ਇਸ਼ਕ ਠੋਕਰ ‘ਤੇ ਮੁਸਕਰਾਉਂਦਾ ਹੈ

ਗੁਰਚਰਨ ਰਾਮਪੁਰੀ ਦੀਆਂ ਯਾਦਾਂ
ਸ਼ਾਇਰ ਗੁਰਚਰਨ ਰਾਮਪੁਰੀ ਦਾ ਨਾਂ ਪ੍ਰਗਤੀਵਾਦੀ ਲਹਿਰ ਦੇ ਮੂਹਰਲੀ ਕਤਾਰ ਦੇ ਸ਼ਾਇਰਾਂ ਵਿਚ ਵੱਜਦਾ ਰਿਹਾ ਹੈ। ਵੀਹਵੀਂ ਸਦੀ ਦੇ 50ਵਿਆਂ ਵਿਚ ਸੁਰਜੀਤ ਰਾਮਪੁਰੀ ਅਤੇ ਕੁਝ ਹੋਰ ਦੋਸਤਾਂ ਨਾਲ ਰਲ ਕੇ ਉਹਨੇ ਕਿਸੇ ਪਿੰਡ ਵਿਚ ਬਣਨ ਵਾਲੀ ਸਭ ਤੋਂ ਪਹਿਲੀ ‘ਪੰਜਾਬੀ ਲਿਖਾਰੀ ਸਭਾ ਰਾਮਪੁਰ’ ਬਣਾਈ ਸੀ। ਕੈਨੇਡਾ ਪਹੁੰਚ ਕੇ ਵੀ ਉਸ ਨੇ ਆਪਣਾ ਸਿਰਜਣਾਤਮਕ ਕਾਰਜ ਜਾਰੀ ਰੱਖਿਆ ਅਤੇ ਪੰਜਾਬੀ ਸਾਹਿਤ-ਸਭਿਆਚਾਰ ਦੇ ਹੁਲਾਰੇ ਲਈ ਕੀਤੀਆਂ ਸਰਗਰਮੀਆਂ ਨਾਲ ਵੀ ਉਹ ਜੁੜਿਆ ਰਿਹਾ।

ਲੰਘੀ 8 ਅਕਤੂਬਰ ਨੂੰ ਉਹ ਸਦੀਵੀ ਵਿਛੋੜਾ ਦੇ ਗਿਆ। ਉਸ ਦੇ ਚਲਾਣੇ ‘ਤੇ ਉਸ ਦੀਆਂ ਯਾਦਾਂ ਦੀ ਇਕ ਵੰਨਗੀ ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਪੇਸ਼ ਹੈ। -ਸੰਪਾਦਕ

ਗੁਰਚਰਨ ਰਾਮਪੁਰੀ
ਮੈਂ ਵੀਹ ਕੁ ਗਜ਼ਲਾਂ ਲਿਖੀਆਂ ਹਨ, ਏਨੇ ਕੁ ਹੀ ਗੀਤ। ਇਹ ਰਚਨਾਵਾਂ ਮੇਰੇ ਦੂਜੇ ਕਾਵਿ ਸੰਗ੍ਰਿਹ ‘ਕੌਲ ਕਰਾਰ’ ਵਿਚ ਸ਼ਾਮਲ ਹਨ। ਇਹ ਰਚਨਾਵਾਂ ਮੈਂ ਕਵੀ ਦਰਬਾਰਾਂ ਵਿਚ ਗਾ ਕੇ ਪੇਸ਼ ਕਰਦਾ ਸਾਂ। ਕਈ ਵਾਰ ਪੇਸ਼ਾਵਰ ਗਾਇਕ ਅਜਿਹੇ ਇਕੱਠਾਂ ਵਿਚ ਹਿੱਸਾ ਲੈਂਦੇ ਤਾਂ ਮਨ ਵਿਚ ਹਸਰਤ ਜਾਗਦੀ ਕਿ ਇਹ ਮੇਰੀ ਕੋਈ ਰਚਨਾ ਗਾਉਣ।
ਮੈਂ ਸੰਗੀਤ ਦੀ ਬਾਕਾਇਦਾ ਵਿਦਿਆ ਨਹੀਂ ਲਈ, ਪਰ ਆਪਣੀ ਰਚਨਾ ਗਾਉਣ ਸਮੇਂ ਮੈਂ ਕਦੇ ਹੀ ਬੇਸੁਰਾ ਹੁੰਦਾ। ਜਦੋਂ ਮੇਰੇ ਸੁਰ ਥਿੜਕਦੇ ਤਾਂ ਮੈਨੂੰ ਪਤਾ ਲੱਗ ਜਾਂਦਾ। ਮੈਂ ਸੰਭਲਣ ਦੀ ਕੋਸ਼ਿਸ਼ ਕਰਦਾ। ਸਰੋਤੇ ਸਦਾ ਹੀ ਮੇਰੇ ਉਤੇ ਮਿਹਰਬਾਨ ਰਹੇ। ਮੈਂ ਆਪਣੇ ਗੀਤ ਅਤੇ ਗਜ਼ਲਾਂ ਆਲ ਇੰਡੀਆ ਰੇਡੀਓ ਦਿੱਲੀ ਅਤੇ ਜਲੰਧਰ ਨੂੰ ਭੇਜ ਦਿੰਦਾ। ਰੇਡੀਓ ਦੇ ਸਟਾਫ ਵਿਚ ਮੇਰੇ ਅਨੇਕਾਂ ਮਿੱਤਰ ਸਨ। ਸੋ, ਕਦੇ ਕਦੇ ਮੇਰੀ ਕੋਈ ਰਚਨਾ ਰੇਡੀਓ ਪ੍ਰੋਗਰਾਮਾਂ ਵਿਚ ਗਾਈ ਜਾਂਦੀ।
ਜੂਨ 1979 ਵਿਚ ਜਗਜੀਤ ਸਿੰਘ ਅਤੇ ਚਿੱਤਰਾ ਸਿੰਘ ਦਾ ਪਹਿਲਾ ਪ੍ਰੋਗਰਾਮ ਕੁਈਨ ਅਲੈਜ਼ਬੈਥ ਥੀਏਟਰ, ਵੈਨਕੂਵਰ ਵਿਚ ਹੋਇਆ। ਉਦੋਂ ਇਕ ਅਜ਼ੀਜ਼ ਮਿੱਤਰ ਨਾਲ ਮੇਰੀ ਪਹਿਲੀ ਮਿਲਣੀ ਬੜੇ ਨਾਟਕੀ ਢੰਗ ਨਾਲ ਹੋਈ।
ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਤਾਂ ਹਾਲ ਦੀਆਂ ਸਾਰੀਆਂ ਬੱਤੀਆਂ ਇਕ ਦਮ ਬੁਝ ਗਈਆਂ। ਉਰਦੂ ਸ਼ਾਇਰ ਕੈਫੀ ਆਜ਼ਮੀ ਦੀ ਆਵਾਜ਼ ਘੁੱਪ-ਹਨੇਰੇ ਵਿਚ ਗੂੰਜੀ। ਉਸ ਨੇ ਗਜ਼ਲ ਲਿਖੇ ਜਾਣ ਦਾ ਇਤਿਹਾਸ ਬਹੁਤ ਸੰਖੇਪ ਢੰਗ ਨਾਲ ਬਿਆਨ ਕੀਤਾ। ਉਰਦੂ ਗਜ਼ਲ ਗਾਉਣ ਵਾਲੇ ਉਘੇ ਗਾਇਕਾਂ ਦਾ ਜ਼ਿਕਰ ਕੀਤਾ, ਫਿਰ ਜਗਜੀਤ ਸਿੰਘ ਅਤੇ ਚਿੱਤਰਾ ਸਿੰਘ ਦੀ ਜਾਣ-ਪਛਾਣ ਕਰਾਈ ਤਾਂ ਦੋਹਾਂ ਗਾਇਕਾਂ ਦੀਆਂ ਮਧੁਰ ਆਵਾਜ਼ਾਂ ਹਨੇਰੇ ਵਿਚੋਂ ਉਭਰੀਆਂ। ਬੱਤੀਆਂ ਜਗ ਪਈਆਂ। ਸਟੇਜ ਉਤੇ ਤਿੱਖੀ ਰੋਸ਼ਨੀ ਹੋਈ ਤਾਂ ਹਾਲ ਤਾੜੀਆਂ ਨਾਲ ਗੂੰਜ ਉਠਿਆ। ਲਗਭਗ ਡੇਢ ਘੰਟਾ ਸ਼ੇਅਰੋ ਸ਼ਾਇਰੀ ਅਤੇ ਮਧੁਰ ਸੰਗੀਤ ਦਾ ਦਰਿਆ ਵਗਦਾ ਰਿਹਾ। ਸਰੋਤੇ ਮੰਤਰ ਮੁਗਧ ਹੋਏ ਸੁਣਦੇ ਰਹੇ। ਹਰ ਗਜ਼ਲ ਦੇ ਮੁੱਕਣ ਉਤੇ ਹਾਲ ਤਾੜੀਆਂ ਨਾਲ ਗੂੰਜ ਉਠਦਾ।
ਹਾਫ-ਟਾਈਮ ਹੋਇਆ। ਮੈਂ ਕਲਾਕਾਰਾਂ ਨੂੰ ਮਿਲਣ ਸਟੇਜ ਉਤੇ ਪਰਦੇ ਪਿੱਛੇ ਪਹੁੰਚਿਆ। ਅਨੇਕਾਂ ਸਰੋਤੇ, ਗੋਲ ਦਾਇਰੇ ਵਿਚ ਕਲਾਕਾਰਾਂ ਨਾਲ ਖੜ੍ਹੇ ਸਨ। ਉਘਾ ਪਾਕਿਸਤਾਨੀ ਗਾਇਕ ਸਲੀਮ ਰਜ਼ਾ ਗੱਲ ਕਰ ਰਿਹਾ ਸੀ। ਮੈਂ ਸਲੀਮ ਦੇ ਨਾਲ ਜਾ ਖੜ੍ਹਾ ਹੋਇਆ। ਸਲੀਮ ਨੇ ਗੱਲ ਮੁਕਾਈ ਤਾਂ ਮੁੜ ਕੇ ਮੇਰੇ ਵੱਲ ਦੇਖਿਆ ਅਤੇ ਬੋਲਿਆ, “ਜਗਜੀਤ ਜੀ, ਇਹ ਮੇਰੇ ਮਿੱਤਰ ਕਵੀ ਗੁਰਚਰਨ ਰਾਮਪੁਰੀ ਹਨ।” ਜਦ ਮੇਰੀਆਂ ਅਤੇ ਜਗਜੀਤ ਸਿੰਘ ਦੀਆਂ ਨਜ਼ਰਾਂ ਮਿਲੀਆਂ ਤਾਂ ਮੈਂ ਕਿਹਾ, “ਅੱਜ ਤੁਹਾਨੂੰ ਸੁਣ ਕੇ ਅਨੰਦ ਆ ਗਿਆ ਹੈ। ਤੁਸੀਂ ਹੁਣ ਤਕ ਆਪਣੀਆਂ ਰਿਕਾਰਡ ਹੋ ਚੁਕੀਆਂ ਗਜ਼ਲਾਂ ਪੇਸ਼ ਕੀਤੀਆਂ ਹਨ। ਮੇਰੀ ਅਰਜ਼ ਹੈ ਕਿ ਅਗਲੇ ਅੱਧ ਵਿਚ ਕੁਝ ਨਵੀਆਂ ਗਜ਼ਲਾਂ ਹੋ ਜਾਣ।”
“ਠੀਕ ਹੈ। ਕੋਸ਼ਿਸ਼ ਕਰਾਂਗੇ।”
“ਬਹੁਤ ਮਿਹਰਬਾਨੀ।”
ਮੇਰੀ ਗੱਲ ਮੁੱਕਦੇ ਸਾਰ ਇਕ ਸੁਨੱਖਾ ਨੌਜਵਾਨ ਮੇਰੇ ਨੇੜੇ ਆਇਆ ਅਤੇ ਬੋਲਿਆ, “ਰਾਮਪੁਰੀ ਸਾਹਿਬ! ਮੈਂ ਇਕਬਾਲ ਮਾਹਲ ਹਾਂ। ਮੈਂ ਕਈ ਸਾਲਾਂ ਤੋਂ ਤੁਹਾਨੂੰ ਲੱਭ ਰਿਹਾ ਹਾਂ। ਮੇਰੀ ਤੁਹਾਡੇ ਨਾਲ ਇਕ ਸਾਂਝ ਹੈ। ਆਪਾਂ ਦੋਵੇਂ ਜਸਪਾਲੋਂ ਸਕੂਲ ਦੇ ਪੜ੍ਹੇ ਹੋਏ ਹਾਂ।”
ਅਸੀਂ ਜੱਫੀ ਪਾ ਕੇ ਮਿਲੇ। ਕੁਝ ਚਿਰ ਗੱਲਾਂ ਕਰ ਕੇ ਫੋਨ ਨੰਬਰ ਅਤੇ ਸਿਰਨਾਂਵੇਂ ਵਟਾ ਕੇ ਅਸੀਂ ਵਿਛੜ ਗਏ। ਮੈਂ ਆਪਣੇ ਪਰਿਵਾਰ ਕੋਲ ਹਾਲ ਵਿਚ ਆ ਬੈਠਾ। ਪ੍ਰੋਗਰਾਮ ਮੁੜ ਸ਼ੁਰੂ ਹੋਇਆ ਤਾਂ ਗਾਇਕਾਂ ਨੇ ਕਈ ਨਵੀਆਂ ਗਜ਼ਲਾਂ ਪੇਸ਼ ਕੀਤੀਆਂ। ਮੇਰੀਆਂ ਸੋਚਾਂ ਉਤੇ ਚੰਗੀ ਸ਼ਾਇਰੀ, ਸੰਗੀਤ ਅਤੇ ਮਧੁਰ ਆਵਾਜ਼ ਦਾ ਟੂਣਾ ਹੋ ਗਿਆ ਸੀ। ਮੈਂ ਬਹੁਤ ਪ੍ਰਸੰਨ ਚਿੱਤ ਘਰ ਪਹੁੰਚਿਆ।
ਅਗਲੀ ਰਾਤ ਜਗਜੀਤ ਸਿੰਘ ਦਾ ਪ੍ਰੋਗਰਾਮ ਗੁਆਂਢੀ ਸ਼ਹਿਰ ਨਾਰਥ ਵੈਨਕੂਵਰ ਦੇ ਇਕ ਥੀਏਟਰ ਵਿਚ ਸੀ। ਮੇਰਾ ਘਰ ਇਸੇ ਸ਼ਹਿਰ ਵਿਚ ਸੀ। ਮੈਂ ਦਿਨ ਚੜ੍ਹੇ ਇਕਬਾਲ ਮਾਹਲ ਨੂੰ ਫੋਨ ਕੀਤਾ ਤੇ ਕਿਹਾ, “ਮੇਰਾ ਚਿੱਤ ਕਰਦਾ ਹੈ ਕਿ ਅੱਜ ਜਗਜੀਤ ਸਿੰਘ ਦੀ ਸੰਗੀਤ-ਮੰਡਲੀ ਨੂੰ ਵੈਨਕੂਵਰ ਦੀਆਂ ਉਘੀਆਂ ਥਾਂਵਾਂ ਦੀ ਸੈਰ ਕਰਵਾਈ ਜਾਵੇ। ਤੁਹਾਡਾ ਕੀ ਵਿਚਾਰ ਹੈ?”
“ਬਹੁਤ ਵਧੀਆ ਗੱਲ ਹੈ। ਮੈਂ ਪੁੱਛ ਲੈਂਦਾ ਹਾਂ।” ਥੋੜ੍ਹੇ ਚਿਰ ਪਿੱਛੋਂ ਇਕਬਾਲ ਵੱਲੋਂ ਸਹਿਮਤੀ ਦਾ ਫੋਨ ਆ ਗਿਆ। ਮੈਂ ਇਕ ਹੋਰ ਮਿੱਤਰ ਨੂੰ ਤਿਆਰ ਕੀਤਾ ਅਤੇ ਅਸੀਂ ਦੋਨੋਂ ਜਗਜੀਤ ਸਿੰਘ ਹੋਰਾਂ ਦੇ ਹੋਟਲ ਵਿਚ ਪਹੁੰਚ ਗਏ। ਉਹ ਤਿਆਰ ਬੈਠੇ ਸਨ।
ਮੇਰੀ ਜੀਵਨ ਸਾਥਣ ਸੁਰਜੀਤ ਕੌਰ ਸਾਡੇ ਸਾਰਿਆਂ ਲਈ ਖਾਣਾ ਬਣਾਉਣ ਖਾਤਰ ਘਰ ਠਹਿਰ ਗਈ ਸੀ।
ਅਸੀਂ ਮਹਿਮਾਨਾਂ ਨੂੰ ਵੈਨਕੂਵਰ ਦੀ ਆਰਟ ਗੈਲਰੀ, ਵੱਡੀ ਲਾਇਬਰੇਰੀ, ਕੁਈਨ ਅਲੈਜ਼ਬੈਥ ਪਾਰਕ, ਸਟੈਨਲੇ ਪਾਰਕ, ਅਜਾਇਬ ਘਰ, ਗੁਰਦੁਆਰਾ, ਲਿਨ-ਵੈਲੀ ਹੈਂਗਿੰਗ ਬ੍ਰਿਜ ਅਤੇ ਸੀਮੋਰ ਮਾਊਨਟੇਨ ਦੀ ਰਤਾ ਰਤਾ ਝਲਕ ਵਿਖਾਈ। ਹਰ ਥਾਂ ਮੈਂ ਮਹਿਮਾਨਾਂ ਦੀਆਂ ਫੋਟੋਆਂ ਲਈਆਂ।
ਜਗਜੀਤ ਸਿੰਘ ਦਾ ਨੌਂ ਦਸ ਸਾਲ ਦਾ ਬੇਟਾ ਵੀ ਸਾਡੇ ਵਿਚ ਸ਼ਾਮਲ ਸੀ। ਦਿਨ ਦਾ ਥਕੇਵਾਂ ਲਾਹੁਣ ਲਈ ਸੋਮ ਰਸ ਦਾ ਦੌਰ ਚੱਲਿਆ। ਮੇਰੇ ਘਰ ਮੇਰੇ ਪਰਿਵਾਰ ਨਾਲ ਮਹਿਮਾਨਾਂ ਦੀਆਂ ਹੋਰ ਫੋਟੋਆਂ ਲਈਆਂ ਗਈਆਂ। ਰਲ ਕੇ ਰੋਟੀ ਖਾਧੀ ਅਤੇ ਵੇਲੇ ਸਿਰ ਥੀਏਟਰ ਪਹੁੰਚ ਗਏ। ਸੁਰ ਸੰਗੀਤ ਭਰੀ ਸ਼ਾਮ ਦਾ ਅਨੰਦ ਮਾਣ ਕੇ ਅਸੀਂ ਡੂੰਘੀ ਰਾਤ ਹੋਏ ਘਰ ਪਹੁੰਚ ਕੇ ਸੌਂ ਗਏ।
ਉਸ ਮਿਲਣੀ ਪਿੱਛੋਂ ਇਕਬਾਲ ਮਾਹਲ ਨਾਲ ਅਜਿਹੀ ਦੋਸਤੀ ਪਈ ਕਿ ਤਿੰਨ ਦਹਾਕਿਆਂ ਤੋਂ ਲੰਮੇਰੇ ਸਮੇਂ ਤੋਂ ਸਾਡੀ ਬਹੁਤ ਸੋਹਣੀ ਨਿਭ ਰਹੀ ਹੈ। ਟੋਰਾਂਟੋ ਜਾਣ ਤੋਂ ਪਹਿਲਾਂ ਇਕਬਾਲ ਫਿਰ ਮਿਲਿਆ ਅਤੇ ਮੇਰੀਆਂ ਗਜ਼ਲਾਂ-ਗੀਤਾਂ ਦੀ ਕਾਪੀ ਮੈਥੋਂ ਲੈ ਗਿਆ।
ਇਕਬਾਲ ਮਾਹਲ ਜਦ ਕਦੇ ਵੀ ਵੈਨਕੂਵਰ ਆਉਂਦਾ ਤਾਂ ਮੇਰੇ ਬੈਡ ਰੂਮ ਵਿਚ ਸੌਂਦਾ। ਤੀਜੀ ਮੰਜ਼ਿਲ ਦੇ ਇਸ ਚੁਬਾਰੇ ਵਿਚੋਂ ਫਰੇਜ਼ਰ ਦਰਿਆ ਦਿਸਦਾ ਹੈ। ਰਾਤ ਨੂੰ ਪਾਰਲੇ ਸ਼ਹਿਰ ਸਰੀ ਦੀਆਂ ਹਜ਼ਾਰਾਂ ਬੱਤੀਆਂ ਦਾ ਚਾਨਣ ਦਰਿਆ ਦੀ ਹਿੱਕ ਉਤੇ ਪੈ ਕੇ ਦੁੱਗਣਾ ਹੋ ਜਾਂਦਾ ਹੈ। ਇਹ ਵਗਦਾ ਚਾਨਣ ਇਕਬਾਲ ਨੂੰ ਬਹੁਤ ਪਸੰਦ ਹੈ। ਇਸ ਲਈ ਉਸ ਦੀ ਫੇਰੀ ਸਮੇਂ ਮੈਂ ਨਾਲ ਦੇ ਕਮਰੇ ਵਿਚ ਸੌਂਦਾ ਹਾਂ। ਚਾਨਣ ਦਾ ਵਗਦਾ ਦਰਿਆ ਵੇਖ ਕੇ ਮੈਨੂੰ ਹਰ ਰਾਤ ਨਹਿਰ ਸਰਹਿੰਦ ਵਿਚ ਵਹਿੰਦਾ ਸੋਨਾ ਚੇਤੇ ਆਉਂਦਾ। ਰਾਮਪੁਰ ਰਹਿੰਦਿਆਂ ਇਹ ਸੁੰਦਰਤਾ ਮੈਨੂੰ ਪੂਰਨਮਾਸ਼ੀ ਅਤੇ ਉਸ ਦੇ ਨੇੜੇ ਦੀਆਂ ਕੁਝ ਰਾਤਾਂ ਨੂੰ ਹੀ ਨਸੀਬ ਹੁੰਦੀ ਸੀ। ਕੋਕੁਇਟਲਮ ਵਿਚ ਰਹਿੰਦਿਆਂ ਮੇਰੀ ਹਰ ਰਾਤ ਪੂਰਨਮਾਸ਼ੀ ਹੁੰਦੀ।
ਮੈਂ ‘ਦਿ ਰਾਈਟਰਜ਼ ਯੂਨੀਅਨ ਆਫ ਕੈਨੇਡਾ’ ਦਾ ਲੰਮੇ ਸਮੇਂ ਤੋਂ ਮੈਂਬਰ ਹਾਂ। ਇਸ ਦੀ ਸਾਲਾਨਾ ਜਨਰਲ ਮੀਟਿੰਗ ਇਕ ਸਾਲ ਟੋਰਾਂਟੋ ਵਿਚ ਹੁੰਦੀ ਹੈ। ਅਗਲੇ ਸਾਲ ਕੈਨੇਡਾ ਦੇ ਕਿਸੇ ਹੋਰ ਸ਼ਹਿਰ ਵਿਚ। ਇਸ ਜੋੜ ਮੇਲੇ ਖਾਤਰ ਮੈਂ ਜਦੋਂ ਵੀ ਟੋਰਾਂਟੋ ਜਾਂਦਾ ਤਾਂ ਮੇਰਾ ਠਿਕਾਣਾ ਹਮੇਸ਼ਾ ਇਕਬਾਲ ਦੇ ਘਰ ਹੁੰਦਾ। ਮੇਰੇ ਕਈ ਨੇੜਲੇ ਰਿਸ਼ਤੇਦਾਰ ਟੋਰਾਂਟੋ ਰਹਿੰਦੇ ਹਨ, ਮੈਂ ਉਨ੍ਹਾਂ ਨੂੰ ਮਿਲਣ ਤਾਂ ਜਾਂਦਾ ਪਰ ਉਨ੍ਹਾਂ ਕੋਲ ਰਹਿੰਦਾ ਨਾ, ਕਿਉਂਕਿ ਮਿੱਤਰਤਾ ਦੁਨੀਆਂ ਦਾ ਸਭ ਤੋਂ ਵੱਡਾ ਰਿਸ਼ਤਾ ਹੈ। ਇਕਬਾਲ ਮੈਥੋਂ ਅਠਾਰਾਂ ਸਾਲ ਛੋਟਾ ਹੈ। ਜਦ ਉਹ ਪੰਜਾਹਵਿਆਂ ਵਿਚ ਜਸਪਾਲੋਂ ਪੜ੍ਹ ਰਿਹਾ ਸੀ ਤਾਂ ਉਸ ਦੀ ਠਾਹਰ ਦੋਰਾਹੇ ਡਾ. ਈਸ਼ਰ ਸਿੰਘ ਦੇ ਘਰ ਹੁੰਦੀ ਸੀ, ਜੋ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਬਲਦੇਵ ਸਿੰਘ ਦੀ ਭੈਣ ਦਾ ਜੁਆਈ ਸੀ। ਉਸ ਪਰਿਵਾਰ ਨਾਲ ਮੇਰੇ ਸਬੰਧ ਭਾਰਤ ਦੀ ਵੰਡ ਤੋਂ ਪਹਿਲਾਂ ਦੇ ਹਨ।
ਦਸੰਬਰ 1982 ਵਿਚ ਮੈਂ ਆਪਣੀ ਜੀਵਨ ਸਾਥਣ ਸੁਰਜੀਤ ਕੌਰ ਨਾਲ ਪੰਜਾਬ ਗਿਆ ਤਾਂ ਅਸੀਂ ਡਾ. ਈਸ਼ਰ ਸਿੰਘ ਦੇ ਘਰ ਠਹਿਰੇ। ਇਕਬਾਲ ਸਾਥੋਂ ਪਹਿਲਾਂ ਹੀ ਉਸ ਘਰ ਪਹੁੰਚਿਆ ਹੋਇਆ ਸੀ। ਉਸ ਨੇ ਮੈਨੂੰ ਦੱਸਿਆ ਕਿ ਉਸ ਨੇ ਇਕ ਗਰਾਮੋਫੋਨ ਰੀਕਾਰਡ ਵਿਚ ਮੇਰੀ ਗਜ਼ਲ ‘ਰਾਹ ਤੇਰੇ ਨੇ ਪੈਰ ਮੇਰੇ ਨੇ’ ਸ਼ਾਮਿਲ ਕੀਤੀ ਹੈ, ਜੋ ਜਗਜੀਤ ਜ਼ੀਰਵੀ ਨੇ ਗਾਈ ਹੈ। ਮੈਨੂੰ ਇਹ ਜਾਣ ਕੇ ਖੁਸ਼ੀ ਹੋਈ। ਮੈਨੂੰ ਜਗਜੀਤ ਜ਼ੀਰਵੀ ਦਾ ਗਜ਼ਲ-ਗਾਇਕੀ ਦਾ ਅੰਦਾਜ਼ ਬਹੁਤ ਪਸੰਦ ਹੈ।
ਮੈਂ ਇਕਬਾਲ ਨੂੰ ਕਿਹਾ, “ਹੁਣ ਆਪਾਂ ਸਬੱਬ ਨਾਲ ਇਕੱਠੇ ਹੋਏ ਹਾਂ। ਕੀ ਇਹ ਹੋ ਸਕਦਾ ਹੈ ਕਿ ਮੇਰੇ ਗੀਤ ਅਤੇ ਗਜ਼ਲਾਂ ਸੁਰਿੰਦਰ ਕੌਰ ਤੇ ਜ਼ੀਰਵੀ ਗਾਉਣ ਅਤੇ ਆਡੀਓ ਟੇਪ ਰੀਕਾਰਡ ਕੀਤਾ ਜਾਵੇ।”
“ਹੋ ਸਕਦਾ ਹੈ। ਇੰਜ ਕਰਾਂਗੇ ਕਿ ਜਦ ਮੈਂ ਕੈਨੇਡਾ ਨੂੰ ਮੁੜਨਾ ਹੈ, ਉਦੋਂ ਆਪਾਂ ਕੁਝ ਦਿਨ ਦਿੱਲੀ ਰਹਿ ਕੇ ਇਹ ਕੰਮ ਕਰਾਂਗੇ।”
ਮੈਂ ਹੈਰਾਨ ਸਾਂ ਕਿ ਇਕਬਾਲ ਏਨੇ ਭਰੋਸੇ ਨਾਲ ਗੱਲ ਕਰ ਰਿਹਾ ਹੈ।
ਮੇਰੇ ਅਤੇ ਇਕਬਾਲ ਵਿਚ ਇਕ ਬੁਨਿਆਦੀ ਫਰਕ ਹੈ। ਮੈਂ ਗੱਲ ਸੋਚ ਲੈਂਦਾ ਹਾਂ, ਪਰ ਉਸ ‘ਤੇ ਅਮਲ ਕਰਨ ਨੂੰ ਚਿਰ ਲਾ ਦਿੰਦਾ ਹਾਂ। ਇਕਬਾਲ ਕਰਮਯੋਗੀ ਹੈ: ਕੰਮ ਸੋਚਿਆ, ਆਪਣਾ ਪੂਰਾ ਧਿਆਨ ਉਸ ਕੰਮ ਵੱਲ ਲਾਇਆ ਅਤੇ ਠਾਹ! ਕੰਮ ਸਿਰੇ ਚਾੜ੍ਹ ਦਿੱਤਾ।
ਜਦੋਂ ਇਕਬਾਲ ਦੀ ਵਾਪਸੀ ਦਾ ਦਿਨ ਨੇੜੇ ਆਇਆ ਤਾਂ ਉਸ ਨੇ ਜਗਜੀਤ ਜ਼ੀਰਵੀ ਨੂੰ ਫੋਨ ਕੀਤਾ। ਪ੍ਰਾਜੈਕਟ ਬਾਰੇ ਗੱਲ ਕੀਤੀ। ਪ੍ਰੋਗਰਾਮ ਬਣਾ ਲਿਆ। ਤੀਜੇ ਦਿਨ ਇਕਬਾਲ ਕਾਰ ਲੈ ਕੇ ਜ਼ੀਰੇ ਪਹੁੰਚਿਆ ਅਤੇ ਜਗਜੀਤ ਨੂੰ ਦੋਰਾਹੇ ਲੈ ਆਇਆ। ਅਗਲੇ ਦਿਨ ਅਸੀਂ ਦਿੱਲੀ ਨੂੰ ਚਾਲੇ ਪਾ ਦਿੱਤੇ। ਸਿੱਧੇ ਸੁਰਿੰਦਰ ਕੌਰ ਦੇ ਘਰ ਪਹੁੰਚੇ। ਉਹ ਬੜੇ ਤਪਾਕ ਨਾਲ ਮਿਲੀ। ਚਾਹ ਪੀਂਦਿਆਂ ਇਕਬਾਲ ਨੇ ‘ਰਿਕਾਰਡਿੰਗ ਪ੍ਰਾਜੈਕਟ’ ਦੀ ਗੱਲ ਕੀਤੀ। ਉਹ ਬੋਲੀ, “ਕੋਈ ਗੱਲ ਨਹੀਂ, ਕੰਮ ਹੋ ਜਾਏਗਾ।”
ਦੂਜੇ ਦਿਨ ਸੁਰਿੰਦਰ ਕੌਰ ਨੇ ਸੰਗੀਤਕਾਰ ਨੂੰ ਬੁਲਾਇਆ, ਉਸ ਨਾਲ ਸਾਡੀ ਜਾਣ-ਪਛਾਣ ਕਰਵਾਈ, “ਇਹ ਘਣਸ਼ਾਮ ਹੋਰੀਂ ਨੇ।” ਗਜ਼ਲਾਂ ਅਤੇ ਗੀਤ ਘਣਸ਼ਾਮ ਨੂੰ ਫੜ੍ਹਾ ਦਿੱਤੇ। ਉਸ ਨੇ ਰਚਨਾਵਾਂ ਉਤੇ ਨਜ਼ਰ ਮਾਰੀ। ਹਾਰਮੋਨੀਅਮ ਫੜ੍ਹਿਆ ਅਤੇ ਧੁਨਾਂ ਬਣਾਉਣ ਲੱਗਾ। ਸੁਰਿੰਦਰ ਕੌਰ, ਉਸ ਦੀ ਧੀ ਡੌਲੀ ਗੁਲੇਰੀਆ ਅਤੇ ਜਗਜੀਤ ਜ਼ੀਰਵੀ ਨਾਲ ਧੁਨਾਂ ਬਾਰੇ ਵਿਚਾਰ-ਵਟਾਂਦਰਾ ਹੋਇਆ। ਲੋੜੀਂਦੀ ਅਦਲਾ-ਬਦਲੀ ਕੀਤੀ ਗਈ। ਹਰ ਰਚਨਾ ਦੀ ਧੁਨ ਉਤੇ ਸਹਿਮਤੀ ਹੋਣ ਪਿੱਛੋਂ ਰਿਹਰਸਲ ਕੀਤੀ ਗਈ। ਅਗਲੇ ਦਿਨ ਸਟੂਡੀਓ ਪਹੁੰਚ ਗਏ। ਰਿਕਾਰਡਿੰਗ ਸ਼ੁਰੂ ਹੋ ਗਈ। ਸ਼ਾਮ ਤਕ ਇਹ ਕੰਮ ਮੁਕਾ ਲਿਆ। ਪੇਮੈਂਟ ਲੈ ਕੇ ਸਟੂਡੀਓ ਦੇ ਪ੍ਰਬੰਧਕਾਂ ਨੇ ਮਾਸਟਰ ਟੇਪ ਸਾਨੂੰ ਦੇ ਦਿੱਤੀ। ਮੈਂ ਗਾਇਕਾਂ ਅਤੇ ਸੰਗੀਤਕਾਰਾਂ ਨੂੰ ਮੁਆਵਜ਼ਾ ਦੇ ਦਿੱਤਾ। ਸਭ ਦਾ ਮਨ ਖੁਸ਼ ਸੀ।
ਇਕਬਾਲ ਦੇ ਜਹਾਜ ਚੜ੍ਹਨ ਦਾ ਸਮਾਂ ਹੋ ਗਿਆ। ਉਸ ਨੂੰ ਵਿਦਾ ਕਰ ਕੇ ਮੈਂ ਤੇ ਜਗਜੀਤ ਜ਼ੀਰਵੀ ਇਕ ਰਿਕਾਰਡਿੰਗ ਕੰਪਨੀ ਦੇ ਦਫਤਰ ਪੁੱਜੇ। ਉਸ ਕੰਪਨੀ ਨੇ ਜ਼ੀਰਵੀ ਦੇ ਗਾਏ ਗੀਤ ਪਹਿਲਾਂ ਵੀ ਮਾਰਕਿਟ ਕੀਤੇ ਸਨ। ਜਗਜੀਤ ਨੇ ਮੈਨੇਜਰ ਨੂੰ ਮੇਰੇ ਵਾਲਾ ਮਾਸਟਰ ਟੇਪ ਦਿੱਤਾ। ਉਸ ਨੇ ਕੁਝ ਗਜ਼ਲਾਂ/ਗੀਤ ਸੁਣੇ ਅਤੇ ਬੋਲਿਆ, “ਰਚਨਾਵਾਂ ਅਤੇ ਗਾਇਕੀ ਬਹੁਤ ਸੋਹਣੀ ਹੈ, ਪਰ ਅਸੀਂ ਇਸ ਟੇਪ ਨੂੰ ਮਾਰਕਿਟ ਨਹੀਂ ਕਰ ਸਕਦੇ। ਮੁਸ਼ਕਿਲ ਇਹ ਹੈ ਕਿ ਅਸੀਂ ਟੇਪ ਤਿਆਰ ਕਰ ਕੇ ਜਿਸ ਦਿਨ ਮਾਰਕਿਟ ਵਿਚ ਲਿਆਉਂਦੇ ਹਾਂ, ਉਸ ਦੇ ਕੁਝ ਦਿਨਾਂ ਵਿਚ ਸਾਡੇ ਟੇਪ ਦੀ ਨਕਲ ਵਾਲੀਆਂ ਟੇਪਾਂ ਸਾਰੀ ਦਿੱਲੀ ਵਿਚ ਸਾਥੋਂ ਸਸਤੀਆਂ ਵਿਕਣ ਲੱਗ ਜਾਂਦੀਆਂ ਹਨ। ਇਸ ਲਈ ਸੱਚੀ ਗੱਲ ਹੈ ਕਿ ਅਸੀਂ ਤਾਂ ਨਿਕੰਮੇ ਹੋਏ ਬੈਠੇ ਹਾਂ। ਤੁਹਾਡੇ ਵਾਲੇ ਰਿਕਾਰਡ ਨਾਲ ਵੀ ਏਹੀ ਗੱਲ ਹੋਈ ਸੀ। ਸਾਨੂੰ ਸਮਝ ਨਹੀਂ ਆਉਂਦੀ, ਕੀ ਕਰੀਏ।”
ਮੈਂ ਕਿਹਾ, “ਨਕਲੀ ਟੇਪਾਂ ਕੱਢਣ ਵਾਲਿਆਂ ਉਤੇ ਮੁਕੱਦਮਾ ਚੱਲ ਸਕਦਾ ਹੈ।”
“ਸਾਡੇ ਮਹਾਨ ਦੇਸ ਹਿੰਦੋਸਤਾਨ ਵਿਚ ਅਜਿਹੇ ਮੁਕੱਦਮੇ ਨੂੰ ਅਦਾਲਤ ਤਕ ਪਹੁੰਚਦਿਆਂ ਅਤੇ ਉਸ ਦਾ ਫੈਸਲਾ ਹੁੰਦਿਆਂ ਵੀਹ ਵੀਹ ਸਾਲ ਲੱਗ ਜਾਂਦੇ ਹਨ। ਉਦੋਂ ਤਕ ਮੁਕੱਦਮਾ ਕਰਨ ਵਾਲੇ ਦੇ ਵਾਲ ਚਿੱਟੇ ਹੋ ਜਾਂਦੇ ਹਨ ਅਤੇ ਵਕੀਲ ਉਸ ਨੂੰ ਖਾ ਜਾਂਦੇ ਹਨ।”
ਮੈਂ ਪੁੱਛਿਆ, “ਪੁਲਿਸ ਟੇਪਾਂ ਨਕਲ ਕਰਨ ਵਾਲੇ ਚੋਰਾਂ ਨੂੰ ਫੜ੍ਹਦੀ ਨਹੀਂ?”
“ਟੇਪਾਂ ਦੀ ਨਕਲ ਕਰਨ ਵਾਲੀਆਂ ਮਸ਼ੀਨਾਂ ਹੀ ਪੁਲਿਸ ਦੇ ਅਫਸਰਾਂ ਦੇ ਘਰਾਂ ਵਿਚ ਲੱਗੀਆਂ ਹੁੰਦੀਆਂ ਹਨ। ਦੋਸ਼ੀਆਂ ਨੂੰ ਕੀਹਨੇ ਫੜ੍ਹਨਾ ਹੈ? ਇਸ ਲਈ ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ। ਮੈਂ ਤੁਹਾਨੂੰ ਇਕ ਹੋਰ ਕੰਪਨੀ ਦਾ ਕਾਰਡ ਦਿੰਦਾ ਹਾਂ। ਉਨ੍ਹਾਂ ਦੀਆਂ ਦੁਕਾਨਾਂ ਸ਼ਹਿਰ ਦੀ ਧੁੰਨੀ ਚਾਂਦਨੀ ਚੌਕ ਵਿਚ ਹਨ, ਉਹ ਸ਼ਾਇਦ ਆਪ ਦੀ ਟੇਪ ਮਾਰਕਿਟ ਕਰ ਦੇਣ।”
ਕਾਰਡ ਲੈ ਕੇ ਅਸੀਂ ਉਸ ਦਫਤਰੋਂ ਨਿਕਲੇ ਤਾਂ ਜਗਜੀਤ ਜ਼ੀਰਵੀ ਕਹਿਣ ਲੱਗਾ, “ਮੈਂ ਤਾਂ ਕੱਲ੍ਹ ਸਵੇਰੇ ਪੰਜਾਬ ਨੂੰ ਮੁੜ ਜਾਣਾ ਹੈ। ਤੁਸੀਂ ਦਿਨੇ ਇਸ ਕੰਪਨੀ ਵਾਲਿਆਂ ਨੂੰ ਮਿਲ ਲੈਣਾ।”
ਦੂਜੇ ਦਿਨ ਮੈਂ ਚਾਂਦਨੀ ਚੌਕ ਵਿਚਲੀ ਲਾਜਪਤ ਮਾਰਕਿਟ ਵਿਚ ਉਸ ਕੰਪਨੀ ਵਾਲਿਆਂ ਨੂੰ ਮਿਲਿਆ ਅਤੇ ਆਪਣੀ ਗੱਲ ਦੱਸੀ। ਮੈਨੇਜਰ ਨੇ ਟੇਪ ਸੁਣੀ ਅਤੇ ਬੋਲਿਆ, “ਸੰਗੀਤ ਘਣਸ਼ਾਮ ਦਾ ਹੈ?”
“ਤੁਸੀਂ ਕਿਵੇਂ ਪਛਾਣਿਆ?”
“ਅਸੀਂ ਸੰਗੀਤਕਾਰਾਂ ਦਾ ਅੰਦਾਜ਼ ਪਛਾਣ ਲੈਂਦੇ ਹਾਂ। ਟੇਪ ਤਿਆਰ ਕਰਨ ਉਤੇ ਕਿੰਨੀ ਕੁ ਰਕਮ ਲਾਈ?”
“ਦਸ ਹਜ਼ਾਰ ਰੁਪਿਆ।”
“ਤੁਸੀਂ ਤਾਂ ਲੁੱਟੇ ਗਏ ਹੋ। ਇਹ ਕੰਮ ਤਾਂ ਪੰਜ ਛੇ ਹਜ਼ਾਰ ਰੁਪਏ ਵਿਚ ਹੋ ਸਕਦਾ ਸੀ।”
“ਕੋਈ ਗੱਲ ਨਹੀਂ, ਗਾਇਕ ਅਤੇ ਸੰਗੀਤਕਾਰ ਮੇਰੇ ਮਿੱਤਰ ਹਨ। ਘਿਓ ਆਪਣੀ ਥਾਲੀ ਵਿਚ ਹੀ ਡੁੱਲ੍ਹਿਆ ਹੈ। ਤੁਸੀਂ ਇਹ ਟੇਪ ਮਾਰਕਿਟ ਕਰ ਦਿਓਗੇ?”
“ਹਾਂ! ਕਰ ਦਿਆਂਗੇ। ਰਾਇਲਟੀ ਸਾਲ ਦੇ ਅਖੀਰ ਉਤੇ ਮਿਲੇਗੀ। ਵਿਕੀਆਂ ਟੇਪਾਂ ਦੀ ਗਿਣਤੀ ਬਾਰੇ ਤੁਸੀਂ ਤਿੰਨ-ਪੰਜ ਨਹੀਂ ਕਰ ਸਕਦੇ। ਸਾਡੀ ਦੱਸੀ ਹੋਈ ਗਿਣਤੀ ਉਤੇ ਹੀ ਰਾਇਲਟੀ ਮਿਲੇਗੀ।”
ਮੇਰੇ ਮਨ ਵਿਚ ਨਿਰਾਸ਼ਾ ਜਾਗੀ। ਫਿਰ ਸੋਚਿਆ ਕਿ ਖਰਚ ਤਾਂ ਹੋ ਚੁਕਾ ਹੈ, ਟੇਪ ਲੋਕਾਂ ਤਕ ਤਾਂ ਪਹੁੰਚੇਗੀ।
ਮੈਨੇਜਰ ਨੇ ਐਗਰੀਮੈਂਟ ਦਾ ਫਾਰਮ ਕੱਢਿਆ, ਭਰਿਆ ਅਤੇ ਆਪਣੇ ਦਸਤਖਤ ਕਰ ਦਿੱਤੇ। ਮੈਂ ਕਿਹਾ, “ਦੂਜੇ ਹਿੱਸੇਦਾਰ ਦੇ ਵੀ ਦਸਤਖਤ ਕਰ ਦਿਓ।”
“ਉਹ ਤਾਂ ਏਥੇ ਹੈ ਨਹੀਂ।” ਹਾਜ਼ਰ ਬੰਦੇ ਨੇ ਉਸ ਦੇ ਵੀ ਦਸਤਖਤ ਆਪ ਹੀ ਕਰ ਦਿੱਤੇ।
ਮੈਂ ਸੋਚਿਆ, ਚਲੋ! ਇਥੋਂ ਮਿਲਣਾ ਤਾਂ ਕੁਝ ਹੈ ਨਹੀਂ, ਟੇਪ ਤਾਂ ਨਿਕਲੇ। ਮੈਂ ਉਸ ਨੂੰ ਮਾਸਟਰ ਟੇਪ ਦੇ ਦਿੱਤੀ ਤੇ ਕਿਹਾ, “ਇਸ ਦੀ ਕਾਪੀ ਕਰ ਲਓ। ਅਸਲ ਮੈਨੂੰ ਮੋੜ ਦੇਣਾ।”
“ਠੀਕ ਹੈ, ਛੱਡ ਜਾਓ। ਕੱਲ੍ਹ ਨੂੰ ਅਸਲ ਟੇਪ ਲੈ ਜਾਣਾ।”
ਦੂਜੇ ਦਿਨ ਮੈਂ ਅਸਲ ਮਾਸਟਰ ਟੇਪ ਲੈ ਆਇਆ। ਕੁਝ ਚਿਰ ਪਿੱਛੋਂ ਮੈਂ ਕੈਨੇਡਾ ਵਾਪਸ ਆ ਗਿਆ।
ਦੋ ਕੁ ਮਹੀਨੇ ਉਡੀਕ ਕੇ ਮੈਂ ਉਸ ਕੰਪਨੀ ਨੂੰ ਫੋਨ ਕੀਤਾ। ਉਹ ਕਹਿੰਦੇ, ਅਜੇ ਟੇਪ ਤਿਆਰ ਨਹੀਂ ਹੋਈ।
ਮੈਂ ਕਿਹਾ, “ਜਦੋਂ ਟੇਪ ਤਿਆਰ ਹੋ ਗਈ ਤਾਂ ਮੈਨੂੰ ਉਸ ਦੀਆਂ ਦੋ ਕਾਪੀਆਂ ਡਾਕ ਰਾਹੀਂ ਭੇਜ ਦੇਣਾ।”
ਉਸ ਪਿੱਛੋਂ ਲਗਪਗ ਹਰ ਮਹੀਨੇ ਮੈਂ ਕੰਪਨੀ ਨੂੰ ਫੋਨ ਕਰਦਾ ਰਿਹਾ। ਇਕ ਸਾਲ ਪਿੱਛੋਂ ਮੈਂ ਦਿੱਲੀ ਰਹਿੰਦੇ ਆਪਣੇ ਭਾਣਜੇ ਨੂੰ ਸਾਰੀ ਗੱਲ ਦੱਸੀ ਅਤੇ ਕਿਹਾ ਕਿ ਉਹ ਉਸ ਕੰਪਨੀ ਕੋਲ ਜਾ ਕੇ ਮੇਰੇ ਟੇਪ ਦੀਆਂ ਦੋ ਕਾਪੀਆਂ ਖਰੀਦ ਕੇ ਇਕ ਕਾਪੀ ਮੈਨੂੰ ਭੇਜ ਦੇਵੇ, ਦੂਜੀ ਆਪਣੇ ਕੋਲ ਰੱਖ ਲਵੇ। ਉਸ ਨੇ ਉਹੀ ਕੀਤਾ। ਟੇਪ ਮੈਨੂੰ ਪਹੁੰਚੀ, ਮੈਂ ਚਾਅ ਨਾਲ ਖੋਲ੍ਹੀ, ਟੇਪ ਦੇਖ ਕੇ ਮੇਰਾ ਮਨ ਬੁਝ ਗਿਆ। ਟਾਈਟਲ ਬੇਹੱਦ ਘਟੀਆ ਸੀ, ਉਸ ਉਪਰ ਅੰਗਰੇਜ਼ੀ ਵਿਚ ਲਿਖਿਆ ਹੋਇਆ ਸੀ: ਪੰਜਾਬੀ ਹਿੱਟਸ (ਫੁਨਜਅਬ ੍ਹੀਠੰ), ਹਿੰਦੀ ਵਿਚ ਲਿਖਿਆ ਹੋਇਆ ਸੀ, ਪੰਜਾਬੀ ਹੀਟਸ। ਮੈਂ ਟੇਪ ਬਿਨਾ ਸੁਣੇ ਹੀ ਰੱਖ ਦਿੱਤੀ।
ਮੈਂ ਇਹ ਸਾਰੀ ਗੱਲ ਫੋਨ ਉਤੇ ਇਕਬਾਲ ਮਾਹਲ ਨੂੰ ਦੱਸੀ। ਉਹ ਕਹਿਣ ਲੱਗਾ, “ਕੋਈ ਗੱਲ ਨਹੀਂ, ਸੋਚਦੇ ਹਾਂ। ਮਾਸਟਰ ਟੇਪ ਮੈਨੂੰ ਭੇਜ ਦਿਓ।” ਮੈਂ ਟੇਪ ਭੇਜ ਦਿੱਤਾ।
ਕਦੇ ਕਦੇ ਇਕਬਾਲ ਨਾਲ ਫੋਨ ਉਤੇ ਮੇਰੀ ਗੱਲਬਾਤ ਹੁੰਦੀ ਰਹੀ। ਅਸੀਂ ਸਲਾਹਾਂ ਕਰਦੇ ਰਹੇ। ਇਕਬਾਲ ਨੇ ਉਸ ਟੇਪ ਦੇ ਗੀਤਾਂ ਨੂੰ ਨਵੀਂ ਤਰਤੀਬ ਦੇ ਦਿੱਤੀ। ਇਕ ਪਾਸੇ ਕੁਝ ਸ਼ਬਦ ਮੇਰੇ ਬਾਰੇ ਅਤੇ ਮੇਰੀ ਕਵਿਤਾ ਬਾਰੇ ਇਕਬਾਲ ਨੇ ਆਪ ਬੋਲ ਕੇ ਨਿੱਕੀ ਜਿਹੀ ਜਾਣ-ਪਛਾਣ ਮੁੱਢ ਵਿਚ ਪਾ ਕੇ ਜਗਜੀਤ ਜ਼ੀਰਵੀ ਦੀਆਂ ਗਾਈਆਂ ਹੋਈਆਂ ਪੰਜ ਗਜ਼ਲਾਂ ਪਾ ਦਿੱਤੀਆਂ। ਦੂਜੇ ਪਾਸੇ ਸੁਰਿੰਦਰ ਕੌਰ, ਡੌਲੀ ਗੁਲੇਰੀਆ ਅਤੇ ਘਣਸ਼ਾਮ ਦੇ ਗਾਏ ਗੀਤ ਪਾ ਦਿੱਤੇ। ਸੋਹਣਾ ਟਾਈਟਲ ਡਿਜ਼ਾਇਨ ਕੀਤਾ, ਜਿਸ ਵਿਚ ਇਕ ਹੱਥ ਮੋਰ ਪੰਖ ਨਾਲ ਕੁਝ ਲਿਖ ਰਿਹਾ ਹੈ। ਟੇਪ ਦਾ ਨਾਂ ਰੱਖਿਆ, ‘ਇਸ਼ਕ ਠੋਕਰ ‘ਤੇ ਮੁਸਕਰਉਂਦਾ ਹੈ।’ ਇਹ ਮੇਰੀ ਇਕ ਗਜ਼ਲ ਦਾ ਪਹਿਲਾ ਮਿਸਰਾ ਹੈ। ਹੇਠਾਂ ਮੇਰਾ ਨਾਂ ਪੰਜਾਬੀ ਵਿਚ ਲਿਖ ਦਿੱਤਾ। ਟੇਪ ਦੇਖ ਕੇ ਮਨ ਬੇਹੱਦ ਖੁਸ਼ ਹੋਇਆ। ਮੈਂ ਇਕਬਾਲ ਦਾ ਧੰਨਵਾਦ ਕੀਤਾ ਅਤੇ ਪੁੱਛਿਆ, “ਟੇਪ ਦੀ ਪੰਜ ਸੌ ਕਾਪੀ ਕਰਵਾਉਣ ਉਤੇ ਕੀ ਖਰਚ ਹੋਵੇਗਾ?”
ਉਸ ਪਤਾ ਕੀਤਾ ਅਤੇ ਮੈਨੂੰ ਵਾਪਸੀ ਫੋਨ ਕਰ ਦਿੱਤਾ। ਮੈਂ ਉਸ ਨੂੰ ਚੈਕ ਭੇਜ ਦਿੱਤਾ। ਦੋ ਕੁ ਹਫਤੇ ਪਿੱਛੋਂ 500 ਟੇਪਾਂ ਮੈਨੂੰ ਪਹੁੰਚ ਗਈਆਂ। ਮੈਂ ਉਹ ਟੇਪਾਂ ਹਵਾਈ ਡਾਕ ਰਾਹੀਂ ਮਿੱਤਰਾਂ ਨੂੰ, ਅਖਬਾਰਾਂ, ਰਸਾਲਿਆਂ ਨੂੰ ਭਾਰਤ ਭੇਜ ਦਿੱਤੀਆਂ। ਕੈਨੇਡਾ ਵਿਚ ਵੀ ਏਹੀ ਕੀਤਾ। ਟੇਪਾਂ ਰੇਡੀਓ ਸਟੇਸ਼ਨਾਂ ਨੂੰ ਦੇ ਦਿੱਤੀਆਂ।
ਉਸ ਟੇਪ ਦੇ ਕਈ ਚੰਗੇ ਰੀਵੀਊ ਛਪੇ। ਇਕ ਰੀਵੀਊ ਕਵੀ ਮਿੱਤਰ ਗੁਰਭਜਨ ਗਿੱਲ ਅਤੇ ਦੂਜਾ ਪ੍ਰੋ. ਜਗਜੀਤ ਕੌਰ (ਸੰਗੀਤ ਵਿਭਾਗ, ਐਸ਼ ਆਰ. ਕਾਲਜ ਆਫ ਵਿਮੈਨ, ਅੰਮ੍ਰਿਤਸਰ) ਨੇ ਕੀਤਾ ਸੀ। ਦੋਵੇਂ ਰੀਵੀਊ ਆਪ ਮੁਹਾਰੇ ਕੀਤੇ ਗਏ ਸਨ। ਇਹ ਮੋਤੀ ਬਿਨ ਮੰਗੇ ਮਿਲੇ ਸਨ। ਗੁਰਭਜਨ ਹੋਰੀਂ ਮੇਰੇ ਵਾਕਿਫ ਹਨ, ਪਰ ਪ੍ਰੋ. ਜਗਜੀਤ ਕੌਰ ਨੂੰ ਮਿਲਣ ਦਾ ਸੁਭਾਗ ਮੈਨੂੰ ਹੁਣ ਤਕ ਵੀ ਨਹੀਂ ਮਿਲਿਆ। ਮੇਰੀ ਟੇਪ ਬਾਰੇ ਉਨ੍ਹਾਂ ਦੇ ਸ਼ਬਦ ਸਖਾਵਤ ਭਰੇ ਸਨ।
ਮੇਰਾ ਮਨ ਗਾਇਕਾਂ, ਸੰਗੀਤਕਾਰਾਂ, ਰੀਵੀਊਕਾਰਾਂ ਅਤੇ ਇਕਬਾਲ ਮਾਹਲ ਲਈ ਸ਼ੁਕਰਗੁਜ਼ਾਰੀ ਦੀ ਭਾਵਨਾ ਨਾਲ ਭਰਿਆ ਪਿਆ ਹੈ।
ਮੈਂ ਵੈਨਕੂਵਰ ਦੇ ਕਈ ਵੀਡੀਓ ਸਟੋਰਾਂ ਨੂੰ ਉਹ ਟੇਪਾਂ ਵੇਚਣ ਲਈ ਦਿੱਤੀਆਂ; ਕਿਸੇ ਨੂੰ ਪੰਜ, ਕਿਸੇ ਨੂੰ ਦਸ, ਪਰ ਉਨ੍ਹਾਂ ਦੇ ਪੈਸੇ ਮੈਨੂੰ ਕਦੇ ਨਹੀਂ ਮਿਲੇ। ਸਿਰਫ ਇਕ ਮਿੱਤਰ ਕੁਲਵਿੰਦਰ ਸੰਘੇੜਾ ਨੇ ਟੇਪ ਦੀ 500 ਕਾਪੀ ਲੱਗੇ ਭਾਅ ਆਪਣੇ ਸਟੋਰ ਰਵੀ ਵੀਡੀਓ ਲਈ ਖਰੀਦੀ। ਬਾਕੀ ਸਟੋਰਾਂ ਉਤੇ ਟੇਪ ਦੀਆਂ ਅਸਲ ਕਾਪੀਆਂ ਅਣਵਿਕੀਆਂ ਪਈਆਂ ਰਹੀਆਂ। ਉਸ ਦੀਆਂ ਕਾਪੀ ਕੀਤੀਆਂ ਟੇਪਾਂ ਵਿਕੀ ਗਈਆਂ।
ਰੇਡੀਓ ਸਟੇਸ਼ਨਾਂ ਵਾਲੇ ਸੱਜਣ ਕਦੇ ਕਦੇ ਕੋਈ ਗਜ਼ਲ ਗੀਤ ਬਰਾਡਕਾਸਟ ਕਰ ਦਿੰਦੇ ਹਨ। ਸ਼ੇਅਰ ਅਤੇ ਸੰਗੀਤ ਲੋਕਾਂ ਤਕ ਪਹੁੰਚ ਰਿਹਾ ਹੈ। ਮੇਰਾ ਮਨ ਖੁਸ਼ ਹੈ।
ਟੇਪਾਂ ਵੀ ਉਵੇਂ ਵੰਡੀਆਂ ਗਈਆਂ ਹਨ, ਜਿਵੇਂ ਕਵਿਤਾ ਦੀਆਂ ਕਿਤਾਬਾਂ, ਕਿਉਂਕਿ:
ਸ਼ੌਕ ਹਰ ਰੰਗ ਰਕੀਬ-ਏ-ਸਰ-ਓ-ਸਾਮਾਂ ਨਿਕਲਾ।
ਕੈਸ ਤਸਵੀਰ ਕੇ ਪਰਦੇ ਮੇਂ ਭੀ ਉਰੀਆਂ ਨਿਕਲਾ।
ਇਕਬਾਲ ਮਾਹਲ ਨਾਲ ਮੇਰੀ ਮਿੱਤਰਤਾ ਦੇ ਇਸ ਲੰਮੇ ਸਫਰ ਵਿਚ ਇਕ ਦੂਜੇ ਲਈ ਜੋ ਵੀ ਕਰ ਸਕੇ, ਅਸੀਂ ਮੁਸਕਰਾ ਕੇ ਕੀਤਾ। ਮੈਨੂੰ ਜਾਪਦਾ ਹੈ ਕਿ ਸਾਡੀ ਇਹ ਸਾਂਝ ਅਖੀਰਲੇ ਸਾਹਾਂ ਤਕ ਬਣੀ ਰਹੇਗੀ। ਮੇਰੇ ਇਸ ਕਰਮਯੋਗੀ ਮਿੱਤਰ ਨੇ ਸਾਹਿਤ ਦੇ ਨਾਲ ਨਾਲ ਕੈਨੇਡਾ ਵਿਚ ਪੰਜਾਬੀ ਰੇਡੀਓ, ਟੀ. ਵੀ. ਬਰਾਡਕਾਸਟਿੰਗ ਵਿਚ ਵੀ ਆਪਣਾ ਭਰਪੂਰ ਹਿੱਸਾ ਪਾਇਆ ਹੈ। ਮੈਂ ਤਾਂ ਦਾਲ ਵਿਚੋਂ ਇਕ ਦਾਣੇ ਦੀ ਬਾਤ ਪਾ ਕੇ ਆਪਣੀ ਹਾਜ਼ਰੀ ਲਵਾਈ ਹੈ।
(‘ਸਿਰਜਣਾ’ ਵਿਚੋਂ ਧੰਨਵਾਦ ਸਹਿਤ)