ਕਿਤਾਬਾਂ ਦੀ ਥਾਂ ਹਥਿਆਰਾਂ ਨੂੰ ਤਰਜੀਹ ਦੇਣ ਲੱਗੀ ਕਸ਼ਮੀਰ ਦੀ ਜਵਾਨੀ

ਚੰਡੀਗੜ੍ਹ: ਜੰਮੂ ਕਸ਼ਮੀਰ ਪੁਲਿਸ ਨੇ ਜਲੰਧਰ ਵਿਚ ਪੜ੍ਹਦੇ ਤਿੰਨ ਕਸ਼ਮੀਰੀ ਨੌਜਵਾਨਾਂ ਨੂੰ ਅਤਿਵਾਦੀ ਜਥੇਬੰਦੀ ਨਾਲ ਸਬੰਧਾਂ ਦੇ ਦੋਸ਼ ਹੇਠ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਤੋਂ ਅਗਲੇ ਦਿਨ ਹੀ ਪੀ.ਐਚ.ਡੀ. ਸਕਾਲਰ ਸਮੇਤ ਤਿੰਨ ਨੌਜਵਾਨ ਪੁਲਿਸ ਮੁਕਾਬਲੇ ਵਿਚ ਮਾਰੇ ਗਏ। ਇਹ ਦੋਵੇਂ ਘਟਨਾਵਾਂ ਇਹ ਸਾਬਤ ਕਰਨ ਲਈ ਕਾਫੀ ਹਨ ਕਿ ਪੜ੍ਹਿਆ ਲਿਖਿਆ ਕਸ਼ਮੀਰੀ ਨੌਜਵਾਨ ਲਗਾਤਾਰ ਹਥਿਆਰਬੰਦ ਜਥੇਬੰਦੀਆਂ ਵੱਲ ਝੁਕ ਰਿਹਾ ਹੈ।

ਉਹ ਪੈੱਨ ਦੇ ਬਜਾਇ ਬੰਦੂਕ ਨੂੰ ਤਰਜੀਹ ਦੇਣ ਲੱਗਾ ਹੈ। ਪੁਲਿਸ ਦਾ ਆਪਣਾ ਰਿਕਾਰਡ ਦੱਸਦਾ ਹੈ ਕਿ 2016 ਵਿਚ ਹਿਜ਼ਬੁਲ ਮੁਜਾਹਿਦੀਨ ਕਮਾਂਡਰ ਬੁਰਹਾਨ ਬਾਨੀ ਦੀ ਮੌਤ ਤੋਂ ਬਾਅਦ 200 ਤੋਂ ਵੱਧ ਨੌਜਵਾਨ ਹਥਿਆਰਾਂ ਦੀ ਖੇਡ ਵਿਚ ਸ਼ਾਮਲ ਹੋ ਚੁੱਕੇ ਹਨ। ਸਾਲ 2017 ਦੌਰਾਨ ਜੰਮੂ ਕਸ਼ਮੀਰ ਵਿਚ ਹਰ ਤੀਸਰੇ ਦਿਨ ਇਕ ਨੌਜਵਾਨ ਕਿਸੇ ਨਾ ਕਿਸੇ ਹਥਿਆਰਬੰਦ ਜਥੇਬੰਦੀ ਦਾ ਮੈਂਬਰ ਬਣਿਆ ਹੈ। ਇਹ ਗਿਣਤੀ ਲਗਾਤਾਰ ਵਧ ਰਹੀ ਹੈ। 2015 ਵਿਚ 53, 2016 ਵਿਚ 88 ਅਤੇ 2017 ਵਿਚ 124 ਨੌਜਵਾਨਾਂ ਨੇ ਕਿਤਾਬ ਛੱਡ ਕੇ ਹਥਿਆਰ ਚੁੱਕੇ ਸਨ।
ਹੁਣ ਤੱਕ ਸੁਰੱਖਿਆ ਬਲਾਂ ਵੱਲੋਂ ਅਪਣਾਈ ਜਾਣ ਵਾਲੀ ਸਖਤੀ ਨੌਜਵਾਨਾਂ ਨੂੰ ਹਥਿਆਰਬੰਦ ਜਥੇਬੰਦੀਆਂ ਵਿਚ ਭਰਤੀ ਹੋਣ ਵੱਲ ਵੀ ਧੱਕ ਰਹੀ ਹੈ। ਕਿਸੇ ਨੌਜਵਾਨ ਦੇ ਅੰਤਿਮ ਸੰਸਕਾਰ ਤੋਂ ਬਾਅਦ ਉਸ ਦੇ ਗੁਆਂਢੀ, ਰਿਸ਼ਤੇਦਾਰ ਅਤੇ ਜਾਣ-ਪਛਾਣ ਵਾਲਿਆਂ ਨਾਲ ਦਿਨ ਪ੍ਰਤੀ ਦਿਨ ਸਖਤੀ, ਉਨ੍ਹਾਂ ਨੂੰ ਉਸੇ ਰਾਹ ਜਾਣ ਦਾ ਆਧਾਰ ਵੀ ਬਣ ਜਾਂਦੀ ਹੈ। ਐਮ.ਬੀ.ਬੀ.ਐਸ਼, ਪੀ.ਐਚ.ਡੀ. ਅਤੇ ਹੋਰ ਉਚ ਡਿਗਰੀਆਂ ਵਾਲੇ ਤੇ ਕਈ ਅਹੁਦਿਆਂ ਉਤੇ ਬੈਠੇ ਨੌਜਵਾਨਾਂ ਦੇ ਅਤਿਵਾਦੀ ਬਣਨ ਦਾ ਵਰਤਾਰਾ ਉਸ ਦਲੀਲ ਨੂੰ ਵੀ ਕੱਟ ਰਿਹਾ ਹੈ ਕਿ ਕਸ਼ਮੀਰ ਦੀ ਸਮੱਸਿਆ ਸਿਰਫ ਬੇਰੁਜ਼ਗਾਰੀ ਜਾਂ ਆਰਥਿਕ ਤੰਗੀ ਨਾਲ ਜੁੜੀ ਹੋਈ ਹੈ।
ਏ.ਐਮ.ਯੂ. ‘ਚ ਪੀ.ਐਚ.ਡੀ. ਵਿਚਾਲੇ ਛੱਡ ਕੇ ਦਹਿਸ਼ਤੀ ਸਫਾਂ ‘ਚ ਸ਼ਾਮਲ ਹੋਣ ਵਾਲਾ ਕਮਾਂਡਰ ਮਨਾਨ ਬਸ਼ੀਰ ਵਾਨੀ (27) ਉਤਰੀ ਕਸ਼ਮੀਰ ‘ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ ਮਾਰਿਆ ਗਿਆ। ਵਾਨੀ ਅਲਾਈਡ ਜਿਓਲੌਜੀ ਦੀ ਪੀ.ਐਚ.ਡੀ. ਕਰ ਰਿਹਾ ਸੀ ਜਦੋਂ ਉਹ ਇਸ ਸਾਲ ਜਨਵਰੀ ‘ਚ ਪਾਬੰਦੀਸ਼ੁਦਾ ਦਹਿਸ਼ਤੀ ਜਥੇਬੰਦੀ ਹਿਜ਼ਬੁਲ ਮੁਜਾਹਿਦੀਨ ‘ਚ ਸ਼ਾਮਲ ਹੋ ਗਿਆ ਸੀ। ਇਕ ਹੋਰ ਹਿਜ਼ਬੁਲ ਦਹਿਸ਼ਤਗਰਦ ਆਸ਼ਿਕ ਹੁਸੈਨ, ਜੋ ਹੰਦਵਾੜਾ ਦੇ ਲੰਗੇਟ ਇਲਾਕੇ ਦਾ ਵਸਨੀਕ ਸੀ, ਅਪਰੇਸ਼ਨ ਦੌਰਾਨ ਮਾਰਿਆ ਗਿਆ। ਪੜ੍ਹਾਈ-ਲਿਖਾਈ ‘ਚ ਹੁਸ਼ਿਆਰ ਵਾਨੀ ਨੇ ਜਵਾਹਰ ਨਵੋਦਿਆ ਵਿਦਿਆਲਿਆ ਅਤੇ ਸੈਨਿਕ ਸਕੂਲ ਮਾਨਸਬਲ ਤੋਂ ਮੁੱਢਲੀ ਸਿੱਖਿਆ ਹਾਸਲ ਕੀਤੀ ਸੀ ਅਤੇ ਉੱਤਰੀ ਕਸ਼ਮੀਰ ‘ਚ ਉਹ ਦਹਿਸ਼ਤਗਰਦ ਭਰਤੀ ਕਰਨ ਦਾ ਮੁਖੀ ਸਮਝਿਆ ਜਾਂਦਾ ਸੀ। ਵਾਨੀ ਦੀਆਂ ਅੰਤਿਮ ਰਸਮਾਂ ਵਿਚ 10 ਹਜ਼ਾਰ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਜਿਵੇਂ ਹੀ ਵਾਨੀ ਦੀ ਮੌਤ ਦੀ ਖਬਰ ਫੈਲੀ ਤਾਂ ਲੋਕ ਸੜਕਾਂ ‘ਤੇ ਨਿਕਲ ਆਏ ਅਤੇ ਕੁਝ ਥਾਵਾਂ ਉਪਰ ਉਨ੍ਹਾਂ ਸੁਰੱਖਿਆ ਬਲਾਂ ‘ਤੇ ਪਥਰਾਅ ਕੀਤਾ। ਅਧਿਕਾਰੀਆਂ ਨੇ ਇਹਤਿਆਤ ਵਜੋਂ ਸਕੂਲ, ਵਿਦਿਅਕ ਅਦਾਰੇ ਅਤੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ।
ਇਨ੍ਹਾਂ ਵਿਦਿਆਰਥੀਆਂ ਬਾਰੇ ਸਚਾਈ ਸਾਹਮਣੇ ਆਉਣ ਪਿੱਛੋਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਪ੍ਰਮੁੱਖ ਵਿੱਦਿਅਕ ਅਦਾਰਿਆਂ ਵਿਚ ਪੜ੍ਹਦੇ ਕਸ਼ਮੀਰੀ ਨੌਜਵਾਨਾਂ ਦੀ ਪੜਤਾਲ ਵਿੱਢ ਦਿੱਤੀ ਹੈ। ਕਸ਼ਮੀਰੀ ਨੌਜਵਾਨਾਂ ਦੇ ਵਿੱਦਿਅਕ ਅਦਾਰਿਆਂ ਵਿਚਲੇ ਦਾਖਲੇ ਅਤੇ ਉਨ੍ਹਾਂ ਦੇ ਰਿਹਾਇਸ਼ੀ ਟਿਕਾਣਿਆਂ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ। ਪਤਾ ਲੱਗਾ ਹੈ ਕਿ ਇਨ੍ਹਾਂ ਅਦਾਰਿਆਂ ਤੋਂ ਸੂਚਨਾਵਾਂ ਇਕੱਤਰ ਕਰਨ ਮਗਰੋਂ ਗ੍ਰਹਿ ਵਿਭਾਗ ਨੇ ਕਰੜੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਗ੍ਰਹਿ ਮੰਤਰਾਲੇ ਨੇ ਨਵੀਂ ਮੁਹਿੰਮ ਚੁੱਪ ਚੁਪੀਤੇ ਵਿੱਢੀ ਹੈ। ਪੰਜਾਬ ਵਿਚ ਇਸ ਵੇਲੇ ਕੁੱਲ 29 ਯੂਨੀਵਰਸਿਟੀਆਂ ਹਨ, ਜਿਨ੍ਹਾਂ ‘ਚੋਂ 11 ਸਰਕਾਰੀ ਯੂਨੀਵਰਸਿਟੀਆਂ, 16 ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਦੋ ਡੀਮਡ ਯੂਨੀਵਰਸਿਟੀਆਂ ਹਨ। ਪ੍ਰਾਈਵੇਟ ਯੂਨੀਵਰਸਿਟੀਆਂ ‘ਤੇ ਖਾਸ ਕਰਕੇ ਹੁਣ ਨਜ਼ਰ ਰੱਖਣੀ ਸ਼ੁਰੂ ਕੀਤੀ ਗਈ ਹੈ। ਕੇਂਦਰੀ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ ਵਿਚ ਕਰੀਬ 26 ਸੂਬਿਆਂ ਦੇ ਕਰੀਬ 594 ਵਿਦਿਆਰਥੀ ਪੜ੍ਹ ਰਹੇ ਹਨ, ਜਿਨ੍ਹਾਂ ‘ਚੋਂ ਸਭ ਤੋਂ ਜ਼ਿਆਦਾ 78 ਵਿਦਿਆਰਥੀ ਜੰਮੂ ਕਸ਼ਮੀਰ ਦੇ ਹਨ। ਦੂਸਰੇ ਨੰਬਰ ‘ਤੇ ਯੂ.ਪੀ ਦੇ 63 ਵਿਦਿਆਰਥੀ, ਕੇਰਲਾ ਦੇ 50 ਅਤੇ ਉੜੀਸਾ ਦੇ ਕਰੀਬ 35 ਵਿਦਿਆਰਥੀ ਪੜ੍ਹਦੇ ਹਨ। ਪੰਜਾਬ ਵਿਚ ਕੇਂਦਰੀ ਯੂਨੀਵਰਸਿਟੀ ਵਿਚ ਸਿਰਫ 14 ਫੀਸਦੀ ਵਿਦਿਆਰਥੀ ਹੀ ਹਨ।
_______________________________
ਕਸ਼ਮੀਰ ਮਸਲੇ ਦੇ ਹੱਲ ਲਈ ਵਾਜਪਾਈ ਵਾਲੀ ਪਹੁੰਚ ਦੀ ਲੋੜ: ਦੁੱਲਤ
ਚੰਡੀਗੜ੍ਹ: ‘ਰਾਅ’ ਦੇ ਸਾਬਕਾ ਮੁਖੀ ਏ.ਐੱਸ਼ ਦੁੱਲਤ ਨੇ ਆਖਿਆ ਹੈ ਕਿ ਕਸ਼ਮੀਰ ਮਾਮਲੇ ਦੇ ਹੱਲ ਲਈ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵਾਲੀ ਪਹੁੰਚ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਮਾਂ ਮੰਗ ਕਰਦਾ ਹੈ ਕਿ ਕੇਂਦਰ ਸਰਕਾਰ, ਕਸ਼ਮੀਰ ਦੀਆਂ ਸਾਰੀਆਂ ਧਿਰਾਂ ਨਾਲ ਗੱਲਬਾਤ ਕਰੇ। ਉਨ੍ਹਾਂ ਹਿੰਦੁਸਤਾਨ ਨੂੰ ਸਾਰੇ ਗੁਆਂਢੀ ਦੇਸ਼ਾਂ ਨਾਲ ਵੀ ਗੱਲਬਾਤ ਜਾਰੀ ਰੱਖਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਨੇਪਾਲ, ਭੂਟਾਨ ਤੇ ਹੋਰਨਾਂ ਦੇਸ਼ਾਂ ਦਾ ਭਰੋਸਾ ਜਿੱਤਣਾ ਚਾਹੀਦਾ ਹੈ ਤੇ ਉਨ੍ਹਾਂ ਦੀ ਹਰ ਪੱਖੋਂ ਸਹਾਇਤਾ ਕਰਨੀ ਚਾਹੀਦੀ ਹੈ। ਉਨ੍ਹਾਂ ਚੜ੍ਹਦੇ ਦੇ ਲਹਿੰਦੇ ਪੰਜਾਬ ਦੇ ਲੋਕਾਂ ਦੀ ਆਪਸੀ ਸਾਂਝ ਵਧਾਉਣ ‘ਤੇ ਜ਼ੋਰ ਦਿੱਤਾ।