ਜਿਨ੍ਹਾਂ ਦੇ ਰੂਪ ਨੇ ਸੋਹਣੇ

ਟੋਰਾਂਟੋ, ਕੈਨੇਡਾ ਵਸਦੀ ਗੁਰਮੀਤ ਪਨਾਗ ਦਾ ਕਹਾਣੀ ਸੰਗ੍ਰਿਹ ਹਾਲ ਹੀ ਵਿਚ ਛਪ ਕੇ ਆਇਆ ਹੈ। ਇਸ ਪੁਸਤਕ ਦਾ ਰਿਵਿਊ ਪਿਛਲੇ ਪੰਨੇ ‘ਤੇ ਛਾਪਿਆ ਗਿਆ ਹੈ। ਸਾਡੇ ਲੋਕ ਆਪਣੇ ਬੱਚਿਆਂ ਨੂੰ ਅਮਰੀਕਾ, ਕੈਨੇਡਾ ਆਦਿ ਮੁਲਕਾਂ ਵਿਚ ਭੇਜਣ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਰਹਿੰਦੇ ਹਨ, ਉਥੇ ਜਾ ਕੇ ਉਨ੍ਹਾਂ ਨੂੰ ਭਾਵੇਂ ਕਿੱਡਾ ਵੀ ਸੰਤਾਪ ਝੱਲਣਾ ਪਵੇ। ਇਸੇ ਸੰਤਾਪ ਨੂੰ ਇਸ ਕਹਾਣੀ ਵਿਚ ਗੁਰਮੀਤ ਨੇ ਆਧਾਰ ਬਣਾਇਆ ਹੈ।

-ਸੰਪਾਦਕ

ਗੁਰਮੀਤ ਪਨਾਗ
“ਮਿਸਿਜ਼ ਸੈਂਡੂ, ਸੌਰੀ ਟੂ ਡਿਸਟਰਬ ਯੂ ਐਟ ਵਰਕ, ਪੁਲਿਸ ਕਾਲਿੰਗ, ਤੁਸੀਂ ਪਲੀਜ਼ ਛੇਤੀ ਘਰ ਆਓ।”
“ਓ ਮਾਈ ਗੌਡ! ਵੱਟ ਹੈਪਨਡ ਆਫੀਸਰ?”
“ਯੂਅਰ ਹਸਬੈਂਡ ਇਜ਼ ਅੰਡਰ ਅਰੈਸਟ।”
ਸ਼ਰਨ ਨੇ ਮੱਥੇ ਤੋਂ ਤ੍ਰੇਲੀ ਪੂੰਝੀ; ਉਹ ਕੰਬ ਰਹੀ ਸੀ ਤੇ ਕਸਟਮਰ ਸਰਵਿਸ ਦੇ ਕਾਊਂਟਰ ਪਿੱਛੇ ਆਫਿਸ ‘ਚ ਬੈਠ ਕੇ ਉਸ ਨੇ ਆਪਣੇ ਆਪ ਨੂੰ ਨਾਰਮਲ ਕਰਨ ਦੀ ਕੋਸ਼ਿਸ਼ ਕੀਤੀ। ਦੋਨੋਂ ਬੱਚੇ ਬਾਪ ਦੇ ਸਹਾਰੇ ਛੱਡ ਕੇ ਕੰਮ ‘ਤੇ ਆਉਂਦੀ ਸੀ ਓਹ, ਪਰ ਤੌਖਲਾ ਹਰ ਪਲ ਲੱਗਾ ਰਹਿੰਦਾ। ਹਾਲੇ ਤਾਂ ਮਹੀਨਾ ਵੀ ਨਹੀਂ ਸੀ ਹੋਇਆ, ਇਸ ਸ਼ਹਿਰ ‘ਚ ਮੂਵ ਕੀਤਿਆਂ। ਆਪਣੀ ਲੰਚ-ਬ੍ਰੇਕ ‘ਤੇ ਉਹ ਭੱਜੀ ਭੱਜੀ ਘਰ ਜਾਂਦੀ, ਸਭ ਨੂੰ ਦੁਪਹਿਰ ਦਾ ਖਾਣਾ ਪਰੋਸ ਕੇ ਤੇ ਆਪ ਅਧ-ਭੁੱਖੀ ਹੀ ਵਾਪਸ ਕੰਮ ‘ਤੇ ਆ ਜਾਂਦੀ ਕਿਉਂਕਿ ਐਨਾ ਟਾਈਮ ਹੀ ਕਿੱਥੇ ਬਚਦਾ ਸੀ ਕਿ ਉਹ ਵੀ ਅਰਾਮ ਨਾਲ ਦੋ ਗਰਾਹੀਆਂ ਅੰਦਰ ਕਰ ਸਕੇ।
“ਮੈਂ ਤਾਂ ਕੰਮ ‘ਤੇ ਹੁੰਦੀ ਆਂ, ਉਹ ਪਿੱਛੋਂ ਸਾਰਾ ਦਿਨ ਕੰਪਿਊਟਰ ‘ਤੇ ਬੈਠਾ ਪਤਾ ਨਹੀਂ ਕੀ ਪੁੱਠਾ-ਸਿੱਧਾ ਦੇਖਦਾ ਰਹਿੰਦੈ। ਗਰਮੀਆਂ ਦੀਆਂ ਛੁੱਟੀਆਂ ‘ਚ ਨਿਆਣੇ ਸਾਰਾ ਦਿਨ ਘਰ ਹੁੰਦੇ ਨੇ, ਉਨ੍ਹਾਂ ਨੂੰ ਸਨੈਕ ਜਾਂ ਸੈਂਡਵਿਚ ਵੀ ਨਹੀਂ ਬਣਾ ਕੇ ਦੇ ਸਕਦਾ। ਜੇ ਕਹੋ ਤਾਂ ਬੱਸ ਕਲੇਸ਼ ਖੜ੍ਹਾ ਹੋ ਜਾਂਦੈ।” ਸ਼ਰਨ ਕਈ ਵਾਰ ਆਪਣੀ ਮਾਮੀ ਨਾਲ ਦਿਲ ਫੋਲਦੀ।
ਸੀਅਰਜ਼ ਸਟੋਰ ‘ਚ ਉਹ ਕਸਟਮਰ ਸਰਵਿਸ ‘ਤੇ ਖੜ੍ਹੀ ਬਹੁਤ ਜਚਦੀ ਸੀ। ਗੋਰੀ ਨਿਛੋਹ, ਬਿੱਲੀਆਂ ਅੱਖਾਂ, ਸੋਹਣਾ ਕੱਦ। ਗੋਰੇ ਤਾਂ ਕੀ, ਦੇਸੀ ਵੀ ਉਸ ਨੂੰ ਗੋਰੀ ਹੀ ਸਮਝਦੇ। ਮੁਸਕਰਾਹਟ ਤਾਂ ਉਸ ਦੇ ਚਿਹਰੇ ਤੋਂ ਹਮੇਸ਼ਾਂ ਹੀ ਟਪਕਦੀ ਰਹਿੰਦੀ। ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਉਸ ਦੀ ਜ਼ਿੰਦਗੀ ਇੰਨੀ ਲੀਰੋ-ਲੀਰ ਹੋਈ ਪਈ ਸੀ।
ਉਸ ਦੇ ਪਤੀ ਅਮਨ ਨੇ ਇਹ ‘ਕਾਰਨਾਮਾ’ ਕੋਈ ਪਹਿਲੀ ਵਾਰ ਨਹੀਂ ਸੀ ਕੀਤਾ। ਹੁਣ ਤਾਂ ਸ਼ਾਇਦ ਗਿਣਤੀ ਕਰਨੀ ਵੀ ਔਖੀ ਹੋਵੇ ਕਿ ਕਿੰਨੀ ਵਾਰੀ ਉਹ ਅੰਦਰ ਹੋਇਆ ਤੇ ਕਿੰਨੀ ਵਾਰ ਜ਼ਮਾਨਤ ‘ਤੇ ਬਾਹਰ ਆਇਆ। ਡਾਕਟਰਾਂ ਨੇ ਉਸ ਨੂੰ ‘ਦਿਮਾਗੀ ਤੌਰ ‘ਤੇ ਅਸਥਿਰ’ ਕਰਾਰ ਦੇ ਦਿੱਤਾ ਸੀ ਤੇ ਇਸੇ ਬਲਬੂਤੇ ਉਸ ਨੂੰ ਗੌਰਮਿੰਟ ਤੋਂ ‘ਡਿਸਿਬਿਲਿਟੀ ਪੈਨਸ਼ਨ’ ਹਰੇਕ ਮਹੀਨੇ ਮਿਲਣੀ ਸ਼ੁਰੂ ਹੋ ਗਈ ਸੀ। ਇਹ ਪੈਸਾ ਉਹ ਬੜੀ ਟੌਹਰ ਨਾਲ ਆਪਣੀ ਦਾਰੂ ਤੇ ਹੋਰ ਸੌ ਤਰ੍ਹਾਂ ਦੇ ਐਬਾਂ ‘ਤੇ ਖਰਚ ਕਰ ਛੱਡਦਾ। ਹਾਲੇ ਦੱਸ ਕੁ ਦਿਨ ਪਹਿਲਾਂ ਹੀ ਬਿਨਾ ਡਰਾਈਵਿੰਗ ਲਾਇਸੈਂਸ ਤੋਂ ਘਰ ਖੜ੍ਹੀ ਕਾਰ ਭਜਾ ਕੇ ਲੈ ਗਿਆ ਅਤੇ ਜਾ ਖੰਭੇ ‘ਚ ਮਾਰੀ। ਪੁਲਿਸ ਆਈ ਤੇ ਨਾਲ ਹੀ ਲੈ ਗਈ। ਸ਼ਰਨ ਨੂੰ ਵਕੀਲ ਕਰਨਾ ਪਿਆ ਤਾਂ ਛੁੱਟਿਆ। ਅੱਜ ਕਲ੍ਹ ਆਪਣੇ ਗੋਰੇ-ਗੁਆਂਢੀਆਂ ਨੂੰ ਨਿਸ਼ਾਨਾ ਬਣਾਇਆ ਹੋਇਆ ਸੀ। ਇੱਕ ਦਿਨ ਜਾ ਕੇ ਉਨ੍ਹਾਂ ਦਾ ਦਰਵਾਜਾ ਖੜਕਾ ਦਿੱਤਾ, “ਮਾਈ ਡਾਟਰ ਵਾਂਟ ਟੂ ਬੀ ਇਨ ਜੂਅਰ ਸਵਿੰਮਿੰਗ ਪੂਲ”, ਅਮਨ ਨੇ ਰੋਅਬ ਨਾਲ ਕਿਹਾ।
“ਸੌਰੀ ਮਿਸਟਰ ਸੈਂਡੂ, ਮਾਈ ਪੂਲ ਇਜ਼ ਫੌਰ ਮਾਈ ਫੈਮਿਲੀ”, ਗੋਰੀ ਨੇ ਬੜੇ ਸਲੀਕੇ ਨਾਲ ਜਵਾਬ ਦਿੱਤਾ।
“ਜੂ ਰੇਸਿਸਟ ਬਾਸਟਰਡ ਲੇਡੀ! ਵੈਨ ਜੂਅਰ ਡੌਗ ਬਾਰਕ, ਮੀ ਸੇ ਨਥਿੰਗ। ਆਈ ਹੇਟ ਜੂ, ਬਾਈਟ ਪਿੱਗ।” ਅਮਨ ਚੀਕ ਰਿਹਾ ਸੀ। ਗੋਰੀ ਨੇ ਦਰਵਾਜਾ ਬੰਦ ਕਰ ਲਿਆ। ਅਗਲੇ ਦਿਨ ਜਦੋਂ ਉਹ ਘਾਹ ਨੂੰ ਪਾਣੀ ਲਾ ਰਹੀ ਸੀ ਤਾਂ ਅੰਦਰੋਂ ਭੱਜਿਆ ਆਇਆ ਤੇ ਕੁੱਦ ਕੇ ਪੈ ਗਿਆ, “ਤੂੰ ਮੇਰੀ ਪ੍ਰਾਪਰਟੀ ‘ਚ ਖੜ੍ਹੀ ਹੋ ਕੇ ਪਾਣੀ ਲਾ ਰਹੀ ਏਂ।” ਗੋਰੀ ਨੇ ਜਵਾਬ ਦਿੱਤਾ, “ਮੈਂ ਤਾਂ ਤੇਰੇ ਘਾਹ ਤੇ ਪੈਰ ਵੀ ਨਹੀਂ ਰੱਖਿਆ।” ਨਾਲ ਦੀ ਨਾਲ ਅਮਨ ਨੇ ਉਸ ਨੂੰ ਥੱਪੜ ਜੜ ਦਿੱਤਾ। ਅੱਗ ਬਬੂਲਾ ਹੋਈ ਗੋਰੀ ਨੇ ਅੰਦਰ ਜਾ ਕੇ ਪੁਲਿਸ ਨੂੰ ਕਾਲ ਕਰ ਦਿੱਤੀ।
ਕੋਈ ਦੱਸ ਰਿਹਾ ਸੀ, “ਭੱਜਣ ਦੀ ਤਾਂ ਇਹਨੇ ਬਹੁਤ ਕੋਸ਼ਿਸ਼ ਕੀਤੀ ਪਰ ਕੁਝ ਹੀ ਪਲਾਂ ‘ਚ ਪੁਲਿਸ ਕਰੂਜ਼ਰ ਉਤੋੜਿਤੀ ਆਏ ਤੇ ਘਰ ਨੂੰ ਘੇਰਾ ਪਾ ਲਿਆ। “ਗੈਟ ਆਊਟ ਆਫ ਦਾ ਹਾਊਸ।” ਪੁਲਿਸ ਫੋਰਸ ਦੇ ਦੋ ਆਫੀਸਰ ਦਰਵਾਜੇ ‘ਤੇ ਪਿਸਤੌਲ ਤਾਣੀ ਖੜ੍ਹੇ ਸਖਤ ਲਹਿਜੇ ‘ਚ ਆਦੇਸ਼ ਦੇ ਰਹੇ ਸਨ। ਕੋਈ ਹਰਕਤ ਨਾ ਹੋਈ ਦੇਖ ਕੇ ਇੱਕ ਨੇ ਲੱਤ ਮਾਰ ਕੇ ਦਰਵਾਜਾ ਖੋਲ੍ਹਿਆ ਤੇ ਪਿਸਤੌਲ ਦੀ ਸੇਧ ‘ਚ ਹੌਲੀ ਹੌਲੀ ਪੈਰ ਰੱਖਦਾ, ਇੱਧਰ-ਉਧਰ ਝਾਕਦਾ ਲਿਵਿੰਗ ਰੂਮ ਤੱਕ ਪਹੁੰਚ ਗਿਆ।
“ਮੈਂ ਮਾਰ ਕੇ ਮਰੂੰ, ਜਿਹੜਾ ਅੰਦਰ ਵੜਿਆ, ਗਰਦਨ ਲਾਹ ਕੇ ਧਰ ਦੂੰ, ਆ ਗਏ ਵੱਡੇ ਗੋਰੀ ਦੇ ਹਮਾਇਤੀ।” ਉਪਰਲੇ ਬੈਡ ਰੂਮ ‘ਚੋਂ ਅਮਨ ਦੀਆਂ ਧਮਕੀਆਂ ਭਰੀਆਂ ਆਵਾਜ਼ਾਂ ਆ ਰਹੀਆਂ ਸਨ। ਪੁਲਿਸ ਧਾੜ ਧਾੜ ਪੌੜੀਆਂ ਚੜ੍ਹਨ ਲੱਗੀ। ਦਰਵਾਜੇ ‘ਤੇ ਖਲੋ ਉਨ੍ਹਾਂ ਆਖਰੀ ਵਾਰਨਿੰਗ ਦਿੱਤੀ, “ਜੇ ਕੋਈ ਹਥਿਆਰ ਕੋਲ ਹੈ ਤਾਂ ਹੇਠਾਂ ਸੁੱਟ ਦੇ, ਹੱਥ ਉਪਰ ਕਰਕੇ ਬਾਹਰ ਆ ਜਾ।” ਪਰ ਕਿੱਥੇ? ਉਹ ਤਾਂ ਖਿੜਕੀ ਵਿਚੋਂ ਛਾਲ ਮਾਰ ਕੇ ਘਰ ਦੇ ਪਿਛਵਾੜੇ ਡਿੱਗਿਆ, ਲਹੂ-ਲੁਹਾਣ ਹੋਇਆ ਪਿਆ ਸੀ। ਸ਼ੀਸ਼ੇ ਦੇ ਟੁਕੜੇ ਉਸ ਦੇ ਆਸ-ਪਾਸ ਬਿਖਰੇ ਹੋਏ ਸਨ। ਪੁਲਿਸ ਦੌੜ ਕੇ ਪਿੱਛੇ ਪਹੁੰਚੀ ਤਾਂ ਪਤਾ ਨਹੀਂ ਉਹ ਕਿਹੜੀ ਤਾਕਤ ਨਾਲ ਇਕਦਮ ਉਠਿਆ, ਉਨ੍ਹਾਂ ਤੇ ਲਪਕਿਆ ਤੇ ਫੇਰ ਢੇਰੀ ਹੋ ਗਿਆ। ਪੁਲਿਸ ਵਾਲਿਆਂ ਨੇ ਪਿਸਤੌਲ ਬਿਲਕੁਲ ਉਸ ਦੇ ਮੂੰਹ ਕੋਲ ਤਾਣ ਲਿਆ ਤੇ ਬਾਹਵਾਂ ਪਿੱਠ ਪਿੱਛੇ ਕਰਕੇ ਹੱਥਕੜੀਆਂ ਲਾ ਦਿੱਤੀਆਂ। ਉਹ ਫੁੰਕਾਰੇ ਮਾਰਦਾ ਰਿਹਾ ਤੇ ਅਵਾ-ਤਵਾ ਬੋਲਣਾ ਵੀ ਜਾਰੀ ਰੱਖਿਆ। ਹਾਲੇ ਹੁਣੇ ਐਬੂਲੈਂਸ ਉਹਨੂੰ ਲੈ ਕੇ ਗਈ ਸੀ।
ਸ਼ਰਨ ਆਪਣੇ ਸੁਪਰਵਾਈਜ਼ਰ ਕੋਲ ਬਹਾਨਾ ਮਾਰ ਕੇ ਘਰ ਪਹੁੰਚੀ। ਲੋਕੀਂ ਹਾਲੇ ਵੀ ਜੁੱਟ ਜਿਹੇ ਬਣਾਈ ਬਾਹਰ ਖੜ੍ਹੇ ਘੁਸਰ-ਮੁਸਰ ਕਰ ਰਹੇ ਸਨ। ਪੁਲਿਸ ਆਫੀਸਰ ਨੇ ਸ਼ਰਨ ਨੂੰ ਦਰਵਾਜੇ ‘ਤੇ ਰੋਕਿਆ ਅਤੇ ਕਿਹਾ, “ਮੈਮ! ਤੁਹਾਡੇ ਬੱਚੇ ਸਾਡੀ ਲੇਡੀ ਪੁਲਿਸ ਆਫੀਸਰ ਕੋਲ ਨੇ, ਉਨ੍ਹਾਂ ਨੂੰ ਉਹ ਸਾਹਮਣੇ ਬੱਤੀ ਨੰਬਰ ‘ਚ ਲਈ ਬੈਠੀ ਏ।”
ਸ਼ਰਨ ਦੌੜ ਕੇ ਉਥੇ ਪਹੁੰਚੀ ਤੇ ਬੱਚਿਆ ਨੂੰ ਗੋਦੀ ਵਿਚ ਲਿਆ। ਉਹ ਸੁੰਨ ਜਿਹੇ ਹੋਏ ਆਪਣੀ ਮਾਂ ਦੇ ਮੂੰਹ ਵੱਲ ਦੇਖ ਰਹੇ ਸਨ। ਕੁਝ ਵਕਤ ਉਹ ਵੀ ਗੁੰਮਸੁੰਮ ਜਿਹੀ ਹੋਈ ਬੈਠੀ ਰਹੀ ਤੇ ਫੇਰ ਫੁੱਟ ਫੁੱਟ ਕੇ ਰੋਣ ਲੱਗੀ।
“ਮਿਸਿਜ਼ ਸੈਂਡੂ, ਤੁਹਾਡੇ ਹਸਬੈਂਡ ਦੀ ਮੈਡੀਕਲ ਰਿਪੋਰਟ ਹੁਣੇ ਆਈ ਏ, ਉਹਨੇ ਆਪਣੀ ਦਵਾਈ ਦੇ ਨਾਲ ਨਾਲ ਸ਼ਰਾਬ ਵੀ ਪੀ ਰੱਖੀ ਏ। ਅਸੀਂ ਉਸ ਨੂੰ ਰਿਲੀਜ਼ ਨਹੀਂ ਕਰ ਸਕਦੇ। ਹਸਪਤਾਲ ‘ਚ ਦਾਖਲ ਰਹਿਣਾ ਪਵੇਗਾ ਤਾਂ ਕਿ ਕਿਸੇ ਦੀ ਜਾਨ ਲਈ ਖਤਰਾ ਨਾ ਬਣ ਸਕੇ।” ਪੁਲਿਸ ਆਫੀਸਰ ਨੇ ਦੱਸਿਆ।
“ਆਫੀਸਰ, ਮੈਂ ਵੀ ਚਾਹੁੰਦੀ ਹਾਂ ਕਿ ਅਮਨ ਦਾ ਇਲਾਜ ਹਸਪਤਾਲ ‘ਚ ਦਾਖਲ ਕਰਕੇ ਸ਼ੁਰੂ ਕੀਤਾ ਜਾਵੇ। ਕੋਈ ਸਾਈਕੋਥੈਰੇਪੀ ਦਿੱਤੀ ਜਾਵੇ। ਜੇਲ੍ਹ ‘ਚ ਰੱਖ ਕੇ ਤਾਂ ਇਸ ਦਾ ਕੁਝ ਨਹੀਂ ਬਣਨਾ। ਜਿੰਨੀ ਵਾਰ ਵੀ ਇਹ ਜੇਲ੍ਹ ‘ਚੋਂ ਵਾਪਸ ਆਇਆ ਹੈ, ਹੋਰ ਵੀ ਹੈਵਾਨ ਬਣ ਕੇ ਆਇਆ ਹੈ ਤੇ ਭੁਗਤਿਆ ਕਿਸ ਨੇ ਹੈ? ਮੈਂ ਤੇ ਮੇਰੇ ਬੱਚਿਆਂ ਨੇ। ਇਸ ਦੀ ਡਿਪਰੈਸ਼ਨ ਗੁੰਝਲਦਾਰ ਬਣਦੀ ਜਾ ਰਹੀ ਹੈ ਦਿਨੋ ਦਿਨ।”
“ਆਲਰਾਈਟ ਮਿਸਿਜ਼ ਸੈਂਡੂ, ਇਹ ਤਾਂ ਹੁਣ ਜੱਜ ਨੇ ਹੀ ਫੈਸਲਾ ਕਰਨੈਂ, ਜਦੋਂ ਵੀ ਇਸ ਦੀ ਤਾਰੀਕ ਪਵੇਗੀ। ਆਈ ਫੀਲ ਸੌਰੀ ਫਾਰ ਯੂ…ਟੇਕ ਕੇਅਰ, ਬਾਏ।” ਪੁਲਸੀਏ ਨੇ ਗੱਲ ਦਾ ਭੋਗ ਪਾਇਆ।
ਸ਼ਰਨ ਦੀ ਇਸ ਸ਼ਹਿਰ ‘ਚ ਆਉਣ ਦੀ ਵਜ੍ਹਾ ਵੀ ਇਹੀ ਸੀ ਕਿ ਸਾਰੇ ਭੈਣ-ਭਰਾ ਤੇ ਮਾਂ-ਬਾਪ ਅਮਨ ਦੀਆਂ ਹਰਕਤਾਂ ਤੋਂ ਤੰਗ ਆਏ ਪਏ ਸਨ। ਉਹ ਅਕਸਰ ਆਖਦੇ ਕਿ ਤੂੰ ਇਸ ਨੂੰ ਲੈ ਕੇ ਕਿਸੇ ਹੋਰ ਸ਼ਹਿਰ ਚਲੀ ਜਾ। ਸ਼ਰਨ ਨੂੰ ਦੁੱਖ ਤਾਂ ਬਹੁਤ ਲੱਗਾ, ਉਹੀ ਭੈਣ-ਭਰਾ ਤੇ ਮਾਂ-ਬਾਪ ਜਿਹੜੇ ਉਸ ਦੀ ਬਦੌਲਤ ਕੈਨੇਡਾ ਪਹੁੰਚੇ ਸਨ, ਅੱਜ ਇਹੋ ਜਿਹੀਆਂ ਗੱਲਾਂ ਕਰ ਰਹੇ ਸਨ। ਬਰੁੱਕਸ ਵਿਚ ਮਾਮੇ ਦਾ ਪਰਿਵਾਰ ਰਹਿੰਦਾ ਸੀ। ਸ਼ਰਨ ਕੈਲਗਰੀ ਤੋਂ ਬਰੁੱਕਸ ਆ ਗਈ।

ਆਪਣੀ ਗੁਆਂਢਣ ਸ਼ਿਰਨ ਨਾਲ ਮੇਰੀ ਪਹਿਲੀ ਮੁਲਾਕਾਤ ਬਰੁੱਕਸ ਹੀ ਹੋਈ। ਬੜੇ ਹੱਸਮੁੱਖ ਤੇ ਮਿਲਾਪੜੇ ਸੁਭਾਅ ਵਾਲੀ ਲੱਗੀ ਉਹ। ਸਾਡੀ ਗੱਲਬਾਤ ਮੇਕਅੱਪ ਦੇ ਨਵੇਂ ਤੌਰ-ਤਰੀਕਿਆਂ ਤੋਂ ਹੁੰਦੀ ਬੱਚਿਆਂ ਦੀ ਪੜ੍ਹਾਈ, ਜੌਬ, ਪਰਿਵਾਰਕ ਪਿਛੋਕੜ ਤੱਕ ਪਹੁੰਚ ਗਈ।
“ਇਸ ਛੋਟੇ ਜਿਹੇ ਸ਼ਹਿਰ ‘ਚ ਤੇਰੀ ਜੌਬ ਦਾ ਕੀ ਬਣੂੰ ਸ਼ਰਨ?” ਮੈਂ ਪੁੱਛਿਆ।
“ਲਓ ਦੀਦੀ, ਜੌਬ ਤਾਂ ਮੈਂ ਐਥੇ ਟਰਾਂਸਫਰ ਕਰਾ ਲੈਣੀ ਐਂ, ਵੱਧ ਤੋਂ ਵੱਧ ਪਹਿਲਾਂ ਪਾਰਟ ਟਾਈਮ ਟ੍ਰਾਈ ਕਰ ਲੈਣਗੇ, ਆਪੇ ਹੋ ਜੂ ਫੁੱਲ-ਟਾਈਮ ਬਾਅਦ ‘ਚ।” ਓਹ ਮੁਸਕਰਾਈ ਤੇ ਉਹਦੇ ਮੋਤੀਆਂ ਵਰਗੇ ਦੰਦ ਬੜੇ ਹੀ ਸੋਹਣੇ ਲੱਗੇ। ਮੈਂ ਉਸ ਦੇ ਹੌਂਸਲੇ ਤੋਂ ਪ੍ਰਭਾਵਿਤ ਹੋਏ ਬਿਨਾ ਨਾ ਰਹਿ ਸਕੀ।
“ਭਾਈ ਸਾਡੀ ਕੁੜੀ ਨੇ ਤਾਂ ਸ਼ੁਰੂ ਤੋਂ ਹੀ ਘਰ ਦਾ ਭਾਰ ਆਪਣੇ ਸਿਰ ਚੁੱਕਿਆ ਹੋਇਐ, ਜੇ ਇਹ ਵੀ ਕੰਮ ‘ਤੇ ਨਾ ਜਾਵੇ ਤਾਂ ਰੋਟੀ ਪਾਣੀ ਕਿਵੇਂ ਚੱਲੂ?” ਮਾਮੀ ਨੇ ਵੀ ਤਾਰੀਫ ਕੀਤੀ।
ਬੱਚਿਆਂ ਨੂੰ ਹੋਮਵਰਕ ‘ਤੇ ਬਿਠਾ ਕੇ ਉਹ ਫੇਰ ਸਾਡੇ ਨਾਲ ਲਿਵਿੰਗ ਰੂਮ ‘ਚ ਆ ਬੈਠੀ।
“ਤੁਹਾਡੇ ਹਸਬੈਂਡ ਕੀ ਕਰਦੇ ਨੇ? ਮੈਂ ਪੁੱਛਿਆ।
“ਦੀਦੀ, ਹਸਬੈਂਡ ਦਾ ਤਾਂ ਬੱਸ ਕੁਝ ਨਾ ਪੁੱਛੋ। ਕੀ ਦੱਸਾਂ ਥੋਨੂੰ, ਸਾਡੀ ਤਾਂ ਹਰ ਘੜੀ ਉਹਦੀ ਦਹਿਸ਼ਤ ਹੇਠ ਲੰਘਦੀ ਐ। ਮੇਰੇ ਬੱਚਿਆਂ ਦਾ ਵੀ ਜਿਵੇਂ ਦਿਮਾਗ ਈ ਬੁੱਜ ਜਿਹਾ ਹੋਇਆ ਪਿਐ। ਇਹ ਕੋਈ ਨਾਰਮਲ ਬੱਚਿਆਂ ਦੀ ਤਰ੍ਹਾਂ ਥੋੜ੍ਹੀ ਪਲ ਰਹੇ ਨੇ ਵਿਚਾਰੇ। ਕੁੱਟ-ਮਾਰ, ਗਾਲ੍ਹੀ-ਗਲੋਚ, ਚੀਜ਼ਾਂ ਦੀ ਭੰਨ-ਤੋੜ, ਮਰਨ-ਮਾਰਨ ਦੀਆਂ ਧਮਕੀਆਂ-ਇਹ ਕੁਝ ਹੁੰਦੈ ਸਾਡੇ ਤਾਂ ਅੰਦਰ-ਖਾਤੇ। ਹੋਰ ਤਾਂ ਹੋਰ, ਮੇਰੇ ਪੇਕਿਆਂ ਦੇ ਪਰਿਵਾਰ ਨੂੰ ਵੀ ਆਪਣੀ ਹਿੱਟ-ਲਿਸਟ ‘ਤੇ ਲਿਖੀ ਬੈਠੈ। ਕਿਸੇ ਤੋਂ ਇੱਕ ਗੰਡਾਸਾ ਮੰਗਾਇਐ ਓਹਨੇ ਇੰਡੀਆ ਤੋਂ। ਉਹਦੇ ਹੱਥੇ ‘ਤੇ ਕਿੰਨੇ ਹੀ ਨਾਂ ਲਿਖੇ ਹੋਏ ਨੇ। ਸਾਡੇ ਤਿੰਨਾਂ ਦੇ ਤੇ ਮੇਰੇ ਪੇਕਿਆਂ ਦੇ। ਉਹਨੂੰ ਹਰ ਵਕਤ ਸਾਹਮਣੇ ਰੱਖਦੈ।”
“ਬੜਾ ਔਖੈ ਇਹੋ ਜਿਹੇ ਬੰਦੇ ਨਾਲ ਤਾਂ ਰਹਿਣਾ।” ਮੈਨੂੰ ਭੈਅ ਜਿਹਾ ਆਇਆ।
“ਡਿਪਰੈਸ਼ਨ ਤੇ ਬਾਈ-ਪੋਲਰ ਡਿਸਔਰਡਰ ਐ ਉਹਨੂੰ। ਦੋ-ਤਿੰਨ ਵਾਰ ਤਾਂ ਆਪਣੇ ਆਪ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕਰ ਚੁਕੈ। ਜਦੋਂ ਚੌਦਾਂ-ਪੰਦਰਾਂ ਸਾਲਾਂ ਦਾ ਸੀ, ਉਦੋਂ ਤੋਂ ਹੀ ਦਿਮਾਗੀ ਨੁਕਸ ਐ ਤੇ ਹੁਣ ਉਹ ਬਿਮਾਰੀ ਹੋਰ ਜ਼ੋਰ ਫੜ੍ਹ ਗਈ ਐ। ਇਹਦੀ ਵੱਡੀ ਭੈਣ ਨੇ ਜਦੋਂ ਆਪਣਾ ਪਰਿਵਾਰ ਸਪਾਸਰ ਕੀਤਾ ਤਾਂ ਕੈਨੇਡਾ ਆ ਗਿਆ।”
“ਇਸ ਜਾਲ ‘ਚੋਂ ਨਿਕਲਣ ਦਾ ਰਸਤਾ ਹੈ ਕੋਈ?” ਮੈਂ ਫੇਰ ਪੁੱਛਿਆ।
“ਇਹਨੂੰ ਛੱਡ ਕੇ ਮੈਂ ਜਿੱਥੇ ਵੀ ਜਾਊਂ, ਇਹ ਲੱਭ ਲਏਗਾ ਤੇ…।” ਸ਼ਰਨ ਨੇ ਆਪਣਾ ਸਿਰ ਦੋਹਾਂ ਹੱਥਾਂ ‘ਚ ਫੜ੍ਹ ਕੇ ਗੋਡਿਆ ‘ਚ ਦੇ ਲਿਆ ਤੇ ਕੁਝ ਰੁਕ ਕੇ ਫਿਰ ਬੋਲੀ, “ਕੋਈ ਕਾਨੂੰਨ ਸਾਨੂੰ ਇਸ ਤੋਂ ਨਹੀਂ ਬਚਾ ਸਕਦਾ। ਕਹਿੰਦੇ ਨੇ ਇਨ੍ਹਾਂ ਮੁਲਖਾਂ ਵਿਚ ਔਰਤ ਦੀ ਬਹੁਤ ਸੁਣਵਾਈ ਐ, ਬਹੁਤ ਬਰਾਬਰੀ ਐ। ਔਰਤ ਆਜ਼ਾਦ ਹੈ ਤੇ ਔਰਤ ‘ਤੇ ਕਿਸੇ ਵੀ ਤਰ੍ਹਾਂ ਦੇ ਤਸ਼ੱਦਦ ਨੂੰ ਬਹੁਤ ਵੱਡਾ ਅਪਰਾਧ ਮੰਨਿਆ ਜਾਂਦੈ। ਹੋਊ ਇਹ ਗੱਲ ਸੱਚੀ ਹੋਰਨਾਂ ਲਈ, ਪਰ ਮੇਰੇ ਹਾਲਾਤ ‘ਚ ਤਾਂ ਕੋਈ ਸਿਸਟਮ ਕੁਝ ਨਹੀਂ ਕਰ ਸਕਦਾ। ਉਪਰੋਂ ਲੋਕੀਂ ਅੱਡ ਉਂਗਲਾਂ ਕਰਦੇ ਨੇ ਕਿ ਇਹ ਉਹੀ ਐ ਜਿਹੜੀ ਆਪਣੇ ਘਰ ਵਾਲੇ ਨੂੰ ਤੀਜੇ ਦਿਨ ਅੰਦਰ ਕਰਵਾ ਦਿੰਦੀ ਐ।”
ਐਨੇ ‘ਚ ਇੱਕ ਸੱਤ ਕੁ ਸਾਲ ਦੀ ਬੱਚੀ ਆਪਣੀ ਮਾਂ ਦੀ ਗੋਂਦ ‘ਚ ਆ ਬੈਠੀ।
“ਤੁਹਾਡਾ ਕੀ ਨਾਂ ਐ ਬੇਟਾ?” ਮੈਂ ਪੁੱਛਿਆ।
“ਖੁਸ਼ੀ।” ਬੱਚੀ ਆਪਣੇ ਹੱਥਾਂ ਦੀਆਂ ਉਂਗਲਾਂ ਮਰੋੜਦੀ ਡਰੀਆਂ ਜਿਹੀਆਂ ਅੱਖਾਂ ਨਾਲ ਮੇਰੇ ਵੱਲ ਵੇਖਦੀ ਰਹੀ।
“ਡੂ ਯੂ ਲਾਈਕ ਸਕੂਲ?”
“ਯਾਅ…ਬਿਕੌਜ਼ ਆਈ ਡੌਂਟ ਲਾਈਕ ਮਾਈ ਹੋਮ। ਮਾਈ ਡੈਡ ਮੈਂਟਲ ਨੇ, ਤੁਹਾਨੂੰ ਪਤੈ?” ਧੀਮੀ ਜਿਹੀ ਆਵਾਜ਼ ਵਿਚ ਬੱਚੀ ਨੇ ਕਿਹਾ।
ਬੱਚੀ ਦੀ ਗੱਲ ਸੁਣ ਕੇ ਮੈਂ ਚੁੱਪ-ਗੜੁੱਪ ਹੀ ਹੋ ਗਈ। ਕੁਝ ਰੁਕ ਕੇ ਸ਼ਰਨ ਨੂੰ ਫੇਰ ਪੁੱਛਿਆ। “ਕੋਈ ਟ੍ਰੀਟਮੈਂਟ ਨਹੀਂ ਚੱਲ ਰਹੀ ਉਸ ਦੀ?”
“ਵੀਹ ਵਾਰ ਰੀਹੈਬ ‘ਚ ਗਿਐ ਤੇ ਵੀਹ ਵਾਰ ਜੇਲ੍ਹ ‘ਚ। ਦਵਾਈਆਂ ਤਾਂ ਘਰ ਢੇਰ ਸਾਰੀਆਂ ਆਉਂਦੀਆਂ ਨੇ। ਜੇ ਬਾਕਾਇਦਾ ਖਾਵੇ ਜਾਂ ਉਹਦੇ ਆਪਣੇ ਅੰਦਰ ਕੋਈ ਇੱਛਾ ਹੋਵੇ ਕਿ ਠੀਕ ਹੋਣੈ ਤਾਂ ਹੀ ਕੋਈ ਫਾਇਦੈ ਨਾ, ਨਹੀਂ ਤਾਂ ਪੈਸਿਆਂ ਦੀ ਬਰਬਾਦੀ ਹੀ ਐ। ਦੁਆਈ ਖਾ ਕੇ ਉਪਰੋਂ ਦਾਰੂ ਡੱਫ ਲੈਂਦੈ। ਹੋਰ ਵੀ ਫੇਰ ਗ੍ਰੱਸਿਆ ਜਾਂਦੈ ਪਾਗਲਪੁਣੇ ‘ਚ। ਬੱਸ ਕਿਸਮਤ ਦੀਆਂ ਖੇਡਾਂ ਨੇ ਦੀਦੀ…ਮੇਰੀ ਦਾਦੀ ਕਿਹਾ ਕਰਦੀ ਸੀ, ‘ਜਿਨ੍ਹਾਂ ਦੇ ਰੂਪ ਨੇ ਸੋਹਣੇ, ਉਨ੍ਹਾਂ ਦੇ ਲੇਖ ਨੇ ਖੋਟੇ।” ਉਸ ਨੇ ਸਿਸਕੀਆ, ਹੌਕਿਆਂ ਤੇ ਹੰਝੂਆਂ ‘ਚ ਮਸਾਂ ਈ ਗੱਲ ਖਤਮ ਕੀਤੀ। ਕਿਸੇ ਅਸਹਿ ਜਿਹੇ ਬੋਝ ਨਾਲ ਮੇਰਾ ਵੀ ਦਿਲ ਡੁੱਬਦਾ ਜਾ ਰਿਹਾ ਸੀ।
ਉਹ ਫੇਰ ਬੋਲੀ, “ਬੇਟਾ ਮੇਰਾ ਦੱਸ ਸਾਲ ਦਾ ਏ…ਵਿੱਧਮਾਤਾ ਨੇ ਕਿਹੋ ਜਿਹੇ ਲੇਖ ਲਿਖ ਦਿੱਤੇ ਮੇਰੇ ਬੱਚਿਆਂ ਦੇ ਵੀ। ਕਿੰਨੀ ਵਾਰ ਇਨ੍ਹਾਂ ਨੂੰ ਇੰਡੀਆ ਮਾਂ ਕੋਲ ਛੱਡਿਆ ਤਾਂ ਕਿ ਘਰ ਦੇ ਮਾਹੌਲ ਦਾ ਅਸਰ ਨਾ ਪਵੇ। ਪਰ ਹੁਣ ਤਾਂ ਉਹ ਵੀ ਐਥੇ ਹੀ ਆ ਗਏ ਨੇ, ਕੰਮਾਂ ‘ਤੇ ਜਾਂਦੇ ਨੇ। ਵੱਡਾ ਘਰ ਲੈਣ ਦੀ ਪੁੱਠੀ ਭੰਬਾਲੀ ਆਈ ਹੋਈ ਏ ਉਨ੍ਹਾਂ ਨੂੰ, ਮਾਂ ਤਾਂ ਜਦੋਂ ਦੇਖੋ ਸੁਨਿਆਰਿਆਂ ਦੀ ਦੁਕਾਨ ‘ਚ ਹੀ ਵੜੀ ਹੁੰਦੀ ਐ। ਬੱਚਿਆਂ ਨੂੰ ਛੁੱਟੀਆਂ ‘ਚ ਵੀ ਉਨ੍ਹਾਂ ਕੋਲ ਨਹੀਂ ਛੱਡ ਸਕਦੀ। ਮੇਰਾ ਕਾਲਜਾ ਬਾਹਰ ਨੂੰ ਆਉਂਦੈ ਜਦੋਂ ਬੇਟਾ ਮੈਨੂੰ ਕਹਿੰਦੈ, ‘ਮੰਮੀ ਜੇ ਆਪਾਂ ਕੋਈ ਡੌਗੀ ਰੱਖ ਲਈਏ ਤਾਂ ਡੈਡ ਸਾਨੂੰ ਮਾਰ ਨਹੀਂ ਸਕੇਗਾ। ਮੈਂ ਇੱਕ ਬੁੱਕ ‘ਚ ਪੜ੍ਹਿਐ ਕਿ ਡੌਗੀ ਆਪਣੇ ਮਾਲਕ ਨੂੰ ਬਚਾਉਣ ਲਈ ਹਮੇਸ਼ਾਂ ਅੱਗੇ ਆ ਕੇ ਖੜ੍ਹ ਜਾਂਦੈ…।’ ਮੈਂ ਉਸ ਨੂੰ ਜੱਫੀ ਪਾ ਕੇ ਐਨਾ ਕੁ ਰੋਈ ਕਿ ਮੇਰੀਆਂ ਅੱਖਾਂ ਸੁੱਜ ਕੇ ਪੋਪਲਿਆਂ ਵਰਗੀਆਂ ਹੋ ਗਈਆਂ। ਮਾਸੂਮਾਂ ਨੂੰ ਐਨੇ ਡਰ ਤੇ ਸਹਿਮ ‘ਚ ਰਹਿਣਾ ਪਵੇ, ਮਾਂ ਦਾ ਦਿਲ ਤਾਂ ਫਿਰ ਪੁੱਛਿਆ ਈ ਜਾਣੀਦੈ।”
ਮੈਂ ਇੱਕ ਲੰਮਾ ਸਾਹ ਭਰਿਆ ਤੇ ਪੁੱਛਿਆ, “ਵਿਆਹ ਤੋਂ ਪਹਿਲਾਂ ਅਮਨ ਦੀ ਦਿਮਾਗੀ ਹਾਲਤ ਦਾ ਨਹੀਂ ਪਤਾ ਸੀ ਤੇਰੇ ਮਾਂ-ਬਾਪ ਨੂੰ?”
“ਦੀਦੀ, ਕਿਹੜਾ ਭੜੂਆ ਪਤਾ ਕਰਦੈ ਪਿਛੋਕੜਾਂ ਦਾ, ਨਾਲੇ ਦਿਮਾਗੀ ਨੁਕਸਾਂ ਦਾ। ਜਦੋਂ ਕੈਨੇਡਾ ਆਲੀ ਪੂਛ ਲੱਗੀ ਹੁੰਦੀ ਐ ਕਿਸੇ ਨੂੰ, ਤਾਂ ਨ੍ਹੇਰੀ ਆ ਜਾਂਦੀ ਐ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਮੂਹਰੇ। ਫਿਰ ਇਹ ਤਾਂ ਆਪ ਚੱਲ ਕੇ ਆਇਆ ਸੀ, ਸਾਡੇ ਦਰ ‘ਤੇ।”
“ਆਪ ਕਿੱਦਾਂ?”
ਉਸ ਨੇ ਫੇਰ ਇੱਕ ਠੰਢਾ ਹੌਕਾ ਭਰਿਆ ਤੇ ਆਪਣੀਆਂ ਉਦਾਸ ਅੱਖਾਂ ਸਾਹਮਣੇ ਕੰਧ ਉਤੇ ਗੱਡ ਦਿੱਤੀਆਂ, ਠੋਡੀ ਨੂੰ ਸੱਜੇ ਹੱਥ ਨਾਲ ਮਲਦੀ ਬੋਲੀ, “ਮੈਂ ਦਸਵੀਂ ‘ਚ ਪੜ੍ਹਦੀ ਸਾਂ, ਆਪਣੇ ਪਿੰਡ ਦੇ ਸਕੂਲ ‘ਚ। ਇੱਕ ਦਿਨ ਜਦੋਂ ਅਸੀਂ ਪਲੇਅ-ਗਰਾਊਂਡ ‘ਚ ਖੋਹ-ਖੋਹ ਖੇਲ ਰਹੀਆਂ ਸਾਂ ਤਾਂ ਅਸੀਂ ਹੈਡਮਾਸਟਰ ਦੇ ਦਫਤਰ ਵੱਲ ਤਿੰਨ ਜਨਾਨੀਆਂ ਤੇ ਦੋ ਬੰਦਿਆਂ ਨੂੰ ਜਾਂਦੇ ਦੇਖਿਆ। ਬੜੇ ਮਹਿੰਗੇ ਪਰਸ, ਬੋਟੀਕ ਦੇ ਸੂਟ ਤੇ ਸੋਨੇ ਨਾਲ ਲੱਦੀਆਂ ਹੋਈਆਂ ਸਨ ਉਹ। ਅਸੀਂ ਘੁਸਰ-ਮੁਸਰ ਕਰਨ ਲੱਗੀਆਂ ਕਿ ਬਾਹਰੋਂ ਆਏ ਲੱਗਦੇ ਨੇ। ਥੋੜ੍ਹੀ ਦੇਰ ਬਾਅਦ ਸਾਡੇ ਵਿਚੋਂ ਦੋ ਤਿੰਨ ਕੁੜੀਆਂ ਨੂੰ ਅੰਦਰ ਬੁਲਾਇਆ ਗਿਆ। ਔਰਤਾਂ ਨੇ ਸਾਡੇ ਨਾਲ ਗੱਲਬਾਤ ਕੀਤੀ। ਨਾਲ ਆਏ ਬੰਦੇ ਸਾਨੂੰ ਘੂਰ ਘੂਰ ਦੇਖੀ ਜਾਣ। ਲਗਦਾ ਸੀ ਜਿਵੇਂ ਪਿਓ-ਪੁੱਤਰ ਹੋਣ। ਪੁੱਤਰ ਦੀ ਦਾੜ੍ਹੀ ਵਧੀ ਹੋਈ, ਸਿਰੋਂ ਗੰਜਾ, ਪੀਲਾ ਸੁਸਤ ਜਿਹਾ ਚਿਹਰਾ, ਦੇਖ ਕੇ ਜਿਵੇਂ ਡਰ ਆਵੇ।
‘ਇਹ ਜਨੌਰ ਜਿਹਾ ਕੌਣ ਸੀ?’ ਜਦੋਂ ਮੇਰੀ ਸਹੇਲੀ ਨੇ ਕਿਹਾ, ਅਸੀਂ ਬਹੁਤ ਹੱਸੀਆਂ।
ਗੱਲ ਆਈ ਗਈ ਹੋ ਗਈ, ਸਾਡਾ ਸਕੂਲ ਆਉਣਾ ਜਾਣਾ ਚਲਦਾ ਰਿਹਾ। ਹਫਤੇ ਕੁ ਬਾਅਦ ਹੀ ਬੀਜੀ ਤੇ ਪਾਪਾ ਜੀ ਨੇ ਮੈਨੂੰ ਕੋਲ ਬਿਠਾ ਲਿਆ, ਕਹਿਣ ਲੱਗੇ ਕਿ ਤੇਰੇ ਲਈ ਕੈਨੇਡਾ ਤੋਂ ਰਿਸ਼ਤਾ ਆਇਆ ਹੈ। ਖੁਸ਼ੀ ਨਾਲ ਉਨ੍ਹਾਂ ਦੇ ਚਿਹਰੇ ਦਗ ਦਗ ਕਰ ਰਹੇ ਸਨ। ਕਹਿੰਦੇ, ਉਨ੍ਹਾਂ ਨੇ ਬਾਰਾਂ ਪਿੰਡਾਂ ਦੇ ਸਕੂਲਾਂ ‘ਚ ਜਾ ਕੇ ਕੁੜੀਆਂ ਦੇਖੀਆਂ ਪਰ ਪਸੰਦ ਸਿਰਫ ਤੂੰ ਹੀ ਆਈ ਏ ਮੁੰਡੇ ਨੂੰ। ਅਸੀਂ ਤਾਂ ਗੱਲ ਪੱਕੀ ਕਰ ਦਿੱਤੀ ਐ।
ਮੈਂ ਡੌਰ-ਭੌਰ ਜਿਹੀ ਉਨ੍ਹਾਂ ਦੇ ਮੂੰਹ ਵੱਲ ਤੱਕਣ ਲੱਗੀ। ਦਿਲ ਦੀ ਧੜਕਣ ਵਧ ਗਈ। ਚੇਤਿਆਂ ‘ਚ ਉਹੀ ਤੈਰ ਆਇਆ ਜੋ ਪ੍ਰਿੰਸੀਪਲ ਦੇ ਦਫਤਰ ‘ਚ ਦੇਖਿਆ ਸੀ।
‘ਪਰ…ਬੀਜੀ, ਤੁਸੀਂ ਆਹ ਕੀ ਕੀਤਾ? ਮੈਨੂੰ ਪੁੱਛੇ ਬਿਨਾ? ਮੈਂ ਦੇਖਿਆ ਹੋਇਐ ਉਹਨੂੰ, ਜਿਸ ਦੀ ਤੁਸੀਂ ਗੱਲ ਕਰ ਰਹੇ ਹੋ? ਮੈਂ ਨਹੀਂ ਉਹਦੇ ਨਾਲ਼.. ਮੈਂ ਤਾਂ ਹਜੇ ਹੋਰ ਪੜ੍ਹਨੈ।’ ਮੈਂ ਤਰਲਾ ਕੀਤਾ।
‘ਪੜ੍ਹ ਕੇ ਤੂੰ ਹੁਣ ਵਕੀਲ ਬਣਨੈ? ਅਗਲੇ ਆਪ ਚੱਲ ਕੇ ਆਏ ਨੇ ਸਾਡੇ ਘਰ। ਲੋਕ ਤਾਂ ਮੱਖੀਆਂ ਦੀ ਤਰ੍ਹਾਂ ਭਿਣਕਦੇ ਫਿਰਦੇ ਨੇ ਉਨ੍ਹਾਂ ਦੇ ਘਰ ਰਿਸ਼ਤੇ ਲਈ। ਮੁੰਡਾ ਕਹਿੰਦਾ, ਬੱਸ ਕੁੜੀ ਸੋਹਣੀ ਹੋਣੀ ਚਾਹੀਦੀ ਐ, ਹੋਰ ਕੁਝ ਨਹੀਂ ਚਾਹੀਦਾ।’ ਬੀਜੀ ਨੇ ਸੌ ਦੀ ਇੱਕ ਸੁਣਾਈ।
‘ਮੈਨੂੰ ਤਾਂ ਤੁਸੀਂ ਕੋਈ ਐਥੇ ਦਾ ਈ ਲੱਭ ਦਿਓ…ਮੈਂ ਨਹੀਂ ਬਾਹਰ ਜਾਣਾ। ਸੇਵਾ ਕਰੂੰਗੀ ਥੋਡੀ। ਕੀ ਪਿਐ ਅਮਰੀਕਾ-ਕਨੇਡਾ ‘ਚ।’ ਮੈਂ ਫੇਰ ਦੁਹਾਈ ਪਾਈ।
‘ਆਹ ਜਿਹੜੇ ਦੋ ਵਿਹਲੜ ਫਿਰਦੇ ਨੇ ਤੇਰੇ ਭਰਾ ਤੇ ਤੇਰੀ ਵੱਡੀ ਭੈਣ ਜਿਹਨੂੰ ਐਮ.ਏ. ਕਰਕੇ ਵੀ ਨੌਕਰੀ ਨਹੀਂ ਮਿਲੀ, ਇਨ੍ਹਾਂ ਦਾ ਕੀ ਬਣੂੰ? ਮੇਰੀ ਚਾਰ ਸਿਆੜਾਂ ਦੀ ਖੇਤੀ ‘ਚੋਂ ਤਾਂ ਰੋਟੀ-ਪਾਣੀ ਮਸੀਂ ਚਲਦੈ। ਜੇ ਬਾਹਰ ਜਾਏਂਗੀ ਤਾਂ ਇਨ੍ਹਾਂ ਦਾ ਵੀ ਕਲਿਆਣ ਕਰਨ ਜੋਗੀ ਹੋਏਂਗੀ… ਬੜੇ ਰਮਾਨ ਨਾਲ ਕਹਿਤਾ, ਅਖੇ ਮੈਂ ਨੀ ਜਾਣਾ ਬਾਹਰ। ਮੈਂ ਤਾਂ ਕਹਿਨਾਂ, ਪਤਾ ਨੀ ਮੈਂ ਕਿਹੜੇ ਮੋਤੀ ਦਾਨ ਕੀਤੇ ਸੀ ਪਿਛਲੇ ਜਨਮ ‘ਚ, ਜੋ ਆਹ ਰਿਸ਼ਤਾ ਆਇਐ।’ ਬਾਪ ਨੂੰ ਆਪਣੇ ਹੋਣ ਵਾਲੇ ਜਵਾਈ ਦੇ ਗੰਜ ਉਪਰ ਕੈਨੇਡਾ ਦਾ ਉਕਰਿਆ ਨਕਸ਼ਾ ਨਜ਼ਰ ਆ ਗਿਆ ਸੀ।
‘ਪੁੱਤ, ਅਜੰਟ ਤਾਂ ਚਾਲੀ ਚਾਲੀ ਲੱਖ ਮੰਗਦੇ ਨੇ ਇੱਕ ਬੰਦੇ ਨੂੰ ਬਾਹਰ ਲਿਜਾਣ ਦਾ। ਜੇ ਤੂੰ ਅੜ ਗਈ ਤਾਂ ਆਪਣੇ ਲੁੰਗ-ਲਾਣੇ ਦਾ ਕੀ ਬਣੂੰ? ਚੱਲ ਮੇਰੀ ਬੀਬੀ ਧੀ, ਮੂੰਹ-ਹੱਥ ਧੋ ਤੇ ਕੱਪੜੇ ਬਦਲ ਲੈ। ਦੋ ਕੁ ਘੰਟੇ ਨੂੰ ਉਹ ਆਏ ਖੜ੍ਹੇ ਨੇ ਤੈਨੂੰ ਸ਼ਗਨ ਪਾਉਣ।’ ਮਾਂ ਨੇ ਪੁਚਕਾਰਿਆ।
ਮੈਂ ਪੱਥਰ ਦੀ ਤਰ੍ਹਾਂ ਬੈਠੀ ਬੱਸ ਮਨੋ-ਮਨ ਰੱਬ ਨਾਲ ਈ ਸ਼ਿਕਵਾ ਕਰ ਰਹੀ ਸੀ, ‘ਹੇ ਰੱਬਾ, ਕਿਉਂ ਬਣਾਇਆ ਤੂੰ ਮੈਨੂੰ ਇੰਨੀ ਸੋਹਣੀ? ਮੈਂ ਤਾਂ ਨੀ ਕਿਹਾ ਸੀ ਤੈਨੂੰ…ਤੇ ਲੇਖ ਕਿਉਂ ਲਿਖੇ ਫੇਰ ਐਹੋ ਜਿਹੇ? ਕਿੰਨਾ ਕੋਝਾ ਮਜ਼ਾਕ ਕੀਤਾ ਤੂੰ ਮੇਰੇ ਨਾਲ। ਭੈਣ-ਭਰਾਵਾਂ ‘ਚੋਂ ਸਭ ਤੋਂ ਛੋਟੀ…ਬਲੀ ਮੈਨੂੰ ਦੇਣੀ ਪੈ ਰਹੀ ਏ। ਇਹ ਕਿੱਥੋਂ ਦਾ ਇਨਸਾਫ ਐ?’ ਬੱਸ ਅੱਜ ਤੱਕ ਇਨ੍ਹਾਂ ਸੁਆਲਾਂ ਦੇ ਜੁਆਬ ਨਹੀਂ ਮਿਲੇ, ਦੀਦੀ…।”
ਮੈਂ ਚੁੱਪਚਾਪ ਬੈਠੀ ਉਸ ਦੇ ਦਰਦ ਦੇ ਦਰਿਆ ‘ਚ ਡੂੰਘੀ ਉਤਰ ਚੁਕੀ ਸਾਂ।
“ਦੀਦੀ, ਸਾਰੇ ਭੈਣ-ਭਰਾ ਆਪੋ ਆਪਣੇ ਪਰਿਵਾਰਾਂ ‘ਚ ਬਿਜ਼ੀ ਨੇ। ਕਹਿੰਦੇ, ਅਮਨ ਬਹੁਤ ਤੰਗ ਕਰਦੈ ਸਾਨੂੰ। ਦੂਰ ਕਿਸੇ ਹੋਰ ਸ਼ਹਿਰ ਲੈ ਜਾ ਇਹਨੂੰ, ਸ਼ਾਇਦ ਠੀਕ ਹੋ ਜੇ। ਸਾਡਾ ਐਵੇਂ ਜੀਣਾ ਹਰਾਮ ਕੀਤੈ ਇਹਨੇ। ਬਿਨਾ ਬੁਲਾਏ ਆ ਜਾਂਦੈ। ਆਪਣੇ ਘਰ ਦੀਆਂ ਪ੍ਰਾਬਲਮਾਂ ਆਪ ਸੁਲਝਾਓ। ਕਿੰਨੀ ਇਕੱਲੀ ਆਂ ਮੈਂ ਇਸ ਭਰੀ ਦੁਨੀਆਂ ‘ਚ!” ਕਹਿੰਦਿਆਂ ਉਹਦਾ ਗਲਾ ਫੇਰ ਭਰ ਆਇਆ।
“ਲੈ ਕਮਲੀ ਨਾ ਹੋਵੇ ਤਾਂ…ਅਸੀਂ ਸਾਰੇ ਤੇਰੇ ਨਾਲ ਆਂ।” ਕਿੰਨੀ ਦੇਰ ਤੋਂ ਭਰੇ ਮਨ ਨਾਲ ਚੁੱਪ ਬੈਠੀ ਸ਼ਰਨ ਦੀ ਮਾਮੀ ਉਸ ਨੂੰ ਬੁੱਕਲ ‘ਚ ਲੈ ਵਰਚਾਉਣ ਲੱਗੀ। ਮੈਂ ਉਸ ਦੇ ਦੋਨੋਂ ਹੱਥ ਘੁੱਟ ਕੇ ਫੜ੍ਹੇ ਹੋਏ ਸਨ।
ਬਾਹਰ ਨਿਕਲ ਕੇ ਜਦੋਂ ਮੈਂ ਕਾਰ ‘ਚ ਆ ਬੈਠੀ ਤਾਂ ਸ਼ਰਨ ਦੀਆਂ ਗੱਲਾਂ ਹਾਲੇ ਵੀ ਮੇਰਾ ਕਲੇਜਾ ਲੂੰਹਦੀਆਂ ਮੈਨੂੰ ਪ੍ਰੇਸ਼ਾਨ ਕਰੀ ਜਾ ਰਹੀਆਂ ਸਨ। ਮੇਰੇ ਕੰਨਾਂ ‘ਚ ਸ਼ਰਨ ਦੇ ਬੋਲ ਕੰਬ ਰਹੇ ਸਨ, “ਕਿੰਨੀ ਇਕੱਲੀ ਆ ਮੈਂ ਇਸ ਭਰੀ ਦੁਨੀਆਂ ‘ਚ।” ਮੇਰੀਆਂ ਅੱਖਾਂ ‘ਚੋਂ ਅੱਥਰੂ ਵਗ ਤੁਰੇ। ਮਨ ਤਾਂ ਚਾਹੁੰਦਾ ਸੀ ਕਿ ਸ਼ਰਨ ਦੇ ਕੋਲ ਹੀ ਬੈਠੀ ਰਹਾਂ ਪਰ ਆਪਣੇ ਘਰ ਬਾਰੇ ਸੋਚਦਿਆਂ ਮੈਂ ਮਸੋਸੇ ਮਨ ਨਾਲ ਕਾਰ ਸਟਾਰਟ ਕਰ ਲਈ।