ਜਲੰਧਰ: ਬਹੁ ਚਰਚਿਤ 6000 ਕਰੋੜ ਦੇ ਭੋਲਾ ਡਰੱਗ ਕੇਸ ਦੀ ਜਾਂਚ ਵੇਖ ਰਹੇ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਤਲਬ ਕਰਨ ਵਾਲੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਨੇ ਆਪਣੇ ਅਹੁਦੇ ਤੋਂ ਅਚਾਨਕ ਅਸਤੀਫਾ ਦੇ ਦਿੱਤਾ, ਹਾਲਾਂਕਿ ਉਨ੍ਹਾਂ ਦੇ ਅਹੁਦੇ ਦੀ ਮਿਆਦ 2021 ਤੱਕ ਸੀ।
ਪੰਜਾਬ ‘ਚ ਬਹੁ-ਚਰਚਿਤ ਭੋਲਾ ਡਰੱਗ ਕੇਸ ਦਾ ਮਾਮਲਾ ਉਦੋਂ ਸੁਰਖੀਆਂ ਵਿਚ ਆਇਆ ਸੀ
ਜਦੋਂ ਇਸ ਦੀ ਜਾਂਚ ਐਨਫੋਰਸਮੈਂਟ ਡਾਇਰੈਕਟੋਰੇਟ ਹੱਥ ਆਈ ਸੀ। ਸਾਲ 2013 ਤੋਂ ਈæਡੀæ ਦੇ ਜਾਂਚ ਅਧਿਕਾਰੀ ਵਜੋਂ ਇਸ ਕੇਸ ਦੀ ਘੋਖ ਨਿਰੰਜਣ ਸਿੰਘ ਕਰ ਰਹੇ ਸਨ। ਉਨ੍ਹਾਂ ਭੋਲਾ ਡਰੱਗ ਕੇਸ ਦੇ ਜਾਂਚ ਅਧਿਕਾਰੀ ਵਜੋਂ 2013 ਤੋਂ ਲੈ ਕੇ 2016 ਤੱਕ ਕੰਮ ਕੀਤਾ। ਫਿਰ ਉਨ੍ਹਾਂ ਦੀ ਤਰੱਕੀ ਹੋਣ ਕਾਰਨ ਉਨ੍ਹਾਂ ਨੂੰ ਡਿਪਟੀ ਡਾਇਰੈਕਟਰ ਬਣਾ ਦਿੱਤਾ ਗਿਆ ਅਤੇ ਹੁਣ ਉਹ ਇਸ ਜਾਂਚ ਦੀ ਨਿਗਰਾਨੀ ਕਰ ਰਹੇ ਸਨ।
ਨਿਰੰਜਣ ਸਿੰਘ ਨੇ ਜਾਂਚ ਅਧਿਕਾਰੀ ਹੁੰਦਿਆਂ ਇਸ ਕੇਸ ਵਿਚ ਤਤਕਾਲੀ ਅਕਾਲੀ-ਭਾਜਪਾ ਸਰਕਾਰ ਵਿਚ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ 26 ਦਸੰਬਰ, 2014 ਨੂੰ ਆਪਣੇ ਦਫਤਰ ‘ਚ ਤਲਬ ਕਰਦਿਆਂ ਉਨ੍ਹਾਂ ਕੋਲੋਂ ਲੰਮੀ ਪੁੱਛ-ਪੜਤਾਲ ਵੀ ਕੀਤੀ। ਅਕਾਲੀ ਮੰਤਰੀ ਕੋਲੋਂ ਕੀਤੀ ਪੜਤਾਲ ਤੋਂ ਤਿੰਨ ਹਫਤਿਆਂ ਬਾਅਦ ਹੀ 16 ਜਨਵਰੀ 2015 ਨੂੰ ਉਨ੍ਹਾਂ ਦੀ ਬਦਲੀ ਕੋਲਕਾਤਾ ਕਰਦਿਆਂ ਉਨ੍ਹਾਂ ਨੂੰ ਉਥੇ ਸ਼ਾਰਦਾ ਚਿੱਟ ਫੰਡ ਕੇਸ ਦੀ ਜਾਂਚ ਕਰਨ ਲਈ ਕਹਿ ਦਿੱਤਾ ਗਿਆ ਪਰ ਉਹ ਬਦਲੀ ਖਿਲਾਫ਼ ਹਾਈ ਕੋਰਟ ਚਲੇ ਗਏ। ਨਵੰਬਰ 2015 ਵਿਚ ਅਦਾਲਤ ਨੇ ਉਨ੍ਹਾਂ ਦੀ ਬਦਲੀ ਰੱਦ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਇਸ ਕੇਸ ਵਿਚ ਉਨ੍ਹਾਂ ਨੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਵਿਧਾਇਕ ਅਵਿਨਾਸ਼ ਚੰਦਰ, ਸਰਵਣ ਸਿੰਘ ਫਿਲੌਰ ਅਤੇ ਉਨ੍ਹਾਂ ਦੇ ਪੁੱਤਰ ਦਮਨਜੀਤ ਸਿੰਘ, ਗੁਰਾਇਆ ਦੇ ਕਾਰੋਬਾਰੀ ਚੂਨੀ ਲਾਲ ਗਾਬਾ, ਐਨæਆਰæਆਈæ ਸਭਾ ਦੇ ਪ੍ਰਧਾਨ ਕਮਲਜੀਤ ਸਿੰਘ ਹੇਅਰ, ਵਰਿੰਦਰ ਰਾਜਾ, ਸੁੱਖਾ ਤੇ ਬਿੱਟੂ ਔਲਖ ਸਮੇਤ ਹੋਰ ਵੀ ਕਈਆਂ ਨੂੰ ਤਲਬ ਕੀਤਾ ਸੀ।