“ਪੈ ਜਾਹ, ਕਿਉਂ ਗੇੜੇ ਕੱਢੀ ਜਾਨਾਂ, ਜੁਆਕ ਜਾਗ ਪੈਣਗੇ, ਪਤਾ ਨਹੀਂ ਕਿਵੇਂ ਦਸ ਮਿੰਟ ਨੀਂਦ ਆਈ ਏ।” ਬਿੱਕਰ ਦੀ ਘਰ ਵਾਲੀ ਤਾਰੋ ਨੇ ਅੱਕ ਕੇ ਕਿਹਾ। ਬਿੱਕਰ ਚੁੱਪ-ਚਾਪ ਮੰਜੀ ‘ਤੇ ਬੈਠ ਗਿਆ। ਨੀਂਦ ਤਾਂ ਦੋਹਾਂ ਜੀਆਂ ‘ਚੋਂ ਕਿਸੇ ਨੂੰ ਵੀ ਨਹੀਂ ਸੀ ਆ ਰਹੀ ਪਰ ਬੱਚਿਆਂ ਕਾਰਨ ਮਨ ਘੁੱਟੀ ਬੈਠੇ ਸਨ। ਕਿਹੋ ਜਿਹੇ ਹਾਲਾਤ ਸਨ, ਆਪਸ ਵਿਚ ਦੁੱਖ ਵੀ ਸਾਂਝਾ ਨਹੀਂ ਸਨ ਕਰ ਸਕਦੇ। ਸਾਂਝਾ ਵੀ ਕੀ ਕਰਦੇ, ਇਹ ਤਾਂ ਨਿੱਤ ਦਾ ਵਰਤਾਰਾ ਸੀ, ਕਦੇ ਰੋਟੀ ਮਿਲ ਗਈ, ਨਹੀਂ ਤਾਂ ਬਸ਼..।
ਖੇਤ ਮਜਦੂਰਾਂ ਲਈ ਪਿੰਡਾਂ ‘ਚ ਵੈਸੇ ਹੀ ਕੰਮ ਨਹੀਂ ਸੀ ਰਹਿ ਗਿਆ, ਝੋਨਾ ਲਾਉਣ ਵੇਲੇ ਭੱਈਏ ਆ ਜਾਂਦੇ, ਕਣਕ ਦੀ ਵਾਢੀ ਮਸ਼ੀਨਾਂ ਨੇ ਕੁੱਝ ਹੀ ਦਿਨਾਂ ਤੱਕ ਸੀਮਤ ਕਰ ਦਿੱਤੀ ਸੀ। ਪਰਿਵਾਰਾਂ ਵਾਲੇ ਤਾਂ ਰਲ-ਮਿਲ ਚਾਰ ਪੈਸੇ ਕਮਾ ਲੈਂਦੇ ਪਰ ਬਿੱਕਰ ਨੂੰ ਇਸ ਪਾਸਿਓਂ ਵੀ ਕੋਈ ਸਹਾਰਾ ਨਹੀਂ ਸੀ। ਤਾਰੋ ਕਈ ਸਾਲਾਂ ਤੋਂ ਮੰਜਾ ਮੱਲੀ ਬੈਠੀ ਸੀ, ਬੱਚੇ ਨਿਆਣੇ, ਸਾਰਾ ਭਾਰ ਇਕੱਲੀ ਜਾਨ ‘ਤੇ। ਬਿੱਕਰ ਸਾਈਕਲ ਚੱਕ ਮਜਦੂਰਾਂ ਦੀ ਮੰਡੀ ਸ਼ਹਿਰ ਪੁੱਜ ਜਾਂਦਾ। ਉਥੇ ਵੀ ਦਿਹਾੜੀ ਕਦੇ-ਕਦਾਈਂ ਲੱਗਦੀ। ਮਜਦੂਰਾਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਸੀ, ਹੁਣ ਤਾਂ ਕਈ ਬੇਜਮੀਨੇ ਕਿਸਾਨ ਵੀ ਆਉਣ ਲੱਗ ਪਏ ਸਨ। ਬਰਸਾਤਾਂ ਦੀ ਰੁੱਤ ਅਤੇ ਰੇਤ ਦੀ ਕਾਲਾਬਜ਼ਾਰੀ ਨੇ ਉਸਾਰੀ ਦਾ ਕੰਮ ਵੀ ਮੱਠਾ ਪਾ ਦਿੱਤਾ ਸੀ।
ਅੱਜ ਵੀ ਬਿੱਕਰ ਦਿਨ ਚੜ੍ਹਨ ਤੋਂ ਪਹਿਲਾਂ ਹੀ ਘਰੋਂ ਤੁਰ ਪਿਆ ਸੀ, ਇਸ ਆਸ ਨਾਲ ਕਿ ਸ਼ਾਇਦ ਸਵਖਤੇ ਕੰਮ ਮਿਲ ਜਾਵੇ। ਚਾਰ ਪੈਸਿਆਂ ਦੇ ਸੁਪਨੇ ਲੈਂਦਾ ਉਹ ਸਾਈਕਲ ਜੋਰ ਨਾਲ ਭਜਾਈ ਜਾ ਰਿਹਾ ਸੀ।
“ਕਿੱਧਰ ਬੂਥਾ ਚੱਕਿਆ ਓਏ, ਨਾਕਾ ਨਹੀਂ ਦਿਸਦਾ?” ਸਿਪਾਹੀ ਨੇ ਮਗਗਾਰਡ ‘ਤੇ ਡੰਡਾ ਮਾਰਦਿਆਂ ਅੱਗੇ ਹੋ ਰੋਕਿਆ।
“ਜੀ…ਜੀ…ਮੈਂ…ਦਿਹਾੜੀ…।” ਬਿੱਕਰ ਇਕਦਮ ਪਈ ਆਫਤ ਵੇਖ ਘਬਰਾ ਗਿਆ ਸੀ।
“ਕੀ ਮੈਂ…ਮੈਂ ਲਾਈ ਆ।” ਥਾਣੇਦਾਰ ਨੇ ਢਿੱਡ ਤੋਂ ਥੱਲੇ ਖਿਸਕਦੀ ਪੈਂਟ ਨੂੰ ਉਪਰ ਚੁਕਦਿਆਂ ਅੱਗੇ ਬੱਧੇ ਝੋਲੇ ਦੀ ਤਲਾਸ਼ੀ ਲੈਣ ਵਾਸਤੇ ਸਿਪਾਹੀ ਨੂੰ ਕਿਹਾ। ਸਿਪਾਹੀ ਨੇ ਝੋਲੇ ਵਿਚਲੀ ਰੋਟੀ ਖੋਲ੍ਹ ਦੂਰ ਚਲਾ ਮਾਰੀ, ਜਿਸ ਨੂੰ ਨਾਲ ਦੀ ਨਾਲ ਕੁੱਤਾ ਲੈ ਭੱਜਿਆ। ਬਿੱਕਰ ਦੀਆਂ ਅੱਖਾਂ ਵਿਚ ਹੰਝੂ ਆ ਗਏ। ਘਰ ਵਿਚ ਇਹੋ ਅਖੀਰਲਾ ਆਟਾ ਸੀ, ਜਿਸ ਦੀਆਂ ਬਣੀਆਂ ਦੋਵੇਂ ਰੋਟੀਆਂ ਉਹ ਲੈ ਆਇਆ ਸੀ।
“ਤੈਨੂੰ ਪਤਾ ਨਹੀਂ ਸ਼ਹਿਰ ‘ਚ ਝੰਡਾ ਚੜ੍ਹਾਉਣ ਲਈ ਮੰਤਰੀ ਜੀ ਆ ਰਹੇ ਨੇ…ਦੋ ਤਿੰਨ ਦਿਨ ਸ਼ਹਿਰ ‘ਚ ਵੜਿਆ ਤਾਂ ਵੇਖ ਲਵੀਂ।” ਥਾਣੇਦਾਰ ਨੇ ਗੰਦੀ ਗਾਲ੍ਹ ਕੱਢਦਿਆਂ ਦੋਨੋਂ ਟਾਇਰ ਪੈਂਚਰ ਕਰ ਵਾਪਿਸ ਮੋੜ ਦਿੱਤਾ। ਬਿੱਕਰ ਸਾਈਕਲ ਧੂੰਹਦਾ ਮਸਾਂ ਹੀ ਘਰ ਪਹੁੰਚਿਆ।
“ਅੱਜ ਫਿਰ ਨਹੀਂ ਮਿਲੀ ਦਿਹਾੜੀ? ਦੁਪਹਿਰ ਤਾਂਈਂ ਉਡੀਕ ਲੈਂਦਾ…ਘਰੇ ਤਾਂ…।” ਤਾਰੋ ਨੇ ਬਿੱਕਰ ਨੂੰ ਆਉਂਦਿਆਂ ਵੇਖ ਕਈ ਸੁਆਲ ਕਰ ਦਿੱਤੇ।
“ਪੁਲਿਸ ਸ਼ਹਿਰ ‘ਚ ਵੜਨ ਨਹੀਂ ਦਿੰਦੀ…ਕਹਿੰਦੇ ‘ਜਾਦੀ ਦਿਹਾੜਾ…ਕਿਸੇ ਮੰਤਰੀ ਨੇ ਝੰਡਾ ਚੜ੍ਹਾਉਣ ਆਉਣੈਂ…।” ਬਿੱਕਰ ਨੇ ਮਸਾਂ ਹੀ ਜਵਾਬ ਦਿੱਤਾ।
“ਇਹ ‘ਜਾਦੀ ਦਿਹਾੜਾ ਕੀ ਹੁੰਦਾ ਮੰਮੀ?” ਮੁੰਡੇ ਸੰਨੀ ਨੇ ਉਤਸੁਕਤਾ ਨਾਲ ਪੁਛਿਆ।
“ਤੈਨੂੰ ਇੰਨਾ ਵੀ ਨਹੀਂ ਪਤਾ, ਕੱਲ੍ਹ ਵੱਡੇ ਸਰ ਨੇ ਦੱਸਿਆ ਤਾਂ ਸੀ।” ਸੰਨੀ ਤੋਂ ਵੱਡੀ ਜੀਤਾਂ ਇਕਦਮ ਬੋਲ ਉਠੀ।
“ਪੁੱਤ ਤੂੰ ਵੀ ਧਿਆਨ ਨਾਲ ਪੜ੍ਹਿਆ ਕਰ।” ਤਾਰੋ ਨੇ ਸਮਝਾਇਆ।
“ਮੰਮੀ ਉਦੋਂ ਐਨੀ ਤਾਂ ਭੁੱਖ ਲੱਗੀ ਹੁੰਦੀ ਆ, ਉਦੋਂ ਤਾਂ ਬਸ ਰੋਟੀ…।” ਸੰਨੀ ਨੂੰ ਰੋਟੀ ਦੀ ਯਾਦ ਨੇ ਵਿਆਕੁਲ ਕਰ ਦਿੱਤਾ ਸੀ।
“ਮਾਸਟਰ ਐਨੀਆਂ ਛੁੱਟੀਆਂ ਕਿਉਂ ਕਰਦੇ ਆ, ਸਕੂਲ ‘ਚ ਰੋਟੀ ਤਾਂ ਮਿਲ ਜਾਂਦੀ।” ਸੰਨੀ ਢਿੱਡ ‘ਤੇ ਹੱਥ ਫੇਰ ਰਿਹਾ ਸੀ।
“ਵੀਰੇ ਮਾਸਟਰਾਂ ਦੇ ਘਰ ਵਾਧੂ ਪੈਸੇ ਹੁੰਦੇ ਹੋਣਗੇ, ਆਪਣੇ ਵਾਗੂੰ ਨਹੀਂ ਹੁੰਦੇ।” ਜੀਤਾਂ ਨੇ ਆਪਣੇ ਗਿਆਨ ਅਨੁਸਾਰ ਸਪੱਸ਼ਟ ਕੀਤਾ।
ਦੋਹਾਂ ਜੀਆਂ ਨੇ ਇੱਕ ਦੂਜੇ ਵੱਲ ਵੇਖਿਆ ਪਰ ਕੋਈ ਵੀ ਕੁੱਝ ਬੋਲ ਨਾ ਸਕਿਆ। ਦਿਨ ਤਾਂ ਲੰਘ ਚੱਲਿਆ ਸੀ ਪਰ ਉਪਰੋਂ ਹੁੰਦੀ ਰਾਤ ਵੱਡੀ ਸਮੱਸਿਆ ਲੱਗ ਰਹੀ ਸੀ। ਕਿਤੋਂ ਉਧਾਰ ਵੀ ਨਹੀਂ ਸੀ ਮਿਲਣਾ, ਜਿੱਥੋਂ ਮੁੜਨ ਦੀ ਆਸ ਨਾ ਹੋਵੇ, ਉਥੇ ਦਿੰਦਾ ਵੀ ਕੌਣ? ਨਾਲੇ ਬਸਤੀ ‘ਚ ਸਭ ਉਨ੍ਹਾਂ ਵਰਗੇ ਹੀ ਤਾਂ ਰਹਿੰਦੇ ਸਨ।
ਸਿਵਿਆਂ ਵਰਗੀ ਚੁੱਪ ‘ਚ ਸਾਰਾ ਟੱਬਰ ਹਨੇਰੇ ਵਿਚ ਚੁੱਪ ਬੈਠਾ ਸੀ। ਘਰ ਵਿਚ ਨਾ ਚੁੱਲ੍ਹਾ ਬਲਿਆ, ਨਾ ਦੀਵਾ। ਬੱਚੇ ਮਾਂ ਪਿਉ ਦੇ ਮੂੰਹ ਵੱਲ ਵੇਖਦੇ ਮੰਜੀਆਂ ‘ਤੇ ਟੇਢੇ ਹੋ ਗਏ, ਪਰ ਦੋਵੇਂ ਜੀਅ ਮੰਜੀਆਂ ‘ਤੇ ਉਵੇਂ ਹੀ ਬੈਠੇ ਸਨ।
“ਮੰਮੀ ਰਾਤ ਕਿੰਨੀ ਕੁ ਰਹਿ ਗਈ?” ਜੀਤਾਂ ਨੇ ਬੈਠੀ ਮਾਂ ਨੂੰ ਵੇਖ ਪੁਛਿਆ।
“ਸੌਂ ਜਾਹ ਪੁੱਤ, ਅਜੇ ਤਾਂ ਬਹੁਤ ਪਈ ਆ।” ਤਾਰੋ ਨੇ ਸੰਖੇਪ ਜਿਹਾ ਜਵਾਬ ਦਿੱਤਾ।
“ਅੱਜ ਰਾਤ ਵੀ ਕਿੰਨੀ ਲੰਮੀ ਹੋ ਗਈ ਹੈ…ਜੇ ਰੱਬ ਤਾਰਿਆਂ ਦੀ ਥਾਂ ਰੋਟੀਆਂ ਲਾ ਦਿੰਦਾ, ਕੋਈ ਭੁੱਖਾ ਤਾਂ ਨਾ ਸੌਂਦਾ।” ਜੀਤਾਂ ਅਸਮਾਨ ਵੱਲ ਵੇਖ ਕਲਪਨਾ ਕਰ ਰਹੀ ਸੀ।
“ਪੁੱਤ ਚੁੱਪ ਕਰਕੇ ਪੈ ਜਾ, ਵੀਰਾ ਜਾਗ ਪਿਆ ਤਾਂ…?” ਤਾਰੋ ਬੇਚੈਨ ਜਿਹੀ ਬੋਲੀ।
ਹੁਣ ਤਾਂ ਖੇਤਾਂ ਵਿਚ ਵੀ ਚਾਰ ਚੁਫੇਰੇ ਝੋਨਾ ਹੀ ਝੋਨਾ, ਹੋਰ ਕੋਈ ਵੀ ਫਸਲ ਨਹੀਂ ਹੋਣੀ। ਖਾਣ ਵਾਲੀ ਕੋਈ ਵੀ ਚੀਜ਼ ਨਹੀਂ ਹੋਣੀ। ਬਿੱਕਰ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਸੀ।
ਇਕਦਮ ਮੁੰਡੇ ਨੇ ਰੋਣਾ ਸ਼ੁਰੂ ਕਰ ਦਿੱਤਾ। ਮਾਂ ਦੇ ਪੁਛਣ ‘ਤੇ ਰੋਂਦਾ-ਰੌਂਦਾ ਬੋਲਿਆ, “ਮੰਮੀ ਢਿੱਡ ਦੁਖਦਾ…ਰੋਟੀ…।”
ਤਾਰੋ ਨੇ ਦਿਨ ਚੜ੍ਹਨ ਤੱਕ ਸਬਰ ਕਰਨ ਲਈ ਕਿਹਾ।
“ਮੰਮੀ ਦਿਨ ਕਦੋਂ ਚੜੂ?”
ਬੱਚੇ ਦੇ ਸੁਆਲ ਦਾ ਮਾਂ ਕੀ ਜਵਾਬ ਦਿੰਦੀ। ਫਿਰ ਚੁੱਪ ਵਰਤ ਗਈ ਸੀ। ਬੱਚਾ ਸੁੱਤਾ ਪਿਆ ਵੀ ਹੌਕੇ ਲੈਂਦਾ ਹੋਇਆ ‘ਦਿਨ ਕਦੋਂ ਚੜੂ’ ਬੋਲੀ ਜਾਂਦਾ ਸੀ। ਦੋਵੇਂ ਜੀਅ ਬੇਵਸੀ ਵਿਚ ਹੰਝੂ ਵਹਾ ਰਹੇ ਸਨ।
“ਕਦੋਂ ਕੁ ਦਿਨ ਚੜੂ?” ਤਾਰੋ ਨੇ ਬਿੱਕਰ ਵੱਲ ਮੂੰਹ ਕਰਕੇ ਪੁਛਿਆ।
“ਆਪਣਾ ਦਿਨ ਕਾਹਦਾ ਚੜ੍ਹਨੈਂ ਤਾਰੋ! ਜੇ ਕੱਲ੍ਹ ਨੂੰ ਵੀ ਕੰਮ ਨਾ ਮਿਲਿਆ…ਕਦੋਂ ਤੱਕ ਜੁਆਕਾਂ ਨੂੰ ਭੁੱਖਾ ਰੱਖਾਂਗੇ…ਭੁੱਖੇ ਢਿੱਡ ਤਾਂ ਕੰਮ ਵੀ ਨਹੀਂ ਹੁੰਦਾ…ਇਸ ਸਿਸਟਮ ਦੀ ਚੰਦਰੀ ਰਾਤ ਦਾ ਦਿਨ ਕਦੋਂ ਚੜੂ?” ਬਿੱਕਰ ਦੀ ਬੇਵਸੀ ‘ਚ ਧਾਹ ਨਿਕਲ ਗਈ ਸੀ।
-ਗੁਰਮੀਤ ਸਿੰਘ ਮਰਾੜ੍ਹ
ਫੋਨ: 91-95014-00397