹਾਂ ਨੇ ਗਦਰ ਨੂੰ ਮਦਦ ਦੇਣ ਦੀ ਹਾਮੀ ਭਰੀ ਸੀ। ਇਨ੍ਹਾਂ ਵਿਚੋਂ 21 ਗਦਰੀਆਂ ਨੂੰ ਫਾਂਸੀ ਤੇ ਬਾਕੀਆਂ ਨੂੰ ਉਮਰ ਕੈਦ।
5. ਬਨਾਰਸ ਸਾਜ਼ਿਸ਼ ਕੇਸ।
6. ਫੈਜ਼ਾਬਾਦ ਵਿਚ ਸਰਜੈਂਟ ਹਰਨਾਮ ਸਿੰਘ ਦਾ (ਕੇਸ)।
7. ਉਨ੍ਹਾਂ ਸਾਥੀਆਂ ਦਾ ਮੁਕੱਦਮਾ ਜੋ ਬਜ ਬਜ ਘਾਟ ਤੋਂ ਗ੍ਰਿਫਤਾਰ ਕੀਤੇ ਗਏ।
8. ਉਨ੍ਹਾਂ ਦੇਹਲੀ ਸਾਜ਼ਿਸ਼ ਕੇਸ।
9. ਫਿਰੋਜ਼ਪੁਰ ਸਾਜ਼ਿਸ਼ ਕੇਸ।
10. ਮੇਰਠ ਤੇ ਬਰਮਾ ਦੇ ਮੁਕੱਦਮੇ।
11. ਸ਼ੰਘਾਈ ਤੇ ਸਿੰਘਾਪੁਰ ਦੇ ਮੁਕੱਦਮੇ।
ਜਿਨ੍ਹਾਂ ਅਦਾਲਤਾਂ ਨੇ ਇਨ੍ਹਾਂ ਮੁਕੱਦਮਿਆਂ ‘ਤੇ ਫੈਸਲਾ ਕੀਤਾ, ਉਹ ਖਾਸ ਤਿਆਰ ਕੀਤੀਆਂ ਗਈਆਂ। ਉਨ੍ਹਾਂ ਨੂੰ ਖਾਸ ਅਧਿਕਾਰ ਪ੍ਰਾਪਤ ਸਨ, ਤਾਂ ਕਿ ਉਹ ਗਦਰੀਆਂ ਨੂੰ ਅੱਛੀ ਤਰ੍ਹਾਂ ਕਾਬੂ ਕਰ ਸਕਣ- ਸੱਤ ਹਜ਼ਾਰ ਗਦਰੀ ਭਾਈ ਇਸ ਸਖਤੀ ਦਾ ਸ਼ਿਕਾਰ ਹੋਏ। ਬਹੁਤ ਸਾਰੇ ਫਾਂਸੀ ਲੱਗੇ। ਸੈਂਕੜੇ ਉਮਰ ਕੈਦ ਕੀਤੇ ਗਏ ਤੇ ਹਜ਼ਾਰਾਂ ਘਰਾਂ ਵਿਚ ਨਜ਼ਰਬੰਦ ਕਰ ਦਿੱਤੇ ਗਏ। ਜਿਹੜੇ ਸਾਡੇ ਭਾਈ ਦਸ ਜਾਂ ਪੰਦਰਾਂ ਸਾਲ ਵਾਸਤੇ ਕੈਦ ਕੀਤੇ ਗਏ ਸਨ, ਅੱਜ ਆਪਣੀ ਮਿਆਦ ਖਤਮ ਕਰ ਚੁੱਕਣ ਦੇ ਬਾਵਜੂਦ ਜੇਲਾਂ ਵਿਚ ਸੜ ਰਹੇ ਹਨ। ਉਨ੍ਹਾਂ ਉਤੇ ਅੱਜ ਵੀ ਭਾਰੀ ਜੁਰਮ (ਜ਼ੁਲਮ) ਕੀਤੇ ਜਾ ਰਹੇ ਹਨ, ਦੋ-ਦੋ, ਤਿੰਨ-ਤਿੰਨ ਸਾਲਾਂ ਵਾਸਤੇ ਲਗਾਤਾਰ ਉਨ੍ਹਾਂ ਨੂੰ ਜ਼ੰਜੀਰਾਂ ਵਿਚ ਬੈਠਾ ਕੇ ਕਾਲ ਕੋਠੜੀਆਂ ਵਿਚ ਰਖਿਆ ਜਾਂਦਾ ਹੈ, ਉਨ੍ਹਾਂ ਦੀ ਖੁਰਾਕ ਦੀ ਮਿਕਦਾਰ ਤੇ ਸਫਾਈ ਦਾ ਜ਼ਿਕਰ ਹੀ ਨਹੀਂ ਕੀਤਾ ਜਾਂਦਾ। ਹਿੰਦੁਸਤਾਨ ਦੀਆਂ ਜੇਲਾਂ ਨਾਲੋਂ ਵਧ ਕੇ ਕਿਸੇ ਮੁਲਕ ਦੀਆਂ ਜੇਲਾਂ ਵੀ ਦੁਖਦਾਈ ਤੇ ਭੈੜੀਆਂ ਨਹੀਂ ਹੋ ਸਕਦੀਆਂ। ਜਦ ਅੰਡੇਮਾਨ ਦੇ ਜੇਲਰ ਨੇ ਇਨ੍ਹਾਂ ਦੇਸ਼ ਭਗਤਾਂ ਨੂੰ ਇਹ ਧਮਕੀ ਦਿੱਤੀ ਕਿ ਮੈਂ ਉਹ ਜੇਲਰ ਹਾਂ ਜਿਸ ਨੇ ਨੈਪੋਲੀਅਨ ਬੋਨਾਪਾਰਟ ਨੂੰ ਵੀ ਖੜਾ ਕਰ ਲਿਆ ਸੀ ਤਾਂ ਉਹ ਉਸ ਨੂੰ ਉਹ ਉਤਰ ਦੇ ਕੇ ਚੁੱਪ ਕਰਾਉਂਦੇ ਸਨ ਕਿ ਨੈਪੋਲੀਅਨ ਖੁਦਗਰਜ਼ ਬਾਦਸ਼ਾਹ ਦੀ ਹੈਸੀਅਤ ਵਿਚ ਆਪਣੇ ਲੋੜ ਵਾਸਤੇ ਲੜਨ ਕਰਕੇ ਸਖਤੀ ਦੀਆਂ ਧਮਕੀਆਂ ਨਾਲ ਨਿਵਾਇਆ ਜਾ ਸਕਦਾ ਸੀ, ਪ੍ਰੰਤੂ ਅਸੀਂ ਗਦਰੀ ਹਾਂ, ਸ਼ਾਹੀ ਹਕੂਮਤ ਦਾ ਖਾਤਮਾ ਕਰਨ ਵਾਸਤੇ ਤੁਲੇ ਹੋਏ ਹਾਂ, ਅਸੀਂ ਅਜਿਹੀਆਂ ਧਮਕੀਆਂ ਦੀ ਪ੍ਰਵਾਹ ਕਰਨ ਵਾਲੇ ਨਹੀਂ ਹਾਂ। ਬੇਸ਼ੱਕ ਇਨ੍ਹਾਂ ਵਿਚੋਂ ਕਈ ਗਦਰੀਆਂ ਨੇ ਉਸ ਜ਼ਾਲਮ ਦੇ ਕੋਰੜੇ ਹੇਠਾਂ ਆਪਣੀਆਂ ਜਾਨਾਂ ਆਪਣੇ ਗਦਰੀ ਅਸੂਲ ਉਪਰ ਕੁਰਬਾਨ ਕਰ ਦਿੱਤੀਆਂ ਪਰ ਉਨ੍ਹਾਂ ਦੇ ਸਾਥੀਆਂ ਨੇ ਆਖਰ ਉਸ ਹੈਂਕੜਬਾਜ਼ ਨੂੰ ਸਿੱਧ ਰਸਤੇ ਪਾ ਹੀ ਦਿੱਤਾ।
ਇਸ ਤਰ੍ਹਾਂ ਹਿੰਦੁਸਤਾਨ ਦੀਆਂ ਕੌਮੀ ਲੀਡਰਾਂ ਦੀ ਗਦਰੀ ਤੇ ਅੰਗਰੇਜ਼ੀ ਜਾਸੂਸਾਂ ਦੀ ਮਕਾਰੀ ਤੇ ਆਮ ਲੋਕਾਂ ਦੀ ਨਾਵਾਰਕੀ ਦੇ ਕਾਰਨ (ਨਾਵਾਕਫੀਅਤ ਦੇ ਕਾਰਣ) ਬਾਵਜੂਦ ਕਈ ਜਵਾਨਾਂ ਕਰਨ (ਕੁਰਬਾਨ ਕਰਨ) ਦੇ ਵੀ ਦੂਰ ਤਕ ਫੈਲ ਕੇ ਗਦਰੀ ਨਾਕਾਮਯਾਬ ਰਹੇ। ਉਸ ਵੇਲੇ ਦੇ ਹਿੰਦੁਸਤਾਨ ਦੇ ਵਾਇਸਰਾਏ ਲਾਰਡ ਹਾਰਡਿੰਗ ਨੇ ਇਸ ਬਾਬਤ ਆਪਣੀ ਇਕ ਤਕਰੀਬ ਵਿਚ ਕਿਹਾ ਕਿ ਜੇ ਇਸ ਮਾੜੇ ਸਮੇਂ ਵਿਚ ਹਿੰਦੀ ਕੌਮ ਪੂਜ ਅੰਗਰੇਜ਼ੀ ਰਾਜ ਦੀ ਮਦਦ ਨਾ ਕਰਦੇ ਤਾਂ ਗਦਰ ਪਾਰਟੀ ਦੇ ਮੈਂਬਰ ਜੋ ਬਾਹਰੋਂ ਹਿੰਦੁਸਤਾਨ ਵਿਚ ਆਏ ਸਨ, ਅੰਗਰੇਜ਼ੀ ਹਕੂਮਤ ਨੂੰ ਹਿੰਦੁਸਤਾਨ ਵਿਚੋਂ ਮਲੀਆਮੇਟ ਕਰਨ ਵਿਚ ਜ਼ਰੂਰ ਕਾਮਯਾਬ ਹੋ ਜਾਂਦੇ।
ਗ਼ਦਰ ਪਾਰਟੀ ਦੇ ਉਹ ਮੈਂਬਰ ਜੋ ਸਿਆਮ ਬਰਮਾਂ ਤੇ ਮਲਾਇਆ ਡਿਊਟੀ ‘ਤੇ ਖੜੇ ਕੀਤੇ ਗਏ ਸਨ ਤੇ ਅੰਗਰੇਜ਼ਾਂ ਦੇ ਹੱਥੋਂ ਗ੍ਰਿਫਤਾਰ ਹੋਣ ਤੋਂ ਬਚ ਗਏ ਸਨ, ਸੰਨ 1916 ਵਿਚ ਵਾਪਿਸ ਅਮਰੀਕਾ ਆ ਗਏ। ਉਨ੍ਹਾਂ ਦੀ ਗ਼ੈਰ ਹਾਜ਼ਰੀ ਵਿਚ ਪਾਰਟੀ ਦੀ ਕੇਂਦਰੀ ਮਸ਼ੀਨ ਰਾਮਚੰਦਰ ਨਾਮੀ ਇਕ ਖੁਦਗਰਜ਼ ਤੇ ਗ਼ੱਦਾਰ ਦੇ ਹੱਥ ਵਿਚ ਆ ਗਈ, ਜਿਸ ਨੇ ਹਜ਼ਾਰਾਂ ਡਾਲੇ ਪਾਰਟੀ ਦੇ ਇਧਰ ਉਧਰ ਕਰ ਦਿਤੇ ਤੇ ਹੋਰ ਵੀ ਕਈ ਤਰ੍ਹਾਂ ਪਾਰਟੀ ਨੂੰ ਤਬਾਹ ਕਰਨ ਦਾ ਯਤਨ ਕੀਤਾ। ਜਦੋਂ ਉਸ ਨੇ ਆਪਣੇ ਇਸ ਕੋਲ ਦੇ ਉਪਰ ਜ਼ਿੱਦ ਕੀਤੀ ਤਾਂ ਪਾਰਟੀ ਦੇ ਇਕ ਜ਼ਬਰਦਸਤ ਮੈਂਬਰ ਨੇ ਰਾਮ ਚੰਦਰ ਨੂੰ ਮਾਰ ਦਿੱਤਾ ਤੇ ਆਪ ਉਸ ਦੇ ਬਦਲੇ ਅਮਰੀਕਨ ਸਰਕਾਰ ਦੇ ਹੱਥੋਂ ਫਾਂਸੀ ‘ਤੇ ਚੜ੍ਹਿਆ। ਅਮਰੀਕਾ ਦੇ ਆਪਣੇ ਇਤਹਾਦੀਆਂ ਦੀ ਸਹਾਇਤਾ ਕਰਨ ਹਿਤ ਲੜਾਈ ਵਿਚ ਸ਼ਾਮਿਲ ਹੋਣ ਤੋਂ ਬਾਅਦ ਗਦਰ ਪਾਰਟੀ ਦੇ ਸੇਵਕਾਂ ਤੇ ਅਮਰੀਕਨ ਸਰਕਾਰ ਵਲੋਂ ਬਰਤਾਨੀਆ ਦੀ ਸ਼ਹਿ ‘ਤੇ ਮੁਕੱਦਮਾ ਚਲਾਇਆ ਗਿਆ। ਬਹੁਤ ਸਾਰੇ ਮੈਂਬਰ 6 ਮਹੀਨਿਆਂ ਤੋਂ ਲੈ ਕੇ ਦੋ ਸਾਲ ਲਈ ਕੈਦ ਕੀਤੇ ਗਏ ਤੇ ਕਈਆਂ ਦੇ ਵਿਰੁਧ ਦੇਸ਼ ਨਿਕਾਲੇ ਦਾ ਕਾਨੂੰਨ ਪਾਸ ਹੋਇਆ। ਅਮਰੀਕਾ ਵਿਚ ਸਾਡੀ ਪਾਰਟੀ ਨੂੰ ਕੁਚਲਣ ਵਾਸਤੇ ਅੰਗਰੇਜ਼ਾਂ ਨੇ ਡਾਲੇ (ਡਾਲਰ) ਖਰਚ ਕੀਤੇ। ਅਸੀਂ ਵੀ ਇਸ ਮੌਕੇ ‘ਤੇ ਆਪਣੇ ਸਾਥੀ ਬਚਾਉਣ ਵਾਸਤੇ ਹਜ਼ਾਰਾਂ ਡਾਲਰ ਖਰਚ ਕੀਤੇ। ਇਸ ਮੌਕੇ ‘ਤੇ ਅਮਰੀਕਨ ਮਜ਼ਦੂਰਾਂ ਦੀ ਇਖਲਾਫੀ ਮਦਦ ਸਾਡੇ ਨਾਲ ਸੀ।
ਥੋੜ੍ਹੇ ਚਿਰ ਤੋਂ ਬਾਅਦ ਲੜਾਈ ਖਤਮ ਹੋ ਗਈ ਤੇ ਅਮਰੀਕਨ ਸਰਕਾਰ ਨੇ ਦੇਸ਼ ਨਿਕਾਲੇ ਦਾ ਹੁਕਮ ਵਾਪਿਸ ਲੈ ਲਿਆ। ਜੋ ਹੁਕਮ ਜਾਰੀ ਹੋ ਚੁੱਕੇ ਸਨ, ਉਹ ਵੀ ਵਾਪਸ ਲਏ ਗਏ। ਇਸ ਤੋਂ ਬਾਅਦ ਕੁਝ ਚਿਰ ਪਾਰਟੀ ਨੇ ਆਪਣੀ ਜਥੇਬੰਦੀ ਨੂੰ ਤਕੜਾ ਕਰਨ ਵਿਚ ਖਰਚ ਕੀਤਾ। 1922 ਵਿਚ ਫਿਰ ਯਤਨ ਕੀਤਾ ਗਿਆ ਕਿ ਬਰਤਾਨਵੀ ਹਕੂਮਤ ਨੂੰ ਹਿੰਦੁਸਤਾਨ ਵਿਚੋਂ ਤਬਾਹ ਕਰਨ ਵਾਸਤੇ ਕੋਲ ਹੋ ਚੁੱਕੀ ਲਹਿਰ ਨੂੰ ਫਿਰ ਜਾਰੀ ਕੀਤਾ ਜਾਵੇ। ਕੁਝ ਆਦਮੀ ਇਸ ਮਤਲਬ ਵਾਸਤੇ ਦੇਸ਼ ਨੂੰ ਭੇਜੇ ਗਏ। ਅਸੀਂ ਇਹ ਦੇਖ ਕੇ ਖੁਸ਼ ਹਾਂ ਕਿ ਵਰਤਮਾਨ ਲਹਿਰ ਗਦਰ ਦਾ ਗਦਰੀ ਪਾਰਟੀ ਦੀਆਂ ਕੋਸ਼ਿਸ਼ਾਂ ਤੇ ਕਾਫੀ ਇਹ ਇਨਹਸਾਰ ਹੈ।
1925 ਵਿਚ ਜਦੋਂ ਚੀਨ ਦਾ ਗਦਰ ਜ਼ੋਰਾਂ ‘ਤੇ ਹੋਇਆਂ ਤਾਂ ਗਦਰ ਪਾਰਟੀ ਨੇ ਆਪਣੇ ਆਦਮੀ ਚੀਨ ਵਿਚ ਭੇਜ ਕੇ ਆਪਣੇ ਪ੍ਰਚਾਰਕਾਂ ਦੇ ਜਥੇ ਨੂੰ ਤਕੜਾ ਕੀਤਾ ਤੇ ਫਿਰ ਜਦੋਂ 1926 ਵਿਚ ਅੰਗਰੇਜ਼ਾਂ ਨੇ ਚੀਨ ਦਾ ਗਦਰ ਦਬਾਉਣ ਵਾਸਤੇ ਹਿੰਦੀ ਸਿਪਾਹੀਆਂ ਨੂੰ ਵਰਤਣਾ ਚਾਹਿਆ, ਸਾਡੇ ਸਿਪਾਹੀਆਂ ਨੇ, ਜੋ ਗਦਰ ਪਾਰਟੀ ਦੇ ਮੈਂਬਰ ਜਾਂ ਪ੍ਰਚਾਰਕ ਸਨ, ਆਪਣੀਆਂ ਜਾਨਾਂ ਖਤਰੇ ਵਿਚ ਪਾ ਕੇ ਵੀ ਹਿੰਦੀ ਸਿਪਾਹੀਆਂ ਵਿਚ ਭਾਰੀ ਪ੍ਰਚਾਰ ਕੀਤਾ। ਜਿਸ ਦਾ ਸਿੱਟਾ ਇਹ ਨਿਕਲਿਆ ਕਿ ਹਿੰਦੀ ਰੈਜਮੈਂਟਾਂ ਵਾਪਸ ਹਿੰਦੁਸਤਾਨ ਭੇਜਣੀਆਂ ਪਈਆਂ। ਹੰਕਾਓ ਵਿਚ ਦੋ ਸੌ ਹਿੰਦੀ ਚੌਕੀਦਾਰ ਤੇ ਪੁਲਸੀਏ ਚੀਨੀ ਗਦਰ ਨਾਲ ਜਾ ਮਿਲੇ। ਦੂਜੇ ਵੀ ਅਜਿਹਾ ਕਰਨ ਨੂੰ ਤਿਆਰ ਸਨ। ਜੇਕਰ ਚੀਨ ਦੇ ਜੰਗੀ ਲਾਟ ਚੀਨੀ ਗਦਰ ਨੂੰ ਧੋਖਾ ਨਾ ਦਿੰਦੇ ਤਾਂ ਯਕੀਨ ਸੀ ਕਿ ਚੀਨ ਵਿਚ ਰਹਿਣ ਵਾਲੇ ਹਿੰਦੀ ਤੇ 16000 ਦੇ ਕਰੀਬ ਹਿੰਦੀ ਸਿਪਾਹੀ ਪੂਰੀ ਤਰ੍ਹਾਂ ਚੀਨੀ ਗਦਰੀਆਂ ਦਾ ਸਾਥ ਦਿੰਦੇ ਤੇ ਸਰਮਾਏਦਾਰ ਅੰਗਰੇਜ਼ਾਂ ਦਾ ਟਾਕਰਾ ਕਰਦੇ। ਸ਼ਾਮੀਨ ਕੈਨਟਨ ਵਿਚ ਰਹਿਣ ਵਾਲੇ ਸਿੱਖ ਤੋਪਖਾਨੇ ਨੇ ਤੇ ਮੁਸਲਮਾਨ ਪੁਲਿਸ ਨੇ ਗਦਰ ਪਾਰਟੀ ਦੇ ਪ੍ਰਚਾਰ ਦੇ ਜ਼ੋਰ ਅਸਰ ਚੀਨੀਆਂ ਤੇ ਗੋਲੀ ਚਲਾਉਣ ਤੋਂ ਇਨਕਾਰ ਕਰ ਦਿੱਤਾ। ਇਹ ਦਸਤੇ ਵੀ ਹਿੰਦੁਸਤਾਨ ਭੇਜਣੇ ਪਏ। ਚੀਨ ਦੇ ਗਦਰ ਦੇ ਮੌਕੇ ‘ਤੇ ਕਈ ਗਦਰੀ ਮਾਰੇ ਗਏ ਅਤੇ ਕਈ ਅੰਗਰੇਜ਼ਾਂ ਦੇ ਹੱਥੋਂ ਗ੍ਰਿਫਤਾਰ ਹੋਏ ਜੋ ਸਾਲ ਭਰ ਚੀਨੀ ਜੇਲਾਂ ਵਿਚ ਰੱਖ ਕੇ ਹਿੰਦੁਸਤਾਨ ਨੂੰ ਵਾਪਸ ਮੋੜੇ ਗਏ ਤੇ ਉਥੇ ਪੁੱਜਣ ‘ਤੇ ਬਿਨਾਂ ਮੁਕੱਦਮਾ ਚਲਾਏ ਜੇਲਾਂ ਵਿਚ ਠੋਸ ਦਿੱਤੇ ਗਏ।
ਚੀਨ ਵਿਚ ਆਪਣੇ ਪ੍ਰਚਾਰ ਹਿਤ ਪਾਰਟੀ ਨੇ 10000 ਡਾਲਰ ਖਰਚ ਕੀਤੇ। ਗਦਰ ਪਾਰਟੀ ਦਾ ਹਰ ਇਕ ਕਦਮ ਜਿਸ ਤਰ੍ਹਾਂ ਉਪਰੋਕਤ ਬਿਆਨ ਤੋਂ ਜ਼ਾਹਿਰ ਹੁੰਦਾ ਹੈ, ਅਮਲੀ ਸੀ ਤੇ ਕੁਝ ਠੋਸ ਕੰਮ ਕਰਨ ਦੇ ਬਰਾਬਰ ਸੀ। ਇਸ ਦੇ ਮਤੇ ਕਾਗ਼ਜ਼ੀ ਨਹੀਂ ਸਨ, ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਂਦਾ ਰਿਹਾ। ਆਪਣੇ ਅਸੂਲਾਂ ਨੂੰ ਅਮਲ ਵਿਚ ਲਿਆਉਣ ਵਾਸਤੇ ਪਾਰਟੀ ਨੇ ਕਦੇ ਵੀ ਮਾਇਆ ਜਾਂ ਆਦਮੀਆਂ ਦਾ ਸਰਫਾ ਨਹੀਂ ਕੀਤਾ। ਇਸ ਵਾਸਤੇ ਬਰਤਾਨਵੀ ਸਰਮਾਏਦਾਰ ਗਦਰ ਪਾਰਟੀ ਨੂੰ ਹੱਦੋਂ ਵੱਧ ਆਪਣੀ ਹਸਤੀ ਵਾਸਤੇ ਖਤਰਨਾਕ ਸਮਝਦੇ ਹਨ ਅਤੇ ਇਸ ਦੇ ਜਨਮ ਤੋਂ ਹੀ ਇਸ ਨੂੰ ਖਤਮ ਕਰਨ ਦੇ ਯਤਨ ਕਰਦੇ ਹਨ। ਇਨ੍ਹਾਂ ਸਾਰਿਆਂ ਯਤਨਾਂ ਨੂੰ (ਦਾ) ਸੰਖੇਪ ਵਰਣਨ ਉਪਰ ਹੀ ਕਰ ਦਿੱਤਾ ਗਿਆ ਹੈ, ਜੋ ਹਮਲਾ ਅੱਜ ਤੋਂ ਦੋ ਵਰ੍ਹੇ ਪਹਿਲਾ ਕੀਤਾ ਗਿਆ ਤੇ ਅਜੇ ਜਾਰੀ ਹੈ, ਬਹੁਤ ਘਾਤਕ ਤੇ ਜ਼ਬਰਦਸਤ ਹੈ। ਬਰਤਾਨੀਆਂ ਦੇ ਇਸ ਹਮਲੇ ਨੂੰ ਦੇਖ ਕੇ ਕਈ ਕਮਜ਼ੋਰ ਦਿਲ ਤੇ ਪਿੱਛਾ ਖਿੱਚੂ ਆਦਮੀ ਪਾਰਟੀ ਦਾ ਸਾਥ ਛੱਡ ਗਏ ਹਨ। ਇਸ ਵਾਸਤੇ ਪਾਰਟੀ ਦੀ ਮੈਂਬਰਸ਼ਿਪ ਅੱਗੇ ਨਾਲੋਂ ਕੁਝ ਘਟ ਗਈ ਹੈ ਪਰ ਜੋ ਪਾਰਟੀ ਦੇ ਸੱਚੇ ਸਾਥੀ ਰਹੇ ਹਨ ਤੇ ਜੋ ਗਿਣਤੀ ਵਿਚ ਵੀ ਕਾਫੀ ਹਨ, ਸੱਚੇ ਗਦਰੀ ਹਨ ਤੇ ਪਾਰਟੀ ਦੇ ਬਚੇ ਸਾਥੀ ਰਹੇ ਹਨ, ਪਾਰਟੀ ਦੇ ਮਨੋਰਥ ਖਾਤਿਰ ਸਭ ਕੁਝ ਕਰਨ ਨੂੰ ਤਿਆਰ ਹਨ। ਉਹ ਸ਼ਾਹਪਰਸਤੀ ਦੇ ਕੱਟੜ ਵੈਰੀ ਹਨ ਤੇ ਇਸ ਅਸੂਲ ਖਾਤਰ ਆਪਣੀਆਂ ਜਾਨਾਂ ਵੀ ਕੁਰਬਾਨ ਕਰਨ ਲਈ ਤਿਆਰ ਹਨ। ਪੂਰਾ ਯਕੀਨ ਹੈ ਕਿ ਇਨ੍ਹਾਂ ਦੀ ਗਿਣਤੀ ਵੀ ਛੇਤੀ ਹੀ ਵਧੇਗੀ। ਇਸ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਪਾਰਟੀ ਅੱਗੇ ਨਾਲੋਂ ਵਧੇਰੇ ਤਾਕਤਵਰ ਹੈ… ਪਾਰਟੀ ਦੇ ਸਭ ਮੈਂਬਰ ਮੁਫਤ ਸੇਵਾ ਕਰਦੇ ਹਨ, ਜੋ ਲਾਈਫ ਮੈਂਬਰ ਹਨ, ਕੇਵਲ ਗੁਜ਼ਾਰਾ ਤੇ ਸਫਰ ਖਰਚ ਹੀ ਲੈਂਦੇ ਹਨ। ਸਾਡੇ ਅਖਬਾਰ ਤੇ ਹੋਰ ਗਦਰੀ ਲਿਟਰੇਚਰ ਮੁਫਤ ਵੰਡੀ ਜਾਂਦੀ ਹੈ। ਫੰਡ ਪਾਰਟੀ ਦੇ ਮੈਂਬਰਾਂ ਦੇ ਚੰਦਿਆਂ ਦਾ ਬਣਦਾ ਹੈ।
ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਹਿੰਦੁਸਤਾਨ ਦੇ ਅੰਦਰ, ਖਾਸ ਕਰਕੇ ਬਾਹਰ ਤੇ ਕੋਈ ਜ਼ਬਰਦਸਤ ਜਥੇਬੰਦੀ ਤਰੀਕੇ ਨਾਲ ਹਿੰਦੁਸਤਾਨ ਵਿਚ ਗਦਰ ਕਰਨਗੇ। ਤਿਆਰੀ ਕਰ ਰਹੀ ਹੈ ਤਾਂ ਉਹ ਇਕੋ ਇਕ ਹਿੰਦੁਸਤਾਨ ਗਦਰ ਪਾਰਟੀ ਹੈ। ਗਦਰ ਪਾਰਟੀ ਸ਼ਹਿਨਸ਼ਾਹੀ ਵਿਰੁਧ ਲੀਗ ਦੀ ਹਰ ਤਰ੍ਹਾਂ ਸਹਾਇਤਾ ਕਰਦੀ ਹੈ ਅਤੇ ਇਸ ਗੱਲ ਤੋਂ ਖੁਸ਼ ਹੈ ਕਿ ਲੀਗ ਦੀ ਮਾਰਫਤ ਪਾਰਟੀ ਦੁਨੀਆਂ ਭਰ ਵਿਚ ਉਨ੍ਹਾਂ ਸਾਰੀਆਂ ਜਥੇਬੰਦੀਆਂ ਨਾਲ ਤਾਲੁਕਾਤ ਪੈਦਾ ਕਰ ਸਕਦੀ ਹੈ, ਜੋ ਸ਼ਾਹਪਰਸਤੀ ਦੇ ਵਿਰੁਧ ਖੂਬ ਪੈਰ ਜਮ੍ਹਾਂ ਕੇ ਲੜ ਰਹੀਆਂ ਹਨ।

ਭਾਈ ਰਤਨ ਸਿੰਘ ਹੁਰਾਂ ਦੀ ਦੂਸਰੀ ਸਪੀਚ
ਪਿਆਰੇ ਸਾਥੀਓ, ਤੁਸਾਂ ਨੇ ਚੀਨ ਦੇ ਕਿਰਤੀਆਂ ਤੇ ਕਿਸਾਨਾਂ ਦੀ ਤਬਾਹੀ ਦਾ ਹਾਲ ਤੇ ਚੀਨੀ ਡੈਲੀਗੇਟਾਂ ਕੋਲੋਂ ਸੁਣ ਹੀ ਲਿਆ ਹੈ ਕਿ ਕਿਸ ਤਰ੍ਹਾਂ ਚੀਨ ਦੇ ਵੱਡੇ-ਵੱਡੇ ਜ਼ਿੰਮੀਦਾਰਾਂ, ਜਰਨੈਲਾਂ ਅਤੇ ਸਰਮਾਏਦਾਰਾਂ ਨੇ ਚੀਨੀ ਕਿਰਤੀਆਂ ਨੂੰ ਧੋਖਾ ਦਿੱਤਾ ਹੈ। ਜਦ ਤਕ ਇਨ੍ਹਾਂ ਖੁਦਗਰਜਾਂ ਦਾ ਮਤਲਬ ਨਹੀਂ ਸੀ ਨਿਕਲਿਆ, ਇਹ ਕਿਰਤੀਆਂ ਤੇ ਕਿਸਾਨਾਂ ਦੀ ਹਮਦਰਦੀ ਦੀਆਂ ਵੱਡੀਆਂ ਵੱਡੀਆਂ ਫੜਾਂ ਮਾਰਦੇ ਰਹੇ। ਪ੍ਰੰਤੂ ਜਿਸ ਵਕਤ ਕਿਰਤੀਆਂ ਦੀ ਹਮਦਰਦੀ ਦੀਆਂ ਵੱਡੀਆਂ ਤਾਕਤਾਂ ਨਾਲ ਗਦਰ ਨੂੰ ਫਤਿਹ ਪਰ ਫਹਿਤ ਹੋ ਰਹੀ ਸੀ ਤਾਂ ਐਨ ਵਕਤ ਤੇ ਆ ਕੇ ਇਨ੍ਹਾਂ ਨੇ ਕਿਰਤੀ ਗਦਰ ਨੂੰ ਧੋਖਾ ਦਿੱਤਾ ਅਤੇ ਜਿਨ੍ਹਾਂ ਕਿਰਤੀਆਂ ਦੀ ਤਾਕਤ ਨਾਲ ਫਤਿਹ ਪ੍ਰਾਪਤ ਕੀਤੀ ਗਈ ਸੀ, ਛੇਕੜ ਉਨ੍ਹਾਂ ਦੇ ਲਹੂ ਨਾਲ ਹੱਥ ਰੰਗੇ ਅਤੇ ਪੱਚੀ ਹਜ਼ਾਰ ਦੇ ਲਗਭਗ ਚੀਨੀ ਕਿਰਤੀ ਕਤਲ ਕੀਤੇ। ਹਿੰਦੁਸਤਾਨ ਗਦਰ ਪਾਰਟੀ ਦੇ ਮੈਂਬਰਾਂ ਨੇ ਉਨ੍ਹਾਂ ਹਿੰਦੁਸਤਾਨੀ ਫੌਜਾਂ ਵਿਚ ਜਿਹੜਿਆਂ ਨੂੰ ਬਰਤਾਨਵੀ ਇਮਪੀਰੀਲਿਸਟ ਚੀਨ ਦੇ ਗਦਰ ਨੂੰ ਦਬਾਉਣ ਵਾਸਤੇ ਲਾ ਕੇ ਆਏ ਹੋਏ ਸਨ। ਪਰਾਪੋਗੰਡਾ ਕੀਤਾ, ਇਸ ਕੰਮ ਵਿਚ ਗਦਰ ਪਾਰਟੀ ਦੇ ਮੈਂਬਰਾਂ ਨੂੰ ਪੂਰੀ ਫਤਿਹ ਹੋਈ ਜਿਤਨੀ ਹਿੰਦੁਸਤਾਨੀ ਫੌਜ ਸੀ। ਸਾਰੀ ਦੀ ਸਾਰੀ ਨੇ ਆਪਣੇ ਚੀਨੀ ਗਦਰੀ ਭਰਾਵਾਂ ਦੇ ਖਿਲਾਫ ਲੜਨੋਂ ਇਨਕਾਰ ਕਰ ਦਿੱਤਾ ਤੇ ਸਭ ਫੌਜ ਹਿੰਦੁਸਤਾਨ ਨੂੰ ਵਾਪਿਸ ਕਰਨੀ ਪਈ। ਹੰਕਾਓ ਦੇ ਦੋ ਸੌ ਸਿੱਖ ਪੁਲਸੀਏ ਤੋਂ ਚੀਨੀ ਗਦਰ ਵਿਚ ਮਿਲ ਚੁੱਕੇ ਸਨ। ਸ਼ੰਘਾਈ ਆਦਿ ਸ਼ਹਿਰਾਂ ਵਿਚ ਰਹਿਣ ਵਾਲੇ ਹਿੰਦੁਸਤਾਨੀ ਗਦਰ ਵਿਚ ਮਿਲਣ ਵਾਸਤੇ ਤਿਆਰ ਵੀ ਬੈਠੇ ਸਨ ਪਰ ਸ਼ੈਤਾਨ ਜਰਨੈਲ ਚੰਗੇ ਕਾਈਹਸ਼ੈਕ ਨੇ ਧੋਖਾ ਦਿੱਤਾ ਤੇ ਗਦਰ ਦੀ ਫਤਹਿ ਨੂੰ ਹਾਰ ਵਿਚ ਬਦਲ ਦਿੱਤਾ।
ਸਾਨੂੰ ਸਾਰਿਆਂ ਨੂੰ ਦੁਨੀਆਂ ਦੇ ਮਜ਼ਲੂਮ ਨੂੰ ਜਿਹੜੇ ਕਿ ਇਮਪੀਰੀਲਿਸਟਾਂ ਦੇ ਜੁਰਮਾਂ (ਜ਼ੁਲਮਾਂ) ਦੇ ਸ਼ਿਕਾਰ ਹੋ ਰਹੇ ਹਾਂ, ਜਥੇਬੰਦ ਤੇ ਹਥਿਆਰਬੰਦ ਗਦਰ ਵਾਸਤੇ ਤਿਆਰ ਹੋ ਜਾਣਾ ਚਾਹੀਦਾ ਹੈ ਕਿ ਇਹ ਇਮਪੀਰੀਲਿਸਟਾਂ ਨੂੰ ਸ਼ਿਕਸਤ ਦੇ ਕੇ ਆਮ ਲੋਕਾਂ ਦੀ ਰਾਏ ਨਾਲ ਅਤੇ ਆਮ ਲੋਕਾਂ ਦੇ ਲਾਭ ਵਾਸਤੇ ਹਕੂਮਤ ਕਾਇਮ ਕੀਤੀ ਜਾਵੇ। ਮੈਂ ਖਾਸ ਕਰਕੇ ਹਿੰਦੁਸਤਾਨ ਦੇ ਕਿਰਤੀਆਂ ਦੇ ਤੇ ਕਿਸਾਨਾਂ ਪਾਸ ਅਰਜ਼ ਕਰਾਂਗਾ, ਕਿ ਉਹ ਚੀਨ ਦੇ ਗਦਰ ਕੋਲੋਂ ਸਬਕ ਲੈਣ ਅਤੇ ਹਿੰਦੁਸਤਾਨੀ ਕਿਰਤੀ ਲਹਿਰ ਨੂੰ ਲੀਡਰਾਂ ਦੇ ਅਸਰ ਤੋਂ ਬਿਲਕੁਲ ਸਾਫ ਰੱਖਣ ਤਾਂ ਜੋ ਹਿੰਦੁਸਤਾਨ ਵਿਚ ਕਿਰਤੀ ਲਹਿਰ ਧੋਖਾ ਨਾ ਖਾ ਸਕੇ।
“ਚੀਨ ਦੇ ਕਿਰਤੀਆਂ ਤੇ ਕਿਸਾਨਾਂ ਦਾ ਗਦਰ ਜ਼ਿੰਦਾ ਰਹੇ”।