ਚੌਟਾਲਾ ਪਰਿਵਾਰ ਦੀ ਅੰਦਰੂਨੀ ਲੜਾਈ ਖੁੱਲ੍ਹ ਕੇ ਆਈ ਸਾਹਮਣੇ

ਚੰਡੀਗੜ੍ਹ: ਚੌਧਰੀ ਦੇਵੀ ਲਾਲ ਦੇ ਜਨਮ ਦਿਨ ਮੌਕੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਹਾਜ਼ਰੀ ਵਿਚ ਉਸ ਦੇ ਛੋਟੇ ਪੁੱਤਰ ਅਭੈ ਚੌਟਾਲਾ ਦੇ ਭਾਸ਼ਣ ਦਾ ਇੰਡੀਅਨ ਨੈਸ਼ਨਲ ਲੋਕ ਦਲ ਦੀ ਯੂਥ ਅਤੇ ਵਿਦਿਆਰਥੀ ਇਕਾਈ ਦੇ ਕਾਰਕੁਨਾਂ ਵੱਲੋਂ ਕੀਤੇ ਵਿਰੋਧ ਨਾਲ ਚੌਟਾਲਾ ਪਰਿਵਾਰ ਦੀ ਅੰਦਰੂਨੀ ਲੜਾਈ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਇਸ ਨੂੰ ਅਨੁਸ਼ਾਸਨਹੀਣਤਾ ਮੰਨਦਿਆਂ ਓਮ ਪ੍ਰਕਾਸ਼ ਚੌਟਾਲਾ ਨੇ ਯੂਥ ਅਤੇ ਵਿਦਿਆਰਥੀ ਵਿੰਗ ਭੰਗ ਕਰ ਦਿੱਤੇ। ਇਸ ਵਿੰਗ ਦੀ ਕਮਾਨ ਚੌਟਾਲਾ ਦੇ ਵੱਡੇ ਪੁੱਤਰ ਅਜੈ ਚੌਟਾਲਾ ਦੇ ਬੇਟੇ ਦਿੱਗਵਿਜੈ ਦੇ ਕੋਲ ਹੈ।

ਦੂਸਰਾ ਭਾਈ ਦੁਸ਼ਿਅੰਤ ਲੋਕ ਸਭਾ ਦਾ ਮੈਂਬਰ ਹੈ। ਦੁਸ਼ਿਅੰਤ ਨੇ ਦਾਦੇ ਦੀ ਗੱਲ ਨਾ ਮੰਨਦਿਆਂ ਵਿਦਿਆਰਥੀ ਜਥੇਬੰਦੀ ਦੀਆਂ ਇਕਾਈਆਂ ਭੰਗ ਨਾ ਹੋਣ ਦਾ ਬਿਆਨ ਦਾਗ ਦਿੱਤਾ। ਮੰਨਿਆ ਜਾਂਦਾ ਹੈ ਕਿ ਸਾਬਕਾ ਮੁੱਖ ਮੰਤਰੀ ਨੇ ਪਾਰਟੀ ਦੇ ਦਾਦਰੀ ਅਤੇ ਹਿਸਾਰ ਦੇ ਜਿਨ੍ਹਾਂ ਦੋ ਜ਼ਿਲ੍ਹਾ ਪ੍ਰਧਾਨਾਂ ਨੂੰ ਹਟਾਇਆ, ਉਹ ਵੀ ਦੁਸ਼ਿਅੰਤ ਦੇ ਸਮਰਥਕ ਹਨ।
ਚੌਟਾਲਾ ਪਰਿਵਾਰ ਅੰਦਰ ਸੱਤਾ ਦੀ ਲੜਾਈ ਪਹਿਲੀ ਵਾਰ ਨਹੀਂ ਹੋਈ। ਚੌਧਰੀ ਦੇਵੀ ਲਾਲ ਦੇ ਹੁੰਦਿਆਂ ਓਮ ਪ੍ਰਕਾਸ਼ ਚੌਟਾਲਾ ਅਤੇ ਉਸ ਦੇ ਭਾਈ ਰਣਜੀਤ ਚੌਟਾਲਾ ਦਰਮਿਆਨ ਵੀ ਲੜਾਈ ਹੋਈ ਸੀ। ਰਣਜੀਤ ਨੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ। ਓਮ ਪ੍ਰਕਾਸ਼ ਚੌਟਾਲਾ ਅਤੇ ਉਸ ਦਾ ਵੱਡਾ ਬੇਟਾ ਅਜੈ ਸਿੰਘ ਚੌਟਾਲਾ ਜੇ.ਬੀ.ਟੀ. ਅਧਿਆਪਕ ਭਰਤੀ ਘੁਟਾਲੇ ਦੇ ਦੋਸ਼ ਕਾਰਨ 2013 ਤੋਂ ਜੇਲ੍ਹ ਵਿਚ ਸਜ਼ਾ ਕੱਟ ਰਹੇ ਹਨ। ਉਦੋਂ ਤੋਂ ਹੀ ਚੌਟਾਲਾ ਦਾ ਸਿਆਸੀ ਵਾਰਸ ਬਣਨ ਦੀ ਲੜਾਈ ਸ਼ੁਰੂ ਹੋ ਗਈ ਸੀ। ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਦੁਸ਼ਿਅੰਤ ਨੇ ਖੁਦ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਕਹਿੰਦਿਆਂ ਉਚਾਣਾ ਤੋਂ ਚੌਧਰੀ ਵਰਿੰਦਰ ਸਿੰਘ ਖਿਲਾਫ਼ ਚੋਣ ਲੜੀ ਸੀ। ਉਹ ਚੋਣ ਹਾਰ ਗਿਆ ਪਰ ਉਸ ਦੀ ਮਾਤਾ ਨੈਣਾ ਸਿੰਘ ਡੱਬਵਾਲੀ ਤੋਂ ਚੋਣ ਜਿੱਤ ਗਈ ਸੀ। ਦੁਸ਼ਿਅੰਤ ਇਸ ਮੌਕੇ ਸੰਸਦ ਮੈਂਬਰ ਹੈ, ਪਰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਆਗੂ ਚਾਚਾ ਅਭੈ ਚੌਟਾਲਾ ਹੈ। ਓਮ ਪ੍ਰਕਾਸ਼ ਚੌਟਾਲਾ ਵੱਲੋਂ ਦਿੱਤੇ ਸੰਕੇਤਾਂ ਅਨੁਸਾਰ ਪਰਿਵਾਰਕ ਲੜਾਈ ਵਿਚ ਫਿਲਹਾਲ ਅਭੈ ਚੌਟਾਲਾ ਦਾ ਹੱਥ ਉਪਰ ਨਜ਼ਰ ਆ ਰਿਹਾ ਹੈ।
ਦੇਸ਼ ਅੰਦਰ ਪਰਿਵਾਰਵਾਦ ਦੀ ਸਿਆਸਤ ਦੀਆਂ ਜੜ੍ਹਾਂ ਕਾਫੀ ਗਹਿਰੀਆਂ ਹਨ। ਇਕ ਅਨੁਮਾਨ ਅਨੁਸਾਰ ਸੰਸਦ ਵਿਚ ਤਕਰੀਬਨ 37 ਫੀਸਦੀ ਮੈਂਬਰ ਪਰਿਵਾਰਾਂ ਦੇ ਸਿਆਸੀ ਦਬਦਬਿਆਂ ਕਾਰਨ ਆਏ ਹਨ। ਕਾਂਗਰਸ ਲਗਭਗ 70 ਸਾਲਾਂ ਤੋਂ ਇਸੇ ਰਾਹ ਉਤੇ ਚੱਲ ਰਹੀ ਹੈ। ਭਾਜਪਾ ਵੀ ਹੁਣ ਵਿਅਕਤੀ ਅਤੇ ਪਰਿਵਾਰ ਕੇਂਦਰਿਤ ਨਕਸ਼ੇ ਕਦਮਾਂ ਉੱਤੇ ਸਰਪੱਟ ਦੌੜਦੀ ਦਿਖਾਈ ਦੇਣ ਲੱਗੀ ਹੈ। ਖੇਤਰੀ ਪਾਰਟੀਆਂ ਦਾ ਵੱਡਾ ਹਿੱਸਾ ਪਰਿਵਾਰਕ ਸਿਆਸਤ ਦੇ ਦਬਦਬੇ ਵਾਲਾ ਹੈ। ਚੌਟਾਲਿਆਂ ਅਤੇ ਬਾਦਲਾਂ ਦਰਮਿਆਨ ਨਿੱਘੇ ਰਿਸ਼ਤੇ ਹਨ। ਚੌਧਰੀ ਦੇਵੀ ਲਾਲ ਦੇ ਸਮੇਂ ਤੋਂ ਹੁਣ ਤੱਕ ਦੋ ਪੀੜ੍ਹੀਆਂ ਦਾ ਰਿਸ਼ਤਾ ਨਿਭਦਾ ਆ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਅਤੇ ਫਿਰ ਉਪ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਤਾਏ-ਭਤੀਜੇ ਦਰਮਿਆਨ ਟਕਰਾਅ ਪਾਰਟੀ ਹੱਦਾਂ ਪਾਰ ਕਰ ਗਿਆ। ਹੁਣ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਹਨ ਅਤੇ ਬਾਦਲ ਪਰਿਵਾਰ ਵੱਲੋਂ ਪੂਰੀ ਸ਼ਕਤੀ ਸੁਖਬੀਰ ਦੇ ਹੱਥ ਵਿੱਚ ਹੈ। ਸੰਸਥਾਵਾਂ ਕਮਜ਼ੋਰ ਹੋਣ ਅਤੇ ਪਰਿਵਾਰ ਦੇ ਮਜ਼ਬੂਤ ਹੋਣ ਕਾਰਨ ਹੀ ਇਨ੍ਹਾਂ ਦਿਨਾਂ ਵਿਚ ਬਾਦਲ ਪਰਿਵਾਰ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਹੋਰਾਂ ਮੁੱਦਿਆਂ ਕਾਰਨ ਭਾਰੀ ਲੋਕ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
____________________________
ਬਾਦਲ ਤੇ ਚੌਟਾਲਾ ਪਰਿਵਾਰਾਂ ਦੀ ਮਿੱਤਰਤਾ ਕਾਇਮ ਰਹੇਗੀ: ਚੌਟਾਲਾ
ਚੰਡੀਗੜ੍ਹ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਹੁਣ ਸਾਡੀ ਰਾਜਨੀਤੀ ਵੱਖ-ਵੱਖ ਹੈ ਪਰ 50 ਸਾਲਾਂ ਤੋਂ ਵੱਧ ਪ੍ਰਕਾਸ਼ ਸਿੰਘ ਬਾਦਲ ਤੇ ਦੇਵੀ ਲਾਲ ਪਰਿਵਾਰਾਂ ਦੀ ਮਿੱਤਰਤਾ ਕਾਇਮ ਹੈ ਅਤੇ ਕਾਇਮ ਰਹੇਗੀ। ਉਨ੍ਹਾਂ ਕਿਹਾ ਕਿ ਮੈਨੂੰ ਦੱਸਿਆ ਗਿਆ ਹੈ ਕਿ ਸ਼ ਬਾਦਲ ਦਿੱਲੀ ਗਏ ਹੋਏ ਹਨ, ਮੈਂ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਪਿੰਡ ਬਾਦਲ ਜਾਣ ਦਾ ਇੱਛੁਕ ਸੀ।