ਅਕਾਲੀ ਦਲ ਵਿਚ ਬਾਗੀ ਸੁਰਾਂ ਹੋਈਆਂ ਹੋਰ ਤਿੱਖੀਆਂ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਵਿਚਾਲੇ ਪੈਦਾ ਹੋਏ ਅੰਦਰੂਨੀ ਸੰਕਟ ਵਿਚ ਉਸ ਵੇਲੇ ਹੋਰ ਵਾਧਾ ਹੋ ਗਿਆ ਜਦੋਂ ਮਾਝੇ ਦੇ ਇਕ ਹੋਰ ਟਕਸਾਲੀ ਅਕਾਲੀ ਆਗੂ ਭਾਈ ਮਨਜੀਤ ਸਿੰਘ ਨੇ ਵੀ ਪਾਰਟੀ ਦੀਆਂ ਨੀਤੀਆਂ ਉਤੇ ਕਿੰਤੂ ਪ੍ਰੰਤੂ ਕਰਦਿਆਂ ਡੇਰਾ ਸਿਰਸਾ ਦੇ ਮੁਖੀ ਨੂੰ ਮਾਫੀ ਦੇਣਾ ਪਾਰਟੀ ਲਈ ਆਤਮਘਾਤੀ ਫੈਸਲਾ ਕਰਾਰ ਦਿੱਤਾ। ਉਨ੍ਹਾਂ ਨੇ ਪਾਵਨ ਸਰੂਪਾਂ ਦੀ ਬੇਅਦਬੀ ਅਤੇ ਬਰਗਾੜੀ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਮੁਆਫੀ ਮੰਗਣ ਦਾ ਸੁਝਾਅ ਦਿੱਤਾ ਹੈ।

ਭਾਈ ਮਨਜੀਤ ਸਿੰਘ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਮੈਂਬਰ ਹਨ ਅਤੇ ਇਸ ਤੋਂ ਪਹਿਲਾਂ ਪਾਰਟੀ ਦੇ ਮੀਤ ਪ੍ਰਧਾਨ ਤੇ ਪੇਡਾ ਦੇ ਚੇਅਰਮੈਨ ਦੇ ਅਹੁਦੇ ‘ਤੇ ਰਹਿ ਚੁੱਕੇ ਹਨ। ਉਹ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਸਵਰਗੀ ਸੰਤ ਕਰਤਾਰ ਸਿੰਘ ਭਿੰਡਰਾਂਵਾਲਾ ਦੇ ਬੇਟੇ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸਵਰਗੀ ਭਾਈ ਅਮਰੀਕ ਸਿੰਘ ਦੇ ਭਰਾ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਤ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਉਸ ਵੇਲੇ ਦੀ ਸਰਕਾਰ ਨੇ ਇਸ ਘਟਨਾ ਕ੍ਰਮ ਦੀ ਜੜ੍ਹ ਨੂੰ ਲੱਭ ਲਿਆ ਹੁੰਦਾ ਤਾਂ ਅੱਜ ਪੰਜਾਬ ਦੇ ਹਾਲਾਤ ਕੁਝ ਹੋਰ ਹੁੰਦੇ ਤੇ ਸਪੱਸ਼ਟੀਕਰਨ ਦੇਣ ਦੀ ਲੋੜ ਨਾ ਪੈਂਦੀ।
ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਏਜੰਡੇ ਨੂੰ ਤਿਆਗ ਕੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦਿੱਤੀ ਸੀ, ਜੋ ਪਾਰਟੀ ਲਈ ਆਤਮਘਾਤੀ ਫੈਸਲਾ ਸਾਬਤ ਹੋਇਆ ਹੈ। ਇਸ ਫੈਸਲੇ ਨਾਲ ਸ੍ਰੀ ਅਕਾਲ ਤਖਤ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਾਖ ਨੂੰ ਢਾਹ ਲੱਗੀ ਹੈ। ਉਨ੍ਹਾਂ ਆਖਿਆ ਕਿ ਪਾਰਟੀ ਦੀ ਲੀਡਰਸ਼ਿਪ ਵਿਚ ਬਦਲਾਅ ਬਾਰੇ ਸਮੂਹ ਸੀਨੀਅਰ ਆਗੂਆਂ ਨੂੰ ਮਿਲ ਬੈਠ ਕੇ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਸ਼੍ਰੋਮਣੀ ਕਮੇਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਨਹੀਂ ਦੇਣਗੇ ਅਤੇ ਪਾਰਟੀ ਵਿਚ ਰਹਿ ਕੇ ਅਜਿਹੀ ਨੀਤੀ ਦਾ ਵਿਰੋਧ ਕਰਨਗੇ। ਉਨ੍ਹਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਹਟਾਉਣ ਦਾ ਸਮਰਥਨ ਕੀਤਾ ਹੈ।
___________________________
ਬਾਦਲ ਵੱਲੋਂ ਢੀਂਡਸਾ ਨੂੰ ਮਨਾਉਣ ਦੇ ਯਤਨ ਨਾਕਾਮ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੁੱਸੇ ਅਕਾਲੀ ਨੇਤਾਵਾਂ ਨੂੰ ਮਨਾਉਣ ਦੇ ਯਤਨ ਆਰੰਭਦਿਆਂ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨਾਲ ਮੀਟਿੰਗ ਕੀਤੀ। ਸ੍ਰੀ ਬਾਦਲ ਦੇਰ ਸ਼ਾਮ ਆਪਣੇ ਪੁਰਾਣੇ ਸਾਥੀ ਤੇ ਟਕਸਾਲੀ ਨੇਤਾ ਨੂੰ ਮਿਲਣ ਲਈ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਗਏੇ। ਸੂਤਰਾਂ ਮੁਤਾਬਕ ਦੋਹਾਂ ਆਗੂਆਂ ਦਰਮਿਆਨ ਕੋਈ ਅੱਧਾ ਘੰਟਾ ਮੁਲਾਕਾਤ ਹੋਈ। ਸ੍ਰੀ ਢੀਂਡਸਾ ਨੇ ਮੀਟਿੰਗ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸ੍ਰੀ ਬਾਦਲ ਨਾਲ ਬਹੁਤ ਲੰਮੀ ਸਾਂਝ ਹੈ ਅਤੇ ਇਹ ਸਾਧਾਰਨ ਮਿਲਣੀ ਸੀ। ਜਾਣਕਾਰੀ ਮੁਤਾਬਕ ਸ੍ਰੀ ਬਾਦਲ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਗਿਲੇ-ਸ਼ਿਕਵੇ ਭੁਲਾ ਕੇ ਅਕਾਲੀ ਦਲ ਦੇ ਅਹੁਦਿਆਂ ਤੋਂ ਦਿੱਤਾ ਅਸਤੀਫਾ ਵਾਪਸ ਲੈਣ ਅਤੇ ਸਰਗਰਮੀ ਨਾਲ ਕੰਮ ਕਰਨ ਲਈ ਕਿਹਾ।
ਸ੍ਰੀ ਢੀਂਡਸਾ ਨੇ ਸਰਗਰਮ ਸਿਆਸਤ ਵਿਚ ਵਾਪਸੀ ਤੋਂ ਇਨਕਾਰ ਕਰਦਿਆਂ ਸਿਹਤ ਠੀਕ ਨਾ ਰਹਿਣ ਦੀ ਗੱਲ ਆਖੀ। ਜ਼ਿਕਰਯੋਗ ਹੈ ਕਿ ਸ੍ਰੀ ਢੀਂਡਸਾ ਨੇ 29 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸਮੇਤ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸ੍ਰੀ ਢੀਂਡਸਾ 9 ਅਕਤੂਬਰ ਨੂੰ ਅੰਮ੍ਰਿਤਸਰ ‘ਚ ਦਰਬਾਰ ਸਾਹਿਬ ਨਤਮਸਤਕ ਹੋਣ ਸਮੇਂ ਲੋਕਾਂ ਦੇ ਸਾਹਮਣੇ ਆਏ ਸਨ। ਪਹਿਲੀ ਵਾਰ ਮੀਡੀਆ ਦੇ ਸਨਮੁਖ ਹੋਣ ਤੋਂ ਬਾਅਦ ਵੀ ਉਨ੍ਹਾਂ ਸਰਗਰਮ ਸਿਆਸਤ ਵਿਚ ਵਾਪਸ ਨਾ ਆਉਣ ਦੇ ਫੈਸਲੇ ‘ਤੇ ਅਟੱਲ ਰਹਿਣ ਦਾ ਐਲਾਨ ਕੀਤਾ ਸੀ।