ਅਨੂ ਪਿਸ਼ਾਵਰੀਆ: ਖਿਡਾਰੀ ਤੋਂ ਵਕਾਲਤ ਤੱਕ ਦਾ ਸਫ਼ਰ

ਡੀæਐਸ਼ ਮਾਂਗਟ
ਅਸੀਂ ਇਕੀਵੀਂ ਸਦੀ ਵਿਚੋਂ ਗੁਜ਼ਰ ਰਹੇ ਹਾਂ। ਅਜਿਹੀ ਕੋਈ ਗੱਲ ਨਹੀਂ ਰਹਿ ਗਈ ਜੋ ਮਰਦ ਕਰ ਸਕੇ ਪਰ ਔਰਤ ਨਹੀਂ। ਫਿਰ ਦੋਹਾਂ ਵਿਚਕਾਰ ਲੜਕੇ-ਲੜਕੀ ਵਾਲਾ ਫਰਕ ਕਿਉਂ? ਲੜਕੀਆਂ ਬਾਰੇ ਅਜੇ ਵੀ ਉਹੀ ਪੁਰਾਣੇ ਵਿਚਾਰ ਹਨ ਜੋ ਕਈ ਵਾਰ ਪ੍ਰਤਿਭਾ ਵਾਲੀਆਂ ਕੁੜੀਆਂ ਦੇ ਰਾਹ ਦਾ ਰੋੜਾ ਬਣ ਜਾਂਦੇ ਹਨ ਸਾਡੇ ਭਾਈਚਾਰੇ ਦਾ ਇਹ ਦੁਖਾਂਤ ਰਿਹਾ ਹੈ ਕਿ ਅਸੀਂ ਬੱਚਿਆਂ ਦੀ ਦਿਲਚਸਪੀ ਦੇਖਣ-ਘੋਖਣ ਦੀ ਥਾਂ ਉਨ੍ਹਾਂ ਨੂੰ ਆਪਣੀ ਮਰਜ਼ੀ ਮੁਤਾਬਕ ਢਾਲਣ ਦੀ ਕੋਸ਼ਿਸ਼ ਕਰਦੇ ਹਾਂ। ਸਾਨੂੰ ਇਸ ਰੁਝਾਨ ਨੂੰ ਗਹਿਰ-ਗੰਭੀਰ ਹੋ ਕੇ ਵਿਚਾਰਨ ਦੀ ਲੋੜ ਹੈ ਕਿਉਂਕਿ ਜੋ ਸੰਤੁਸ਼ਟੀ ਆਪਣੇ ਦਿਲਚਸਪੀ ਵਾਲੇ ਵਿਸ਼ੇ ਵਿਚ ਹੋ ਸਕਦੀ ਹੈ, ਉਹ ਮੱਲੋ-ਜ਼ੋਰੀ ਦੇ ਵਿਸ਼ਿਆਂ ਵਿਚ ਨਹੀਂ। ਅੱਜ ਹਰ ਖੇਤਰ ਵਿਚ ਲੜਕੀਆਂ ਵਧ-ਚੜ੍ਹ ਕੇ ਭੂਮਿਕਾ ਨਿਭਾ ਰਹੀਆਂ ਹਨ। ਇਸ ਮਾਮਲੇ ਵਿਚ ਅਟਾਰਨੀ ਅਨੂ ਪਿਸ਼ਾਵਰੀਆ ਦੀ ਮਿਸਾਲ ਦਿੱਤੀ ਜਾ ਸਕਦੀ ਹੈ ਜਿਸ ਨਾਲ ਕੁਝ ਦਿਨ ਪਹਿਲਾਂ ਹੋਈ ਗੱਲਬਾਤ ਦੇ ਮੁੱਖ ਅੰਸ਼ ਹਾਜ਼ਰ ਹਨ:
ਅਨੂ ਜੀ, ਆਪਣੇ ਪਿਛੋਕੜ ਅਤੇ ਤਾਲੀਮ ਬਾਰੇ ਦੱਸੋ?
-ਮੈਂ ਅੰਮ੍ਰਿਤਸਰ ਦੀ ਜੰਮਪਲ ਹਾਂ ਅਤੇ ਉਥੋਂ ਹੀ ਸੇਕਰਡ ਹਾਰਟ ਸਕੂਲ ਤੋਂ ਮੁੱਢਲੀ ਵਿਦਿਆ ਹਾਸਲ ਕਰਨ ਪਿਛੋਂ ਦਿੱਲੀ ਦੇ ਸੇਂਟ ਸਟੀਫਨ ਕਾਲਜ ਤੋਂ ਲਾਅ ਦੀ ਡਿਗਰੀ ਲਈ।
ਤੁਸੀਂ ਪੜ੍ਹਾਈ ਕਰਦਿਆਂ ਖੇਡਾਂ ਵਿਚ ਵੀ ਹਿੱਸਾ ਲੈਂਦੇ ਰਹੇ ਹੋ। ਇਸ ਬਾਰੇ ਕੁਝ ਦੱਸੋ?
-ਮੈਂ ਆਪਣੀ ਵੱਡੀ ਭੈਣ ਕਿਰਨ ਬੇਦੀ, ਜੋ ਕੌਮਾਂਤਰੀ ਪੱਧਰ ਦੀ ਟੈਨਿਸ ਖਿਡਾਰੀ ਰਹੀ ਹੈ, ਤੋਂ ਪ੍ਰਭਾਵਿਤ ਹੋ ਕੇ ਟੈਨਿਸ ਖੇਡਣ ਲੱਗੀ ਅਤੇ 1978 ਤੋਂ 1981 ਤੱਕ ਨੈਸ਼ਨਲ ਖਿਤਾਬ ਜਿੱਤ ਕੇ ਦੇਸ਼ ਦੀ ਅੱਵਲ ਖਿਡਾਰਨ ਬਣੀ। ਸੰਨ 1979 ਵਿਚ ਵਿਬੰਲਡਨ ਗਰੈਂਡ ਸਲੈਮ ਵਿਚ ਪਹਿਲੀ ਭਾਰਤੀ ਮਹਿਲਾ ਟੈਨਿਸ ਖਿਡਾਰਨ ਦੇ ਤੌਰ ‘ਤੇ ਹਿੱਸਾ ਲਿਆ। 1981 ਵਿਚ ਕੈਨੇਡੀਅਨ ਚੈਂਪੀਅਨਸ਼ਿਪ ਜਿੱਤੀ। ਇਸ ਤੋਂ ਬਿਨਾ ਦਿੱਲੀ ਦੀਆਂ ਨੌਵੀਆਂ ਏਸ਼ੀਆਈ ਖੇਡਾਂ ਅਤੇ ਵਿਸ਼ਵ ਯੂਨੀਵਰਸਿਆਡ, ਮੈਕਸੀਕੋ ਵਿਚ ਮੈਡਲ ਹਾਸਲ ਕੀਤਾ।
ਖੇਡਾਂ ਤੋਂ ਵਕਾਲਤ ਵੱਲ ਮੁਹਾਣ ਕਿਵੇਂ ਬਦਲਿਆ?
-ਮੇਰਾ ਨਿਸ਼ਾਨਾ ਹਮੇਸ਼ਾ ਫੈਮਿਲੀ ਲਾਅ ਪ੍ਰੈਕਟਿਸ ਕਰਨਾ ਸੀ ਤਾਂ ਕਿ ਮੈਂ ਭਾਰਤੀ ਨਾਰੀ ਨੂੰ ਉਸ ਦੇ ਢੁੱਕਵੇਂ ਹੱਕ ਦਿਵਾ ਸਕਾਂ। ਇਸੇ ਕਰ ਕੇ ਵਕਾਲਤ ਵੱਲ ਝੁਕਾਅ ਬਣਿਆ।
ਇਸ ਖੇਤਰ ਵਿਚ ਕੋਈ ਅਹਿਮ ਸਫ਼ਲਤਾ?
-ਸੰਨ 1984 ਤੋਂ 1999 ਤੱਕ ਦਿੱਲੀ ਵਿਚ ਵਕਾਲਤ ਕੀਤੀ ਅਤੇ ਸੁਪਰੀਮ ਕੋਰਟ ਵਿਚ ਲੀਗਲ ਸਲਾਹਕਾਰ ਦੀ ਸੇਵਾ ਤਹਿਤ ‘ਵਾਵਾ’ (ਵਾਇਲੈਂਸ ਅਗੇਂਸਟ ਵਿਮੈਨ ਐਕਟ) ਨੂੰ ਮੁੱਖ ਰੱਖਦਿਆਂ ਉਤਰਾ ਖੰਡ ਅਤੇ ਰਾਜੀਵ ਗੌਸ ਮੁੱਦੇ ਮੇਰੀਆਂ ਵੱਡੀਆਂ ਪ੍ਰਾਪਤੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਮੈਂ ਆਪਣੇ ਕੇਸ ਨੂੰ ਮੰਜ਼ਿਲ ਹਾਸਲ ਕਰਨ ਵਾਂਗ ਹੀ ਲੈਂਦੀ ਹਾਂ।
ਅਮਰੀਕਾ ਵਿਚ ਮਾਈਗਰੇਟ ਕਰਨ ਦਾ ਇਰਾਦਾ ਕਦੋਂ ਬਣਿਆ?
-ਮੈਂ ਸੈਂਟਾ ਕਲਾਰਾ ਯੂਨੀਵਰਸਿਟੀ ਅਤੇ ਸਟੈਨਫੋਰਡ ਯੂਨੀਵਰਸਿਟੀ, ਕੈਲੀਫੋਰਨੀਆ ਤੋਂ ਲਾਅ ਦੀ ਪੜ੍ਹਾਈ ਕਰਨ ਪਿਛੋਂ ਇਥੋਂ ਦੀ ਬਾਰ ਐਸੋਸੀਏਸ਼ਨ ਦਾ ਲਾਇਸੈਂਸ ਹਾਸਲ ਕੀਤਾ। ਇਸ ਮਗਰੋਂ ਹੀ ਅਮਰੀਕਾ ਰਹਿਣ ਦਾ ਇਰਾਦਾ ਬਣਾਇਆ ਅਤੇ 1999 ਵਿਚ ਸੈਨ ਫਰਾਂਸਿਸਕੋ ਵਿਚ ਆਫਿਸ ਖੋਲ੍ਹਿਆ। ਮੈਂ ਇਥੇ ਵੀ ਵਕਾਲਤ ਵਿਚ ਰੁਝੀ ਰਹੀ ਹਾਂ ਅਤੇ ਹਰ ਸਾਲ ਨਵੇਂ ਕੇਸਾਂ ਦੇ ਪੂਰ ਲੰਘਾ ਕੇ ਮਨ ਨੂੰ ਤਸੱਲੀ ਹੁੰਦੀ ਰਹੀ ਹੈ ਕਿ ਸਮਾਜ ਲਈ ਕੁਝ ਕਰ ਰਹੀ ਹਾਂ।
ਇਸ ਲੰਮੇ ਸਫਰ ਵਿਚ ਸਫਲਤਾ ਦੀ ਕੋਈ ਮਿਸਾਲ?
-ਮਿਹਨਤ ਤੋਂ ਬਿਨਾ ਕੁਝ ਹਾਸਲ ਨਹੀਂ ਹੋ ਸਕਦਾ। ਹਾਂ, ਮੇਰੀ ਸਫ਼ਲਤਾ ਵਿਚ ਮੇਰੀ ਭੈਣ ਕਿਰਨ ਬੇਦੀ ਦਾ ਬਹੁਤ ਯੋਗਦਾਨ ਹੈ ਜਿਸ ਨੇ ਮੈਨੂੰ ਪਾਲਿਆ-ਪੋਸਿਆ ਅਤੇ ਤਾਲੀਮ ਹਾਸਲ ਕਰਵਾ ਕੇ ਇਸ ਯੋਗ ਬਣਾਇਆ। ਉਹ ਮੇਰੇ ਲਈ ਵੱਡੀ ਭੈਣ ਹੀ ਨਹੀਂ, ਬਲਕਿ ਟੀਚਰ ਅਤੇ ਮਾਂ ਦੇ ਸਮਾਨ ਹੈ। ਅੱਜ ਜਿਸ ਮੁਕਾਮ ‘ਤੇ ਮੈਂ ਪਹੁੰਚੀ ਹਾਂ, ਇਹ ਸਭ ਉਸ ਦੀ ਦੇਣ ਹੈ। ਮੈਂ ਸਮਝਦੀ ਹਾਂ ਕਿ ਇਹ ਸਭ ਹਰ ਲੜਕੀ ਹਾਸਲ ਕਰ ਸਕਦੀ ਹੈ, ਜੇ ਸਮੇਂ ਸਿਰ ਉਸ ਦੀ ਕੋਈ ਉਂਗਲੀ ਫੜ ਲਵੇ।
ਪਰਵਾਸੀਆਂ ਨੂੰ ਇਮੀਗਰੇਸ਼ਨ ਸਬੰਧੀ ਕੀ ਸੁਨੇਹਾ ਦੇਣਾ ਚਾਹੋਗੇ?
-ਮੇਰਾ ਹਮੇਸ਼ਾ ਇਹੋ ਕਹਿਣਾ ਰਿਹਾ ਹੈ ਕਿ ਇਮੀਗਰੇਸ਼ਨ ਸਬੰਧੀ ਠੀਕ ਅਤੇ ਲੀਗਲ ਰਸਤਾ ਅਪਨਾਓ। ਮੈਂ ਹਰ ਪਰਵਾਸੀ ਦਾ ਦਿਲੋਂ ਆਦਰ ਕਰਦੀ ਹਾਂ ਅਤੇ ਉਨ੍ਹਾਂ ਦੀ ਹਰ ਪੱਖੋਂ ਇਕ ਨੈਵੀਗੇਟਰ ਦੇ ਤੌਰ ‘ਤੇ ਮਦਦ ਕਰਦੀ ਰਹਾਂਗੀ। ਇਸੇ ਕਰ ਕੇ ਮੈਂ ਸਿਆਟਲ ਵਿਚ 29 ਮਾਰਚ ਨੂੰ ਆਫਿਸ ਖੋਲ੍ਹ ਰਹੀ ਹਾਂ ਜਿਸ ਦਾ ਉਦਘਾਟਨ ਮੇਰੀ ਭੈਣ ਕਿਰਨ ਬੇਦੀ ਹੀ ਕਰੇਗੀ। ਕਿਸੇ ਨੂੰ ਵੀ ਲੋੜ ਪਵੇ, ਮੇਰੇ ਨਾਲ ਫੋਨ (ਸੈਨ ਫਰਾਂਸਿਸਕੋ) 510-353-0102 ਜਾਂ (ਸਿਆਟਲ) 206-774-0907 ਰਾਹੀਂ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ ਵੈਬਸਾਈਟ ੱੱੱ।ਅਨੁਅਟਟੋਰਨਏ।ਚੋਮ ਰਾਹੀਂ ਵੀ ਜਾਣਕਾਰੀ ਮਿਲ ਸਕਦੀ ਹੈ।
ਤੁਸੀਂ ਸਿੱਧ ਕਰ ਦਿਖਾਇਆ ਹੈ ਕਿ ਲੜਕੀਆਂ ਕਮਜ਼ੋਰ ਨਹੀਂ ਹੁੰਦੀਆਂ। ਸਵੈਵਿਸ਼ਵਾਸ ਇਨ੍ਹਾਂ ਲਈ ਬੇਅੰਤ ਰਾਹ ਖੋਲ੍ਹਦਾ ਹੈ।
-ਬਿਲਕੁਲ! ਲੜਕੀਆਂ ਨੂੰ ਆਤਮ-ਨਿਰਭਰ ਹੋਣ ਦੀ ਪ੍ਰੇਰਨਾ ਦੇਣ ਅਤੇ ਆਤਮ-ਨਿਰਭਰ ਬਣਾਉਣ ਵਿਚ ਕੋਈ ਢਿੱਲ ਨਹੀਂ ਰੱਖਣੀ ਚਾਹੀਦੀ। ਇਹ ਸਾਡਾ ਸਭ ਦਾ ਫਰਜ਼ ਹੈ।

Be the first to comment

Leave a Reply

Your email address will not be published.