ਨਸ਼ਾ ਤਸਕਰੀ: ਮਜੀਠੀਆ ਦੀ ਤਾਕਤ ਅੱਗੇ ਬੇਵੱਸ ਹੋਏ ਈ.ਡੀ. ਅਧਿਕਾਰੀ

ਚੰਡੀਗੜ੍ਹ: ਨਸ਼ਾ ਤਸਕਰੀ ਦੇ ਮਾਮਲੇ ਵਿਚ ਅਕਾਲੀ ਦਲ ਦੇ ਤਾਕਤਵਰ ਆਗੂ ਨੂੰ ਘੇਰ ਵਾਲੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਵੱਲੋਂ ਅਹੁਦੇ ਤੋਂ ਅਚਾਨਕ ਅਸਤੀਫਾ ਦੇਣ ਤੇ ਫਿਰ ਕੁਝ ਦਿਨਾਂ ਪਿੱਛੋਂ ਵਾਪਸ ਲੈਣਾ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ। ਨਿਰੰਜਣ ਸਿੰਘ ਭਾਵੇਂ ਇਸ ਮੁੱਦੇ ਉਤੇ ਖੁੱਲ ਕੇ ਕੁਝ ਬੋਲਣ ਨੂੰ ਤਿਆਰ ਨਹੀਂ ਪਰ ਉਸ ਦੀ ਬੋਲ ਬਾਣੀ ਦੱਸ ਰਹੀ ਹੈ ਕਿ ਮਜੀਠੀਆ ਨਾਲ ਪੰਗਾ ਲੈਣਾ ਉਸ ਨੂੰ ਕਿੰਨਾ ਮਹਿੰਗਾ ਪਿਆ ਹੈ। ਭਾਵੇਂ ਇਹ ਅਫਸਰ ਆਪਣੇ ਉਤੇ ਦਬਾਅ ਬਾਰੇ ਚੁੱਪ ਹੈ ਪਰ ਇਸ ਦੇ ਵਕੀਲ ਨੇ ਸਾਰਾ ਸੱਚ ਸਾਹਮਣੇ ਲੈ ਆਂਦਾ ਹੈ।

ਵਕੀਲ ਨੇ ਪੰਜਾਬ ਹਰਿਆਣਾ ਵਿਚ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਮੁਵੱਕਿਲ ਨੇ ਨਸ਼ਿਆਂ ਦੇ ਕੇਸ ਵਿਚ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ਼ ਕਾਰਵਾਈ ਦੀ ਇਜਾਜ਼ਤ ਨਾ ਮਿਲਣ ਤੋਂ ਅੱਕ ਕੇ ਇਹ ਕਦਮ ਚੁੱਕਿਆ ਹੈ।
ਚੀਫ ਜਸਟਿਸ ਕ੍ਰਿਸ਼ਨ ਮੁਰਾਰੀ ਤੇ ਜਸਟਿਸ ਏਬੀ ਚੌਧਰੀ ਦੇ ਬੈਂਚ ਸਾਹਮਣੇ ਸੀਨੀਅਰ ਐਡਵੋਕੇਟ ਅਨੁਪਮ ਗੁਪਤਾ ਨੇ ਕਿਹਾ ਕਿ ਈਡੀ ਵੱਲੋਂ ਮਜੀਠੀਆ ਖਿਲਾਫ਼ ਕਾਰਵਾਈ ਦੀ ਆਗਿਆ ਨਾ ਦਿੱਤੇ ਜਾਣ ਤੋਂ ਮਾਯੂਸ ਹੋ ਕੇ ਪਿਛਲੇ ਹਫਤੇ ਅਸਤੀਫਾ ਦਿੱਤਾ ਸੀ। ਉਹ ਪਿਛਲੀ ਸਰਕਾਰ ਵਿਚ ਮਾਲ ਮੰਤਰੀ ਸੀ ਤੇ ਉਸ ਦੀ ਪਾਰਟੀ ਇਸ ਵੇਲੇ ਕੇਂਦਰ ਵਿਚ ਭਿਆਲ ਹੈ ਜਿਸ ਕਰ ਕੇ ਉਸ ਦਾ ਬਹੁਤ ਹੀ ਦਬਦਬਾ ਹੈ। ਉਹ ਅਦਾਲਤ ਨੂੰ ਦੱਸ ਸਕਦੇ ਹਨ ਕਿਵੇਂ ਕੇਂਦਰੀ ਵਿੱਤ ਮੰਤਰਾਲੇ ਵੱਲੋਂ ਜਗਦੀਸ਼ ਭੋਲਾ ਡਰੱਗ ਕੇਸ ਵਿਚ ਉਨ੍ਹਾਂ (ਨਿਰੰਜਣ ਸਿੰਘ) ਨੂੰ ਧਮਕਾਇਆ ਗਿਆ ਸੀ। ਉਨ੍ਹਾਂ ਨੂੰ ਕੋਈ ਮੌਕਾ ਨਹੀਂ ਦਿੱਤਾ ਗਿਆ, ਇਕ ਵੀ ਗਵਾਹ ਤੋਂ ਪੁੱਛਗਿਛ ਨਹੀਂ ਕੀਤੀ ਗਈ ਤੇ ਕੋਈ ਅਸਾਸਾ ਜ਼ਬਤ ਨਹੀਂ ਕੀਤਾ ਗਿਆ। ਉਧਰ, ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਦਾਅਵਾ ਕੀਤਾ ਕਿ ਨਿਰੰਜਣ ਸਿੰਘ ਵੱਲੋਂ ਦਿੱਤੇ ਗਏ ਅਚਨਚੇਤ ਅਸਤੀਫੇ ਨੇ ਪੋਲ ਖੋਲ੍ਹ ਦਿੱਤੀ ਹੈ ਕਿ ਸੂਬੇ ਅੰਦਰ ਨਸ਼ਾ ਤਸਕਰੀ ਦੇ ਕੇਸਾਂ ਵਿਚ ਸੂਬਾਈ ਤੇ ਕੇਂਦਰੀ ਜਾਂਚ ਏਜੰਸੀਆਂ ਨੂੰ ਕਿੰਨੇ ਵੱਡੇ ਪੱਧਰ ‘ਤੇ ਦਬਾਅ ਥੱਲੇ ਰੱਖਿਆ ਜਾ ਰਿਹਾ ਹੈ।
ਪਾਰਟੀ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਇਸ ਸਮੁੱਚੇ ਮਾਮਲੇ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਪਸ਼ਟ ਕਰਨ ਲਈ ਕਿਹਾ ਕਿ ਉਹ ਜਾਂਚ ਏਜੰਸੀਆਂ ‘ਤੇ ਨਸ਼ਾ ਤਸਕਰੀ ਮਾਮਲੇ ਦੀ ਜਾਂਚ ਦਾ ਸਾਹਮਣਾ ਕਰ ਰਹੇ ਬਿਕਰਮ ਸਿੰਘ ਮਜੀਠੀਆ ਨੂੰ ਬਚਾਉਣ ਲਈ ਦਬਾਅ ਕਿਉਂ ਪਾ ਰਹੇ ਹਨ। ਚੀਮਾ ਨੇ ਇਸ ਮਾਮਲੇ ‘ਚ ਮਜੀਠੀਆ ਤੇ ਉਨ੍ਹਾਂ ਦੇ ਰਿਸ਼ਤੇਦਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕੋਲੋਂ ਵੀ ਜਵਾਬ ਤਲਬ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਨਿਰੰਜਣ ਸਿੰਘ ਆਪਣੇ ਅਸਤੀਫੇ ਬਾਰੇ ਜਨਤਕ ਤੌਰ ‘ਤੇ ਇਸ ਤਰ੍ਹਾਂ ਦਾ ਖੁਲਾਸਾ ਕਰਦੇ ਤਾਂ ਉਨ੍ਹਾਂ ਦੀ ਦਲੀਲ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਹਿ ਕੇ ਰੱਦ ਕੀਤਾ ਜਾ ਸਕਦਾ ਸੀ, ਪਰ ਇਹ ਇਲਜ਼ਾਮ ਅਦਾਲਤ ਦੀ ਸੁਣਵਾਈ ਦੌਰਾਨ ਦਰਜ ਕਰਵਾਏ ਗਏ ਹਨ, ਜੋ ਨਜ਼ਰ ਅੰਦਾਜ਼ ਨਹੀਂ ਹੋ ਸਕਦੇ।
ਉਨ੍ਹਾਂ ਕਿਹਾ ਕਿ 6 ਹਜ਼ਾਰ ਕਰੋੜ ਦੇ ਚਰਚਿਤ ਨਸ਼ਾ ਤਸਕਰੀ ਕੇਸ ਦੀ ਜਾਂਚ ਕਰ ਰਹੇ ਨਿਰੰਜਣ ਸਿੰਘ ਵੱਲੋਂ ਰਹੱਸਮਈ ਤਰੀਕੇ ਨਾਲ ਦਿੱਤੇ ਗਏ ਅਸਤੀਫੇ ਦੀਆਂ ਤਾਰਾਂ ਬਾਦਲ ਪਰਿਵਾਰ ਦੇ ਕਰੀਬੀ ਰਿਸ਼ਤੇਦਾਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਜਾ ਜੁੜੀਆਂ ਹਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਨਸ਼ਾ ਤਸਕਰੀ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਦਾ ਸਹਿਯੋਗ ਕਰ ਰਹੀ ਐਮਿਕਸ ਕਿਊਰੀ ਨੇ ਸਪਸ਼ਟ ਸ਼ਬਦਾਂ ‘ਚ ਦਲੀਲ ਦਰਜ ਕਰਵਾਈ ਹੈ ਕਿ ਮਜੀਠੀਆ ਖਿਲਾਫ਼ ਕਾਰਵਾਈ ਕਰਨ ਦੀ ਮਨਜ਼ੂਰੀ ਨਾ ਦਿੱਤੇ ਜਾਣ ਤੋਂ ਨਿਰਾਸ਼ ਨਿਰੰਜਣ ਸਿੰਘ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ।
_________________________________
ਨਿਰੰਜਣ ਨੂੰ ਮਜੀਠੀਆ ਖਿਲਾਫ ਕਾਰਵਾਈ ਦੀ ਪੂਰੀ ਖੁੱਲ੍ਹ!
ਜਲੰਧਰ: ਨਿਰੰਜਣ ਸਿੰਘ ਦੇ ਅਸਤੀਫੇ ਬਾਅਦ ਗਰਮਾਏ ਹੋਏ ਮਾਹੌਲ ਦੇ ਚੱਲਦਿਆਂ ਵਿਭਾਗ ਦੇ ਆਹਲਾ ਅਧਿਕਾਰੀਆਂ ਨੇ ਬਿਆਨ ਦਿੱਤਾ ਹੈ ਕਿ ਨਿਰੰਜਣ ਸਿੰਘ ਨੂੰ ਕਦੀ ਵੀ ਸਾਬਕਾ ਮੰਤਰੀ ਬਿਕਰਮ ਮਜੀਠੀਆ ਜਾਂ ਕਿਸੇ ਹੋਰ ਵਿਅਕਤੀ ਖਿਲਾਫ ਕਾਰਵਾਈ ਕਰਨ ਤੋਂ ਨਹੀਂ ਰੋਕਿਆ ਗਿਆ। ਯਾਦ ਰਹੇ ਕਿ ਨਿਰੰਜਣ ਸਿੰਘ ਨੇ ਹਾਲ ਹੀ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਸਾਹਮਣੇ ਬਿਆਨ ਦਿੱਤਾ ਸੀ ਕਿ ਉਨ੍ਹਾਂ ਅਸਤੀਫਾ ਇਸ ਲਈ ਦਿੱਤਾ ਕਿਉਂਕਿ ਉਨ੍ਹਾਂ ਨੂੰ 6 ਹਜ਼ਾਰ ਕਰੋੜ ਰੁਪਏ ਦੇ ਜਗਦੀਸ਼ ਭੋਲਾ ਡਰੱਗ ਰੈਕੇਟ ਵਿਚ ਅਕਾਲੀ ਲੀਡਰ ਮਜੀਠੀਆ ਖਿਲਾਫ ਕਾਰਵਾਈ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ। ਈਡੀ ਦੇ ਕੌਮੀ ਨਿਰਦੇਸ਼ਕ ਕਰਨਲ ਸਿੰਘ ਨੇ ਅਥਾਰਟੀ ਵੱਲੋਂ ਅਧਿਕਾਰੀਆਂ ‘ਤੇ ਇਸ ਤਰ੍ਹਾਂ ਦੇ ਦਬਾਅ ਪਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨਿਰੰਜਣ ਸਿੰਘ ਨੂੰ ਕਦੀ ਵੀ ਮਜੀਠੀਆ ਜਾਂ ਕਿਸੇ ਹੋਰ ਖਿਲਾਫ ਕਾਰਵਾਈ ਕਰਨ ਤੋਂ ਕਦੀ ਨਹੀਂ ਰੋਕਿਆ।