ਪੰਜ-ਆਬ ਵਿਚ ਪਾਣੀ ਨੂੰ ਹੀ ਤਰਸ ਜਾਣਗੇ ਪੰਜਾਬੀ!

ਚੰਡੀਗੜ੍ਹ: ਕਦੇ ਪੰਜਾਂ ਦਰਿਆਵਾਂ ਦੀ ਧਰਤੀ ਅਖਵਾਉਂਦੇ ਪੰਜਾਬ ਲਈ ਪੀਣ ਵਾਲਾ ਪਾਣੀ ਇਕ ਵੱਡੀ ਚੁਣੌਤੀ ਬਣ ਸਕਦਾ ਹੈ। ਹਾਲ ਹੀ ਵਿਚ ਹੋਈਆਂ ਤਾਜ਼ਾ ਖੋਜਾਂ ਨੇ ਸਿੱਧ ਕੀਤਾ ਹੈ ਕਿ ਇਨਸਾਨ ਦੀਆਂ ਆਪਹੁਦਰੀਆਂ ਕਾਰਨ ਧਰਤੀ ਹੇਠਲੇ ਪਾਣੀ ਵਿਚ ਲਗਾਤਾਰ ਵਿਗਾੜ ਪੈ ਹੋ ਰਿਹਾ ਹੈ ਜੋ ਪੰਜਾਬ ਦੇ ਭਵਿੱਖ ਲਈ ਵੱਡੀ ਫਿਕਰਮੰਦੀ ਹੈ। ਜ਼ਹਿਰੀਲੇ ਪਦਾਰਥਾਂ ਦੀ ਬੇਤਹਾਸ਼ਾ ਵਰਤੋਂ ਕਾਰਨ ਧਰਤੀ ਹੇਠਲਾ ਪਾਣੀ ਪਲੀਤ ਹੋ ਰਿਹਾ ਹੈ ਤੇ ਸ਼ਹਿਰਾਂ ਤੇ ਸਨਅਤਾਂ ਦਾ ਜ਼ਹਿਰੀਲਾ ਤੇ ਦੂਸ਼ਿਤ ਪਾਣੀ ਪੈਣ ਕਾਰਨ ਨਦੀਆਂ, ਨਾਲੀਆਂ ਤੇ ਛੱਪੜਾਂ ਦਾ ਪਾਣੀ ਵੀ ਪ੍ਰਦੂਸ਼ਿਤ ਹੋ ਚੁੱਕਾ ਹੈ। ਇਸੇ ਦਾ ਨਤੀਜਾ ਹੈ ਕਿ ਕੈਂਸਰ ਵਰਗੀ ਭਿਆਨਕ ਬਿਮਾਰੀ ਪੰਜਾਬ ਦੇ ਮਾਲਵਾ ਖੇਤਰ ਵਿਚ ਪੈਰ ਪਸਾਰ ਗਈ ਹੈ। ਪੰਜਾਬ ਦੀ ਜਨਮ ਦਰ ਇਸੇ ਕਾਰਨ ਲਗਾਤਾਰ ਘੱਟ ਰਹੀ ਹੈ।
ਭਾਬਾ ਆਟੋਮਿਕ ਰਿਸਚਰ ਸੈਂਟਰ ਦੇ ਅਧਿਐਨ ਮੁਤਾਬਕ ਪੰਜਾਬ ਦੇ ਪਾਣੀ ਦੀ ਸਿਹਤ ਇਸ ਕਦਰ ਵਿਗੜ ਚੁੱਕੀ ਹੈ ਕਿ 1972 ਵਿਚ ਪਾਣੀ ਦੇ ਇਕ ਲਿਟਰ ਵਿਚ ਨਾਈਟਰੇਟ ਦੀ ਮਾਤਰਾ 0æ5 ਮਿਲੀਗ੍ਰਾਮ ਸੀ। ਜਦਕਿ ਹੁਣ ਇਹ ਵਧ ਕੇ ਪ੍ਰਤੀ ਲੀਟਰ ਪੰਜ ਮਿਲੀਗ੍ਰਾਮ ਹੋ ਗਈ ਹੈ। ਇਸ ਦਾ ਕਾਰਨ ਕਿਸਾਨਾਂ ਵੱਲੋਂ ਕੀੜੇਮਾਰ ਦਵਾਈਆਂ ਤੇ ਰਸਾਇਣਕ ਖਾਦਾਂ ਦੀ ਬੇਤਹਾਸ਼ਾ ਵਰਤੋਂ ਦੱਸਿਆ ਜਾ ਰਿਹਾ ਹੈ। ਇਹ ਸੰਭਾਵਨਾ ਪ੍ਰਗਟ ਕੀਤੀ ਗਈ ਹੈ ਕਿ ਆਉਣ ਵਾਲੇ 20 ਸਾਲਾਂ ਵਿਚ ਨਾਈਟਰੇਟ ਦੀ ਪਾਣੀ ਵਿਚ ਮਾਤਰਾ 10 ਮਿਲੀਗ੍ਰਾਮ ਤੱਕ ਪਹੁੰਚ ਸਕਦੀ ਹੈ।
ਪੰਜਾਬ ਅੰਦਰ ਧਰਤੀ ਹੇਠਲੇ ਪਾਣੀ ਦਾ ਤਲ ਲਗਾਤਾਰ ਡੂੰਘੇ ਹੋਣ ਤੋਂ ਇਹ ਖਤਰਾ ਭਾਂਪਿਆ ਜਾ ਰਿਹਾ ਹੈ ਕਿ ਪੰਜਾਬ ਵੀ ਰੇਗਿਸਤਾਨ ਬਣ ਸਕਦਾ ਹੈ। ਕੇਂਦਰੀ ਪੰਜਾਬ ਇਸ ਸਮੇਂ ਇਸ ਖ਼ਤਰੇ ਦੀ ਸਭ ਤੋਂ ਵਧੇਰੇ ਮਾਰ ਹੇਠ ਹੈ। ਪੰਜਾਬ ਦੇ ਕੇਂਦਰੀ ਹਿੱਸੇ ਦੇ 9058 ਵਰਗ ਕਿਲੋਮੀਟਰ ਖੇਤਰ ਵਿਚ ਪਿਛਲੇ ਇਕ ਦਹਾਕੇ ਦੌਰਾਨ ਪਾਣੀ ਦਾ ਤਲ 20 ਮੀਟਰ ਹੇਠਾਂ ਚਲਿਆ ਗਿਆ ਹੈ। ਪਿਛਲੇ ਵਰ੍ਹੇ ਭਰਵੀਂ ਮੌਨਸੂਨ ਦੇ ਬਾਵਜੂਦ ਪਾਣੀ ਦਾ ਤਲ ਹੇਠਾਂ ਜਾਣ ਦਾ ਰੁਝਾਨ ਪਹਿਲਾਂ ਵਾਂਗ ਹੀ ਜਾਰੀ ਹੈ। ਕੇਂਦਰੀ ਪੰਜਾਬ ਅੰਦਰ ਸੰਗਰੂਰ, ਬਰਨਾਲਾ ਤੇ ਮੋਗਾ ਜ਼ਿਲ੍ਹੇ ਸਭ ਤੋਂ ਵਧੇਰੇ ਪ੍ਰਭਾਵਤ ਹਨ।
ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਵਿਚ ਝੋਨਾ ਵਧੇਰੇ ਬੀਜਿਆ ਜਾਂਦਾ ਹੈ। ਖੇਤੀ ਵਿਭਾਗ ਵੱਲੋਂ ਮੌਨਸੂਨ ਤੋਂ ਪਹਿਲਾਂ ਤੇ ਬਾਅਦ ਦੇ ਸਮੇਂ ਦੇ ਪਾਣੀ ਦੇ ਤਲ ਬਾਰੇ ਇਕੱਠੇ ਕੀਤੇ ਤੱਥ ਬੇਹੱਦ ਮਾੜੀ ਤਸਵੀਰ ਪੇਸ਼ ਕਰਦੇ ਹਨ। 2009 ਤੇ 2010 ਦੇ ਸਾਲ ‘ਚ ਪੂਰੇ ਪੰਜਾਬ ਅੰਦਰ ਹੀ ਪਾਣੀ ਡੂੰਘਾ ਹੋਇਆ ਹੈ। ਖੇਤੀ ਵਿਭਾਗ ਦੇ ਇਕ ਸਰਵੇਖਣ ਮੁਤਾਬਕ ਪੰਜਾਬ ਦੇ 145 ਬਲਾਕਾਂ ਵਿਚੋਂ 110 ਬਲਾਕ ਅਜਿਹੇ ਹਨ ਜਿਨ੍ਹਾਂ ਵਿਚੋਂ ਪਾਣੀ ਖਤਰਨਾਕ ਹੱਦ ਤੱਕ ਹੇਠਾਂ ਜਾ ਚੁੱਕਾ ਹੈ। ਤਿੰਨ ਬਲਾਕਾਂ ਦੀ ਹਾਲਤ ਨਾਜ਼ੁਕ ਮੰਨੀ ਗਈ ਹੈ।
ਦੋ ਬਲਾਕ ਨੇ ਜਿਥੋਂ ਪਾਣੀ ਅਜੇ ਘੱਟ ਨਿਕਲਿਆ ਹੈ। ਸਿਰਫ਼ 23 ਬਲਾਕ ਹੀ ਸੁਰੱਖਿਅਤ ਹਨ। ਇਹ 23 ਬਲਾਕ ਬਹੁਤਾ ਕਰਕੇ ਅਰਧ ਪਹਾੜੀ ਕੰਢੀ ਖੇਤਰ ਵਿਚ ਪੈਣ ਵਾਲੇ ਹਨ। ਕੇਂਦਰੀ ਪੰਜਾਬ ਤੇ ਹਰਿਆਣਾ, ਰਾਜਸਥਾਨ ਨਾਲ ਲਗਦੇ ਸਾਰੇ ਬਲਾਕ ਤਾਂ ਖ਼ਤਰੇ ਦੀ ਘੰਟੀ ਪਾਰ ਕਰਨ ਵਾਲੀ ਹਾਲਤ ਵਿਚ ਹਨ। ਖੇਤੀ ਵਿਭਾਗ ਦੇ ਤਾਜ਼ਾ ਅੰਕੜਿਆਂ ਮੁਤਾਬਕ ਹਰ ਸਾਲ 40 ਤੋਂ 90 ਸੈਂਟੀਮੀਟਰ ਤੱਕ ਪਾਣੀ ਹੇਠ ਚੱਲਿਆ ਜਾਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਖੇਤੀ ਲਈ 52 ਮਿਲੀਅਨ ਏਕੜ ਫੁੱਟ ਪਾਣੀ ਦੀ ਜ਼ਰੂਰਤ ਹੈ ਪਰ ਪੰਜਾਬ ਕੋਲ ਇਸ ਸਮੇਂ ਨਹਿਰੀ ਪਾਣੀ ਸਿਰਫ਼ 14æ54 ਮਿਲੀਅਨ ਏਕੜ ਫੁੱਟ ਹੈ ਜਿਸ ਕਰਕੇ ਧਰਤੀ ਹੇਠਲੇ ਪਾਣੀ ਉਪਰ ਡਾਕਾ ਵੱਜ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕਿਸਾਨ ਝੋਨੇ ਦੀ ਖੇਤੀ ਵੱਲੋਂ ਮੂੰਹ ਨਹੀਂ ਮੋੜ ਰਹੇ ਜਿਸ ਕਾਰਨ ਵਾਧੂ ਪਾਣੀ ਵਰਤੇ ਜਾਣ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ।
ਖੇਤੀ ਦੇ ਨਾਲ ਸ਼ਹਿਰਾਂ-ਕਸਬਿਆਂ ਅੰਦਰ ਵੀ ਪਾਣੀ ਦੀ ਵਰਤੋਂ ਪ੍ਰਤੀ ਲਾਪ੍ਰਵਾਹੀ ਆਮ ਦੇਖੀ ਜਾਂਦੀ ਹੈ। ਸਰਕਾਰ, ਸਮਾਜ ਸੇਵੀ ਸੰਸਥਾਵਾਂ ਤੇ ਜਾਗਰੂਕ ਲੋਕਾਂ ਨੂੰ ਪਾਣੀ ਦੀ ਵਰਤੋਂ ਸੰਕੋਚ ਤੇ ਵਿਉਂਤ ਨਾਲ ਕਰਨ ਲਈ ਮੁਹਿੰਮ ਚਲਾਉਣੀ ਚਾਹੀਦੀ ਹੈ। ਲੋਕਾਂ ਨੂੰ ਇਹ ਦੱਸਣ ਦੀ ਜ਼ਰੂਰਤ ਹੈ ਧਰਤੀ ਉਪਰਲੇ ਪਾਣੀ ਦਾ ਸਿਰਫ਼ ਤਿੰਨ ਫੀਸਦੀ ਹਿੱਸਾ ਹੀ ਪੀਣ ਯੋਗ ਹੈ। ਜੇ ਇਸ ਦੀ ਲੋੜੋਂ ਵੱਧ ਵਰਤੋਂ ਜਾਰੀ ਰੱਖੀ ਤਾਂ ਇਸ ਕੁਦਰਤੀ ਖਜ਼ਾਨੇ ਤੋਂ ਹੱਥ ਧੋ ਬੈਠਾਂਗੇ।

Be the first to comment

Leave a Reply

Your email address will not be published.