ਤਵਾਰੀਖ ਦਾ ਮਤਾਲਿਆ

ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪਾਠਕਾਂ ਅੱਗੇ ਪੇਸ਼ ਕਰਨ ਵਾਲੇ ਉਘੇ ਲੇਖਕ ਕੇਸਰ ਸਿੰਘ ਨਾਵਲਿਸਟ ਨੇ ਬਹੁਤ ਮਿਹਨਤ ਨਾਲ ਗਦਰ ਲਹਿਰ ਦੀ ਵਾਰਤਕ ਲੱਭਣ ਅਤੇ ਸੰਭਾਲਣ ਦਾ ਔਖੇਰਾ ਕਾਰਜ ਵੀ ਨੇਪਰੇ ਚਾੜ੍ਹਿਆ ਸੀ। ਗਦਰ ਲਹਿਰ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦਾ ਅਹਿਮ ਪੰਨਾ ਹੈ। ਗਦਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਵਿਚ ਕਿਸ ਤਰ੍ਹਾਂ ਦੀ ਸਰਗਰਮੀ ਅੰਗਰੇਜ਼ ਹਕੂਮਤ ਖਿਲਾਫ ਹੋ ਰਹੀ ਸੀ, ਉਸ ਦਾ ਜ਼ਿਕਰ ‘ਪੰਜਾਬ ਟਾਈਮਜ਼’ ਦੇ ਪਾਠਕਾਂ ਨੇ ਉਸ ਵਕਤ ਕੈਨਡਾ ਤੋਂ ਛਪਦੇ ਰਹੇ ਦੋ ਪਰਚਿਆਂ ‘ਸੁਦੇਸ਼ ਸੇਵਕ’ ਤੇ ‘ਸੰਸਾਰ’ ਵਿਚ ਛਪੀਆਂ ਲਿਖਤਾਂ ਰਾਹੀਂ ਪੜ੍ਹਿਆ ਹੈ।

ਹੁਣ ਅਮਰੀਕਾ ਤੋਂ ਛਪਦੇ ‘ਗਦਰ’ ਵਿਚ ਛਪੀਆਂ ਲਿਖਤਾਂ ਦੀ ਲੜੀ ਛਾਪੀ ਜਾ ਰਹੀ ਹੈ। ਐਤਕੀਂ ਅਸੀਂ ਪ੍ਰਸਿਧ ਗਦਰੀ ਭਾਈ ਪਰਮਾ ਨੰਦ ਦਾ ਲੇਖ ਛਾਪ ਰਹੇ ਹਾਂ ਜੋ ਜਨਵਰੀ 1915 ਦਾ ਲਿਖਿਆ ਹੋਇਆ ਹੈ। ਇਨ੍ਹਾਂ ਤੋਂ ਉਸ ਵੇਲੇ ਗਦਰੀਆਂ ਦੇ ਮਨਾਂ ਅੰਦਰਲੇ ਉਠਦੇ ਉਬਾਲ ਦੀ ਥਾਹ ਪਾਈ ਜਾ ਸਕਦੀ ਹੈ। -ਸੰਪਾਦਕ

ਭਾਈ ਪਰਮਾ ਨੰਦ

ਜਿਨ੍ਹਾਂ ਨਵਿਆਂ ਨਵਿਆਂ ਹੁਨਰਾਂ ਅਤੇ ਇਲਮਾਂ ਦੇ ਵਸੀਲੇ ਨਾਲ ਦੁਨੀਆਂ ਦੇ ਵਿਦਵਾਨ ਦਿਨ ਦੁਗਣੀ ਅਤੇ ਰਾਤ ਚੌਗਣੀ ਤਰੱਕੀ ਕਰ ਰਹੇ ਹਨ, ਸਾਡੇ ਦੇਸ਼ ਵਿਚ ਤਾਂ ਅਜੇ ਇਸ ਤਰੱਕੀ ਦਾ ਨਾਮ ਨਿਸ਼ਾਨ ਨਹੀਂ ਹੈ। ਜਦ ਅਸੀਂ ਅਖਬਾਰ ਦੇ ਜ਼ਰੀਏ ਆਪਣੀ ਵਿਦਿਆ ਅਨੁਸਾਰ ਦੂਜੀਆਂ ਕੌਮਾਂ ਦੀ ਤਰੱਕੀ ਦਾ ਹਾਲ ਪੜ੍ਹਦੇ ਹਾਂ ਤਾਂ ਸਾਨੂੰ ਆਪਣੇ ਆਪ ਇਹ ਖਿਆਲ ਹੁੰਦਾ ਹੈ ਕਿ ਦੁਨੀਆਂ ਦੀ ਇਲਮੀ ਤਰੱਕੀ ਵਿਚ ਅਸੀਂ ਭੀ ਇਕ ਵੱਡਾ ਭਾਗ ਹਿੱਸਾ ਲੈ ਰਹੇ ਹਾਂ। ਅਸਲ ਵਿਚ ਸਾਡੀ ਇਲਮ ਤਰੱਕੀ ਬਿਲਕੁਲ ਖੋਖਲੀ ਹੈ। ਦੂਜੇ, ਸਾਨੂੰ ਪੜ੍ਹਨ ਤੋਂ ਕੇਵਲ ਇੰਨਾ ਹੀ ਪਤਾ ਲੱਗਦਾ ਹੈ ਕਿ ਦੁਨੀਆਂ ਨੇ ਇਥੋਂ ਤਕ ਇਲਮੀ ਤਰੱਕੀ ਕੀਤੀ ਹੈ। ਸਾਡੇ ਸਕੂਲ ਅਤੇ ਯੂਨੀਵਰਸਿਟੀਆਂ ਸਾਡਾ ਸਾਰਾ ਵਕਤ ਅੰਗਰੇਜ਼ੀ ਜ਼ਬਾਨ ਸਿੱਖਣ ਵਿਚ ਲੈਂਦੇ ਹਨ। ਵਿਦਿਆ ਪੜ੍ਹਨ ਦੇ ਪਿੱਛੋਂ ਸਾਡੀਆਂ ਅੱਖਾਂ ਦੇ ਅੱਗੇ ਇਕ ਕਿਸਮ ਦੀ ਐਨਕ ਲੱਗ ਜਾਂਦੀ ਹੈ। ਜਿਸ ਦੇ ਨਾਲ ਦੁਨੀਆਂ ਦੀ ਤਰੱਕੀ ਦੀ ਚਾਲ ਤਾਂ ਅਸੀਂ ਦੇਖ ਸਕਦੇ ਹਾਂ, ਪਰ ਉਸ ਦੇ ਨਾਲ ਦਿਮਾਗ਼ ਦੇ ਉਸ ਹਿੱਸੇ ਨੂੰ ਕੁਝ ਅਸਰ ਨਹੀਂ ਪਹੁੰਚਦਾ, ਜਿਸ ਦੇ ਨਾਲ ਅਸੀਂ ਆਪ ਕੁਝ ਹਿੰਮਤ ਕਰ ਸਕੀਏ। ਸਾਡੇ ਢਿੱਲੇ ਅਤੇ ਸੁਸਤ ਰਹਿਣ ਦਾ ਹੋਰ ਕੀ ਸਬੂਤ ਹੋ ਸਕਦਾ ਹੈ ਕਿ ਅਸੀਂ ਦੂਜਿਆਂ ਦੀ ਤਰੱਕੀ ਦੇਖ ਕੇ ਆਪ ਅੱਖਾਂ ਮੀਟ ਜਾਂਦੇ ਹਾਂ ਅਤੇ ਦੂਜੇ ਦੇਸ਼ਾਂ ਦੀ ਤਰੱਕੀ ਸ਼ੋਭਾ ਦੇ ਗੁਣ ਗਾਉਂਦੇ ਆਪਣੀ ਖੁਸ਼ੀ ਪ੍ਰਾਪਤ ਕਰ ਲੈਂਦੇ ਹਾਂ ਅਤੇ ਆਪਣਾ ਕੀਮਤੀ ਵਕਤ ਦੂਜੇ ਦੇਸ਼ਾਂ ਦੀ ਮਾਣ ਵਡਿਆਈ ਦੀ ਰਾਗਣੀਆਂ ਵਿਚ ਖਰਚ ਕਰ ਦਿੰਦੇ ਹਨ। ਆਪਣੇ ਦੇਸ਼ ਦੀ ਤਰੱਕੀ ਵੱਲ ਕਦੀ ਧਿਆਨ ਮਾਰਦੇ ਹਾਂ?
ਅਮਰੀਕਾ ਦਾ ਇਕ ਬੱਚਾ ਵਿਦਿਆ ਪਾਉਂਦਾ ਹੋਇਆ ਆਪਣੀ ਛੋਟੀ ਉਮਰ ਵਿਚ ਬਿਜਲੀ ਦੇ ਅਜਿਹੇ ਖਿਡੌਣੇ ਬਣਾ ਸਕਦਾ ਹੈ ਕਿ ਜਿਸ ਦੀ ਬਨਾਵਟ ਸਾਡੇ ਦੇਸ਼ ਦੇ ਵੱਡੇ ਵੱਡੇ ਵਿਦਵਾਨ ਅਤੇ ਹੁਨਰ ਵਾਲੇ ਨਹੀਂ ਪਛਾਣ ਸਕਦੇ। ਸਾਇੰਸ ਨੂੰ ਦੇਖੋ, ਇਸ ਦੀ ਵਿਦਿਆ ਪ੍ਰਾਪਤ ਕਰਨ ਦੇ ਲਈ ਤਾਂ ਲੱਖਾਂ ਰੁਪਿਆਂ ਦੀ ਲਾਇਬ੍ਰੇਰੀ ਅਤੇ ਤਜਰਬਿਆਂ ਦੀ ਲੋੜ ਪੈਂਦੀ ਹੈ। ਇਕ ਅਜਿਹੇ ਮਜ਼ਮੂਨ ਦੇ ਵੱਲ ਜ਼ਰਾ ਧਿਆਨ ਦੇਵੋ ਕਿ ਜਿਸ ਦੇ ਪੜ੍ਹਨ ਤੋਂ ਬਿਨਾਂ ਦਿਮਾਗ਼ ਤੋਂ ਹੋਰ ਕੁਝ ਖਰਚ ਹੀ ਨਹੀਂ ਹੁੰਦਾ, ਕੇਵਲ ਤਵਾਰੀਖ ਦੇ ਜਾਣਨ ਦੀ ਲੋੜ ਹੈ। ਆਪ ਕਿਸੇ ਦੂਜੇ ਦੇਸ਼ ਵਿਚ ਜਾ ਕੇ ਦੇਖੋ, ਸਾਰੇ ਪੱਛਮੀ ਦੇਸ਼ਾਂ ਦੇ ਵਿਚ ਸੈਂਕੜੇ ਅਤੇ ਹਜ਼ਾਰਾਂ ਤਵਾਰੀਖੀ ਕਿਤਾਬਾਂ ਦੇਖੋਗੇ। ਇੰਗਲੈਂਡ ਦੇ ਵਿਚ ਜਾ ਕੇ ਦੇਖੋ, ਨਾ ਕੇਵਲ ਮੁਲਕ ਦੀ, ਬਲਕਿ ਸਾਰੇ ਸ਼ਹਿਰਾਂ ਅਤੇ ਪਿੰਡਾਂ ਦੀਆਂ ਵੱਖੋ ਵੱਖ ਤਾਰੀਖੀ ਕਿਤਾਬਾਂ ਮੌਜੂਦ ਹਨ। ਜ਼ਰਾ ਇਨ੍ਹਾਂ ਦਾ ਹਿੰਦੁਸਤਾਨ ਦੇ ਨਾਲ ਮੁਕਾਬਲਾ ਕਰੋ, ਆਪ ਕਿਤਨੀਆਂ ਕਿਤਨੀਆਂ ਕਿਤਾਬਾਂ ਹਿੰਦੁਸਤਾਨ ਦੇ ਬਾਰੇ ਵਿਚ ਹਿੰਦੁਸਤਾਨੀਆਂ ਦੀ ਕਲਮ ਦੇ ਨਾਲ ਲਿਖੀਆਂ ਹੋਈਆਂ ਦਸ ਸਕਦੇ ਹੋ।
ਕਿਤਾਬਾਂ ਨੂੰ ਰਹਿਣ ਦੇਵੋ ਕਿ ਆਪ ਕਿਤਨੇ ਨਾਂ ਗਿਣ ਸਕਦੇ ਹੋ, ਜਿਨ੍ਹਾਂ ਨੂੰ ਹਿੰਦੁਸਤਾਨ ਦੀ ਤਾਰੀਖ ਦਾ ਜਾਣੂ ਕਿਹਾ ਜਾਵੇ? ਮੰਨ ਲਿਆ ਕਿ ਮਰਹੱਟਿਆਂ ਜਾਂ ਬੰਗਾਲੀਆਂ ਦੀ ਤਾਰੀਖ ਦਾ ਜਾਣੂੰ ਮਹਾਰਾਸ਼ਟਰ ਜਾਂ ਬੰਗਾਲ ਦੇ ਵਿਚ ਕੋਈ ਪੁਰਸ਼ ਮਿਲ ਜਾਵੇ, ਮਗਰ ਮੈਨੂੰ ਹਿੰਦੀ ਕੌਮ ਦੀ ਤਾਰੀਖ ਤੋਂ ਪੂਰਾ ਵਾਕਫਦਾਰ ਪੁਰਸ਼ ਕੋਈ ਦਿਖਾਈ ਨਹੀਂ ਦਿੰਦਾ। ਬੇਸ਼ੱਕ ਸਾਡੇ ਵਿਚੋਂ ਕੌਮੀ ਮੁਰਸਤ ਰੱਖਣ ਵਾਲੇ ਪੁਰਸ਼ ਬਹੁਤ ਮਿਲਦੇ ਹਨ, ਲੀਡਰ ਭੀ ਬਹੁਤ ਹਨ, ਐਪਰ ਕੋਈ ਲੀਡਰ ਪਿਛਲੇ ਮੌਸਮੀ ਕੌਮੀ ਹਾਲਾਤ ਦੇ ਜਾਣੂੰ ਹੋਣ ਦੀ ਤਕਲੀਫ ਨਹੀਂ ਉਠਾ ਸਕਦਾ। ਸਾਰੇ ਮੁਲਕ ਦਾ ਸਭ ਤੋਂ ਵੱਡਾ ਵਿਦਵਾਨ ਸਵਰਗਵਾਸੀ ਮਿਸਟਰ ਰਾਨਾਡੇ ਕਿਹਾ ਜਾਂਦਾ ਹੈ, ਪਰ ਇਸ ਨੇ ਕੀ ਕੰਮ ਕੀਤਾ? ਮਰਹੱਟਿਆਂ ਦੀ ਤਾਰੀਖ ਤੇ ਉਸ ਦੀ ਮਸ਼ਹੂਰ ਕਿਤਾਬ ਅਸਲ ਵਿਚ ਇਕ ਦਿਲਚਸਪ ਮਜ਼ਮੂਨ ਤੋਂ ਬਿਨਾਂ ਹੋਰ ਕੁਝ ਨਹੀਂ ਹੈ।
ਲੰਡਨ ਦੀ ਲਾਇਬ੍ਰੇਰੀ ਵਿਚ ਜਾ ਕੇ ਦੇਖੋ, ਫਿਰ ਤੁਹਾਨੂੰ ਪਤਾ ਲੱਗ ਜਾਵੇ ਕਿ ਸੈਂਕੜੇ ਨਹੀਂ ਸਗੋਂ ਹਜ਼ਾਰਾਂ ਅੰਗਰੇਜ਼ਾਂ ਨੇ ਹਿੰਦੁਸਤਾਨ ਦੇ ਪਿਛਲੇ ਅਤੇ ਹੁਣ ਦੇ ਹਾਲ ਲਿਖੇ ਹਨ। 1857 ਦੇ ਗ਼ਦਰ ਦਾ ਹਾਲ ਕੋਈ 300 ਤੋਂ ਜ਼ਿਆਦਾ ਵਿਦਵਾਨਾਂ ਨੇ ਲਿਖਿਆ ਸੀ। ਹਿੰਦੁਸਤਾਨ ਵਿਖੇ ਤਾਰੀਖ ਦਾ ਸਮਾਚਾਰ ਲਿਖਣਾ ਤਾਂ ਇਕ ਪਾਸੇ ਰਿਹਾ, ਐਪਰ ਲਿਖੇ ਹੋਏ ਪੁਸਤਕਾਂ ਦੇ ਪੰਨਿਆਂ ਦਾ (ਨੂੰ) ਪੜ੍ਹਨ ਦਾ ਵੀ ਸ਼ੌਕ ਨਹੀਂ ਹੈ। ਮੈਨੂੰ ਤਾਂ ਪੰਜਾਬ ਦੇ ਐਮ.ਏ. ਦੇ ਪੜ੍ਹਿਆ ਹੋਇਆ ਉਤੇ ਇਤਨੀ ਭੀ ਉਮੀਦ ਨਹੀਂ ਕਿ ਉਹ ਪੰਜਾਬ ਦੀ ਤਾਰੀਖ ਤੋਂ ਜਾਣੂੰ ਹੋਣਗੇ ਅਤੇ ਇਸੀ ਤਰ੍ਹਾਂ ਹਿੰਦੁਸਤਾਨੀਆਂ ਨੂੰ ਆਪਣੇ ਦੇਸ਼ ਦੀ ਤਾਰੀਖ ਦਾ ਭੀ ਪਤਾ ਲੱਗਾ ਨਹੀਂ ਹੈ।
ਇਸ ਤੋਂ ਜ਼ਿਆਦਾ ਹੋਰ ਅਫਸੋਸ ਦੀ ਕੀ ਗੱਲ ਹੈ ਕਿ ਪਿਛਲੇ ਪੰਜਾਹ ਸਾਲਾਂ ਤੋਂ ਜ਼ਿਆਦਾ ਯੂਨੀਵਰਸਿਟੀਆਂ ਦੇ ਸਹਾਰੇ ਇਲਮੀ ਤਰੱਕੀ ਦੇ ਮੈਦਾਨ ਵਿਚ ਪੈਰ ਰਖਿਆ ਹੈ ਅਤੇ ਵਿਦਵਾਨਾਂ ਨੂੰ ਇਸ ਵਿਦਿਆ ਦੀ ਤਰੱਕੀ ਉਤੇ ਬੜਾ ਹੀ ਮਾਣ ਹੈ। ਮਗਰ ਵੱਡੇ ਵੱਡੇ ਇਲਮ ਤਾਂ ਇਕ ਪਾਸੇ ਰਹੇ, ਇਲਮੀ ਤਾਰੀਖ ਦੇ ਵਿਚ ਹੀ ਅਸੀਂ ਇਕ ਕਦਮ ਅੱਗੇ ਨਹੀਂ ਰਖਿਆ। ਕਿਸੇ ਦੂਜੇ ਮੁਲਕ ਦੀ ਤਾਰੀਖ ਸਾਡੀ ਜ਼ਬਾਨ ਵਿਚ ਨਹੀਂ ਲਿਖੀ ਅਤੇ ਸਾਡੇ ਮੁਲਕ ਦੀ ਇਕ ਭੀ ਤਾਰੀਖ ਸਾਡੇ ਵਿਚੋਂ ਕਿਸੇ ਨੇ ਨਹੀਂ ਲਿਖੀ। ਇਸ ਦੀ ਵਜ੍ਹਾ ਸਾਫ ਹੈ ਕਿ ਅੰਗਰੇਜ਼ੀ ਜ਼ਬਾਨ ਦੇ ਵਿਚ ਇਹ ਸਭ ਮੁਲਕੀ ਤਾਰੀਖਾਂ ਪਾਈਆਂ ਜਾਂਦੀਆਂ ਹਨ ਅਤੇ ਸਾਡੇ ਵਿਚੋਂ ਜਿਨ੍ਹਾਂ ਨੂੰ ਤਾਰੀਖ ਦਾ ਸ਼ੌਕ ਹੁੰਦਾ ਹੈ, ਉਨ੍ਹਾਂ ਦੇ ਪੜ੍ਹਨ ਦੇ ਲਈ ਅੰਗਰੇਜ਼ੀ ਜ਼ਬਾਨ ਦੀਆਂ ਤਾਰੀਖਾਂ ਮੌਜੂਦ ਹਨ। ਬੇਸ਼ੱਕ ਅੰਗਰੇਜ਼ੀ ਵਿਦਿਆਰਥੀਆਂ ਨੂੰ ਆਪਣੀ ਜ਼ਬਾਨ ਦੇ ਵਿਚ ਪੜ੍ਹਨ ਦੇ ਨਾਲ ਆਨੰਦ ਆਉਂਦਾ ਹੈ। ਅੰਗਰੇਜ਼ੀ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਆਮ ਖਿਆਲ ਇਹ ਹੈ ਕਿ ਜਦ ਹਿੰਦੁਸਤਾਨ ਦੀਆਂ ਤਾਰੀਖਾਂ ਅੰਗਰੇਜ਼ੀ ਵਿਚ ਮੌਜੂਦ ਹਨ ਤਾਂ ਫਿਰ ਹੋਰ ਕਿਤਾਬਾਂ ਦੀ ਕੀ ਲੋੜ ਹੈ। ਇਹ ਸਵਾਲ ਇਕ ਬੜੀ ਭਾਰੀ ਗ਼ਲਤੀ ਦੇ ਵਿਚ ਫਸਾ ਰਿਹਾ ਹੈ। ਇਸ ਗ਼ਲਤੀ ਨੂੰ ਦੂਰ ਕਰਨ ਦੇ ਲਈ ਸਾਡਾ ਇਕ ਬੜਾ ਭਾਰੀ ਫਰਜ਼ ਹੈ। ਜਿਤਨੇ ਇਲਮ ਪੜ੍ਹੇ ਪੜ੍ਹਾਏ ਜਾਂਦੇ ਹਨ, ਇਨ੍ਹਾਂ ਵਿਚੋਂ ਹਰ ਇਕ ਦੇ ਪੜ੍ਹਨ ਦੇ ਲਈ ਜ਼ਰੂਰੀ ਲੋੜ ਹੁੰਦੀ ਹੈ, ਜਿਵੇਂ ਫਿਲਾਸਫੀ ਦਾ ਪੜ੍ਹਨਾ ਦਲੀਲਾਂ ਨੂੰ ਵਧਾਉਂਦਾ ਅਤੇ ਭਰਮਾਂ ਨੂੰ ਮਿਟਾ ਕੇ ਦਿਲ ਨੂੰ ਸ਼ਾਂਤੀ ਬਖਸ਼ਦੀ ਹੈ।
ਉਸੀ ਤਰ੍ਹਾਂ ਹਰ ਇਕ ਕੌਮ ਦੀ ਤਾਰੀਖ ਦਾ ਪੜ੍ਹਨਾ ਉਸ ਕੌਮ ਦੇ ਲਈ ਮੁਹੱਬਤ ਦੀ ਲਹਿਰ ਪੈਦਾ ਕਰਦਾ ਹੈ। ਇਹ ਜ਼ਰੂਰੀ ਨਹੀਂ ਕਿ ਤਾਰੀਖ ਦੇ ਵਿਚ ਉਸ ਮੁਲਕ ਦੀ ਅਤੇ ਕੌਮ ਦੀ ਤਰੱਕੀ ਦੇ ਵਧਣ ਅਤੇ ਘਟਣ ਦੀਆਂ ਗੱਲਾਂ ਦਰਜ ਹੋਣ, ਨਹੀਂ ਨਹੀਂ। ਉਹ ਕੌਮ ਦੀਆਂ ਭਿੰਨ-ਭਿੰਨ ਕਿਸਮ ਦੀਆਂ ਅਜ਼ਮਾਇਸ਼ਾਂ ਭਾਵੇਂ ਇਤਨੀ ਹੀ ਤਕਲੀਫਾਂ ਦਾ ਕਾਰਨ ਹੋਵੇ, ਉਨ੍ਹਾਂ ਦੇ ਬੱਚਿਆਂ ਦੇ ਲਈ ਇਕ ਕਿਸਮ ਦਾ ਜੋਸ਼ ਪੈਦਾ ਕਰਦੀ ਹੈ। ਜ਼ਬਾਨ ਮਜ਼ਹਬ ਅਤੇ ਆਪਣੇ ਦੇਸ਼ ਵਿਚੋਂ ਚਲੇ ਜਾਣ ਦੇ ਕਾਰਨ ਭੀ ਕੌਮੀ ਮੁਹੱਬਤ ਪੈਦਾ ਰਹਿ ਸਕਦੀ ਹੈ। ਸਵਿਟਰਜ਼ਰਲੈਂਡ ਦੇ ਲੋਕ ਇਟਾਲਿਨ, ਫਰੈਂਚ, ਜਰਮਨ ਤਿੰਨਾਂ ਕਿਸਮਾਂ ਦੀਆਂ ਜ਼ਬਾਨਾਂ ਬੋਲਦੇ ਹਨ। ਮਗਰ ਫਿਰ ਵੀ ਇਨ੍ਹਾਂ ਲੋਕਾਂ ਦੀ ਮੁਹੱਬਤ ਅਤੇ ਆਪਣੀ ਕੌਮ ਦੀ ਬਹਾਦਰੀ ਦਾ ਮਾਣ ਹੱਦ ਤੋਂ ਜ਼ਿਆਦਾ ਹੈ। ਅੰਗਰੇਜ਼ ਯੂਨੀਅਨ ਦੇ ਭਿੰਨ-ਭਿੰਨ ਹਿੱਸਿਆਂ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਕੌਮ ਦੀ ਮੁਹੱਬਤ ਹੱਦ ਤੋਂ ਜ਼ਿਆਦਾ ਰਹਿੰਦੀ ਹੈ। ਅਮਰੀਕਾ ਦੇ ਵਿਚ ਭਿੰਨ-ਭਿੰਨ ਕਿਸਮ ਦੀਆਂ ਕੌਮਾਂ ਵਸਦੀਆਂ ਹਨ, ਮਗਰ ਹਰ ਇਕ ਦੇ ਦਿਲਾਂ ਵਿਚ ਕੌਮ ਦੀ ਮੁਹੱਬਤ ਹੱਦ ਤੋਂ ਜ਼ਿਆਦਾ ਹੈ।
ਜਦ ਕੋਈ ਕੌਮ ਦੁਨੀਆਂ ਦੀ ਤਰੱਕੀ ਵਲ ਦੇਖ ਕੇ ਆਪਣੀ ਹਾਲਤ ਸੁਧਾਰਨ ਲਈ ਕੁਝ ਯਤਨ ਕਰਦੀ ਹੈ ਤਾਂ ਉਸ ਨੂੰ ਤਰੱਕੀ ਭੀ ਮਿਲ ਜਾਂਦੀ ਹੈ ਅਤੇ ਉਸ ਕੌਮ ਨੂੰ ਤਾਰਾਂ ਭੀ ਮਿਲਦੀਆਂ ਹਨ, ਇਨ੍ਹਾਂ ਸਭ ਬਿਆਨ ਅਤੇ ਜਿੱਤਾਂ ਹਾਰਾਂ ਦੀਆਂ ਮਿਸਾਲਾਂ ਕੌਮ ਦੀ ਆਉਣ ਵਾਲੀ ਨਸਲ ਦੇ ਦਿਲਾਂ ਵਿਚ ਜੋਸ਼ ਪੈਦਾ ਕਰਦੀਆਂ ਹਨ। ਇਸ ਜੋਸ਼ ਦੇ ਪੈਦਾ ਕਰਨ ਲਈ ਤਾਰੀਖ ਦੀ ਜ਼ਰੂਰੀ ਲੋੜ ਹੈ। ਇਸ ਤੋਂ ਅੱਗੇ ਚਲ ਕੇ ਦੂਜਾ ਅਸੂਲ ਇਹ ਹੈ ਕਿ ਕਿਸੇ ਮੁਲਕ ਦੀ ਸਹੀ ਅਤੇ ਸੱਚੀ ਤਾਰੀਖ ਨੂੰ ਦੂਜੇ ਮੁਲਕ ਦੇ ਵਿਚ ਰਹਿਣ ਵਾਲਾ ਪੁਰਸ਼ ਕਦੇ ਭੀ ਠੀਕ ਨਹੀਂ ਲਿਖ ਸਕਦਾ। ਇਹ ਅਜਿਹੀ ਗੱਲ ਹੈ ਕਿ ਜਿਵੇਂ ਕੋਈ ਗ਼ੈਰ ਪੁਰਸ਼ ਸਾਡੇ ਪਿਤਾ ਦੇ ਨਾਲ ਬਾਪ ਅਤੇ ਬੇਟੇ ਦੀ ਮੁਹੱਬਤ ਦਾ ਸਬੂਤ ਦੇਵੇ। ਜੋ ਲੋਕ ਕਿਸੀ ਪਾਰਟੀ ਦੇ ਵਿਰੁੱਧ ਹੋਣ, ਕਿਸੇ ਪਾਰਟੀ ਦਾ ਪੂਰਾ ਅਤੇ ਸਹੀ ਹਾਸਿਲ ਹੀ ਲਿਖ ਸਕਦੇ, ਉਹ ਕੇਵਲ ਆਪਣੀ ਤਰਫ ਦੇਖ ਸਕਦੇ ਹਨ। ਦੂਜੀ ਤਰਫ ਦੇਖਣਾ ਉਨ੍ਹਾਂ ਦੇ ਲਈ ਬੜਾ ਮੁਸ਼ਕਿਲ ਹੈ। ਸਾਡੇ ਸਾਹਮਣੇ ਦੋ ਕੌਮਾਂ ਦੀ ਜੰਗ ਹੁੰਦੀ ਹੈ, ਹਰ ਇਕ ਪਾਰਟੀ ਦੂਜੇ ਨੂੰ ਬੁਰਾ ਕਹਿੰਦੀ ਹੈ ਅਤੇ ਸਾਰਾ ਦੋਸ਼ ਦੂਜੇ ਦੇ ਸਿਰ ਲਾਉਂਦੀ ਹੈ। ਤਾਰੀਖ ਦੀ ਗਰਜ਼ ਕੇਵਲ ਸੱਚਾਈ ਦੇ ਪਰਖਣ ਲਈ ਨਹੀਂ ਹੈ ਬਲਕਿ ਆਪਣੀ ਪਾਰਟੀ ਦੇ ਲੋਕਾਂ ਦੇ ਸਾਹਮਣੇ ਆਪਣਾ ਆਪਾ ਪੇਸ਼ ਕਰਨਾ ਹੈ। ਸੱਚਾਈ ਤਕ ਨਾ ਕੋਈ ਪਹੁੰਚਿਆ ਹੈ ਅਤੇ ਸ਼ਾਇਦ ਨਾ ਕੋਈ ਪਹੁੰਚੇਗਾ। ਲੇਕਿਨ ਹਰ ਇਕ ਪਾਰਟੀ ਆਪਣੇ ਫਰਜ਼ ਨੂੰ ਪੂਰਾ ਕਰਨ ਦੇ ਲਈ ਤਾਰੀਖ ਨੂੰ ਆਪਣਾ ਮੁੱਖ ਰੱਖਦੀ ਹੈ ਜਿਸ ਤੋਂ ਵਾਕਿਫ ਹੋਣਾ ਹਰ ਇਕ ਪੁਰਸ਼ ਦਾ ਫਰਜ਼ ਹੈ ਹਿੰਦੁਸਤਾਨ ਦੇ ਵਿਚ ਜੋ ਆਮ ਤੌਰ ‘ਤੇ ਤਾਰੀਖੀ ਕਿਤਾਬਾਂ ਲਿਖੀਆਂ ਗਈਆਂ ਹਨ, ਬਦਕਿਸਮਤੀ ਤੋਂ ਸਾਡੇ ਬਜ਼ੁਰਗਾਂ ਨੂੰ ਆਪਣੇ ਹਾਲ ਲਿਖਣ ਅਤੇ ਬੱਚੇ ਹਾਲਤ ਦਾ ਸ਼ੌਕ ਨਹੀਂ ਸੀ ਅਤੇ ਕੁਝ ਹਾਲ ਲਿਖੇ ਹੋਏ ਮਿਲਦੇ ਹਨ, ਉਹ ਬਿਲਕੁਲ ਝੂਠੇ ਹਨ, ਸੁਸਾਇਟੀ ਦੇ ਅੰਦਰ ਅਜਿਹੀਆਂ ਤਬਦੀਲੀਆਂ ਹੁੰਦੀਆਂ ਹੀ ਹੋਣਗੀਆਂ, ਜਿਸ ਦੇ ਲਿਖਣ ਦਾ ਇਨ੍ਹਾਂ ਨੂੰ ਖਿਆਲ ਆਉਂਦਾ। ਸੁਸਾਇਟੀ ਬਹੁਤ ਮੁਦਤ ਤੋਂ ਰਸਮਾਂ ਦੇ ਅਨੁਸਾਰ ਰਹਿ ਕੇ ਇਕ ਹੀ ਸ਼ਕਲ ਦੇ ਵਿਚ ਚਲੀ ਆਈ। ਸੁਸਾਇਟੀ ਬਹੁਤ ਮੁਦਤ ਤੋਂ ਰਸਮਾਂ ਦੇ ਅਨੁਸਾਰ ਰਹਿ ਕੇ ਇਕ ਹੀ ਸ਼ਕਲ ਦੇ ਵਿਚ ਚਲੀ ਆਈ। ਅੱਜਕੱਲ੍ਹ ਭੀ ਕਿਸੇ ਹਿੰਦੀ ਨੂੰ ਇਨ੍ਹਾਂ ਪੁਰਾਣਿਆਂ ਹਾਲਾਂ ਦੇ ਖੋਜਣ ਦਾ ਸ਼ੌਕ ਪੈਦਾ ਨਹੀਂ ਹੋਇਆ।
ਦੂਜੇ ਦੋ ਜ਼ਮਾਨੇ ਹਨ, ਇਕ ਇਸਲਾਮੀ ਹਕੂਮਤ ਅਤੇ ਦੂਜਾ ਅੰਗਰੇਜ਼ੀ ਲੜਾਈ ਅਤੇ ਬ੍ਰਿਟਿਸ਼ ਰਾਜ ਦਾ। ਇਨ੍ਹਾਂ ਦੋਹਾਂ ਜ਼ਮਾਨਿਆਂ ਦੇ ਬਾਬਤ ਸਾਡੀਆਂ ਸਾਰੀਆਂ ਤਾਰੀਖਾਂ ਮੁਸਲਮਾਨਾਂ ਲਿਖਾਰੀਆਂ ਦੇ ਅਨੁਸਾਰ ਵਕਤ ਦੀਆਂ ਗੱਲ ਲਿਖਦੀਆਂ ਹਨ ਅਤੇ ਜੋ ਅੰਗਰੇਜ਼ਾਂ ਹਾਲ ਦੇ ਅਨੁਸਾਰ ਅੰਗਰੇਜ਼ ਲਿਖਾਰੀ ਕੌਮੀ ਜੋਸ਼ ਦੇ ਨਾਲ ਆਪਣੀ ਕਹਾਣੀ ਲਿਖਦੇ ਹਨ ਕਿ ਸਾਡੀਆਂ ਫੌਜਾਂ ਨੇ ਬੜੀ ਬਹਾਦਰੀ ਦੇ ਨਾਲ ਮੁਲਕ ਨੂੰ ਕਬਜ਼ੇ ਵਿਚ ਲਿਆ ਅਤੇ ਕਿਸ ਤਰ੍ਹਾਂ ਗ਼ਦਰਨਰਾਂ ਨੇ ਆਪਣੀ ਮਿਹਨਤ ਅਤੇ ਨਿਆਕਰ ਦੀ ਬਦੌਲਤ ਲਾਭਦਾਇਕ ਤਰੀਕੇ ਜਾਰੀ ਕੀਤੇ। ਇਹ ਭੀ ਹਿੰਦੁਸਤਾਨੀਆਂ ਦੇ ਸਿਰ ਤੇ ਗੁਜ਼ਰਿਆ ਹੋਇਆ ਹਾਲ ਹੈ, ਐਪਰ ਇਨ੍ਹਾਂ ਦੋਹਾਂ ਜ਼ਮਾਨਿਆਂ ਦੇ ਵਿਚ ਲੋਕਾਂ ਦੇ ਸਿਰ ‘ਤੇ ਕੀ ਬੀਤੀ। ਉਨ੍ਹਾਂ ਦੇ ਖਿਆਲ ਅਤੇ ਕੀ ਲੋੜਾਂ ਸੀ। ਹੌਲੀ ਹੌਲੀ ਉਨ੍ਹਾਂ ਦੇ ਖਿਆਲ ਕਿਸ ਤਰ੍ਹਾਂ ਬਦਲੇ ਅਤੇ ਉਨ੍ਹਾਂ ਦਾ ਕੀ ਨਤੀਜਾ ਨਿਕਲਿਆ ਅਤੇ ਉਨ੍ਹਾਂ ਦੇ ਆਪਣੇ ਬਚਾਓ ਦੇ ਲਈ ਅੰਗਰੇਜ਼ਾਂ ਨੇ ਕੀ ਤਦਬੀਰਾਂ ਸੋਚੀਆਂ ਜਾਂ ਆਪਣੇ ਬਚਾਓ ਦੇ ਲਈ ਕੀ ਢੰਗ ਸੋਚੇ। ਅਜਿਹੇ ਸਬਕ ਸਿੱਖਣ ਵਾਲੀਆਂ ਮਿਸਾਲਾਂ ਦਾ ਨਾਂ ਤਕ ਭੀ ਇਨ੍ਹਾਂ ਤਾਰੀਖਾਂ ਦੇ ਵਿਚ ਨਹੀਂ ਹੈ।
ਇਹ ਕੁਦਰਤੀ ਗੱਲ ਹੈ ਕਿ ਅੰਗਰੇਜ਼ ਲਿਖਾਰੀ ਆਪਣੀ ਤਾਰੀਖ ਦਾ ਅਸਲੀ ਜਾਣੂੰ ਅਜੇ ਤਕ ਕੋਈ ਨਹੀਂ ਮਿਲਿਆ। ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਜਦ ਮੈਂ ਹਿੰਦੁਸਤਾਨ ਦੇ ਵਿਦਵਾਨਾਂ ਦੇ ਮੂੰਹੋਂ ਪੁਰਾਣੇ ਬਜ਼ੁਰਗਾਂ ਦੇ ਵਿਰੁਧ ਇਹ ਇਲਜ਼ਾਮ ਸੁਣਦਾ ਹਾਂ ਕਿ ਇਨ੍ਹਾਂ ਨੂੰ ਤਾਰੀਖ ਦਾ ਕੋਈ ਸ਼ੌਕ ਨਹੀਂ ਸੀ। ਸ਼ਾਇਦ ਇਨ੍ਹਾਂ ਨੂੰ ਇਸ ਸ਼ੌਕ ਦੀ ਲੋੜ ਨਹੀਂ ਸੀ। ਅਫਸੋਸ ਹੈ ਕਿ ਸਾਡੇ ਉਤੇ ਕਿ ਇਸ ਲੋੜ ਦੇ ਪੂਰਾ ਕਰਨ ਦੇ ਲਈ ਸਾਡੇ ਵਿਚੋਂ ਕੋਈ ਪੁਰਸ਼ ਅਜਿਹਾ ਨਾ ਨਿਕਲਿਆ ਜੋ ਇਸ ਮੁਲਕ ਦੀ ਸਹੀ ਤਾਰੀਖ ਲਿਖ ਕੇ ਕੌਮ ਦੀ ਭੇਟਾਂ ਕਰਦਾ।
ਇਸ ਨੁਕਤਾ ਖਿਆਲ ਤੋਂ ਤਾਰੀਖ ਲਿਖਣ ਵਾਲੇ ਦੇ ਲਈ ਜ਼ਰੂਰੀ ਹੋਵੇਗਾ ਕਿ ਅੰਗਰੇਜ਼ੀ ਹਮਲਿਆਂ ਦੀ ਲਹਿਰ ਦੇ ਸਮੇਂ ਤੋਂ ਬਿਨਾਂ ਅੰਗਰੇਜ਼ ਅਫਸਰਾਂ ਦੇ ਰਹਿਮ ਅਤੇ ਜ਼ੁਲਮ ਦੀਆਂ ਕਹਾਣੀਆਂ ਦੱਸੇ। ਇਹ ਭੀ ਦੱਸੇ ਕਿ ਪਹਿਲੇ ਵੇਲੇ ਦੇ ਹਿੰਦੂਆਂ ਦੀ ਕੀ ਹਾਲਤ ਸੀ ਅਤੇ ਇਨ੍ਹਾਂ ਦੀ ਕਮਜ਼ੋਰੀ ਦਾ ਕੀ ਕਾਰਨ ਹੋਇਆ? ਇਨ੍ਹਾਂ ਨੇ ਕਿਸ ਤਰ੍ਹਾਂ ਮੁਕਾਬਲਾ ਕੀਤਾ। ਕਿਥੋਂ ਤਕ ਉਹ ਇਸ ਮੁਕਾਬਲੇ ਦੇ ਵਿਚ ਜਿੱਤੇ ਅਤੇ ਇਨ੍ਹਾਂ ਦੇ ਹਾਰਨ ਦਾ ਕੀ ਕਾਰਨ ਹੋਇਆ? ਅਤੇ ਅੱਗੇ ਚਲ ਕੇ ਜਦ ਅੰਗਰੇਜ਼ ਦਿੱਲੀ ਦੇ ਵਿਚ ਆਏ ਤਾਂ ਹਿੰਦੁਸਤਾਨੀ ਕੀ ਕਰਦੇ ਰਹੇ? ਪਹਿਲੇ ਪਹਿਲ ਅੰਗਰੇਜ਼ਾਂ ਦੇ ਨਾਲ ਹਿੰਦੀਆਂ ਦੀ ਕੀ ਪਾਲਿਸੀ ਸੀ? ਇਨ੍ਹਾਂ ਦੇ ਕੀ ਨੁਕਸ ਅਤੇ ਫਾਇਦੇ ਹੋਏ? ਹਿੰਦੀਆਂ ਦੀ ਤਾਕਤ ਦੇ ਵਿਚ ਕੀ ਨੁਕਸ ਸੀ ਜਿਸ ਦੇ ਕਾਰਨ ਹਿੰਦੀਆਂ ਦੀ ਤਾਕਤ ਅੰਗਰੇਜ਼ਾਂ ਦੇ ਨਾਲ ਨਾ ਭਿੜ ਸਕੀ ਅਤੇ ਅੰਗਰੇਜ਼ੀ ਰਾਜ ਨੇ ਕੀ ਮਲੂਮ ਕੀਤਾ? ਬਲਕਿ ਇਹ ਭੀ ਖਿਆਲ ਹੋਵੇ ਕਿ ਇਨ੍ਹਾਂ ਲੋਕਾਂ ਨੇ ਆਉਣ ਵਾਲੀ ਨਸਲ ਦੇ ਨਾਲ ਕੀ ਸਲੂਕ ਕੀਤਾ? ਹਿੰਦੁਸਤਾਨ ਦੀ ਤਾਰੀਖ ਦਾ ਇਹ ਕੌਮੀ ਪਹਿਲੂ ਹੈ। ਇਸ ਪਹਿਲੂ ਦੇ ਪੇਸ਼ ਕਰਨ ਵਾਲਾ ਹਿੰਦੁਸਤਾਨ ਹੋ ਸਕਦਾ ਹੈ। ਸਹੀ ਤਾਰੀਖ ਤਾਂ ਪਿੱਛੋਂ ਲਿਖੀ ਜਾਵੇਗੀ। ਉਹ ਵਕਤ ਤਾਂ ਅਜੇ ਪਿਛੇ ਆਵੇਗਾ।
ਹੁਣ ਤਾਂ ਅਜੇ ਅਜਿਹਾ ਕੰਮ ਜਾਰੀ ਕਰਨ ਦਾ ਮੌਕਾ ਹੈ ਜੋ ਲੋਕ ਉਰਦੂ ਜਾਂ ਹਿੰਦੀ ਪੜ੍ਹ ਸਕਦੇ ਹਨ ਅਤੇ ਜਿਨ੍ਹਾਂ ਨੂੰ ਜ਼ਬਾਨ ਅਤੇ ਕੌਮ ਦੀ ਤਾਕਤ ਰੱਖਣ ਦਾ ਸ਼ੌਂਕ ਹੈ, ਉਹ ਆਪਣੇ ਲਈ ਕੌਮ ਦੇ ਰਖਿਅਕ ਕਹਾ ਸਕਦੇ ਹਨ।