ਬਰਗਾੜੀ ਮੋਰਚਾ: ਯੇ ਰਾਸਤੇ ਹੈਂ ਬਹੁਤ ਮੁਸ਼ਕਿਲੇ…

ਕਰਮਜੀਤ ਸਿੰਘ
ਫੋਨ: 99150-91063
ਬਰਗਾੜੀ ਦੇ ਅੰਦਰ, ਬਰਗਾੜੀ ਦੇ ਬਾਹਰ ਪੰਜਾਬ ਵਿਚ ਅਤੇ ਬਾਹਰਲੇ ਮੁਲਕਾਂ ਵਿਚ ਇਸ ਸਮੇਂ ਸਲਾਹਾਂ, ਮਸ਼ਵਰਿਆਂ, ਤਜਵੀਜ਼ਾਂ ਤੇ ਸੁਝਾਵਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਹੈ। ਪਰ ਕਿਸ ਨੇ ਕੀਤਾ ਇਹ ਬਾਜ਼ਾਰ ਗਰਮ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਚੋਂ ਉਠੇ ਗੁੱਸੇ, ਰੋਸ ਤੇ ਦਰਦ ਨੂੰ ਇਕ ਥਾਂ ਉਤੇ, ਇਕ ਮੰਚ ਉਤੇ ਇਕੱਠਾ ਕਰਨ ਵਾਲੇ ਵੀਰ ਤੇ ਜਥੇਬੰਦੀਆਂ ਕਿਹੜੀਆਂ ਹਨ? ਸਪੱਸ਼ਟ ਹੈ ਕਿ ਇਹ ਮਾਣ ਬਰਗਾੜੀ ਮੋਰਚੇ ਵਾਲਿਆਂ ਨੂੰ ਹੀ ਜਾਂਦਾ ਹੈ ਅਤੇ ਜਾਣਾ ਚਾਹੀਦਾ ਵੀ ਹੈ।

ਬਰਗਾੜੀ ਵਿਚ ਹੁੰਮ ਹੁੰਮਾ ਕੇ ਜੋ ਹੁਣ ਲੋਕ ਪਹੁੰਚਣ ਲੱਗੇ ਹਨ ਅਤੇ ਜੇ ਇਹ ਮੋਰਚਾ ਪੰਜਾਬ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿਚੋਂ ਨਿਕਲ ਕੇ ਬਾਹਰਲੇ ਮੁਲਕਾਂ ਦੇ ਸਿੱਖਾਂ ਦੇ ਦਿਲਾਂ ਵਿਚ ਵਸਦਾ ਜਾ ਰਿਹਾ ਹੈ ਤਾਂ ਇਸ ਪਿੱਛੇ ਕਰੜੀ ਮਿਹਨਤ, ਮੁਸ਼ੱਕਤ ਤੇ ਪਸੀਨਾ ਵਹਾਉਣ ਵਾਲੇ ਕੌਣ ਹਨ? ਜਵਾਬ ਇਹੋ ਹੈ ਕਿ ਬਰਗਾੜੀ ਮੋਰਚੇ ਨੂੰ ਚਲਾਉਣ ਵਾਲੇ ਹੀ ਹਨ।
ਅਗਲਾ ਸਵਾਲ ਇਹ ਹੈ ਕਿ ਜਦੋਂ ਇਹ ਮੋਰਚਾ ਸਫਲਤਾ ਦੀਆਂ ਮੰਜ਼ਿਲਾਂ ਵੱਲ ਆਪਣਾ ਸਫਰ ਜਾਰੀ ਰੱਖ ਰਿਹਾ ਹੈ ਅਤੇ ਆਮ ਆਦਮੀ ਪਾਰਟੀ, ਲੋਕ ਇਨਸਾਫ ਪਾਰਟੀ ਅਤੇ ਇਥੋਂ ਤੱਕ ਕਿ ਹਿੰਦੂ ਜਥੇਬੰਦੀਆਂ ਨੂੰ ਵੀ ਆਪਣੇ ਵੱਲ ਖਿੱਚ ਰਿਹਾ ਹੈ ਅਤੇ ਉਨ੍ਹਾਂ ਦੀ ਸਰਗਰਮ ਅਤੇ ਖਾਮੋਸ਼ ਹਮਾਇਤ ਹਾਸਲ ਕਰ ਰਿਹਾ ਹੈ ਤਾਂ ਫਿਰ ਕਿਨ੍ਹਾਂ ਜਥੇਬੰਦੀਆਂ ਅਤੇ ਵੀਰਾਂ ਨੇ ਇਹ ਪਵਿੱਤਰ ਤੇ ਠੋਸ ਆਧਾਰ ਤਿਆਰ ਕੀਤਾ? ਕਿਨ੍ਹਾਂ ਨੇ ਇਸ ਦੀ ਨੀਂਹ ਰੱਖੀ? ਕੀ ਬਰਗਾੜੀ ਮੋਰਚੇ ਦੇ ਆਗੂਆਂ ਤੋਂ ਬਿਨਾਂ ਅਸੀਂ ਇਸ ਸਮੇਂ ਕੋਈ ਹੋਰ ਨਾਂ ਲੈ ਸਕਦੇ ਹਾਂ? ਬਿਲਕੁਲ ਨਹੀਂ।
ਮੋਰਚਾ ਸ਼ੁਰੂ ਹੋਣ ਦੇ ਤੀਸਰੇ ਦਿਨ ਹੀ ਸਰਕਾਰ ਆਪ ਚੱਲ ਕੇ ਜੇ ਬਰਗਾੜੀ ਮੋਰਚੇ ‘ਤੇ ਪਹੁੰਚ ਗਈ ਤਾਂ ਇਸ ਦੇ ਪਿੱਛੇ ਕਿਸ ਦੀ ਸਿਆਣਪ, ਸੁਚੱਜੀ ਰਾਜਨੀਤੀ ਅਤੇ ਦੂਰਅੰਦੇਸ਼ੀ ਕੰਮ ਕਰਦੀ ਹੈ? ਕੀ ਆਪਾਂ ਅਕਾਲੀ ਦਲ (ਅ), ਯੂਨਾਈਟਿਡ ਅਕਾਲੀ ਦਲ, ਸੁਤੰਤਰ ਅਕਾਲੀ ਦਲ, ਅਕਾਲੀ ਦਲ 1920, ਤਖਤ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ, ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਦਲ ਖਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਨੂੰ ਇਸ ਸਾਰੇ ਵਰਤਾਰੇ ਤੋਂ ਬਾਹਰ ਰੱਖ ਸਕਦੇ ਹਾਂ? ਕੀ ਅਸੀਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਕੁਰਬਾਨੀ ਅਤੇ ਦੂਰਅੰਦੇਸ਼ੀ ਨੂੰ ਨਜ਼ਰਅੰਦਾਜ਼ ਕਰ ਸਕਦੇ ਹਾਂ ਜੋ ਇਸ ਵੇਲੇ ਮੋਰਚੇ ਦੇ ਐਨ ਕੇਂਦਰ ਵਿਚ ਖੜ੍ਹੇ ਹਨ? ਕੌਣ ਹੈ ਜੋ ਇਨ੍ਹਾਂ ਗੱਲਾਂ ਦਾ ਜਵਾਬ ਨਾਂਹ ਵਿਚ ਦੇਵੇਗਾ?
ਇਖਲਾਕ ਅਤੇ ਸਦਾਚਾਰ ਦੀਆਂ ਕਦਰਾਂ ਕੀਮਤਾਂ ਜਿਥੇ ਸਾਰਾ ਮਾਣ ਸਨਮਾਨ ਉਪਰੋਕਤ ਜਥੇਬੰਦੀਆਂ ਤੇ ਸ਼ਖਸੀਅਤਾਂ ਨੂੰ ਦਿੰਦੀਆਂ ਹਨ, ਉਥੇ ਇਨ੍ਹਾਂ ਜਥੇਬੰਦੀਆਂ ਦੇ ਸਿਰਾਂ ਉਤੇ ਜ਼ਿੰਮੇਵਾਰੀਆਂ ਦੀਆਂ ਪੰਡਾਂ ਵੀ ਵੱਡੀਆਂ ਵੱਡੀਆਂ ਹਨ। ਸਿੱਖ ਇਤਿਹਾਸ ਦੇ ਮੁਬਾਰਕ ਕਦਮ ਉਨ੍ਹਾਂ ਵੱਲ ਵਧ ਰਹੇ ਹਨ ਅਤੇ ਜੇ ਉਨ੍ਹਾਂ ਨੇ ਇਨ੍ਹਾਂ ਕਦਮਾਂ ਦਾ ਸਵਾਗਤ ਨਾ ਕੀਤਾ ਤਾਂ ਯਕੀਨਨ ਉਹ ਗੁਰੂ ਤੋਂ ਵੀ, ਖਾਲਸਾ ਪੰਥ ਤੋਂ ਵੀ ਅਤੇ ਇਥੋਂ ਤੱਕ ਕਿ ਮਾਨਵਤਾ ਦੇ ਸੁੱਚੇ ਜਜ਼ਬਿਆਂ ਤੋਂ ਵੀ ਦੂਰ ਹੋ ਜਾਣਗੇ।
ਮੋਰਚਾ ਸਿਖਰ ‘ਤੇ ਪਹੁੰਚ ਗਿਆ ਹੈ। ਹੁਣ ਇਸ ਨੂੰ ਕੋਈ ਦਿਸ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਇਹ ਮੋਰਚਾ ਸਿੱਖਾਂ ਅਤੇ ਸਮੂਹ ਪੰਜਾਬੀਆਂ ਨੂੰ ਆਪਣੇ ਕਲਾਵੇ ਵਿਚ ਲੈ ਲਵੇ। ਇਕ ਮੋਮਬੱਤੀ ਦੂਜੀ ਮੋਮਬੱਤੀ ਨੂੰ ਜਗਾ ਕੇ ਆਪਣਾ ਕੁਝ ਨਹੀਂ ਗਵਾਉਂਦੀ ਸਗੋਂ ਰੌਸ਼ਨੀ ਦੇ ਘੇਰੇ ਨੂੰ ਹੋਰ ਵੱਡਾ ਕਰਦੀ ਹੈ। ਹੁਣ ਪਹਾੜ ਨੂੰ ਜੱਫੀ ਪਾਉਣ ਦਾ ਵਕਤ ਆ ਗਿਆ ਹੈ ਪਰ ਦੁਨੀਆਂ ਵੀ ਵੇਖ ਰਹੀ ਹੈ ਕਿ ਇਨ੍ਹਾਂ ਜਥੇਬੰਦੀਆਂ ਦੀਆਂ ਬਾਹਾਂ ਸਾਥ ਦਿੰਦੀਆਂ ਹਨ ਕਿ ਨਹੀਂ। ਇਨ੍ਹਾਂ ਜਥੇਬੰਦੀਆਂ ਅਤੇ ਇਨ੍ਹਾਂ ਦੇ ਆਗੂਆਂ ਨੂੰ ਬੜੀ ਦੂਰ ਤੱਕ ਵੇਖਣਾ ਪੈਣਾ ਹੈ, ਕਿਉਂਕਿ ਵਕਤ ਇਹ ਮੰਗ ਕਰਦਾ ਹੈ।
ਅਫਰੀਕਾ ਦੇ ਕਾਲੇ ਲੋਕਾਂ ਦੀ ਇਹ ਕਹਾਵਤ ਬਹੁਤ ਕੀਮਤੀ ਹੈ ਕਿ ਸਿਆਣੇ ਤੇ ਦੂਰਅੰਦੇਸ਼ ਸਿਆਸਤਦਾਨ ਪੈਰਾਂ ਭਾਰ ਬੈਠ ਕੇ ਵੀ ਉਨੀ ਦੂਰ ਤੱਕ ਵੇਖ ਸਕਦੇ ਹਨ ਜਿੰਨੀ ਦੂਰ ਤੱਕ ਇਕ ਅਨਾੜੀ ਤੇ ਕਚਘਰੜ ਸਿਆਸਤਦਾਨ ਉਚੇ ਦਰਖੱਤ ਉਤੇ ਬੈਠ ਕੇ ਵੀ ਨਹੀਂ ਵੇਖ ਸਕਦਾ। ਹੁਣ ਇਨ੍ਹਾਂ ਵੀਰਾਂ ਦੇ ਇਮਤਿਹਾਨ ਦੀ ਘੜੀ ਹੈ ਅਤੇ ਇਹ ਗੱਲ ਮੰਨਣ ਵਿਚ ਉਹ ਹੋਰ ਵੱਡੇ, ਵਿਸ਼ਾਲ ਤੇ ਸਿਆਣੇ ਆਖੇ ਜਾਣਗੇ ਕਿ ਇਸ ਤੋਂ ਪਹਿਲੇ ਇਮਤਿਹਾਨਾਂ ਵਿਚ ਉਹ ਹਾਰਦੇ ਰਹੇ ਹਨ। ਪਰ ਇਹ ਚੰਗੀ ਗੱਲ ਹੈ ਕਿ ਉਨ੍ਹਾਂ ਹਾਰ ਮੰਨੀ ਨਹੀਂ ਅਤੇ ਇਸੇ ਕਰਕੇ ਬਰਗਾੜੀ ਮੋਰਚੇ ਵਿਚ ਕਿਸੇ ਅਦਿੱਖ ਤਾਕਤ ਨੇ ਉਨ੍ਹਾਂ ਨੂੰ ਫਿਰ ਇਕ ਯਾਦਗਾਰੀ ਮੌਕਾ ਦਿੱਤਾ ਹੈ।
ਬਰਗਾੜੀ ਮੋਰਚੇ ਦੀ ਮੰਜ਼ਿਲ ਕੀ ਹੈ? ਅਸਾਂ ਤਿੰਨ ਮੰਗਾਂ ਮਨਵਾ ਕੇ ਹੀ ਅੱਗੇ ਵਧਣਾ ਹੈ ਪਰ ਜਿਸ ਤਰ੍ਹਾਂ ਦੀ ਕਾਮਯਾਬੀ ਖਾਲਸਾ ਪੰਥ ਨੇ ਉਨ੍ਹਾਂ ਨੂੰ ਹੁਣ ਦੇ ਦਿੱਤੀ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਗੱਲ ਤਿੰਨ ਮੰਗਾਂ ਤੋਂ ਵੀ ਅੱਗੇ ਲੰਘ ਚੁੱਕੀ ਹੈ। ਸਾਰੇ ਵਿਦਵਾਨ, ਇਤਿਹਾਸਕਾਰ ਅਤੇ ਸੁਲਝੇ ਹੋਏ ਪੱਤਰਕਾਰਾਂ ਦੀਆਂ ਮਹਿਫਿਲਾਂ ਵਿਚ ਅੱਜ ਕੱਲ੍ਹ ਸਾਂਝੇ ਤੌਰ ‘ਤੇ ਇਹੋ ਗੱਲ ਸਾਹਮਣੇ ਆ ਰਹੀ ਹੈ ਕਿ ਇਸ ਮੋਰਚੇ ਵਿਚੋਂ ਕੋਈ ਵੱਡੀ ਸ਼ਕਤੀ ਕੱਢਣੀ ਚਾਹੀਦੀ ਹੈ। ਕਈ ਵਾਰ ਇਤਿਹਾਸ ਅਣਮੰਗਿਆ ਦਾਨ ਵੀ ਦਿੰਦਾ ਹੈ ਪਰ ਇਸ ਦਾਨ ਨੂੰ ਪਚਾਉਣ ਤੇ ਸਾਂਭਣ ਦੀ ਤਾਕਤ ਵੀ ਹੋਣੀ ਚਾਹੀਦੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਤਿੰਨ ਮੰਗਾਂ ਤੋਂ ਅੱਗੇ ਹੋਰ ਕਿਹੜੀਆਂ ਮੰਜ਼ਿਲਾਂ ਹਨ ਜੋ ਉਨ੍ਹਾਂ ਨੇ ਅਜੇ ਤੈਅ ਕਰਨੀਆਂ ਹਨ? ਉਹ ਮੰਜ਼ਿਲਾਂ ਹਨ: ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਅਕਾਲ ਤਖਤ ਸਾਹਿਬ ਅਤੇ ਪੰਜਾਬ। ਇਸ ਲਈ ਹੁਣ ਕਈ ਵੱਡੇ ਕੰਮ ਕਰਨੇ ਪੈਣੇ ਹਨ। ਇਕ, ਸਮੁੱਚੀ ਸਿੱਖ ਕੌਮ ਨੂੰ ਅਰਥਾਤ ਕੌਮ ਦੇ ਹਰ ਵਰਗ ਨੂੰ ਇਕ ਪਲੇਟਫਾਰਮ ‘ਤੇ ਇਕੱਠਿਆਂ ਕਰਨਾ।
ਜਦੋਂ ਇਕੱਠਿਆਂ ਕਰਨ ਦੀ ਗੱਲ ਤੁਰਦੀ ਹੈ ਤਾਂ ਵਿਦਵਾਨਾਂ ਦੀ ਮਹਿਫਿਲ ਵਿਚ ਇਹ ਵਿਚਾਰ ਪੇਸ਼ ਕੀਤਾ ਜਾਂਦਾ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਭਾਈ ਪੰਥਪ੍ਰੀਤ ਸਿੰਘ ਨੂੰ ਵਿਸ਼ੇਸ਼ ਸੱਦਾ ਦੇਣਾ ਚਾਹੀਦਾ ਹੈ ਕਿਉਂਕਿ ਪੰਥ ਦੇ ਵੱਡੇ ਹਿੱਸੇ ਉਨ੍ਹਾਂ ਨਾਲ ਵੀ ਜੁੜੇ ਹੋਏ ਹਨ। ਇਸ ਤਰ੍ਹਾਂ ਸੰਤ ਸਮਾਜ ਨੂੰ ਵੀ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ।
ਦੂਜਾ, ਸਾਰੇ ਪੰਜਾਬੀਆਂ ਨੂੰ, ਕੌਮ ਤੋਂ ਵਿਛੜ ਰਹੇ ਦਲਿਤ ਭਰਾਵਾਂ ਨੂੰ, ਬੁੱਧੀਜੀਵੀਆਂ ਨੂੰ, ਮੁਲਾਜ਼ਮਾਂ, ਮਜ਼ਦੂਰਾਂ, ਕਿਸਾਨਾਂ ਅਤੇ ਉਨ੍ਹਾਂ ਦੀਆਂ ਜਥੇਬੰਦੀਆਂ ਦੇ ਦਿਲਾਂ ਤੇ ਦਿਮਾਗਾਂ ਨੂੰ ਬਰਗਾੜੀ ਮੋਰਚੇ ਦੇ ਵਿਸ਼ਾਲ ਖੰਭਾਂ ਹੇਠ ਇਕੱਠੇ ਕਰਨਾ ਹੈ। ਤੀਜੀ ਮੰਜ਼ਿਲ ਉਨ੍ਹਾਂ ਪਾਰਟੀਆਂ ਤੱਕ ਪਹੁੰਚ ਕਰਨੀ ਹੈ ਜਿਨ੍ਹਾਂ ਨੇ ਪਿਛਲੇ ਕੁਝ ਅਰਸੇ ਵਿਚ ਪੰਜਾਬ ਦੇ ਲੋਕਾਂ ਅੰਦਰ ਇਕ ਵੱਖਰੀ ਤੇ ਸਤਿਕਾਰਯੋਗ ਥਾਂ ਬਣਾਈ ਹੋਈ ਹੈ। ਇਨ੍ਹਾਂ ਵਿਚ ਆਮ ਆਦਮੀ ਪਾਰਟੀ ਅਤੇ ਇਸ ਪਾਰਟੀ ਦੇ ਬਾਗੀ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਸ਼ਾਮਿਲ ਹਨ। ਇਸੇ ਤਰ੍ਹਾਂ ਦਲਿਤਾਂ ਦੀਆਂ ਕਈ ਜਥੇਬੰਦੀਆਂ ਅਤੇ ਖੱਬੇਪੱਖੀ ਆਗੂ ਵੀ ਬਰਗਾੜੀ ਮੋਰਚੇ ਦੀ ਹਮਾਇਤ ਕਰ ਰਹੇ ਹਨ। ਭਵਿੱਖ ਵਿਚ ਇਕ ਵਿਸ਼ਾਲ ਅਤੇ ਪਾਏਦਾਰ ਮੰਚ ਸਥਾਪਿਤ ਕਰਨ ਲਈ ਇਨ੍ਹਾਂ ਸਭਨਾਂ ਨੂੰ ਇਕ ਮੰਚ ਉਤੇ ਇਕੱਠਾ ਕਰਨਾ ਜ਼ਰੂਰੀ ਹੈ। ਵੈਸੇ ਇਹ ਆਗੂ ਸਿੱਖਾਂ ਦੀਆਂ ਧਾਰਮਿਕ ਮੰਗਾਂ ਉਤੇ ਵੀ ਇਕਜੁੱਟ ਹਨ।
ਇਸੇ ਤਰ੍ਹਾਂ ਬਾਹਰਲੇ ਮੁਲਕਾਂ ਵਿਚ ਪੰਜਾਬ ਦੇ ਹਿਤਾਂ ਲਈ ਲੜ ਰਹੀਆਂ ਤਮਾਮ ਜਥੇਬੰਦੀਆਂ ਅਤੇ ਸੰਸਥਾਵਾਂ ਨੂੰ ਇਸ ਮੋਰਚੇ ਦਾ ਸਰਗਰਮ ਹਿੱਸਾ ਬਣਾਉਣ ਦੀ ਲੋੜ ਹੈ। ਅਜਿਹੀ ਚੋਣ ਕਰਨ ਲੱਗਿਆਂ ਕਿਸੇ ਵੀ ਧਿਰ ਨੂੰ ਇਹ ਅਹਿਸਾਸ ਨਹੀਂ ਹੋਣਾ ਚਾਹੀਦਾ ਕਿ ਉਨ੍ਹਾਂ ਨਾਲ ਕਿਸੇ ਕਿਸਮ ਦਾ ਲੁਕਿਆ ਜਾਂ ਪ੍ਰਤੱਖ ਵਿਤਕਰਾ ਕੀਤਾ ਜਾ ਰਿਹਾ ਹੈ। ਇਸ ਦਿਸ਼ਾ ਵਿਚ ਮੋਰਚੇ ਨਾਲ ਜੁੜੀਆਂ ਜਥੇਬੰਦੀਆਂ ਤੋਂ ਇਲਾਵਾ ਮੋਰਚੇ ਦੇ ਸੰਚਾਲਕ ਭਾਈ ਧਿਆਨ ਸਿੰਘ ਮੰਡ ਦੀਆਂ ਜ਼ਿੰਮੇਵਾਰੀਆਂ ਅਤੇ ਫਰਜ਼ ਹੋਰ ਵੀ ਵੱਧ ਜਾਂਦੇ ਹਨ। ਕਿਸੇ ਵੀ ਵੱਡੇ ਸਮਾਗਮ ਵਿਚ ਭਾਵੇਂ ਸਾਰਿਆਂ ਨੂੰ ਬੋਲਣ ਲਈ ਸਮਾਂ ਨਹੀਂ ਮਿਲਦਾ ਅਤੇ ਹਾਲਤਾਂ ਮੁਤਾਬਿਕ ਦਿੱਤਾ ਵੀ ਨਹੀਂ ਜਾ ਸਕਦਾ ਪਰ ਇਹ ਖਬਰਾਂ ਆ ਰਹੀਆਂ ਹਨ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਕੌਮ ਦੇ ਨਾਮ ਵਿਸ਼ੇਸ਼ ਸੰਦੇਸ਼ ਲੈ ਕੇ ਆਏ ਉਘੇ ਐਡਵੋਕੇਟ ਏ. ਐਸ਼ ਚਹਿਲ ਨੂੰ ਤਿੰਨ ਚਾਰ ਮਿੰਟ ਬੋਲਣ ਦਾ ਵੀ ਸਮਾਂ ਨਹੀਂ ਦਿੱਤਾ ਜਾ ਸਕਿਆ। ਉਹ ਬਿਨ ਬੋਲੇ ਹੀ ਉਠ ਕੇ ਆ ਗਏ। ਜਦੋਂ ਕੌਮ ਦੇ ਜਥੇਦਾਰ ਦਾ ਸੰਦੇਸ਼ ਹੀ ਨਹੀਂ ਸੁਣਾਇਆ ਗਿਆਂ ਤਾਂ ਇਸ ਨਾਲ ਸੁਭਾਵਿਕ ਹੀ ਨਿੱਕੇ ਮੋਟੇ ਮਤਭੇਦ ਤੇ ਮਨਮੁਟਾਵ ਆ ਜਾਣੇ ਮੋਰਚੇ ਦੀ ਸਾਂਝੀ ਤਾਕਤ ਨੂੰ ਕਮਜ਼ੋਰ ਕਰ ਸਕਦੇ ਹਨ। ਕਿਸੇ ਵੀ ਹਾਲਤ ਵਿਚ ਇਸ ਤਰ੍ਹਾਂ ਦੀ ਕਨਸੋਅ ਨਹੀਂ ਮਿਲਣੀ ਚਾਹੀਦੀ ਜਿਸ ਤੋਂ ਇਹ ਪਤਾ ਲੱਗੇ ਕਿ ਸਰਬੱਤ ਖਾਲਸਾ ਵੱਲੋਂ ਅਥਾਹ ਦੀ ਸ਼ਰਧਾ, ਵਿਸ਼ਵਾਸ ਤੇ ਵਿਵੇਕ ਜਜ਼ਬਿਆਂ ਅਤੇ ਜੈਕਾਰਿਆਂ ਦੀ ਗੂੰਜ ਵਿਚ ਕਾਇਮ ਕੀਤੇ ਗਏ ਭਾਈ ਜਗਤਾਰ ਸਿੰਘ ਹਵਾਰਾ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
ਮੋਰਚੇ ਦੇ ਆਗੂਆਂ ਨੂੰ ਹਰ ਹਾਲਤ ਵਿਚ ਪੈਰ ਪੈਰ ‘ਤੇ ਸੰਭਲਣਾ ਪੈਣਾ ਹੈ ਕਿਉਂਕਿ ਜੇ ਇਕ ਪਾਸੇ ਸਰਕਾਰੀ ਏਜੰਸੀਆਂ ਮੋਰਚੇ ਨੂੰ ਕਮਜ਼ੋਰ ਕਰਨ ਲਈ ਮੋਰਚੇ ਦੀ ਨਿੱਕੀ ਨਿੱਕੀ ਸਰਗਰਮੀ ਉਤੇ ਨਿਗਾਹ ਰੱਖ ਰਹੀਆਂ ਹਨ, ਉਥੇ ਲੁਕੇ ਦੁਸ਼ਮਣ, ਨਿੰਦਕ ਤੇ ਸ਼ਰੀਕ ਤਾਂ ਪਹਿਲਾਂ ਹੀ ਮੁਸ਼ਕਿਲ ਨਾਲ ਹਾਸਲ ਕੀਤੀ ਇਸ ਕਾਮਯਾਬੀ ਤੇ ਏਕਤਾ ਨੂੰ ਢਾਹ ਲਾਉਣ ਲਈ ਤਿਆਰ ਬਰ ਤਿਆਰ ਰਹਿੰਦੇ ਹਨ।
ਸਿੱਖ, ਸਿੱਖੀ ਤੇ ਪੰਜਾਬ ਨੂੰ ਯੋਜਨਾਬੱਧ ਢੰਗ ਨਾਲ ਬਰਬਾਦ ਕਰਨ ਵਾਲੇ ਬਾਦਲ-ਪਰਿਵਾਰ, ਬਾਦਲ-ਕਲਚਰ ਅਤੇ ਬਾਦਲ-ਤਰਜ਼ੇ-ਜ਼ਿੰਦਗੀ ਨੂੰ ਤਾਂ ਹੀ ਇਤਿਹਾਸ ਦੇ ਵਿਹੜੇ ਵਿਚੋਂ ਬਾਹਰ ਕੀਤਾ ਜਾਵੇਗਾ ਜੇ ਬਰਗਾੜੀ ਮੋਰਚਾ ਇਕ ਵੱਡਾ ਧਾਰਮਿਕ ਤੇ ਰਾਜਨੀਤਕ ਬਦਲ ਪੰਜਾਬ ਦੀ ਝੋਲੀ ਵਿਚ ਪਾਉਂਦਾ ਹੈ। ਇਸ ਲਈ ਲੋਕਾਂ ਦੇ ਅੰਦਰ ਉਠੀਆਂ ਇਨ੍ਹਾਂ ਉਮੀਦਾਂ ਨੂੰ ਪੂਰਾ ਕਰਨ ਲਈ ਤਿਆਗ, ਕੁਰਬਾਨੀ ਤੇ ਸਿਆਣਪ ਦੀ ਇਸ ਸਮੇਂ ਬਹੁਤ ਲੋੜ ਹੈ। ਇਉਂ ਸਮਝੋ ਮੋਰਚੇ ਦੇ ਆਗੂ ਕਿਸੇ ਵੱਡੇ ਰਾਜਨੀਤਕ ਦਰਿਆ ਵਿਚ ਕਿਸ਼ਤੀ ‘ਤੇ ਸਵਾਰ ਤਾਂ ਹਨ ਪਰ ਉਨ੍ਹਾਂ ਨੂੰ ਲੋੜ ਪੈਣ ‘ਤੇ ਤਰਨ ਦੀ ਜਾਚ ਵੀ ਆਉਣੀ ਚਾਹੀਦੀ ਹੈ।
ਕਿੰਨਾ ਚੰਗਾ ਹੋਵੇ ਜੇ ਹਰ ਰੋਜ਼ ਸ਼ਾਮ ਨੂੰ ਮੋਰਚੇ ਦੀਆਂ ਸਰਗਰਮੀਆਂ ਦਾ ਵਿਸ਼ਲੇਸ਼ਣ ਕੀਤਾ ਜਾਵੇ। ਅਸੀਂ ਇਕ ਜੰਗ ਬਾਹਰ ਲੜ ਰਹੇ ਹਾਂ ਜਦਕਿ ਸਿਆਣੇ ਲੋਕਾਂ ਦਾ ਕਹਿਣਾ ਹੈ ਕਿ ਇਨਸਾਨਾਂ ਦੇ ਸਭ ਤੋਂ ਵੱਡੇ ਯੁੱਧ ਉਹ ਹੁੰਦੇ ਹਨ ਜਿਹੜੇ ਉਹ ਆਪਣੇ ‘ਅੰਦਰ’ ਲੜਦੇ ਹਨ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਮੋਰਚੇ ਦੀਆਂ ਜਥੇਬੰਦੀਆਂ ਤੇ ਇਸ ਨਾਲ ਜੁੜੀਆਂ ਸ਼ਖਸੀਅਤਾਂ ਇਸ ਮੋਰਚੇ ਦੀ ਬੁਨਿਆਦ ਹਨ, ਨੀਂਹ ਹਨ। ਜੇ ਨੀਂਹ ਹਿੱਲ ਗਈ ਤਾਂ ਢਾਂਚਾ ਆਪਣੇ ਆਪ ਡਿੱਗ ਪਵੇਗਾ। ਹਰ ਸੁਹਿਰਦ ਵੀਰ ਤੇ ਭੈਣ ਡਰਦੀ ਹੈ ਕਿ ਕਿਤੇ ਇੰਜ ਨਾ ਹੋ ਜਾਵੇ।