ਬੇਅਦਬੀ ਦੇ ਰੋਸ ਵਿਚ ‘ਆਪ’ ਵਿਧਾਇਕ ਫੂਲਕਾ ਨੇ ਦਿੱਤਾ ਅਸਤੀਫਾ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਦਾਖਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਐਚ.ਐਸ਼ ਫੂਲਕਾ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੂੰ ਭੇਜ ਦਿੱਤਾ ਹੈ ਤੇ ਇਸ ਦੀ ਕਾਪੀ ਭਾਰਤ ਦੇ ਚੋਣ ਕਮਿਸ਼ਨ ਨੂੰ ਵੀ ਭੇਜੇ ਜਾਣ ਦਾ ਦਾਅਵਾ ਕੀਤਾ ਹੈ। ਆਪ ਵਿਧਾਇਕ ਵੱਲੋਂ ਤਿੰਨ ਸਫਿਆਂ ਦਾ ਅਸਤੀਫਾ ਭੇਜਦਿਆਂ ਕਾਂਗਰਸ ਸਰਕਾਰ ਖਾਸ ਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਪੁਲਿਸ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਦੇ ਦੋਸ਼ ਲਾਏ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਸਰਕਾਰ ‘ਤੇ ਜ਼ੋਰ ਪਾਉਣ ਲਈ ਅਸਤੀਫਾ ਦੇ ਰਿਹਾ ਹਾਂ। ਵਿਧਾਨ ਸਭਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ੍ਰੀ ਫੂਲਕਾ ਦਾ ਅਸਤੀਫਾ ਵਿਧਾਨ ਸਭਾ ਵੱਲੋਂ ਨਿਰਧਾਰਤ ਮਾਪਦੰਡਾਂ ਮੁਤਾਬਕ ਨਹੀਂ ਦਿੱਤਾ ਗਿਆ। ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਅਸਤੀਫਾ ਸਪੀਕਰ ਨੂੰ ਮਿਲ ਕੇ ਹੀ ਦਿੱਤਾ ਜਾ ਸਕਦਾ ਹੈ। ਇਸ ਤੋਂ ਬਿਨਾਂ ਸਪੀਕਰ ਵੱਲੋਂ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਹੀ ਆਮ ਤੌਰ ਉਤੇ ਅਸਤੀਫਾ ਪ੍ਰਵਾਨ ਕੀਤਾ ਜਾਂਦਾ ਹੈ। ਐਚ.ਐਸ਼ ਫੂਲਕਾ ਨੇ ਪੰਜਾਬ ਵਿਧਾਨ ਸਭਾ ਬੇਅਦਬੀ ਮਾਮਲੇ ਦੀ ਪੜਤਾਲੀਆ ਰਿਪੋਰਟ ਉਤੇ 28 ਅਗਸਤ ਨੂੰ ਹੋਈ ਬਹਿਸ ਤੋਂ ਬਾਅਦ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। ‘ਆਪ’ ਵਿਧਾਇਕ ਵੱਲੋਂ ਅਸਤੀਫਾ ਦੇਣ ਦਾ ਮਾਮਲਾ ਇਸ ਕਰ ਕੇ ਮੁਲਤਵੀ ਕਰ ਦਿੱਤਾ ਗਿਆ ਸੀ ਕਿਉਂਕਿ ਪੰਜਾਬ ਪੁਲਿਸ ਦੇ ਕੁਝ ਅਫਸਰਾਂ ਨੇ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਦੀਆਂ ਪੜਤਾਲੀਆ ਰਿਪੋਰਟਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਚੁਣੌਤੀ ਦੇ ਦਿੱਤੀ ਸੀ। ਲੰਘੇ ਦਿਨਾਂ ਦੌਰਾਨ 7 ਅਕਤੂਬਰ ਨੂੰ ਬਰਗਾੜੀ ਵਿਚ ਹੋਏ ਭਾਰੀ ਇਕੱਠ ਤੋਂ ਬਾਅਦ ਸ੍ਰੀ ਫੂਲਕਾ ਨੇ ਅਸਤੀਫਾ ਦੇਣ ਦੇ ਐਲਾਨ ਨੂੰ ਅਮਲੀ ਜਾਮਾ ਪਹਿਨਾ ਦਿੱਤਾ।
‘ਆਪ’ ਵਿਧਾਇਕ ਨੇ ਇਹ ਵੀ ਦੋਸ਼ ਲਾਇਆ ਕਿ ਪੰਜਾਬ ਸਰਕਾਰ ਪਾਰਟੀ ਹਾਈ ਕਮਾਨ ਦੇ ਦਬਾਅ ਅਧੀਨ ਡੇਰਾ ਸਿਰਸਾ ਤੋਂ ਸਿਆਸੀ ਹਮਾਇਤ ਲੈਣ ਦੀ ਝਾਕ ਵਿਚ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਨੂੰ ਬਹੁਮਤ ਹੋਣ ਕਾਰਨ ਹਾਕਮ ਪਾਰਟੀ ਨਾਜਾਇਜ਼ ਫਾਇਦਾ ਉਠਾ ਰਹੀ ਹੈ। ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਜੇ ਅਸਤੀਫਾ ਪ੍ਰਵਾਨ ਕਰ ਲਿਆ ਜਾਂਦਾ ਹੈ ਤਾਂ ਚੋਣ ਕਮਿਸ਼ਨ ਛੇ ਮਹੀਨਿਆਂ ਦੇ ਅੰਦਰ-ਅੰਦਰ ਚੋਣ ਕਰਾਉਣ ਲਈ ਵਿਧਾਨਿਕ ਤੌਰ ਉਤੇ ਪਾਬੰਦ ਹੋਵੇਗਾ। ਇਸ ਤਰ੍ਹਾਂ ਆਗਾਮੀ ਲੋਕ ਸਭਾ ਚੋਣਾਂ ਦੇ ਨਾਲ ਹੀ ਦਾਖਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵੀ ਹੋ ਸਕਦੀ ਹੈ।
__________________________
ਫੂਲਕਾ ਨੇ ਬੋਲ ਪੁਗਾਏ, ਹੁਣ ਕਾਂਗਰਸੀ ਮੰਤਰੀ ਅੱਗੇ ਆਉਣ: ਆਪ
ਚੰਡੀਗੜ੍ਹ :’ਆਪ’ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਬਰਗਾੜੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ‘ਚ ਅਸਫਲ ਰਹੇ ਕਾਂਗਰਸ ਦੇ ਉਨ੍ਹਾਂ ਪੰਜ ਮੰਤਰੀਆਂ ਤੋਂ ਅਸਤੀਫਾ ਮੰਗਿਆ ਹੈ, ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਸਦਨ ਵਿਚ ‘ਝੋਲੀਆਂ’ ਅੱਡ ਕੇ ਵਾਸਤੇ ਪਾ ਰਹੇ ਸਨ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਆਪ’ ਦੇ ਸੀਨੀਅਰ ਆਗੂ ਤੇ ਵਿਧਾਇਕ ਐਚ.ਐਸ਼ ਫੂਲਕਾ ਨੇ ਆਪਣਾ ਵਚਨ ਨਿਭਾਉਂਦਿਆਂ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਹੁਣ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਵੀ ਅਸਤੀਫੇ ਦੇਣ ਦੀ ਹਿੰਮਤ ਦਿਖਾਉਣ।