ਚੰਡੀਗੜ੍ਹ: ਕਾਂਗਰਸੀਆਂ ਤੇ ਹੋਰਾਂ ਦੀ ਸੁਰੱਖਿਆ ਵਾਪਸ ਲੈਣ ਵਾਲੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ‘ਤੇ ਮਿਹਰਬਾਨ ਹੈ। ਮਜੀਠੀਆ ਰਾਜ ਦੇ ਉਨ੍ਹਾਂ ਨੌਂ ਵਿਅਕਤੀਆਂ ਵਿਚ ਸ਼ੁਮਾਰ ਹਨ ਜਿਨ੍ਹਾਂ ਨੂੰ ਅਤਿ ਉੱਚ ਸੁਰੱਖਿਆ ਜ਼ੈੱਡ ਪਲੱਸ ਮੁਹੱਈਆ ਕਰਵਾਈ ਗਈ ਹੈ। ਹਰਸਿਮਰਤ ਬਾਦਲ ਦੀ ਸੁਰੱਖਿਆ ਛਤਰੀ ਜ਼ੈੱਡ ਸ਼੍ਰੇਣੀ ਦੀ ਹੈ।
ਰਾਜ ਵਿਚ ਵੱਧ ਤੋਂ ਵੱਧ ਸੁਰੱਖਿਆ ਵਾਲੇ 30 ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਹੈ ਤੇ ਪੰਜਾਬ ਕਾਂਗਰਸ ਦੇ ਨਵੇਂ ਚੁਣੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਹਾਲੇ ਸੁਰੱਖਿਆ ਵਾਲੇ ਵਿਅਕਤੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਜਾਣਾ ਹੈ। ਕਾਂਗਰਸ ਦੇ ਸੁਖਪਾਲ ਖਹਿਰਾ, ਯੂਥ ਕਾਂਗਰਸ ਦੇ ਪ੍ਰਧਾਨ ਵਿਕਰਮਜੀਤ ਚੌਧਰੀ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਸਰਕਾਰੀ ਤੌਰ ‘ਤੇ ਰਾਜ ਦੇ ਜਿਹੜੇ 30 ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ, ਇਹ ਸੁਰੱਖਿਆ ਤਿੰਨ ਸ਼੍ਰੇਣੀਆਂ ਵਿਚ ਹੈ। ਇਨ੍ਹਾਂ ਵਿਅਕਤੀਆਂ ਵਿਚੋਂ ਬਹੁਤੇ ਸੱਤਾਧਾਰੀ ਗੱਠਜੋੜ ਨਾਲ ਸਬੰਧਤ ਹਨ ਜਿਨ੍ਹਾਂ ਵਿਚ ਬੀਬੀ ਜਗੀਰ ਕੌਰ ਵੀ ਸ਼ਾਮਲ ਹੈ ਜਿਸ ਨੂੰ ਜ਼ਮਾਨਤ ‘ਤੇ ਹੋਣ ਦੇ ਬਾਵਜੂਦ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਮਿਲੀ ਹੋਈ ਹੈ। ਦਿਲਚਸਪ ਗੱਲ ਹੈ ਕਿ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਨੂੰ ਵੀ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਹੈ ਜਦਕਿ ਕਾਂਗਰਸ ਦੇ ਉਨ੍ਹਾਂ ਦੇ ਹਮਰੁਤਬਾ ਬਾਜਵਾ ਨੂੰ ਸੰਸਦ ਮੈਂਬਰ ਹੋਣ ਦੇ ਬਾਵਜੂਦ ਅਜਿਹੀ ਸੁਰੱਖਿਆ ਛਤਰੀ ਨਹੀਂ ਮਿਲੀ। ਕਈ ਸਾਬਕਾ ਮੰਤਰੀਆਂ ਨੂੰ ਹਾਲੇ ਤੱਕ ਸ਼੍ਰੇਣੀਬੱਧ ਸੁਰੱਖਿਆ ਮਿਲੀ ਹੋਈ ਹੈ।
ਇਸ ਮਹੀਨੇ ਦੇ ਸ਼ੁਰੂ ਵਿਚ ਪੰਜਾਬ ਕਾਂਗਰਸ ਦੇ ਆਗੂਆਂ ਨੇ ਦੋਸ਼ ਲਾਏ ਸਨ ਕਿ ਰਾਜ ਸਰਕਾਰ ਵੱਡੇ ਪੱਧਰ ‘ਤੇ ਕੁਝ ਆਗੂਆਂ ਦੀ ਸੁਰੱਖਿਆ ਛਤਰੀ ਵਾਪਸ ਲੈ ਰਹੀ ਹੈ ਤੇ ਆਪਣਿਆਂ ਲਈ ਨਰਮ ਹੈ। ਕਾਂਗਰਸ ਦੇ ਕਈ ਆਗੂ ਪਹਿਲਾਂ ਹੀ ਮਜੀਠੀਆ ਨੂੰ ਦੋ ਦਰਜਨ ਸੁਰੱਖਿਆ ਕਰਮੀ ਦਿੱਤੇ ਜਾਣ ‘ਤੇ ਸਵਾਲ ਉਠਾ ਚੁੱਕੇ ਹਨ, ਹਾਲਾਂਕਿ ਉਸ ਦਾ ਨਾਂ ਉਸ ਸੂਚੀ ਵਿਚ ਵੀ ਨਹੀਂ ਹੈ,ਜਿਨ੍ਹਾਂ ਨੂੰ ਜਾਨ ਦਾ ਖਤਰਾ ਹੈ। ਪਰ ਹਾਲ ਹੀ ਵਿਚ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਤਿੰਨ ਸ਼੍ਰੇਣੀਆਂ ਵਾਲੀ ਸੁਰੱਖਿਆ ਛਤਰੀ ਵਾਲੇ ਜਿਨ੍ਹਾਂ 30 ਵਿਅਕਤੀਆਂ ਦੀ ਸੂਚੀ ਭੇਜੀ ਗਈ ਹੈ, ਉਨ੍ਹਾਂ ਵਿਚ ਮਜੀਠੀਆ ਦਾ ਨਾਂ ਸਿਖਰਲੀ ਸ਼੍ਰੇਣੀ ਵਿਚ ਦਰਜ ਹੈ। ਇਸ ਤੋਂ ਇਲਾਵਾ ਪੰਜ ਦੇ ਥਾਣਾ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਜਦੋਂ ਇਹ ਵੀਆਈਪੀਜ਼ ਉਨ੍ਹਾਂ ਦੇ ਇਲਾਕਿਆਂ ਵਿਚੋਂ ਲੰਘਣ ਤਾਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣ। ਸੀਨੀਅਰ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਸੂਬਾਈ ਸੁਰੱਖਿਆ ਤੋਂ ਇਲਾਵਾ, ਮਜੀਠੀਆ ਦੀ ਸੁਰੱਖਿਆ ਛਤਰੀ ਵਿਚ ਕੇਂਦਰੀ ਬਲਾਂ ਦੇ ਜਵਾਨ ਵੀ ਸ਼ਾਮਲ ਰਹਿਣਗੇ ਕਿਉਂਕਿ ਹਾਲ ਹੀ ਵਿਚ ਉਸ ਨੂੰ ਖਤਰਾ ਹੋਣ ਦੀਆਂ ਰਿਪੋਰਟਾਂ ਮਿਲੀਆਂ ਸਨ। ਕਾਂਗਰਸ ਦੇ ਇਕ ਵਿਧਾਇਕ ਦਾ ਕਹਿਣਾ ਹੈ ਕਿ ਇਹ ਤਾਂ ਸਭ ਨੂੰ ਦਿਸਦਾ ਹੈ ਕਿ ਕਿਵੇਂ ਆਪਣੇ ਚਹੇਤਿਆਂ ਨੂੰ ਸੁਰੱਖਿਆ ਦੇ ਕੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਜਦਕਿ ਕਈਆਂ ਨੂੰ ਉੱਕਾ ਹੀ ਅੱਖੋਂ ਓਹਲੇ ਕੀਤਾ ਗਿਆ ਹੈ।
ਵਧੀਕ ਡੀਜੀਪੀ (ਸੁਰੱਖਿਆ) ਦਿਨਕਰ ਗੁਪਤਾ ਨੇ ਦੱਸਿਆ ਕਿ ਕਿਸੇ ਵੀ ਆਗੂ ਨੂੰ ਸੁਰੱਖਿਆ ਸਿਆਸੀ ਮਜਬੂਰੀਆਂ ਤਹਿਤ ਨਹੀਂ, ਬਲਕਿ ਵੱਖ-ਵੱਖ ਏਜੰਸੀਆਂ ਵੱਲੋਂ ਦਿੱਤੀਆਂ ਜਾਂਦੀਆਂ ਰਿਪੋਰਟਾਂ ਦੇ ਆਧਾਰ ‘ਤੇ ਦਿੱਤੀ ਜਾਂਦੀ ਹੈ। ਖੁਫੀਆ ਵਿੰਗ ਦੀ ਅਗਵਾਈ ਵਾਲੀ ਕਮੇਟੀ ਸੁਰੱਖਿਆ ਲੈਣ ਵਾਲਿਆਂ ਦੀ ਸੂਚੀ ਪਾਸ ਕਰਦੀ ਹੈ। ਜ਼ੈੱਡ ਪਲੱਸ ਸ਼੍ਰੇਣੀ ਵਿਚ ਨੌਂ ਵਿਅਕਤੀ, ਜ਼ੈੱਡ ਸ਼੍ਰੇਣੀ ਵਿਚ ਵੀ ਨੌਂ ਤੇ ਵਾਈ ਸ਼੍ਰੇਣੀ ਵਿਚ 12 ਵਿਅਕਤੀ ਸ਼ਾਮਲ ਹਨ। ਮਜੀਠੀਆ ਤੋਂ ਇਲਾਵਾ, ਪੰਜਾਬ ਦੇ ਗਵਰਨਰ, ਮੁੱਖ ਮੰਤਰੀ, ਉਪ ਮੁੱਖ ਮੰਤਰੀ, ਡੀਜੀਪੀ ਸੁਮੇਧ ਸੈਣੀ, ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ, ਮਨਿੰਦਰਜੀਤ ਬਿੱਟਾ, ਰਾਧਾ ਸਵਾਮੀ ਡੇਰਾ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਸਾਬਕਾ ਡੀਜੀਪੀ ਜ਼ੈੱਡ ਪਲੱਸ ਸ਼੍ਰੇਣੀ ਵਾਲੇ ਹਨ। ਕਾਂਗਰਸ ਦੀ ਸਾਬਕਾ ਵਿਧਾਇਕ ਰਾਜਿੰਦਰ ਕੌਰ ਭੱਠਲ, ਤਾਮਿਲਨਾਡੂ ਦੇ ਸਾਬਕਾ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਦੀ ਸੁਰੱਖਿਆ ਜ਼ੈੱਡ ਤੋਂ ਵਾਈ ਸ਼੍ਰੇਣੀ ਵਿਚ ਕਰ ਦਿੱਤੀ ਗਈ ਹੈ।
Leave a Reply