ਚੰਡੀਗੜ੍ਹ: ਹਰਿਆਣਾ ਵਿਚ ਭਾਜਪਾ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਹਰਿਆਣਾ ਦੇ ਸਿੱਖਾਂ ਨੇ ਸੂਬੇ ਦੀ ਮੌਜੂਦਾ ਭਾਜਪਾ ਸਰਕਾਰ ਦੇ ਵਰਕਰਾਂ ਤੋਂ ਲੈ ਕੇ ਮੁੱਖ ਮੰਤਰੀ ਤੱਕ ਪੂਰੀ ਤਰ੍ਹਾਂ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਕਰਨਾਲ ਦੇ ਡਾਚਰ ਗੁਰਦੁਆਰੇ ਵਿਚ ਸਿੱਖ ਭਾਈਚਾਰੇ ਦੀ ਅਹਿਮ ਬੈਠਕ ਵਿਚ ਲਿਆ ਗਿਆ। ਇਸ ਬੈਠਕ ਵਿਚ ਹਰਿਆਣਾ ਦੇ ਸਿੱਖਾਂ ਤੋਂ ਇਲਾਵਾ ਹੋਰ ਸੂਬਿਆਂ ਦੇ ਸਿੱਖ ਵੀ ਸ਼ਾਮਲ ਰਹੇ। ਸਿੱਖ ਭਾਈਚਾਰੇ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਮੁਆਫੀ ਮੰਗਣ ਲਈ ਕਿਹਾ ਹੈ।
ਬੈਠਕ ਵਿਚ ਫੈਸਲਾ ਕੀਤਾ ਗਿਆ ਕਿ ਸੂਬੇ ਵਿਚ ਹੁਣ ਭਾਜਪਾ ਦੇ ਕਿਸੇ ਲੀਡਰ ਨੂੰ ਨਾ ਹੀ ਗੁਰਦੁਆਰਾ ਸਾਹਿਬ ਦੇ ਪ੍ਰੋਗਰਾਮ ਵਿਚ ਬੁਲਾਇਆ ਜਾਏਗਾ ਤੇ ਨਾ ਹੀ ਉਨ੍ਹਾਂ ਨੂੰ ਕਿਸੇ ਤਰੀਕੇ ਦਾ ਸਨਮਾਨ ਦਿੱਤਾ ਜਾਏਗਾ। ਹਰਿਆਣਾ ਦੇ ਸਿੱਖ ਭਾਈਚਾਰੇ ਦੇ ਲੋਕ ਸਰਕਾਰ ਤੋਂ ਬੇਹੱਦ ਨਾਰਾਜ਼ ਹਨ। ਉਨ੍ਹਾਂ ਦੀ ਸ਼ਿਕਾਇਤ ਹੈ ਕਿ ਮੁੱਖ ਮੰਤਰੀ ਸਮਾਂ ਦੇ ਕੇ ਵੀ ਕਿਸੇ ਪ੍ਰੋਗਰਾਮ ਵਿਚ ਨਹੀਂ ਪੁੱਜਦੇ।
ਸੂਬੇ ਦੇ ਸਿੱਖਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੂੰ ਗੁਰਦੁਆਰੇ ਨਾ ਪੁੱਜਣ ਦੀ ਵਜ੍ਹਾ ਪੁੱਛੀ ਗਈ ਤਾਂ ਉਨ੍ਹਾਂ ਭਿੰਡਰਾਂਵਾਲੇ ਦੀ ਫੋਟੋ ਨੂੰ ਮੁੱਖ ਵਜ੍ਹਾ ਦੱਸਿਆ ਜੋ ਗੁਰਦੁਆਰਾ ਸਾਹਿਬ ਅੰਦਰ ਲੱਗੀ ਹੋਈ ਹੈ। ਇਸੇ ਵਿਵਾਦ ਸਬੰਧੀ ਗੁਰਦੁਆਰਾ ਸਾਹਿਬ ਅੰਦਰ ਬੈਠਕ ਬੁਲਾਈ ਗਈ ਸੀ।
ਜ਼ਿਕਰਯੋਗ ਹੈ ਕਿ ਡਾਚਰ ਦੇ ਗੁਰਦੁਆਰਾ ਸਾਹਿਬ ਅੰਦਰ ਲੱਗੀ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਦੀ ਵਜ੍ਹਾ ਕਰ ਕੇ ਮੁੱਖ ਮੰਤਰੀ ਨੇ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਜਾਣ ਦਾ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ ਸੀ। ਇਸ ਪਿੱਛੋਂ ਸਿੱਖ ਭਾਈਚਾਰੇ ਨੇ ਮੁੱਖ ਮੰਤਰੀ ਨੂੰ 6 ਅਕਤੂਬਰ ਦਾ ਸਮਾਂ ਦੇ ਕੇ ਗੁਰਦੁਆਰਾ ਪੁੱਜਣ ਤੇ ਸਿੱਖ ਸੰਗਤਾਂ ਕੋਲੋਂ ਮੁਆਫੀ ਮੰਗਣ ਲਈ ਕਿਹਾ ਸੀ ਪਰ ਮੁੱਖ ਮੰਤਰੀ ਨਹੀਂ ਪੁੱਜੇ। ਇਸ ਲਈ ਸਿੱਖ ਭਾਈਚਾਰੇ ਨੇ ਹਰਿਆਣਾ ਵਿਚ ਬੀæਜੇæਪੀæ ਦਾ ਪੂਰਾ ਬਾਈਕਾਟ ਕਰ ਦਿੱਤਾ ਹੈ ਤੇ ਮੁੱਖ ਮੰਤਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਮੁਆਫੀ ਮੰਗਣ ਲਈ ਕਿਹਾ ਹੈ।
_________________________
ਜਿਥੇ ਭਿੰਡਰਾਂਵਾਲੇ ਦੀ ਤਸਵੀਰ ਲੱਗੀ ਹੋਵੇਗੀ, ਉਥੇ ਨਹੀਂ ਜਾਵਾਂਗਾ: ਖੱਟਰ
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਪੱਸ਼ਟ ਸ਼ਬਦਾਂ ‘ਚ ਕਿਹਾ ਹੈ ਕਿ ਉਹ ਗੁਰੂ ਘਰ ਦੇ ਪੱਕੇ ਸ਼ਰਧਾਲੂ ਹਨ ਪਰ ਜਿਥੇ ਵੀ ਕਿਸੇ ਅਸਥਾਨ ‘ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਤਸਵੀਰ ਲੱਗੀ ਹੋਵੇਗੀ ਉਥੇ ਨਹੀਂ ਜਾਣਗੇ। ਖੱਟਰ ਨੇ ਗੁੱਸੇ ‘ਚ ਉਚੀ ਆਵਾਜ਼ ਵਿਚ ਕਿਹਾ ਕਿ ਉਹ ਹਰਿਆਣਾ ‘ਚ ਖਾਲਿਸਤਾਨ ਦੀ ਆਵਾਜ਼ ਨੂੰ ਪਨਪਣ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਉਹ ਗੁਰੂਆਂ ਅਤੇ ਗੁਰੂ ਘਰ ਦਾ ਸਨਮਾਨ ਕਰਦੇ ਹਨ ਤੇ ਇਸ ਕੜੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਦਿਹਾੜਾ, ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ‘ਤੇ ਵੱਖ-ਵੱਖ ਯੋਜਨਾਵਾਂ ਦੇ ਨਾਲ-ਨਾਲ ਹੋਰ ਮਹਾਂਪੁਰਖਾਂ ਦੇ ਨਾਂ ਉਤੇ ਕਈ ਪ੍ਰੋਗਰਾਮ ਉਨ੍ਹਾਂ ਦੀ ਸਰਕਾਰ ਦੌਰਾਨ ਚਲਾਏ ਜਾ ਰਹੇ ਹਨ।