ਭਾਰਤ ਤੇ ਪਾਕਿਸਤਾਨ ਗੱਲਬਾਤ ਦੇ ਦਰਵਾਜੇ ਖੁਲ੍ਹੇ ਰੱਖਣਾ

ਗੁਲਜ਼ਾਰ ਸਿੰਘ ਸੰਧੂ
ਪਿਛਲੇ ਦਿਨੀਂ ਰਾਅ ਦੇ ਸਾਬਕਾ ਮੁਖੀ ਅਮਰਜੀਤ ਸਿੰਘ ਦੁੱਲਤ ਨੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਆਪਸੀ ਖਹਿਬਾਜ਼ੀ ਬੰਦ ਕਰਨ ਤੇ ਗੱਲਬਾਤ ਦਾ ਸਿਲਸਿਲਾ ਬੰਦ ਕਰਨ ਦੀ ਬੱਜਰ ਗਲਤੀ ਨਾ ਕਰਨ। ਦੋਹਾਂ ਧਿਰਾਂ ਨੂੰ ਚੇਤੇ ਰੱਖਣ ਦੀ ਲੋੜ ਹੈ ਕਿ ਫੌਜੀ ਕਾਰਵਾਈ ਅਜਿਹੇ ਮਸਲਿਆਂ ਦਾ ਹੱਲ ਨਹੀਂ ਹੁੰਦੀ, ਅਤਿਵਾਦ ਤਾਂ ਉਕਾ ਹੀ ਨਹੀਂ। ਸਿਆਸੀ ਤੇ ਮਨੋਵਿਗਿਆਨਕ ਸੋਚ ਅਪਨਾਉਣ ਦੀ ਲੋੜ ਹੈ। ਇਥੋਂ ਤੱਕ ਕਿ ਤਾਲਿਬਾਨ ਵਰਗੀਆਂ ਜਥੇਬੰਦੀਆਂ ਨਾਲ ਵੀ ਗੱਲ ਕਰਨੀ ਲਾਹੇਵੰਦ ਹੋ ਸਕਦੀ ਹੈ। ਸਾਰਕ ਦੇਸ਼ਾਂ ਦੀ ਸ਼ਮੂਲੀਅਤ ਹੋਰ ਵੀ ਲਾਭਕਾਰੀ ਹੋਵੇਗੀ।

ਜਨਾਬ ਦੁੱਲਤ ਨੇ ਸਿੱਕਮ ਤੇ ਨੇਪਾਲ ਦਾ ਨਾਂ ਉਚੇਚੇ ਤੌਰ ‘ਤੇ ਲਿਆ, ਭਾਵੇਂ ਬੰਗਲਾ ਦੇਸ਼, ਮਾਲਦੀਵ ਤੇ ਸ੍ਰੀਲੰਕਾ ਵੀ ਹੱਥ ਵਟਾ ਸਕਦੇ ਹਨ। ਉਸ ਦੀ ਸੋਚ ਅਨੁਸਾਰ ਰੂਸ, ਚੀਨ ਤੇ ਅਮਰੀਕਾ ਵੀ ਜਾਣੂੰ ਹਨ। ਵਾਰਤਾਲਾਪ ਤੋਂ ਕੰਨੀ ਕਤਰਾਉਣਾ ਅੰਤਾਂ ਦੀ ਮੂਰਖਤਾ ਹੈ। ਖਾਸ ਕਰਕੇ ਉਸ ਸਮੇਂ ਜਦੋਂ ਪਾਕਿਸਤਾਨ ਦੀ ਵਾਗਡੋਰ ਇਮਰਾਨ ਖਾਨ ਵਰਗੀ ਹਸਤੀ ਦੇ ਹੱਥ ਹੈ, ਜਿਸ ਦੀ ਉਥੋਂ ਦੀ ਫੌਜ ਨਾਲ ਬਣਦੀ ਹੈ।
ਜਨਾਬ ਦੁੱਲਤ ਨੇ ਇਨ੍ਹਾਂ ਮਾਮਲਿਆਂ ਵਿਚ ਮਰਹੂਮ ਨੇਤਾ ਵਾਜਪਾਈ ਦੀ ਧਾਰਨਾ ਨੂੰ ਅੱਗੇ ਤੋਰਨ ਦੀ ਗੱਲ ਕੀਤੀ। ਉਹ ਪੀਪਲਜ਼ ਕਨਵੈਨਸ਼ਨ ਸੈਂਟਰ, ਚੰਡੀਗੜ੍ਹ ਵਿਖੇ ਦੱਖਣੀ ਏਸ਼ੀਆ ਤੇ ਭਾਰਤ ਲਈ ਵੰਗਾਰ ਬਣੇ ਮਸਲਿਆਂ ‘ਤੇ ਬੋਲ ਰਹੇ ਸਨ। ਉਨ੍ਹਾਂ ਦਾ ਮੱਤ ਹੈ ਕਿ ਆਪਸੀ ਸੋਚ ਨੂੰ ਤਾਂ ਜਾਨਵਰ ਵੀ ਤਿਲਾਂਜਲੀ ਨਹੀਂ ਦਿੰਦੇ, ਮਾਨਸ ਜਾਤ ਕਿਉਂ ਦੇਵੇ? ਉਨ੍ਹਾਂ ਉਹ ਗੱਲ ਅੱਗੇ ਤੋਰੀ ਹੈ, ਜਿਸ ਨੂੰ ਕੱਲ ਦੇ ਭਾਰਤ ਤੇ ਪਾਕਿਸਤਾਨ ਨੂੰ ਅੰਤਾਂ ਦਾ ਲਾਭ ਹੋ ਸਕਦਾ ਹੈ। ਕੇਂਦਰ ਦੀ ਸਰਕਾਰ ਨੂੰ ਕੌਣ ਸਮਝਾਵੇ!
ਗੁਰਮੁਖੀ ਲਿਪੀ ਵਿਚ ਸਾਹਿਰ ਦੀ ‘ਤਲਖੀਆਂ’: ਮੇਰੇ ਸਾਹਮਣੇ ਟੀ. ਐਨ. ਰਾਜ਼ ਵਲੋਂ ਗੁਰਮੁਖੀ ਲਿਪੀਅੰਤਰ ਵਾਲੀ ਸਾਹਿਰ ਲੁਧਿਆਣਵੀ ਦੀ ‘ਤਲਖੀਆਂ’ ਪਈ ਹੈ, ਗੀਤਾਂ, ਗਜ਼ਲਾਂ ਤੇ ਨਜ਼ਮਾਂ ਸਮੇਤ। ਸਾਹਿਰ 25 ਅਕਤੂਬਰ 1980 ਨੂੰ 60 ਵਰ੍ਹੇ ਦੀ ਉਮਰ ਭੋਗ ਕੇ ਅਚਾਨਕ ਹੀ ਤੁਰ ਗਿਆ ਸੀ। ਉਹ ਪੰਜਾਬੀ ਸੀ, ਲੁਧਿਆਣੇ ਦਾ ਜੰਮਪਲ। ਅੰਮ੍ਰਿਤਾ ਪ੍ਰੀਤਮ ਉਹਦੇ ਉਤੇ ਏਨੀ ਫਿਦਾ ਸੀ ਕਿ ਅੰਮ੍ਰਿਤਾ ਦੇ ਲਿਖਣ ਅਨੁਸਾਰ ਦੇਸ਼ ਵੰਡ ਤੋਂ ਪਹਿਲਾਂ ਜਦੋਂ ਲਾਹੌਰ ਵਿਖੇ ਸਾਹਿਰ ਅੰਮ੍ਰਿਤਾ ਨੂੰ ਮਿਲਣ ਜਾਂਦਾ ਸੀ ਤਾਂ ਸਾਹਮਣੇ ਬਹਿ ਕੇ ਚੁੱਪ ਚਾਪ ਸਿਗਰਟਾਂ ਫੂਕਦਾ ਰਹਿੰਦਾ ਸੀ। ਤੇ ਜਦ ਰਾਖਦਾਨੀ ਸਿਗਰਟਾਂ ਦੇ ਟੁਕੜਿਆਂ ਨਾਲ ਭਰ ਜਾਂਦੀ ਤਾਂ ਤੁਰ ਜਾਂਦਾ। ਉਹਦੇ ਜਾਣ ਪਿਛੋਂ ਅੰਮ੍ਰਿਤਾ ਇਕੱਲੀ ਰਹਿ ਜਾਂਦੀ ਤਾਂ ਉਹਦੇ ਸੁੱਟੇ ਸਿਗਰਟਾਂ ਦੇ ਟੁਕੜੇ ਜਲਾ ਕੇ ਪੀਂਦੀ ਰਹਿੰਦੀ।
ਅੰਮ੍ਰਿਤਾ ਦੇ ਮਰਦੇ ਦਮ ਤੱਕ ਉਸ ਦਾ ਸਾਥ ਦੇਣ ਵਾਲਾ ਇਮਰੋਜ਼ ਇਸ ਤਰ੍ਹਾਂ ਪੇਸ਼ ਕਰਦਾ ਹੈ, “ਸਾਹਿਰ ਨੇ ਅੰਮ੍ਰਿਤਾ ਨੂੰ ਸਿਗਰਟ ਦੀ ਲਤ ਲਾਉਣ ਤੋਂ ਵੱਧ ਕੁਝ ਨਹੀਂ ਖੱਟਿਆ-ਖਟਾਇਆ।” ਖੈਰ!
1947 ਵਿਚ ਸਾਹਿਰ ਪਾਕਿਸਤਾਨ ਚਲਾ ਗਿਆ ਤਾਂ ਖਵਾਜਾ ਅਹਿਮਦ ਅੱਬਾਸ ਨੇ ਆਪਣੇ ਕਾਲਮ ਵਿਚ ਸਾਹਿਰ ਨੂੰ ਖੁੱਲ੍ਹੀ ਚਿੱਠੀ ਲਿਖ ਕੇ ਸਾਰੇ ਤਰੱਕੀ ਪਸੰਦ ਅਦੀਬਾਂ ਨੂੰ ਝਾੜ ਪਾਈ, ਜੋ ਆਪਣੀ ਜਨਮ ਭੋਂ ਛੱਡ ਕੇ ਧਰਮ ਦੇ ਆਧਾਰ ‘ਤੇ ਬਣੇ ਪਾਕਿਸਤਾਨ ਦੇ ਵਸਨੀਕ ਬਣ ਗਏ ਸਨ। ਉਸ ਚਿੱਠੀ ਨੇ ਸਾਹਿਰ ਦੇ ਮਨ ‘ਤੇ ਏਨਾ ਪ੍ਰਭਾਵ ਪਾਇਆ ਕਿ ਉਹ ਭਾਰਤ ਪਰਤ ਆਇਆ। 1949 ਵਿਚ ਕੁਝ ਮਹੀਨੇ ਦਿੱਲੀ ਰਹਿ ਕੇ ਆਪਣੀ ਸ਼ਾਇਰੀ ਦੀ ਖੁਸ਼ਬੂ ਵੰਡਣ ਪੱਕੇ ਤੌਰ ‘ਤੇ ਮੁੰਬਈ ਤੁਰ ਗਿਆ। ਉਨ੍ਹੀਂ ਦਿਨੀਂ ਮੈਂ ਕਾਲਜ ਦਾ ਵਿਦਿਆਰਥੀ ਸਾਂ। ਸਾਹਿਰ ਲੁਧਿਆਣਵੀ ਦੀ ‘ਤਾਜ ਮਹੱਲ’ ਨਾਂ ਦੀ ਕਵਿਤਾ ਸਾਨੂੰ ਸਭਨਾਂ ਨੂੰ ਚੰਗੀ ਲਗਦੀ ਸੀ, ਜਿਸ ਵਿਚ ਉਹ ਆਪਣੀ ਮਹਿਬੂਬ ਨੂੰ ਤਾਜ ਮਹੱਲ ਦੀ ਥਾਂ ਕਿਧਰੇ ਹੋਰ ਮਿਲਣ ਲਈ ਕਹਿੰਦਾ ਹੈ। ਪੇਸ਼ ਹਨ, ਕੁਝ ਸ਼ਿਅਰ:
ਅਨਗਿਨਤ ਲੋਗੋਂ ਨੇ ਦੁਨੀਆਂ ਮੇ ਮੁਹੱਬਤ ਕੀ ਹੈ
ਕੌਨ ਕਹਿਤਾ ਹੈ ਕਿ ਸਾਦਿਕ ਨਾ ਥੇ ਜਜ਼ਬੇ ਉਨ ਕੇ।
ਯੇ ਚਮਨਜ਼ਾਰ, ਯੇ ਜਮਨਾ ਦਾ ਕਿਨਾਰਾ, ਯੇ ਮਹੱਲ
ਯੇ ਮੁਨਕਸ਼ ਦਰ-ਓ-ਦੀਵਾਰ, ਯੇ ਮਹਰਾਬ, ਯੇ ਤਾਕ।
ਇਕ ਸਹਨਸ਼ਾਹ ਨੇ ਦੌਲਤ ਕਾ ਲੇ ਕਰ ਸਹਾਰਾ
ਹਮ ਗਰੀਬੋਂ ਕੀ ਮੁਹੱਬਤ ਕਾ ਉੜਾਇਆ ਹੈ ਮਜ਼ਾਕ।
ਮੇਰੀ ਮਹਿਬੂਬ! ਕਹੀਂ ਔਰ ਮਿਲਾ ਕਰ ਮੁਝ ਕੋ…।
ਖਿਮਾ ਕਰਨਾ, ਇਸ ਨਜ਼ਮ ਦੇ ਕਈ ਟੋਟਕੇ ਕੱਟ ਦਿੱਤੇ ਹਨ, ਜਿਨ੍ਹਾਂ ਵਿਚ ਏਨੇ ਮੁਸ਼ਕਿਲ ਸ਼ਬਦ ਹਨ ਕਿ ਪਾਠਕ ਨੂੰ ਉਰਦੂ ਹੀ ਨਹੀਂ, ਅਰਬੀ-ਫਾਰਸੀ ਦੀਆਂ ਡਿਕਸ਼ਨਰੀਆਂ ਦੀ ਲੋੜ ਪੈ ਸਕਦੀ ਹੈ। ਉਦੋਂ ਸਾਨੂੰ ਉਨ੍ਹਾਂ ਸ਼ਬਦਾਂ ਦੇ ਅਰਥ ਉਰਦੂ-ਫਾਰਸੀ ਦੇ ਪ੍ਰੋਫੈਸਰ ਅਵਤਾਰ ਸਿੰਘ ਢੋਡੀ ਨੇ ਸਮਝਾਏ ਸਨ।
ਟੀ. ਐਨ. ਰਾਜ਼ ਦੀ ਖੂਬੀ ਇਸ ਵਿਚ ਹੈ ਕਿ ਉਸ ਨੇ ਮੁਸ਼ਕਿਲ ਸ਼ਬਦਾਂ ਦੇ ਅਰਥ ਹਰ ਪੰਨੇ ਵਿਚ ਫੁਟ ਨੋਟ ਵਜੋਂ ਦਿੱਤੇ ਹਨ। ਕੁਝ ਪੰਨਿਆਂ ‘ਤੇ ਰਾਜ਼ ਨੂੰ 16 ਲਾਈਨਾਂ ਵਿਚੋਂ 24 ਸ਼ਬਦਾਂ ਦੇ ਅਰਥ ਲਿਖਣੇ ਪਏ; 16 ਵਿਚੋਂ 16 ਤਾਂ ਆਮ ਹੀ ਹਨ। ਰਾਜ਼ ਦੀ ਮਿਹਨਤ ਦੇਖ ਕੇ ਸਮਝ ਆਈ ਕਿ ਸਾਹਿਰ ਦੀ ਕਵਿਤਾ ਹਰਮਨ ਪਿਆਰੀ ਕਿਉਂ ਨਾ ਹੋ ਸਕੀ? ਕਵਿਤਾ ਵਿਚ ਏਨੇ ਮੁਸ਼ਕਿਲ ਸ਼ਬਦਾਂ ਦੀ ਵਰਤੋਂ ਦਸਦੀ ਹੈ ਕਿ ਸਾਹਿਰ ਇਸ ਸੁਹਜ-ਏ-ਕਮਤਰੀ ਦਾ ਸ਼ਿਕਾਰ ਸੀ ਜਾਂ ਮਾਨਸਿਕ ਬੇਚੈਨੀ ਦਾ। ਉਸ ਦਾ ਲਗਾਤਾਰ ਸਿਗਰਟ ਪੀਣਾ ਵੀ ਇਸ ਦੀ ਪੁਸ਼ਟੀ ਕਰਦਾ ਹੈ। ਇੱਕ ਬੁੱਧੀਜੀਵੀ ਮਰਜ਼।
ਇਹ ਦੱਸਣਾ ਜ਼ਰੂਰੀ ਹੈ ਕਿ ਫਿਲਮ ਤਾਜ ਮਹੱਲ ਲਈ ਵਧੀਆ ਗੀਤ ਲਿਖਣ ਕਰਕੇ ਉਸ ਨੂੰ ਉਤਮ ਗੀਤਕਾਰ ਦਾ ਫਿਲਮ ਫੇਅਰ ਐਵਾਰਡ ਮਿਲਿਆ। ਉਹ 1971 ਵਿਚ ਪਦਮਸ਼੍ਰੀ ਸਨਮਾਨ ਦਾ ਭਾਗੀ ਵੀ ਹੋਇਆ। ਭਾਰਤ ਸਰਕਾਰ ਨੇ 8 ਮਾਰਚ 2013 ਨੂੰ ਉਸ ਦੇ ਜਨਮ ਦਿਨ ਉਤੇ ਉਸ ਦੇ ਨਾਂ ਦਾ ਯਾਦਗਾਰੀ ਟਿਕਟ ਵੀ ਜਾਰੀ ਕੀਤਾ। ਇਹ ਮਾਣ ਸਨਮਾਨ ਉਸ ਨੂੰ ਗੀਤਕਾਰੀ ਸਦਕਾ ਮਿਲੇ। ਗੀਤ ਸੌਖੇ ਨਾ ਲਿਖਣੇ ਉਸ ਦੀ ਮਜਬੂਰੀ ਸੀ।
ਮੇਰੀਆਂ ਗੱਲਾਂ ਪੜ੍ਹ ਕੇ ਨਿਰਾਸ਼ ਹੋਣ ਵਾਲੇ ਪਾਠਕਾਂ ਲਈ ਮੈਂ ਸਾਹਿਰ ਦੀਆਂ ਕੁਝ ਸਹਿਜ, ਸੁਹਲ ਤੇ ਸਰਲ ਟੂਕਾਂ ਪੇਸ਼ ਕਰਨਾ ਚਾਹਾਂਗਾ:
1. ਚੰਦ ਕਲੀਆਂ ਨਿਸ਼ਾਤ ਕੀ ਚੁਨ ਕਰ
ਮੁੱਦਤੋਂ ਮਹਿਨ-ਏ-ਯਾਸ ਰਹਿਤਾ ਹੂੰ।
ਤੇਰਾ ਮਿਲਨਾ ਖੁਸ਼ੀ ਕੀ ਬਾਤ ਸਹੀ
ਤੁਝ ਕੋ ਮਿਲ ਕਰ ਉਦਾਸ ਰਹਿਤਾ ਹੂੰ।
2. ਔਰਤ ਨੇ ਜਨਮ ਦੀਆ ਮਰਦੋਂ ਕੋ
ਮਰਦੋਂ ਨੇ ਉਸੇ ਬਾਜ਼ਾਰ ਦੀਆ।
ਜਬ ਜੀ ਚਾਹਾ ਕੁਚਲਾ ਮਸਲਾ
ਜਬ ਜੀ ਚਾਹਾ ਦੁਤਕਾਰ ਦੀਆ।
3. ਕਲ ਔਰ ਆਏਂਗੇ ਨਗਮੋਂ ਕੀ
ਖਿਲਤੀ ਕਲੀਆਂ ਚੁਨਨੇ ਵਾਲੇ।
ਮੁਝ ਸੇ ਬਿਹਤਰ ਕਹਿਨੇ ਵਾਲੇ
ਤੁਮਸੇ ਬਿਹਤਰ ਸੁਨਨੇ ਵਾਲੇ।
ਮੈਂ ਪਲ ਦੋ ਪਲ ਕਾ ਸ਼ਾਇਰ ਹੂੰ
ਪਲ ਦੋ ਪਲ ਮੇਰੀ ਕਹਾਨੀ ਹੈ।
ਕਿੱਸੇ-ਕਹਾਣੀਆਂ ਵੀ ਖੂਬ ਚੱਲੇ, ਜਿਨ੍ਹਾਂ ਵਿਚੋਂ ਪੰਜਾਬੀ ਲੇਖਿਕਾ ਅੰਮ੍ਰਿਤਾ ਪ੍ਰੀਤਮ ਦੀ ਗੱਲ ਹੋ ਚੁਕੀ ਹੈ। ਉਸ ਦਾ ਨਾਂ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨਾਲ ਵੀ ਜੁੜਿਆ ਤੇ ਸੁਧਾ ਮਲਹੋਤਰਾ ਨਾਲ ਵੀ। ਜਦੋਂ ਸੁਧਾ ਸ਼ਿਕਾਗੋ ਰੇਡੀਓ ਵਾਇਸ ਕੰਪਨੀ ਦੇ ਮਾਲਕ ਗਿਰਧਰ ਮੋਟਵਾਨੀ ਨਾਲ ਵਿਆਹ ਕਰਾ ਕੇ ਸੁਧਾ ਮੋਟਵਾਨੀ ਹੋ ਗਈ ਤਾਂ ਸਾਹਿਰ ਨੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਇੰਜ ਕੀਤਾ:
ਚਲੋ ਇਕ ਬਾਰ ਫਿਰ ਸੇ
ਅਜਨਬੀ ਬਨ ਜਾਏਂ ਹਮ ਦੋਨੋਂ।
ਨਾ ਮੈਂ ਤੁਝ ਸੇ ਕੋਈ
ਉਮੀਦ ਰਖੂੰ ਦਿਲਨਵਾਜ਼ੀ ਕੀ।
ਨਾ ਤੁਮ ਮੇਰੀ ਤਰਫ ਦੇਖੋ
ਗਲਤ ਅੰਦਾਜ਼ ਨਜ਼ਰੋਂ ਸੇ।
ਕੁਝ ਵੀ ਹੋਵੇ, ਮੈਂ ਟੀ. ਐਨ. ਰਾਜ਼ ਦਾ ਮਸ਼ਕੂਰ ਹੋਏ ਬਿਨਾ ਨਹੀਂ ਰਹਿ ਸਕਦਾ, ਜਿਸ ਨੇ ਮੈਨੂੰ ਆਪਣਾ ਵਿਦਿਆਰਥੀ ਜੀਵਨ ਚੇਤੇ ਕਰਵਾ ਦਿੱਤਾ ਹੈ। ਮੇਰੀ ਉਮਰ ਦੇ ਮੇਰੇ ਵਰਗੇ ਹੋਰ ਵੀ ਹੋਣਗੇ। ਮੁਬਾਰਕਾਂ!
ਅੰਤਿਕਾ: ਈਸ਼ਵਰ ਚਿੱਤਰਕਾਰ
ਖੁਸ਼ੀਆਂ ਅਤੇ ਗਮਾਂ ਦਾ ਸੰਜੋਗ ਹੈ ਸਦੀਵੀ
ਆਬਾਦ ਹੈ ਇਨ੍ਹਾਂ ਤੋਂ ਸੰਸਾਰ ਜ਼ਿੰਦਗੀ ਦਾ।