ਛੁਟਕਾਰਾ

ਐਸ਼ ਸਾਕੀ
ਦਫਤਰ ਵਿਚ ਉਹ ਮੇਰੇ ਸਾਹਮਣੇ ਜਮੀਨ ‘ਤੇ ਬੈਠ ਗਿਆ। ਕਾਗਜ਼ ‘ਤੇ ਕੁਝ ਲਿਖਦਿਆਂ ਮੇਰੀ ਨਜ਼ਰ ਉਸ ਵੱਲ ਚਲੀ ਗਈ। ਮੈਂ ਉਸ ਨੂੰ ਕੁਰਸੀ ‘ਤੇ ਬੈਠਣ ਦਾ ਇਸ਼ਾਰਾ ਕੀਤਾ।

“ਨਹੀਂ ਸਾਹਿਬ, ਇੱਥੇ ਹੀ ਠੀਕ ਹੈ। ਅਸੀਂ ਇੱਥੇ ਜੋਗੇ ਹੀ ਹਾਂ।” ਉਹ ਬੋਲਿਆ, ਪਰ ਉਸ ਨੇ ਜੋ ਕਿਹਾ, ਮੇਰੀ ਸਮਝ ਵਿਚ ਨਾ ਆਇਆ।
ਚਾਰ ਦਿਨ ਪਹਿਲਾਂ ਹੀ ਮੇਰੀ ਕਾਰਪੋਰੇਸ਼ਨ ਦੇ ਇਸ ਸਬ-ਆਫਿਸ ਵਿਚ ਬਦਲੀ ਹੋਈ ਸੀ। ਇਹ ਦਿੱਲੀ ਵਿਚ ਯਮਨਾ ਪਾਰ ਸ਼ਾਹਦਰਾ ਵਿਚ ਬਣਿਆ ਹੋਇਆ ਹੈ। ਆਫਿਸ ਵੀ ਕਾਹਦਾ, ਪੁਰਾਣਾ ਘਰ ਹੈ ਕਿਸੇ ਦਾ। ਚਾਰ ਕਮਰੇ ਨੇ ਉਸ ਵਿਚ। ਅੱਗੇ ਖੁੱਲ੍ਹੀ ਥਾਂ ਹੈ। ਉਸ ਵਿਚ ਨਿੰਮ ਦੇ ਦੋ ਵੱਡੇ ਰੁੱਖ ਹਨ, ਜਿਨ੍ਹਾਂ ਦੇ ਪੱਤੇ ਅਕਸਰ ਹਰ ਮੌਸਮ ਵਿਚ ਖੁੱਲ੍ਹੀ ਥਾਂ ‘ਤੇ ਡਿੱਗਦੇ ਰਹਿੰਦੇ ਹਨ। ਜਦੋਂ ਸ਼ਾਮੀਂ ਆਫਿਸ ਤੋਂ ਛੁੱਟੀ ਮਗਰੋਂ ਮੈਂ ਘਰ ਨੂੰ ਜਾਂਦਾ ਹਾਂ ਤਾਂ ਰੁੱਖਾਂ ‘ਤੇ ਰਾਤ ਕੱਟਣ ਆਈਆਂ ਬਹੁਤ ਸਾਰੀਆਂ ਚਿੜੀਆਂ ਦੀ ਆਵਾਜ਼ ਕੰਨੀਂ ਪੈਂਦੀ ਹੈ। ਸੁਣ ਕੇ ਮੈਨੂੰ ਇੰਜ ਲੱਗਦਾ ਹੈ ਜਿਵੇਂ ਉਹ ਡੁੱਬਦੇ ਸੂਰਜ ਦਾ ਕੋਈ ਗੀਤ ਗਾ ਰਹੀਆਂ ਹੋਣ।
ਇਸ ਆਫਿਸ ਦੀ ਜ਼ਿੰਮੇਵਾਰੀ ਸ਼ਾਹਦਰਾ ਦੀਆਂ ਸੜਕਾਂ ਦੀ ਸਫਾਈ ਕਰਵਾਉਣਾ ਹੈ। ਨਾਲੀਆਂ, ਵੱਡੇ ਨਾਲੇ ਅਤੇ ਅੰਡਰ-ਗਰਾਊਂਡ ਸੀਵਰੇਜ ਨੂੰ ਸਾਫ ਤੇ ਠੀਕ-ਠਾਕ ਰੱਖਣਾ ਹੈ। ਮੇਰੇ ਨਾਲ ਚਾਰ ਬਾਬੂ ਕੰਮ ਕਰਦੇ ਹਨ। ਸਾਡੇ ਆਫਿਸ ਅਧੀਨ ਕਈ ਦਰੋਗਾ ਆਉਂਦੇ ਹਨ। ਉਨ੍ਹਾਂ ਨੂੰ ਅਸੀਂ ਸ਼ਾਹਦਰਾ ਦੇ ਅੱਡ-ਅੱਡ ਖੇਤਰ ਵੰਡ ਕੇ ਦਿੱਤੇ ਹੋਏ ਹਨ। ਉਹ ਇਸ ਕੰਮ ਲਈ ਉਸ ਥਾਂ ‘ਤੇ ਭੰਗੀਆਂ ਦੀ ਡਿਊਟੀ ਲਾਉਂਦੇ ਹਨ। ਉਨ੍ਹਾਂ ਦੀ ਹਾਜ਼ਰੀ ਲਾਉਂਦੇ ਹਨ। ਹਾਜ਼ਰੀ ਵਾਲੀਆਂ ਲਿਸਟਾਂ ਸਾਡੇ ਆਫਿਸ ਭੇਜਦੇ ਹਨ, ਜਿਨ੍ਹਾਂ ਨੂੰ ਵੇਖ ਕੇ ਉਨ੍ਹਾਂ ਦੀ ਤਨਖਾਹ ਬਣਦੀ ਹੈ।
“ਸਾਹਿਬ, ਮੈਂ ਇਹ ਕਮਰਾ ਸਾਫ ਕਰਨਾ ਹੈ। ਕੀ ਤੁਸੀਂ ਥੋੜ੍ਹੇ ਚਿਰ ਲਈ ਬਾਹਰ ਚਲੇ ਜਾਓਗੇ?” ਆਪਣੀ ਥਾਂ ਤੋਂ ਉਠ ਉਸ ਬੰਦੇ ਨੇ ਕਿਹਾ।
“ਤੂੰ…?” ਮੈਂ ਉਸ ਕੋਲੋਂ ਪੁੱਛਿਆ।
“ਮੈਂ ਮੰਗਲ ਹਾਂ ਸਾਹਿਬ, ਸਾਵਿਤਰੀ ਦਾ ਘਰ ਵਾਲਾ, ਜਿਹੜੀ…।”
ਉਸ ਦੀ ਗੱਲ ਸੁਣ ਕੇ ਮੇਰੀ ਨਜ਼ਰ ਉਸ ਸ਼ਖਸ ਵੱਲ ਚਲੀ ਗਈ ਜੋ ਮਸਾਂ ਪੰਜ ਫੁੱਟ ਉਚਾ ਤੇ ਇਕਹਿਰੇ ਸਰੀਰ ਦਾ ਸੁਕੜੂ ਜਿਹਾ ਦਿਸਦਾ ਹੈ। ਉਸ ਨੇ ਮੈਲਾ ਕੁੜਤਾ ਪਜਾਮਾ ਪਹਿਨ ਰੱਖਿਆ ਹੈ। ਪੈਰਾਂ ਵਿਚ ਰਬੜ ਦੀ ਵੀ-ਸ਼ੇਪ ਚੱਪਲ ਹੈ।
ਇਸ ਦੇ ਨਾਲ ਹੀ ਮੈਨੂੰ ਉਹਦੀ ਪਤਨੀ ਸਾਵਿਤਰੀ ਦਾ ਖਿਆਲ ਆ ਗਿਆ। ਜਦੋਂ ਤੋਂ ਮੈਂ ਇੱਥੇ ਆਇਆ ਹਾਂ ਭਾਵ ਪਿਛਲੇ ਤਿੰਨ ਦਿਨਾਂ ਤੋਂ, ਆਫਿਸ ਦੇ ਚਾਰਾਂ ਕਮਰਿਆਂ ਅਤੇ ਬਾਹਰ ਖੁੱਲ੍ਹੀ ਥਾਂ ਦੀ ਸਫਾਈ ਕਰਨ ਉਹੀ ਆ ਰਹੀ ਹੈ। ਮੈਂ ਪਲਾਂ ਵਿਚ ਸਾਹਮਣੇ ਖੜ੍ਹੇ ਉਸ ਪੰਜ ਫੁੱਟ ਤੋਂ ਵੀ ਘੱਟ ਕੱਦ ਵਾਲੇ ਬੰਦੇ ਦੀ ਤੁਲਨਾ ਉਹਦੀ ਸੁਡੌਲ ਪਤਨੀ ਨਾਲ ਕਰਨ ਲੱਗਾ, ਜੋ ਉਸ ਮਰਦ ਨਾਲੋਂ ਡੇਢ ਹੱਥ ਉਚੀ ਹੈ। ਸਰੀਰ ਤੋਂ ਇਉਂ ਜਿਵੇਂ ਪਹਾੜ ਦਾ ਟੁੱਟਿਆ ਇੱਕ ਵੱਡਾ ਟੁਕੜਾ ਹੋਵੇ ਜਿਸ ਹੇਠਾਂ ਪਹੀਏ ਲਾ ਦਿੱਤੇ ਹੋਣ ਤੇ ਉਹ ਪੱਥਰ ਹੱਥ ਵਿਚ ਝਾੜੂ ਫੜ੍ਹੀ ਆਪਣਾ ਕੰਮ ਕਰ ਰਿਹਾ ਹੋਵੇ।
ਮੈਂ ਵੇਖਿਆ ਮੰਗਲ ਅਜੇ ਵੀ ਮੇਰੇ ਸਾਹਮਣੇ ਖੜ੍ਹਾ ਸੀ।
“ਹਾਂ…ਹਾਂ, ਤੂੰ ਸਫਾਈ ਕਰ ਲੈ। ਪਰ ਅੱਜ ਤੇਰੀ ਘਰਵਾਲੀ ਕਿਉਂ ਨਹੀਂ ਆਈ?” ਇਸ ਤੋਂ ਪਹਿਲਾਂ ਕਿ ਉਹ ਆਪਣਾ ਕੰਮ ਸ਼ੁਰੂ ਕਰਦਾ, ਮੈਂ ਪੁੱਛਿਆ।
“ਸਾਹਿਬ, ਉਸ ਨੂੰ ਤਿੰਨ ਦਿਨਾਂ ਤੋਂ ਬੁਖਾਰ ਚੜ੍ਹ ਰਿਹਾ ਹੈ। ਦੋ ਦਿਨ ਤਾਂ ਉਹ ਬੁਖਾਰ ਵਿਚ ਵੀ ਕੰਮ ਕਰਨ ਆਉਂਦੀ ਰਹੀ, ਪਰ ਅੱਜ ਮੈਂ…!” ਮੰਗਲ ਨੇ ਗੱਲ ਪੂਰੀ ਨਾ ਕੀਤੀ।
ਦੋ ਦਿਨਾਂ ਲਈ ਫਿਰ ਉਹੀ ਕੰਮ ਕਰਨ ਆਇਆ। ਉਹਦੀ ਪਤਨੀ ਨੇ ਛੁੱਟੀ ਰੱਖੀ।
“ਬਈ ਤੂੰ ਕੋਈ ਕੰਮ ਵੀ ਕਰਦਾ ਹੈਂ?” ਇੱਕ ਦਿਨ ਮੈਂ ਉਸ ਨੂੰ ਪੁੱਛਿਆ।
“ਕਰਦਾ ਹਾਂ ਸਾਹਿਬ। ਮੈਂ ਵੀ ਆਪ ਦੇ ਅਧੀਨ ਹਾਂ।”
“ਅੱਛਾ! ਪਰ ਤੇਰੀ ਡਿਊਟੀ ਕਿੱਥੇ ਲੱਗੀ ਹੋਈ ਹੈ?” ਮੈਂ ਉਸ ਨੂੰ ਪੁੱਛਿਆ।
“ਅੰਡਰਗਰਾਊਂਡ ਸੀਵਰੇਜ ਦੀ ਸਫਾਈ ‘ਤੇ ਲੱਗਾ ਹੋਇਆ ਹਾਂ।” ਉਹਦੀ ਗੱਲ ਸੁਣ ਕੇ ਮੈਂ ਸੋਚਣ ਲੱਗਾ ਕਿ ਇਹ ਤਾਂ ਬਹੁਤ ਔਖਾ ਕੰਮ ਕਰਦਾ ਹੈ। ਹੇਠਾਂ ਸੀਵਰੇਜ ਵਿਚ ਉਤਰਨਾ ਜਿਸ ਵਿਚ ਕਈ ਵਾਰੀ ਖਤਰਨਾਕ ਗੈਸ ਵੀ ਹੁੰਦੀ ਹੈ, ਤੇ ਫਿਰ ਹੇਠਾਂ ਗੰਦੇ ਪਾਣੀ ਵਿਚ ਖੜ੍ਹ ਕੇ ਬਾਲਟੀਆਂ ਭਰ ਕੂੜਾ ਬਾਹਰ ਖੜ੍ਹੇ ਬੰਦੇ ਨੂੰ ਫੜ੍ਹਾਉਣਾ। ਪਰ ਇਹ ਬੰਦਾ…!
“ਬਈ ਮੰਗਲ, ਤੂੰ ਰਹਿੰਦਾ ਕਿੱਥੇ ਹੈਂ?” ਇਹ ਮੇਰਾ ਅਗਲਾ ਸਵਾਲ ਸੀ।
“ਆਹ ਸਾਹਿਬ, ਦਫਤਰ ਤੋਂ ਅੱਗੇ ਜਿਹੜਾ ਤਿਕੋਣਾ ਪਾਰਕ ਹੈ, ਉਥੇ ਸਾਡੀ ਬਸਤੀ ਹੈ।”
“ਕਦੋਂ ਤੋਂ ਰਹਿ ਰਿਹਾ ਹੈਂ ਤੂੰ ਉਥੇ?”
“ਪਤਾ ਨਹੀਂ ਸਾਹਿਬ ਸਾਡੇ ਵਡੇਰਿਆਂ ਨੇ ਕਦੋਂ ਘਰ ਬਣਾਇਆ ਸੀ। ਸੁਣਨ ਵਿਚ ਆਉਂਦਾ ਹੈ ਕਿ ਸ਼ੁਰੂ ਵਿਚ ਦੋ ਭਰਾਵਾਂ ਨੇ ਇੱਥੇ ਪੰਜਾਹ-ਪੰਜਾਹ ਗਜ਼ ਥਾਂ ਲੈ ਕੇ ਘਰ ਬਣਾਏ ਸਨ। ਫਿਰ ਹੌਲੀ-ਹੌਲੀ ਸਾਡੀ ਬਰਾਦਰੀ ਦੇ ਹੋਰ ਬੰਦੇ ਇੱਥੇ ਆਉਂਦੇ ਰਹੇ। ਹੁਣ ਤਾਂ ਉਥੇ ਸਾਡੀ ਬਰਾਦਰੀ ਦੇ ਪੰਜ ਸੌ ਤੋਂ ਵੱਧ ਪਰਿਵਾਰ ਰਹਿੰਦੇ ਹਨ।”
“ਉਹ ਸਾਰੇ ਕੰਮ ਕੀ ਕਰਦੇ ਹਨ?” ਮੈਂ ਪੁੱਛਿਆ।
“ਕੰਮ ਕੀ ਸਾਹਿਬ, ਉਹੀ ਜੋ ਪੀੜ੍ਹੀਆਂ ਤੋਂ ਸਾਡੇ ਜ਼ਿੰਮੇ ਲੱਗਾ ਹੋਇਆ ਹੈ। ਸਾਡੇ ਸਾਫ ਕਰਨ ਲਈ ਸੜਕਾਂ ਹਨ, ਨਾਲੀਆਂ ਹਨ। ਸਾਡੇ ਸਾਫ ਕਰਨ ਲਈ ਅੰਡਰਗਰਾਊਂਡ ਸੀਵਰੇਜ ਹਨ। ਇਨ੍ਹਾਂ ਦੀ ਸਫਾਈ ਕਰਦਿਆਂ ਸਾਡੇ ਵੱਡਿਆਂ ਦੀ ਉਮਰ ਲੰਘੀ ਹੋਣੀ, ਸਾਡੀ ਵੀ ਲੰਘ ਜਾਣੀ ਹੈ। ਹੁਣ ਸਾਨੂੰ ਆਉਣ ਵਾਲੀ ਪੀੜ੍ਹੀ ਦਾ ਫਿਕਰ ਰਹਿੰਦਾ ਹੈ, ਕਿਤੇ ਉਹ ਵੀ…!”
“ਲੈ ਮੰਗਲ ਹੁਣ ਕਾਹਦਾ ਫਿਕਰ। ਹੁਣ ਤਾਂ ਸਰਕਾਰ ਨੇ ਤੁਹਾਡੇ ਲਈ ਬਹੁਤ ਕੁਝ ਕਰ ਦਿੱਤਾ। ਤੁਹਾਡਾ ਨਾਂ ਤਕ ਬਦਲ ਦਿੱਤਾ। ਪਹਿਲੇ ਨਾਂ ਨਾਲ ਤਾਂ ਤੁਹਾਨੂੰ ਕੋਈ ਬੁਲਾ ਵੀ ਨਹੀਂ ਸਕਦਾ। ਜੇ ਕਿਤੇ ਗਲਤੀ ਨਾਲ ਕੋਈ ਬੁਲਾ ਵੀ ਲਵੇ ਤਾਂ ਉਸ ਨੂੰ ਜੇਲ੍ਹ ਹੋ ਜਾਂਦੀ ਹੈ।” ਮੈਂ ਉਹਦੀ ਗੱਲ ਕੱਟਦਿਆਂ ਕਿਹਾ।
“ਸਾਹਿਬ, ਨਾਂ ਬਦਲਣ ਨਾਲ ਬੰਦੇ ਦੇ ਕਰਮ ਥੋੜ੍ਹਾ ਬਦਲ ਜਾਂਦੇ ਹਨ?”
ਮੈਨੂੰ ਉਸ ਦੀ ਗੱਲ ਤੋਂ ਜਾਪਿਆ ਜਿਵੇਂ ਉਹ ਆਪਣੇ ਅੰਦਰ ਇੱਕ ਅੱਗ ਸਾਂਭੀ ਬੈਠਾ ਹੈ। ਗੱਲ ਕਰਕੇ ਉਹ ਕੰਮ ਕਰਨ ਲਈ ਚਲਾ ਗਿਆ। ਉਸ ਕੋਲੋਂ ਅਜਿਹੀਆਂ ਬਾਤਾਂ ਸੁਣਨੀਆਂ ਮੈਨੂੰ ਚੰਗੀਆਂ ਲੱਗੀਆਂ।
ਹੁਣ ਮੁੜ ਉਹਦੀ ਪਤਨੀ ਕੰਮ ‘ਤੇ ਆਉਣ ਲੱਗੀ ਸੀ। ਫਿਰ ਵੀ ਮਹੀਨੇ ਵਿਚ ਸਾਵਿਤਰੀ ਕਦੇ ਨਾ ਕਦੇ ਛੁੱਟੀ ਮਾਰ ਹੀ ਲੈਂਦੀ।
ਇੱਕ ਦਿਨ ਮੈਂ ਵੇਖਿਆ ਕਿ ਸਾਵਿਤਰੀ ਦੇ ਨਾ ਆਉਣ ਕਰਕੇ ਵਕਤ ਤੋਂ ਪਹਿਲਾਂ ਮੰਗਲ ਨੇ ਸਾਰੇ ਕਮਰੇ ਸਾਫ ਕਰ ਦਿੱਤੇ ਸਨ। ਹੁਣ ਉਹ ਬਾਹਰ ਖੁੱਲ੍ਹੇ ਵਿਚ ਝਾੜੂ ਨਾਲ ਨਿੰਮ ਦੇ ਪੱਤੇ ਇਕੱਠੇ ਕਰ ਰਿਹਾ ਸੀ। ਕੰਮ ਮੁਕਾ ਕੇ ਉਹ ਮੇਰੇ ਆਫਿਸ ਵਿਚ ਆ ਮੈਨੂੰ ਹੱਥ ਜੋੜ ਜਮੀਨ ‘ਤੇ ਬੈਠ ਗਿਆ।
“ਹੋਰ ਬਈ ਮੰਗਲ, ਹੋ ਗਿਆ ਕੰਮ?”
“ਹਾਂ ਸਾਹਿਬ। ਅੱਜ ਪਤਨੀ ਨਹੀਂ ਆਈ। ਅਸਲ ਵਿਚ ਜਿਸ ਦਿਨ ਮੇਰੀ ਛੁੱਟੀ ਹੁੰਦੀ ਹੈ, ਉਹਦਾ ਮਨ ਕਰਦਾ ਉਹਦੇ ਕੰਮ ਲਈ ਮੈਂ ਹੀ ਚਲਿਆ ਜਾਵਾਂ। ਉਸ ਨੂੰ ਇਹ ਸਭ ਕਰਨਾ ਚੰਗਾ ਨਹੀਂ ਲੱਗਦਾ। ਪਰ ਉਸ ਨੂੰ ਕਿਵੇਂ ਸਮਝਾਵਾਂ ਕਿ ਸਾਡੇ ਦੋਵਾਂ ਦੇ ਨੌਕਰੀ ਕਰਨ ‘ਤੇ ਹੀ ਘਰ ਸੁਖਾਲਾ ਟੁਰੇਗਾ।”
“ਤੁਹਾਡਾ ਕੋਈ ਬੱਚਾ ਵੀ ਹੈ?” ਮੈਂ ਪੁੱਛਿਆ।
“ਸਾਡੇ ਚਾਰ ਬੱਚੇ ਨੇ।”
“ਅੱਛਾ…ਕਿੰਨੇ ਵੱਡੇ ਨੇ? ਤੂੰ ਉਨ੍ਹਾਂ ਨੂੰ ਪੜ੍ਹਾਉਂਦਾ ਵੀ ਹੈਂ ਜਾਂ…?” ਇਹ ਕਹਿ ਮੈਂ ਉਸ ਵੱਲ ਵੇਖਣ ਲੱਗਾ।
“ਸਾਹਿਬ, ਪੜ੍ਹਨ ਦਾ ਤਾਂ ਮੈਨੂੰ ਵੀ ਬਹੁਤ ਸ਼ੌਕ ਸੀ। ਜਦੋਂ ਮੈਂ ਦਸਵੀਂ ਪਾਸ ਕਰ ਲਈ ਤਾਂ ਪਿਤਾ ਜੀ ਨੇ ਸਕੂਲੋਂ ਹਟਾ ਲਿਆ।”
“ਸਕੂਲੋਂ ਹਟਾ ਲਿਆ! ਪਰ ਕਿਉਂ?” ਮੈਂ ਪੁੱਛਿਆ।
“ਸਾਹਿਬ, ਪਿਤਾ ਜੀ ਦੀ ਸੋਚ ਹੋਰ ਸੀ, ਪਰ ਸੀ ਠੀਕ। ਉਹ ਕਹਿੰਦੇ ਤੂੰ ਤਾਂ ਪੜ੍ਹ ਕੇ ਵੀ ਸੜਕਾਂ ‘ਤੇ ਝਾੜੂ ਹੀ ਮਾਰੇਂਗਾ, ਨਾਲੀਆਂ ਸਾਫ ਕਰੇਂਗਾ। ਫਿਰ ਪੜ੍ਹਨ ਦੀ ਕੀ ਲੋੜ ਹੈ? ਇਹ ਕੰਮ ਤਾਂ ਅਨਪੜ੍ਹ ਬੰਦਾ ਵੀ ਕਰ ਸਕਦਾ ਹੈ।”
“ਪਰ ਤੇਰੀ ਸੋਚ?” ਮੇਰਾ ਅਗਲਾ ਸਵਾਲ ਸੀ।
“ਸਾਹਿਬ, ਮੇਰੀ ਸੋਚ ਵੱਖਰੀ ਹੈ। ਉਹ ਵਕਤ ਤਾਂ ਕਦੋਂ ਦਾ ਬੀਤ ਗਿਆ ਜਿਸ ਦੀ ਪਿਤਾ ਜੀ ਗੱਲ ਕਰਿਆ ਕਰਦੇ ਸਨ। ਜ਼ਰੂਰੀ ਨਹੀਂ ਕਿ ਬੰਦਾ ਪੜ੍ਹ ਕੇ ਝਾੜੂ ਹੀ ਫੜ੍ਹੇ। ਉਹ ਕਲਮ ਫੜ੍ਹ ਸਕਦਾ ਹੈ। ਉਹ ਫੌਜੀ ਬਣ ਕੇ ਬੰਦੂਕ ਫੜ੍ਹ ਸਕਦਾ ਹੈ।”
“ਕੀ ਤੂੰ ਆਪਣੇ ਬੱਚਿਆਂ ਨੂੰ ਪੜ੍ਹਾਏਂਗਾ?” ਮੈਂ ਪੁੱਛਿਆ।
“ਹਾਂ ਸਾਹਿਬ, ਮੇਰੀਆਂ ਦੋ ਵੱਡੀਆਂ ਧੀਆਂ ਤੇ ਉਨ੍ਹਾਂ ਤੋਂ ਛੋਟੇ ਦੋ ਪੁੱਤ ਹਨ। ਮੇਰੀ ਵੱਡੀ ਧੀ ਸੀ. ਏ. ਫਾਈਨਲ ਯੀਅਰ ‘ਚ ਹੈ। ਉਸ ਤੋਂ ਛੋਟੀ ਬੀ. ਐਸਸੀ. ਕਰ ਰਹੀ ਹੈ। ਮੇਰਾ ਵੱਡਾ ਪੁੱਤ ਸਕੂਲ ਦੇ ਆਖਰੀ ਵਰ੍ਹੇ ਵਿਚ ਪ੍ਰੀ-ਮੈਡੀਕਲ ‘ਚ ਪੜ੍ਹ ਰਿਹਾ। ਉਹ ਸਕੂਲ ਦਾ ਟਾਪਰ ਹੈ। ਕਹਿੰਦਾ, ਡਾਕਟਰ ਬਣਾਂਗਾ। ਛੋਟਾ ਵੀ ਪੜ੍ਹਾਈ ਵਿਚ ਬਹੁਤ ਚੰਗਾ ਹੈ।”
ਮੰਗਲ ਦੀ ਇਹ ਗੱਲ ਸੁਣ ਕੇ ਆਫਿਸ ਦੀ ਖੁੱਲ੍ਹੀ ਥਾਂ ‘ਤੇ ਝਾੜੂ ਮਾਰਨ ਵਾਲਾ ਉਹ ਬੰਦਾ ਪਲਾਂ ਵਿਚ ਮੇਰੇ ਸਾਹਮਣੇ ਇੱਕ ਇੱਜਤਦਾਰ ਬੰਦਾ ਬਣ ਗਿਆ। ਉਸ ਬਾਰੇ ਮੇਰੇ ਮਨ ਵਿਚ ਬਣੀ ਸੋਚ ਆਪੇ ਸ਼ਰਮਿੰਦਾ ਹੋ ਗਈ।
ਇਸ ਤੋਂ ਬਾਅਦ ਮੇਰੇ ਵਿਚ ਇੱਕ ਬਦਲਾਅ ਆ ਗਿਆ। ਹੁਣ ਜਦੋਂ ਕਦੇ ਮੰਗਲ ਕੰਮ ‘ਤੇ ਆਉਂਦਾ ਤਾਂ ਮੈਂ ਉਸ ਨੂੰ ਜ਼ਬਰਦਸਤੀ ਕੁਰਸੀ ‘ਤੇ ਬੈਠਣ ਲਈ ਕਹਿੰਦਾ। ਸਾਵਿਤਰੀ ਲਈ ਵੀ ਮੇਰੇ ਮਨ ਵਿਚ ਇੱਜਤ ਵਧ ਗਈ ਸੀ।
ਇੱਕ ਦਿਨ ਉਹ ਆਪਣੀ ਪਤਨੀ ਨਾਲ ਆਫਿਸ ਆਇਆ। ਮੈਂ ਦੋਵਾਂ ਨੂੰ ਇਕੱਠੇ ਵੇਖ ਥੋੜ੍ਹਾ ਹੈਰਾਨ ਜ਼ਰੂਰ ਹੋਇਆ। ਮੰਗਲ ਨੇ ਹੱਥ ਵਿਚ ਇੱਕ ਕਾਰਡ ਫੜ੍ਹਿਆ ਹੋਇਆ ਸੀ।
“ਸਾਹਿਬ ਇਹ…।” ਕਾਰਡ ਮੈਨੂੰ ਫੜ੍ਹਾਉਂਦਿਆਂ ਉਸ ਨੇ ਕਿਹਾ।
“ਸਾਹਿਬ, ਮੇਰਾ ਇੱਕ ਦੋਸਤ ਸੀ ਅਮਰ। ਉਸ ਦੀ ਧੀ ਦਾ ਵਿਆਹ ਹੈ। ਉਹ ਤਾਂ ਨਹੀਂ ਰਿਹਾ। ਤੁਸੀਂ ਜੇ ਵਿਆਹ ਵਿਚ ਆਵੋਗੇ ਤਾਂ ਬਹੁਤ ਚੰਗਾ ਲੱਗੇਗਾ। ਬਿਨਾ ਬਾਪ ਦੀ ਬੱਚੀ ਹੈ। ਵੱਡਿਆਂ ਦਾ ਆਸ਼ੀਰਵਾਦ ਮਿਲੇਗਾ, ਉਸ ਨੂੰ ਤੁਹਾਡੇ ਆਉਣ ‘ਤੇ। ਤੁਸੀਂ ਸ਼ਾਇਦ ਸਾਡੇ ਲੋਕਾਂ ਦੇ ਵਿਆਹ ਵਿਚ ਆਉਣਾ ਪਸੰਦ ਨਾ ਕਰੋ। ਸਾਡੇ ਅਜਿਹੇ ਕਾਰਜਾਂ ਵਿਚ ਸਾਡੀ ਬਰਾਦਰੀ ਦੇ ਬੰਦੇ ਹੀ ਸੱਦੇ ਜਾਂਦੇ ਹਨ, ਪਰ…।”
“ਨਹੀਂ ਮੰਗਲ, ਤੁਸੀਂ ਵੱਖਰੇ ਲੋਕ ਕਿਵੇਂ ਹੋ? ਇਹ ਗੱਲ ਨਹੀਂ। ਮੈਂ ਵਕਤ ‘ਤੇ ਪਹੁੰਚਣ ਦੀ ਜ਼ਰੂਰ ਕੋਸ਼ਿਸ਼ ਕਰਾਂਗਾ। ਤੁਸੀਂ ਕਿੰਨੇ ਪਿਆਰ ਨਾਲ ਬੁਲਾਉਣ ਆਏ ਹੋ।”
ਮੰਗਲ ਤੇ ਸਾਵਿਤਰੀ ਕਾਰਡ ਦੇ ਕੇ ਚਲੇ ਗਏ। ਕਾਰਡ ਹੱਥ ਵਿਚ ਫੜ੍ਹੀ ਮੈਂ ਸੋਚ ਜਿਹੀ ਵਿਚ ਪੈ ਗਿਆ। ਵਿਆਹ ਵਿਚ ਜਾਣ ਜਾਂ ਨਾ ਜਾਣ ਦਾ ਫੈਸਲਾ ਕਰਨਾ ਔਖਾ ਲੱਗ ਰਿਹਾ ਸੀ।
ਪਰ ਫਿਰ ਮੰਗਲ ਕਰਕੇ ਮੈਂ ਜਾਣ ਦਾ ਮਨ ਬਣਾ ਲਿਆ। ਵਿਆਹ ਵਿਚ ਬਹੁਤ ਰੌਣਕ ਸੀ। ਖਾਣ-ਪੀਣ ਦਾ ਵਧੀਆ ਇੰਤਜ਼ਾਮ ਸੀ। ਮੰਗਲ ਤੇ ਸਾਵਿਤਰੀ ਮੈਨੂੰ ਬਹੁਤ ਪਿਆਰ ਤੇ ਇੱਜਤ ਨਾਲ ਮਿਲੇ। ਮੈਂ ਸ਼ਗਨ ਵਾਲਾ ਲਿਫਾਫਾ ਮੰਗਲ ਨੂੰ ਫੜ੍ਹਾ ਤੇ ਕੁਝ ਥੋੜ੍ਹਾ ਖਾ-ਪੀ ਕੇ ਘਰ ਮੁੜ ਆਇਆ। ਵਿਆਹ ਵਿਚ ਸ਼ਾਮਿਲ ਹੋਣਾ ਮੈਨੂੰ ਬਹੁਤ ਚੰਗਾ ਲੱਗਾ।
ਇੱਕ ਵਾਰੀ ਫਿਰ ਦੋ ਮਹੀਨੇ ਤੋਂ ਵੱਧ ਵਕਤ ਲੰਘ ਜਾਣ ‘ਤੇ ਵੀ ਮੰਗਲ ਨਾ ਦਿਸਿਆ। ਸਾਵਿਤਰੀ ਆਉਂਦੀ ਤੇ ਕੰਮ ਕਰਕੇ ਚਲੀ ਜਾਂਦੀ। ਮੈਂ ਵੀ ਬਹੁਤਾ ਨਾ ਗੌਲਿਆ।
ਫਿਰ ਇੱਕ ਦਿਨ ਮੈਂ ਆਫਿਸ ਦੀ ਬਾਰੀ ਰਾਹੀਂ ਵੇਖਿਆ, ਉਹ ਬਾਹਰ ਖੁੱਲ੍ਹੇ ਵਿਚ ਝਾੜੂ ਨਾਲ ਸਫਾਈ ਕਰ ਰਿਹਾ ਸੀ।
ਕੰਮ ਮੁਕਾ ਕੇ ਉਹ ਮੇਰੇ ਸਾਹਮਣੇ ਆ ਜਮੀਨ ‘ਤੇ ਬੈਠ ਗਿਆ। ਜਦੋਂ ਮੈਂ ਉਸ ਨੂੰ ਕੁਰਸੀ ‘ਤੇ ਬੈਠਣ ਲਈ ਆਖਿਆ ਤਾਂ ਉਹ ਪਹਿਲਾਂ ਵਾਂਗ ਹੀ ਬੋਲਿਆ, “ਨਹੀਂ ਸਾਹਿਬ, ਇੱਥੇ ਹੀ ਠੀਕ ਹੈ। ਅਸੀਂ ਇੱਥੇ ਜੋਗੇ ਹੀ ਹਾਂ।” ਪਰ ਇਸ ਵਾਰੀ ਉਸ ਨੇ ਜੋ ਕਿਹਾ, ਉਹ ਮੇਰੀ ਸਮਝ ਵਿਚ ਆ ਗਿਆ ਸੀ। ਜਦੋਂ ਉਸ ਨੇ ਇਹ ਆਖਿਆ ਤਾਂ ਮੇਰੀ ਨਜ਼ਰ ਅਚਾਨਕ ਉਹਦੇ ਚਿਹਰੇ ‘ਤੇ ਚਲੀ ਗਈ। ਉਹ ਬਹੁਤ ਥੱਕਿਆ-ਥੱਕਿਆ ਲੱਗ ਰਿਹਾ ਸੀ ਜਿਵੇਂ ਕਿਤੇ ਮੁਸ਼ੱਕਤ ਦਾ ਕੰਮ ਕਰਕੇ ਆਇਆ ਹੋਵੇ।
“ਕੀ ਗੱਲ ਬਈ ਮੰਗਲ ਸਭ ਠੀਕ ਤਾਂ ਹੈ? ਤੂੰ ਇਸ ਤਰ੍ਹਾਂ ਥੱਕਿਆ-ਥੱਕਿਆ ਕਿਉਂ ਲੱਗ ਰਿਹਾ ਹੈਂ? ਤੂੰ ਇੰਨੇ ਦਿਨ ਆਇਆ ਕਿਉਂ ਨਹੀਂ?”
“ਸਾਹਿਬ ਇੱਕ ਬਹੁਤ ਮੁਸ਼ਕਿਲ ਹੈ। ਬਹੁਤ ਵੱਡੀ ਉਲਝਣ ਹੈ ਜੋ ਮੇਰੇ ਕੋਲੋਂ ਸੁਲਝਾਈ ਨਹੀਂ ਜਾਂਦੀ। ਬਹੁਤ ਸੋਚਦਾ ਹਾਂ। ਇਸ ਤਰ੍ਹਾਂ ਕਿਉਂ ਹੁੰਦਾ ਹੈ?”
“ਬਈ ਅਜਿਹਾ ਕੀ ਹੋ ਗਿਆ?” ਮੈਂ ਉਸ ਦੀ ਗੱਲ ਕੱਟ ਕੇ ਪੁੱਛਿਆ। ਕੁਝ ਚਿਰ ਰੁਕ ਉਹ ਦੱਸਣ ਲੱਗਾ, “ਜਦੋਂ ਸਾਹਿਬ, ਰਾਤੀਂ ਇੱਕ ਵਾਰ ਅੱਖ ਖੁੱਲ੍ਹ ਜਾਂਦੀ ਹੈ, ਫਿਰ ਸਾਰੀ ਰਾਤ ਨੀਂਦ ਨਹੀਂ ਆਉਂਦੀ। ਅਗਲੇ ਦਿਨ ਫਿਰ ਕੰਮ ‘ਤੇ ਤਾਂ ਜਾਣਾ ਹੀ ਹੁੰਦਾ ਹੈ। ਜਦੋਂ ਬੰਦੇ ਨੂੰ ਆਰਾਮ ਨਾ ਮਿਲੇ, ਮਨ ਨੂੰ ਚੈਨ ਨਾ ਮਿਲੇ, ਫਿਰ ਉਹ ਥੱਕਿਆ-ਥੱਕਿਆ…।”
ਮੰਗਲ ਨੇ ਗੱਲ ਪੂਰੀ ਨਾ ਕੀਤੀ। ਉਸ ਨੇ ਚੁੱਪ ਧਾਰ ਲਈ। ਮੈਂ ਕਾਗਜ਼ ‘ਤੇ ਲਿਖਣਾ ਛੱਡ ਕੁਰਸੀ ਦੀ ਢੋਅ ਨਾਲ ਪਿੱਠ ਲਾ ਲਈ ਅਤੇ ਲੱਤਾਂ ਪਸਾਰ ਆਰਾਮ ਨਾਲ ਬੈਠ ਕੇ ਪੁੱਛਿਆ, “ਬਈ ਅਜਿਹੀ ਕੀ ਮੁਸ਼ਕਿਲ ਹੈ, ਜੋ ਦੂਰ ਨਹੀਂ ਹੋਈ?” ਇਹ ਆਖ ਮੈਂ ਉਹਦੇ ਬੋਲਣ ਦੀ ਉਡੀਕ ਕਰਨ ਲੱਗਾ।
ਕੁਝ ਚਿਰ ਪਤਾ ਨਹੀਂ ਕੀ ਸੋਚ ਉਹ ਆਪਣੀ ਮੁਸ਼ਕਿਲ ਬਾਰੇ ਦੱਸਣ ਲੱਗਾ, “ਸਾਹਿਬ, ਮੈਂ ਤੁਹਾਨੂੰ ਦੱਸਿਆ ਸੀ, ਮੇਰੇ ਨਾਲ ਅਮਰ ਨਾਂ ਦਾ ਬੰਦਾ ਕੰਮ ਕਰਦਾ ਸੀ, ਜਿਸ ਦੀ ਧੀ ਦੇ ਵਿਆਹ ਵਿਚ ਤੁਸੀਂ ਆਏ ਸੀ। ਸਾਡੀ ਕਾਲੋਨੀ ਵਿਚ ਉਹ ਮੇਰਾ ਪੱਕਾ ਦੋਸਤ ਸੀ। ਉਹ ਮੇਰੇ ਸਭ ਤੋਂ ਵੱਧ ਨੇੜੇ ਸੀ। ਸਾਡੇ ਘਰ ਉਹਦਾ ਆਉਣਾ-ਜਾਣਾ ਸੀ। ਉਸ ਦੀਆਂ ਦੋ ਧੀਆਂ ਸਨ, ਜੋ ਵਿਆਹ ਦੇ ਕਾਬਲ ਹੋ ਗਈਆਂ ਸਨ। ਵੱਡੀ ਦੀ ਤਾਂ ਵਿਆਹ ਦੀ ਉਮਰ ਵੀ ਲੰਘ ਗਈ ਸੀ। ਅਮਰ ਨੇ ਬਹੁਤ ਮੁੰਡੇ ਵੇਖੇ, ਪਰ ਕਿਤੇ ਗੱਲ ਨਾ ਬਣੀ। ਮੁੰਡੇ ਵਾਲੇ ਦਾਜ ਦੀ ਮੰਗ ਕਰਦੇ, ਜੋ ਉਸ ਦੇ ਵੱਸ ਨਹੀਂ ਸੀ। ਅਸੀਂ ਦੋਵੇਂ ਕਈ ਵਾਰੀ ਸਲਾਹ-ਮਸ਼ਵਰਾ ਕਰਦੇ, ਪਰ ਇਸ ਦਾ ਹੱਲ ਨਾ ਨਿਕਲਦਾ। ਉਹ ਅੱਖਾਂ ਨਮ ਕਰ ਲੈਂਦਾ। Ḕਸਭ ਠੀਕ ਹੋ ਜਾਵੇਗਾ ਅਮਰ, ਤੂੰ ਫਿਕਰ ਨਾ ਕਰ?’ ਸਾਹਿਬ, ਮੈਂ ਉਸ ਨੂੰ ਝੂਠਾ ਦਿਲਾਸਾ ਦਿੰਦਾ, ਕਿਉਂਕਿ ਮੈਨੂੰ ਪਤਾ ਸੀ, ਉਹ ਦਹੇਜ ਦਾ ਪ੍ਰਬੰਧ ਨਹੀਂ ਕਰ ਸਕੇਗਾ ਤੇ ਕੁਝ ਵੀ ਠੀਕ ਨਹੀਂ ਹੋਵੇਗਾ।
ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਉਹ ਬਹੁਤ ਪ੍ਰੇਸ਼ਾਨ ਰਹਿਣ ਲੱਗਾ ਸੀ। ਉਸ ਨੂੰ ਛੋਟੀ ਛੋਟੀ ਗੱਲ ‘ਤੇ ਗੁੱਸਾ ਵੀ ਬਹੁਤ ਆਉਂਦਾ। ਉਹ ਐਵੇਂ ਸੜਕ ‘ਤੇ ਟੁਰਿਆ ਜਾਂਦਾ ਕਿਸੇ ਨਾਲ ਵੀ ਪੰਗਾ ਲੈ ਲੈਂਦਾ। ਦੋ ਸਾਲ ਪਹਿਲਾਂ ਦੀ ਗੱਲ ਹੈ। ਸ਼ਾਇਦ ਇਸ ਦਾ ਤੁਹਾਨੂੰ ਵੀ ਪਤਾ ਹੋਵੇ। ਇਹ ਨਵੀਂ ਦਿੱਲੀ ‘ਚ ਵਾਪਰੀ ਘਟਨਾ ਹੈ। ਸਾਡੀ ਬਰਾਦਰੀ ਦੇ ਦੋ ਬੰਦੇ ਉਥੇ ਅੰਡਰ-ਗਰਾਊਂਡ ਸੀਵਰੇਜ ਦੀ ਸਫਾਈ ਕਰਨ ਲਈ ਹੇਠਾਂ ਉਤਰੇ ਸਨ, ਪਰ ਉਨ੍ਹਾਂ ਕੋਲੋਂ ਇੱਕ ਗਲਤੀ ਹੋ ਗਈ। ਮੇਨ ਹੋਲ ਦਾ ਢੱਕਣ ਖੋਲ੍ਹ ਉਨ੍ਹਾਂ ਅੰਦਰੋਂ ਜ਼ਹਿਰੀਲੀ ਗੈਸ ਬਾਹਰ ਨਾ ਕੱਢੀ। ਉਹ ਹੇਠਾਂ ਚਲੇ ਗਏ। ਜਦੋਂ ਕਾਫੀ ਚਿਰ ਬਾਹਰ ਨਾ ਨਿਕਲੇ ਤਾਂ ਬਾਹਰ ਖੜ੍ਹੇ ਬੰਦੇ ਨੇ ਉਨ੍ਹਾਂ ਦਾ ਨਾਂ ਲੈ ਆਵਾਜ਼ਾਂ ਮਾਰੀਆਂ, ਪਰ ਕੋਈ ਜਵਾਬ ਨਾ ਆਇਆ। ਫਿਰ ਫਾਇਰ ਬ੍ਰਿਗੇਡ ਵਾਲੇ ਸੱਦੇ ਗਏ। ਉਨ੍ਹਾਂ ਨੇ ਉਹ ਦੋ ਬੰਦੇ ਬਾਹਰ ਕੱਢੇ ਜੋ ਜ਼ਹਿਰੀਲੀ ਗੈਸ ਕਾਰਨ ਮਰ ਗਏ ਸਨ। ਸਾਡੀ ਬਰਾਦਰੀ ਨੇ ਖਾਸਾ ਰੌਲਾ ਪਾਇਆ ਤਾਂ ਸਰਕਾਰ ਨੇ ਉਨ੍ਹਾਂ ਦਾ ਮੂੰਹ ਬੰਦ ਕਰਨ ਲਈ ਪਰਿਵਾਰ ਵਾਲਿਆਂ ਨੂੰ ਪੰਜ-ਪੰਜ ਲੱਖ ਰੁਪਏ ਦੇ ਕੇ ਗੱਲ ਹੀ ਮੁਕਾ ਦਿੱਤੀ।
ਹਾਂ, ਮੈਂ ਤਾਂ ਤੁਹਾਨੂੰ ਅਮਰ ਦੀ ਗੱਲ ਦੱਸ ਰਿਹਾ ਸੀ। ਅਸੀਂ ਦੋਵੇਂ ਚੁੱਪ-ਚਾਪ ਰਹਿੰਦੇ। ਹੁਣ ਅਮਰ ਵੀ ਧੀਆਂ ਦੀ ਗੱਲ ਨਾ ਕਰਦਾ। ਕੰਮ ‘ਤੇ ਪਹੁੰਚ ਕੇ ਮੈਂ ਹੀ ਸੀਵਰੇਜ ਵਿਚ ਉਤਰਦਾ। ਕੂੜੇ ਦੀਆਂ ਬਾਲਟੀਆਂ ਭਰ-ਭਰ ਅਮਰ ਨੂੰ ਫੜ੍ਹਾਉਂਦਾ ਜਾਂਦਾ। ਫਿਰ ਇੱਕ ਦਿਨ ਬਹੁਤ ਅਜੀਬ ਗੱਲ ਹੋਈ। ਸਾਨੂੰ ਆਫਿਸ ਤੋਂ ਪਤਾ ਲੱਗਾ ਕਿ ਅਸੀਂ ਨਵੀਨ ਸ਼ਾਹਦਰਾ ‘ਚ ਬੰਦ ਪਏ ਇੱਕ ਸੀਵਰੇਜ ਨੂੰ ਖੋਲ੍ਹਣ ਜਾਣਾ ਹੈ, ਜੋ ਇੱਕ ਨੇਤਾ ਦੇ ਏਰੀਏ ਵਿਚ ਪੈਂਦਾ ਸੀ। ਅਸੀਂ ਦੋਵੇਂ ਉਥੇ ਪਹੁੰਚ ਗਏ। ਕੁਝ ਚਿਰ ਮੇਨ ਹੋਲ ਦੇ ਬੰਦ ਢੱਕਣ ਕੋਲ ਬੈਠੇ ਗੱਲਾਂ ਕਰਦੇ ਰਹੇ। ਉਹਦੀਆਂ ਗੱਲਾਂ ਆਪਣੀਆਂ ਧੀਆਂ ਦੇ ਫਿਕਰ ਵਾਲੀਆਂ ਨਹੀਂ ਸਨ। ਗੱਲਾਂ ਬੰਦ ਕਰ ਅਸੀਂ ਕੰਮ ਕਰਨ ਬਾਰੇ ਸੋਚਿਆ। ਮੈਂ ਕੁੜਤਾ-ਪਜਾਮਾ ਲਾਹ ਕੇ ਸੀਵਰੇਜ ਵਿਚ ਉਤਰਨ ਦੀ ਤਿਆਰੀ ਕਰ ਲਈ। ਅਜੇ ਮੈਂ ਢੱਕਣ ਖੋਲ੍ਹ ਉਸ ਵਿਚੋਂ ਜ਼ਹਿਰੀਲੀ ਗੈਸ ਬਾਹਰ ਨਿਕਲਣ ਦਾ ਇੰਤਜ਼ਾਰ ਕਰਨ ਲੱਗਾ ਸੀ ਕਿ ਮੇਰੇ ਵੇਖਦਿਆਂ-ਵੇਖਦਿਆਂ ਅਮਰ ਨੇ ਕੱਪੜਿਆਂ ਸਮੇਤ ਪਲਾਂ ਵਿਚ ਉਸ ਵਿਚ ਛਾਲ ਮਾਰ ਦਿੱਤੀ। ਤਦੇ ਮੈਨੂੰ ਅਮਰ ਦੀ ਆਵਾਜ਼ ਸੁਣੀ, ਜੋ ਜਿਵੇਂ ਚੀਕ ਬਣ ਮੇਰੇ ਤੀਕ ਪਹੁੰਚੀ ਸੀ। ਜਿਵੇਂ ਉਹ ਬਹੁਤ ਜ਼ੋਰ ਲਾ ਕੇ ਬੋਲਿਆ ਸੀ, Ḕਮੰਗਲ, ਪੰਜ ਲੱਖ ਰੁਪਏ ਨਾਲ ਤੂੰ ਮੇਰੀਆਂ ਦੋਵੇਂ ਧੀਆਂ ਦੇ ਵਿਆਹ ਕਰ ਦੇਵੀਂ। ਬਾਈ ਇਹ ਕੰਮ ਮੈਂ ਤੇਰੇ ਜ਼ਿੰਮੇ ਛੱਡ ਚੱਲਿਆ ਹਾਂ।’ ਇਸ ਤੋਂ ਬਾਅਦ ਉਹਦੀ ਆਵਾਜ਼ ਆਉਣੀ ਬੰਦ ਹੋ ਗਈ ਸੀ। ਸਾਰੀ ਗੱਲ ਸਮਝਦਿਆਂ ਮੈਨੂੰ ਪਲ ਵੀ ਨਾ ਲੱਗਾ। ਮੈਂ ਰੌਲਾ ਪਾਇਆ। ਚੀਕਾਂ ਮਾਰ-ਮਾਰ ਲੋਕ ਇਕੱਠੇ ਕਰ ਲਏ। ਫਿਰ ਫਾਇਰ-ਬ੍ਰਿਗੇਡ ਵਾਲੇ ਆਏ। ਉਨ੍ਹਾਂ ਅਮਰ ਨੂੰ ਸੀਵਰੇਜ ਵਿਚੋਂ ਬਾਹਰ ਕੱਢਿਆ। ਉਸ ਦੇ ਕੱਪੜੇ ਹੀ ਨਹੀਂ ਸਗੋਂ ਸਾਰਾ ਸਰੀਰ ਗੰਦ ਨਾਲ ਭਰਿਆ ਪਿਆ ਸੀ। ਉਹ ਮਰ ਗਿਆ ਸੀ। ਫਿਰ ਮੈਂ ਉਹਦੀ ਮ੍ਰਿਤਕ ਦੇਹ ਨੇੜੇ ਉਸ ਦੀ ਪਤਨੀ ਤੇ ਉਸ ਦੀਆਂ ਧੀਆਂ ਨੂੰ ਚੀਕਾਂ ਮਾਰਦਿਆਂ ਵੇਖਿਆ, ਜੋ ਇਸ ਘਟਨਾ ਦੀ ਖਬਰ ਲੱਗਦਿਆਂ ਹੀ ਉਥੇ ਪਹੁੰਚ ਗਈਆਂ ਸਨ। ਮੈਂ ਸਮਝ ਨਾ ਸਕਿਆ ਕਿ ਮਜਬੂਰੀ ਨੇ ਇਸ ਅਣਹੋਣੀ ਦਾ ਰੂਪ ਕਿਉਂ ਧਾਰ ਲਿਆ ਸੀ ਤੇ ਪਿਉ ਦਾ ਫਰਜ਼ ਪੂਰਾ ਕਰਨ ਲਈ ਕਿਸੇ ਨੂੰ ਆਪਣੀ ਜਾਨ ਦੇਣੀ ਪਈ ਸੀ। ਦਿਨ ਲੰਘ ਜਾਣ ‘ਤੇ ਸਰਕਾਰ ਵੱਲੋਂ ਉਹਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਮਿਲ ਗਏ ਸਨ ਤੇ ਉਨ੍ਹਾਂ ਪੈਸਿਆਂ ਨਾਲ ਮੈਂ…।”
ਗੱਲ ਕਰਦਿਆਂ ਮੰਗਲ ਕੁਝ ਚਿਰ ਰੁਕ ਗਿਆ। ਕੁਰਸੀ ‘ਤੇ ਬੈਠਾ ਮੈਂ ਤਾਂ ਜਿਵੇਂ ਸਿੱਲ ਬਣ ਗਿਆ। ਮੇਰੇ ਕੋਲੋਂ ਕੁਝ ਵੀ ਨਾ ਬੋਲਿਆ ਗਿਆ, ਪਰ ਮੰਗਲ ਨੇ ਫਿਰ ਅੱਗੋਂ ਗੱਲ ਸ਼ੁਰੂ ਕੀਤੀ, “ਸਾਹਿਬ, ਉਸ ਦੀ ਵੱਡੀ ਧੀ ਦਾ ਵਿਆਹ ਤਾਂ ਹੋ ਗਿਆ। ਅਜੇ ਵੀ ਬੈਂਕ ਵਿਚ ਇੰਨੇ ਪੈਸੇ ਹਨ ਕਿ ਦੂਜੀ ਦਾ ਵਿਆਹ ਕਰਕੇ ਵੀ ਉਨ੍ਹਾਂ ਵਿਚੋਂ ਬਹੁਤ ਸਾਰੇ ਪੈਸੇ ਬਚ ਜਾਣਗੇ। ਪਰ ਸਾਹਿਬ, ਪਿਛਲੇ ਮਹੀਨੇ ਤੋਂ ਮੈਨੂੰ ਸੁੱਤੇ ਪਏ ਨੂੰ ਇੱਕ ਆਵਾਜ਼ ਸੁਣਾਈ ਦਿੰਦੀ ਹੈ, ਜੋ ਜਿਵੇਂ ਚੀਕ ਬਣ ਕੇ ਕੂੜੇ ਤੇ ਗੰਦ ਨਾਲ ਭਰੇ ਸੀਵਰੇਜ ਵਿਚੋਂ ਬਾਹਰ ਨਿਕਲਦੀ ਹੈ। ਮੈਂ ਤਦੇ ਇਸ ਨੂੰ ਪਛਾਣ ਲੈਂਦਾ ਹਾਂ। ਇਹ ਆਵਾਜ਼ ਤਾਂ ਅਮਰ ਦੀ ਹੁੰਦੀ ਹੈ, ਜੋ ਜਾਣ-ਬੁੱਝ ਕੇ ਸੀਵਰੇਜ ਵਿਚ ਡਿੱਗ ਪਿਆ ਸੀ, ਜਿਸ ਨੇ ਆਪਣੀਆਂ ਧੀਆਂ ਦੀ ਖੁਸ਼ੀ ਲਈ ਜਾਨ ਦੇ ਦਿੱਤੀ ਸੀ। ਉਹ ਚੀਕ ਸੁਣ ਕੇ ਡਰ ਨਾਲ ਮੇਰੀ ਅੱਖ ਖੁੱਲ੍ਹ ਜਾਂਦੀ ਹੈ। ਫਿਰ ਮੈਨੂੰ ਨੀਂਦ ਨਹੀਂ ਆਉਂਦੀ ਸਾਹਿਬ। ਮੈਂ ਬਹੁਤ ਕੋਸ਼ਿਸ਼ ਕਰਦਾ ਹਾਂ ਕਿ ਉਹ ਗੱਲ ਭੁੱਲ ਜਾਵਾਂ ਤੇ ਸੌਂ ਜਾਵਾਂ ਪਰ…। ਮੈਨੂੰ ਮੁੜ-ਮੁੜ ਅਮਰ ਦਾ ਖਿਆਲ ਆਉਂਦਾ ਰਹਿੰਦਾ ਹੈ। ਉਸ ਦੀ ਪਤਨੀ, ਉਸ ਦੀਆਂ ਧੀਆਂ ਚੀਕਾਂ ਮਾਰਦੀਆਂ ਦਿਸਦੀਆਂ ਹਨ। ਸਾਰੀ ਰਾਤ ਅੱਖਾਂ ਥਾਣੀਂ ਲੰਘ ਜਾਂਦੀ ਹੈ। ਜਦੋਂ ਮੈਂ ਸਵੇਰੇ ਮੰਜੇ ਤੋਂ ਉਠਦਾ ਹਾਂ ਤਾਂ ਬਹੁਤ ਥੱਕਿਆ ਹੁੰਦਾ ਹਾਂ। ਤੁਸੀਂ ਦੱਸੋਂ ਕਿਵੇਂ ਛੁਟਕਾਰਾ ਪਾਵਾਂ ਇਨ੍ਹਾਂ ਆਵਾਜ਼ਾਂ ਕੋਲੋਂ, ਜੋ ਮੇਰਾ ਪਿੱਛਾ ਨਹੀਂ ਛੱਡਦੀਆਂ? ਮੈਂ ਕੀ ਕਰਾਂ ਸਾਹਿਬ?”
ਮੰਗਲ ਦੀ ਗੱਲ ਮੁੱਕ ਗਈ।
ਮੈਂ ਅੱਖਾਂ ਬੰਦ ਕਰੀ ਅਜੇ ਵੀ ਕੁਰਸੀ ਦੀ ਢੋਅ ਦਾ ਸਹਾਰਾ ਲਈ ਚੁੱਪ ਬੈਠਾ ਸਾਂ। ਮੈਂ ਸੋਚ ਰਿਹਾ ਸੀ ਕਿ ਮੰਗਲ ਨੂੰ ਕੀ ਕਹਾਂ? ਕਿਵੇਂ ਛੁਟਕਾਰਾ ਦਿਵਾਵਾਂ ਇਨ੍ਹਾਂ ਚੀਕਾਂ ਕੋਲੋਂ ਉਸ ਨੂੰ?
ਇਹ ਸੋਚਦਿਆਂ ਤੇ ਅੱਖਾਂ ਬੰਦ ਕਰੀਂ ਬੈਠਿਆਂ ਪਤਾ ਨਹੀਂ ਮੈਨੂੰ ਕਿੰਨਾ ਹੀ ਚਿਰ ਲੰਘ ਗਿਆ।
ਕੁਝ ਚਿਰ ਬਾਅਦ ਮੈਂ ਅੱਖਾਂ ਖੋਲ੍ਹ ਕੇ ਕਮਰੇ ਵਿਚ ਵੇਖਿਆ ਤਾਂ ਉਥੇ ਮੈਨੂੰ ਮੰਗਲ ਨਾ ਦਿਸਿਆ।
ਅਚਾਨਕ ਮੇਰੀ ਨਜ਼ਰ ਖੁੱਲ੍ਹੀ ਬਾਰੀ ਰਾਹੀਂ ਕਮਰੇ ਤੋਂ ਬਾਹਰ ਚਲੀ ਗਈ ਜਿੱਥੇ ਥੱਕਿਆ-ਥੱਕਿਆ, ਚੁੱਪ-ਚੁੱਪ ਜਿਹਾ ਮੰਗਲ ਝਾੜੂ ਨਾਲ ਨਿੰਮ ਦੇ ਪੱਤੇ ਇਕੱਠੇ ਕਰ ਰਿਹਾ ਸੀ।