ਸਿੱਖ ਭਾਈਚਾਰੇ ਨੂੰ ਹਮੇਸ਼ਾ ਰੋਸ ਰਿਹਾ ਹੈ ਕਿ ਭਾਰਤ ਸਰਕਾਰ ਸਿੱਖਾਂ ਨਾਲ ਹਮੇਸ਼ਾ ਅਨਿਆਂ ਕਰਦੀ ਰਹੀ ਹੈ। ਇਸ ਰੋਸ ਵਿਚ ਵੱਡਾ ਸੱਚ ਵੀ ਹੈ। ਇਸ ਲੇਖ ਵਿਚ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਸਵਾਲ ਉਠਾਉਂਦੇ ਹਨ ਕਿ ਕੀ ਅਜ ਤੱਕ ਅਸੀਂ ਕਦੇ ਬੈਠ ਕੇ ਇਹ ਵੀ ਸੋਚਿਆ ਹੈ ਕਿ ਸਿਆਸੀ ਲੀਡਰਸ਼ਿਪ ਕੀ ਕਰ ਰਹੀ ਸੀ? ਕੋਈ ਜਰਨੈਲ ਆਪਣੀ ਫੌਜ ਮਰਵਾਉਣ ਲਈ ਤਿਆਰ ਨਹੀਂ ਹੁੰਦਾ। ਪਰ ਇਸ ਵਿਸ਼ੇ ‘ਤੇ ਸਾਡੇ ਜਜ਼ਬਾਤ ਇਹੋ ਜਿਹੇ ਬਣ ਚੁਕੇ ਹਨ ਕਿ ਅਸੀਂ ਇਸ ਨੂੰ ਘੋਖਣ ਨੂੰ ਤਿਆਰ ਨਹੀਂ ਹਾਂ।
-ਸੰਪਾਦਕ
ਤਰਲੋਚਨ ਸਿੰਘ
ਸਾਬਕਾ ਐਮ. ਪੀ.
ਬੜਾ ਅਜੀਬ ਲਗਦਾ ਹੈ, ਇਹ ਸੋਚ ਕੇ ਕਿ ਜਦ ਵਿਸ਼ਵ ਭਰ ਵਿਚ ਸਿੱਖ ਆਪਣੀ ਹਿੰਮਤ ਨਾਲ ਇੰਨੀ ਤਰਕੀ ਕਰ ਰਹੇ ਹਨ, ਫਿਰ ਇਹ ਸਵਾਲ ਕਿਉਂ ਉਠਦਾ ਹੈ ਕਿ ਕੌਮ ਨੂੰ ਸੁਚੱਜੀ ਲੀਡਰਸ਼ਿਪ ਦੀ ਘਾਟ ਹੈ? ਸਿੱਖਾਂ ਦੀ ਆਬਾਦੀ ਦੋ ਕਰੋੜ ਹੈ, ਇਸ ਵਿਚੋਂ 30 ਲੱਖ ਭਾਰਤ ਤੋਂ ਬਾਹਰ ਵਸਦੇ ਹਨ। ਪੰਜਾਬ ਸਾਡਾ ਹੋਮ ਲੈਂਡ ਹੈ, ਪੰਜਾਬ ਵਿਚ ਜੋ ਵਾਪਰਦਾ ਹੈ, ਉਸ ਦਾ ਅਸਰ ਸਾਰੀ ਕੌਮ ‘ਤੇ ਪੈਂਦਾ ਹੈ। ਜੋ ਪਿਛੇ ਵਾਪਰਿਆ, ਉਹ ਸਾਡੇ ਸਾਹਮਣੇ ਹੈ। ਮੈਂ ਦੱਸਣਾ ਨਹੀਂ ਚਾਹੁੰਦਾ ਕਿ 1984 ਦੇ ਦਹਾਕੇ ਵਿਚ ਕੌਮ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਅਕਾਲ ਤਖਤ ‘ਤੇ ਹਮਲਾ, ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਕਤਲੇਆਮ। ਇਕ ਅੰਦਾਜ਼ੇ ਅਨੁਸਾਰ ਉਸ ਦਹਾਕੇ ਵਿਚ 40,000 ਸਿੱਖ, ਉਹ ਵੀ ਬਿਨਾ ਕਾਰਨ ਮਾਰੇ ਗਏ ਸਨ। ਮੈਂ ਪਾਰਲੀਮੈਂਟ ਵਿਚ ਜਦ ਇਹ ਅੰਕੜੇ ਰੱਖੇ, ਸਾਰਾ ਹਾਊਸ ਹੈਰਾਨ ਰਹਿ ਗਿਆ ਸੀ।
ਭਾਰਤ ਸਰਕਾਰ ਦੀ ਅਸੀਂ ਜਿੰਨੀ ਨਿੰਦਿਆ ਕਰੀਏ, ਥੋੜ੍ਹੀ ਹੈ, ਪਰ ਅਜ ਤੱਕ ਅਸੀਂ ਕਦੇ ਬੈਠ ਕੇ ਨਹੀਂ ਸੋਚਿਆ ਕਿ ਸਿਆਸੀ ਲੀਡਰਸ਼ਿਪ ਕੀ ਕਰ ਰਹੀ ਸੀ? ਕੋਈ ਜਰਨੈਲ ਆਪਣੀ ਫੌਜ ਮਰਵਾਉਣ ਲਈ ਤਿਆਰ ਨਹੀਂ ਹੁੰਦਾ। ਪਰ ਇਸ ਵਿਸ਼ੇ ‘ਤੇ ਸਾਡੇ ਜਜ਼ਬਾਤ ਇਹੋ ਜਿਹੇ ਬਣ ਚੁਕੇ ਹਨ ਕਿ ਅਸੀਂ ਇਸ ਨੂੰ ਘੋਖਣ ਨੂੰ ਤਿਆਰ ਨਹੀਂ ਹਾਂ।
ਅੱਜ ਜਿਸ ਸਥਿਤੀ ਵਿਚੋਂ ਪੰਜਾਬ ਲੰਘ ਰਿਹਾ ਹੈ, ਉਹ ਵਿਚਾਰਨ ਵਾਲੀ ਹੈ। ਸਿੱਖਾਂ ਦੀਆਂ ਦੋ ਜਥੇਬੰਦੀਆਂ ਹੀ ਮੰਨੀਆਂ ਜਾਂਦੀਆਂ ਹਨ-ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਨ੍ਹਾਂ ਦੋਨਾਂ ਦੀ ਹੋਂਦ 1920 ਪਿਛੋਂ ਗੁਰਦੁਆਰਾ ਮੋਰਚਿਆਂ ਕਾਰਨ ਹੋਈ ਸੀ। ਇਹ ਆਮ ਵੇਖਣ ਵਿਚ ਆਇਆ ਹੈ ਕਿ ਅਕਾਲੀ ਪਾਰਟੀ ਦਾ ਹੀ ਗੁਰਦੁਆਰਾ ਕਮੇਟੀ ‘ਤੇ ਕਬਜ਼ਾ ਰਿਹਾ ਹੈ ਅਤੇ ਧਾਰਮਕ ਜਥੇਬੰਦੀ ਸਿਆਸੀ ਲੀਡਰਾਂ ਦੀ ਕਮਾਂਡ ਹੇਠਾਂ ਚਲਦੀ ਰਹੀ ਹੈ। ਕੋਈ ਸਮਾਂ ਸੀ ਜਦੋਂ ਕਥਨੀ ਤੇ ਕਰਨੀ ਵਾਲੇ ਦੀਦਾਰੀ ਸਿੱਖ ਸ਼੍ਰੋਮਣੀ ਕਮੇਟੀ ਵਿਚ ਚੁਣੇ ਜਾਂਦੇ ਸਨ। ਜਦ ਤਕ ਮਾਸਟਰ ਤਾਰਾ ਸਿੰਘ ਦਾ ਪ੍ਰਭਾਵ ਰਿਹਾ, ਗੁਰਦੁਆਰਾ ਕਮੇਟੀ ਵਿਚ ਸਿਆਸਤ ਘਟ ਹੁੰਦੀ ਸੀ, ਪਰ 1956 ਪਿਛੋਂ ਜਦੋਂ ਤੋਂ ਸੰਤ ਫਤਿਹ ਸਿੰਘ ਦਾ ਦੌਰ ਆਇਆ, ਸ਼੍ਰੋਮਣੀ ਕਮੇਟੀ ਅਕਾਲੀ ਦਲ ਦਾ ਹੀ ਦੂਜਾ ਰੂਪ ਬਣ ਗਈ ਸੀ। ਇਤਿਹਾਸ ਗਵਾਹ ਹੈ ਕਿ ਸਿੱਖੀ ਦਾ ਪਤਨ ਇਸੇ ਕਾਰਨ ਹੋਇਆ ਸੀ।
ਅਕਾਲੀ ਲੀਡਰਾਂ ਨੇ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਲਾਭ ਲਈ ਵਰਤ ਕੇ ਇਸ ਦੇ ਧਾਰਮਕ ਪੱਖ ਨੂੰ ਕਮਜ਼ੋਰ ਹੀ ਨਹੀਂ ਕੀਤਾ ਸਗੋਂ ਹੌਲੀ-ਹੌਲੀ ਖਤਮ ਹੀ ਕਰ ਦਿੱਤਾ ਹੈ। ਅਜ ਜਿਸ ਦੁਬਿਧਾ ਵਿਚੋਂ ਕੌਮ ਲੰਘ ਰਹੀ ਹੈ, ਉਸ ਦਾ ਮੁਖ ਕਾਰਨ ਸ਼੍ਰੋਮਣੀ ਕਮੇਟੀ ਦੀ ਸਾਖ ਦਾ ਖਤਮ ਹੋਣਾ ਹੈ। ਇਸ ਦੇ ਪ੍ਰਧਾਨ ਚੁਣਨ ਸਮੇਂ ਇਹੋ ਸੋਚਿਆ ਜਾਂਦਾ ਹੈ ਕਿ ਉਹ ਕਿੰਨਾ ਹੁਕਮ ਹੇਠ ਚੱਲੇਗਾ? ਇਸ ਦਾ ਸਿੱਧਾ ਪ੍ਰਭਾਵ ਅਕਾਲ ਤਖਤ ਅਤੇ ਦੂਜੇ ਜਥੇਦਾਰਾਂ ਦੀ ਚੋਣ ‘ਤੇ ਵੀ ਪਿਆ ਹੈ। ਕਦੇ ਜਥੇਦਾਰਾਂ ਦੀ ਸ਼ਾਖ ਵਿਸ਼ਵ ਭਰ ਵਿਚ ਸਨਮਾਨਯੋਗ ਹੁੰਦੀ ਸੀ। ਅਜ ਜੋ ਹਾਲ ਹੈ, ਉਹ ਹਰ ਕੋਈ ਜਾਣਦਾ ਹੈ। ਜਥੇਦਾਰ ਜਦ ਘਰੋਂ ਬਾਹਰ ਨਿਕਲਦੇ ਹਨ, ਆਸੇ-ਪਾਸੇ ਪੁਲਿਸ ਦਾ ਘੇਰਾ ਇਨ੍ਹਾਂ ਦੀ ਸੁਰੱਖਿਆ ਲਈ ਹੁੰਦਾ ਹੈ।
ਇਹ ਸਾਡੇ ਸਾਹਮਣੇ ਹੈ ਕਿ ਮੌਜੂਦਾ ਅਕਾਲੀ ਲੀਡਰਸ਼ਿਪ ਪੰਜਾਬ ਸੂਬਾ, ਜੋ 1966 ਵਿਚ ਬਣਿਆ ਸੀ, ਦੀ ਸਥਾਪਤੀ ਤੋਂ ਆਈ ਹੈ। ਇਹ ਲੀਡਰਸ਼ਿਪ 50 ਸਾਲਾਂ ਤੋਂ ਸਥਿਰ ਹੈ, ਇਸ ਵਿਚ ਅਦਲ-ਬਦਲ ਦੀ ਕਦੇ ਕੋਈ ਘਟਨਾ ਨਹੀਂ ਵਾਪਰੀ ਹੈ। ਵੈਸੈ ਤਾਂ ਇਸ ਲੀਡਰਸ਼ਿਪ ਨੂੰ ਮਾਣ ਹੈ ਕਿ ਇੰਨਾ ਲੰਬਾ ਸਮਾਂ ਜੋ ਇਨ੍ਹਾਂ ਨੂੰ ਮਿਲਿਆ ਹੈ, ਭਾਰਤ ਦੀ ਕਿਸੇ ਹੋਰ ਰਾਜਸੀ ਪਾਰਟੀ ਦੀ ਲੀਡਰਸ਼ਿਪ ਨੂੰ ਨਹੀਂ ਮਿਲਿਆ।
ਪੰਜਾਬੀ ਸੂਬਾ ਬਣਨ ਕਰਕੇ ਹੀ ਅਕਾਲੀ ਰਾਜ ਸੰਭਵ ਹੋਇਆ ਹੈ। ਸਮੁੱਚੇ ਪੰਜਾਬ ਵਿਚ ਤਾਂ ਅਕਾਲੀ ਦਲ ਦੇ ਵਿਧਾਇਕ ਗਿਣਤੀ ਦੇ ਹੁੰਦੇ ਸਨ। ਮਾਸਟਰ ਤਾਰਾ ਸਿੰਘ ਨੂੰ ਅੱਜ ਦੇ ਲੀਡਰ ਭੁੱਲ ਗਏ ਹਨ। ਯਾਦ ਨਹੀਂ ਕਰਦੇ ਕਿ ਉਸ ਨੇ ਹੀ ਪੰਜਾਬੀ ਸੂਬਾ ਇਸ ਲਈ ਮੰਗਿਆ ਸੀ ਕਿ ਸਿੱਖ ਬਹੁਗਿਣਤੀ ਦਾ ਸੂਬਾ ਬਣੇ ਤੇ ਅਕਾਲੀ ਰਾਜ ਕਰਨ। ਇਦਾਂ ਹੀ ਅਨੂਦਰਾਏ ਨੇ ਤਾਮਿਲਨਾਡੂ ਬਣਾ ਕੇ ਡੀ. ਐਮ. ਕੇ. ਨੂੰ ਰਾਜ ਦਿੱਤਾ ਸੀ।
ਪਿਛਲੇ 50 ਸਾਲਾਂ ਵਿਚ ਅਕਾਲੀ ਲੀਡਰਸ਼ਿਪ ਨੇ ਕਿੰਨੇ ਨਵੇਂ ਚਿਹਰੇ ਪਾਰਟੀ ਵਿਚ ਲਿਆਂਦੇ! ਵਿਸ਼ਵ ਭਰ ਦਾ ਸਿਆਸੀ ਇਤਿਹਾਸ ਪੜ੍ਹਿਆਂ ਪਤਾ ਲੱਗੇਗਾ ਕਿ ਕਿਵੇਂ ਨਵੇਂ ਲੀਡਰ ਹਰ ਪਾਰਟੀ ਵਿਚ ਪੈਦਾ ਹੁੰਦੇ ਹਨ? ਕਦੇ ਕਿਸੇ ਸੁਣਿਆ ਸੀ, ਅਮਰੀਕੀ ਰਾਸ਼ਟਪਤੀ ਦਾ ਨਾਂ ਕਿਵੇਂ ਨਿਕਲਦਾ ਹੈ? ਪਾਰਟੀਆਂ ਨਵੇਂ ਚਿਹਰੇ ਲੱਭਦੀਆਂ ਹਨ। ਪੰਡਿਤ ਜਵਾਹਰ ਲਾਲ ਨਹਿਰੂ ਨੇ ਬਾਹਰੋਂ ਲਿਆ ਕੇ ਵਜ਼ੀਰ ਬਣਾਏ, ਜਦਕਿ ਜੇਲ੍ਹਾਂ ਕੱਟਣ ਵਾਲੇ ਕਾਂਗਰਸੀ ਲੀਡਰਾਂ ਦੀ ਕਤਾਰ ਲੱਗੀ ਹੋਈ ਸੀ। ਨਰਸਿਮ੍ਹਾ ਰਾਓ ਨੇ ਤਾਂ ਡਾ. ਮਨਮੋਹਨ ਸਿੰਘ ਨੂੰ ਵਿਤ ਮੰਤਰੀ ਬਣਾਇਆ ਸੀ। ਹਰ ਪ੍ਰਧਾਨ ਮੰਤਰੀ, ਮੁੱਖ ਮੰਤਰੀ ਬਾਹਰੋਂ ਵਿਦਵਾਨ ਲੱਭ ਕੇ ਲਿਆਉਂਦੇ ਹਨ। ਮਮਤਾ ਬੈਨਰਜੀ ਨੇ ਫਿਕੀ ਦਿੱਲੀ ਦੇ ਡਾਇਰੈਕਟਰ ਨੂੰ ਵਿਤ ਮੰਤਰੀ ਬਣਾ ਕੇ ਧੁੰਮ ਪਾ ਰਖੀ ਹੈ।
ਮੈਂ ਯਾਦ ਕਰਵਾਉਣਾ ਚਾਹੁੰਦਾ ਹਾਂ ਅਕਾਲੀ ਇਤਿਹਾਸ ਕਿ ਕਿਵੇਂ ਲੀਡਰ ਲੱਭ ਕੇ ਲਿਆਂਦੇ ਗਏ ਸਨ। ਜਦ ਭਾਰਤ ਆਜ਼ਾਦ ਹੋਇਆ, ਮਾਸਟਰ ਤਾਰਾ ਸਿੰਘ ਨੇ ਹੁਕਮ ਸਿੰਘ ਤੇ ਭੁਪਿੰਦਰ ਸਿੰਘ ਮਾਨ ਪਾਰਲੀਮੈਂਟ ਵਿਚ ਭੇਜੇ। ਉਨ੍ਹਾਂ ਆਪਣੀ ਧਾਂਕ ਜਮਾਈ। ਹੁਕਮ ਸਿੰਘ ਲੋਕ ਸਭਾ ਦੇ ਸਪੀਕਰ ਬਣੇ।
ਮਾਸਟਰ ਤਾਰਾ ਸਿੰਘ ਨੇ ਅਨੇਕਾਂ ਲੀਡਰ ਲੱਭ-ਲੱਭ ਕੇ ਸਿੱਖ ਸਿਆਸਤ ਵਿਚ ਪਾਏ। ਬਲਦੇਵ ਸਿੰਘ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਬਣੇ। ਸਵਰਨ ਸਿੰਘ ਪੰਜਾਬ ਲਾਹੌਰ ਵਿਚ ਵਜ਼ੀਰ, ਉਜਲ ਸਿੰਘ, (ਖੁਸ਼ਵੰਤ ਸਿੰਘ ਦੇ ਚਾਚਾ) ਵਿਧਾਇਕ, ਸੰਪੂਰਨ ਸਿੰਘ ਵਿਧਾਇਕ (ਪਾਕਿਸਤਾਨ ‘ਚ ਭਾਰਤ ਦੇ ਪਹਿਲੇ ਅੰਬੈਸਡਰ), ਅਜੀਤ ਸਿੰਘ ਸਰਹੱਦੀ ਐਮ. ਪੀ., ਬੂਟਾ ਸਿੰਘ ਐਮ. ਪੀ., ਹਰਨਾਮ ਸਿੰਘ ਐਡਵੋਕੇਟ, ਸਰੂਪ ਸਿੰਘ ਵਿਧਾਇਕ, ਅਮਰ ਸਿੰਘ, ਡਾ. ਜਸਵੰਤ ਸਿੰਘ ਨੇਕੀ ਅਤੇ ਭਾਨ ਸਿੰਘ। ਜਦ 1952 ਦੀ ਚੋਣ ਹੋਈ, ਗਿਆਨ ਸਿੰਘ ਰਾੜੇ ਵਾਲਾ ਨੂੰ ਲਿਆਂਦਾ, ਜੋ ਪਹਿਲੇ ਅਕਾਲੀ ਮੁੱਖ ਮੰਤਰੀ ਬਣੇ। ਐਡਵੋਕੇਟ ਦਾਰਾ ਸਿੰਘ (ਮਰਹੂਮ ਕੈਪਟਨ ਕੰਵਲਜੀਤ ਸਿੰਘ ਦੇ ਪਿਤਾ) ਵਜ਼ੀਰ ਬਣਾਏ। ਗੋਪਾਲ ਸਿੰਘ ਖਾਲਸਾ ਵਿਧਾਇਕ ਤੇ ਕਪੂਰ ਸਿੰਘ ਐਮ. ਪੀ. ਬਣਾਏ। ਜਸਟਿਸ ਗੁਰਨਾਮ ਸਿੰਘ ਜਦ ਰਿਟਾਇਰ ਹੋਏ, ਮਾਸਟਰ ਤਾਰਾ ਸਿੰਘ ਉਸ ਦੇ ਘਰ ਗਏ ਤੇ ਪਾਰਟੀ ਵਿਚ ਸ਼ਾਮਲ ਕੀਤਾ। ਉਨ੍ਹਾਂ ਵੱਡੇ-ਵੱਡੇ ਸਿੱਖਾਂ ਨੂੰ ਨਾਲ ਜੋੜਿਆ ਤੇ ਸਿੱਖ ਪੰਥ ਲਈ ਸੇਵਾ ਕਰਨ ਲਈ ਪ੍ਰੇਰਿਆ। ਅਫਸੋਸ! ਇਹ ਨੀਤੀ ਮੁੜ ਨਹੀਂ ਅਪਨਾਈ ਗਈ।
ਇਕ ਵਾਰ ਜਸਟਿਸ ਕੁਲਦੀਪ ਸਿੰਘ ਨੇ ਸੁਪਰੀਮ ਕੋਰਟ ਤੋਂ ਰਿਟਾਇਰ ਹੋ ਕੇ ਵਰਲਡ ਸਿੱਖ ਕੌਂਸਲ ਦੀ ਪ੍ਰਧਾਨਗੀ ਦੀ ਸੇਵਾ ਕਬੂਲ ਕੀਤੀ ਸੀ, ਪਰ ਅਕਾਲੀ ਲੀਡਰਸ਼ਿਪ ਨੂੰ ਚੰਗਾ ਨਾ ਲੱਗਾ ਤੇ ਉਹ ਛੱਡ ਗਏ। ਕਿੰਨੇ ਜੱਜ, ਫੌਜੀ ਜਰਨੈਲ, ਅਫਸਰ, ਪ੍ਰੋਫੈਸਰ ਰਿਟਾਇਰ ਹੋ ਕੇ ਸੇਵਾ ਕਰ ਸਕਦੇ ਹਨ, ਪਰ ਉਨ੍ਹਾਂ ਨੂੰ ਕੌਣ ਜਾ ਕੇ ਪ੍ਰੇਰੇ? ਨਵੀਂ ਲੀਡਰਸ਼ਿਪ ਆਈ ਨਹੀਂ ਹੈ, ਅੱਜ ਉਸ ਦੀ ਘਾਟ ਸਾਰਾ ਪੰਜਾਬ ਮਹਿਸੂਸ ਕਰ ਰਿਹਾ ਹੈ।
ਲੋੜ ਪੈਣ ‘ਤੇ ਮਾਸਟਰ ਤਾਰਾ ਸਿੰਘ ਨੇ ਜਥੇਦਾਰ ਅਕਾਲ ਤਖਤ ਗਿਆਨੀ ਅੱਛਰ ਸਿੰਘ, ਹੈਡ ਗ੍ਰੰਥੀ ਦਰਬਾਰ ਸਾਹਿਬ ਗਿਆਨੀ ਭੁਪਿੰਦਰ ਸਿੰਘ ਅਤੇ ਸੰਤ ਫਤਿਹ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਸੀ।
ਗੁਰੂ ਸਾਨੂੰ ਸੁਮਤ ਬਖਸ਼ੇ ਕਿ ਚੰਗੇ ਸਿੱਖ ਅੱਗੇ ਨਿਤਰਨ ਅਤੇ ਕੌਮ ਦੀ ਸੇਵਾ ਕਰਨ। ਪੰਜਾਬ ਨੂੰ ਅਕਾਲੀ ਪਾਰਟੀ ਅਤੇ ਸ਼੍ਰੋਮਣੀ ਕਮੇਟੀ ਦੀ ਲੋੜ ਹੈ। ਜਿੰਨੀ ਇਹ ਤਾਕਤ ਪਕੜਨਗੀਆਂ, ਪੰਜਾਬ ਦਾ ਭਲਾ ਹੈ।