ਕੈਪਟਨ ਵੱਲੋਂ ਬਾਦਲਾਂ ਦੇ ਗੜ੍ਹ ਲੰਬੀ ਤੋਂ ਲੋਕ ਸਭਾ ਚੋਣਾਂ ਦਾ ਬਿਗਲ

ਲੰਬੀ: ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਦਾ ਬਾਦਲਾਂ ਦੇ ਗੜ੍ਹ ਲੰਬੀ ਤੋਂ ਬਿਗਲ ਵਜਾ ਦਿੱਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਰੈਲੀ ‘ਚ ਸੂਬੇ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਕਾਂਗਰਸ ਨੂੰ ਜਿਤਾ ਕੇ ਪਾਰਟੀ ਨੂੰ ਕੌਮੀ ਪੱਧਰ ‘ਤੇ ਦੇਸ਼ ਸੇਵਾ ਦਾ ਮੌਕਾ ਦੇਣ ਦਾ ਸੱਦਾ ਦਿੱਤਾ। ਰਿਕਾਰਡ ਤੋੜ ਇਕੱਠ ਵਾਲੀ ਰੈਲੀ ‘ਚ ਭਾਵੇਂ ਨਵਾਂ ਕੋਈ ਐਲਾਨ ਨਹੀਂ ਹੋਇਆ ਪਰ

ਕੈਪਟਨ ਨੇ ਨਸ਼ਿਆਂ, ਬੇਰੁਜ਼ਗਾਰੀ, ਕਿਸਾਨੀ ਕਰਜ਼ਿਆਂ ਸਬੰਧੀ ਆਪਣੀ ਸਰਕਾਰ ਦੀ ਡੇਢ ਸਾਲਾ ਕਾਰਗੁਜ਼ਾਰੀ ਸਬੰਧੀ ਰਿਪੋਰਟ ਕਾਰਡ ਜ਼ਰੂਰ ਪੇਸ਼ ਕੀਤਾ। ਰੈਲੀ ‘ਚ ਕਾਂਗਰਸ ਲੀਡਰਸ਼ਿਪ ਨੇ ਬਾਦਲਾਂ ਉਪਰ ਪੰਥਕ ਅਤੇ ਸਿਆਸੀ ਮਸਲਿਆਂ ਉਤੇ ਤਿੱਖੇ ਸਿਆਸੀ ਹਮਲੇ ਕੀਤੇ। ਕੈਪਟਨ ਨੇ ਲੋਕ ਸਭਾ ਚੋਣਾਂ ਲਈ ਪੰਜਾਬ ਕਾਂਗਰਸ ਦਾ ਮਿਸ਼ਨ-13 ਪੋਸਟਰ ਵੀ ਜਾਰੀ ਕੀਤਾ।
ਜ਼ਿਕਰਯੋਗ ਹੈ ਕਿ ਰੈਲੀ ਵਿਚੋਂ ਕਾਂਗਰਸੀ ਆਗੂ ਮਹੇਸ਼ਇੰਦਰ ਸਿੰੰਘ ਬਾਦਲ ਦੀ ਗੈਰ ਹਾਜ਼ਰੀ ਵਰਕਰਾਂ ਅਤੇ ਸਿਆਸੀ ਹਲਕਿਆਂ ਨੂੰ ਰੜਕਦੀ ਰਹੀ। ਮਹੇਸ਼ਇੰਦਰ ਸਿੰਘ ਬਾਦਲ ਲੰਬੀ ਹਲਕੇ ‘ਚ ਤਿੰਨ ਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਫਸਵੀਂ ਟੱਕਰ ਦੇ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਦੇ ਬੇਅਦਬੀ ਮਾਮਲੇ ਅਤੇ ਇਸ ਤੋਂ ਬਾਅਦ ਵਾਪਰੀਆਂ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਲਈ ਬਾਦਲਾਂ ਨੂੰ ਕੋਰਾ ਝੂਠ ਬੋਲਣ ਦਾ ਦੋਸ਼ੀ ਠਹਿਰਾਇਆ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਦਾਅਵਾ ਕਰਦੇ ਹਨ ਕਿ ਉਹ ਇਸ ਸਮੁੱਚੇ ਘਟਨਾਕ੍ਰਮ ਦੌਰਾਨ ਸੁੱਤੇ ਹੋਏ ਸਨ ਜਦਕਿ ਤਤਕਾਲੀ ਡੀæਜੀæਪੀæ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਅੱਗੇ ਬਾਦਲ ਦੇ ਇਸ ਝੂਠ ਦਾ ਪਰਦਾਫਾਸ਼ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਡੀæਜੀæਪੀæ ਨੇ ਉਸ ਰਾਤ 2 ਵਜੇ ਬਾਦਲ ਨਾਲ ਗੱਲਬਾਤ ਕੀਤੀ ਅਤੇ ਉਸ ਤੋਂ ਬਾਅਦ ਆਈæਜੀæ ਨਾਲ 22 ਵਾਰ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਬਾਦਲ ਪਿਉ-ਪੁੱਤ ਨੂੰ ਨਸ਼ਿਆਂ ਨਾਲ ਬਰਬਾਦ ਹੋ ਰਹੀ ਨੌਜਵਾਨ ਪੀੜ੍ਹੀ ਬਾਰੇ ਕੁਝ ਵੀ ਪਤਾ ਨਾ ਹੋਣਾ ਸ਼ਰਮਨਾਕ ਗੱਲ ਹੈ।
ਅਕਾਲੀਆਂ ਨੂੰ ਰਗੜੇ ਲਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ 18 ਮਹੀਨਿਆਂ ਦੌਰਾਨ ਕਾਂਗਰਸ ਸਰਕਾਰ ਵੱਲੋਂ ਉਠਾਏ ਗਏ ਕਦਮਾਂ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅਕਾਲੀਆਂ ਦਾ 10 ਸਾਲ ਦਾ ਸ਼ਾਸਨ ਕੁਸ਼ਾਸਨ ਸੀ। ਉਨ੍ਹਾਂ ਬਾਦਲ ਵੱਲੋਂ ਬੇਅਦਬੀ ਤੇ ਗੋਲੀਬਾਰੀ ਦੇ ਮਾਮਲਿਆਂ ਦੀ ਜਾਂਚ ਲਈ ਬਣਾਏ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨ ‘ਤੇ ਆੜੇ ਹੱਥੀਂ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਉਹ ਬਾਦਲਾਂ ਜਾਂ ਕਿਸੇ ਹੋਰ ਖ਼ਿਲਾਫ ਸਿਆਸੀ ਬਦਲਾਖੋਰੀ ਵਿਚ ਸ਼ਾਮਲ ਨਹੀਂ ਹੋਣਗੇ ਪਰ ਉਨ੍ਹਾਂ ਐਲਾਨ ਕੀਤਾ ਕਿ ਵਿਸ਼ੇਸ਼ ਜਾਂਚ ਟੀਮ ਦੀ ਪੜਤਾਲ ਵਿਚ ਜੋ ਕੋਈ ਵੀ ਦੋਸ਼ੀ ਪਾਇਆ ਗਿਆ, ਉਸ ਨੂੰ ਕਾਨੂੰਨ ਮੁਤਾਬਕ ਸਜ਼ਾ ਮਿਲੇਗੀ। ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕਰਜ਼ੇ ‘ਚ ਡੁੱਬੇ ਕਿਸਾਨਾਂ ਦੀ ਸਾਰ ਨਾ ਲੈਣ ‘ਤੇ ਸਖਤ ਆਲੋਚਨਾ ਕਰਦਿਆਂ ਅਮਰਿੰਦਰ ਸਿੰਘ ਨੇ ਕਿਹਾ ਕਿ 10æ25 ਲੱਖ ਕਿਸਾਨਾਂ ਦਾ ਦੋ-ਦੋ ਲੱਖ ਰੁਪਏ ਤੱਕ ਦਾ ਫਸਲੀ ਕਰਜ਼ਾ ਮੁਆਫ ਕਰਨ ਦੇ ਨਾਲ 337214 ਕਿਸਾਨਾਂ ਨੂੰ 2179 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਜਾ ਚੁੱਕੀ ਹੈ।
ਇਸ ਸਾਲ ਦੇ ਅੰਤ ਤੱਕ ਸਮੁੱਚੇ 10æ5 ਲੱਖ ਸੀਮਾਂਤ ਅਤੇ ਛੋਟੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਸਕੀਮ ਦਾ ਲਾਭ ਦੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਲ 2017 ਵਿਚ ਪਿਛਲੇ ਸੀਜ਼ਨ ਨਾਲੋਂ ਅਨਾਜ ਦੀ ਖਰੀਦ 36 ਫੀਸਦੀ ਵੱਧ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 18 ਮਹੀਨਿਆਂ ਦੌਰਾਨ 3,93,320 ਨੌਜਵਾਨਾਂ ਨੂੰ ਨੌਕਰੀਆਂ/ਸਵੈ ਰੋਜ਼ਗਾਰ ਦੇ ਮੌਕੇ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਆਪਣੇ ਨਿੱਜੀ ਆਰਥਿਕ ਏਜੰਡੇ ਦੀ ਕੀਮਤ Ḕਤੇ ਟਰਾਂਸਪੋਰਟ, ਮੀਡੀਆ, ਰੇਤਾ ਅਤੇ ਬਜਰੀ ਦੇ ਕਾਰੋਬਾਰ ਦੀ ਅਜਾਰੇਦਾਰੀ ਬਣਾ ਕੇ ਸੂਬੇ ਦੀ ਆਰਥਿਕਤਾ ਤਬਾਹ ਕਰ ਦਿੱਤੀ।
_______________________
ਬਾਦਲਾਂ ਦੀ Ḕਜਬਰ ਵਿਰੋਧੀ’ ਰੈਲੀ ਵਿਚ ਕੈਪਟਨ ਰਹੇ ਨਿਸ਼ਾਨਾ
ਪਟਿਆਲਾ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਟਿਆਲਾ ਰੈਲੀ ਵਿਚ ਐਲਾਨ ਕੀਤਾ ਕਿ ਖਾਲਸਾ ਪੰਥ ਸਿੱਖ ਕੌਮ ਦੀ ਦੁਸ਼ਮਣ ਕਾਂਗਰਸ ਪਾਰਟੀ ਨੂੰ ਕਦੇ ਵੀ ਸਿੱਖ ਗੁਰਧਾਮਾਂ ਉਤੇ ਕਬਜ਼ੇ ਕਰਨ ਅਤੇ ਸਿੱਖ ਕੌਮ ਦੀ ਤਕਦੀਰ ਦੇ ਫੈਸਲੇ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਇਥੇ Ḕਜਬਰ ਵਿਰੋਧੀ’ ਰੈਲੀ ‘ਚ ਲੋਕਾਂ ਦੇ ਜੁਟਾਏ ਗਏ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਬੇਅਦਬੀ ਦੇ ਮੁੱਦੇ ਉਤੇ ਉਨ੍ਹਾਂ ਦੀ ਪਾਰਟੀ ਖਿਲਾਫ਼ ਲਾਏ ਜਾ ਰਹੇ ਸਾਰੇ ਝੂਠ ਦੋਸ਼ ਕਾਂਗਰਸ ਪਾਰਟੀ ਦੀ ਸਿੱਖ ਗੁਰਧਾਮਾਂ ‘ਤੇ ਕਬਜ਼ੇ ਕਰਨ ਲਈ ਰਚੀ ਡੂੰਘੀ ਸਾਜ਼ਿਸ਼ ਦਾ ਹਿੱਸਾ ਹਨ।
ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦਾ ਅਸਲੀ ਮੰਤਵ ਹਰਿਮੰਦਰ ਸਾਹਿਬ ਉੱਤੇ ਹਮਲਾ ਕਰਨ ਵਾਲਿਆਂ ਅਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਨੂੰ ਕਲੀਨ ਚਿਟ ਦੇਣਾ ਹੈ। ਉਨ੍ਹਾਂ ਕਿਹਾ ਕਿ ਹੁਣ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਗੁਰਧਾਮਾਂ ਉਤੇ ਕਬਜ਼ੇ ਕਰਨ ਦੀ ਆਪਣੀ ਨੀਯਤ ਬਾਰੇ ਜਨਤਕ ਤੌਰ ‘ਤੇ ਐਲਾਨ ਕਰਕੇ ਬਿੱਲੀ ਨੂੰ ਥੈਲੇ ਵਿਚੋਂ ਬਾਹਰ ਕੱਢ ਦਿੱਤਾ ਹੈ। ਉਨ੍ਹਾਂ ਮੁਤਵਾਜ਼ੀ ਜਥੇਦਾਰਾਂ ਅਤੇ ਪੰਥਕ ਆਗੂਆਂ ‘ਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਦੇ ਖੁਲਾਸੇ ਨਾਲ ਸਾਬਤ ਹੋ ਗਿਆ ਹੈ ਕਿ ਕੁਝ ਅਖੌਤੀ ਸਿੱਖ ਜਥੇਬੰਦੀਆਂ ਸਿੱਖ ਵਿਰੋਧੀ ਕਾਂਗਰਸ ਪਾਰਟੀ ਨਾਲ ਰਲੀਆਂ ਹੋਈਆਂ ਹਨ। ਰੈਲੀ ‘ਚ ਅਕਾਲੀ ਦਲ ਵੱਲੋਂ ਆਪਣੇ ਆਪ ਨੂੰ ਸਿਰਮੌਰ ਪੰਥਕ ਜਥੇਬੰਦੀ ਸਿੱਧ ਕਰਨ ਦੀ ਪੂਰੀ ਵਾਹ ਲਾਈ ਗਈ। ਕਾਂਗਰਸ ਨੂੰ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਜਮਾਤ ਕਰਾਰ ਦਿੰਦਿਆਂ ਸ੍ਰੀ ਬਾਦਲ ਨੇ ਆਖਿਆ ਕਿ ਕਾਂਗਰਸ ਵੱਲੋਂ ਪੈਦਾ ਕੀਤੇ ਗਏ ਹਾਲਾਤ ਨਾਲ ਸਪੱਸ਼ਟ ਹੋ ਗਿਆ ਹੈ ਕਿ ਹੁਣ ਲੜਾਈ ਖਾਸਲਾ ਪੰਥ ਅਤੇ ਕਾਂਗਰਸ ਤੇ Ḕਕਾਂਗਰਸ ਪੰਥ’ ਵਿਚਕਾਰ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਨੂੰ ਗੁਰਧਾਮਾਂ ‘ਤੇ ਕਬਜ਼ੇ ਕਰਨ ਤੋਂ ਰੋਕਣ ਲਈ ਪੰਥ ਨੂੰ ਅੱਗੇ ਆਉਣਾ ਪੈਣਾ ਹੈ।
____________________
ਸੁਖਬੀਰ ਦੀ ਫਿਰ ਥਿੜਕੀ ਜ਼ੁਬਾਨ
ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਜ਼ੁਬਾਨ ਦੇ ਤਿਲਕਣ ਕਰਕੇ ਮਸ਼ਹੂਰ ਹਨ। ਆਪਣੀ ਐਤਵਾਰ ਨੂੰ ਪਟਿਆਲਾ ਰੈਲੀ ਵਿਚ ਸੁਖਬੀਰ ਬਾਦਲ ਨੇ ਇਕ ਵਾਰ ਫਿਰ ਆਪਣੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ Ḕਮੇਰੇ ਪਿਤਾ ਸਮਾਨ ਬਾਦਲ ਸਾਬ੍ਹ’ ਕਹਿ ਕੇ ਸੰਬੋਧਨ ਕੀਤਾ। ਸੁਖਬੀਰ ਬਾਦਲ ਨੇ ਇਹ ਕਾਰਨਾਮਾ ਆਪਣਾ ਭਾਸ਼ਣ ਸ਼ੁਰੂ ਕਰਨ ਸਮੇਂ ਭੂਮਿਕਾ ਬੰਨ੍ਹਦੇ ਹੋਏ ਕੀਤਾ। ਸੁਖਬੀਰ ਬਾਦਲ ਨੇ ਆਪਣਾ ਭਾਸ਼ਣ ਸ਼ੁਰੂ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਪਿਤਾ ਸਮਾਨ ਕਹਿੰਦਿਆਂ ਸਾਰਿਆਂ ਨੂੰ ਫਤਿਹ ਬੁਲਾਈ।
ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਸੁਖਬੀਰ ਬਾਦਲ ਨੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਲਈ ਇਹ ਲਫਜ਼ ਵਰਤੇ ਹਨ। ਇਸ ਤੋਂ ਪਹਿਲਾਂ ਵੀ ਬਾਦਲ ਵੱਲੋਂ ਅਜਿਹਾ ਬੋਲਦਿਆਂ ਦੀ ਕਈ ਵੀਡੀਓਜ਼ ਵਾਇਰਲ ਵੀ ਹੋ ਚੁੱਕੀਆਂ ਹਨ।