ਕੇ. ਐਲ਼ ਸਹਿਗਲ ਦੀ ਲਾਹੌਰ ਫੇਰੀ

ਪ੍ਰਾਣ ਨੇਵਿਲ
ਲਾਹੌਰ ਦੇ ਜਿਨ੍ਹਾਂ ਸੰਗੀਤ ਪ੍ਰੇਮੀਆਂ ਨੇ ਕੇ.ਐਲ਼ ਸਹਿਗਲ ਦੀ ਆਵਾਜ਼ ਫ਼ਿਲਮਾਂ ਅਤੇ ਗ੍ਰਾਮੋਫੋਨ ਰਿਕਾਰਡਾਂ ‘ਤੇ ਸੁਣੀ ਸੀ, ਉਨ੍ਹਾਂ ਲਈ ਦਸੰਬਰ 1937 ਵਿਚ ਉਸ ਦੀ ਲਾਹੌਰ ਫੇਰੀ ਯਾਦਗਾਰੀ ਹੋ ਨਿਬੜੀ। ਉਨ੍ਹਾਂ ਉਸ ਦੀ ਪੁਰਕਸ਼ਿਸ਼ ਆਵਾਜ਼ ਨੂੰ ਖ਼ੂਬ ਮਾਣਿਆ। ਸਹਿਗਲ ਦਾ ਇਹ ਪ੍ਰੋਗਰਾਮ ਇਸ ਸ਼ਹਿਰ ਵਿਚ ਉਹਦਾ ਪਹਿਲਾ ਤੇ ਆਖ਼ਰੀ ਪ੍ਰੋਗਰਾਮ ਹੋ ਨਿਬੜਿਆ। ਉਸ ਦੀ ਲਾਹੌਰ ਫੇਰੀ ਬਾਰੇ ਸ਼ਹਿਰ ਵਿਚ ਥਾਂ-ਥਾਂ ਪੋਸਟਰ ਲਾਏ ਗਏ। ਸਹਿਗਲ ਦਾ ਇਹ ਪ੍ਰੋਗਰਾਮ ਹਜ਼ੂਰੀ ਬਾਗ ਦੇ ਬਾਹਰਵਾਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਕਿਲ੍ਹੇ ਤੇ ਰਾਵੀ ਦਰਿਆ ਦੇ ਵਿਚਾਲੇ ਪੈਂਦੇ ਮਿੰਟੋ ਪਾਰਕ ਦੇ ਨੁਮਾਇਸ਼ੀ ਮੈਦਾਨ ਵਿਚ ਹੋਇਆ।

ਸਹਿਗਲ ਨੇ ਆਪਣੇ ਸੰਗੀਤਕ ਸਫ਼ਰ ਦਾ ਆਗਾਜ਼ 1930ਵਿਆਂ ਦੇ ਸ਼ੁਰੂ ਵਿਚ ਕੀਤਾ। ਉਸ ਦਾ ਪਹਿਲਾ ਗੀਤ ‘ਝੂਲਨਾ ਝੁਲਾਓ’ ਸ਼ਾਇਦ 1933 ਵਿਚ ਰਿਕਾਰਡ ਹੋਇਆ ਸੀ ਜਿਸ ਨੇ ਸੰਗੀਤ ਦੀ ਦੁਨੀਆਂ ਵਿਚ ਨਵੀਆਂ ਪੈੜਾਂ ਪਾਈਆਂ। ਇਸ ਮਗਰੋਂ ਉਸ ਦੀਆਂ ਕੁਝ ਗ਼ਜ਼ਲਾਂ ਅਤੇ ਗੀਤ ਆਏ, ਪਰ ਉਸ ਦੇ ਭਜਨ ‘ਸੁਨੋ ਸੁਨੋ ਰੇ ਕ੍ਰਿਸ਼ਨ ਕਾਲਾ’ ਨੇ ਔਰਤਾਂ ਨੂੰ ਮੰਤਰ-ਮੁਗਧ ਕਰ ਦਿੱਤਾ ਤੇ ਉਹ ਉਸ ਦੀਆਂ ਪ੍ਰਸ਼ੰਸਕ ਬਣ ਗਈਆਂ। 1937 ਤਕ ਉਸ ਦੀ ਪ੍ਰਸਿਧੀ ਸਿਖਰਾਂ ‘ਤੇ ਸੀ। ਉਸ ਨੂੰ ਵੀਹਵੀਂ ਸਦੀ ਦਾ ਸਭ ਤੋਂ ਵੱਡਾ ਗਾਇਕ ਮੰਨਿਆ ਜਾਣ ਲੱਗਾ। ਉਸ ਦੀ ਗਾਇਕੀ ਦਾ ਖ਼ਾਸ ਅੰਦਾਜ਼ ਸੀ। ਉਸ ਨੇ ਗ਼ਜ਼ਲ, ਗੀਤ, ਭਜਨ ਅਤੇ ਸ਼ਾਸਤਰੀ ਸੰਗੀਤ ‘ਤੇ ਆਧਾਰਿਤ ਗੀਤ; ਗੱਲ ਕੀ, ਜੋ ਵੀ ਗਾਇਆ, ਆਪਣੀ ਖ਼ੂਬਸੂਰਤ ਅਦਾਇਗੀ ਨਾਲ ਉਸ ਨੂੰ ਵੱਖਰੇ ਮੁਕਾਮ ‘ਤੇ ਪਹੁੰਚਾ ਦਿੱਤਾ। ਸਹਿਗਲ ਸੰਗੀਤ ਦਾ ਅਜਿਹਾ ਮੁਜੱਸਮਾ ਸੀ ਜਿਸ ਨੇ ਆਪਣੀ ਆਵਾਜ਼ ਨਾਲ ਸੰਗੀਤ ਦੀ ਦੁਨੀਆਂ ਉਤੇ ਰਾਜ ਕੀਤਾ। ਇਸ ਤੋਂ ਪਹਿਲਾਂ ਅਜਿਹੀ ਆਵਾਜ਼ ਨਾ ਕਿਤੇ ਸੁਣੀ ਗਈ ਸੀ ਅਤੇ ਨਾ ਹੀ ਜਨਵਰੀ 1947 ਵਿਚ ਉਸ ਦੀ ਮੌਤ ਤੋਂ ਬਾਅਦ ਸੁਣੀ ਗਈ।
ਨਿਊ ਥੀਏਟਰਜ਼ ਕਲਕੱਤਾ ਦੇ ਬਾਨੀ ਬੀ.ਐਨ. ਸਿਰਕਾਰ ਨੇ ਸਹਿਗਲ ਦੀ ਪ੍ਰਤਿਭਾ ਪਛਾਣ ਕੇ ਉਸ ਨੂੰ ਭਾਰਤੀ ਸਰੋਤਿਆਂ ਦੇ ਰੂ-ਬ-ਰੂ ਕੀਤਾ। ਉਸ ਦੀਆਂ ਪਹਿਲੀਆਂ ਦੋ ਹਿੰਦੀ ਫ਼ਿਲਮਾਂ ‘ਮੁਹੱਬਤ ਕੇ ਆਂਸੂ’ ਅਤੇ ‘ਸੁਬ੍ਹਾ ਕਾ ਸਿਤਾਰਾ’ ਨੂੰ ਬਹੁਤਾ ਨਹੀਂ ਗੌਲਿਆ ਗਿਆ, ਪਰ 1934 ਵਿਚ ਆਈ ਫ਼ਿਲਮ ‘ਚੰਡੀਦਾਸ’ ਨੇ ਸਫ਼ਲਤਾ ਦੇ ਝੰਡੇ ਗੱਡ ਦਿੱਤੇ। ਇਸ ਫ਼ਿਲਮ ਨੂੰ ਜਿਥੇ ਟਿਕਟ ਖਿੜਕੀ ‘ਤੇ ਅਪਾਰ ਸਫ਼ਲਤਾ ਮਿਲੀ, ਉਥੇ ਇਸ ਨੇ ਹਿੰਦੀ ਫ਼ਿਲਮਾਂ ਦੇ ਸੰਗੀਤ ਵਿਚ ਨਵਾਂ ਰੁਝਾਨ ਸ਼ੁਰੂ ਕੀਤੀ। ਫ਼ਿਲਮ ‘ਚੰਡੀਦਾਸ’ ਵਿਚ ਗਾਏ ਗੀਤਾਂ ‘ਤੜਪਤ ਬੀਤੇ ਦਿਨ ਰੈਨ’ ਅਤੇ ‘ਪ੍ਰੇਮ ਨਗਰ ਮੇਂ ਬਨਾਊਂਗੀ ਘਰ ਮੈਂ’ ਨਾਲ ਉਹ ਛਾ ਗਿਆ।
‘ਚੰਡੀਦਾਸ’ ਮਗਰੋਂ ‘ਯਹੂਦੀ ਕੀ ਲੜਕੀ’, ‘ਕਾਰਵਾਂ-ਏ-ਹਯਾਤ’, ‘ਪੂਰਨ ਭਗਤ’, ‘ਦੇਵਦਾਸ’, ‘ਧੂਪ ਛਾਓਂ’, ‘ਦੇਨਾ ਪਾਓਨਾ’ ਅਤੇ ‘ਪ੍ਰੈਜ਼ੀਡੈਂਟ’ ਜਿਹੀਆਂ ਫ਼ਿਲਮਾਂ ਆਈਆਂ। ਫ਼ਿਲਮਾਂ ਵਿਚ ਸਹਿਗਲ ਦੇ ਗਾਏ ਗੀਤ ਅੱਜ ਵੀ ਸੰਗੀਤ ਪ੍ਰੇਮੀ ਗੁਣਗੁਣਾਉਂਦੇ ਹਨ। ਅਜਿਹੇ ਗੀਤ ਕਦੇ ਵੀ ਮਰਦੇ ਨਹੀਂ: ‘ਨੁਕਤਾ-ਚੀਂ ਹੈ ਗ਼ਮੇ-ਦਿਲ’, ‘ਕੋਈ ਪ੍ਰੀਤ ਕੀ ਰੀਤ ਬਤਾ ਦੇ’, ‘ਬਲਮ ਆਏ ਬਸੋ ਮੋਰੇ ਮਨ ਮੇ’, ‘ਦੁਖ ਕੇ ਅਬ ਦਿਨ ਬੀਤਤ ਨਹੀਂ’, ‘ਇਕ ਬੰਗਲਾ ਬਨੇ ਨਿਆਰਾ’, ‘ਪ੍ਰੇਮ ਕਾ ਹੈ ਇਸ ਜੱਗ ਮੇਂ ਪੰਥ ਨਿਰਾਲਾ’, ‘ਏਕ ਰਾਜੇ ਕਾ ਬੇਟਾ ਲੇਕਰ’ ਆਦਿ। ਸਹਿਗਲ ਸੰਗੀਤ ਦਾ ਸ਼ੈਦਾਈ ਸੀ। ਸੰਗੀਤ ਨਾ ਕੇਵਲ ਉਸ ਦੀ ਆਵਾਜ਼ ਸਗੋਂ ਉਸ ਦੀ ਰੂਹ ਦੇ ਧੁਰ ਅੰਦਰ ਤੱਕ ਵੱਸਿਆ ਹੋਇਆ ਸੀ। ਉਹ ਦੇਖਣ ਨੂੰ ਲੰਮਾ, ਢਿੱਲਾ-ਢਾਲਾ ਜਿਹਾ ਸੀ ਅਤੇ ਉਸ ਦੇ ਸਿਰ ਦੇ ਵਾਲ ਉਡੇ ਹੋਏ ਸਨ; ਓਦਾਂ ਉਹ ਬੇਹੱਦ ਨਿਮਰ ਅਤੇ ਸੰਤ ਸੁਭਾਅ ਬੰਦਾ ਸੀ। ਉਸ ਨੇ ਆਪਣੀ ਜਵਾਨੀ ਦੇ ਦਿਨਾਂ ਵਿਚ ਬਹੁਤਾ ਸਮਾਂ ਸੂਫ਼ੀ ਸੰਤਾਂ ਦੀ ਸੰਗਤ ਵਿਚ ਗੁਜ਼ਾਰਿਆ ਸੀ। ਸਹਿਗਲ ਦੀ ਸ਼ਰਾਬ ਦੀ ਆਦਤ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸਨ, ਪਰ ਉਸ ਦੀ ਇਸ ਆਦਤ ਨੇ ਉਸ ਦੇ ਹੁਨਰ ਅਤੇ ਆਵਾਜ਼ ਉਤੇ ਕੋਈ ਮਾੜਾ ਅਸਰ ਨਹੀਂ ਪਾਇਆ।
ਉਨ੍ਹਾਂ ਵੇਲਿਆਂ ਦੇ ਉਘੇ ਸ਼ਾਸਤਰੀ ਗਾਇਕ ਫਯਾਜ਼ ਖਾਨ, ਅਬਦੁਲ ਕਰੀਮ ਖਾਨ ਅਤੇ ਪੰਡਿਤ ਓਂਕਾਰ ਨਾਥ ਠਾਕੁਰ ਇਸ ਗੱਲੋਂ ਬਹੁਤ ਹੈਰਾਨ ਹੁੰਦੇ ਸਨ ਕਿ ਸਹਿਗਲ ਕਿਵੇਂ ਇਕਦਮ ਸਹੀ ਸ਼ਬਦ ਅਤੇ ਸੁਰ ਫੜ ਲੈਂਦਾ ਹੈ। ਉਹ ਇਸ ਗੱਲੋਂ ਵੀ ਹੈਰਾਨ ਹੁੰਦੇ ਸਨ ਕਿ ਸਹਿਗਲ ਬਿਨਾਂ ਕਿਸੇ ਸਿਖਲਾਈ ਦੇ ਸੰਗੀਤ ਦੀਆਂ ਪੇਚੀਦਗੀਆਂ ਕਿਵੇਂ ਸਮਝ ਲੈਂਦਾ ਹੈ।
ਉਹ ਫ਼ਾਰਸੀ, ਉਰਦੂ, ਬੰਗਾਲੀ, ਹਿੰਦੀ ਅਤੇ ਪੰਜਾਬੀ ਗੀਤ ਗਾ ਲੈਂਦਾ ਸੀ। ਨਿਊ ਥੀਏਟਰਜ਼ ਦੇ ਉਘੇ ਸੰਗੀਤਕਾਰ ਆਰ.ਸੀ. ਬੋਰਲ, ਤਿਮਿਰ ਬਾਰਨ, ਮਧੂ ਬੋਸ ਅਤੇ ਪੰਕਜ ਮਲਿਕ ਉਸ ਦੀ ਆਵਾਜ਼ ਦੀ ਗਹਿਰਾਈ ਅਤੇ ਉਸ ਦੇ ਵਸੀਹ ਦਾਇਰੇ ਤੋਂ ਬਹੁਤ ਪ੍ਰਭਾਵਿਤ ਸਨ। ਇਹ ਉਨ੍ਹਾਂ ਵੇਲਿਆਂ ਦੀਆਂ ਗੱਲਾਂ ਹਨ ਜਦੋਂ ਲੋਕਾਂ ਕੋਲ ਸੰਗੀਤ ਮਾਣਨ ਦੇ ਬਹੁਤ ਘੱਟ ਮੌਕੇ ਹੁੰਦੇ ਸਨ। ਉਦੋਂ ਕਿਸੇ ਕੋਲ ਗ੍ਰਾਮੋਫੋਨ ਹੋਣਾ ਬਹੁਤ ਵੱਡੀ ਗੱਲ ਹੁੰਦੀ ਸੀ। ਰੇਡੀਓ ਉਦੋਂ ਆਪਣੇ ਸ਼ੁਰੂਆਤੀ ਦੌਰ ਵਿਚ ਸੀ। ਗ੍ਰਾਮੋਫੋਨ ਵਾਲੀਆਂ ਦੁਕਾਨਾਂ ‘ਤੇ ਵੱਜਦੇ ਰਿਕਾਰਡਾਂ ਨੂੰ ਸੁਣਨ ਲਈ ਬਾਹਰ ਵੱਡੀਆਂ ਭੀੜਾਂ ਜੁੜਦੀਆਂ ਸਨ।
ਮਿੰਟੋ ਪਾਰਕ ਦੇ ਮੈਦਾਨ ਵਿਚ ਸਹਿਗਲ ਦੇ ਪ੍ਰੋਗਰਾਮ ਦੀਆਂ ਟਿਕਟਾਂ ਖਰੀਦਣ ਲਈ ਭੀੜ ਜੁੜੀ ਹੋਈ ਸੀ। ਟਿਕਟ ਦੀ ਕੀਮਤ ਇਕ ਤੋਂ ਪੰਜ ਰੁਪਏ ਸੀ। ਮੈਂ ਟਿਕਟ ਖਿੜਕੀ ਤੱਕ ਪਹੁੰਚਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਨਾਲ ਹੀ ਮੈਨੂੰ ਆਪਣੇ ਨਵੇਂ ਗਰਮ ਸੂਟ ਦਾ ਵੀ ਫ਼ਿਕਰ ਸੀ ਕਿ ਕਿਤੇ ਮੈਲਾ ਨਾ ਹੋ ਜਾਵੇ। ਖ਼ੈਰ, ਮੈਂ ਟਿਕਟ ਲੈਣ ਵਿੱਚ ਸਫਲ ਨਾ ਹੋਇਆ। ਇਸ ਮਗਰੋਂ ਮੇਰੇ ਮਿੱਤਰ ਨੇ ਟਿਕਟ ਲੈਣ ਦੀ ਕੋਸ਼ਿਸ਼ ਕੀਤੀ, ਪਰ ਉਹ ਵੀ ਖਾਲੀ ਹੱਥ ਪਰਤ ਆਇਆ। ਇਸੇ ਦੌਰਾਨ ਕਿਸੇ ਨੇ ਸਾਡੇ ਕੋਲ ਆ ਕੇ ਦੋ ਰੁਪਏ ਵਾਲੀ ਟਿਕਟ ਤਿੰਨ ਰੁਪਏ ਵਿਚ ਦੇਣ ਦੀ ਪੇਸ਼ਕਸ਼ ਕੀਤੀ। ਅਸੀਂ ਫੌਰੀ ਉਸ ਤੋਂ ਟਿਕਟਾਂ ਲੈ ਲਈਆਂ ਅਤੇ ਹਾਲ ਵੱਲ ਭੱਜ ਤੁਰੇ। ਉਥੇ ਟੀਨ ਦੇ ਸ਼ੈੱਡ ਵਾਲੇ ਹਾਲ ਵਿਚ ਆਰਜ਼ੀ ਸਟੇਜ ਉਸਾਰੀ ਗਈ ਸੀ। ਪਹਿਲੀਆਂ ਕੁਝ ਕਤਾਰਾਂ ਵਿਚ ਬੈਠਣ ਲਈ ਕੁਰਸੀਆਂ ਰੱਖੀਆਂ ਗਈਆਂ ਸਨ ਅਤੇ ਉਸ ਤੋਂ ਪਿੱਛੇ ਲੱਕੜੀ ਦੇ ਬੈਂਚ ਰੱਖੇ ਗਏ ਸਨ। ਹਾਲ ਭਰਿਆ ਹੋਇਆ ਸੀ, ਚਾਰੇ ਪਾਸੇ ਖਾਲੀ ਥਾਂ ਉਤੇ ਵੀ ਲੋਕ ਖੜ੍ਹੇ ਸਨ। ਅਸੀਂ ਆਪਣੀ ਟਿਕਟ ਦਿਖਾ ਕੇ ਹਾਲ ਦੇ ਵਿਚਾਲੇ ਬੈਂਚਾਂ ਉਤੇ ਜਾ ਬੈਠੇ। ਸਹਿਗਲ ਨੂੰ ਉਡੀਕਦੀ ਭੀੜ ਬੇਸਬਰ ਹੋ ਰਹੀ ਸੀ ਅਤੇ ਸੀਟੀਆਂ ਮਾਰ ਰਹੀ ਸੀ। ਇਸੇ ਦੌਰਾਨ ਕਾਲੀ ਅਚਕਨ ਅਤੇ ਸਫ਼ੈਦ ਚਮਕਦਾਰ ਪਗੜੀ ਵਾਲਾ ਲੰਮਾ ਬੰਦਾ ਸਟੇਜ ‘ਤੇ ਆਇਆ। ਉਸ ਨੇ ਹੱਥ ਜੋੜਦਿਆਂ ਉਚੀ ਅਤੇ ਦਮਦਾਰ ਆਵਾਜ਼ ਵਿਚ ਦਰਸ਼ਕਾਂ ਨੂੰ ਮੁਖਾਤਬ ਹੁੰਦਿਆਂ ਕਿਹਾ, “ਭੈਣੋਂ ਤੇ ਭਰਾਵੋ (ਹਾਲਾਂਕਿ ਹਾਲ ਵਿਚ ਕੋਈ ਵੀ ਭੈਣ ਮੌਜੂਦ ਨਹੀਂ ਸੀ), ਹੁਣ ਤੁਸੀਂ ਚੋਟੀ ਦੇ ਗਾਇਕ ਕੇ.ਐਲ਼ ਸਹਿਗਲ ਨੂੰ ਸੁਣਨ ਲੱਗੇ ਹੋ। ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਸਾਡਾ ਇਹ ਪੰਜਾਬੀ ਭਰਾ ਇਸ ਪ੍ਰੋਗਰਾਮ ਲਈ ਕਲਕੱਤੇ ਤੋਂ ਇਥੇ ਆਇਆ ਹੈ। ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅੱਜ ਮੁਲਕ ਵਿਚ ਸਹਿਗਲ ਦੇ ਮੁਕਾਬਲੇ ਦਾ ਹੋਰ ਕੋਈ ਗਾਇਕ ਨਹੀਂ। ਹੁਣ ਸਾਰੇ ਚੁੱਪ ਦਾ ਦਾਨ ਬਖਸ਼ੋ, ਮੈਨੂੰ ਹੁਣ ਆਪਣੇ ਮੁਅੱਜ਼ਿਜ਼ ਮਹਿਮਾਨ ਨੂੰ ਮੰਚ ‘ਤੇ ਲਿਆਉਣ ਦੀ ਆਗਿਆ ਦਿਓ।”
ਲੋਕਾਂ ਨੇ ਜਿਸ ਪੁਰਜ਼ੋਰ ਢੰਗ ਨਾਲ ਸਹਿਗਲ ਦਾ ਇਸਤਕਬਾਲ ਕੀਤਾ। ਉਸ ਦਾ ਅਹਿਸਾਸ ਹਾਲ ਬਾਹਰੋਂ ਆ ਰਹੀਆਂ ਜ਼ੋਰਦਾਰ ਆਵਾਜ਼ਾਂ ‘ਕੁੰਦਨ ਲਾਲ ਸਹਿਗਲ ਜ਼ਿੰਦਾਬਾਦ’, ‘ਗਾਨੇ ਕਾ ਬਾਦਸ਼ਾਹ ਜ਼ਿੰਦਾਬਾਦ’ ਤੋਂ ਹੋ ਰਿਹਾ ਸੀ।
ਹਾਰਾਂ ਨਾਲ ਲੱਦੇ ਹੋਏ ਸਹਿਗਲ ਨੂੰ ਪ੍ਰਬੰਧਕਾਂ ਦੀ ਟੋਲੀ ਮੰਚ ‘ਤੇ ਲੈ ਕੇ ਆਈ। ਉਸ ਦਾ ਸਾਥੀ ਵੀ ਉਸ ਨਾਲ ਸੀ। ਸਾਧਾਰਨ ਚਿਹਰੇ-ਮੋਹਰੇ ਵਾਲੇ ਸਹਿਗਲ ਨੇ ਬੰਦ ਗਲੇ ਵਾਲਾ ਸਵੈਟਰ ਤੇ ਟਵੀਡ ਦੀ ਜੈਕੇਟ ਪਾਈ ਹੋਈ ਸੀ। ਉਸ ਦੇ ਸਿਰ ‘ਤੇ ਫੈਲਟ ਕੈਪ ਸੀ। ਉਸ ਦੀ ਸ਼ਖ਼ਸੀਅਤ ਵਿਚਲੀ ਨਰਮੀ ਉਸ ਦਾ ਰੁਮਾਂਟਿਕ ਪ੍ਰਭਾਵ ਸਿਰਜਦੀ ਸੀ।
ਸਹਿਗਲ ਨੇ ਮੰਚ ‘ਤੇ ਆ ਕੇ ਹਾਰਮੋਨੀਅਮ ਸੰਭਾਲਦਿਆਂ ਜਦੋਂ ਗਜ਼ਲ ‘ਲਗ ਗਈ ਚੋਟ ਕਲੇਜਵਾ ਮੇਂ’ ਛੇੜੀ ਤਾਂ ਚਾਰੋਂ ਪਾਸੇ ਚੁੱਪ ਵਰਤ ਗਈ। ਇਸ ਮਗਰੋਂ ਉਸ ਨੇ ਆਪਣੀ ਫ਼ਿਲਮ ‘ਧੂਪ ਛਾਓਂ’ ਦਾ ਲੋਕਪ੍ਰਿਯ ਗੀਤ ‘ਅੰਧੇ ਕੀ ਲਾਠੀ ਹੀ ਹੈ, ਤੂ ਹੀ ਜੀਵਨ ਉਜਿਆਰਾ ਹੈ’ ਸੁਣਾਇਆ। ਗੀਤ ਖਤਮ ਹੋਇਆ ਤਾਂ ਹਾਲ ਵਿਚੋਂ ਚਾਰੇ ਪਾਸਿਓਂ ਵੱਖ-ਵੱਖ ਗੀਤਾਂ ਦੀਆਂ ਫਰਮਾਇਸ਼ਾਂ ਆਉਣ ਲੱਗੀਆਂ। ਸਹਿਗਲ ਨੇ ਰੂਹ ਦੀ ਡੂੰਘਾਈ ‘ਚੋਂ ਗਜ਼ਲਾਂ ‘ਤਸੱਰੁਫ਼ ਅੱਲ੍ਹਾ ਅੱਲ੍ਹਾ ਤੇਰੇ ਮੈਅਖਾਨੇ ਮੇ ਹੈ’, ‘ਲਾਈ ਹਯਾਤ ਆਈ ਕਜ਼ਾ, ‘ਦਿਲ ਸੇ ਤੇਰੀ ਨਿਗਾਹ ਜਿਗਰ ਤਕ ਉਤਰ ਗਈ’ ਆਦਿ ਸੁਣਾਈਆਂ। ਹਰ ਗੀਤ ਤੇ ਗ਼ਜ਼ਲ ਖ਼ਤਮ ਹੋਣ ਮਗਰੋਂ ਜ਼ੋਰਦਾਰ ਤਾੜੀਆਂ ਵੱਜਦੀਆਂ। ਸਹਿਗਲ ਦੀ ਗੂੰਜਦੀ ਤੇ ਖਣਕਦੀ ਆਵਾਜ਼ ਨੇ ਸੰਗੀਤ ਪ੍ਰੇਮੀਆਂ ਦੀ ਰੂਹ ਸਰਸ਼ਾਰ ਕਰ ਦਿੱਤੀ। ਉਸ ਦੀ ਆਵਾਜ਼ ਸੰਗੀਤ ਪ੍ਰੇਮੀਆਂ ਦੇ ਕੰਨਾਂ ‘ਚ ਇਉਂ ਪੈ ਰਹੀ ਸੀ ਜਿਵੇਂ ਸੂਰਜ ਦੀ ਗਰਮੀ ਨਾਲ ਤਪਦੀ ਜ਼ਮੀਨ ਉਤੇ ਤ੍ਰੇਲ ਬੂੰਦਾਂ ਪੈ ਰਹੀਆਂ ਹੋਣ। ਇਸ ਤੋਂ ਮਗਰੋਂ ਉਸ ਨੇ ਆਪਣੀ ਫ਼ਿਲਮ ‘ਦੇਨਾ ਪਾਓਨਾ’ ਦਾ ਗੀਤ ਗਾਇਆ। ਸਹਿਗਲ ਨੇ ਖ਼ੂਬਸੂਰਤ ਗੀਤ ‘ਪੰਛੀ ਕਹੇ’ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ। ਉਸ ਨੇ ਆਪਣੇ ਗੀਤਾਂ ਤੇ ਗ਼ਜ਼ਲਾਂ ਨਾਲ ਸਮਾਂ ਬੰਨ੍ਹ ਦਿੱਤਾ। ਸਹਿਗਲ ਨੂੰ ਰੂਬਰੂ ਸੁਣਨ ਦਾ ਅਹਿਸਾਸ ਹੀ ਵੱਖਰਾ ਸੀ।
ਸਹਿਗਲ ਨੇ ਆਪਣੇ ਜਿਊਂਦੇ ਜੀਅ ਸੰਗੀਤ ਦੀ ਦੁਨੀਆਂ ਵਿਚ ਉਹ ਮੁਕਾਮ ਹਾਸਲ ਕਰ ਲਿਆ ਜੋ ਜੁੱਗਾਂ-ਜੁਗਾਂਤਰਾਂ ਵਿਚ ਕਿਸੇ ਵਿਰਲੇ ਨੂੰ ਹੀ ਮਿਲਦਾ ਹੈ। ਉਸ ਨੂੰ ਦਰਸ਼ਕਾਂ ਦਾ ਜਿੰਨਾ ਪਿਆਰ ਮਿਲਿਆ, ਉਸ ਤੋਂ ਪਹਿਲਾਂ ਅਤੇ ਬਾਅਦ ਸ਼ਾਇਦ ਹੀ ਕਿਸੇ ਹੋਰ ਕਲਾਕਾਰ ਨੂੰ ਮਿਲਿਆ ਹੋਵੇ।