ਬੱਬਰ ਅਕਾਲੀ ਲਹਿਰ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ

‘ਪੰਜਾਬ ਟਾਈਮਜ਼’ ਦੇ 9 ਮਾਰਚ 2013 ਵਾਲੇ ਅੰਕ ਵਿਚ ਸ਼ ਵਾਸਦੇਵ ਸਿੰਘ ਪਰਹਾਰ ਦਾ ਲਿਖਿਆ ਲੇਖ ‘ਬੱਬਰ ਅਕਾਲੀ ਲਹਿਰ ਦੇ ਵਰਕੇ ਫਰੋਲਦਿਆਂ’ ਪੜ੍ਹਨ ਨੂੰ ਮਿਲਿਆ। ਕੁੱਜੇ ‘ਚ ਸਮੁੰਦਰ ਬੰਦ ਕਰਨ ਵਾਲੀ ਸ਼ ਪਰਹਾਰ ਦੀ ਕਲਾ ਤੋਂ ਮੈਂ ਬੇਹਦ ਪ੍ਰਭਾਵਿਤ ਹੋਇਆ ਹਾਂ। ਅਦਾਰੇ ਅਤੇ ਲੇਖਕ ਦੀ ਇਸ ਗੱਲੋਂ ਪ੍ਰਸ਼ੰਸਾ ਕਰਨੀ ਬਣਦੀ ਹੈ। ਮੈਨੂੰ ਵੀ ਹੁਣੇ ਹੁਣੇ ਬੱਬਰ ਅਕਾਲੀ ਲਹਿਰ ਬਾਰੇ ਕੁਝ ਕਿਤਾਬਾਂ ਪੜ੍ਹਨ ਦਾ ਮੌਕਾ ਮਿਲਿਆ ਹੈ। ਇਨ੍ਹਾਂ ਕਿਤਾਬਾਂ ‘ਚੋਂ ਬੱਬਰ ਅਕਾਲੀ ਲਹਿਰ ਬਾਰੇ ਕੁਝ ਤੱਥ ਮੈਂ ਪਾਠਕਾਂ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ,
ਬੱਬਰ ਅਕਾਲੀਆਂ ਨੂੰ ਫਾਂਸੀ ਬਾਰੇ ਪ੍ਰਤੀਕ੍ਰਮ ਵਜੋਂ ਸ਼ਹੀਦ-ਏ-ਆਜ਼ਮ ਸ਼ ਭਗਤ ਸਿੰਘ ਦਾ ਲਿਖਿਆ ਲੇਖ ਪੜ੍ਹਿਆ। ਭਗਤ ਸਿੰਘ ਆਪਣਾ ਵਿਆਹ ਟਾਲਣ ਲਈ 1924 ਦੇ ਸ਼ੁਰੂ ਵਿਚ ਲਾਹੌਰ ਛੱਡ ਕੇ ਕਾਨਪੁਰ (ਯੂæਪੀæ) ਪੁੱਜ ਗਏ ਸਨ। ਉਥੇ ਉਨ੍ਹਾਂ ਨੇ ਦੇਸ਼ ਭਗਤ ਗਣੇਸ਼ ਸ਼ੰਕਰ ਵਿਦਿਆਰਥੀ ਦੀ ਨਿਗਰਾਨੀ ਹੇਠ ਸਪਤਾਹਿਕ ‘ਪ੍ਰਤਾਪ’ ਦੇ ਸੰਪਾਦਕੀ ਗਰੁਪ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਅਖਬਾਰ ਲਈ ਕੰਮ ਕਰਨ ਕਰ ਕੇ ਉਨ੍ਹਾਂ ਦੇ ਸਬੰਧ ਪ੍ਰਤਾਪ ਅਦਾਰੇ ਨਾਲ ਬਣ ਗਏ। ਜਦੋਂ 6 ਬੱਬਰਾਂ ਨੂੰ 27 ਫਰਵਰੀ 1926 ਨੂੰ ਸੈਂਟਰਲ ਲਾਹੌਰ ਜੇਲ੍ਹ ਅੰਦਰ ਫਾਂਸੀ ਹੋਈ ਤਾਂ ਉਸ ਦਿਨ ਹੋਲੀ ਦਾ ਤਿਉਹਾਰ ਸੀ। ਇਸ ਘਟਨਾ ਬਾਰੇ ਸ਼ਹੀਦ ਭਗਤ ਸਿੰਘ ਨੇ ਇਕ ਪੰਜਾਬੀ ਯੁਵਕ ਦੇ ਨਾਂ ਹੇਠ 15 ਮਾਰਚ 1926 ਦੇ ਪ੍ਰਤਾਪ ਵਿਚ ਹਿੰਦੀ ਭਾਸ਼ਾ ‘ਚ ਲੇਖ ਲਿਖ ਕੇ ਛਪਵਾਇਆ ਸੀ। ਉਸ ਲੇਖ ਦਾ ਨਾਂ ‘ਹੋਲੀ ਦੇ ਦਿਨ ਖੂਨ ਦੇ ਛਿੱਟੇ’ ਸੀ। ਇਹ ਲੇਖ ਤੋਂ ਜਾਹਰ ਹੁੰਦਾ ਹੈ ਕਿ ਭਗਤ ਸਿੰਘ ਨੂੰ ਯੁਵਾ ਅਵਸਥਾ ‘ਚ ਹੀ ਬੱਬਰ ਅਕਾਲੀ ਲਹਿਰ ਦਾ ਸਹੀ ਅਤੇ ਵਿਸਥਾਰਪੂਰਨ ਗਿਆਨ ਸੀ। ਇਹ ਲੇਖ ਪ੍ਰੋæ ਮਲਵਿੰਦਰਜੀਤ ਸਿੰਘ ਵੜੈਚ ਅਤੇ ਚਰੰਜੀ ਲਾਲ ਕੰਗਣੀਵਾਲਾ ਦੀ ਲਿਖੀ ਕਿਤਾਬ ‘ਬੱਬਰ ਅਕਾਲੀ ਲਹਿਰ ਸਮਕਾਲੀ ਦਸਤਾਵੇਜ਼’ ਦੇ ਪਹਿਲੇ ਅਧਿਆਏ ‘ਚ ਦਰਜ ਹੈ। ਪੰਜਾਬ ਟਾਈਮਜ਼ ਦੇ ਪਾਠਕਾਂ ਲਈ ਇਸ ਲੇਖ ਦੇ ਪਹਿਲੇ ਤਿੰਨ ਪੈਰੇ ਹਾਜ਼ਰ ਹਨ,
“ਹੋਲੀ ਵਾਲੇ ਦਿਨ 27 ਫਰਵਰੀ 1926 ਦੇ ਦਿਨ ਜਦ ਅਸੀਂ ਖੇਡਣ ਮੱਲ੍ਹਣ ਵਿਚ ਰੁੱਝੇ ਹੋਏ ਸਾਂ, ਉਸ ਵੇਲੇ ਇਸ ਵਿਸ਼ਾਲ ਸੂਬੇ ਦੇ ਇਕ ਕੋਨੇ ਵਿਚ ਇਹ ਜ਼ਬਰਦਸਤ ਕਾਂਡ ਕੀਤਾ ਜਾ ਰਿਹਾ ਸੀ। ਸੁਣੋਗੇ ਤਾਂ ਡਰ ਜਾਉਗੇ। ਕੰਬ ਉਠੋਗੇ। ਲਾਹੌਰ ਸੈਂਟਰਲ ਜੇਲ੍ਹ ਵਿਚ ਠੀਕ ਉਸ ਦਿਨ 6 ਬੱਬਰ ਅਕਾਲੀ ਫਾਂਸੀ ਉਤੇ ਲਟਕਾ ਦਿੱਤੇ ਗਏ। ਕਿਸ਼ਨ ਸਿੰਘ ਗੜਗੱਜ ਜੀ, ਸੰਤਾ ਸਿੰਘ ਜੀ, ਦਲੀਪ ਸਿੰਘ ਜੀ, ਨੰਦ ਸਿੰਘ ਜੀ, ਕਰਮ ਸਿੰਘ ਜੀ ਤੇ ਧਰਮ ਸਿੰਘ ਜੀ ਲਗਭਗ ਦੋ ਵਰ੍ਹਿਆਂ ਤੋਂ ਆਪਣੇ ਇਸ ਜੁਰਮ ਹੇਠ ਚਲ ਰਹੇ ਮੁਕੱਦਮੇ ਪ੍ਰਤੀ ਜੋ ਲਾਪ੍ਰਵਾਹੀ ਦਿਖਾ ਰਹੇ ਸਨ, ਉਸ ਤੋਂ ਇਹ ਜਾਣਿਆ ਜਾ ਸਕਦਾ ਸੀ ਕਿ ਉਹ ਉਸ ਦਿਨ ਦੀ ਉਡੀਕ ਕਿੰਨੇ ਚਾਅ ਨਾਲ ਕਰਦੇ ਸਨ। ਮਹੀਨਿਆਂ ਬਾਅਦ ਜੱਜ ਨੇ ਫੈਸਲਾ ਸੁਣਾਇਆ। ਪੰਜਾਂ ਨੂੰ ਫਾਂਸੀ, ਬਹੁਤਿਆਂ ਨੂੰ ਕਾਲੇਪਾਣੀ, ਦੇਸ਼ ਨਿਕਾਲਾ ਅਤੇ ਲੰਬੀਆਂ ਕੈਦਾਂ, ਸਾਰੇ ਗਰਜ ਉਠੇ। ਉਨ੍ਹਾਂ ਅਕਾਸ਼ ਨੂੰ ਆਪਣੇ ਨਾਹਰਿਆਂ ਨਾਲ ਗੁੰਜਾ ਦਿੱਤਾ। ਅਪੀਲ ਹੋਈ, ਪੰਜ ਦੀ ਥਾਂ ਛੇ ਮੌਤ ਦੀ ਸਜਾ ਦੇ ਭਾਗੀ ਬਣੇ। ਉਸ ਦਿਨ ਖਬਰ ਪੜ੍ਹੀ ਕਿ ਰਹਿਮ ਲਈ ਅਪੀਲ ਕੀਤੀ ਗਈ ਹੈ। ਪੰਜਾਬ ਗਵਰਨਰ ਨੇ ਐਲਾਨ ਕੀਤਾ ਕਿ ਅਜੇ ਫਾਂਸੀ ਨਹੀਂ ਦਿੱਤੀ ਜਾਵੇਗੀ।
ਅਜੇ ਉਡੀਕ ਹੀ ਸੀ ਪਰ ਚਾਣਚੱਕ ਕੀ ਵੇਖਦੇ ਹਾਂ ਕਿ ਹੋਲੀ ਵਾਲੇ ਦਿਨ ਗਮ ਵਿਚ ਡੁੱਬੇ ਲੋਕਾਂ ਦਾ ਇੱਕ ਇਕੱਠ ਉਨ੍ਹਾਂ ਬਹਾਦਰਾਂ ਦੇ ਮ੍ਰਿਤਕ ਸਰੀਰਾਂ ਨੂੰ ਸ਼ਮਸ਼ਾਨ ਵੱਲ ਨੂੰ ਲਈ ਜਾ ਰਿਹਾ ਹੇ ਚੁਪਚਾਪ ਉਨ੍ਹਾਂ ਦੀ ਅੰਤਮ ਕ੍ਰਿਆ ਹੋ ਗਈ।
ਸ਼ਹਿਰ ਵਿਚ ਉਹੀ ਚਹਿਲ ਪਹਿਲ ਸੀ। ਆਉਣ ਜਾਣ ਵਾਲਿਆਂ ਤੇ ਉਵੇਂ ਹੀ ਰੰਗ ਸੁੱਟਿਆ ਜਾ ਰਿਹਾ ਸੀ। ਕੇਡੀ ਵੱਡੀ ਲਾਪਰਵਾਹੀ ਸੀ। ਜੇ ਉਹ ਰਾਹੋਂ ਥਿੜਕੇ ਹੋਏ ਵੀ ਸਨ ਤਾਂ ਹੋਣ ਦਿਉ, ਜੇ ਪਾਗਲ ਸਨ ਤਾਂ ਹੋਣ ਦਿਉ, ਉਹ ਨਿੱਡਰ ਦੇਸ਼ ਭਗਤ ਤਾਂ ਸਨ, ਉਨ੍ਹਾਂ ਨੇ ਜੋ ਕੁਝ ਵੀ ਕੀਤਾ ਸੀ ਕਿਉਂਕਿ ਉਹ ਅਨ੍ਹਿਆਂ ਨਾ ਸਹਾਰ ਸਕੇ, ਦੇਸ਼ ਦੀ ਵਿਗੜਦੀ ਹਾਲਤ ਨਾ ਵੇਖ ਸਕੇ, ਨਿਰਬਲਾਂ ਉਤੇ ਕੀਤੇ ਜਾਣ ਵਾਲੇ ਜ਼ੁਲਮ ਉਨ੍ਹਾਂ ਲਈ ਅਸਹਿ ਹੋ ਗਏ, ਆਮ ਜਨਤਾ ਦੀ ਲੁੱਟ ਖਸੁੱਟ ਉਨ੍ਹਾਂ ਕੋਲੋਂ ਸਹਾਰੀ ਨਾ ਗਈ। ਉਨ੍ਹਾਂ ਨੇ ਲਲਕਾਰਿਆ ਅਤੇ ਉਹ ਕੁੱਦ ਪਏ ਕਰਮ ਖੇਤਰ ਵਿਚ। ਉਹ ਸਜੀਵ ਸਨ, ਉਹ ਸੁਹਿਰਦ ਸਨ। ਕਰਮ ਖੇਤਰ ਵਿਚ ਜੂਝਣ ਵਾਲੇ ਧੰਨ ਹੋ ਤੁਸੀਂ। ਮੌਤ ਦੇ ਬਾਅਦ ਦੋਸਤ ਦੁਸ਼ਮਣ ਸਭ ਬਰਾਬਰ ਹੋ ਜਾਂਦੇ ਹਨ। ਇਹ ਆਦਰਸ਼ ਹੈ ਬਹਾਦਰ ਬੰਦਿਆਂ ਦਾ। ਜੇ ਉਨ੍ਹਾਂ ਕੋਈ ਘ੍ਰਿਣਤ ਕੰਮ ਕੀਤਾ ਹੋਵੇ ਤਾਂ ਵੀ ਆਪਣੇ ਦੇਸ਼ ਦੇ ਚਰਨਾਂ ਵਿਚ ਜਿਸ ਦਲੇਰੀ ਅਤੇ ਤੱਤਪਰਤਾ ਨਾਲ ਉਨ੍ਹਾਂ ਆਪਣੇ ਪ੍ਰਾਣ ਚੜ੍ਹਾ ਦਿੱਤੇ, ਉਸ ਨੂੰ ਵੇਖਦਿਆਂ ਹੋਇਆਂ ਤਾਂ ਉਨ੍ਹਾਂ ਦੀ ਪੂਜਾ ਹੋਣੀ ਚਾਹੀਦੀ ਸੀ। ਟੈਗਰਟ ਵਿਰੋਧੀ ਦਲ ਦੇ ਹੁੰਦਿਆਂ ਹੋਇਆਂ ਵੀ ਯਤਿੰਦਰ ਮੁਕਰਜੀ, ਬੰਗਾਲ ਦੇ ਵੀਰ ਇਨਕਲਾਬੀ ਦੀ ਮੌਤ ਉਤੇ ਅਫ਼ਸੋਸ ਜ਼ਾਹਰ ਕਰਦੇ ਹੋਏ, ਉਨ੍ਹਾਂ ਦੀ ਬੀਰਤਾ, ਦੇਸ਼ ਪ੍ਰੇਮ ਅਤੇ ਕਰਮਸ਼ੀਲਤਾ ਦੀ ਖੁੱਲ੍ਹੇ ਦਿਲ ਨਾਲ ਪ੍ਰਸ਼ੰਸਾ ਕਰ ਸਕਦੇ ਹਨ, ਪਰ ਅਸੀਂ ਕਾਇਰ ਨਰ ਪਸ਼ੂ ਇਕ ਬਿੰਦ ਲਈ ਵੀ ਐਸ਼ ਆਰਾਮ ਛੱਡ ਕੇ ਬਹਾਦਰਾਂ ਦੀ ਮੌਤ ਉਤੇ ਆਹ ਭਰਨ ਦਾ ਹੌਂਸਲਾ ਨਹੀਂ ਕਰਦੇ। ਕਿੰਨੀ ਨਿਰਾਸ਼ਾਜਨਕ ਗੱਲ ਹੈ, ਉਨ੍ਹਾਂ ਗਰੀਬਾਂ ਦਾ ਅਪਰਾਧ ਜੋ ਨੌਕਰਸ਼ਾਹੀ ਦੀ ਨਜ਼ਰ ਵਿਚ ਸੀ, ਉਸ ਦੀ ਸਜ਼ਾ ਮਿਲ ਗਈ। ਇਸ ਭਿਆਨਕ ਦੁਖਾਂਤ ਨਾਟਕ ਦੀ ਇਕ ਹੋਰ ਝਾਕੀ ਖਤਮ ਹੋ ਗਈ। ਅਜੇ ਇਸ ਨਾਟਕ ਦਾ ਆਖਰੀ ਪਰਦਾ ਨਹੀਂ ਡਿੱਗਿਆ, ਨਾਟਕ ਅਜੇ ਕੁਝ ਦਿਨ ਹੋਰ ਭਿਆਨਕ ਦ੍ਰਿਸ਼ ਦਿਖਾਲੇਗਾ। ਕਹਾਣੀ ਲੰਬੀ ਹੈ, ਸੁਣਨ ਲਈ ਜ਼ਰਾ ਦੂਰ ਪਿੱਛੇ ਤੀਕ ਜਾਣਾ ਪਵੇਗਾ।”
(ਹਵਾਲਾ: ਬੱਬਰ ਅਕਾਲੀ ਲਹਿਰ: ਸਮਕਾਲੀ ਦਸਤਾਵੇਜ਼, ਸੰਪਾਦਕ ਪ੍ਰੋæ ਮਲਵਿੰਦਰਜੀਤ ਸਿੰਘ ਵੜੈਚ ਅਤੇ ਚਰੰਜੀ ਲਾਲ ਕੰਗਣੀਵਾਲਾ, ਲੋਕ ਗੀਤ ਪ੍ਰਕਾਸ਼ਨ)
ਪ੍ਰੋæ ਮਲਵਿੰਦਰਜੀਤ ਸਿੰਘ ਵੜੈਚ ਅਤੇ ਚਰੰਜੀ ਲਾਲ ਕੰਗਣੀਵਾਲਾ ਦੀ ਇਸੇ ਪੁਸਤਕ ਵਿਚ ਬੱਬਰ ਗੂੰਜ ‘ਚ ਛਪੀ, ਅਕਾਲੀ ਬੱਬਰਾਂ ਦੇ ਫੈਸਲੇ ਦੀ ਖ਼ਬਰ ਦਾ ਹਵਾਲਾ ਹੈ। ਇਸ ਖਬਰ ‘ਚ ਬੱਬਰ ਧਰਮ ਸਿੰਘ ਅਤੇ ਸ਼ ਦਲੀਪ ਸਿੰਘ ਦੇ (ਭੁਜੰਗੀ) ਦੇ ਨਾਮ ‘ਕਾਲੇ ਪਾਣੀ’ ਦੀ ਸਜ਼ਾ ਵਾਲਿਆਂ ਦੀ ਸੂਚੀ ਹੇਠ ਹਨ। ਬਾਅਦ ਵਿਚ ਹਾਈਕੋਰਟ ਨੇ ਦੋਹਾਂ ਸਿੰਘਾਂ ਦੀ ਉਮਰ ਕੈਦ ਨੂੰ ਫਾਂਸੀ ਦੀ ਸਜ਼ਾ ‘ਚ ਤਬਦੀਲ ਕਰ ਦਿੱਤਾ ਸੀ। ਜੂਨ 1925 ਦੇ ਅਖਬਾਰ “ਬੱਬਰ ਗੂੰਜ” ਵਿਚ ਛਪੀ ਖਬਰ ਇਸ ਤਰ੍ਹਾਂ ਸੀ:
ਬੱਬਰਾਂ ਦੇ ਮੁਕੱਦਮੇ ਦਾ ਫੈਸਲਾ
ਲਾਹੌਰ 28 ਫਰਵਰੀ
ਫਾਂਸੀ: ਕਿਸ਼ਨ ਸਿੰਘ ਵੜਿੰਗ ਲੀਡਰ, ਕਰਮ ਸਿੰਘ, ਨੰਦ ਸਿੰਘ ਤੇ ਬਾਬੂ ਸੰਤਾ ਸਿੰਘ।
ਕਾਲੇ ਪਾਣੀ: ਦਲੀਪ ਸਿੰਘ ਗੋਸਲ, ਉਤਮ ਸਿੰਘ ਬੀਕਾ, ਕਰਮ ਸਿੰਘ ਝਿੰਗੜ, ਸੁੰਦਰ ਸਿੰਘ, ਰਤਨ ਸਿੰਘ, ਦਲੀਪ ਸਿੰਘ, ਪਿਆਰਾ ਸਿੰਘ, ਠਾਕਰ ਸਿੰਘ, ਸੁਰਜਣ ਸਿੰਘ, ਧਰਮ ਸਿੰਘ ਤੇ ਬੂਟਾ ਸਿੰਘ।
ਕੈਦ ਸਖ਼ਤ (ਸਤ ਸਾਲ): ਬੰਤਾ ਸਿੰਘ, ਉਜਾਗਰ ਸਿੰਘ, ਸ਼ਿਵ ਸਿੰਘ, ਬੰਤਾ ਸਿੰਘ, ਹਰੀ ਸਿੰਘ, ਵਰਿਆਮ ਸਿੰਘ, ਵਰਿਆਮ ਸਿੰਘ (ਭਗਵਾਣਾ), ਕਰਤਾਰ ਸਿੰਘ, ਰਾਮ ਸਿੰਘ, ਦਮਣ ਸਿੰਘ, ਗੁਰਬਚਨ ਸਿੰਘ, ਹਰਦਿੱਤ ਸਿੰਘ, ਹਰੀ ਸਿੰਘ (ਸਖਤ ਬੀਮਾਰ) ਠਾਕਰ ਸਿੰਘ ਤੇ ਕਰਤਾਰ ਸਿੰਘ।
ਛੇ ਸਾਲ ਕੈਦ: ਅਮਰ ਸਿੰਘ ਤੇ ਛੱਜਾ ਸਿੰਘ।
ਪੰਜ ਸਾਲ ਕੈਦ ਸਖ਼ਤ: ਪ੍ਰੇਮ ਸਿੰਘ, ਅਰਜਨ ਸਿੰਘ, ਊਧਮ ਸਿੰਘ, ਸਰਦੂਲ ਸਿੰਘ, ਮਨਸ਼ਾ ਸਿੰਘ, ਮਹਿੰਗਾ ਸਿੰਘ, ਸੁਰਜਨ ਸਿੰਘ, ਧਰਮ ਸਿੰਘ, ਚੈਂਚਲ ਸਿੰਘ, ਭਾਨ ਸਿੰਘ, ਦਲੀਪ ਸਿੰਘ, ਮੂਲਾ ਸਿੰਘ, ਬਖਸ਼ੀਸ਼ ਸਿੰਘ, ਛੱਜਾ ਸਿੰਘ, ਕਰਤਾਰ ਸਿੰਘ ਸਪੁੱਤਰ ਬੱਗਾ ਸਿੰਘ, ਕਰਤਾਰ ਸਿੰਘ ਸੁਪਤਰ ਸੰਸਾਰ ਸਿੰਘ, ਬਸੰਤ ਸਿੰਘ, ਦਲੀਪ ਸਿੰਘ, ਬੰਤਾ ਸਿੰਘ ਬੈਹਬਲਪੁਰ ਤੇ ਭਗਵਾਨ ਸਿੰਘ,
ਬਾਕੀ ਦੇ ਸਾਰੇ ਬਰੀ
ਜਿਨ੍ਹਾਂ ਨੂੰ ਸ਼ਖਤ ਕੈਦਾਂ ਹੋਈਆਂ ਉਨ੍ਹਾਂ ਨੂੰ ਤਿੰਨ ਮਹੀਨੇ ਕੈਦੇ ਤਨਹਾਈ ਅਤੇ 100 ਰੁਪਏ ਜੁਰਮਾਨਾ, ਜੁਰਮਾਨਾ ਨਾ ਦੇਣ ਪਰ 1 ਸਾਲ ਕੈਦ ਸਖ਼ਤ ਹੋਰ।
ਅਗਲੇਰੇ ਸਾਲ 28 ਫਰਵਰੀ 1927 ਨੂੰ ਪਹਿਲੇ ਛੇ ਬੱਬਰਾਂ ਦੀ ਫਾਂਸੀ ਤੋਂ ਪੂਰੇ ਇਕ ਸਾਲ ਇਕ ਦਿਨ ਪਿੱਛੋਂ, ਲਾਹੌਰ ਸੈਂਟਰਲ ਜੇਲ੍ਹ ਵਿਚ ਹੋਰ ਛੇ ਬੱਬਰਾਂ ਨੂੰ ਫਾਂਸੀ ਲਾ ਕੇ ਸ਼ਹੀਦ ਕੀਤਾ ਗਿਆ ਸੀ। ਇਨ੍ਹਾਂ ‘ਤੇ ਤੀਸਰਾ ‘ਬੱਬਰ ਅਕਾਲੀ ਸਾਜ਼ਸ਼ ਕੇਸ’ ਚਲਾਇਆ ਗਿਆ ਸੀ। ਦੂਜੀ ਵਾਰ 28 ਫਰਵਰੀ 1927 ਨੂੰ ਫਾਂਸੀ ਦਾ ਰੱਸਾ ਚੁੰਮਣ ਵਾਲੇ ਬੱਬਰਾਂ ਦਾ ਨਾਮ ਹੇਠ ਲਿਖੇ ਹਨ।
1æ ਨਿੱਕਾ ਸਿੰਘ ਪੁੱਤਰ ਬੂਟਾ ਸਿੰਘ (ਆਲੋਵਾਲ, ਅੰਮ੍ਰਿਤਸਰ)
2æ ਨਿੱਕਾ ਸਿੰਘ ਪੁੱਤਰ ਧੌਂਕਲ ਸਿੰਘ (ਗਿੱਲ, ਲਾਇਲਪੁਰ)
3æ ਮੁਕੰਦ ਸਿੰਘ ਪੁੱਤਰ ਭਾਨ ਸਿੰਘ (ਜਵੱਦੀ-ਜਸੋਵਾਲ, ਲੁਧਿਆਣਾ)
4æ ਗੁਜਰ ਸਿੰਘ ਪੁੱਤਰ ਕਰਮ ਸਿੰਘ (ਢੱਪਈ, ਲਾਇਲਪੁਰ)
5æ ਬੰਤਾ ਸਿੰਘ ਪੁੱਤਰ ਸੀਹਾਂ ਸਿੰਘ (ਗੁਰੂਸਰ, ਲਾਇਲਪੁਰ)
6æ ਸੁੰਦਰ ਸਿੰਘ ਪੁੱਤਰ ਲਾਭ ਸਿੰਘ (ਲਹੁਕੇ, ਲਾਇਲਪੁਰ)
ਪਹਿਲਾਂ ਉਪਰ ਵਾਲੇ ਨਾਂਵਾਂ ਵਿਚ ਸ਼ ਈਸ਼ਰ ਸਿੰਘ ਪੁੱਤਰ ਮੇਵਾ ਸਿੰਘ (ਮਾਣਕੋ, ਲਾਇਲਪੁਰ) ਦਾ ਨਾਮ ਵੀ ਸ਼ਾਮਲ ਸੀ। ਪਰ ਬਾਅਦ ‘ਚ ਹਾਈਕੋਰਟ ਨੇ ਸ਼ ਈਸ਼ਰ ਸਿੰਘ ਦੀ ਫਾਂਸੀ ਦੀ ਸਜ਼ਾ ਬਦਲ ਕੇ ਉਮਰ ਕੈਦ ਕਰ ਦਿੱਤੀ ਸੀ।
27 ਫਰਵਰੀ 1926 ਨੂੰ ਫਾਂਸੀ ਲਾ ਕੇ ਸ਼ਹੀਦ ਕੀਤੇ ਗਏ ਛੇ ਬੱਬਰਾਂ ਦੇ ਅੰਤਮ ਦਰਸ਼ਨਾਂ ਦੀ ਫੋਟੋ ਵੀ ਇਸ ਪੁਸਤਕ ਵਿਚ ਛਾਪੀ ਗਈ ਹੈ।
ਪ੍ਰੋæ ਮਾਲੀ ਦੀ ਇਸੇ ਪੁਸਤਕ ਦੇ ਹਵਾਲੇ ਨਾਲ ਗਦਰੀ ਬਾਬਾ ਹਰਭਜਨ ਸਿੰਘ ਚਮਿੰਡਾ ਦੀਆਂ ਬੱਬਰ ਅਕਾਲੀਆਂ ‘ਤੇ ਲਿਖੀਆਂ ਕਵਿਤਾਵਾਂ ਹਾਜ਼ਰ ਹਨ:
A) ਕਿਸ਼ਨ ਸਿੰਘ ਗੜਗੱਜ ਬੱਬਰ ਅਕਾਲੀ
ਬੱਬਰ ਅਕਾਲੀ ਲਹਿਰ ਦਾ ਕਿਸ਼ਨ ਸਿੰਘ ਸਰਦਾਰ,
ਗਦਰ ਲਹਿਰ ਦੀ ਏਸ ਨੂੰ ਪਾਣ ਚੜ੍ਹੀ ਸੀ ਯਾਰ।
ਰਾਵਲਪਿੰਡੀ ਵਿਚ ਏ ਉਦੋਂ ਵੀ ਸੀ ਤਿਆਰ
ਫੇਲ੍ਹ ਹੋ ਗਿਆ ਗਦਰ ਸੀ ਗਈ ਮੁਖਬਰੀ ਮਾਰ।
“ਬੀæਟੀæ” ਦੀ ਅੱਤ ਵੇਖ ਕੇ ਗੁਰੂ ਬਾਗ ਵਿਚਕਾਰ,
ਸਹਿ ਨਾ ਸਕਿਆ ਸੂਰਮਾ ਇਹ ਭੈੜਾ ਕਿਰਦਾਰ।
ਬੱਬਰ ਅਕਾਲੀ ਲਹਿਰ ਦਾ ਆ ਬਣਿਆ ਜਥੇਦਾਰ,
ਸਿੱਖ ਧਰਮ ਦਾ ਜਾਣੂ ਸੀ ਇਹ ਚੰਗਾ ਲੈਕਚਰਾਰ।
ਥਾਂ ਥਾਂ ਲੈਕਚਰ ਕਰ ਕੇ ਇਸ ਨੇ ਧੂੰਆਂ ਧਾਰ,
ਭੰਡੀ ਕੀਤੀ ਰੱਜ ਕੇ ਅੰਗਰੇਜ਼ੀ ਸਰਕਾਰ।
ਸੋਧੇ ਹੱਥੀਂ ਆਪਣੇ ਕਈ ਗੱਦਾਰ,
ਫਾਂਸੀ ਚੜ੍ਹਿਆ ਸੂਰਮਾ ਕਰ ਪੂਰਾ ਕਿਰਦਾਰ।
ਫਾਂਸੀ ਘਰ ਦੇ ਕਰਤਿਆਂ ਨੇ ਵੀ ਕੇਰੇ ਹੰਝੂ ਚਾਰ।

ਬੱਬਰ ਅਕਾਲੀ ਰਤਨ ਸਿੰਘ
ਗੱਡੀ ਵਿਚੋਂ ਭੱਜ ਕੇ ਲੋਹ ਪੁਰਸ਼ ਹਲ ਵਾਹ।
ਸ਼ਸਤਰਧਾਰੀ ਸੂਰਮਾ ਪੈ ਗਿਆ ਲੰਮੇ ਰਾਹ।
ਪੁਲਿਸ ਚੋਕੰਨੀ ਹੋ ਗਈ ਫੋਲੇ ਅਕ ਪਲਾਹ।
ਪਹਿਰੇ ਲਾਏ ਪੁਲਾਂ ਤੇ ਰੋਕਾਂ ਲਏ ਸਭ ਰਾਹ।
ਚੱਪਾ ਚੱਪਾ ਦੇਸ਼ ਦਾ ਲਿਆ ਪੁਲਿਸ ਨੇ ਗਾਹ।
ਪਹਿਰੇ ਥਰ ਥਰ ਕੰਬਦੇ ਕਰਦੇ ਤ੍ਰਾਹ ਤ੍ਰਾਹ।
ਰਤਨ ਸਿੰਘ ਦੀ ਦਹਿਸਤੋਂ ਡਰਦੇ ਮਲ੍ਹਾ।
ਪਹਿਰੇਦਾਰ ਡਾਰਾਂ ਤਾਈਂ ਕਰ ਕੇ ਗੁਮਰਾਹ।
ਲੰਘ ਗਿਆ ਉਹ ਸੂਰਮਾ ਸਭ ਸਕੀਮਾਂ ਢਾਹ
ਠੁਠ ਚੁਮਾ ਕੇ ਪੁਲਿਸ ਨੂੰ ਲਿਆ ਰੱਕੜੀਂ ਸਾਹ।
ਮਾਨ ਦੁਆਬੇ ਦੇਸ਼ ਦੀ ਦਿੱਤੀ ਚੁਕ ਉਤਾਂਹ।

ਦੋ ਸੱਕੇ ਭਰਾ ਤੇ ਉਹ ਵੀ ਗੱਦਾਰ
ਜਵਾਲਾ ਸਿੰਘ ਅਤੇ ਬੇਲਾ ਸਿੰਘ (ਜਿਆਣ), ਹੁਸ਼ਿਆਰਪੁਰ, ਦੋਵੇਂ ਸੱਕੇ ਭਰਾ ਸਨ। ਬੇਲਾ ਸਿੰਘ ਨੇ ਵੈਨਕੂਵਰ ਗੁਰਦੁਆਰਾ ਸਾਹਿਬ ‘ਚ 5 ਸਤੰਬਰ, 1914 ਨੂੰ ਗੋਲੀ ਚਲਾ ਕੇ ਭਾਈ ਬਦਨ ਸਿੰਘ ਅਤੇ ਭਾਈ ਭਾਗ ਸਿੰਘ ਨੂੰ ਸ਼ਹੀਦ ਕਰ ਦਿੱਤਾ ਸੀ। ਇਸ ਦੇ ਦੂਜੇ ਭਰਾ ਜਵਾਲਾ ਸਿੰਘ ਨੇ ਬੱਬਰ ਦਲੀਪਾ ਸਿੰਘ ਧਾਮੀਆਂ ਨੂੰ 12 ਅਕਤੂਬਰ, 1923 ਨੂੰ ਮੁਖਬਰੀ ਕਰ ਕੇ  ਮੀਆ ਚੰਨੂ, ਜ਼ਿਲ੍ਹਾ ਪਾਨੇਵਾਲ (ਪਾਕਿਸਤਾਨ) ਵਿਖੇ ਗ੍ਰਿਫ਼ਤਾਰ ਕਰਵਾ ਦਿੱਤਾ ਸੀ। ਇਸ ਦੀ ਦੂਜੀ ਕਰਤੂਤ ਸ਼ ਵਾਸਦੇਵ ਸਿੰਘ ਪਰਹਾਰ ਨੇ ਦੱਸ ਹੀ ਦਿੱਤੀ ਹੈ ਕਿ ਬੱਬਰ ਧੰਨਾ ਸਿੰਘ (ਬਹਿਬਲਪੁਰ) ਨੂੰ ਵੀ ਇਸ ਨੇ ਮੁਖਬਰੀ ਕਰ ਕੇ ਪੁਲਿਸ ਕੋਲ ਫੜਵਾ ਦਿੱਤਾ ਸੀ। ਇਸ ਕਰ ਕੇ ਹੀ ਕਿਹਾ ਜਾਂਦਾ ਹੈ:
ਜੂਝਦੇ ਜੂਝਾਰ ਲੋਕ,
ਫਿਟੇ ਮੂੰਹ ਗੱਦਾਰ ਲੋਕ।
ਗਦਰੀ/ਬੱਬਰ ਕਰਮ ਸਿੰਘ ਦੌਲਤਪੁਰ (1880-1923) ਐਬਟਾਸਫੋਰਡ (ਕੈਨੇਡਾ) ਤੋਂ ਦੇਸ਼ ਆਜ਼ਾਦ ਕਰਾਉਣ ਲਈ 1914 ‘ਚ ਵਾਪਸ ਭਾਰਤ ਚਲੇ ਗਏ ਸਨ। 22 ਅਗਸਤ 1922 ਨੂੰ ‘ਬੱਬਰ ਅਕਾਲੀ ਦੁਆਬਾ’ ਨਾਂ ਦਾ ਪਰਚਾ ਕੱਢਿਆ ਸੀ। ਪਿੰਡ ਬਬੇਲੀ (ਕਪੂਰਥਲਾ) ਸਾਕਾ ‘ਚ 1 ਸਤੰਬਰ, 1923 ਨੂੰ ਸ਼ਹੀਦ ਹੋ ਗਏ ਸਨ। ਇਨਕਲਾਬੀ ਕਵਿਤਾਵਾਂ ਵੀ ਲਿਖਦੇ ਸਨ। ਉਨ੍ਹਾਂ ਦੀਆਂ ਕਵਿਤਾਵਾਂ ਦੀਆਂ ਕੁਝ ਵਨੰਗੀਆਂ,
ਕਰਮ ਸਿੰਘ ਹੁਣ ਬੱਬਰ ਦਾ ਰੂਪ ਧਾਰੇ,
ਵੇਲਾ ਆ ਗਿਆ ਧੂਮ ਧੁਮਾਵਣੇ ਦਾ।
ਜਾਂ ਹਿੰਮਤ ਧਾਰ ਹੁਣ ਜੰਗ ਕਰ ਸ਼ੁਰੂ ਯਾਰਾ,
ਲੜਨ ਮਰਨ ਤੋਂ ਤੂੰ ਸ਼ਰਮਾ ਨਾਹੀਂ।
ਕਰਮ ਸਿੰਘ ਵੰਗਾਰਦਾ ਬੱਬਰ ਤੈਨੂੰ
ਪੈਰ ਜੰਗ ਤੋਂ ਪਿਛਾਂ ਹਟਾ ਨਾਹੀਂ।
ਜਾਂ ਫੇਰ ਬੱਬਰ ਕੱਢ ਵਾਰੰਟ ਤੂੰ ਜ਼ਾਲਮਾਂ ਦੇ,
ਹੱਥੀਂ ਆਪਣੀ ਦਫਾ ਲਗਾ ਭਾਈ।
ਝੋਲੀ ਚੁੱਕਾਂ ਖੁਸ਼ਾਮਦੀ ਦੱਲਿਆਂ ਨੂੰ,
ਗ੍ਰਿਫ਼ਤਾਰ ਕਰ ਹੁਣ ਮੰਗਾ ਭਾਈ।
ਤੁਖਮ ਛੋੜ ਨਹੀਂ ਹੁਣ ਜ਼ਾਲਮਾਂ ਦਾ,
ਜਿਨ੍ਹਾਂ ਦਿੱਤੇ ਹੈਨ ਲੋਕ ਸਤਾ ਭਾਈ।
ਸ਼ਾਂਤਮਈ ਨੇ ਕੁਝ ਸਵਾਰਿਆ ਨਾ,
ਕੰਮ ਸ਼ੁਰੂ ਕਰ ਦੇ ਦੂਜੇ ਦਾ ਭਾਈ।
ਕਰਮ ਸਿੰਘ ਕਰਤਾਰ ਦੀ ਓਟ ਲੈ ਕੇ,
ਹੁਣ ਜਾਲਮਾਂ ਵੰਡੀਆਂ ਪਾ ਭਾਈ।
ਮੈਂ ਸਾਰੇ ਬੱਬਰ ਅਕਾਲੀ ਲਹਿਰ ਦੇ ਦੇਸ਼ ਭਗਤ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਗਿਆਨੀ ਗੁਰਮੁਖ ਸਿੰਘ ਮੁਸਾਫਰ ਦੀ ਕਵਿਤਾ ‘ਸ਼ਹੀਦ’ ਦੀਆਂ ਪੰਗਤੀਆਂ ਨਾਲ ਸ਼ਰਧਾਂਜਲੀ ਅਰਪਣ ਕਰਦਾ ਹਾਂ। ਕਵਿਤਾ ਦੀਆਂ ਲਾਈਨਾਂ ਹਨ:
ਸ਼ਹੀਦ
ਆਪਣਾ ਲਹੂ
ਨਹੀਂ ਹੈ ਡੋਹਲਦਾ,
ਬੀਜਦਾ ਹੈ,
ਜੋ ਸਮੇਂ ਸਿਰ ਮੌਲਦਾ
ਹੇਠਲਾ ਉਤੇ ਕੋਹ

ਇਸ ਨੂੰ ਜੁਗਗਰਦੀ ਕਹੋ
ਇਹ ਪਵਿੱਤਰ ਖੂਨ ਹੈ,
ਨਸਲਾਂ ਦੀ ਜੋ
ਰਗ ਰਗ ਦੇ ਵਿਚ
ਰਹਿੰਦਾ ਹਮੇਸਾ
ਖੌਲਦਾ।
(ਗਿਆਨੀ ਗੁਰਮੁਖ ਸਿੰਘ ਮੁਸਾਫਰ ਦੀਆਂ ਕਵਿਤਾਵਾਂ ‘ਸ਼ਹੀਦ’ ਅਤੇ ‘ਦੂਰ ਨੇੜੇ ‘ਚੋਂ’)
-ਪੰਜਾਬ ਟਾਈਮਜ਼ ਦਾ ਇਕ ਪਾਠਕ
ਕੁਲਦੀਪ ਸਿੰਘ ਪੀæਈæ
ਯੂਨੀਅਨ ਸਿਟੀ, ਕੈਲੀਫੋਰਨੀਆ।

Be the first to comment

Leave a Reply

Your email address will not be published.