ਬਰਗਾੜੀ ਮੋਰਚੇ ਨੇ ਦਿੱਤੇ ਨਵੀਂ ਸਿਆਸੀ ਸਫਬੰਦੀ ਦੇ ਸੰਕੇਤ

ਚੰਡੀਗੜ੍ਹ: ਪੰਜਾਬ ਵਿਚ ਨਵੀਂ ਸਿਆਸੀ ਸਫਬੰਦੀ ਦੇ ਸੰਕੇਤ ਮਿਲੇ ਹਨ। ਬਰਗਾੜੀ ਵਿਚ ਲੋਕਾਂ ਦੇ ਆਪ ਮੁਹਾਰੇ ਇਕੱਠ ਨੇ ਇਹ ਸਾਫ ਕਰ ਦਿੱਤਾ ਹੈ ਕਿ ਅਗਾਮੀ ਚੋਣਾਂ ਵਿਚ ਪੰਜਾਬ ਦੇ ਲੋਕ ਰਵਾਇਤੀ ਧਿਰਾਂ (ਕਾਂਗਰਸ ਤੇ ਅਕਾਲੀ ਦਲ) ਨੂੰ ਦਰਕਿਨਾਰ ਕਰ ਕੇ ਤੀਜੇ ਬਦਲ ਦੀ ਭਾਲ ਵਿਚ ਜੁਟ ਗਏ ਹਨ। ਦਰਅਸਲ, ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਕਾਂਗਰਸ ਤੇ ਅਕਾਲੀ ਦਲ ਨੇ ਆਪਣੀ ਤਾਕਤ ਵਿਖਾਉਣ ਲਈ ਇਕ-ਦੂਜੇ ਦੇ ਜੱਦੀ ਹਲਕਿਆਂ ਵਿਚ ਰੈਲੀਆਂ ਰੱਖੀਆਂ ਸਨ। ਇਸੇ ਦਿਨ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਚ

ਮੋਰਚਾ ਲਾਈ ਬੈਠੀਆਂ ਪੰਥਕ ਧਿਰਾਂ ਨੇ ਰੋਸ ਮਾਰਚ ਦਾ ਐਲਾਨ ਕੀਤਾ ਸੀ ਅਤੇ ਬਰਗਾੜੀ ਮੋਰਚੇ ਨੇ ਇਕੱਠ ਪੱਖੋਂ ਸਾਰੇ ਰਿਕਾਰਡ ਤੋੜ ਦਿੱਤੇ। ਸਿਆਸੀ ਮਾਹਿਰ ਪੰਜਾਬ ਵਿਚ ਇਸ ਨੂੰ ਤੀਜੇ ਬਦਲ ਵਜੋਂ ਵੇਖ ਰਹੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮੋਰਚੇ ਨੂੰ ਆਮ ਆਦਮੀ ਪਾਰਟੀ ਸਮੇਤ ਲੋਕ ਇਨਸਾਫ ਪਾਰਟੀ ਦੀ ਖੁੱਲ੍ਹੀ ਹਮਾਇਤ ਰਹੀ। ਇਸ ਤੋਂ ਸਾਫ ਹੈ ਕਿ ਭਵਿਖ ਵਿਚ ਇਹ ਸਾਰੀਆਂ ਧਿਰਾਂ ਰਵਾਇਤੀ ਸਿਆਸਤ ਖਿਲਾਫ ਸਿਰ ਜੋੜ ਸਕਦੀਆਂ ਹਨ।
ਬਰਗਾੜੀ ਇਕੱਠ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਲੋਕਾਂ ਵਿਚ ਜਿਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਪਿਛਲੀ ਅਕਾਲੀ ਸਰਕਾਰ ਵਿਰੁਧ ਗੁੱਸਾ ਤੇ ਨਫਰਤ ਹੈ, ਉਥੇ ਸੱਤਾ ਧਿਰ ਕਾਂਗਰਸ ਪ੍ਰਤੀ ਵੀ ਕਾਫੀ ਨਾਰਾਜ਼ਗੀ ਹੈ। ਡੇਢ ਸਾਲ ਪਹਿਲਾਂ ਜਿਸ ਧਿਰ (ਕਾਂਗਰਸ) ਨੂੰ ਪੰਜਾਬ ਵਿਚ ਭਾਰੀ ਸਮਰਥਨ ਮਿਲਿਆ ਸੀ, ਉਸ ਤੋਂ ਹੁਣ ਮਨ ਭਰ ਗਿਆ ਹੈ। ਸਿਆਸੀ ਮਾਹਰਾਂ ਮੁਤਾਬਕ ਬਰਗਾੜੀ ਵਿਚ ਲੋਕਾਂ ਦਾ ਆਪ ਮੁਹਾਰੇ ਇਕੱਠਾ ਹੋਣਾ ਕਾਂਗਰਸ ਸਰਕਾਰ ਨਾਲੋਂ ਸ਼੍ਰੋਮਣੀ ਅਕਾਲੀ ਦਲ ਲਈ ਵਧੇਰੇ ਚਿੰਤਾ ਦਾ ਵਿਸ਼ਾ ਹੈ। ਇਹ ਇਕੱਠ ਨਾ ਸਿਰਫ ਲੋਕ ਸਭਾ ਚੋਣਾਂ ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਮੇਂ ਅਕਾਲੀ ਦਲ ਲਈ ਵੱਡੀ ਸਿਰਦਰਦੀ ਬਣ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੋਲੀਬਾਰੀ ਵਿਚ ਦੋ ਸਿੱਖਾਂ ਦੀ ਮੌਤ ਅਤੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦੇ ਮੁੱਦਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿਚ ਪਹਿਲਾਂ ਹੀ ਤਿੱਖੇ ਮਤਭੇਦ ਜਨਤਕ ਹੋ ਚੁੱਕੇ ਹਨ। ਮਾਝੇ ਦੀ ਲੀਡਰਸ਼ਿਪ ਅਤੇ ਕੁਝ ਟਕਸਾਲੀ ਆਗੂਆਂ ਵਲੋਂ ਪਟਿਆਲਾ ਰੈਲੀ ਵਿਚ ਨਾ ਆਉਣ ਦੇ ਫੈਸਲੇ ਨੇ ਵੀ ਅਕਾਲੀ ਲੀਡਰਸ਼ਿਪ ਲਈ ਤਕੜੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ।
ਇਸ ਸਮੇਂ ਅਕਾਲੀ ਦਲ ਨੂੰ ਅੰਦਰੂਨੀ ਤੇ ਬਾਹਰੀ, ਦੋਵਾਂ ਪਾਸਿਆਂ ਤੋਂ ਮਾਰ ਪੈ ਰਹੀ ਹੈ। ਪਾਰਟੀ ਦੇ ਟਕਸਾਲੀ ਨੇਤਾਵਾਂ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਰਮਿਆਨ ਖਿੱਚੀ ਗਈ ਲਕੀਰ ਹੀ ਭਾਰੂ ਨਹੀਂ ਪੈ ਰਹੀ ਸਗੋਂ ਅਕਾਲੀ ਦਲ ਦਾ ਮੁੱਖ ਵੋਟ ਬੈਂਕ (ਸਿੱਖ) ਵੀ ਨਜ਼ਦੀਕ ਹੋਣ ਦੀ ਥਾਂ ਦੂਰ ਜਾ ਰਿਹਾ ਹੈ। ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਚੁਣੌਤੀਆਂ ਖੜ੍ਹੀਆਂ ਹੋਣ ਕਾਰਨ ਬਾਦਲ ਖੇਮੇ ਵਿਚ ਘਬਰਾਹਟ ਹੈ। ਬਰਗਾੜੀ ਇਕੱਠ ਨੇ ਅਕਾਲੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਹ ਵੀ ਚਰਚਾ ਹੈ ਕਿ ਕੁਝ ਨੇਤਾ 7 ਅਕਤੂਬਰ ਦੀ ਪਟਿਆਲਾ ਰੈਲੀ ਤੱਕ ਚੁੱਪ ਸਨ ਤੇ ਮਾਝੇ ਦੇ ਨੇਤਾਵਾਂ ਵੱਲੋਂ ਵੀ ਕੁਝ ਦਿਨਾਂ ਦੌਰਾਨ ਅਹਿਮ ਫੈਸਲੇ ਲਏ ਜਾਣ ਦੇ ਆਸਾਰ ਹਨ। ਸੁਖਦੇਵ ਸਿੰਘ ਢੀਂਡਸਾ ਵੱਲੋਂ ਪਹਿਲਾਂ ਹੀ ਸਕੱਤਰ ਜਨਰਲ ਅਤੇ ਹੋਰਨਾਂ ਅਹੁਦਿਆਂ ਤੋਂ ਅਸਤੀਫਾ ਦਿੱਤਾ ਜਾ ਚੁੱਕਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਨੇਤਾਵਾਂ ਦਰਮਿਆਨ ਪੀੜ੍ਹੀ ਪਾੜਾ (ਜੈਨਰੇਸ਼ਨ ਗੈਪ) ਹੋਣ ਕਰ ਕੇ ਵੀ ਲਕੀਰ ਖਿੱਚੀ ਜਾ ਰਹੀ ਹੈ। ਅਕਾਲੀ ਦਲ ਵਲੋਂ ਬੇਅਦਬੀ ਅਤੇ ਗੋਲੀ ਕਾਂਡ ਦੇ ਦੋਸ਼ਾਂ ਨੂੰ ਧੋਣ ਲਈ ਰੈਲੀਆਂ ਦੀ ਮੁਹਿੰਮ ਸ਼ੁਰੂ ਕੀਤੀ ਸੀ, ਜੋ ਕਾਮਯਾਬ ਹੁੰਦੀ ਨਹੀਂ ਦਿਸਦੀ। ਅਕਾਲੀ ਹਲਕਿਆਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਅੰਦਰੂਨੀ ਅਤੇ ਬਾਹਰੀ ਸੰਕਟ ਜ਼ਿਆਦਾ ਗੰਭੀਰ ਹੋ ਸਕਦਾ ਹੈ, ਕਿਉਂਕਿ ਪੰਜਾਬ ਦੀ ਰਾਜਨੀਤੀ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਉਸੇ ਘਟਨਾ ਨਾਲ ਜੁੜੇ ਦੋ ਪੁਲਿਸ ਗੋਲੀ ਕਾਂਡਾਂ (ਬਹਿਬਲ ਕਲਾਂ ਅਤੇ ਕੋਟਕਪੂਰਾ) ਦਾ ਸਪਸ਼ਟ ਪਰਛਾਵਾਂ ਦੇਖਿਆ ਜਾ ਸਕਦਾ ਹੈ। ‘ਬਰਗਾੜੀ’ ਪੰਜਾਬ ਦੇ ਸਿਆਸੀ ਨਕਸ਼ੇ ‘ਤੇ ਅਜਿਹੇ ਪਿੰਡ ਵਜੋਂ ਉਭਰ ਕੇ ਸਾਹਮਣੇ ਆਉਣ ਲੱਗਾ ਹੈ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰਨਾਂ ਸਿੱਖ ਸੰਸਥਾਵਾਂ ਦਾ ਕੰਟਰੋਲ ਕਰਦੀ ਆ ਰਹੀ ‘ਪੰਥਕ ਪਾਰਟੀ’ ਲਈ ਡਰਾਉਣਾ ਬਣਦਾ ਜਾ ਰਿਹਾ ਹੈ।
____________________________________
ਬਾਦਲਾਂ ਨੂੰ ਆਈ ਟਕਸਾਲੀ ਆਗੂਆਂ ਦੀ ਯਾਦ
ਪਾਰਟੀ ਵਿਚ ਉਠੀਆਂ ਬਾਗੀ ਸੁਰਾਂ ਪਿੱਛੋਂ ਬਾਦਲਾਂ ਨੂੰ ਟਕਸਾਲੀ ਆਗੂਆਂ ਦੇ ਮਾਣ ਸਨਮਾਨ ਦੀ ਯਾਦ ਆ ਗਈ ਹੈ। ਪਟਿਆਲਾ ਰੈਲੀ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤਰ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਹੀ ਸਲਾਹ ਦਿੱਤੀ ਕਿ ਟਕਸਾਲੀ ਲੀਡਰਾਂ ਨੂੰ ਲੱਭ ਕੇ ਸੂਚੀਆਂ ਬਣਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਰੈਲੀ ਵਿਚ ਸੰਬੋਧਨ ਦੌਰਾਨ ਆਖਿਆ, ਉਹ (ਬਾਦਲ) ਸੁਖਬੀਰ ਨੂੰ ਅਪੀਲ ਕਰਦੇ ਹਨ ਕਿ ਇਕ ਰੈਲੀ ਦੁਆਬਾ ਅਤੇ ਇਕ ਮਾਝਾ ਵਿਚ ਕੀਤੀ ਜਾਵੇ। ਉਨ੍ਹਾਂ ਨਾਲ ਜਾਂ ਉਨ੍ਹਾਂ ਤੋਂ ਪਹਿਲਾਂ ਜੇਲ੍ਹਾਂ ਕੱਟਣ ਵਾਲੇ ਟਕਸਾਲੀ ਅਕਾਲੀ ਲੀਡਰਾਂ ਨੂੰ ਵੱਡਾ ਸਮਾਗਮ ਕਰ ਕੇ ਸਨਮਾਨਤ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਪੰਜਾਬ ‘ਚ ਟਕਸਾਲੀ ਅਕਾਲੀ ਲੀਡਰ ਆਪਣੀ ਪਾਰਟੀ ਦੀ ਹਾਈ ਕਮਾਨ ਤੋਂ ਖਫਾ ਹਨ। ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਦੀਆਂ ਜ਼ਿੰਮੇਵਾਰੀਆਂ ਤੋਂ ਫਾਰਗ ਹੋਣ ਤੋਂ ਬਾਅਦ ਮਾਝੇ ਦੇ ਵੱਡੇ ਅਕਾਲੀ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ, ਡਾæ ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਨੇ ਪਾਰਟੀ ਦੀ ਇਸ ਰੈਲੀ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਸੀ।