ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ: ਪਿਛੋਕੜ ਤੇ ਵਰਤਮਾਨ

ਡਾ. ਹਰਪਾਲ ਸਿੰਘ ਪੰਨੂ
ਫੋਨ: 94642-51454
ਇਕ ਸਦੀ ਪਹਿਲਾਂ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਵਿਚ ਸਮਾਜ ਸੁਧਾਰਕ ਲਹਿਰਾਂ ਚੱਲੀਆਂ। ਆਪੋ ਆਪਣੇ ਰਾਜ ਭਾਗ ਗੁਆ ਕੇ ਸਿੱਖਾਂ, ਮੁਸਲਮਾਨਾਂ ਨੇ ਸੋਚਣਾ ਸ਼ੁਰੂ ਕੀਤਾ ਕਿ ਇਹ ਭਾਣਾ ਕਿਉਂ ਵਾਪਰਿਆ? ਮਹਾਰਾਜਾ ਰਣਜੀਤ ਸਿੰਘ ਦੇ ਹਰਮ ਵਿਚ ਦੋ ਦਰਜਨ ਰਾਣੀਆਂ ਦਾ ਕੀ ਕੰਮ ਸੀ, ਉਹ ਸ਼ਰਾਬ ਕਿਉਂ ਪੀਣ ਲੱਗਾ, ਮੋਰਾਂ ਨੂੰ ਕਿਉਂ ਮਹਿਲ ਵਿਚ ਲਿਆਂਦਾ? ਸਰਦਾਰ ਵੀ ਉਸ ਵਰਗੇ ਹੋ ਗਏ। ਸਿੱਖ, ਜਦੋਂ ਸਿੱਖ ਨਾ ਰਹੇ, ਗੁਰੂ ਨੇ ਰਾਜ ਖੋਹ ਲਿਆ।

ਪਹਿਲਾਂ ਸਿੱਖ ਬਣੀਏਂ, ਫੇਰ ਰਾਜ ਕਰੇਗਾ ਖਾਲਸਾ।
ਮੁਸਲਮਾਨਾਂ ਦੇ ਬਾਦਸ਼ਾਹ ਅਤੇ ਨਵਾਬ ਅੱਯਾਸ਼ ਹੋ ਗਏ ਸਨ। ਉਨ੍ਹਾਂ ਦਾ ਹਿਸਾਬ ਵੀ ਉਥੇ ਹੀ ਪੁੱਜਾ, ਪਹਿਲੋਂ ਸਹੀ ਮੁਸਲਮਾਨ ਹੋ ਜਾਈਏ ਫਿਰ ਰਾਜ ਕਰਨ ਦੇ ਹੱਕਦਾਰ ਹੋ ਜਾਵਾਂਗੇ। ਹਿੰਦੂ ਜਾਤ-ਪਾਤ, ਕਰਮ-ਕਾਂਡ ਅਤੇ ਮੂਰਤੀ ਪੂਜਾ ਤੋਂ ਮੁਕਤ ਹੋਣਾ ਚਾਹੁੰਦੇ ਸਨ, ਜਿਨ੍ਹਾਂ ਸਦਕਾ ਪਈ ਫੁੱਟ ਕਾਰਨ ਗੁਲਾਮ ਹੋਏ। ਅੰਗਰੇਜ਼ਾਂ ਨੇ ਇਨ੍ਹਾਂ ਸੁਧਾਰਕ ਲਹਿਰਾਂ ਨੂੰ ਉਤਸ਼ਾਹਿਤ ਕੀਤਾ, ਚੰਗੇ ਇਨਸਾਨ ਬਣਨਗੇ ਤਾਂ ਸਾਨੂੰ ਚੰਗੀ ਪਰਜਾ ਮਿਲੇਗੀ।
ਆਤਮ ਗਿਲਾਨੀ ਇਸ ਹੱਦ ਤੱਕ ਵਧ ਗਈ ਸੀ ਕਿ ਰਾਬਿੰਦਰ ਨਾਥ ਟੈਗੋਰ ਨੇ ਮਹਾਤਮਾ ਗਾਂਧੀ ਨੂੰ ਇਕ ਖਤ ਵਿਚ ਲਿਖਿਆ, “ਮਹਾਤਮਾ ਜੀ, ਤੁਹਾਡੀ ਕਦਰ ਮੈਂ ਇਸ ਕਰਕੇ ਨਹੀਂ ਕਰਦਾ ਕਿ ਤੁਸੀਂ ਬਹੁਤ ਵੱਡੇ ਸਿਆਸਤਦਾਨ ਹੋ, ਤੁਹਾਥੋਂ ਵੱਡੇ ਸਿਆਸਤਦਾਨ ਵੀ ਹਨ। ਤੁਹਾਡੀ ਕਦਰ ਇਸ ਕਰਕੇ ਕਰਦਾ ਹਾਂ ਕਿ ਤੁਸੀਂ ਹੋ ਉਹ ਵਾਹਦ ਨੇਤਾ, ਜਿਸ ਨੂੰ ਪਤਾ ਲੱਗ ਗਿਆ ਹੈ ਕਿ ਮਾਲਕ ਦੇ ਪੰਜੇ ਹੇਠੋਂ ਗੁਲਾਮ ਉਦੋਂ ਨਿਕਲ ਸਕੇਗਾ, ਜਦੋਂ ਗੁਲਾਮ ਦਾ ਆਚਰਣ ਮਾਲਕ ਤੋਂ ਉਤਮ ਹੋ ਗਿਆ। ਤੁਸੀਂ ਖੁਦ ਨੂੰ ਠੀਕ ਕਰ ਲਿਆ ਹੈ, ਭਾਰਤੀਆਂ ਨੂੰ ਠੀਕ ਕਰਨ ਲੱਗੇ ਹੋਏ ਹੋ।”
ਸਭ ਦੀ ਨਜ਼ਰ ਵਿੱਦਿਆ ਵੱਲ ਗਈ। ਮੁਸਲਮਾਨਾਂ ਨੇ ਯੂਨੀਵਰਸਿਟੀ ਮੰਗੀ, ਅੰਗਰੇਜ਼ਾਂ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਦਿੱਤੀ। ਹਿੰਦੂਆਂ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਮਿਲੀ। ਸਿੱਖਾਂ ਨੇ ਵੀ ਯੂਨੀਵਰਸਿਟੀ ਮੰਗੀ, ਅੰਮ੍ਰਿਤਸਰ ਵਿਚ ਇਮਾਰਤ ਉਸਾਰ ਲਈ, ਆਪਸੀ ਤਕਰਾਰ, ਚੌਧਰ, ਈਰਖਾ ਕਾਰਨ ਯੂਨੀਵਰਸਿਟੀ ਨਾ ਬਣ ਸਕੀ। ਬਿਲਡਿੰਗ ਵਿਚ ਖਾਲਸਾ ਕਾਲਜ ਚਲਾ ਲਿਆ। ਦਿਲ ਵਿਚ ਸੱਧਰ ਕਾਇਮ ਰਹੀ।
1969 ਵਿਚ ਗੁਰੂ ਨਾਨਕ ਦੇਵ ਜੀ ਦਾ ਪੰਜ ਸੌਵਾਂ ਪ੍ਰਕਾਸ਼ ਪੁਰਬ ਆ ਗਿਆ, ਸੋਚਿਆ, ਜੋ ਉਦੋਂ ਨਹੀਂ ਹੋ ਸਕਿਆ, ਹੁਣ ਕਰ ਲੈਂਦੇ ਹਾਂ। ਖਾਲਸਾ ਕਾਲਜ ਜਮੀਨ ਦੇਣ ਲਈ ਮੰਨ ਗਿਆ। ਫੈਸਲਾ ਹੋਇਆ ਕਿ ਨਾਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਰੱਖਾਂਗੇ। ਕੇਂਦਰ ਸਰਕਾਰ ਨੇ ਇਸ ਨਾਂ ਨੂੰ ਪ੍ਰਵਾਨਗੀ ਨਾ ਦਿੱਤੀ। ਅਕਾਲੀ ਲੀਡਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਿਲਣ ਗਏ, ਪ੍ਰਵਾਨਗੀ ਮੰਗੀ। ਇੰਦਰਾ ਗਾਂਧੀ ਨੇ ਕਿਹਾ, ਕਿਸੀ ਵਿਅਕਤੀ ਕੇ ਨਾਮ ਪਰ ਯੂਨੀਵਰਸਿਟੀ ਹੋ, ਅਸੂਲਨ ਹਮ ਇਸ ਕੇ ਖਿਲਾਫ ਹੈਂ। ਸ਼ ਸੁਰਜੀਤ ਸਿੰਘ ਬਰਨਾਲਾ ਨੇ ਕਿਹਾ, ਵਿਅਕਤੀ ਨਹੀਂ, ਗੁਰੂ ਨਾਨਕ ਦੇਵ ਪੀਰ ਥੇ, ਪੈਗੰਬਰ ਥੇ। ਵਿਅਕਤੀ ਤੋ ਪੰਡਿਤ ਜਵਾਹਰ ਲਾਲ ਨਹਿਰੂ ਥੇ, ਉਨਕੇ ਨਾਮ ਪਰ ਤੋ ਦਿੱਲੀ ਮੇਂ ਯੂਨੀਵਰਸਿਟੀ ਬਨ ਗਈ ਹੈ, ਅੰਮ੍ਰਿਤਸਰ ਮੇਂ ਗੁਰੂ ਜੀ ਕੇ ਨਾਮ ਪਰ ਕਿਉਂ ਨਹੀਂ ਬਨ ਸਕਤੀ? ਆਖਰ ਪ੍ਰਵਾਨਗੀ ਮਿਲ ਗਈ। ਜਿਨ੍ਹਾਂ ਜਥੇਬੰਦੀਆਂ ਨੇ ਪੰਜਾਬੀ ਸੂਬੇ ਦਾ ਵਿਰੋਧ ਕੀਤਾ ਸੀ, ਉਨ੍ਹਾਂ ਨੇ ਇਸ ਯੂਨੀਵਰਸਿਟੀ ਦਾ ਵੀ ਡਟ ਕੇ ਵਿਰੋਧ ਕੀਤਾ ਪਰ ਯੂਨੀਵਰਸਿਟੀ ਸਾਕਾਰ ਹੋ ਗਈ।
ਕੁਝ ਦਹਾਕਿਆਂ ਬਾਅਦ ਦੇਸ਼-ਵਿਦੇਸ਼ ਦੇ ਸਿੱਖ ਸੋਚਣ ਲੱਗੇ, ਜਿਹੋ ਜਿਹੀਆਂ ਬਾਕੀ ਯੂਨੀਵਰਸਿਟੀਆਂ, ਉਹੋ ਜਿਹੀ ਇਹ। ਗੁਰੂ ਜੀ ਦਾ ਕੇਵਲ ਨਾਮ ਹੈ, ਹੋਰ ਕੀ ਫਰਕ? ਇਕ ਯੂਨੀਵਰਸਿਟੀ ਅਜਿਹੀ ਹੋਵੇ ਜਿੱਥੇ ਨਿਰੋਲ ਸਿੱਖ ਸਾਹਿਤ, ਸਿੱਖ ਇਤਿਹਾਸ, ਸਿੱਖ ਫਲਸਫਾ, ਸਿੱਖ ਧਰਮ ਪੜ੍ਹਾਏ ਜਾਣ ਜਾਂ ਉਹ ਵਿਸ਼ੇ ਜੋ ਸਿੱਖ ਸਭਿਆਚਾਰ ਨੂੰ ਸਮਝਣ ਵਿਚ ਸਹਾਈ ਹੋਣ ਜਿਵੇਂ, ਫਾਰਸੀ, ਸੰਸਕ੍ਰਿਤ, ਸੰਗੀਤ, ਮਾਰਸ਼ਲ ਆਰਟਸ ਆਦਿ। ਪ੍ਰਬੰਧ ਸਿੱਖਾਂ ਕੋਲ ਹੋਵੇ। ਯੂ. ਜੀ. ਸੀ. ਤੋਂ ਮਾਨਤਾ ਲੈਣ ਲਈ ਕੁਝ ਸੈਕੂਲਰ, ਕੁਝ ਸਾਇੰਸ ਦੇ ਵਿਸ਼ੇ ਰੱਖ ਲਵਾਂਗੇ। ਜਮੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਏਗੀ, ਪੈਸਾ ਲਾਏਗੀ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਯੂਨੀਵਰਸਿਟੀ ਦਾ ਕੁਲਪਤੀ ਹੋਵੇਗਾ।
ਮਹਾਰਾਜਾ ਪਟਿਆਲਾ ਕਰਮ ਸਿੰਘ ਨੇ ਗੁਰੂ ਮਾਰੀ ਸਰਹਿੰਦ ਦਾ ਨਾਂ ਬਦਲ ਕੇ ਫਤਿਹਗੜ੍ਹ ਸਾਹਿਬ ਰੱਖਿਆ, ਜਮੀਨ ਦਾਨ ਕੀਤੀ, ਜਗੀਰਾਂ ਲਾਈਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੂਨੀਵਰਸਿਟੀ ਦੇ ਟਰੱਸਟ ਨੂੰ ਇਸ ਵਿਚੋਂ 115 ਏਕੜ ਜਮੀਨ ਦੇ ਦਿੱਤੀ। ਗੁਰੂ ਗ੍ਰੰਥ ਸਾਹਿਬ ਨੂੰ ਹਰਿਮੰਦਰ ਵਿਚ ਸਥਾਪਤ ਕਰਨ ਦੀ ਚੌਥੀ ਸ਼ਤਾਬਦੀ ਦੇ ਸਾਲ 2004 ਵਿਚ ਯੂਨੀਵਰਸਿਟੀ ਸਥਾਪਤ ਕਰਨ ਦਾ ਮਤਾ ਪਾਇਆ, ਗੁਰਿਆਈ ਦੀ ਤੀਜੀ ਸ਼ਤਾਬਦੀ ਦੇ ਸਾਲ ਐਕਟ 2008 ਬਣਾ ਕੇ ਡਾ. ਜਸਵੀਰ ਸਿੰਘ ਆਹਲੂਵਾਲੀਆ ਨੂੰ ਪਹਿਲਾ ਵੀ. ਸੀ. ਥਾਪਿਆ। ਉਨ੍ਹਾਂ ਨੇ ਅਕਾਦਮਿਕ ਰੂਪ ਰੇਖਾ ਤਿਆਰ ਕੀਤੀ, ਪ੍ਰਬੰਧਕੀ ਅਤੇ ਅਕਾਦਮਿਕ ਬਲਾਕ ਨੰਬਰ-1 ਬਣਾਏ।
ਹੁਣ ਇਹ ਯੂਨੀਵਰਸਿਟੀ ਮਾਇਕ ਸੰਕਟ ਵਿਚ ਘਿਰੀ ਹੋਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਫੰਡ ਦੀ ਘਾਟ ਕਿੱਥੇ ਹੈ? ਸ਼੍ਰੋਮਣੀ ਕਮੇਟੀ ਪ੍ਰਧਾਨ ਇਸ ਦਾ ਕੁਲਪਤੀ, ਸ਼ ਪ੍ਰਕਾਸ਼ ਸਿੰਘ ਬਾਦਲ ਤੇ ਸ਼ ਸੁਖਬੀਰ ਸਿੰਘ ਬਾਦਲ ਟਰੱਸਟੀ, ਮਈ ਤੋਂ ਬਾਅਦ ਸਟਾਫ ਨੂੰ ਤਨਖਾਹਾਂ ਨਹੀਂ ਮਿਲੀਆਂ। ਧਰਨੇ ਅਤੇ ਰੈਲੀਆਂ ਸ਼ੁਰੂ ਹਨ। ਦਲਿਤ ਵਿਦਿਆਰਥੀਆਂ ਦੀਆਂ ਫੀਸਾਂ, ਵਜ਼ੀਫੇ ਪੰਜਾਬ ਸਰਕਾਰ ਨੇ ਦੇਣੇ ਹੁੰਦੇ ਹਨ, ਬਾਰਾਂ ਕਰੋੜ ਦੀ ਉਹ ਰਕਮ ਸਰਕਾਰ ਨਹੀਂ ਦੇ ਰਹੀ। ਇਹ ਬਕਾਇਆ ਅਕਾਲੀ ਸਰਕਾਰ ਵੇਲੇ ਦਾ ਖੜ੍ਹਾ ਹੈ, ਨਾ ਪਿਛਲੀ ਨੇ, ਨਾ ਹੁਣ ਦੀ ਸਰਕਾਰ ਨੇ ਪੈਸੇ ਦਿੱਤੇ।
ਮਾਤਾ ਗੁਜਰੀ ਕਾਲਜ ਵਿਚ ਐਮ. ਏ. ਅਤੇ ਐਮ. ਫਿਲ਼ ਕੋਰਸ ਚੱਲ ਰਹੇ ਹਨ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਚ ਸਾਰੇ ਟੈਕਨੀਕਲ ਕੋਰਸ ਚਲਦੇ ਹਨ, ਉਹੀ ਕੋਰਸ ਗੁਰੂ ਗ੍ਰੰਥ ਯੂਨੀਵਰਸਿਟੀ ਵਿਚ ਹਨ, ਦਾਖਲਿਆਂ ਵਾਸਤੇ ਆਪਸ ਵਿਚ ਮੁਕਾਬਲਾ ਹੋਣ ਲੱਗ ਗਿਆ ਹੈ। ਯੂਨੀਵਰਸਿਟੀ ਨੇ ਇਸ ਸਾਲ ਡੇਢ ਕਰੋੜ ਰੁਪਿਆ ਇਸ਼ਤਿਹਾਰਾਂ ਉਪਰ ਖਰਚਿਆ ਹੈ। ਤਨਖਾਹਾਂ ਦਾ ਸਾਲਾਨਾ ਖਰਚਾ 18 ਕਰੋੜ ਹੈ, ਅਕਾਦਮਿਕ ਬਲਾਕ-2 ਬੈਂਕ ਤੋਂ ਕਰਜ਼ਾ ਲੈ ਕੇ ਬਣਾਇਆ ਜਿਸ ਦੀ ਮਹੀਨੇਵਾਰ ਕਿਸ਼ਤ 50 ਲੱਖ ਭਰਨੀ ਪੈਂਦੀ ਹੈ। ਦਾਖਲਾ ਇੰਨਾ ਘਟ ਗਿਆ ਕਿ ਮਨੋਵਿਗਿਆਨ, ਇਲੈਕਟ੍ਰਾਨਿਕਸ, ਮਕੈਨੀਕਲ ਇੰਜੀਨੀਅਰਿੰਗ ਤੇ ਲਾਇਬ੍ਰੇਰੀ ਸਾਇੰਸ ਵਿਭਾਗ ਬੰਦ ਹੋ ਗਏ ਹਨ, ਬਾਕੀ ਇਕ ਇਕ ਕਰਕੇ ਬੰਦ ਹੋ ਜਾਣਗੇ।
ਉਜਾੜੇ ਦੇ ਇਸ ਮਾਹੌਲ ਵਿਚ ਨੁਕਸਾਨ ਜੋ ਹੋ ਰਿਹਾ ਹੈ ਪਰ ਦਿਸਦਾ ਨਹੀਂ, ਉਹ ਇਹ ਕਿ ਜਿਸ ਅਧਿਆਪਕ ਦਾ ਅਕਾਦਮਿਕ ਕੈਰੀਅਰ ਸ਼ਾਨਦਾਰ ਹੈ, ਉਹ ਇਥੋਂ ਛੱਡ ਕੇ ਜਿਥੇ ਕਿਤੇ ਥਾਂ ਮਿਲਦੀ ਹੈ, ਜਾ ਰਿਹਾ ਹੈ। ਬਚ ਗਏ ਸਟਾਫ ਦਾ ਮਿਆਰ ਏਨਾ ਨੀਵਾਂ ਹੋ ਜਾਏਗਾ ਕਿ ਦਾਖਲੇ ਬੰਦ ਹੋ ਜਾਣਗੇ। ਨਗਰ ਕੀਰਤਨਾਂ, ਲੰਗਰਾਂ, ਸਿਆਸੀ ਰੈਲੀਆਂ, ਗੁਰਦੁਆਰਿਆਂ ‘ਤੇ ਸੋਨਾ, ਸੰਗਮਰਮਰ ਮੜ੍ਹਾਉਣ ਉਪਰ ਬੇਅੰਤ ਧਨ ਖਰਚ ਹੋ ਰਿਹਾ ਹੈ। ਸ਼੍ਰੋਮਣੀ ਕਮੇਟੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਦੇ ਅਧਿਆਪਕਾਂ-ਮੁਲਾਜ਼ਮਾਂ ਦੀ ਤਨਖਾਹ ਬੰਦ ਹੈ। ਇਕੱਲਾ ਹਲਵਾਈ ਲਵਲੀ ਯੂਨੀਵਰਸਿਟੀ ਸਫਲਤਾ ਨਾਲ ਚਲਾ ਰਿਹਾ ਹੈ, ਪੰਥ ਤੋਂ ਨਹੀਂ ਚਲ ਰਹੀ। ਜੇ ਪ੍ਰਬੰਧਕਾਂ ਨੂੰ ਸ਼ਰਮਿੰਦਗੀ ਨਹੀਂ ਤਾਂ ਸ਼ਰਮਿੰਦੇ ਹੋਣ ਦਾ ਕੰਮ ਵੀ ਆਪਾਂ ਹੀ ਕਰ ਲੈਂਦੇ ਹਾਂ।