ਤਾਈ ਚਿੰਤੀ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਸ਼ਬਦਾਂ ਦੀ ਅਜਿਹੀ ਜੁਗਤ ਬੰਨਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ! ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਘਰ ਦੇ ਮੋਹ ਅਤੇ ਇਸ ਤੋਂ ਵਿਛੋੜੇ ਕਾਰਨ ਪੈਦਾ ਹੋਈ ਉਦਾਸੀ ਨੂੰ ਚਿਤਰਦਿਆਂ ਕਿਹਾ ਸੀ,

“ਅੰਬਰੀ ਸੁਪਨਿਆਂ ਦੀ ਪੂਰਨਤਾ ਲਈ ਉਚੀਆਂ ਉਡਾਣਾਂ ਭਰਨ ਵਾਸਤੇ ਘਰਾਂ ਵਿਚੋਂ ਬਾਹਰ ਨੂੰ ਤੁਰੇ ਪੈਰਾਂ ਦਾ ਸਦਾ ਲਈ ਘਰਾਂ ਨੂੰ ਪਰਤਣਾ ਤਾਂ ਮੁਸ਼ਕਿਲ, ਪਰ ਕਦੇ-ਕਦਾਈਂ ਘਰਾਂ ਨੂੰ ਪਰਤੀਏ, ਉਨ੍ਹਾਂ ਦੀ ਉਦਾਸੀ ਨੂੰ ਘਟਾਈਏ। ਵਿਹੜੇ ਨੂੰ ਘੁੱਗ ਵੱਸਣ ਦਾ ਮੌਕਾ ਬਖਸ਼ੀਏ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਪੰਜਾਬ ਦੇ ਪੇਂਡੂ ਸਭਿਆਚਾਰ ਦੀ ਸਾਂਝ ਬਿਆਨੀ ਹੈ, ਜਦੋਂ ਜਿਮੀਂਦਾਰਾਂ ਦੇ ਕੰਮੀਆਂ ਕਾਰੀਆਂ ਵਿਚ ਇਕ ਖਾਸ ਸਾਂਝ ਹੁੰਦੀ ਸੀ ਅਤੇ ਅਮੀਰ-ਗਰੀਬ ਦਾ ਪਾੜਾ ਵੀ ਪਿਛੇ ਰਹਿ ਜਾਂਦਾ ਸੀ। ਅੱਜ ਜਦੋਂ ਅਮੀਰ-ਗਰੀਬ ਦਾ ਪਾੜਾ ਵਧ ਚੁਕਾ ਹੈ ਅਤੇ ਉਹ ਸਾਂਝ ਬੀਤੇ ਦੀਆਂ ਗੱਲਾਂ ਹੋ ਗਈਆਂ ਹਨ, ਤਾਂ ਡਾ. ਭੰਡਾਲ ਉਨ੍ਹਾਂ ਸਮਿਆਂ ਪ੍ਰਤੀ ਹੇਰਵਾ ਪ੍ਰਗਟਾਉਂਦੇ ਹਨ, “ਕੇਹਾ ਇਤਫਾਕ ਹੈ ਕਿ ਆਪਣੇ ਕੰਮੀਆਂ ਨੂੰ ਆਪਣਾ ਸਮਝਣ ਵਾਲੇ ਬਜੁਰਗਾਂ ਦੀ ਔਲਾਦ ਲਾਗੀਆਂ ਤੋਂ ਮੂੰਹ ਫੇਰਨ ਵਿਚ ਵਡਿਆਈ ਸਮਝਣ ਲੱਗ ਪਈ ਹੈ। ਤਾਹੀਉਂ ਤਾਂ ਅੱਜ ਕੱਲ ਵੱਡੇ ਵੱਡੇ ਘਰਾਂ ਵਿਚ ਬੌਣੇ ਲੋਕ ਰਹਿੰਦੇ ਨੇ। ਇਹ ਬੌਣੀਆਂ ਸੋਚਾਂ ਹੀ ਮਨੁੱਖ ਦੀ ਸਭ ਤੋਂ ਵੱਡੀ ਤ੍ਰਾਸਦੀ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਬੀਤੇ ਦੀਆਂ ਪਰਤਾਂ ਫਰੋਲਦਿਆਂ ਮਨ ਦੀ ਜੂਹੇ ਮਾਂ ਜਿਹੀ ਤਾਈ ਚਿੰਤੀ ਅਕਸਰ ਹੀ ਦਸਤਕ ਦੇ ਜਾਂਦੀ ਏ। ਤਾਈ ਚਿੰਤੀ ਘਰ ਦਾ ਗੋਹਾ ਕੂੜਾ ਕਰਦੀ ਸੀ। ਮਾਂ ਦੀ ਹਮ-ਉਮਰ ਅਤੇ ਹਮਰਾਜ਼। ਭੈਣਾਂ ਵਾਂਗ ਬੈਠ ਕੇ ਗੱਲਾਂ ਕਰਦੀਆਂ, ਪਰਿਵਾਰਕ ਜਿੰਮੇਵਾਰੀਆਂ ਅਤੇ ਫਰਜ਼ਾਂ ਨੂੰ ਪੂਰਨ ਤਨਦੇਹੀ ਨਾਲ ਨੇਪਰੇ ਚਾੜ੍ਹਦੀਆਂ, ਇਕ ਮੋਹ ਭਿੱਜੇ ਰਿਸ਼ਤੇ ਦਾ ਸੁੱਚਾ ਨਾਮਕਰਨ। ਜਾਤੀ ਵਖਰੇਵਿਆਂ ਬਾਰੇ ਘਰ ਵਿਚ ਕੋਈ ਵੀ ਗੱਲ ਨਹੀਂ ਸੀ ਹੁੰਦੀ। ਉਹ ਆਪਣੇ ਲਾਣੇਦਾਰ ਦੇ ਘਰ ਨੂੰ ਆਪਣਾ ਘਰ ਅਤੇ ਸਾਨੂੰ ਬੱਚਿਆਂ ਨੂੰ ਆਪਣੇ ਬੱਚੇ ਸਮਝ, ਘੂਰਦੀ ਵੀ ਅਤੇ ਪਲੋਸ ਵੀ ਸਕਦੀ ਸੀ।
ਦਰਅਸਲ ਪਿੰਡ ਵੱਖ-ਵੱਖ ਭਾਈਚਾਰਿਆਂ ਦਾ ਗੁਲਦਸਤਾ, ਵੱਖ ਵੱਖ ਕਿੱਤਿਆਂ ਅਤੇ ਵੱਖ ਵੱਖ ਜਾਤਾਂ ਦਾ, ਪਿੰਡ ਨੂੰ ਸਿਰਜਣ ਵਿਚ ਅਹਿਮ ਯੋਗਦਾਨ। ਪਿੰਡ ਦੇ ਮੋਢੀਆਂ ਦਾ ਪਲੇਠਾ ਕਦਮ ਵੱਖ-ਵੱਖ ਕਿਤਿਆਂ ਦੇ ਮਾਹਰਾਂ ਨੂੰ ਆਪਣੇ ਪਿੰਡ ਵਸਾਉਣਾ ਸੀ ਤਾਂ ਕਿ ਪਿੰਡ ਵਿਚ ਰਹਿੰਦੇ ਹਰ ਸ਼ਖਸ ਦੀਆਂ ਲੋੜਾਂ ਨੂੰ ਪਿੰਡ ਵਿਚ ਪੂਰਿਆਂ ਕੀਤਾ ਜਾ ਸਕੇ। ਇਕ ਦੂਜੇ ‘ਤੇ ਨਿਰਭਰਤਾ ਪਿੰਡ ਦਾ ਖਾਸਾ ਅਤੇ ਪਿੰਡ ਦੀ ਸਰਬਪੱਖੀ ਤਰੱਕੀ ਲਈ ਹਰ ਭਾਈਚਾਰੇ ਦਾ ਅਹਿਮ ਯੋਗਦਾਨ ਅਤੇ ਹਰ ਇਕ ਨੂੰ ਮਿਲਦੀ ਪ੍ਰਭਾਵੀ ਪਛਾਣ।
ਘਰ ਵਿਚ ਡੰਗਰਾਂ ਦਾ ਗੋਹਾ ਕੂੜਾ ਕਰਨ ਲਈ ਮਜਹਬੀ ਪਰਿਵਾਰ ਦੀਆਂ ਔਰਤਾਂ ਜਿਮੀਂਦਾਰਾਂ ਦੇ ਘਰਾਂ ਵਿਚ ਅਕਸਰ ਹੀ ਕੰਮ ਕਰਦੀਆਂ ਸਨ। ਆਪਣੇ ਪਰਿਵਾਰ ਨੂੰ ਪਾਲਦੀਆਂ, ਆਪਣੇ ਪਾਲਕ ਦਾ ਸ਼ੁਕਰਗੁਜਾਰ ਹੁੰਦੀਆਂ, ਹਰੇਕ ਦੀ ਤਰੱਕੀ ਦੀ ਅਰਦਾਸ ਵੀ ਕਰਦੀਆਂ ਸਨ। ‘ਬਾਹੇਗੁਰੂ ਤੁਹਾਨੂੰ ਬਾਹਲਾ ਦੇਵੇ’ ਅਕਸਰ ਹੀ ਉਨ੍ਹਾਂ ਦੀ ਜੁਬਾਨ ‘ਤੇ ਤਾਰੀ ਰਹਿੰਦਾ ਸੀ।
ਘਰ ਵਿਚ ਪਸੂਆਂ ਦੀ ਗਿਣਤੀ ਅਤੇ ਹਵੇਲੀ ਦੀ ਰੂੜੀਆਂ ਤੋਂ ਦੂਰੀ ਦੇ ਹਿਸਾਬ ਨਾਲ ਸੇਪੀ ਕੀਤੀ ਜਾਂਦੀ ਸੀ ਅਤੇ ਛੇ ਮਹੀਨਿਆਂ ਬਾਅਦ ਕਣਕ/ਮੱਕੀ/ਕਪਾਹ ਆਦਿ ਲੈ ਲਏ ਜਾਂਦੇ ਸਨ ਭਾਵੇਂ ਕਿ ਘਰ ਵਿਚ ਲੋੜ ਪੈਣ ‘ਤੇ ਕਿਸੇ ਵੇਲੇ ਵੀ ਲੋੜ ਪੂਰੀ ਕਰਨ ਲਈ ਜਿਮੀਂਦਾਰ ਹਾਜਰ ਰਹਿੰਦਾ ਸੀ।
ਸਿਰ ਦੇ ਸਾਈਂ ਦੇ ਚੜ੍ਹਦੀ ਉਮਰੇ ਤੁਰ ਜਾਣ ਤੋਂ ਬਾਅਦ, ਤਾਈ ਚਿੰਤੀ ਨੇ ਆਪਣੇ ਦੋ ਪੁੱਤਰਾਂ ਅਤੇ ਤਿੰਨ ਧੀਆਂ ਦੀ ਵੱਡੀ ਕਬੀਲਦਾਰੀ ਨੂੰ ਜਿਸ ਮਿਹਨਤ ਅਤੇ ਪੂਰਨ ਸਮਰਪਣ ਨਾਲ ਪਾਲਦਿਆਂ ਆਪਣੀਆਂ ਜਿੰਮੇਵਾਰੀਆਂ ਨਿਭਾਈਆਂ, ਇਹ ਉਸ ਦੀ ਸਿਆਣਪ, ਹਰੇਕ ਦੇ ਕੰਮ ਆਉਣ ਤੇ ਹਰੇਕ ਤੋਂ ਕੰਮ ਲੈਣ ਦੀ ਜੁਗਤ ਅਤੇ ਆਪਣਾ ਬਣਾਉਣ ਦੇ ਹੁਨਰ ਸਦਕਾ ਹੀ ਸੰਭਵ ਸੀ।
ਤਾਈ ਚਿੰਤੀ ਮੇਰੇ ਲਈ ਮਾਂਵਾਂ ਵਰਗੀ ਸੀ ਅਤੇ ਮੇਰੇ ਕਲਾਸ ਵਿਚ ਪਾਸ ਹੋਣ ‘ਤੇ ਮੇਰੀ ਮਾਤਾ ਪ੍ਰੀਤੋ ਕੋਲੋਂ ਦਾਈਏ ਨਾਲ ਵਧਾਈ ਲੈਂਦੀ ਸੀ। ਮੇਰੇ ਵਿਆਹ ਵੇਲੇ ਉਹ ਸਾਰੀਆਂ ਸਮਾਜਿਕ ਰਸਮਾਂ ਵਿਚ ਭਾਈਵਾਲ ਸੀ ਅਤੇ ਉਸ ਨੇ ਵਿਆਹ ਪਿਛੋਂ ਸਾਨੂੰ ਉਚੇਚੇ ਤੌਰ ‘ਤੇ ਆਪਣੇ ਘਰ ਸੱਦਿਆ ਸੀ। ਅੱਜ ਵੀ ਚੇਤਿਆਂ ਵਿਚ ਤਾਜਾ ਹੈ, ਤਾਈ ਚਿੰਤੀ ਦੇ ਘਰ ਜਾਣਾ, ਮੰਜੀ ‘ਤੇ ਵਿਛਾਈ ਘੁੱਗੀਆਂ ਅਤੇ ਮੋਰਾਂ ਵਾਲੀ ਦਰੀ ‘ਤੇ ਬਹਿ ਕੇ ਨਿੱਕੀਆਂ ਨਿੱਕੀਆਂ ਗੱਲਾਂ ਕਰਦਿਆਂ, ਪਿੱਤਲ ਦੇ ਗਲਾਸਾਂ ਵਿਚ ਚਾਹ ਪੀਣਾ ਅਤੇ ਮੇਰੇ ਬਚਪਨੇ ਤੋਂ ਲੈ ਕੇ ਸਾਰੇ ਜੀਵਨ ਸਫਰ ਨੂੰ ਨਵਵਿਆਹੀ ਪਤਨੀ ਸੰਗ ਸਾਂਝੀ ਕਰਦਿਆਂ, ਘਰ ਦੀ ਪਲੇਠੀ ਨੂੰਹ ਨਾਲ ਅਪਣੱਤ ਤੇ ਮੋਹ ਦਾ ਰਿਸ਼ਤਾ ਜੋੜਨਾ। ਦਰਅਸਲ ਸਦੀਵੀ ਸਬੰਧ, ਸੁੱਚੀ ਸੋਚ, ਸਦਭਾਵਨਾ, ਸਮਰਪਣ ਅਤੇ ਸਦ-ਰੂਪਤਾ ਨਾਲ ਹੀ ਬਣਦੇ ਨੇ ਅਤੇ ਇਨ੍ਹਾਂ ਨੂੰ ਨਿਭਾਉਣ ਲਈ ਉਮਰਾਂ ਲੱਗ ਜਾਂਦੀਆਂ ਨੇ।
ਪਿੰਡ ਵਿਚਲੇ ਘਰ ਦੀ ਇਕ ਨੁਕਰੇ ਡੰਗਰਾਂ ਦੇ ਢਾਰੇ ਵਿਚ ਬਰਸਾਤਾਂ ਵਿਚ ਗੋਹੇ ਕੂੜੇ ਦੇ ਚੋਂਦੇ ਟੋਕਰੇ, ਪਸੂਆਂ ਦੇ ਪੈਰਾਂ ਨਾਲ ਪਏ ਖਾਂਚੇ ਅਤੇ ਸਾਉਣ ਦੀ ਝੜੀ ਕਾਰਨ ਭੁੱਖ ਨਾਲ ਵਿਲਕਦੇ ਪਸੂਆਂ ਦਾ ਦ੍ਰਿਸ਼ ਜਦ ਅੱਖਾਂ ਸਾਹਵੇਂ ਤੈਰਦਾ ਤਾਂ ਕਈ ਵਾਰ ਤਾਈ ਚਿੰਤੀ ਬੱਚਿਆਂ ਨਾਲ ਖਿੱਝਦੀ ਵੀ, “ਤੁਹਾਡੇ ਪਿਉ ਨੂੰ ਤਾਂ ਖੇਤੀ ਦੇ ਕੰਮਾਂ ਵਿਚੋਂ ਸਿਰ ਖੁਰਕਣ ਦੀ ਵਿਹਲ ਨਹੀਂ ਅਤੇ ਤੁਸੀਂ ਕੁੱਤਰੇ ਹੋਏ ਪੱਠੇ ਵੀ ਬੇਜੁ.ਬਾਨਾਂ ਨੂੰ ਨਹੀਂ ਪਾ ਸਕਦੇ। ਫੇ ਪੜ੍ਹ ਲਿਓ। ਕਾਹਤੋਂ ਬੇਜ਼ੁਬਾਨਿਆਂ ਦਾ ਸਰਾਪ ਲੈਂਦੇ ਹੋ।”
ਘਰ ਦੇ ਬੱਚਿਆਂ ਅਤੇ ਡੰਗਰਾਂ ਦਾ ਧਿਆਨ ਰੱਖਣ ਵਾਲੀ ਤਾਈ ਚਿੰਤੀ ਦੇ ਮਨ ਦੀ ਪਾਕੀਜ਼ਗੀ ਹੀ ਸੀ ਕਿ ਉਸ ਦੇ ਬੱਚੇ ਭਾਵੇਂ ਪੜ੍ਹ ਨਾ ਸਕੇ ਪਰ ਸਾਨੂੰ ਪੜ੍ਹਦਿਆਂ ਨੂੰ ਦੇਖ ਕੇ ਉਹ ਬਹੁਤ ਖੁਸ਼ ਹੁੰਦੀ। ਉਸ ਨੇ ਕਹਿਣਾ, “ਪ੍ਰੀਤੋ! ਦੇਖੀਂ ਜਦ ਬਖਸ਼ੀ ਪੜ੍ਹ ਕੇ ਅਫਸਰ ਬਣ ਗਿਆ ਤਾਂ ਮੇਰਾ ਤੇਰੇ ਨਾਲੋਂ ਵੱਧ ਰੋਹਬ ਹੋਵੇਗਾ।” ਉਸ ਲਈ ਆਸਵੰਦ ਆਸਾਂ ਵਿਚੋਂ ਖੁਸ਼ੀਆਂ ਭਾਲਣਾ ਅਤੇ ਜੀਵਨ ਨੂੰ ਇਕ ਮਕਸਦ ਦੇਣਾ, ਉਸਾਰੂ ਬਿਰਤੀ ਦਾ ਨਿਰਲੇਪ ਰੂਪ ਸੀ।
ਸਾਡੇ ਭੈਣ-ਭਰਾਵਾਂ ਦੇ ਵਿਆਹਾਂ ਮੌਕੇ ਭੈਣ ਦੇ ਵਿਆਹ ‘ਤੇ ਤਾਈ ਚਿੰਤੀ ਦਾ ਪੂਰਾ ਰੋਹਬ ਹੁੰਦਾ ਸੀ ਅਤੇ ਹਰ ਲਾਗ ਅਤੇ ਸ਼ਗਨ ਆਦਿ ਮਾਣ ਨਾਲ ਲੈਂਦੀ ਲੱਖ ਲੱਖ ਵਧਾਈਆਂ ਦਿੰਦੀ ਸੀ। ਵੈਸੇ ਵੀ ਸਭ ਇਹ ਭਲੀ ਭਾਂਤ ਜਾਣਦੇ ਹਨ ਕਿ ਲਾਗੀ, ਕਾਮੇ ਆਦਿ ਖੁਸ਼ ਰਹਿਣ ਤਾਂ ਪਿੰਡ ਅਤੇ ਭਾਈਚਾਰੇ ਵਿਚ ਬੱਲੇ ਬੱਲੇ ਅਤੇ ਜੇ ਇਹ ਨਾਰਾਜ਼ ਹੋ ਗਏ ਤਾਂ ਪਲ ਵੀ ਨਹੀਂ ਲਾਉਂਦੇ ਭਾਈਚਾਰੇ ਵਿਚ ਜਲੂਸ ਕੱਢਣ ਲੱਗਿਆਂ।
ਤਾਈ ਚਿੰਤੀ ਹੁਣ ਨਹੀਂ ਰਹੀ ਅਤੇ ਮੇਰੀ ਮਾਂ ਵੀ ਸੱਤ ਕੁ ਸਾਲ ਪਹਿਲਾਂ ਸਦਾ ਲਈ ਅੰਬਰ ਦਾ ਤਾਰਾ ਬਣ ਚੁਕੀ ਏ। ਪਰ ਉਨ੍ਹਾਂ ਦੀ ਸਾਂਝ ਦਾ ਦ੍ਰਿਸ਼ ਜਦ ਮਨ ਵਿਚ ਤਰਦਾ ਤਾਂ ਬੀਤੇ ਦੇ ਨਕਸ਼ ਮਨ-ਵਿਹੜੇ ਵਿਚ ਉਨ੍ਹਾਂ ਪਲਾਂ ਨੂੰ ਚਿਤਵ ਜਾਂਦੇ ਹਨ, ਜਦ ਆਪਸੀ ਸਾਂਝ, ਭਾਈਚਾਰਕ ਮੋਹ ਅਤੇ ਅਪਣੱਤ ਦੀ ਫਿਜ਼ਾ ਵਿਚ ਕਦੇ ਵੀ ਜਾਤਾਂ ਜਾਂ ਧਰਮਾਂ ਦੇ ਬਖੇੜੇ ਖੜੇ ਨਹੀਂ ਸਨ ਹੁੰਦੇ। ਹਰ ਇਕ ਲਈ ਅਦਬ ਅਤੇ ਸਤਿਕਾਰ ਜੀਵਨ ਦਾ ਮੂਲ ਮੰਤਰ ਹੁੰਦਾ ਸੀ ਅਤੇ ਉਹ ਇਸ ਮੂਲ ਮੰਤਰ ਵਿਚੋਂ ਹੀ ਜ਼ਿੰਦਗੀ ਦਾ ਸਰੂਪ ਚਿਤਵਦੇ ਸਨ।
ਤਾਈ ਚਿੰਤੀ ਦਾ ਵੱਡਾ ਮੁੰਡਾ ਪੁੱਲਾਂ ‘ਤੇ ਜਾਣ ਕਾਰਨ, ਉਸ ਦਾ ਕੁਝ ਹੱਥ ਸੁਖਾਲਾ ਹੋ ਗਿਆ ਤਾਂ ਉਸ ਨੇ ਆਪਣੀਆਂ ਕੁੜੀਆਂ ਨੂੰ ਵੀ ਪੰਜਵੀਂ ਤੱਕ ਪੜ੍ਹਾਇਆ ਅਤੇ ਉਨ੍ਹਾਂ ਦੇ ਹਰ ਕਾਰਜ ਨੂੰ ਵਧੀਆ ਤਰੀਕੇ ਨਾਲ ਨਿਭਾਇਆ। ਪੰਜਾਬੀ ਭਾਈਚਾਰੇ ਦੀ ਕੇਹੀ ਵਿਲੱਖਣਤਾ ਏ ਕਿ ਆਪਣੇ ਕਾਮੇ ਜਾਂ ਲਾਗੀ ਦੇ ਹਰ ਕਾਰਜ ਵਿਚ ਪਿੰਡ ਦਾ ਹਰ ਸ਼ਖਸ ਬਰਾਬਰ ਦਾ ਭਾਈਵਾਲ ਹੁੰਦਾ ਸੀ ਅਤੇ ਆਪਣਾ ਹਿੱਸਾ ਜਰੂਰ ਪਾਉਂਦਾ ਸੀ। ਉਹ ਪੈਸਿਆਂ/ਸੂਟਾਂ/ਦਾਣਿਆਂ ਨਾਲ ਜਾਂ ਕਿਸੇ ਹੋਰ ਵਸਤ ਦੇ ਰੂਪ ਵਿਚ ਹੁੰਦਾ ਸੀ।
ਤਾਈ ਚਿੰਤੀ ਦਾ ਆਪਣੇ ਭਾਈਚਾਰੇ ਵਿਚ ਵੀ ਰਸੂਖ ਸੀ ਅਤੇ ਇਸ ਰਸੂਖ ਸਦਕਾ ਉਸ ਨੇ ਇਕ ਮਾਣਮੱਤੀ ਜ਼ਿੰਦਗੀ ਜੀਵੀ। ਘਰ ਵਿਚ ਰੱਖੇ ਲਵੇਰੇ ਲਈ ਖੇਤਾਂ ਵਿਚੋਂ ਘਾਹ ਲਿਆਉਣਾ ਜਾਂ ਚਾਰੇ ਦੀ ਪੰਡ ਮਾਲਕਾਂ ਦੇ ਖੇਤੋਂ ਲਿਆਉਣਾ, ਇਕ ਹੱਕ ਹੁੰਦਾ ਸੀ। ਕੋਈ ਕਿਰਸਾਨ ਕਦੇ ਵੀ ਆਪਣੇ ਕੰਮੀਆਂ ਨੂੰ ਖੇਤ ਵਿਚੋਂ ਕੋਈ ਵਸਤ ਲਿਆਉਣ, ਵੱਢਣ ਜਾਂ ਪੁੱਟਣ ਤੋਂ ਵਰਜਦਾ ਨਹੀਂ ਸੀ। ਉਸ ਸਮੇਂ ਦੇ ਕੰਮੀ ਲਾਲਚੀ ਨਹੀਂ ਸਨ। ਉਨ੍ਹਾਂ ਨੂੰ ਆਪਣੇ ਮਾਲਕ ਦੀ ਆਰਥਿਕ ਹਾਲਾਤ ਦਾ ਅਹਿਸਾਸ ਹੁੰਦਾ ਸੀ ਅਤੇ ਉਹ ਆਪਣੀ ਲੋੜ ਅਨੁਸਾਰ ਵੀ ਕੋਈ ਚੀਜ ਜੱਟਾਂ ਦੇ ਖੇਤ ਵਿਚੋਂ ਲਿਆਉਂਦੇ ਸਨ। ਉਹ ਸਮਝਦੇ ਸਨ ਕਿ ਇਨ੍ਹਾਂ ਫਸਲਾਂ ਕਾਰਨ ਹੀ ਜਿਮੀਂਦਾਰ ਅਤੇ ਉਸ ਦੇ ਪਰਿਵਾਰ ਦੀ ਹੋਂਦ ਹੈ ਅਤੇ ਉਨ੍ਹਾਂ ਦੀ ਹੋਂਦ ਨਾਲ ਹੀ ਹਰ ਕੰਮੀ ਦੀ ਹੋਂਦ ਜੁੜੀ ਹੋਈ ਸੀ। ਆਪਸੀ ਨਿਰਭਰਤਾ ਸਦਕਾ ਹੀ ਰਿਸ਼ਤੇ ਵਿਚ ਮੋਹ ਦਾ ਚਿਰਾਗ ਜਗਦਾ ਸੀ, ਜਿਸ ਦੇ ਚਾਨਣ ਵਿਚ ਪਿੰਡ ਦੀ ਹਰ ਨੁੱਕਰ ਅਤੇ ਜੂਹ ਰੁਸ਼ਨਾਉਂਦੀ ਸੀ ਅਤੇ ਨਿੱਘ ਕਾਰਨ ਮਘਦੀ ਧੂਣੀ ਦਾ ਅਹਿਸਾਸ ਹਰੇਕ ਪਿੰਡ ਵਾਸੀ ਨੂੰ ਮਜੀਠੀ ਰੰਗਤ ਬਖਸ਼ਦਾ ਸੀ।
ਤਾਈ ਚਿੰਤੀ ਬਹੁਤ ਬੇਬਾਕ ਸੀ। ਉਹ ਮੇਰੀ ਮਾਂ ਨੂੰ ਮੂੰਹ ‘ਤੇ ਟੋਕ ਸਕਦੀ ਸੀ, ਕੁਝ ਗਲਤ ਕਰਨ/ਕਹਿਣ ਤੋਂ ਰੋਕ ਸਕਦੀ ਅਤੇ ਉਸ ਦੀਆਂ ਕਮੀਆਂ ਨੂੰ ਉਸ ਦੇ ਹੀ ਸਾਹਮਣੇ ਫਰੋਲ ਸਕਦੀ ਸੀ। ਮਾਂ ਦਾ ਸਬਰ, ਤਾਈ ਚਿੰਤੀ ਦੇ ਬੋਲ ਪੁਗਾਉਂਦਾ, ਉਸ ‘ਤੇ ਫੁੱਲ ਚੜ੍ਹਾਉਂਦਾ, ਆਪਣੇ ਅੰਤਰੀਵ ਵਿਚ ਝਾਤੀ ਮਾਰਨ ਲਈ ਪ੍ਰੇਰਦਾ ਅਤੇ ਉਹ ਆਪਣੇ ਵਿਚੋਂ ਚੰਗੇਰੀ ਮਾਂ ਦੇ ਨਿਰਮਾਣ ਵਿਚ ਰੁੱਝ ਜਾਂਦੀ। ਕੇਹਾ ਇਤਫਾਕ ਹੈ ਕਿ ਆਪਣੇ ਕੰਮੀਆਂ ਨੂੰ ਆਪਣਾ ਸਮਝਣ ਵਾਲੇ ਬਜੁਰਗਾਂ ਦੀ ਔਲਾਦ ਲਾਗੀਆਂ ਤੋਂ ਮੂੰਹ ਫੇਰਨ ਵਿਚ ਵਡਿਆਈ ਸਮਝਣ ਲੱਗ ਪਈ ਹੈ। ਤਾਹੀਉਂ ਤਾਂ ਅੱਜ ਕੱਲ ਵੱਡੇ ਵੱਡੇ ਘਰਾਂ ਵਿਚ ਬੌਣੇ ਲੋਕ ਰਹਿੰਦੇ ਨੇ। ਇਹ ਬੌਣੀਆਂ ਸੋਚਾਂ ਹੀ ਮਨੁੱਖ ਦੀ ਸਭ ਤੋਂ ਵੱਡੀ ਤ੍ਰਾਸਦੀ।
ਸੁੱਖ ਸਹੂਲਤਾਂ ਮਾਣ ਰਹੇ ਮੌਜੂਦਾ ਮਨੁੱਖ ਲਈ ਕੰਮੀਆਂ, ਲਾਗੀਆਂ ਅਤੇ ਖੇਤੀ ਨਾਲ ਸਬੰਧਤ ਫੁੱਟਕਲ ਕੰਮ ਕਰਨ ਵਾਲਿਆਂ ਵਾਸਤੇ ਮਨ ਵਿਚ ਕੋਈ ਥਾਂ ਨਹੀਂ ਅਤੇ ਉਹ ਅਜਿਹੇ ਸਬੰਧਾਂ ਨੂੰ ਫਾਲਤੂ ਬੋਝ ਸਮਝ ਛੁਟਿਆ ਰਹੇ ਹਨ। ਪਿੰਡ ਕੋਠੀਆਂ ਜਾਂ ਮਹੱਲਾਂ ਵਰਗੇ ਘਰਾਂ ਦਾ ਨਾਮ ਨਹੀਂ ਜਿਨ੍ਹਾਂ ਦੇ ਬੰਨੇਰਿਆਂ ‘ਤੇ ਕਬੂਤਰਾਂ ਦੀਆਂ ਬਿੱਠਾਂ ਹੋਣ। ਸਗੋਂ ਪਿੰਡ ਜਿਉਂਦੀ ਜਾਗਦੀ ਧੜਕਣ ਦਾ ਨਾਮ ਹੈ ਜਿਸ ਵਿਚ ਹਰ ਜਾਤ ਅਤੇ ਕਿੱਤੇ ਨਾਲ ਸਬੰਧਤ ਮਨੁੱਖ ਆਪਣੀ ਕਿਰਤ ਕਮਾਈ ਵਿਚੋਂ ਹਰ ਸਾਹ ਨੂੰ ਪਵਿੱਤਰ ਕਰਦਾ, ਪਿੰਡ ਦੀ ਸਮੁੱਚੀ ਫਿਜ਼ਾ ਨੂੰ ਪਾਕ ਕਰਦਾ ਏ।
ਤਾਈ ਚਿੰਤੀ ਲਈ ਮਨ ਵਿਚ ਪੈਦਾ ਹੋਇਆ ਸਤਿਕਾਰ ਅਤੇ ਅਦਬ, ਜਿਉਣ ਦਾ ਸਾਹ ਬਣ ਕੇ ਮੇਰੇ ਸਾਹਾਂ ਨੂੰ ਧੜਕਣ ਦਿੰਦਾ ਏ। ਬਹੁਤ ਚੰਗਾ ਲੱਗਦਾ ਏ, ਮਹਿਕਦੇ ਸਾਹ ਵਰਗੇ ਉਨ੍ਹਾਂ ਫਰਿਸ਼ਤਿਆਂ ਜਿਹੇ ਲੋਕਾਂ ਨੂੰ ਯਾਦ ਕਰਨਾ ਅਤੇ ਉਨ੍ਹਾਂ ਦੀ ਯਾਦ ਬੰਦਗੀ ਵਿਚ ਲੀਨ ਹੋਣਾ। ਬੀਤੇ ਨੂੰ ਯਾਦ ਰੱਖਣਾ ਅਤੇ ਉਨ੍ਹਾਂ ਰਾਹੀਂ ਆਪਣੀ ਜ਼ਿੰਦਗੀ ਦੇ ਮਸਤਕ ਨੂੰ ਰੁਸ਼ਨਾਉਣ ਦਾ ਧੰਨਭਾਗ ਵਿਰਲਿਆਂ ਦਾ ਹੁੰਦਾ ਅਤੇ ਉਨ੍ਹਾਂ ਵਿਰਲਿਆਂ ਵਿਚੋਂ ਤੁਸੀਂ ਕਿਥੇ ਕੁ ਹੋ, ਹਰ ਪੰਜਾਬੀ ਨੂੰ ਆਪਣੇ ਕੋਲੋਂ ਜਰੂਰ ਪੁੱਛਣਾ ਚਾਹੀਦਾ ਏ।
ਪਿੰਡ ਸਦਾ ਸਲਾਮਤ ਰਹੇਗਾ ਕਿਉਂਕਿ ਤਾਈ ਚਿੰਤੀ ਵਰਗੀਆਂ ਰੂਹਾਂ ਦੀ ਦਰਵੇਸ਼ੀ, ਆਪਣੇ ਸੁਪਨਿਆਂ ਦੀ ਪੂਰਨਤਾ ਨੂੰ ਪਿੰਡ ਦੇ ਜੁਆਕਾਂ ਵਿਚੋਂ ਕਿਆਸਦੀ, ਪਿੰਡ ਦੀ ਸਰਬ ਸੁਖਨਤਾ ਅਤੇ ਸਰਬੱਤ ਦੇ ਭਲੇ ਦਾ ਮਾਨਵੀ ਸਤੰਬ ਸੀ।
ਤਾਈ ਚਿੰਤੀ ਦੀ ਯਾਦ ਨੂੰ ਪਿੰਡ ਦੀ ਜੂਹ ਵਿਚੋਂ ਫੜ੍ਹਨਾ ਅਤੇ ਉਸ ਨਾਲ ਮੂਕ-ਸੰਵਾਦ ਮੈਨੂੰ ਬੀਤੇ ਪਲਾਂ ਦਾ ਦਰਸ਼ਨ-ਦੀਦਾਰ ਕਰਵਾ ਦਿੰਦਾ ਏ। ਇਹ ਪਿੱਤਰੀ ਮੋਹ ਦਾ ਸੁੱਚਾ ਸਬੱਬ ਵੀ ਹੈ।
ਹੁਣ ਵੀ ਪਿੰਡ ਜਾਵਾਂ ਤਾਂ ਤਾਈ ਚਿੰਤੀ ਦੇ ਪਰਿਵਾਰ ਬਾਰੇ ਜਰੂਰ ਪੁੱਛਦਾ ਹਾਂ ਅਤੇ ਉਸ ਦੇ ਵਡੇਰੇ ਪਰਿਵਾਰ ਵਿਚੋਂ ਤਾਈ ਚਿੰਤੀ ਦੇ ਨਕਸ਼ ਨਿਹਾਰਦਾ ਹਾਂ ਕਿਉਂਕਿ ਮੇਰੀ ਮਨੁੱਖੀ ਸ਼ਖਸੀਅਤ ਉਸਾਰੀ ਵਿਚ ਪਿੰਡ ਦੇ ਹਰ ਸ਼ਖਸ ਦਾ ਯੋਗਦਾਨ ਏ, ਜੋ ਮੇਰੀਆਂ ਬਚਪਨੀ ਰਾਹਾਂ ਅਤੇ ਪੈੜਾਂ ਵਿਚ ਮੇਰੇ ਕਰਮਾਂ ਨੂੰ ਡੋਲਣ ਤੋਂ ਸੰਭਾਲਦਾ ਰਿਹਾ ਤੇ ਮੇਰੀਆਂ ਸੋਚਾਂ ਦੇ ਨਾਂਵੇਂ ਸੂਰਜੀ ਕਾਤਰ ਧਰਦਾ ਏ।
ਤਾਈ ਚਿੰਤੀ ਦੀ ਯਾਦ ਨੂੰ ਸਿਜਦਾ ਕੀਤੇ ਬਗੈਰ ਪਿੰਡ ਦੀ ਜ਼ਿਆਰਤ ਸੰਪੂਰਨ ਤਾਂ ਹੋ ਹੀ ਨਹੀਂ ਸਕਦੀ। ਤੁਸੀਂ ਵੀ ਅਜਿਹੀ ਜ਼ਿਆਰਤ ਦਾ ਮਾਣ ਜਰੂਰ ਬਣਨਾ।