ਨਿੰਮਾ ਡੱਲੇਵਾਲਾ
ਵਕਤ ਜਿਸ ਦਾ ਇਕ ਨਾਮ ਸਮਾਂ ਵੀ ਹੈ, ਦੇ ਤਿੰਨ ਵੱਖ-ਵੱਖ ਰੂਪ ਹਨ-ਭੂਤਕਾਲ, ਵਰਤਮਾਨ ਅਤੇ ਭਵਿੱਖ। ਸਮੇਂ ਦੇ ਤਿੰਨ ਰੰਗ ਮਨੁੱਖ ਦੀ ਜ਼ਿੰਦਗੀ ਨੂੰ ਵੀ ਤਿੰਨ ਹਿੱਸਿਆਂ ਵਿਚ ਵੰਡਦੇ ਹਨ। ਧਰਤੀ ਉਤੇ ਆਏ ਹਰ ਬੰਦੇ ਨੂੰ ਵਕਤ ਦੇ ਇਨ੍ਹਾਂ ਤਿੰਨਾਂ ਰੰਗਾਂ ਦੀ ਹੋਲੀ ਖੇਡਣੀ ਪੈਂਦੀ ਹੈ। ਸਮੇਂ ਦਾ ਵਿਚਕਾਰਲਾ ਰੰਗ ਸਮਝੋ ਟਰੈਫਿਕ ਵਾਲੀ ਪੀਲੀ ਲਾਈਟ ਹੈ ਜੋ ਪਹਿਲਾਂ ਹਰੀ ਵਿਚੋਂ ਲੰਘਣ ਅਤੇ ਬਾਅਦ ਵਿਚ ਲਾਲ ‘ਤੇ ਰੁਕਣ ਦਾ ਇਸ਼ਾਰਾ ਹੈ। ਇਸੇ ਤਰ੍ਹਾਂ ਚੱਲ ਰਿਹਾ ਸਮਾਂ ਸਾਨੂੰ ਲੰਘੇ ਹੋਏ ਦਾ ਸੰਕੇਤ ਦਿੰਦਾ ਹੈ ਅਤੇ ਆਉਣ ਵਾਲੇ ਸਮੇਂ ਦਾ ਅਹਿਸਾਸ ਕਰਵਾਉਂਦਾ ਹੈ। ਅਸਲ ਵਿਚ ਸਮੇਂ ਦਾ ਇਹੀ ਰੂਪ ਮਾਣਨਯੋਗ ਹੁੰਦਾ ਹੈ ਕਿਉਂਕਿ ਲੰਘਿਆ ਮੁੜ ਨਹੀਂ ਆਉਂਦਾ ਅਤੇ ਆਉਣ ਵਾਲੇ ਸਮੇਂ ਬਾਰੇ ਕੁਝ ਵੀ ਨਿਸ਼ਚਿਤ ਨਹੀਂ। ਜੋ ਵਰਤਮਾਨ ਹੈ, ਉਹੀ ਤੁਸਾਂ ਦਾ ਆਪਣਾ ਹੈ,
ਇਹ ਵਕਤ ਕਿਸੇ ਦੇ ਪਿਉ ਦਾ ਨਾ,
ਅੱਜ ਤੇਰਾ ਤੇ ਕੱਲ੍ਹ ਮੇਰਾ ਏ।
ਅੱਜ ਇਸ ਪਾਸੇ, ਕੱਲ੍ਹ ਉਸ ਪਾਸੇ,
ਨਾ ਕਿਤੇ ਵੀ ਪੱਕਾ ਡੇਰਾ ਏ।
ਮੈਨੂੰ ਦੱਸਿਓ ਅੱਜ ਤੱਕ ਕਿਹੜੇ ਨੇ,
ਤੱਕਿਆ ਏਸ ਦਾ ਚਿਹਰਾ ਏ।
ਕਿਵੇਂ ਕੈਦ ਕੋਈ ਕਰਲੁ ਮੁੱਠੀਆਂ ਵਿਚ,
ਪੁਰੇ ਆਲਮ ਦੇ ਵਿਚ ਘੇਰਾ ਏ।
ਖੁਸ਼ੀਆਂ ਦੀ ਜਗਮਗ ਵਕਤ ਕਰੇ,
ਜਿਥੇ ਕਰਿਆ ਦਰਦ ਹਨ੍ਹੇਰਾ ਏ।
ਜਿਹੜੇ ਵਿਹੜਿਆਂ ਹੰਕਾਰ ਵੜੇ,
ਉਸ ਵਿਹੜੇ ਕਰੇ ਹਨੇਰਾ ਏ।
ਇਹੇ ਵਕਤ ਨਾ ਬਹਿੰਦਾ ਟਿਕ ਨਿੰਮਿਆ,
ਇਹਦਾ ਮੁਕੇ ਨਾ ਤੋਰਾ ਫੇਰਾ ਵੇ।
ਵਕਤ ਕਿਸੇ ਦੇ ਪਿਉ ਦਾ ਨਹੀਂ। ਇਸ ਦੀ ਆਪਣੀ ਕੋਈ ਜੁਬਾਨ ਵੀ ਨਹੀਂ ਹੁੰਦੀ, ਫਿਰ ਵੀ ਇਹ ਘੜੀ ਦੀਆਂ ਸੂਈਆਂ ਦੀ ਟਿੱਕ ਟਿੱਕ ਨਾਲ ਸਾਨੂੰ ਸਾਡੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਉਂਦਾ ਰਹਿੰਦਾ ਹੈ। ਪੁਲਾਂ ਹੇਠੋਂ ਲੰਘੇ ਪਾਣੀਆਂ ਵਾਂਗ ਵਕਤ ਵੀ ਕਦੇ ਪਿੱਛੇ ਨਹੀਂ ਮੁੜਦਾ ਅਤੇ ਨਾ ਹੀ ਇਸ ਨੂੰ ਜੰਜ਼ੀਰਾਂ ਵਿਚ ਜਕੜਿਆ ਜਾ ਸਕਦਾ ਹੈ। ਇਸ ਦੀ ਆਪਣੀ ਇਕ ਰਫ਼ਤਾਰ ਹੈ। ਜੋ ਇਸ ਦੇ ਕਦਮ ਨਾਲ ਕਦਮ ਮਿਲਾ ਕੇ ਚੱਲੇਗਾ, ਉਹ ਆਪਣੇ ਮਕਸਦ ਦੀ ਮੰਜ਼ਿਲ ਉਤੇ ਜ਼ਰੂਰ ਅੱਪੜੇਗਾ ਪਰ ਜੋ ਇਸ ਦੀ ਤੋਰ ਨਹੀਂ ਤੁਰ ਸਕਦਾ ਉਹ ਹਮੇਸ਼ਾ ਹੀ ਫਾਡੀ ਰਹੇਗਾ। ਸਮੇਂ ਦੀ ਕਦਰ ਕਰੇ ਬਿਨਾਂ ਇਨਸਾਨ ਦੀ ਕਦਰ ਵੀ ਨਹੀਂ ਪੈਂਦੀ। ਸਮੇਂ ਦੀ ਸੰਭਾਲ ਹੀ ਸਫ਼ਲਤਾ ਵਾਲੇ ਘਰ ਨੂੰ ਜਾਣ ਵਾਲੀਆਂ ਰਾਹਾਂ ਵਿਖਾਉਂਦੀ ਹੈ।
ਸਮੇਂ ਦੀਆਂ ਤਿੰਨ ਅਵਸਥਾਵਾਂ ਅਤੇ ਦੋ ਦਿਸ਼ਾਵਾਂ ਹਨ-ਇਕ ਚੰਗੀ, ਇਕ ਮਾੜੀ। ਚੱਲ ਰਿਹਾ ਮਾੜਾ ਵਕਤ ਸਾਨੂੰ ਚੰਗੇ ਵਕਤ ਦੀ ਤਲਾਸ਼ ਦੀ ਰਾਹ ‘ਤੇ ਤੋਰਦਾ ਹੈ। ਮਾੜਾ ਵਕਤ ਸਾਡੇ ਅੰਦਰਲੇ ਸ਼ੈਤਾਨ ਨੂੰ ਮਾਰ ਕੇ ਪਰਮਾਤਮਾ ਨਾਲ ਨੇੜਤਾ ਬਣਾਉਂਦਾ ਹੈ ਤੇ ਇਹੀ ਸਾਨੂੰ ਸਾਡੀਆਂ ਭੁੱਲਾਂ ਦਾ ਅਹਿਸਾਸ ਕਰਵਾ ਸਿਆਣਪਾਂ ਦੇ ਪਾਠ ਪੜ੍ਹਾਉਂਦਾ ਹੈ। ਮਾੜਾ ਵਕਤ ਜ਼ਿੰਦਗੀ ਵਿਚ ਲੱਗੀ ਉਸ ਠੋਕਰ ਵਾਂਗ ਹੈ, ਜੋ ਸੰਭਲਣ ਦੀ ਜਾਂਚ ਸਿਖਾਉਂਦਾ ਹੈ, ਸਮਝਿਆ ਜਾਵੇ ਤਾਂ ਇਹ ਸਾਡੇ ਜੀਵਨ ਵਿਚ ਇਕ ਪ੍ਰੇਰਨਾ ਦਾ ਸਰੋਤ ਹੈ। ਇਕ ਮਾੜਾ ਵਕਤ ਹੀ ਹੈ, ਜੋ ਸਾਡੇ ਹੰਕਾਰ ਦੀਆਂ ਜੰਜ਼ੀਰਾਂ ਨੂੰ ਤੋੜ ਨਿਮਰਤਾ ਵਾਲੀਆਂ ਡੋਰਾਂ ਵਿਚ ਬੰਨ੍ਹਦਾ ਹੈ। ਇਕ ਵਕਤ ਹੀ ਹੈ, ਜੋ ਮਾੜੀ ਅਵਸਥਾ ਵਿਚ ਵੀ ਮਨੁੱਖ ਨੂੰ ਮੁੜ ਖੁਸ਼ਹਾਲ ਹੋਣ ਦੀ ਪ੍ਰੇਰਨਾ ਦਿੰਦਾ ਹੈ।
ਚੰਗੇ ਵਕਤ ਦੀ ਗੱਲ ਕਰੀਏ ਜੋ ਸਭ ਨੂੰ ਚੰਗਾ ਲੱਗਦਾ ਹੈ। ਚੰਗਾ ਵਕਤ ਕਈ ਵਾਰੀ ਸਾਡੇ ਅੰਦਰ ‘ਮੈਂ’ ਦਾ ਪ੍ਰਵੇਸ਼ ਕਰ ਸਾਨੂੰ ‘ਹਉਮੈ’ ਦੇ ਜੰਜਾਲ ਵਿਚ ਫਸਾ ਦਿੰਦਾ ਹੈ, ਜਿਸ ਨਾਲ ਸਾਡੀ ਜ਼ਮੀਰ ਅਤੇ ਇਨਸਾਨੀਅਤ ਮੌਤ ਦੇ ਬੂਹੇ ਆਣ ਖਲੋਂਦੀ ਹੈ। ਚੰਗਾ ਵਕਤ ਕਈ ਵਾਰੀ ਰੱਬ ਨੂੰ ਵੀ ਭੁਲਾ ਦਿੰਦਾ ਹੈ। ਮਾੜੇ ਵਕਤ ਤੋਂ ਅਸੀਂ ਹਮੇਸ਼ਾ ਮੂੰਹ ਮੋੜਦੇ ਹਾਂ ਤੇ ਚੰਗੇ ਵਕਤ ਦੇ ਗੁਲਾਬ ਦੀ ਸੁਗੰਧ ਸਾਨੂੰ ਪਿਆਰੀ ਲੱਗਦੀ ਹੈ, ਜੋ ਸਾਨੂੰ ਗਰੂਰ ਦੇ ਨਸ਼ੇ ਵਿਚ ਮਦਹੋਸ਼ ਵੀ ਕਰ ਦਿੰਦੀ ਹੈ। ਮਾੜਾ ਵਕਤ ਜੋ ਸਾਨੂੰ ਅਕਲਾਂ ਸਿਖਾਉਂਦਾ ਉਸ ਦੀ ਅਸੀਂ ਕਦੇ ਕਾਮਨਾ ਨਹੀਂ ਕਰਦੇ ਪਰ ਚੰਗੇ ਵਕਤ ਦੀਆਂ ਅਰਦਾਸਾਂ ਅਸੀਂ ਹਰ ਵਕਤ ਕਰਦੇ ਹਾਂ ਜਿਹੜਾ ਕਈ ਵਾਰੀ ਸਾਡੇ ਅੰਦਰ ਫਤੂਰ ਵੀ ਭਰ ਦਿੰਦਾ ਹੈ। ਚੰਗੇ ਬਣ ਕੇ ਵੇਖੋ, ਚੰਗਾ ਵਕਤ ਤੁਹਾਨੂੰ ਆਪ ਉਡੀਕੇਗਾ,
ਕਰੋ ਕਦਰ ਵੀਰਿਓ ਵੇ,
ਇਸ ਵਕਤ ਪਿਆਰੇ ਦੀ।
ਕਾਮਯਾਬੀਆਂ ਵਾਲੀ ਜੇ,
ਚੜਨਾ ਛੱਤ ਚੁਬਰੇ ਦੀ।
ਭੱਠੀ ਪੈ ਹੀ ਇੱਟ ਬਣਦੀ,
ਯਾਰੋ ਕੱਚੇ (ਗਿਲੇ) ਗਾਰੇ ਦੀ।
ਵਕਤ ਨੂੰ ਸਾਂਭੋ ਬਣਨਾ ਜੇ,
ਚਮਕ ਕੋਈ ਤਾਰੇ ਦੀ।
ਬਣ ਕੇ ਜਲੋ ਮਿਸਾਲ,
ਲਾਓ ਚੋਟ ਨਗਾਰੇ ਦੀ,
ਸੁਲਘਣ ਦਾ ਕੀ ਫਾਇਦਾ,
ਬਣ ਕੇ ਪਾਥੀ ਹਾਰੇ ਦੀ।
ਪੋਹ ਦੀ ਠੰਡ ਤੋਂ ਬਚਣਾ,
ਬਣ ਜੋ ਅੱਗ ਅੰਗਿਆਰੇ ਦੀ।
ਵਕਤ ਸਾਂਭ ਲੈ ਨਿੰਮਿਆ,
ਨਾ ਇੱਟ ਬਣ’ਜੀਂ ਢਾਰੇ ਦੀ।
ਬੀਤ ਚੁੱਕਿਆ ਵਕਤ ਜਿਸ ਵਿਚ ਇਨਸਾਨ ਨੇ ਦੁੱਖਾਂ ਦੀ ਤਪਸ਼ ਅਤੇ ਸੁੱਖਾਂ ਦੀ ਠੰਡਕ ਪਿੰਡੇ ਉਤੇ ਹੰਢਾਈ ਹੁੰਦੀ ਹੈ, ਜਿਸ ਦੇ ਕੁਝ ਪਹਿਲੂ ਇਨਸਾਨ ਦੀ ਸਾਰੀ ਉਮਰ ਲਈ ਯਾਦਗਾਰ ਬਣ ਜਾਂਦੇ ਹਨ। ਹਰ ਇਕ ਦੇ ਅਤੀਤ ਨਾਲ ਕਈ ਅਜਿਹੇ ਪਲ ਵੀ ਜੁੜੇ ਹੁੰਦੇ ਹਨ, ਜਿਨ੍ਹਾਂ ਨੂੰ ਉਹ ਚਾਹੁੰਦੇ ਹੋਏ ਵੀ ਨਹੀਂ ਭੁਲਾ ਸਕਦਾ। ਕੁਝ ਮਿੱਠੀਆਂ ਤੇ ਕੌੜੀਆਂ ਯਾਦਾਂ ਕਈ ਵਾਰ ਸਾਨੂੰ ਕਈ ਕਈ ਸਾਲ ਪਿਛੇ ਲਿਜਾ ਖੜ੍ਹਾ ਕਰਦੀਆਂ ਹਨ। ਗੁਜ਼ਰੇ ਦੌਰ ਦੀਆਂ ਝੱਲੀਆਂ ਤਕਲੀਫਾਂ ਸਾਨੂੰ ਚੱਲ ਰਹੇ ਸਮੇਂ ਵਿਚ ਮੁਸ਼ਕਿਲਾਂ ਤੋਂ ਬਚਣ ਦਾ ਇਕ ਨੁਕਤਾ ਬਣ ਸਕਦੀਆਂ ਹਨ।
ਲਾਲਸਾ ਅਤੇ ਲਾਲਚ ਚੱਲਦੇ ਸਮੇਂ ਨੂੰ ਵਧੀਆ ਬਣਾਉਣ ਵਿਚ ਇਕ ਵਿਘਨ ਪਾਉਂਦੇ ਹਨ ਜੋ ਆਉਣ ਵਾਲੇ ਸਮੇਂ ਲਈ ਖੁਸ਼ੀਆਂ ਖਰੀਦਣ ਲਾ ਦਿੰਦੇ ਹਨ। ਸਾਡੀ ਫਿਤਰਤ ਬਣ ਗਈ ਹੈ ਕਿ ਜੋ ਪੱਲੇ ਹੈ, ਉਸ ਨੂੰ ਸਾਂਭਣ ਦੀ ਅਸੀਂ ਫ਼ਿਕਰ ਨਹੀਂ ਕਰਦੇ ਤੇ ਆਉਣ ਵਾਲਾ ਵਕਤ ਜਿਸ ਨੂੰ ਅਸੀਂ ਵੇਖਿਆ ਨਹੀਂ ਹੁੰਦਾ ਉਸ ਦੇ ਫਿਕਰ ਵਿਚ ਜੁੱਟ ਜਾਂਦੇ ਹਾਂ।
ਅੱਜ ਜਿਸ ਦੀ ਪਹੁੰਚ ਚੱਲੇ, ਵਕਤ ਉਸ ਦਾ ਹੀ ਹੋ ਜਾਂਦਾ ਹੈ, ਜਿਸ ਵਿਹੜੇ ਗਰੀਬੀ ਅਤੇ ਲਾਚਾਰੀ ਹੋਵੇ, ਵਕਤ ਉਸ ਦੇ ਨਾਲ ਨਹੀਂ ਹੁੰਦਾ ਜਿਸ ਕਰਕੇ ਵਕਤ ਦੇ ਸ਼ਰਮਾਏਦਾਰਾਂ ਅੱਗੇ ਉਨ੍ਹਾਂ ਨੂੰ ਹੱਥ ਫੈਲਾਉਣੇ ਅਤੇ ਜੋੜਨੇ ਵੀ ਪੈ ਜਾਂਦੇ ਹਨ, ਜਿਸ ਨਾਲ ਮਨੁੱਖਤਾ ਦਾ ਘਾਣ ਹੁੰਦਾ ਹੈ। ਵਕਤ ਜਿਨ੍ਹਾਂ ਦੇ ਨਾਲ ਹੁੰਦਾ ਹੈ, ਕਈ ਵਾਰੀ ਵਕਤ ਦੇ ਮਾਰਿਆਂ ਨੂੰ ਉਨ੍ਹਾਂ ਦੇ ਗੋਚਰੂ ਹੋਣਾ ਪੈਂਦਾ ਹੈ। ਇਕ ਸੁਨੇਹਾ ਉਨ੍ਹਾਂ ਨੂੰ ਜਿਨ੍ਹਾਂ ਦੀ ਦਹਿਲੀਜ਼ ਭਲਾ ਵਕਤ ਆ ਵੜਿਆ।
ਜੇ ਨਾਜਾਇਜ਼ ਨਿਆਸਰੇ ਦਾ,
ਤੁਸੀਂ ਲਾਭ ਉਠਾਵੋਗੇ।
ਸਮਾਂ ਰੱਬ ਜੇ ਬਦਲ ਦਿੱਤਾ,
ਫਿਰ ਬਹਿ ਪਛਤਾਵੋਗੇ।
ਆਉ ਕੰਮ ਗਰੀਬਾਂ ਦੇ,
ਸੁੱਖ ਬੜਾ ਹੀ ਪਾਵੋਗੇ।
ਨਾ ਵਕਤ ਕਿਸੇ ਦਾ ਮੀਤ ਬਣੇ,
ਬਣੇ ਮੀਤ ਗਵਾਵੋਗੇ।
ਰਹੇ ਪਿਆਰ ਤੇ ਨਾ ਹੰਕਾਰ ਰਹੇ,
ਚੰਗਾ ਵਕਤ ਹੰਢਾਵੋਗੇ।
ਨਹੀਂ ਨਿੰਮਿਆ ਮਾਣ ਤਾਂ ਟੁੱਟਦੇ ਆਏ,
ਮਾਣ ਟੁੱਟਗੇ ਤਾਂ ਪਛਤਾਵੋਗੇ।
Leave a Reply