ਬੰਦਾ ਸਿੰਘ ਬਹਾਦਰ ਦਾ ਵੇਲਾ

ਸਿੱਖ ਇਤਿਹਾਸ ਅੰਦਰ ਬੰਦਾ ਸਿੰਘ ਬਹਾਦਰ (27 ਅਕਤੂਬਰ 1670-9 ਜੂਨ 1716) ਦਾ ਨਾਓਂ ਉਚ-ਦੁਮਾਲੜਾ ਹੈ। ਉਸ ਨੇ ਮੁਗਲ ਸ਼ਾਸਕਾਂ ਖਿਲਾਫ ਤਕੜਾ ਜਹਾਦ ਛੇੜਿਆ ਅਤੇ ਉਪਰੋਥਲੀ ਜਿੱਤਾਂ ਹਾਸਲ ਕੀਤੀਆਂ। ਉਂਜ, ਉਸ ਦਾ ਸਭ ਤੋਂ ਵੱਡਾ ਕਾਰਜ ਜਗੀਰਦਾਰੀ ਸਿਸਟਮ ਨੂੰ ਭੰਨਣਾ ਸੀ। ਅਮਰੀਕਾ ਦੀ ਇਲੀਨੋਇਸ ਯੂਨੀਵਰਸਿਟੀ ਵਿਚ ਪੜ੍ਹਾਉਂਦੇ ਰਹੇ ਪ੍ਰੋ. ਰਾਜਮੋਹਨ ਗਾਂਧੀ ਨੇ ‘ਪੰਜਾਬ: ਔਰੰਗਜ਼ੇਬ ਤੋਂ ਮਾਊਂਟਬੈਟਨ ਤਕ ਦਾ ਇਤਿਹਾਸ’ ਲਿਖੀ ਹੈ।

ਬੰਦਾ ਸਿੰਘ ਬਹਾਦਰ ਦੇ ਜਨਮ ਦਿਨ ਮੌਕੇ ਅਸੀਂ ਇਸ ਕਿਤਾਬ ਦਾ ਇਕ ਹਿੱਸਾ ਛਾਪ ਰਹੇ ਹਾਂ ਜੋ ਬੰਦਾ ਸਿੰਘ ਬਹਾਦਰ ਨਾਲ ਸਬੰਧਤ ਹੈ। ਪੰਜਾਬੀ ਵਿਚ ਇਸ ਕਿਤਾਬ ਦਾ ਅਨੁਵਾਦ ਪ੍ਰੋ. ਹਰਪਾਲ ਸਿੰਘ ਪੰਨੂ ਨੇ ਕੀਤਾ ਹੈ। -ਸੰਪਾਦਕ

ਰਾਜਮੋਹਨ ਗਾਂਧੀ
ਅਨੁਵਾਦਕ: ਹਰਪਾਲ ਸਿੰਘ ਪੰਨੂ

ਕਾਬਲ ਬੈਠੇ ਵਾਇਸਰਾਏ ਮੁਅੱਜ਼ਮ ਨੂੰ ਪਤਾ ਲੱਗਾ ਕਿ ਦੱਖਣ ਵਿਚ ਉਸਦਾ ਬੁੱਢਾ ਪਿਤਾ ਸਖ਼ਤ ਬਿਮਾਰ ਹੋ ਗਿਆ ਹੈ ਤਾਂ 63 ਸਾਲਾ ਸ਼ਹਿਜ਼ਾਦਾ ਪਖਤੂਨ ਦੇਸ ਵਿਚੋਂ ਪੰਜਾਬ ਹੁੰਦਾ ਹੋਇਆ ਦਿੱਲੀ ਵੱਲ ਵਧਿਆ। ਰਸਤੇ ਵਿਚ ਖ਼ਬਰ ਮਿਲੀ ਕਿ ਬਾਦਸ਼ਾਹ ਦਾ ਦੇਹਾਂਤ ਹੋ ਗਿਆ ਹੈ, ਉਸੇ ਵਕਤ ਤਾਜਪੋਸ਼ੀ ਕਰ ਦਿੱਤੀ। ਅਪਰੈਲ 1707 ਵਿਚ ਲਾਹੌਰ ਦੇ ਸੂਬੇਦਾਰ ਮੁਨੀਮ ਖ਼ਾਨ ਨੂੰ ਮਿਲਿਆ। ਮੁਨੀਮ ਅਤੇ ਉਸਦੇ ਬੇਟੇ ਮੌਜ਼ੁੱਦੀਨ ਨੇ ਸ਼ਹਿਜ਼ਾਦੇ ਨੂੰ ਸੈਨਿਕ ਮਦਦ ਦੀ ਪੇਸ਼ਕਸ਼ ਕੀਤੀ। ਇਹ ਪਿਉ-ਪੁੱਤ ਤੁਰਕ ਸਨ। ਮੁਅੱਜ਼ਮ ਨੂੰ ਸ਼ਾਹ ਆਲਮ ਅਤੇ ਬਹਾਦਰ ਸ਼ਾਹ ਪਹਿਲਾ ਵੀ ਕਿਹਾ ਜਾਂਦਾ ਸੀ।
ਬਹਾਦਰ ਸ਼ਾਹ ਆਪਣੇ ਪਿਤਾ ਨਾਲੋਂ ਉਦਾਰਚਿਤ ਸੀ। ਭਰਾਵਾਂ ਕਾਮਬਖਸ਼ ਅਤੇ ਆਜ਼ਮ ਨੇ ਬਗਾਵਤਾਂ ਕੀਤੀਆਂ ਪਰ ਦਬਾ ਦਿੱਤੀਆਂ। ਆਜ਼ਮ ਜੂਨ 1707 ਵਿਚ ਆਗਰੇ ਲੜਾਈ ਵਿਚ ਮਾਰਿਆ ਗਿਆ, ਦੋ ਸਾਲ ਬਾਅਦ ਦੱਖਣ ਵਿਚ ਕਾਮਬਖ਼ਸ਼ ਮਾਰਿਆ ਗਿਆ। ਪਹਿਲੇ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਨੇ ਬਹਾਦਰ ਸ਼ਾਹ ਦੀ ਸੈਨਿਕ ਮਦਦ ਕੀਤੀ।
ਜਦੋਂ ਗੁਰੂਜੀ ਦੱਖਣ ਵੱਲ ਜਾ ਰਹੇ ਸਨ, ਉਨ੍ਹਾਂ ਨੂੰ ਪਤਾ ਸੀ ਕਿ ਕਾਮਬਖ਼ਸ਼ ਤੇ ਆਜ਼ਮ ਦੱਖਣ ਵਿਚ ਹਨ, ਬਹਾਦਰ ਸ਼ਾਹ ਆਗਰੇ ਹੈ ਤੇ ਦੱਖਣ ਵੱਲ ਜਾਏਗਾ। ਵਲ ਪਾ ਕੇ ਗੁਰੂ ਜੀ ਆਗਰੇ ਬਹਾਦਰ ਸ਼ਾਹ ਨੂੰ ਮਿਲੇ।ਲਤੀਫ ਅਨੁਸਾਰ (1889) ਬਹਾਦਰ ਸ਼ਾਹ ਨੇ ਗੁਰੂ ਜੀ ਨੂੰ ਸ਼ਾਮਿਆਨੇ, ਹਾਥੀ, ਘੋੜੇ ਭੇਂਟ ਕੀਤੇ ਤੇ ਪੰਜ ਹਜ਼ਾਰੀ ਦਾ ਖਿਤਾਬ ਦਿੱਤਾ। ਲੱਗਦਾ ਹੈ ਕਿ ਵਜ਼ੀਰ ਖ਼ਾਨ ਨੂੰ ਸਜ਼ਾ ਦੇਣ ਅਤੇ ਆਨੰਦਪੁਰ ਦਾ ਇਲਾਕਾ ਗੁਰੂ ਜੀ ਨੂੰ ਦੇਣ ਬਾਰੇ ਬਾਦਸ਼ਾਹ ਨੇ ਆਖਿਆ ਹੋਵੇ।
ਬਾਦਸ਼ਾਹ ਕਈ ਮਹੀਨੇ ਆਗਰੇ ਠਹਿਰਿਆ ਪਰ ਉਸ ਅੰਦਰ ਦੱਖਣ ਬੈਠੇ ਕਾਮਬਖ਼ਸ਼ ਨੂੰ ਦਬਾਉਣ ਵਾਸਤੇ ਬੇਚੈਨੀ ਸੀ। ਨਵੰਬਰ 1707 ਨੂੰ ਜਦੋਂ ਇਸ ਕਾਰਵਾਂ ਨੇ ਦੱਖਣ ਵੱਲ ਰੁਖ਼ ਕੀਤਾ, ਗੁਰੂ ਜੀ ਨਾਲ ਨਾਲ ਤੁਰੇ, ਨਾਲ ਸਿੱਖ ਸੈਨਿਕ ਸਨ। ਇਕ ਸਾਲ ਦੇ ਕਰੀਬ ਗੁਰੂ ਜੀ ਬਾਦਸ਼ਾਹ ਦੇ ਸੰਪਰਕ ਵਿਚ ਰਹੇ ਤਾਂ ਕਿ ਗੱਲ ਕਿਸੇ ਸਿਰੇ ਲੱਗੇ, ਪਰ ਬਹਾਦਰ ਸ਼ਾਹ ਪਹਾੜੀ ਰਾਜਿਆਂ ਖਿਲਾਫ ਕਾਰਵਾਈ ਟਾਲ ਰਿਹਾ ਸੀ। ਉਸ ਦਾ ਸਾਰਾ ਧਿਆਨ ਤਾਂ ਕਾਮਬਖਸ਼ ਵੱਲ ਸੀ। ਮਰਾਠਿਆਂ ਨਾਲ ਸਦਭਾਵਨਾ ਰਹੇ, ਇਸ ਮਨਸ਼ਾ ਨਾਲ ਉਸਨੇ 18 ਸਾਲਾਂ ਤੋਂ ਨਜ਼ਰਬੰਦ ਸ਼ਿਵਾ ਜੀ ਦੇ ਬੇਟੇ ਸ਼ਾਹੂ ਨੂੰ ਰਿਹਾ ਕਰਕੇ ਮਰਾਠਾ ਗੱਦੀ ਦਾ ਖ਼ੁਦਮੁਖਤਾਰ ਸ਼ਾਸਕ ਥਾਪ ਦਿੱਤਾ।
ਸਤੰਬਰ 1708 ਨੂੰ ਜਦੋਂ ਮੁਗਲ ਲਸ਼ਕਰ ਨਾਂਦੇੜ ਪੁੱਜਾ ਤਾਂ ਗੁਰੂ ਜੀ ਨੇ ਕਿਹਾ- ਹੁਣ ਹਿਸਾਬ ਖ਼ਤਮ। ਬਹਾਦਰ ਸ਼ਾਹ ਦੀ ਮਦਦ ਤੋਂ ਬਗ਼ੈਰ ਇਨਸਾਫ ਪ੍ਰਾਪਤ ਕਰਾਂਗੇ। ਬਾਦਸ਼ਾਹ ਦੇ ਕੈਂਪ ਤੋਂ ਵੱਖ ਹੋ ਕੇ ਗੁਰੂ ਜੀ ਇਥੇ ਰੁਕ ਗਏ। ਇਥੇ ਉਹ 38 ਸਾਲ ਉਮਰ ਦੇ ਕਸ਼ਮੀਰੀ ਹਿੰਦੂ ਰਾਜਪੂਤ ਨੂੰ ਮਿਲੇ ਜਿਸਦਾ ਫੌਲਾਦੀ ਦਿਲ ਅਤੇ ਫਕੀਰੀ ਲਿਬਾਸ ਸੀ।ਕਸ਼ਮੀਰੀ ਪਹਾੜੀਆਂ ਵਿਚ ਰਹਿੰਦਾ ਇਹ ਜੁਆਨ ਵਧੀਆ ਲੜਾਕੂ ਅਤੇ ਸ਼ਿਕਾਰੀ ਸੀ ਪਰ ਘਰ-ਬਾਰ ਤਿਆਗ ਕੇ ਬੈਰਾਗੀ ਹੋ ਗਿਆ, ਨਾਮ ਮਾਧੋਦਾਸ। ਮੁਗਲਾਂ ਹੱਥੋਂ ਰਾਜਪੂਤ ਕਿਵੇਂ ਜ਼ਲੀਲ ਹੋ ਰਹੇ ਹਨ, ਉਸ ਨੂੰ ਖ਼ਬਰ ਸੀ। ਉਸਨੂੰ ਦੱਖਣ ਵਿਚ ਬੈਠਿਆਂ ਸ਼ਿਵਾ ਜੀ ਦੀ ਬਹਾਦਰੀ ਦਾ ਪਤਾ ਸੀ ਜਿਸ ਨੇ ਬਗਾਵਤ ਕਰਕੇ ਮਰਾਠਾ ਹਕੂਮਤ ਕਾਇਮ ਕੀਤੀ ਸੀ।
ਜਦੋਂ ਗੁਰੂ ਗੋਬਿੰਦ ਸਿੰਘ ਨੂੰ ਮਿਲਿਆ, ਮਾਧੋਦਾਸ ਅੰਦਰਲੀ ਚੰਗਿਆੜੀ ਭਾਂਬੜ ਬਣ ਗਈ। ਪੰਜਾਬ ਵਿਚ ਕੀ ਕੀ ਵਾਪਰਿਆ, ਗੁਰੂ ਜੀ ਨੇ ਦੱਸਿਆ। ਜਿਹੜਾ ਇਨਸਾਫ ਪੰਜਾਬ ਨਾਲ ਬਹਾਦਰ ਸ਼ਾਹ ਨਹੀਂ ਕਰ ਸਕਿਆ, ਮਾਧੋ ਦਾਸ ਕਰੇਗਾ।ਅੰਮ੍ਰਿਤ ਛਕ ਕੇ ਮਾਧੋਦਾਸ, ਗੁਰਬਖ਼ਸ਼ ਸਿੰਘ ਹੋ ਗਿਆ, ਗੁਰੂ ਤੋਂ ਬਖ਼ਸ਼ਿਸ਼ ਪ੍ਰਾਪਤ ਸਿੰਘ। ਇਤਿਹਾਸਕਾਰਾਂ ਨੇ ਕਿਤੇ ਉਸ ਨੂੰ ਬੰਦਾ ਲਿਖਿਆ, ਕਿਤੇ ਬੰਦਾ ਬੈਰਾਗੀ, ਕਿਤੇ ਬੰਦਾ ਸਿੰਘ ਬਹਾਦਰ।
ਗੁਰੂ ਜੀ ਨੇ ਉਸ ਨੂੰ ਇਕ ਕਿਰਪਾਨ, ਪੰਜ ਤੀਰ, ਭਰੋਸੇਯੋਗ ਸਾਥੀ, ਇਕ ਹੁਕਮਨਾਮਾ ਤੇ ਇਕ ਹਦਾਇਤ ਦਿੱਤੀ। ਇਤਿਹਾਸਕਾਰ ਜੇ.ਐਸ਼ ਗਰੇਵਾਲ ਅਨੁਸਾਰ, ਹਦਾਇਤ ਸੀ: ਜ਼ਾਲਮ ਹਕੂਮਤ ਵਿਰੁਧ ਪੰਜਾਬ ਦੀ ਅਗਵਾਈ ਕਰੋ। ਹੁਕਮਨਾਮੇ ਵਿਚ ਪੰਜਾਬ ਦੇ ਸਿੱਖਾਂ ਨੂੰ ਬੰਦਾ ਸਿੰਘ ਦੀ ਮਦਦ ਕਰਨ ਲਈ ਕਿਹਾ ਗਿਆ। ਗੁਰੂ ਜੀ ਨੇ ਇਹ ਵੀ ਕਿਹਾ ਕਿ ਤੁਸੀਂ ਸਭ ਨੂੰ ਬਰਾਬਰ ਜਾਣਨਾ, ਆਪਣੇ ਆਪ ਨੂੰ ਬਾਕੀਆਂ ਤੋਂ ਉਤਮ ਨਹੀਂ ਸਮਝਣਾ ਤੇ ਆਪਣਾ ਕੋਈ ਵੱਖਰਾ ਫਿਰਕਾ ਨਹੀਂ ਬੰਨ੍ਹਣਾ।
ਗੁਰੂ ਜੀ ਨੇ ਬੰਦਾ ਸਿੰਘ ਨਾਲ ਤਿੰਨ ਸਿੱਖ ਹੋਰ ਤੋਰਦਿਆਂ ਕਿਹਾ ਕਿ ਫੌਜਾਂ ਦਾ ਇੰਤਜ਼ਾਰ ਕਰੋ (ਜੋ ਗੁਰੂ ਜੀ ਭੇਜਣਗੇ), ਫਿਰ ਸਰਹਿੰਦ ਉਪਰ ਚੜ੍ਹਾਈ ਕਰਕੇ ਵਜ਼ੀਰ ਖ਼ਾਨ ਨੂੰ ਗ੍ਰਿ੍ਰਫਤਾਰ ਕਰੋ, ਖ਼ੁਦ ਸਜ਼ਾ ਦੇਵੋ। ਪਹਾੜੀ ਰਾਜਿਆਂ ਨਾਲ ਬਾਅਦ ਵਿਚ ਸਿੱਝਾਂਗੇ। ਗੁਰੂ ਜੀ ਬਾਅਦ ਵਿਚ ਆ ਮਿਲਣਗੇ।ਨਾਂਦੇੜ ਵਿਖੇ ਬਾਦਸ਼ਾਹ ਨਾਲੋਂ ਵੱਖ ਹੋ ਕੇ ਖ਼ੁਦ ਪੰਜਾਬ ਮਸਲਾ ਹੱਲ ਕਰਨ ਦਾ ਫੈਸਲਾ ਨਾਂਦੇੜ ਜਾ ਕੇ ਕੀਤਾ ਗਿਆ ਕਿ ਪਹਿਲਾਂ ਦਾ ਸੀ? ਸਿੱਖ ਪਰੰਪਰਾ ਅਨੁਸਾਰ ਪਹਿਲੋਂ ਹੀ ਇਹ ਫੈਸਲਾ ਕੀਤਾ ਜਾ ਚੁੱਕਾ ਸੀ।
ਥੋੜ੍ਹੇ ਦਿਨਾਂ ਬਾਅਦ ਨਾਂਦੇੜ ਜਮਸ਼ੀਦ ਖ਼ਾਨ ਨਾਮ ਦੇ ਪਠਾਣ ਨੇ ਗੁਰੂ ਜੀ ਉਪਰ ਛੁਰੇ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਹਮਲਾਵਰ ਵਜ਼ੀਰ ਖ਼ਾਂ ਜਾਂ ਕਿਸੇ ਹੋਰ ਮੁਗਲ ਅਫਸਰ ਨੇ ਭੇਜਿਆ ਸੀ। ਦੱਖਣ ਵਿਚ ਬਾਦਸ਼ਾਹ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਸਨੇ ਆਪਣੇ ਸਰਜਨਾਂ ਦੀ ਟੀਮ ਭੇਜੀ ਜਿਸ ਵਿਚ ਅੰਗਰੇਜ਼ ਡਾਕਟਰ ਵੀ ਸੀ। 7 ਅਕਤੂਬਰ 1708 ਨੂੰ 42 ਸਾਲ ਸਾਲ ਦੀ ਉਮਰ ਵਿਚ ਗੁਰੂ ਜੀ ਦਾ ਦੇਹਾਂਤ ਹੋਇਆ।
ਹਮਲੇ ਪਿਛੋਂ ਗੁਰੂ ਜੀ ਕਈ ਦਿਨ ਜੀਵਤ ਰਹੇ ਅਤੇ ਪੂਰਬਲੀ ਪਰੰਪਰਾ ਅਨੁਸਾਰ ਆਪਣਾ ਉਤਰਾਧਿਕਾਰੀ ਥਾਪ ਸਕਦੇ ਸਨ। ਉਨ੍ਹਾਂ ਅਜਿਹਾ ਨਹੀਂ ਕੀਤਾ। ਉਨ੍ਹਾਂ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਕਿਹਾ- ਹਮੇਸ਼ਾ ਗ੍ਰੰਥ ਤੁਹਾਡਾ ਗੁਰੂ ਰਹੇਗਾ, ਖ਼ਾਲਸਾ ਪੰਥ ਤੁਹਾਡਾ ਗੁਰੂ ਹੋਵੇਗਾ।ਇਸ ਐਲਾਨ ਦਾ ਅਰਥ ਸੀ, ਬਹੁਤ ਗੁਣ ਹੋਣ ਦੇ ਬਾਵਜੂਦ ਬੰਦਾ ਸਿੰਘ ਗੁਰੂ ਨਹੀਂ ਹੋਏਗਾ। ਸਾਲ 1709 ਦੇ ਸ਼ੁਰੂ ਵਿਚ ਬੰਦਾ ਸਿੰਘ ਨੇ ਪੰਜਾਬ ਵੱਲ ਕੂਚ ਕੀਤਾ ਤਾਂ ਕਿ ਗੁਰੂ ਜੀ ਵਲੋਂ ਲਾਈ ਡਿਊਟੀ ਨਿਭਾ ਸਕੇ।
ਜਿਸ ਸਮੇਂ ਬੰਦਾ ਸਿੰਘ ਨੇ ਪੰਜਾਬ ਦਾ ਰੁਖ ਕੀਤਾ, ਉਨ੍ਹਾਂ ਹੀ ਦਿਨਾਂ ਵਿਚ ਬਹਾਦਰ ਸ਼ਾਹ ਦੀ ਟੱਕਰ ਕਾਮਬਖ਼ਸ਼ ਨਾਲ ਹੋਈ ਜਿਸ ਵਿਚ ਬਹਾਦਰ ਸ਼ਾਹ ਜਿੱਤ ਗਿਆ। ਜ਼ਖ਼ਮੀ ਕਾਮਬਖ਼ਸ਼ ਨੂੰ ਬਹਾਦਰ ਸ਼ਾਹ ਦੇ ਦਰਬਾਰ ਵਿਚ ਪੇਸ਼ ਕੀਤਾ ਗਿਆ। ਵੱਡੇ ਭਰਾ ਨੇ ਕਾਮਬਖ਼ਸ਼ ਨੂੰ ਹਮਦਰਦੀ ਨਾਲ ਕਿਹਾ- ਮੈਂ ਤੈਨੂੰ ਇਸ ਹਾਲਤ ਵਿਚ ਨਹੀਂ ਦੇਖਣਾ ਚਾਹੁੰਦਾ ਸਾਂ। ਕਾਮਬਖ਼ਸ਼ ਨੇ ਤਾਜਦਾਰ ਭਰਾ ਵੱਲ ਦੇਖਦਿਆਂ ਕਿਹਾ- ਮੈਂ ਵੀ ਤੈਨੂੰ ਇਸ ਹਾਲਤ ਵਿਚ ਨਹੀਂ ਦੇਖਣਾ ਚਾਹੁੰਦਾ ਸਾਂ। ਕਾਮਬਖ਼ਸ਼ ਦੀ ਜਲਦੀ ਮੌਤ ਹੋ ਗਈ।
ਬਹਾਦਰ ਸ਼ਾਹ ਅਜੇ ਦੱਖਣ ਵਿਚ ਮਸਲਿਆਂ ਦੇ ਰੂ-ਬ-ਰੂ ਸੀ ਕਿ ਸਤਲੁਜ ਦੇ ਪੂਰਬ ਵੱਲ ਚੁਪ-ਚਪੀਤੇ ਬੰਦਾ ਸਿਘ ਨੇ ਬਾਜ਼ ਵਾਂਗ ਝਪਟੀ ਮਾਰੀ। ਸਿੱਖ ਕਿਸਾਨੀ ਉਸਦੀ ਸੈਨਾ ਵਿਚ ਭਰਤੀ ਹੋਣ ਲੱਗੀ। ਖ਼ਰਚੇ ਚਲਾਉਣ ਵਾਸਤੇ ਸੋਨੀਪਤ ਅਤੇ ਕੈਥਲ ਦੇ ਸਰਕਾਰੀ ਖ਼ਜ਼ਾਨੇ ਲੁੱਟ ਲਏ। ਖਾਫੀ ਖ਼ਾਨ ਲਿਖਦਾ ਹੈ- ਦੋ ਤਿੰਨ ਮਹੀਨਿਆਂ ਅੰਦਰ ਹੀ ਪੰਜ ਹਜ਼ਾਰ ਘੋੜ ਸਵਾਰ ਅਤੇ ਅੱਠ ਹਜ਼ਾਰ ਪੈਦਲ ਸਿਪਾਹੀ ਹੋ ਗਏ। ਹਰ ਰੋਜ਼ ਗਿਣਤੀ ਵਧ ਰਹੀ ਸੀ, ਧਨ ਵਧਣ ਲੱਗਾ। ਛੇਤੀ ਹੀ ਗਿਣਤੀ 19 ਹਜ਼ਾਰ ਹੋਣ ‘ਤੇ ਲੁੱਟਮਾਰ ਵਧ ਗਈ।
ਬੰਦਾ ਸਿਘ ਦੀ ਫੁਰਤੀ ਹੈਰਾਨੀਜਨਕ ਸੀ, ਹਾਲਾਤ ਵੀ ਸਾਜ਼ਗਾਰ ਸਨ। ਵੱਡੇ ਜ਼ਿਮੀਂਦਾਰਾਂ ਨੇ ਮੁਜਾਰਿਆਂ ਨੂੰ ਨਚੋੜ ਲਿਆ ਸੀ। ਹਿੰਦੂ ਸਿੱਖ ਜੱਟ ਕਿਸੇ ਬਦਲਵੀਂ ਲੀਡਰਸ਼ਿਪ ਦੀ ਤਲਾਸ਼ ਵਿਚ ਸਨ, ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਪਰ ਕੇ ਹਟੀ ਸੀ। ਧਨੀ ਜੱਟ ਸਿੱਖਾਂ ਨੇ ਘੋੜੇ ਦਿੱਤੇ, ਪੈਸੇ ਦਿੱਤੇ।ਪੰਜਾਬ ਦੇ ਮੁਸਲਮਾਨ ਜ਼ਿਮੀਂਦਾਰਾਂ ਨੂੰ ਕੇਂਦਰੀ ਹਕੂਮਤ ਦਾ ਡਰ ਨਾ ਰਿਹਾ। ਸਰਕਾਰ ਦਾ ਭਵਿਖ ਬੇਯਕੀਨੀ ਵਾਲਾ ਸੀ। ਸਿੱਖ ਫੌਜਾਂ ਵਿਰੁਧ ਅਫਸਰਾਂ ਦੀ ਮਦਦ ਕਰਨੀ ਖ਼ਤਰਨਾਕ ਸੀ। ਇਕ ਹੋਰ ਤੱਥ ਬੰਦਾ ਸਿੰਘ ਦੇ ਕੰਮ ਆਇਆ। ਮਨਸਬਦਾਰਾਂ ਨੇ ਮਹੀਨਿਆਂ ਤੋਂ ਆਪਣੇ ਸਿਪਾਹੀਆਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਸਨ, ਉਹ ਥਾਂ-ਥਾਂ ਭਰਤੀ ਹੋਣ ਲਈ ਨੌਕਰੀ ਲੱਭਦੇ ਫਿਰਦੇ ਸਨ। ਇਹ ਬੰਦੇ ਸਿੱਖ ਫੌਜ ਲਈ ਕੰਮ ਨੂੰ ਤਿਆਰ ਸਨ।
ਦੇਸ ਦੀ ਰਾਜਧਾਨੀ ਕਮਜ਼ੋਰ ਪੈ ਗਈ ਜਿਸਦਾ ਬੰਦਾ ਸਿੰਘ ਨੇ ਪੂਰਾ ਫਾਇਦਾ ਉਠਾਇਆ। ਅਫਸਰਸ਼ਾਹੀ ਇਸ ਗੱਲੋਂ ਖ਼ੁਸ਼ ਸੀ ਕਿ ਬਹਾਦਰ ਸ਼ਾਹ ਆਪਣੇ ਪਿਤਾ ਵਾਂਗ ਸਖ਼ਤ ਨਹੀਂ ਸੀ ਪਰ ਇਸ ਗੱਲ ਦਾ ਵੀ ਸਭ ਨੂੰ ਪਤਾ ਸੀ, ਉਹ ਕਮਜ਼ੋਰ ਹੈ, ਪੰਜਾਬ ਅਤੇ ਦਿੱਲੀ ਤੋਂ ਬਹੁਤ ਦੂਰ ਦੱਖਣ ਵਿਚ ਉਲਝਿਆ ਹੋਇਆ ਹੈ। ਸਰਹਿੰਦ ਤੇ ਲਾਹੌਰ ਸਰਕਾਰਾਂ ਜਦੋਂ ਦੇਖ ਰਹੀਆਂ ਸਨ ਕਿ ਬੰਦਾ ਸਿੰਘ ਫੌਜਾਂ ਇਕੱਠੀਆਂ ਕਰ ਰਿਹਾ ਹੈ, ਚੁੱਪ-ਚਾਪ ਦੇਖਦੀਆਂ ਰਹੀਆਂ, ਸ਼ੁਰੂ ਵਿਚ ਹੀ ਕਿਉਂ ਐਕਸ਼ਨ ਨਾ ਲਿਆ?
180 ਸਾਲ ਪਹਿਲਾਂ ਬਾਬਰ ਨੇ ਜਿਹੜੀ ਮਜ਼ਬੂਤ ਹਕੂਮਤ ਕਾਇਮ ਕੀਤੀ, ਉਹ ਮੁਲਾਜ਼ਮਾਂ ਅਤੇ ਦੁਸ਼ਮਣਾਂ ਨੂੰ ਡਗਮਗਾਉਂਦੀ ਦਿਸੀ। ਔਰੰਗਜ਼ੇਬ ਦੀ ਮੌਤ ਬਾਅਦ ਸੱਤਾ ਦਾ ਪੈਂਡਲੂਮ ਕਦੀ ਇਧਰ ਹੋ ਜਾਂਦਾ, ਕਦੀ ਉਧਰ। ਸੰਜਮ ਦੀ ਥਾਂ ਫਜ਼ੂਲ ਖਰਚੀ ਤੇ ਹਕੂਮਤ ਤੋਂ ਡਰ ਦੀ ਥਾਂ ਆਪਹੁਦਰਾਪਣ ਪਸਰ ਗਿਆ।
ਨਵੰਬਰ 1709 ਵਿਚ ਜਦੋਂ ਦਿੱਲੀ ਅਤੇ ਆਗਰੇ ਦੇ ਮਨਸਬਦਾਰ ਸ਼ਰਾਬ ਦੇ ਜਾਮ ਛਲਕਾ ਰਹੇ ਸਨ, ਨਾਚ ਗਾਣਾ ਦੇਖ ਸੁਣ ਰਹੇ ਸਨ ਤਾਂ ਬੰਦਾ ਸਿੰਘ ਸਮਾਣੇ ਸ਼ਹਿਰ ਉਪਰ ਜਾ ਗੱਜਿਆ। ਸਰਹਿੰਦ ਸਰਕਾਰ ਬਚਾਉਣ ਨਾ ਆਈ। ਇਸ ਸ਼ਹਿਰ ਦਾ ਕਸੂਰ ਇਹ ਸੀ ਕਿ 34 ਸਾਲ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਵਾਲਾ ਜਲਾਦ ਇਥੇ ਰਹਿੰਦਾ ਸੀ। ਲਗਭਗ ਦਸ ਹਜ਼ਾਰ ਮੁਸਲਮਾਨ ਕਤਲ ਹੋਏ, ਵੱਡਾ ਖ਼ਜ਼ਾਨਾ ਹੱਥ ਲੱਗਾ।
ਕਈ ਪਿੰਡ ਅਤੇ ਸ਼ਹਿਰ ਥੇਹ ਕਰ ਦਿੱਤੇ। ਪੀਰ ਬੁੱਧੂ ਸ਼ਾਹ ਜਿਸ ਨੇ ਭੰਗਾਣੀ ਦੇ ਯੁੱਧ ਵਿਚ ਗੁਰੂ ਜੀ ਦੀ ਸਹਾਇਤਾ ਕੀਤੀ, ਸਢੌਰੇ ਦਾ ਸੀ। ਹਾਕਮ ਉਸਮਾਨ ਖ਼ਾਨ ਨੇ ਉਸ ਨੂੰ ਇਸ ਗੁਨਾਹ ਕਾਰਨ ਕਤਲ ਕਰਵਾ ਦਿੱਤਾ। ਉਸਨੂੰ ਸਜ਼ਾ ਦੇਣ ਲਈ ਸਢੌਰੇ ‘ਤੇ ਹੱਲਾ ਕਰ ਦਿੱਤਾ, ਤਬਾਹੀ ਮਚਾ ਦਿੱਤੀ। ਖ਼ਾਫੀ ਖ਼ਾਨ ਲਿਖਦਾ ਹੈ- ਇਸ ਕਾਫਰ ਦੀ ਫੌਜ ਵਿਚ ਤੀਹ ਤੋਂ ਚਾਲੀ ਹਜ਼ਾਰ ਸਿਪਾਹੀ ਹਨ। ਬੰਦਾ ਸਰਕਾਰੀ ਅਫਸਰਾਂ ਨੂੰ ਆਤਮ ਸਮਰਪਣ ਕਰਨ ਲਈ ਕਹਿ ਰਿਹਾ ਹੈ।
ਕਿੰਨਿਆਂ ਨੇ ਆਤਮ ਸਮਰਪਣ ਕੀਤਾ, ਪਤਾ ਨਹੀਂ। ਜਿਸ ਗੱਲ ਦਾ ਪਤਾ ਹੈ, ਉਹ ਇਹ ਕਿ ਦਿੱਲੀ ਵਲੋਂ ਕੋਈ ਮਦਦ ਨਾ ਬਹੁੜੀ। ਫੌਜਦਾਰ ਵਜ਼ੀਰ ਖ਼ਾਨ ਸਰਹਿੰਦ ਵਿਚ ਸੀ। ਖਤਰਾ ਭਾਂਖਦਿਆਂ ਉਸਨੇ ਮਾਲੇਰਕੋਟਲੇ ਦੇ ਪਖਤੂਨ ਨਵਾਬ ਤੋਂ ਮਦਦ ਮੰਗੀ।ਦਿੱਲੀ ਤੋਂ ਲਾਹੌਰ ਜਾਂਦਿਆਂ ਵਿਚਕਾਰ ਸਰਹਿੰਦ ਹੈ ਜਿਥੇ ਸ਼ਾਨਦਾਰ ਕੋਠੀਆਂ ਅਤੇ ਬਾਗ ਹਨ। ਛੀਂਟ ਅਤੇ ਲਾਲ ਮਖਮਲ ਬਣਾਉਣ ਦੇ ਉਦਯੋਗ ਹਨ। ਵਿਦੇਸ਼ਾਂ ਤੋਂ ਲੋਕ ਮਾਲ ਅਸਬਾਬ ਖ਼ਰੀਦਣ ਆਉਂਦੇ ਹਨ।
ਮਈ 1710, ਸ਼ਹਿਰ ਤੋਂ ਹਟਵੇਂ ਪਾਸੇ ਵਜ਼ੀਰ ਖ਼ਾਨ ਅਤੇ ਬੰਦਾ ਸਿੰਘ ਦੀਆਂ ਫੌਜਾਂ ਟੱਕਰੀਆਂ। ਬੰਦਾ ਸਿੰਘ ਦੀ ਜਿੱਤ ਹੋਈ। ਵਜ਼ੀਰ ਖ਼ਾਨ ਮਾਰਿਆ ਗਿਆ। ਬੇਸ਼ੁਮਾਰ ਮੌਤ ਹੋਈਆਂ। ਸ਼ਹਿਰ ਮਿੱਟੀ ਨਾਲ ਮਿਲਾ ਦਿੱਤਾ। ਕੋਈ ਮੁਸਲਮਾਨ ਜ਼ਿੰਦਾ ਨਾ ਬਚਿਆ।ਬ੍ਰਿਟਿਸ਼ ਲੇਖਕ ਜਾਨ ਮੈਲਕਮ ਨੇ ਸ਼ਹਿਰ ਦੀ ਤਬਾਹੀ ਦੇਖ ਕੇ ਲਿਖਿਆ- ਸਰਹਿੰਦ ਵਾਸੀਆਂ ਉਪਰ ਪੂਰਾ ਕਹਿਰ ਢਾਹਿਆ ਗਿਆ।
ਮੁਸਲਮਾਨ ਅਫਸਰ ਦਫਤਰ ਖਾਲੀ ਕਰ ਗਏ ਜਿਨ੍ਹਾਂ ਉਪਰ ਬੰਦਾ ਸਿੰਘ ਨੇ ਨਿਯੁਕਤੀਆਂ ਕੀਤੀਆਂ। ਇਨ੍ਹਾਂ ਵਿਚੋਂ ਬਹੁਤੇ ਅਖੌਤੀ ਛੋਟੀਆਂ ਜਾਤਾਂ ਵਿਚੋਂ ਸਨ। ਭਾਵੇਂ ਸਫਾਈ ਸੇਵਕ ਜਾਂ ਚਮੜੇ ਦਾ ਕੰਮ ਕਰਨ ਵਾਲਾ ਬੰਦਾ ਉਸਦੀ ਫੌਜ ਵਿਚ ਭਰਤੀ ਹੋ ਜਾਵੇ ਤਾਂ ਜਦੋਂ ਆਪਣੇ ਪਿੰਡ ਆਏਗਾ, ਉਸ ਕੋਲ ਪਿੰਡ ਉਪਰ ਹਕੂਮਤ ਕਰਨ ਦਾ ਫਰਮਾਨ ਹੋਵੇਗਾ। ਵੱਡੇ ਖੱਬੀ ਖ਼ਾਨ ਉਸ ਦਾ ਸਵਾਗਤ ਕਰਨਗੇ ਅਤੇ ਹੱਥ ਬੰਨ੍ਹੀਂ ਖਲੋਤੇ ਉਸਦੇ ਹੁਕਮ ਦਾ ਇੰਤਜ਼ਾਰ ਕਰਨਗੇ।ਸਤਲੁਜ ਅਤੇ ਜਮਨਾ ਦਾ ਵੱਡਾ ਇਲਾਕਾ ਜਿੱਤ ਚੁੱਕਾ ਸੀ ਪਰ ਉਹ ਟਿਕਣ ਵਾਲਾ ਕਿਥੇ ਸੀ? ਖ਼ਬਰ ਮਿਲੀ ਕਿ ਜਮਨਾ ਪਾਰ ਮੁਸਲਮਾਨ ਹਿੰਦੂਆਂ ਨੂੰ ਤੰਗ ਕਰ ਰਹੇ ਹਨ, ਜੁਲਾਈ 1710 ਵਿਚ ਸਹਾਰਨਪੁਰ ਅਤੇ ਆਸ ਪਾਸ ਦੇ ਇਲਾਕੇ ਜਿੱਤ ਲਏ।
ਇਸ ਉਪਰੰਤ ਬਿਸਤ ਦੁਆਬ (ਜਲੰਧਰ) ਵੱਲ ਵਧਿਆ। ਰਾਹੋਂ, ਜਲੰਧਰ, ਬਟਾਲਾ ਅਤੇ ਪਠਾਨਕੋਟ ਉਤੇ ਕਬਜ਼ਾ ਹੋ ਗਿਆ। ਜਿਥੇ ਜਿਥੇ ਕਾਬਜ਼ ਹੁੰਦਾ, ਵੱਡੇ ਜ਼ਿਮੀਂਦਾਰਾਂ ਤੋਂ ਜ਼ਮੀਨਾਂ ਖੋਹ ਕੇ ਮੁਜਾਰਿਆਂ ਨੂੰ ਮਾਲਕ ਬਣਾ ਦਿੰਦਾ। ਵੱਡੀਆਂ ਜਗੀਰਾਂ ਦੇ ਟੋਟੇ ਹਿੰਦੂ ਸਿੱਖ ਕਾਸ਼ਤਾਕਾਰਾਂ ਵਿਚ ਵੰਡ ਦਿੱਤੇ। ਪੂਰਬੀ ਪੰਜਾਬ ਵਿਚ ਅਰਾਈਆਂ ਤੋਂ ਜ਼ਮੀਨ ਖੋਹੀ। ਇਹ ਬਾਗਬਾਨੀ ਦਾ ਕੰਮ ਕਰਦੇ ਸਨ। ਇਨ੍ਹਾਂ ਦੀਆਂ ਜ਼ਮੀਨਾਂ ਜੱਟਾਂ ਨੂੰ ਦੇ ਦਿੱਤੀਆਂ ਜੋ ਹਿੰਦੂਆਂ ਵਿਚੋਂ ਸਿੱਖ ਬਣੇ ਸਨ।
ਰਸਤੇ ਵਿਚ ਕੋਈ ਨਾ ਰੋਕ ਸਕਿਆ ਤਾਂ ਲਾਹੌਰ ਦੇ ਦਰਵਾਜ਼ੇ ਤੱਕ ਪੁੱਜ ਗਿਆ ਪਰ ਲਾਹੌਰ ਵਿਚ ਦਾਖ਼ਲ ਨਹੀਂ ਹੋ ਸਕਿਆ। ਲਾਹੌਰ ਅਜੇ ਬਲਵਾਨ ਸੀ। ਮੁਖਲਿਸਪੁਰ ਦਾ ਸ਼ਾਹੀ ਕਿਲ੍ਹਾ ਕਾਬੂ ਕਰ ਲਿਆ ਜੋ ਆਨੰਦਪੁਰ ਲਾਗੇ ਸੀ। ਹੁਣ ਉਸਨੇ ਪਹਾੜੀਆਂ ਵੱਲ ਧਿਆਨ ਦੇਣਾ ਸੀ।
ਉਸਨੇ ਰਾਜਧਾਨੀ ਲੋਹਗੜ੍ਹ ਰੱਖੀ, ਲੋਹੇ ਦਾ ਕਿਲ੍ਹਾ। ਇਥੇ ਸਿੱਕਾ ਜਾਰੀ ਕੀਤਾ, ਸਰਹਿੰਦ ਫਤਿਹ ਦੀ ਤਰੀਕ ਉਕਰੀ। ਸਿੱਕਾ ਅਤੇ ਮੋਹਰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੇ ਨਾਮ ਸੀ। ਪਹਾੜੀ ਰਾਜੇ ਦੀ ਧੀ ਨਾਲ ਵਿਆਹ ਕਰਵਾਇਆ। ਜਿਨ੍ਹਾਂ ਰਾਜਿਆਂ ਨੇ ਗੁਰੂ ਜੀ ਵਿਰੁਧ ਮੁਗਲਾਂ ਦਾ ਸਾਥ ਦਿੱਤਾ, ਉਨ੍ਹਾਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ। ਮੁਗਲ ਹਕੂਮਤ ਕਮਜ਼ੋਰ ਦੇਖ ਕੇ ਉਹ ਬੰਦਾ ਸਿੰਘ ਨੂੰ ਹਮਾਇਤ ਦੇਣ ਲੱਗ ਪਏ। ਉਨ੍ਹਾਂ ਨੂੰ ਇਹ ਲੱਗਣ ਲੱਗਾ ਹੋਵੇਗਾ ਕਿ ਸਾਡੇ ਵਾਂਗ ਇਹ ਸਾਡਾ ਰਾਜਪੂਤ ਭਰਾ ਹੈ।
ਇਥੇ ਕੁਝ ਸਵਾਲ ਹਨ। ਗੁਰੂ ਦੇ ਹੁਕਮ ਦੀ ਅਵੱਗਿਆ ਕਰਕੇ ਕੀ ਬੰਦਾ ਸਿੰਘ ਨੇ ਆਪਣੇ ਆਪ ਨੂੰ ਬਾਦਸ਼ਾਹ ਅਖਵਾਇਆ? ਪੰਜਾਬ ਕੇਵਲ ਖ਼ਤਰਨਾਕ ਨਹੀਂ ਸੀ, ਜਜ਼ਬਾਤੀ ਵੀ ਸੀ। ਨੀਵੀਆਂ ਜਾਤਾਂ ਦੇ ਬੰਦਿਆਂ ਨੂੰ ਸਨਮਾਨ ਮਿਲਿਆ, ਉਹ ਬੰਦਾ ਸਿੰਘ ਦੀ ਪੂਜਾ ਕਰਨ ਲੱਗੇ। ਖੱਬੀ ਖਾਨ ਉਸ ਤੋਂ ਡਰਨ ਲੱਗੇ। ਮੁਗਲ ਸ਼ਾਸਕ ਨੱਠ-ਭੱਜ ਗਏ। ਇਨ੍ਹਾਂ ਹਾਲਾਤ ਵਿਚ ਉਸ ਨੂੰ ਇਹ ਅਹਿਸਾਸ ਹੋ ਸਕਦਾ ਹੈ ਕਿ ਜਿੰਨੀ ਉਹ ਸਮਝਦਾ ਸੀ, ਕਿਸਮਤ ਉਸ ਤੋਂ ਕਿਤੇ ਵਧੀਕ ਬਿਹਤਰ ਹੈ।
ਜਾਂ ਕੀ ਅਜਿਹਾ ਕੁਝ ਸੀ ਕਿ ਉਹ ਨਿੱਜੀ ਗਰਜ਼ਾਂ ਵਲੋਂ ਲਾਪ੍ਰਵਾਹ ਸੀ ਤੇ ਸਿੱਖ ਵਜੋਂ ਹੀ ਵਿਚਰਦਾ ਸੀ? ਕੀ ਉਸ ਨੂੰ ਭਵਿਖ ਵਿਚ ਕੋਈ ਸਥਾਈ ਸਿੱਖ ਸਟੇਟ ਦਿਸਦੀ ਸੀ? ਕੀ ਲੱਗਦਾ ਸੀ, ਮੁਗਲ ਰਾਜ ਹਮੇਸ਼ਾ ਲਈ ਖ਼ਤਮ ਹੋ ਜਾਵੇਗਾ? ਪਤਾ ਨਹੀਂ ਲੱਗਦਾ। ਉਸ ਨੇ ਰਾਜਸਥਾਨ ਦੇ ਰਾਜਪੂਤਾਂ ਦੀ ਮਦਦ ਲੈ ਕੇ ਮੁਗਲਾਂ ਵਿਰੁਧ ਧਰਮ ਯੁੱਧ ਲੜਨਾ ਚਾਹਿਆ ਸੀ ਪਰ ਉਨ੍ਹਾਂ ਨੇ ਸਾਥ ਨਹੀਂ ਦਿੱਤਾ।
ਦਸੰਬਰ 1710 ਵਿਚ 66 ਸਾਲ ਦਾ ਬਾਦਸ਼ਾਹ ਬਹਾਦਰ ਸ਼ਾਹ ਖ਼ੁਦ ਉਸ ਵਿਰੁਧ ਜੰਗ ਲੜਨ ਲਈ ਆਇਆ। ਦੱਖਣ ਤੋਂ ਦਿੱਲੀ ਆ ਕੇ ਆਰਾਮ ਕਰਨ ਲਈ ਉਹ ਰੁਕਿਆ ਨਹੀਂ। ਪੰਜਾਬ, ਲੋਹਗੜ੍ਹ ਵੱਲ ਧਾਈ ਕੀਤੀ। ਖਾਫੀ ਖ਼ਾਨ ਲਿਖਦਾ ਹੈ- ਬੰਦਾ ਸਿੰਘ ਦੀ ਫੌਜ ਦੇ ਲਿਬਾਸ ਮੰਗਤਿਆਂ ਵਰਗੇ ਸਨ, ਸ਼ਾਹੀ ਸੈਨਾ ਉਪਰ ਜਾਨਵਰਾਂ ਵਾਂਗ ਟੁੱਟ ਕੇ ਪੈ ਜਾਂਦੇ, ਚਾਰੇ ਪਾਸੇ ਖੌਫਜ਼ਨੀ ਕਾਰਨ ਹਫੜਾ-ਦਫੜੀ ਮਚ ਜਾਂਦੀ। ਜਦੋਂ ਸੈਨਾ ਅਤੇ ਧਨ ਘਟ ਗਏ, ਉਹ ਬਾਰੀ ਦੁਆਬ ਵੱਲ ਖਿਸਕ ਗਿਆ।
ਬਾਦਸ਼ਾਹ ਦੀ ਮੁਹਿੰਮ ਜਾਰੀ ਰਹੀ ਪਰ ਬੰਦਾ ਸਿੰਘ ਹੱਥ ਨਾ ਆਇਆ। ਕਈ ਵਾਰ ਅਚਨਚੇਤ ਕਿਸੇ ਪਾਸਿਓਂ ਹਮਲਾ ਕਰਦਾ। ਵੱਢ-ਟੁਕ ਕੇ ਦੌੜ ਜਾਂਦਾ। ਬੰਦਾ ਸਿੰਘ ਨੂੰ ਕਾਬੂ ਕਰਨ ਲਈ ਐਲਾਨ ਕਰ ਦਿੱਤਾ ਕਿ ਹੁਣ ਹਿੰਦੁਸਤਾਨ ਦੀ ਰਾਜਧਾਨੀ ਲਾਹੌਰ ਹੈ। ਬੰਦਾ ਸਿੰਘ ਆਪਣੇ ਸਾਥੀਆਂ ਸਮੇਤ ਪਹਾੜੀਆਂ ਵਿਚ ਚਲਾ ਗਿਆ।
ਬੰਦਾ ਸਿੰਘ ਨੂੰ ਫੜਨ ਵਾਸਤੇ ਕੋਈ ਜਰਨੈਲ ਭੇਜਿਆ, ਖਾਲੀ ਹੱਥ ਪਰਤ ਆਇਆ ਤਾਂ ਬਾਦਸ਼ਾਹ ਨੇ ਹਤਾਸ਼ ਹੋ ਕੇ ਉਸ ਨੂੰ ਕਿਲ੍ਹੇ ਅੰਦਰ ਨਜ਼ਰਬੰਦੀ ਦੀ ਸਜ਼ਾ ਦਿੱਤੀ। ਲਾਹੌਰ ਸਿੱਖਾਂ ਦੇ ਦਾਖ਼ਲੇ ‘ਤੇ ਪਾਬੰਦੀ ਸੀ। ਰਾਤ ਨੂੰ ਰਾਵੀ ਪਾਰ ਕਰਕੇ ਉਹ ਸ਼ਹਿਰ ਦਾਖ਼ਲ ਹੁੰਦੇ ਤੇ ਦਿਨ ਚੜ੍ਹਨ ਤੋਂ ਪਹਿਲਾਂ ਪਰਤ ਆਉਂਦੇ।
ਸ਼ੀਆ ਫਿਰਕੇ ਨੂੰ ਬਾਦਸ਼ਾਹ ਨੇ ਸਤਿਕਾਰ ਦਿੱਤਾ ਤਾਂ ਸੁੰਨੀ ਕੁਝ ਔਖੇ ਹੋਏ। ਸ਼ੀਆ ਉਨ੍ਹਾਂ ਨੂੰ ਸ਼ਾਹ ਆਲਮ ਆਖਦੇ ਸਨ ਤੇ ਪਸੰਦ ਕਰਦੇ ਸਨ। ਹਿੰਦੂ ਖ਼ੁਸ਼ ਸਨ ਕਿ ਜਜ਼ੀਆ ਨਹੀਂ ਵਸੂਲ ਕੀਤਾ ਜਾਂਦਾ।ਲਤੀਫ ਅਨੁਸਾਰ-ਪੰਜਾਬ ਵਿਚ ਉਹ ਬਹੁਤ ਹਰਮਨ ਪਿਆਰਾ ਸੀ। ਬਹਾਦਰ ਸ਼ਾਹ ਦੀ ਮਾਂ ਬਾਈ ਬੇਗਮ ਪੰਜਾਬਣ, ਰਾਜੌਰੀ ਦੇ ਮੁਸਲਮਾਨ ਹਾਕਮ ਦੀ ਧੀ ਸੀ। ਫਰਵਰੀ 1712 ਲਾਹੌਰ ਵਿਚ ਹੀ ਬਾਦਸ਼ਾਹ ਦੀ ਮੌਤ ਹੋਈ। ਲਾਹੌਰ ਦੇ ਇਕ ਦਰਵਾਜ਼ੇ ਦਾ ਨਾਮ ਸ਼ਾਹ ਆਲਮ ਦਰਵਾਜ਼ਾ ਰੱਖਿਆ ਗਿਆ।(ਇਥੇ ਲਤੀਫ ਦਾ ਇਹ ਹਵਾਲਾ ਦਿੰਦਿਆਂ ਰਾਜਮੋਹਨ ਗਾਂਧੀ ਭੁਲੇਖਾ ਖਾ ਗਏ। ਬਾਦਸ਼ਾਹ ਦਾ ਦਿਮਾਗ਼ ਕੰਮ ਛੱਡਣ ਲੱਗਾ ਸੀ। ਉਸਨੇ ਹੁਕਮ ਦੇ ਦਿੱਤਾ ਕਿ ਲਾਹੌਰ ਦੇ ਸਾਰੇ ਕੁੱਤੇ ਅਤੇ ਗਧੇ ਮਾਰ ਦਿਉ। ਕੁੱਤਿਆਂ ਦਾ ਹਮਦਰਦ ਕੌਣ ਹੋਣਾ ਸੀ; ਘੁਮਿਆਰ ਅਰਜ਼ ਕਰਨ ਲੱਗੇ ਕਿ ਗਧਿਆਂ ਦੀ ਜਾਨ ਬਖ਼ਸ਼ ਦਿਉ। ਅਫਸਰਾਂ ਨੇ ਕਿਹਾ- ਸਰਕਾਰੀ ਹੁਕਮ ਹੈ, ਬਚਾਉਣੇ ਨੇ ਤਾਂ ਕਿਤੇ ਹੋਰ ਲੈ ਜਾਉ। ਘੁਮਿਆਰ ਗਧਿਆਂ ਸਮੇਤ ਕੂਚ ਕਰ ਗਏ। -ਅਨੁਵਾਦਕ)
ਗੱਦੀ ਪ੍ਰਾਪਤੀ ਲਈ ਸ਼ਹਿਜ਼ਾਦਿਆਂ, ਅਫਸਰਾਂ ਅਤੇ ਜਰਨੈਲਾਂ ਦਾ ਕਤਲੇਆਮ ਮੁੜ ਸ਼ੁਰੂ ਹੋ ਗਿਆ। ਇਸ ਜੰਗ ਦਾ ਇਕ ਹਿੱਸਾ ਲਾਹੌਰ ਵਿਚ ਲੜਿਆ ਗਿਆ। ਲੋਕ ਮੁਸੀਬਤ ਵਿਚ ਸਨ, ਉਲਝਣ ਵਿਚ ਸਨ। ਰਾਵੀ ਦੇ ਕੰਢਿਆਂ ਉਪਰ ਭਰਾ ਮਾਰੂ ਜੰਗ ਹੋਣ ਲੱਗੀ, ਬੰਦਾ ਸਿੰਘ ਬਾਰੇ ਭੁੱਲ-ਭੁਲਾ ਗਏ। ਉਸਨੇ ਲੋਹਗੜ੍ਹ ‘ਤੇ ਮੁੜ ਕਬਜ਼ਾ ਕਰ ਲਿਆ, ਜੰਮੂ ‘ਤੇ ਹਮਲਾ ਕਰਕੇ ਫੌਜਦਾਰ ਵਜ਼ੀਦ ਖ਼ਾਨ ਮਾਰ ਗਿਰਾਇਆ। ਸੁਲਤਾਨਪੁਰ ਤੇ ਜਲੰਧਰ ਦੁਆਬ ਦਾ ਹਾਕਮ ਸ਼ਮਸ ਖ਼ਾਨ ਮਾਰ ਦਿੱਤਾ।
ਬਹਾਦਰ ਸ਼ਾਹ ਦਾ ਇਕ ਬੇਟਾ ਜਹਾਂਦਾਰ ਸ਼ਾਹ ਦਿੱਲੀ ਗੱਦੀ ਹਾਸਲ ਕਰਨ ਵਿਚ ਕਾਮਯਾਬ ਹੋ ਗਿਆ ਪਰ ਉਸ ਉਪਰ ਇਲਜ਼ਾਮ ਲੱਗਾ ਕਿ ਇਹ ਬੇਸ਼ਰਮ, ਬਾਜ਼ਾਰ ਵਿਚ ਜਾਂਦੀਆਂ ਕੁੜੀਆਂ ਤੇ ਵਹੁਟੀਆਂ ਨੂੰ ਜ਼ਬਰਦਸਤੀ ਫੜ ਕੇ ਲੈ ਆਉਂਦਾ ਹੈ ਤੇ ਬੁਜ਼ਦਿਲ ਏਨਾ ਕਿ ਨੰਗੀ ਕਿਰਪਾਨ ਨਹੀਂ ਦੇਖ ਸਕਦਾ, ਡਰ ਜਾਂਦਾ ਹੈ। ਉਹ ਗਿਆਰਾਂ ਮਹੀਨੇ ਹਾਕਮ ਰਿਹਾ ਪਰ ਜਨਵਰੀ 1713 ਵਿਚ ਉਸਦੇ ਭਤੀਜੇ ਫਰੁਖਸੀਅਰ ਨੇ ਕਰਾਰੀ ਹਾਰ ਦੇ ਕੇ ਗੱਦੀਓਂ ਉਤਾਰ ਦਿੱਤਾ।
ਫਰੁਖਸੀਅਰ ਨੇ ਸਿੱਖਾਂ ਨੂੰ ਕੁਚਲਣ ਲਈ ਕਸ਼ਮੀਰ ਵਿਚ ਤਾਇਨਾਤ ਤੁਰਕ ਸੂਬੇਦਾਰ ਨੂੰ ਪੰਜਾਬ ਦੀ ਕਮਾਨ ਦੇ ਦਿੱਤੀ। ਇਸਤਾਕਤਵਰ ਜਰਨੈਲ ਨੇ ਇਕ ਵਾਰੀ 1713 ਵਿਚ ਬੰਦਾ ਸਿੰਘ ਨੂੰ ਸਰਹਿੰਦ ਸਰਕਾਰ ਵਿਚੋਂ ਖਦੇੜ ਦਿੱਤਾ ਪਰ ਉਹ ਯੋਧਾ ਅੱਪਰ ਬਾਰੀ ਦੁਆਬ ਵਿਚ ਪ੍ਰਗਟ ਹੋ ਗਿਆ ਜਿਥੇ ਹਜ਼ਾਰਾਂ ਸਿੱਖ ਨਵੇਂ ਭਰਤੀ ਹੋ ਗਏ। ਜੰਮੂ ਦੇ ਇਰਦ ਗਿਰਦ ਹਿੰਦੂ ਪਹਾੜੀ ਰਾਜਿਆਂ ਨੇ ਉਸਨੂੰ ਧਨ, ਘੋੜੇ ਅਤੇ ਹਥਿਆਰ ਦਿੱਤੇ।
ਮਾਰਚ 1715 ਤੱਕ ਝੜਪਾਂ ਤਾਂ ਹੋਈਆਂ ਪਰ ਬੰਦਾ ਸਿੰਘ ਹਾਰਿਆ ਨਹੀਂ। ਫਰੁਖਸੀਅਰ ਨੇ ਅਬਦੁਲ ਸਮਦ ਖਾਨ ਦੀ ਝਾੜ-ਝੰਬ ਵੀ ਕੀਤੀ, ਹੋਰ ਮਦਦ ਵੀ ਭੇਜੀ। ਪੰਜਾਬੀ ਜਾਗੀਰਦਾਰ ਮੁਸਲਮਾਨ ਵੀ ਮਦਦ ‘ਤੇ ਆ ਗਏ ਜਿਨ੍ਹਾਂ ਵਿਚ ਭੱਟੀ, ਖਰਲ, ਵੱਟੂ ਰਾਜਪੂਤ ਅਤੇ ਕਸੂਰ ਵਿਚ ਆਬਾਦ ਅਫਗਾਨ ਸਨ। ਅਰਾਈਆਂ ਨੇ ਸਰਕਾਰ ਦੀ ਮਦਦ ਕੀਤੀ। ਮੁਸਲਮਾਨ ਜੱਟ ਹੋ ਸਕਦਾ ਹੈ, ਬੰਦਾ ਸਿੰਘ ਦੇ ਹਮਦਰਦ ਹੋਣ।
ਗੁਰਦਾਸਪੁਰ ਤੋਂ ਚਾਰ ਮੀਲ ਦੂਰ ਗੁਰਦਾਸ ਨੰਗਲ ਦੇ ਕਿਲ੍ਹੇ ਵਿਚ ਬੰਦਾ ਸਿੰਘ ਘਿਰ ਗਿਆ। ਇਹ ਘੇਰਾ ਲੰਮਾ ਹੋ ਗਿਆ, ਰਾਸ਼ਣ ਮੁੱਕ ਗਿਆ। ਪਸ਼ੂਆਂ ਦਾ ਮਾਸ, ਘਾਹ, ਪੱਤੇ ਖਾ ਕੇ ਗੁਜ਼ਾਰਾ ਕਰਦੇ। ਕੰਵਰ ਖ਼ਾਨ ਲਿਖਦਾ ਹੈ- ਇਸ ਕਮੀਨੇ ਸਿੱਖ ਨੂੰ ਫੜਨ ਲਈ ਸਲਤਨਤ ਮੁਗਲੀਆ ਅੱਠ ਮਹੀਨੇ ਘੇਰਾ ਪਾਈ ਬੈਠੀ ਰਹੀ। ਅੰਦਰ ਵੜਨ ਦਾ ਹੌਂਸਲਾ ਨਹੀਂ ਹੋਇਆ ਤਾਂ ਆਖ਼ਰ ਦਸੰਬਰ 1715 ਨੂੰ ਭੁੱਖਮਰੀ ਦਾ ਸ਼ਿਕਾਰ ਹੋਏ ਬੰਦਾ ਸਿੰਘ ਅਤੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ।
ਬਹੁਤ ਸਾਰੇ ਸਾਥੀ ਗੁਰਦਾਸ ਨੰਗਲ ਮਾਰੇ ਗਏ। ਲਾਹੌਰ ਤੋਂ ਜਾਂਦੇ ਹੋਏ ਬਹੁਤ ਸਾਰੇ ਰਾਵੀ ਦੇ ਕਿਨਾਰਿਆਂ ‘ਤੇ ਕਤਲ ਕੀਤੇ। ਮੁਹੰਮਦ ਲਤੀਫ ਅਨੁਸਾਰ, ਅਬਦੁਲ ਸਮਦ ਸਿੱਖ ਬੰਦੀਆਂ ਦੇ ਲੰਮੇ ਕਾਰਵਾਂ ਨੂੰ ਲੈ ਕੇ ਲਾਹੌਰ ਵੱਲ ਤੁਰਿਆ। ਬੰਦੀਆਂ ਨੂੰ ਖੋਤਿਆਂ, ਊਠਾਂ ‘ਤੇ ਬਿਠਾਇਆ ਹੋਇਆ ਸੀ ਤੇ ਭੀੜਾਂ ਉਨ੍ਹਾਂ ਨੂੰ ਚਿੜਾ ਰਹੀਆਂ ਸਨ।
ਅਗਲੇ ਦਿਨ ਅਬਦੁਲ ਸਮਦ ਖ਼ਾਨ ਨੇ ਆਪਣੇ ਬੇਟੇ ਜ਼ਕਰੀਆ ਖ਼ਾਨ ਸਮੇਤ ਦਿੱਲੀ ਵੱਲ ਕੂਚ ਕੀਤਾ। ਫਰਵਰੀ 1716, ਦਿੱਲੀ ਵਿਚ ਇਕ ਚਸ਼ਮਦੀਦ ਅੰਗਰੇਜ਼ ਲਿਖਦਾ ਹੈ- ਕੋਈ 800 ਬੰਦੀ ਹੋਣਗੇ ਤੇ 2000 ਲਹੂ-ਲੁਹਾਣ ਸਿਰ ਨੇਜ਼ਿਆਂ ਉਪਰ ਟੰਗੇ ਹੋਏ ਸਨ। ਸ਼ਹਾਦਤ ਵਾਸਤੇ ਇਕ ਦੂਜੇ ਤੋਂ ਪਹਿਲਾਂ ਤਿਆਰ ਸਨ। ਲਾਹੌਰੋਂ ਦਿੱਲੀ ਦੇ ਰਸਤੇ ਵਿਚ ਵੀ ਕੋਈ ਸਿੱਖ ਦਿਸ ਜਾਂਦਾ, ਸਿਰ ਵੱਢ ਲੈਂਦੇ। ਫਰੁਖਸੀਅਰ ਦਾ ਫਰਮਾਨ ਸੀ-ਜਿਹੜਾ ਸਿੱਖ ਇਸਲਾਮ ਧਾਰਨ ਕਰਨੋਂ ਮੁਨਕਿਰ ਹੋਵੇ, ਕਤਲ ਕਰ ਦਿਉ।
ਜੂਨ 1716 ਵਿਚ ਇਹ ਹੱਤਕਪੂਰਨ ਪਰੇਡ ਫਿਰ ਦੁਹਰਾਈ ਗਈ। ਬੰਦਾ ਸਿੰਘ ਸਮੇਤ ਬਹੁਤ ਸਾਰੇ ਸਿੱਖ ਤਸੀਹੇ ਦੇਣ ਉਪਰੰਤ ਮਾਰੇ। ਖਾਫੀ ਖ਼ਾਨ ਲਿਖਦਾ ਹੈ- ਕਿਸੇ ਸਿੱਖ ਨੇ ਇਸਲਾਮ ਧਾਰਨ ਕਰਨਾ ਨਹੀਂ ਮੰਨਿਆ। ਸੂਫੀ ਸੰਤ ਸ਼ੇਖ਼ ਕੁਤਬੁੱਦੀਨ ਦੇ ਮਕਬਰੇ ਨਜ਼ਦੀਕ ਦਿੱਲੀ ਦੇ ਦੱਖਣ ਵਿਚ ਬੰਦਾ ਸਿੰਘ, ਉਸ ਸਾਥੀਆਂ ਅਤੇ ਚਾਰ ਸਾਲਾ ਪੁੱਤਰ ਨੂੰ ਕਤਲ ਕੀਤਾ।
ਹਕੂਮਤ ਦੀ ਮਦਦ ਨਾਲ ਸਮਦ ਖ਼ਾਨ ਸਿੱਖਾਂ ਦਾ ਪੰਜਾਬ ਵਿਚੋਂ ਬੀਜ ਨਾਸ ਕਰਨਾ ਚਾਹੁੰਦਾ ਸੀ। ਬਦਲੇ ਦੀ ਭਾਵਨਾ ਕਿਸੇ ਹੱਦ ਤੱਕ ਵੀ ਲਿਜਾ ਸਕਦੀ ਹੈ। ਹਿੰਦੂ ਮੁਸਲਮਾਨਾਂ ਨੂੰ ਹੁਕਮ ਸੀ ਕਿ ਲੰਮੇ ਕੇਸ ਨਹੀਂ ਰੱਖਣੇ। ਹਿੰਦੂ ਦਾੜ੍ਹੀ ਨਹੀਂ ਰੱਖਣਗੇ। ਹਿੰਦੂਆਂ ਨੂੰ ਪਤਾ ਨਹੀਂ ਲੱਗਦਾ ਸੀ, ਉਨ੍ਹਾਂ ਦਾ ਭਵਿਖ ਕੀ ਹੋਵੇਗਾ। ਮੁਸਲਮਾਨ ਸੋਚ ਰਹੇ ਸਨ, ਜਿਹੜੇ ਲੋਕ ਗੁਰੂ ਨਾਨਕ ਦੇਵ ਦੇ ਉਪਾਸ਼ਕ ਸਨ ਅਤੇ ਸੂਫੀਆਂ ਦੇ ਮੁਰੀਦ, ਉਨ੍ਹਾਂ ਨੂੰ ਪੂਰੀ ਤਰ੍ਹਾਂ ਮਿੱਟਾ ਦਿੱਤਾ ਜਾਏਗਾ। ਸਿੱਖਾਂ ਬਾਰੇ ਲਤੀਫ ਦਸਦਾ ਹੈ-ਇਨ੍ਹਾਂ ਹੁਕਮਾਂ ਕਾਰਨ ਸਿੱਖਾਂ ਵਿਚ ਦਹਿਸ਼ਤ ਫੈਲ ਗਈ। ਜਿਉਂਦੇ ਬਚੇ ਸਿੱਖ ਪਹਾੜਾਂ ਜਾਂ ਜੰਗਲਾਂ ਵਿਚ ਜਾ ਛੁਪੇ। ਜਿਹੜੇ ਨਹੀਂ ਭੱਜ ਸਕੇ, ਉਨ੍ਹਾਂ ਆਪਣੇ ਕੇਸ ਕੱਟ ਕੇ ਆਪਣੀ ਬਾਹਰੀ ਦਿੱਖ ਬਦਲ ਲਈ। ਜੰਗਲੀ ਫਲ ਸਬਜ਼ੀਆਂ ਤੇ ਸ਼ਿਕਾਰ ਉਪਰ ਆਪਣਾ ਗੁਜ਼ਾਰਾ ਕਰਦੇ। ਖਾਣ-ਪੀਣ ਦੀਆਂ ਮਾਮੂਲੀ ਚੀਜ਼ਾਂ ਦੇ ਉਨ੍ਹਾਂ ਵੱਡੇ ਵੱਡੇ ਨਾਮ ਰੱਖੇ। ਬੰਦਾ ਸਿੰਘ ਵੇਲੇ ਬੇਸ਼ਕ ਸਿੱਖ ਦੋ ਧੜਿਆਂ ਵਿਚ ਵੰਡ ਹੋ ਗਏ ਸਨ, ਸਮਦ ਖ਼ਾਨ ਦੇ ਜ਼ੁਲਮਾਂ ਨੇ ਫਿਰ ਇਕੱਠੇ ਕਰ ਦਿੱਤੇ।
ਗ਼ਰੀਬ ਮੁਸਲਮਾਨਾਂ ਦੀ ਹਮਦਰਦੀ ਸੰਭਵ ਹੈ, ਜਗੀਰਦਾਰਾਂ ਅਫਸਰਾਂ ਨਾਲ ਹੋਣ ਦੀ ਥਾਂ ਸਿੱਖਾਂ ਨਾਲ ਹੋਵੇ। ਸੰਭਵ ਹੈ, ਮੁਸਲਮਾਨ ਜੱਟ ਚੋਰੀ ਛਿਪੇ ਸਿੱਖਾਂ ਨੂੰ ਰਾਸ਼ਣ ਦਿੰਦੇ ਹੋਣ।ਦੋ-ਤਿੰਨ ਸਾਲ ਵਿਚ ਉਹ ਏਨੇ ਤਕੜੇ ਹੋ ਗਏ ਕਿ ਲੱਖੀ ਜੰਗਲ ਅਤੇ ਮਾਲਵਾ ਦੇ ਰੇਗਿਸਤਾਨ ਵਿਚੋਂ ਆਬਾਦੀਆਂ ਵੱਲ ਨਿਕਲ ਕੇ ਲੁੱਟ ਮਾਰ ਕਰਦੇ। ਗੁਆਉਣ ਲਈ ਉਨ੍ਹਾਂ ਕੋਲ ਹੁਣ ਰਹਿ ਕੀ ਗਿਆ ਸੀ? ਉਨ੍ਹਾਂ ਦੇ ਇਰਾਦੇ ਮਜ਼ਬੂਤ ਸਨ, ਇਸ ਵਿਚ ਵਿਵਾਦ ਨਹੀਂ ਪਰ ਸਰਕਾਰ ਅੰਦਰਲੀ ਖਾਨਾਜੰਗੀ ਨੇ ਲਾਹੌਰ ਕਮਜ਼ੋਰ ਕਰ ਦਿੱਤਾ ਸੀ।
1716 ਵਿਚ ਚੱਜ ਦੁਆਬ ਗੁਜਰਾਤ ਦੇ ਇਲਾਕੇ ਵਿਚ ਇਕ ਜ਼ਿਮੀਂਦਾਰ ਨੇ ਬਗਾਵਤ ਕਰ ਦਿੱਤੀ ਜਿਸ ਦਾ ਨਾਮ ਕਤੀਲ ਸੀ। ਉਸ ਨੇ ਸਰਕਾਰ ਨੂੰ ਮਾਮਲਾ ਦੇਣ ਤੋਂ ਇਨਕਾਰ ਕਰ ਦਿੱਤਾ, ਕਿਲ੍ਹਾ ਬਣਾ ਲਿਆ, ਫੌਜ ਰੱਖ ਲਈ। ਪੱਛਮ ਵੱਲ ਸਿੰਧ ਸਾਗਰ ਦੁਆਬ ਦੇ ਅਵਾਣ ਜ਼ਿਮੀਂਦਾਰਾਂ ਨੇ ਮਾਮਲਾ ਦੇਣਾ ਬੰਦ ਕਰ ਦਿੱਤਾ। ਇਹੀ ਕੁਝ ਦੁਆਬ ਦੇ ਸਿਆਲਕੋਟ ਪਰਗਣੇ ਵਿਚ ਹੋਇਆ। ਲਾਹੌਰ ਤੋਂ ਮੁਲਤਾਨ ਜਾਂਦਾ ਰਾਹ ਸ਼ਿਕਾਰਗਾਹ ਬਣ ਗਿਆ।
ਦਿੱਲੀ ਦਰਬਾਰ ਦੀ ਸ਼ਰੀਕੇਬਾਜ਼ੀ ਵਿਚ ਅਬਦੁਸ ਸਮਦ ਖ਼ਾਨ ਦੇ ਤਕੜੇ ਰਸੂਖ਼ ਵਾਲੇ ਰਿਸ਼ਤੇਦਾਰ ਸਨ ਜਿਹੜੇ ਪੰਜਾਬ ਦੀ ਤਾਣੀ ਸੁਲਝਾਉਣ ਦੇ ਹੱਕ ਵਿਚ ਨਹੀਂ ਸਨ। ਉਸਦੇ ਸਾਰੇ ਦੁਸ਼ਮਣ ਸੂਬੇਦਾਰ ਨੂੰ ਕਮਜ਼ੋਰ ਕਰ ਰਹੇ ਸਨ। ਲਾਹੌਰ 35 ਮੀਲ ਦੱਖਣ ਵਿਚ ਕਸੂਰ ਦੇ ਪਖਤੂਨਾਂ ਨੇ ਹੁਸੈਨ ਖ਼ਾਨ ਬੇਸ਼ਗੀ ਦੀ ਅਗਵਾਈ ਵਿਚ ਬਗਾਵਤ ਕਰ ਦਿੱਤੀ, ਦੂਜੀ ਬਗਾਵਤ ਜਲੰਧਰ ਦੁਆਬ ਦੇ ਜ਼ਿਮੀਂਦਾਰ ਖ਼ਾਨ ਮੁੰਜ ਨੇ ਕੀਤੀ। ਦੋਵਾਂ ਬਗਾਵਤਾਂ ਦੀ ਜੜ੍ਹ ਦੇਸੀ ਤੇ ਪਰਦੇਸੀ ਅਹਿਸਾਸ ਵਿਚ ਸੀ।