ਵਿਦਿਆਰਥਣਾਂ ਦੀ ਹੜਤਾਲ ਅਤੇ ਉਚ-ਅਧਿਕਾਰੀਆਂ ਦੀ ਬੇਰੁਖੀ

ਡਾ. ਗੁਰਨਾਮ ਕੌਰ, ਕੈਨੇਡਾ
ਪ੍ਰੋਫੈਸਰ, ਰਿਟਾਇਰਡ
ਪੰਜਾਬੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਵੱਲੋਂ ਲੜਕੀਆਂ ਦੇ ਹੋਸਟਲਾਂ ਨੂੰ ਲੜਕਿਆਂ ਦੀ ਤਰ੍ਹਾਂ ਹੀ 24 ਘੰਟੇ ਖੁੱਲ੍ਹਾ ਰੱਖਣ ਦੀ ਮੰਗ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ ਨੂੰ 20 ਦਿਨ ਤੋਂ ਵੀ ਉਪਰ ਹੋ ਗਏ ਹਨ| ਏਨੇ ਦਿਨ ਲੰਘ ਜਾਣ ‘ਤੇ ਵੀ ਉਚ-ਅਧਿਕਾਰੀਆਂ ਵੱਲੋਂ ਇਸ ਮੰਗ ਨੂੰ ਲੈ ਕੇ ਸਮੇਂ ਬਾਰੇ ਕਿਸੇ ਕਿਸਮ ਦਾ ਹੱਲ ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ| ਇਸ ਦੇ ਨਾਲ ਹੀ ਅਖਬਾਰਾਂ ਦੀ ਖਬਰ ਅਨੁਸਾਰ ਫਿਜੀਕਲ ਐਜੂਕੇਸ਼ਨ ਵਿਭਾਗ ਦੇ ਮੁਖੀ ਨਿਸ਼ਾਨ ਸਿੰਘ, ਜੋ ਕਿ ਪਰੋਵੋਸਟ ਦੀ ਪੋਸਟ ‘ਤੇ ਵੀ ਤਾਇਨਾਤ ਹਨ, ਦੀ ਡੀ. ਐਸ਼ ਓ. ਦੀ ਕਿਸੇ ਵਿਦਿਆਰਥਣ ਨਾਲ ਤਕਰਾਰ ਨੂੰ ਲੈ ਕੇ ਵਿਦਿਆਰਥੀਆਂ ਦੇ ਦੋ ਗੁੱਟਾਂ ਵਿਚ ਝਗੜਾ ਹੋ ਗਿਆ ਜਿਸ ਵਿਚ ਕਿਰਪਾਨਾਂ, ਹਾਕੀਆਂ, ਸੋਟੇ, ਇੱਟਾਂ-ਵੱਟੇ ਖੂਬ ਵਰਤੇ ਗਏ ਅਤੇ ਕਈ ਵਿਦਿਆਰਥੀ ਅਤੇ ਵਿਦਿਆਰਥਣਾਂ ਫੱਟੜ ਹੋ ਗਏ|

ਇਲਜ਼ਾਮ ਇਹ ਵੀ ਹੈ ਕਿ ਹੜਤਾਲ ਕਰ ਰਹੇ ਵਿਦਿਆਰਥੀ/ਵਿਦਿਆਰਥਣਾਂ ‘ਤੇ ਸੌ ਕੁ ਬੰਦਿਆਂ ਦੇ ਗਰੁੱਪ ਵੱਲੋਂ ਹਮਲਾ ਇੱਕ ਯੋਜਨਾਬੱਧ ਤਰੀਕੇ ਨਾਲ ਜਾਣ-ਬੁੱਝ ਕੇ ਕੀਤਾ ਜਾਂ ਕਰਾਇਆ ਗਿਆ ਹੈ| ਖਬਰਾਂ ਅਨੁਸਾਰ ਯੂਨੀਵਰਸਿਟੀ ਦੋ ਦਿਨ ਲਈ ਬੰਦ ਕਰ ਦਿੱਤੀ ਗਈ ਤੇ ਸੁਰੱਖਿਆ ਲਈ ਪੁਲਿਸ ਸੱਦੀ ਗਈ| ਸਿਤਮ-ਜ਼ਰੀਫੀ ਇਹ ਹੈ ਕਿ ਪੰਜਾਬੀ ਯੂਨੀਵਰਸਿਟੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮਹਾਰਾਣੀ ਪ੍ਰਨੀਤ ਕੌਰ, ਜੋ ਕਈ ਵਾਰ ਯੂਨੀਵਰਸਿਟੀ ਦੀ ਸਿੰਡੀਕੇਟ ਦੇ ਮੈਂਬਰ ਵੀ ਰਹਿ ਚੁਕੇ ਹਨ, ਡਾ. ਧਰਮਵੀਰ ਗਾਂਧੀ, ਜੋ ਮੌਜੂਦਾ ਪਾਰਲੀਮੈਂਟ ਮੈਂਬਰ ਵੀ ਹਨ ਅਤੇ ਡਾਕਟਰ ਹੋਣ ਦੇ ਨਾਲ ਨਾਲ ਇੱਕ ਤਕੜੇ ਸਮਾਜ ਸੇਵਕ ਵਜੋਂ ਵੀ ਜਾਣੇ ਜਾਂਦੇ ਹਨ, ਦੇ ਸ਼ਾਹੀ ਸ਼ਹਿਰ ਵਿਚ ਸਥਿਤ ਹੈ| ਇਹ ਬਿਲਕੁਲ ਹੀ ਅਚੰਭੇ ਵਾਲੀ ਗੱਲ ਹੈ ਕਿ ਇਸ ਸਭ ਕੁਝ ਦੇ ਬਾਵਜੂਦ ਉੱਚ-ਅਧਿਕਾਰੀ ਕੁੜੀਆਂ ਦੀਆਂ ਮੰਗਾਂ ਪ੍ਰਤੀ ਏਨੇ ਸੰਵੇਦਨਾਰਹਿਤ ਕਿਵੇਂ ਹੋ ਸਕਦੇ ਹਨ?
ਮੈਨੂੰ ਅੱਜ ਤੋਂ ਕੋਈ ਪੌਣੇ ਕੁ ਪੰਜਾਹ ਸਾਲ ਪਹਿਲਾਂ (1967-69) ਦਾ ਵਾਕਿਆ ਯਾਦ ਆ ਗਿਆ, ਜਦ ਮੈਂ ਹਰਿਆਣੇ ਦੀ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਫਿਲਾਸਫੀ ਦੀ ਮਾਸਟਰ ਡਿਗਰੀ ਕਰ ਰਹੀ ਸਾਂ ਅਤੇ ਪੰਜਾਬ ਨੂੰ ਵੰਡ ਕੇ ਹਿਮਾਚਲ ਅਤੇ ਹਰਿਆਣਾ ਪ੍ਰਾਂਤ ਨਵੇਂ ਨਵੇਂ ਹੋਂਦ ਵਿਚ ਆਏ ਸਨ| ਐਮ. ਏ. ਦੇ ਪਹਿਲੇ ਸਾਲ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੀ ਸਾਂਝੀ ਹੜਤਾਲ ਹੋ ਗਈ। ਉਦੋਂ ਪੰਜਾਬ ਵਿਚ ਵਿਦਿਅਕ ਸੰਸਥਾਵਾਂ ਵਿਚ ਪੀ. ਐਸ਼ ਯੂ. ਦੀ ਚੜ੍ਹਾਈ ਸੀ| ਇਹ ਹੜਤਾਲ ਕੁਝ ਕੁ ਵਿਦਿਆਰਥੀ ਮੰਗਾਂ ਨੂੰ ਲੈ ਕੇ ਕੀਤੀ ਗਈ ਸੀ| ਉਦੋਂ ਦੇ ਵਾਈਸ ਚਾਂਸਲਰ ਨੇ ਵਿਦਿਆਰਥੀਆਂ ਨਾਲ ਕੋਈ ਗੱਲਬਾਤ ਕਰਨ ਦੀ ਥਾਂ ਹੜਤਾਲ ਦੇ ਕੁਝ ਹੀ ਦਿਨਾਂ ਬਾਅਦ ਕੈਂਪਸ ਵਿਚ ਪੁਲਿਸ ਬੁਲਾ ਲਈ, ਜਿਸ ਨੇ ਜੋ ਲੜਕਾ ਜਿੱਥੇ ਵੀ ਹੱਥ ਆਇਆ, ਉਸ ਦੀ ਮਾਰ-ਕੁਟਾਈ ਕਰਨੀ ਸ਼ੁਰੂ ਕਰ ਦਿੱਤੀ| ਵਿਦਿਆਰਥੀਆਂ ਨੇ ਵੀ ਆਪਣੇ ਬਚਾਓ ਲਈ ਹੋਸਟਲ ਦੇ ਨੇੜੇ ਬੀਜੇ ਗੋਭੀ ਦੇ ਖੇਤ ਵਿਚੋਂ ਗੋਭੀ ਪੁੱਟ ਪੁੱਟ ਕੇ ਹੀ ਪੁਲਿਸ ਵੱਲ ਮਾਰਨੀ ਸ਼ੁਰੂ ਕਰ ਦਿੱਤੀ| ਸ਼ਾਮ ਦੇ ਚਾਰ ਵਜੇ ਲੜਕੇ, ਲੜਕੀਆਂ-ਸਭ ਨੂੰ ਹੋਸਟਲ ਖਾਲੀ ਕਰ ਦੇਣ ਦੇ ਹੁਕਮ ਚਾੜ੍ਹ ਦਿੱਤੇ ਗਏ|
ਉਨ੍ਹਾਂ ਦਿਨਾਂ ਵਿਚ ਕੁਰੂਕਸ਼ੇਤਰ ਤੋਂ ਬੱਸਾਂ ਰਾਹੀਂ ਜਾਣ-ਆਉਣ ਦੀ ਸਹੂਲਤ ਬਹੁਤ ਹੀ ਘੱਟ ਸੀ ਅਤੇ ਆਮ ਤੌਰ ‘ਤੇ ਕਿਸੇ ਪਾਸੇ ਵੀ ਜਾਣ ਲਈ ਟਰੇਨ ਹੀ ਲੈਣੀ ਪੈਂਦੀ ਸੀ| ਜਿਨ੍ਹਾਂ ਕੁੜੀਆਂ ਦਾ ਕੋਈ ਭਰਾ ਜਾਂ ਹੋਰ ਰਿਸ਼ਤੇਦਾਰ ਮੁੰਡਾ ਪੜ੍ਹਦਾ ਸੀ, ਉਹ ਤਾਂ ਫਿਰ ਵੀ ਔਖੀਆਂ ਸੌਖੀਆਂ ਘਰੀਂ ਪਹੁੰਚਣ ਵਿਚ ਸਫਲ ਹੋ ਗਈਆਂ ਪਰ ਦੂਰ-ਦੁਰਾਡੇ ਦੀਆਂ ਜਿਨ੍ਹਾਂ ਕੁੜੀਆਂ ਦਾ ਕੋਈ ਰਿਸ਼ਤੇਦਾਰ ਨਹੀਂ ਸੀ ਤੇ ਟਰੇਨ ਦਾ ਸਮਾਂ ਵੀ ਨਹੀਂ ਸੀ, ਉਨ੍ਹਾਂ ਨੂੰ ਰੇਲਵੇ ਸਟੇਸ਼ਨ ‘ਤੇ ਬੈਠ ਕੇ ਟਰੇਨਾਂ ਦੇ ਇੰਤਜ਼ਾਰ ਵਿਚ ਰਾਤ ਕੱਟਣੀ ਪਈ| ਇਸ ਤਰ੍ਹਾਂ ਬਹੁਤੀਆਂ ਕੁੜੀਆਂ ਨੇ ਰਾਤ ਰੇਲਵੇ ਸਟੇਸ਼ਨ ‘ਤੇ ਗਰੁਪਾਂ ਵਿਚ ਬੈਠ ਕੇ ਗੁਜ਼ਾਰੀ| ਅਜਿਹੇ ਸਮਿਆਂ ‘ਤੇ ਉਚ-ਅਧਿਕਾਰੀਆਂ ਦੇ ਦਿਮਾਗ ਵਿਚੋਂ ਲੜਕੀਆਂ ਦੀ ਸੁਰੱਖਿਆ ਦੀ ਭਾਵਨਾ ਖੰਭ ਲਾ ਕੇ ਕਿੱਥੇ ਉਡ ਜਾਂਦੀ ਹੈ? ਉਦੋਂ ਉਹ ਵੇਲੇ-ਕੁਵੇਲੇ ਦੀ ਗੱਲ ਕਿਉਂ ਨਹੀਂ ਸੋਚਦੇ?
ਇਸੇ ਤਰ੍ਹਾਂ ਐਮ. ਏ. ਦੇ ਦੂਸਰੇ ਸਾਲ ਦਾ ਵਾਕਿਆ ਹੈ ਕਿ ਇਕਨਾਮਿਕਸ ਵਿਭਾਗ ਦੀ ਆਖਰੀ ਵਰ੍ਹੇ ਦੀ ਵਿਦਿਆਰਥਣ ਵਿਭਾਗਾਂ ਸਾਹਮਣੇ ਬਣੇ ਵਰਾਂਡੇ ਵਿਚੋਂ ਲੰਘ ਰਹੀ ਸੀ ਕਿ ਜਿਓਗਰਾਫੀ ਵਿਭਾਗ ਦਾ ਇੱਕ ਐਮ. ਏ. ਦੇ ਪਹਿਲੇ ਸਾਲ ਦਾ ਵਿਦਿਆਰਥੀ ਉਸ ਲੜਕੀ ਵਿਚ ਅਚਾਨਕ ਜਾਂ ਰੱਬ ਜਾਣੇ ਜਾਣ-ਬੁੱਝ ਕੇ ਟਕਰਾ ਗਿਆ ਤੇ ਵਿਦਿਆਰਥਣ ਦੀ ਬਾਂਹ ‘ਤੇ ਰੱਖੀਆਂ ਕਿਤਾਬਾਂ, ਜੋ ਉਹ ਲਾਇਬ੍ਰੇਰੀ ਵਿਚੋਂ ਕਢਾ ਕੇ ਲਿਆਈ ਸੀ, ਭੁੰਜੇ ਡਿਗ ਪਈਆਂ, ਜਿਸ ‘ਤੇ ਉਸ ਨੇ ਲੜਕੇ ਨੂੰ ਕਿਹਾ, “ਅੰਧੇ ਹੋ? ਦਿਖਾਈ ਨਹੀਂ ਦੇਤਾ, ਸਾਰੀ ਕਿਤਾਬੇਂ ਗਿਰਾ ਦੀਂ?” ਮੁੰਡੇ ਨੇ ਪੈਂਦੀ ਸੱਟੇ ਕੁੜੀ ਦੇ ਥੱਪੜ ਮਾਰ ਦਿੱਤਾ|
ਕੁਦਰਤੀ ਹੈ ਕਿ ਇਹ ਬਹੁਤ ਹੀ ਬੇਇੱਜਤੀ ਵਾਲਾ ਕਾਰਾ ਮੰਨਿਆ ਗਿਆ ਕਿ ਕੋਈ ਲੜਕਾ ਕਿਸੇ ਵਿਦਿਆਰਥਣ ਦੇ ਥੱਪੜ ਮਾਰੇ, ਜੋ ਉਸ ਦੀ ਸੀਨੀਅਰ ਵੀ ਹੋਵੇ ਅਤੇ ਕਸੂਰ ਵੀ ਮੁੰਡੇ ਦਾ ਆਪਣਾ ਹੋਵੇ| ਕੁੜੀ ਨੇ ਹੋਸਟਲ ਪਹੁੰਚ ਕੇ ਵਾਰਡਨ ਨਾਲ ਵੀ ਗੱਲ ਕੀਤੀ ਅਤੇ ਕਾਮਨ ਰੂਮ ਵਿਚ ਸੱਦ ਕੇ ਕੁੜੀਆਂ ਨਾਲ ਵੀ ਗੱਲ ਕੀਤੀ| ਕੁੜੀਆਂ ਉਦੋਂ ਹੀ ਇਕੱਠੀਆਂ ਹੋ ਕੇ ਯੂਨੀਵਰਸਿਟੀ ਪਰੋਵੋਸਟ ਡਾ. ਮੁਕਰਜੀ ਨੂੰ ਮਿਲੀਆਂ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਵੀ ਕਿ ਲੜਕੇ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇ| ਕੋਈ ਕਾਰਵਾਈ ਨਾ ਹੋਣ ‘ਤੇ ਕੁੜੀਆਂ ਨੇ ਹੜਤਾਲ ਕਰ ਦਿੱਤੀ|
ਕੁਰੂਕਸ਼ੇਤਰ ਯੂਨੀਵਰਸਿਟੀ ਨੂੰ ਜਾਂਦੀ ਮੁੱਖ ਸੜਕ (ਪਿਹੋਵਾ-ਪਿੱਪਲੀ) ‘ਤੇ ਤਿੰਨ ਗੇਟ ਲੱਗੇ ਹੋਏ ਸਨ (ਯੂਨੀਵਰਸਿਟੀ ਦਾ ਖੇਤਰਫਲ ਬਹੁਤ ਵੱਡਾ ਹੈ) ਜੋ ਆਉਣ-ਜਾਣ ਲਈ ਖੁੱਲ੍ਹੇ ਹੁੰਦੇ ਸਨ| ਵਿਦਿਆਰਥਣਾਂ ਨੇ ਏਕਾ ਕਰਕੇ ਗਰੁਪ ਬਣਾ ਲਏ ਅਤੇ ਤਿੰਨਾਂ ਗੇਟਾਂ ‘ਤੇ ਕੁੜੀਆਂ ਦਾ ਪਹਿਰਾ ਲਾ ਦਿੱਤਾ ਤਾਂ ਕਿ ਕੋਈ ਵੀ ਵਿਦਿਆਰਥੀ, ਲੜਕਾ ਜਾਂ ਲੜਕੀ ਯੂਨੀਵਰਸਿਟੀ ਦੇ ਅੰਦਰ ਕਲਾਸਾਂ ਲਾਉਣ ਨਾ ਜਾ ਸਕੇ ਅਤੇ ਵਿਭਾਗਾਂ ਅੱਗੇ ਵੀ ਡਿਊਟੀਆਂ ਲਾ ਦਿੱਤੀਆਂ| ਕੁੜੀਆਂ ਨੇ ਸਾਂਝੇ ਤੌਰ ‘ਤੇ ਫੈਸਲਾ ਕਰਕੇ ਵਿਦਿਆਰਥੀ ਯੂਨੀਅਨ ਜਾਂ ਲੜਕਿਆਂ ਨੂੰ ਆਪਣੀ ਹੜਤਾਲ ਤੋਂ ਪਾਸੇ ਰੱਖਿਆ ਤਾਂ ਕਿ ਲੜਕੇ ਦੇ ਹੱਕ ਜਾਂ ਵਿਰੋਧ ਵਿਚ ਲੜਕਿਆਂ ਵਿਚ ਕੋਈ ਧੜੇਬਾਜੀ ਨਾ ਉਭਰੇ|
ਕੁੜੀਆਂ ਦੀ ਮੰਗ ਬਹੁਤ ਸਾਧਾਰਨ ਅਤੇ ਜਾਇਜ਼ ਸੀ ਕਿ ਲੜਕਾ ਜਨਤਕ ਤੌਰ ‘ਤੇ ਲੜਕੀਆਂ ਦੀ ਇਕੱਤਰਤਾ ਸਾਹਮਣੇ ਸਬੰਧਤ ਕੁੜੀ ਤੋਂ ਮੁਆਫੀ ਮੰਗੇ| ਮੁੰਡੇ ਨੂੰ ਯੂਨੀਵਰਸਿਟੀ ਵਿਚੋਂ ਕੱਢਣ ਜਾਂ ਕੋਈ ਹੋਰ ਅਜਿਹੀ ਸਜ਼ਾ ਦੇਣ ਦੀ ਕੋਈ ਮੰਗ ਨਹੀਂ ਸੀ| ਜਦੋਂ ਚਾਰ ਕੁ ਦਿਨ ਲੰਘ ਜਾਣ ‘ਤੇ ਵੀ ਕੋਈ ਕਾਰਵਾਈ ਨਾ ਹੋਈ ਤਾਂ ਕੁੜੀਆਂ ਨੇ ਫੈਸਲਾ ਕੀਤਾ ਕਿ ਹਰਿਆਣੇ ਦੇ ਤਤਕਾਲੀਨ ਗਵਰਨਰ, ਜੋ ਕਿ ਯੂਨੀਵਰਸਿਟੀ ਦੇ ਚਾਂਸਲਰ ਵੀ ਸਨ, ਡਾ. ਚੱਕਰਵਰਤੀ ਨੂੰ ਵਫਦ ਦੇ ਰੂਪ ਵਿਚ ਮਿਲਿਆ ਜਾਵੇ| ਉਨ੍ਹਾਂ ਸਮਿਆਂ ਵਿਚ ਜਦੋਂ ਵਿਦਿਆਰਥੀਆਂ ਕੋਲ ਗੱਡੀਆਂ ਤਾਂ ਕੀ ਆਪਣੇ ਸਾਈਕਲ ਵੀ ਨਹੀਂ ਸਨ ਹੁੰਦੇ, ਲੜਕੀਆਂ ਲਈ ਕੁਰੂਕਸ਼ੇਤਰ ਤੋਂ ਚੰਡੀਗੜ੍ਹ ਜਾਣਾ ਕੋਈ ਸੌਖਾ ਕੰਮ ਨਹੀਂ ਸੀ| ਅੰਬਾਲਾ ਕੈਂਟ ਤੋਂ ਇੱਕ ਲੜਕੀ ਫਿਜ਼ਿਕਸ ਐਮ. ਐਸ਼ ਸੀ. ਦੀ ਦੂਜੇ ਸਾਲ ਦੀ ਵਿਦਿਆਰਥਣ ਸੀ ਜਿਸ ਦੇ ਘਰ ਦੇ ਕਾਰਖਾਨੇਦਾਰ ਸਨ ਤੇ ਉਨ੍ਹਾਂ ਦੀਆਂ ਆਪਣੀਆਂ ਗੱਡੀਆਂ ਸਨ| ਉਸ ਨੂੰ ਬੇਨਤੀ ਕੀਤੀ ਗਈ ਕਿ ਉਹ ਆਪਣੇ ਘਰਦਿਆਂ ਨੂੰ ਕਹਿ ਕੇ ਜਾਣ ਦਾ ਪ੍ਰਬੰਧ ਕਰੇ| ਇਸ ਤਰ੍ਹਾਂ ਕੁੜੀਆਂ ਦਾ ਵਫਦ ਇੱਕ ਇੱਕ ਕਰਕੇ ਹੋਸਟਲ ਤੋਂ ਨਿਕਲਿਆ ਤਾਂ ਕਿ ਕਿਸੇ ਨੂੰ ਸ਼ੱਕ ਨਾ ਪਵੇ ਅਤੇ ਚੰਡੀਗੜ੍ਹ ਜਾ ਕੇ ਗਵਰਨਰ ਨੂੰ ਮਿਲਿਆ|
ਗਵਰਨਰ ਨੇ ਨਾ ਸਿਰਫ ਵਫਦ ਨੂੰ ਚਾਹ ਪਿਲਾਈ ਬਲਕਿ ਆਪਣੀ ਪਤਨੀ ਨੂੰ ਵੀ ਵਿਚ ਸ਼ਾਮਲ ਕੀਤਾ ਅਤੇ ਲੜਕੀਆਂ ਦੀ ਗੱਲ ਬਹੁਤ ਧਿਆਨ ਨਾਲ ਸੁਣੀ| ਗਵਰਨਰ ਦੇ ਹੁਕਮ ‘ਤੇ ਹੀ ਵਾਈਸ ਚਾਂਸਲਰ ਕੁੜੀਆਂ ਨਾਲ ਗੱਲ ਕਰਨ ਲਈ ਤਿਆਰ ਹੋਇਆ| ਪਰ ਉਸ ਨੇ ਇੱਥੇ ਵੀ, ਜਿਵੇਂ ਕਿ ਆਮ ਤੌਰ ‘ਤੇ ਅਧਿਕਾਰੀ ਕਰਦੇ ਹਨ, ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਰਾਹੀਂ ਇਹੋ ਸੁਨੇਹਾ ਦਿੱਤਾ ਕਿ ਹੜਤਾਲ ਦੀਆਂ ਪ੍ਰਤੀਨਿਧ ਕੁੜੀਆਂ ਹੀ ਮਿਲਣ| ਪਰ ਵਿਦਿਆਰਥਣਾਂ ਵਿਚ ਬਹੁਤ ਏਕਾ ਸੀ| ਇਸ ਲਈ ਸਾਰੀਆਂ ਲੜਕੀਆਂ ਇਕੱਠੀਆਂ ਹੋ ਕੇ ਹੀ ਮਿਲਣ ਗਈਆਂ ਅਤੇ ਜਦੋਂ ਵੀ. ਸੀ. ਪੁੱਛੇ ਕਿ “ਆਪ ਕੀ ਲੀਡਰ ਕੌਣ ਹੈ ਜੋ ਬਾਤ ਕਰੇਗੀ?” ਤਾਂ ਸਭ ਇੱਕ ਆਵਾਜ਼ ਵਿਚ ਬੋਲਦੀਆਂ “ਹਮ ਸਭੀ ਲੀਡਰ ਹੈਂ ਔਰ ਜੋ ਭੀ ਫੈਸਲਾ ਹੋਗਾ ਸਭ ਕੇ ਸਾਥ ਹੋਗਾ।” ਚਾਰ-ਪੰਜ ਘੰਟੇ ਦੀ ਮੀਟਿੰਗ ਤੋਂ ਬਾਅਦ ਜਦੋਂ ਵਾਈਸ ਚਾਂਸਲਰ ਨੇ ਵਿਦਿਆਰਥਣਾਂ ਦਾ ਏਕਾ ਅਤੇ ਦ੍ਰਿੜਤਾ ਭਾਂਪ ਲਈ ਤਾਂ ਇਹ ਕਹਿ ਕੇ ਹੜਤਾਲ ਖਤਮ ਕਰਨ ਲਈ ਕਿਹਾ ਕਿ “ਜੈਸੇ ਆਪ ਚਾਹਤੀ ਹੋ, ਹੋ ਜਾਏਗਾ|”
ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਹੜਤਾਲ ਦੌਰਾਨ ਵਾਈਸ ਚਾਂਸਲਰ ਦੇ ḔਚਮਚੇḔ ਕਿਸਮ ਦੇ ਕੁਝ ਲੜਕਿਆਂ ਵੱਲੋਂ ਹੜਤਾਲ ਵਿਚ ਸਰਗਰਮ ਵਿਦਿਆਰਥਣਾਂ ‘ਤੇ ਤਰ੍ਹਾਂ ਤਰ੍ਹਾਂ ਦੇ ਘਟੀਆ ਇਲਜ਼ਾਮ ਲਾ ਕੇ ਅਤੇ ਭੱਦੀ ਬੋਲੀ ਵਰਤ ਕੇ ਉਨ੍ਹਾਂ ਨੂੰ ਡਰਾਉਣ ਲਈ ਇਸ਼ਤਿਹਾਰ ਵੀ ਛਾਪੇ ਗਏ, ਪਰ ਵਿਦਿਆਰਥਣਾਂ ਨਾ ਘਬਰਾਈਆਂ ਤੇ ਨਾ ਹੀ ਡਰੀਆਂ| ਉਦੋਂ ਹਰਿਆਣੇ ਵਿਚ ਲੜਕੀਆਂ ਨੂੰ ਪੜ੍ਹਾਉਣ ਦਾ ਬਹੁਤਾ ਰਿਵਾਜ਼ ਨਹੀਂ ਸੀ| ਹਰ ਇੱਕ ਵਿਭਾਗ ਵਿਚ ਮਸਾਂ ਇੱਕ-ਅੱਧ ਵਿਦਿਆਰਥਣ ਹੀ ਹਰਿਆਣੇ ਦੇ ਧੁਰ ਅੰਦਰ ਨਾਲ ਸਬੰਧਤ ਹੁੰਦੀ ਸੀ ਅਤੇ ਬਹੁਤੀਆਂ ਵਿਦਿਆਰਥਣਾਂ ਪੰਜਾਬ ਜਾਂ ਹਰਿਆਣੇ ਦੇ ਪੰਜਾਬੀ ਭਾਈਚਾਰੇ ਨਾਲ ਸਬੰਧਤ ਹੀ ਹੁੰਦੀਆਂ ਸਨ| ਸਬੰਧਤ ਲੜਕੀ ਵੀ ਰੋਹਤਕ ਦੇ ਜਾਟ ਪਰਿਵਾਰ ਵਿਚੋਂ ਸੀ ਅਤੇ ਲੜਕਾ ਵੀ ਉਸੇ ਖੇਤਰ ਤੋਂ ਸੀ| ਇਸ ਲਈ ਵਾਈਸ ਚਾਂਸਲਰ ਇਹ ਕਹਿ ਕੇ ਕਿ ਆਪ ਤੋ ਪੰਜਾਬੀ ਲੜਕੀਆਂ ਹੋ, ਯੇ ਵਿਚਾਰੀ ਹਰਿਆਣੇ ਕੀ ਸੀਧੀ-ਸਾਦੀ ਲੜਕੀਆਂ ਹੈਂ| ਆਪ ਇਨ ਕੋ ਕਿਉਂ ਗੁਮਰਾਹ ਕਰ ਰਹੀ ਹੋ, ਇੱਕ ਹੋਰ ਪੱਤਾ ਵੀ ਖੇਡਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਕੁੜੀਆਂ ਦਾ ਇੱਕੋ ਉਤਰ ਸੀ ਕਿ ਸਵਾਲ ਹਰਿਆਣਵੀ ਜਾਂ ਪੰਜਾਬੀ ਹੋਣ ਦਾ ਨਹੀਂ, ਸਵਾਲ ਇੱਕ ਲੜਕੀ ਦੇ ਸਵੈਮਾਣ ਨੂੰ ਠੇਸ ਪਹੁੰਚਾਉਣ ਦਾ ਹੈ, ਜਿਸ ਲਈ ਲੜਕੇ ਨੂੰ ਮੁਆਫੀ ਮੰਗਣੀ ਚਾਹੀਦੀ ਹੈ| ਵੀ. ਸੀ. ਦੇ ਭਰੋਸਾ ਦੁਆਉਣ ‘ਤੇ ਸ਼ਾਮ ਦੀ ਇਸ ਚਾਰ ਘੰਟੇ ਚੱਲੀ ਮੀਟਿੰਗ ਤੋਂ ਬਾਅਦ ਇੱਕ ਹਫਤੇ ਤੋਂ ਚੱਲ ਰਹੀ ਹੜਤਾਲ ਖਤਮ ਕਰ ਦਿੱਤੀ ਗਈ| ਪਰ ਵਾਈਸ ਚਾਂਸਲਰ ਨੇ ਆਪਣੇ ‘ਚਮਚੇ’ ਲੜਕਿਆਂ ਦੀ ਸਲਾਹ ਨਾਲ ਚਾਲ ਚੱਲੀ ਅਤੇ ਕੁੜੀ ਨੂੰ ਇਕੱਲਿਆਂ ਬੁਲਾ ਕੇ ਮੁੰਡੇ ਤੋਂ ਮੁਆਫੀ ਮੰਗਵਾ ਦਿੱਤੀ| ਮੁੰਡੇ ਨੂੰ ਕਿਹਾ ਕਿ ਉਸ ਨੂੰ ‘ਦੀਦੀ’ ਕਹਿ ਕੇ ਰੱਖੜੀ ਬੰਨਵਾ ਲਵੇ| ਦੋਹਾਂ ਨੇ ਵਾਈਸ ਚਾਂਸਲਰ ਦੀ ਹਾਜ਼ਰੀ ਵਿਚ ਇਵੇਂ ਹੀ ਕੀਤਾ ਅਤੇ ਇਹ ਸਭ ਕੁਝ ਆਮ ਵਿਦਿਅਰਥਣਾਂ ਤੋਂ ਛੁਪਾ ਕੇ ਕੀਤਾ ਗਿਆ|
ਲੜਕੀ ਨੇ ਜਦੋਂ ਹੋਸਟਲ ਆ ਕੇ ਕਾਮਨ ਰੂਮ ਵਿਚ ਸਭ ਨੂੰ ਇਕੱਠਿਆਂ ਕਰਕੇ ਇਸ ‘ਮੁਆਫੀਨਾਮੇḔ ਦਾ ਐਲਾਨ ਕੀਤਾ ਤਾਂ ਸਾਰੀਆਂ ਵਿਦਿਆਰਥਣਾਂ ਇੱਕਦਮ ਭੜਕ ਪਈਆਂ| ਉਥੇ ਹੀ ਉਸੇ ਵੇਲੇ ਇਹ ਫੈਸਲਾ ਕਰ ਲਿਆ ਗਿਆ ਕਿ ਅੱਜ ਤੋਂ ਬਾਅਦ ਕੁੜੀ ਦਾ ਸਮਾਜਿਕ ਬਾਈਕਾਟ ਅਤੇ ਵਾਈਸ ਚਾਂਸਲਰ ਜਾਂ ਵਾਰਡਨ ਦੇ ਕਿਸੇ ਵੀ ਕਿਸਮ ਦੇ ਫੰਕਸ਼ਨ ਦਾ ਵੀ ਬਾਈਕਾਟ ਕੀਤਾ ਜਾਵੇਗਾ|
ਉਸ ਕੁੜੀ ਨਾਲ ਸਿਰਫ ਉਸ ਦੀ ਇੱਕ ਜੂਨੀਅਰ ਕੁੜੀ ਰਹਿ ਗਈ, ਬਾਕੀ ਸਭ ਨੇ ਵਿਭਾਗ ਜਾਂ ਹੋਸਟਲ ਵਿਚ ਉਸ ਨਾਲ ਬੋਲਣਾ ਬੰਦ ਕਰ ਦਿੱਤਾ| ਹੋਸਟਲ ਵਿਚ ਹਰ ਸਾਲ ਸੀਨੀਅਰ ਵਿਦਿਆਰਥਣਾਂ ਦੀ ਵਿਦਾਇਗੀ ਪਾਰਟੀ ਲਈ ਰਾਤ ਦਾ ਖਾਣਾ ਦੇਣ ਦੀ ਪਰੰਪਰਾ ਸੀ ਜਿਸ ਵਿਚ ਮੁੱਖ ਮਹਿਮਾਨ ਪਰੋਵੋਸਟ ਅਤੇ ਵਾਈਸ ਚਾਂਸਲਰ ਹੋਇਆ ਕਰਦੇ ਸਨ| ਅਸੀਂ ਹੜਤਾਲ ਦੀਆਂ ਮੋਹਰੀ ਵਿਦਿਆਰਥਣਾਂ ਸਮੇਤ ਉਸ ਲੜਕੀ ਦੇ ਆਖਰੀ ਸਾਲ ਦੀਆਂ ਵਿਦਿਆਰਥਣਾਂ ਸਾਂ ਜਿਨ੍ਹਾਂ ਨੂੰ ਹੋਸਟਲ ਵਿਚ ਵਿਦਾਇਗੀ ਪਾਰਟੀ ਦਿੱਤੀ ਜਾਣੀ ਸੀ ਅਤੇ ਇਸ ਦਾ ਪ੍ਰਬੰਧ ਵਾਰਡਨ ਨੇ ਕਰਨਾ ਸੀ| ਸਭ ਨੇ ਫੈਸਲਾ ਕੀਤਾ ਕਿ ਵਿਦਾਇਗੀ ਦੇ ਇਸ ਰਾਤ ਦੇ ਖਾਣੇ ਦਾ ਬਿਲਕੁਲ ਮੌਕੇ ‘ਤੇ ਬਾਈਕਾਟ ਵੀ. ਸੀ. ਦੀ ਹਾਜ਼ਰੀ ਵਿਚ ਕੀਤਾ ਜਾਵੇਗਾ ਅਤੇ ਪਹਿਲਾਂ ਵਾਰਡਨ ਜਾਂ ਉਸ ਲੜਕੀ ਨੂੰ ਭਿਣਕ ਵੀ ਨਹੀਂ ਪੈਣ ਦੇਣੀ| ਵਾਰਡਨ ਦੀ ਰਿਹਾਇਸ਼ ਹੋਸਟਲ ਦੇ ਬਿਲਕੁਲ ਸਾਹਮਣੇ ਸੀ, ਜਿਸ ਦੇ ਖੁਲ੍ਹੇ ਵਿਹੜੇ ਵਿਚ ਪ੍ਰਬੰਧ ਕੀਤਾ ਗਿਆ| ਸਭ ਵਿਦਿਆਰਥਣਾਂ ਤਿਆਰ ਹੋ ਕੇ ਖਾਣੇ ਲਈ ਗਈਆਂ ਅਤੇ ਉਹ ਲੜਕੀ ਵੀ ਸਮੇਤ ਆਪਣੀ ਸਾਥਣ ਦੇ ਪਹੁੰਚੀ|
ਵਾਈਸ ਚਾਂਸਲਰ ਆਇਆ ਅਤੇ ਉਸ ਨੇ ਲੜਕੀ ਨੂੰ ਉਚੇਚ ਨਾਲ ਬੁਲਾਇਆ ਤੇ ਖਾਣੇ ਲਈ ਪਲੇਟ ਚੁੱਕ ਕੇ ਜਿਉਂ ਹੀ ਖਾਣਾ ਪਰੋਸਣਾ ਸ਼ੁਰੂ ਕੀਤਾ ਇੱਕਦਮ ਸਾਰੀਆਂ ਵਿਦਿਆਰਥਣਾਂ ਇੱਕ ਕਤਾਰ ਬਣਾ ਕੇ ਖਾਣਾ ਛੱਡ ਕੇ ਹੋਸਟਲ ਵਿਚ ਦਾਖਲ ਹੋ ਗਈਆਂ| ਸਾਰਾ ਖਾਣਾ ਧਰਿਆ ਧਰਾਇਆ ਰਹਿ ਗਿਆ| ਮੈੱਸ ਦੇ ਠੇਕੇਦਾਰ ਦੇ ਕਹਿਣ ‘ਤੇ ਵੀ ਕਿਸੇ ਨੇ ਖਾਣਾ ਨਾ ਖਾਧਾ ਬਲਕਿ ਭੁੱਖਿਆਂ ਰਹਿ ਕੇ ਜਾਂ ਹੋਸਟਲ ਦੀ ਕੰਟੀਨ ਵਿਚੋਂ ਡਬਲ ਰੋਟੀ ਲੈ ਕੇ ਗੁਜ਼ਾਰਾ ਕੀਤਾ| ਇਸ ਦਾ ਨਤੀਜਾ ਇਹ ਨਿਕਲਿਆ ਕਿ ਵਾਈਸ ਚਾਂਸਲਰ ਨੇ ਵਾਰਡਨ ਨੂੰ ਪਹਿਲਾਂ ਛੁੱਟੀ ‘ਤੇ ਭੇਜ ਦਿੱਤਾ, ਫਿਰ ਉਸ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ| ਵਾਈਸ ਚਾਂਸਲਰ ਦੇ ਅਹੁਦੇ ਦੀ ਮਿਆਦ ਵਿਚ ਵਾਧਾ ਹੋਣ ਵਾਲਾ ਸੀ ਜਿਸ ਲਈ ਉਹ ਪੂਰਾ ਜ਼ੋਰ ਲਾ ਰਿਹਾ ਸੀ ਪਰ ਗਵਰਨਰ ਨੇ ਉਸ ਦਾ ਇਹ ਵਾਧਾ ਰੋਕ ਦਿੱਤਾ ਤੇ ਉਸ ਦੀ ਛੁੱਟੀ ਕਰ ਦਿੱਤੀ| ਇਸ ਸਾਰੇ ਸਮੇਂ ਦੌਰਾਨ ਪ੍ਰੋਵੋਸਟ, ਪ੍ਰੋਫੈਸਰ ਮੁਕਰਜੀ ਦਾ ਰਵੱਈਆਂ ਵਿਦਿਆਰਥਣਾਂ ਨਾਲ ਬਿਲਕੁਲ ਹਮਦਰਦੀ ਵਾਲਾ ਰਿਹਾ ਅਤੇ ਉਨ੍ਹਾਂ ਨੇ ਹਰ ਤਰ੍ਹਾਂ ਨਾਲ ਵਿਦਿਆਰਥਣਾਂ ਦੇ ਹੱਕ ਦੀ ਗੱਲ ਕੀਤੀ ਕਿਉਂਕਿ ਅਜਿਹੇ ਅਹੁਦੇ ਵਾਈਸ ਚਾਂਸਲਰ ਅਤੇ ਵਿਦਿਆਰਥੀਆਂ ਵਿਚ ਰਾਬਤਾ ਬਿਠਾਉਣ ਅਤੇ ਸਮੱਸਿਆਵਾਂ ਦੇ ਸੁਖਾਵੇਂ ਹੱਲ ਕੱਢਣ ਲਈ ਹੀ ਸਥਾਪਤ ਕੀਤੇ ਜਾਂਦੇ ਹਨ, ਨਾ ਕਿ ਵਿਦਿਆਰਥੀਆਂ ਵਿਚ ਫੁੱਟ ਪੈਦਾ ਕਰਕੇ ਵਿਰੋਧ ਕਰਨ ਲਈ।
ਮਸਲਾ ਇੱਥੇ ਫੇਰ ਵਿਦਿਆਰਥਣਾਂ ‘ਤੇ ਬੰਦਿਸ਼ ਲਾਉਣ ਦਾ ਨਹੀਂ ਹੈ, ਉਨ੍ਹਾਂ ਨੂੰ ਲੜਕਿਆਂ ਦੀ ਤਰ੍ਹਾਂ ਹੀ ਲਾਇਬ੍ਰੇਰੀ ਵਿਚ ਜਾ ਕੇ ਪੜ੍ਹਾਈ ਕਰਨ ਲਈ ਹੋਸਟਲਾਂ ਤੋਂ ਸਮੇਂ ਦੀ ਪਾਬੰਦੀ ਹਟਾਉਣ ਦਾ ਹੈ| ਇਹ ਯੂਨੀਵਰਸਿਟੀ ਅਧਿਕਾਰੀਆਂ ਦਾ, ਸਮਾਜ ਦਾ ਫਰਜ਼ ਬਣਦਾ ਹੈ ਕਿ ਲੜਕੀਆਂ ਲਈ ਸੁਰੱਖਿਅਤ ਮਾਹੌਲ ਸਿਰਜਿਆ ਜਾਵੇ| ਮੁੱਦਾ ਮਰਦ-ਜ਼ਹਿਨੀਅਤ ਨੂੰ ਬਦਲਣ ਦਾ ਹੈ|
ਭਾਰਤੀ ਜਾਂ ਕਹੀਏ ਕਿ ਪੰਜਾਬੀ ਜ਼ਹਿਨੀਅਤ ਦੀ ਮੈਂ ਇੱਥੇ ਇੱਕ ਛੋਟੀ ਜਿਹੀ ਮਿਸਾਲ ਦੇਣੀ ਚਾਹਾਂਗੀ ਜਿਸ ਨਾਲ ਬਹੁਤ ਸਾਰੇ ਸੂਝਵਾਨ ਲੋਕ ਸਹਿਮਤ ਵੀ ਹੋਣਗੇ| ਇੱਥੇ ਕੈਨੇਡਾ ਵਿਚ ਦੂਸਰੇ ਭਾਈਚਾਰਿਆਂ ਦੇ ਜੁਆਨ-ਜਹਾਨ ਲੜਕੇ ਵੀ ਕਿਸੇ ਰਾਹ ਜਾਂਦੀ ਜਾਂ ਸਾਂਝੇ ਥਾਂਵਾਂ ‘ਤੇ ਵਿਚਰ ਰਹੀ ਕੁੜੀ ਜਾਂ ਔਰਤ ਵੱਲ ਅੱਖ ਚੁੱਕ ਕੇ ਨਹੀਂ ਦੇਖਦੇ| ਪਰ ਆਪਣੇ ਪੰਜਾਬੀ ਭਾਈਚਾਰੇ ਦੇ ਮਰਦ ਭਾਵੇਂ ਉਹ ਕਿਸੇ ਮਾਲ ਵਿਚ ਲੱਗੇ ਸੋਫਿਆਂ ਜਾਂ ਕੁਰਸੀਆਂ ‘ਤੇ ਬੈਠੇ ਹੋਣ ਤੇ ਭਾਵੇਂ ਗਰਮੀ ਦੇ ਮੌਸਮ ਵਿਚ ਪਾਰਕਾਂ ਵਿਚ ਲੱਗੇ ਬੈਂਚਾਂ ‘ਤੇ ਬੈਠੇ ਤਾਸ਼ ਖੇਡ ਰਹੇ ਹੋਣ, ਉਨ੍ਹਾਂ ਵਿਚੋਂ ਬਹੁਤੇ ਆਉਂਦੀਆਂ ਜਾਂਦੀਆਂ ਔਰਤਾਂ/ਕੁੜੀਆਂ ਵੱਲ ਅੱਖਾਂ ਪਾੜ ਪਾੜ ਝਾਕਦੇ ਹਨ ਅਤੇ ਪਾਰਕਾਂ ਵਿਚ ਬੱਚੇ ਖਿਡਾਉਣ ਆਈਆਂ ਕੁੜੀਆਂ-ਔਰਤਾਂ ਨੂੰ ਇਹ ਸਭ ਬਹੁਤ ਬੁਰਾ ਲੱਗਦਾ ਹੈ| ਆਪਣੇ ਮੁਲਕ ਵਿਚ ਵੀ ਅਸੀਂ ਦੇਖਦੇ ਹਾਂ ਕਿ ਆਮ ਵਿਚਰ ਰਹੀਆਂ ਕੁੜੀਆਂ ਤੇ ਔਰਤਾਂ ਨਾਲ ਬੱਸਾਂ ਦੀਆਂ ਸੀਟਾਂ ‘ਤੇ ਬੈਠਿਆਂ ਪਾਸੇ ਮਾਰਨ ਵੇਲੇ ਜਾਂ ਰਾਹ ਜਾਂਦਿਆਂ ਆਵਾਜ਼ੇ ਕਸਣ ਵੇਲੇ ਤਾਂ ਰਾਤ ਨਹੀਂ ਹੁੰਦੀ| ਇਹ ਸਭ ਕੁਝ ਦਿਨ ਦਿਹਾੜੇ ਅਤੇ ਯੂਨੀਵਰਸਿਟੀ ਜਾਂ ਕਾਲਜ ਵਰਗੀਆਂ ਥਾਂਵਾਂ ‘ਤੇ ਵੀ ਵਾਪਰਦਾ ਹੈ| ਇਸ ਲਈ ਮੁੱਦਾ ਕੁੜੀਆਂ ‘ਤੇ ਬੰਦਿਸ਼ਾਂ ਲਾਉਣ ਨਾਲੋਂ ਸਮਾਜ ਦੀ ਸੋਚ ਨੂੰ ਉਸਾਰੂ ਬਣਾਉਣ ਦਾ ਹੈ|
ਕਹਿਣ ਨੂੰ ਤਾਂ ਅਸੀਂ ਬੜੇ ਸੋਹਲੇ ਗਾਉਂਦੇ ਹਾਂ ਕਿ ਸਾਡੀ ਧਰਤੀ ਰਿਸ਼ੀਆਂ-ਮੁਨੀਆਂ, ਗੁਰੂਆਂ ਅਤੇ ਪੀਰਾਂ ਦੀ ਨਿਵਾਜ਼ੀ ਹੋਈ ਧਰਤੀ ਹੈ ਪਰ ਕੀ ਸਾਡੀ ਸੋਚ ਵਿਚ ਇਸ ਅਮੀਰ ਵਿਰਾਸਤ ਦਾ ਕੋਈ ਕਿਣਕਾ ਮਾਤਰ ਵੀ ਸ਼ਾਮਲ ਹੈ? ਕੀ ਪਰੋਵੋਸਟ ਦਾ ਫਰਜ਼ ਨਹੀਂ ਬਣਦਾ ਕਿ ਉਹ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰੇ ਅਤੇ ਸਮੱਸਿਆ ਦਾ ਹੱਲ ਲੱਭੇ, ਬਜਾਇ ਇਸ ਦੇ ਕਿ ਉਸ ਨੂੰ ‘ਗੁਰੂ’ ਸਮਝ ਕੇ ਉਸ ਦੇ ਹੱਕ ਦੇ ਵਿਦਿਆਰਥੀ ਹੜਤਾਲੀਆਂ ਨਾਲ ਹੱਥੋ ਪਾਈ ਹੋਣ?