ਪੰਜਾਬੀ ਅਦਾਕਾਰਾ ਅਤੇ ਅਦਾਕਾਰੀਆਂ

ਮੌਜੂਦਾ ਦੌਰ ਵਿਚ ਜੋ ਪੰਜਾਬੀ ਫਿਲਮਾਂ ਬਣ ਰਹੀਆਂ ਹਨ, ਉਨ੍ਹਾਂ ਵਿਚ ਮਰਦ ਅਦਾਕਾਰਾਂ ਦਾ ਵਧੇਰੇ ਬੋਲਬਾਲਾ ਹੈ ਜਿਹੜੇ ਨਾਲ ਹੀ ਗਾਇਕ ਵੀ ਹਨ। ਉਹੀ ਫੈਸਲਾ ਕਰਦੇ ਹਨ ਕਿ ਕਿਹੜੀ ਅਭਿਨੇਤਰੀ ਨੂੰ ਅਭਿਨੈ ਕਰਨ ਦਾ ਮੌਕਾ ਦਿੱਤਾ ਜਾਵੇ। ਅਭਿਨੈ ਦੀ ਉਨ੍ਹਾਂ ਕੋਲ ਕੋਈ ਮੁਹਾਰਤ ਹੈ ਜਾਂ ਨਹੀਂ, ਪਹਿਲਾਂ ਕਿਸੇ ਫਿਲਮ ਵਿਚ ਉਸ ਨੇ ਅਭਿਨੈ ਕੀਤਾ ਹੈ ਜਾਂ ਨਹੀਂ, ਪੰਜਾਬੀ ਬੋਲਣ ਵਿਚ ਉਹ ਸਹਿਜ ਹਨ ਜਾਂ ਨਹੀਂ। ਇਨ੍ਹਾਂ ਗੱਲਾਂ ਵੱਲ ਖ਼ਾਸ ਧਿਆਨ ਨਹੀਂ ਦਿੱਤਾ ਜਾਂਦਾ। ਬਸ, ਉਨ੍ਹਾਂ ਦੀ ਮਰਜ਼ੀ ਦੀ ਅਭਿਨੇਤਰੀ ਹੀ ਉਨ੍ਹਾਂ ਨਾਲ ਕੰਮ ਕਰੇਗੀ।

ਬੀਤੇ ਦੋ ਸਾਲਾਂ ਵਿਚ ਪੰਜਾਬੀ ਫਿਲਮਾਂ ਵਿਚ ਕਈਆਂ ਨਵੀਆਂ ਅਭਿਨੇਤਰੀਆਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ, ਪਰ ਕਿਸੇ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਕ ਜਾਂ ਦੋ ਫਿਲਮਾਂ ਕਰਕੇ ਉਸ ਦੇ ਅਭਿਨੈ ਵਿਚ ਨਿਖਾਰ ਆਇਆ ਹੈ। ਪਿਛੇ ਜਿਹੇ ਮੋਨਿਕਾ ਗਿੱਲ ਜਿਹੜੀ ਅਮਰੀਕਾ ਵਿਚ ਹੋਏ ਹੁਸਨ ਮੁਕਾਬਲੇ ਵਿਚ ਪਹਿਲੇ ਨੰਬਰ ‘ਤੇ ਆਈ ਸੀ, ਉਸਨੂੰ ਵੀ ਦੋ ਪੰਜਾਬੀ ਫਿਲਮਾਂ ‘ਅੰਬਰਸਰੀਆ’ ਅਤੇ ‘ਸਰਦਾਰ ਜੀ’ ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਦੋਨਾਂ ਫਿਲਮਾਂ ਵਿਚ ਉਸ ਦੀ ਕੁਝ ਪਛਾਣ ਵੀ ਬਣੀ। ਨਵਨੀਤ ਕੌਰ ਢਿੱਲੋਂ ਨੂੰ ਵੀ ਹੁਸਨ ਮੁਕਾਬਲੇ ਵਿਚ ਹੁਸੀਨਾ ਹੋਣ ਦਾ ਖਿਤਾਬ ਮਿਲਿਆ ਸੀ, ਉਸ ਨੇ ਵੀ ‘ਅੰਬਰਸਰੀਆ’ ਵਿਚ ਅਦਾਕਾਰੀ ਕੀਤੀ ਸੀ।
ਇਸੇ ਤਰ੍ਹਾਂ ਸਰਗੁਣ ਮਹਿਤਾ ਜੋ ਛੋਟੇ ਪਰਦੇ ‘ਤੇ ਕੰਮ ਕਰ ਚੁੱਕੀ ਹੈ। ਉਸ ਨੂੰ ਵੀ ਅਮਰਿੰਦਰ ਗਿੱਲ ਨਾਲ ‘ਅੰਗਰੇਜ’ ਵਿਚ ਕੰਮ ਕਰਨ ਦਾ ਮੌਕਾ ਮਿਲਿਆ ਸੀ। ਇਸ ਫਿਲਮ ਦੀ ਸਫਲਤਾ ਤੋਂ ਬਾਅਦ ਦੋਨੋਂ ਕਲਾਕਾਰਾਂ ਨੂੰ ਅਗਲੀ ਪੰਜਾਬੀ ਫਿਲਮ ‘ਲਵ ਪੰਜਾਬ’ ਵਿਚ ਅਦਾਕਾਰੀ ਕਰਨ ਦਾ ਮੌਕਾ ਮਿਲਿਆ। ਮਾਇਕ ਪੱਖੋਂ ਵੀ ਫਿਲਮ ਕਾਮਯਾਬ ਰਹੀ। ਸਰਗੁਣ ਮਹਿਤਾ ਨੂੰ ਤਾਂ ਵਧੀਆ ਅਭਿਨੇਤਰੀ ਹੋਣ ਦਾ ਇਨਾਮ ਦਿੱਤਾ ਗਿਆ, ਪਰ ਵਨੀਤ ਸਿੰਘ ਦੀ ਨਜ਼ਰ ਵਿਚ ਜਿਹੜਾ ਕਿ ਆਪ ਫਿਲਮ ਦਾ ਨਿਰਦੇਸ਼ਕ ਸੀ, ਉਸ ਲਈ ਇਹ ਕੋਈ ਵੱਡੀ ਗੱਲ ਨਹੀਂ ਸੀ। ਉਸ ਦਾ ਕਹਿਣਾ ਸੀ: “ਮੈਂ ਨਵੀਆਂ ਅਤੇ ਪੁਰਾਣੀਆਂ ਅਭਿਨੇਤਰੀਆਂ ਨੀਰੂ ਬਾਜਵਾ, ਮਾਹੀ ਗਿੱਲ, ਪਾਰੁਲ ਗੁਲਾਟੀ ਆਦਿ ਨੂੰ ਨਿਰਦੇਸ਼ਨ ਦਿੱਤਾ ਹੈ, ਜੇ ਸਰਗੁਣ ਦੀ ਫਿਲਮ ਲਈ ਚੋਣ ਵਧੀਆ ਸੀ ਤਾਂ ਇਹ ਅਚਾਨਕ ਹੋ ਗਿਆ ਸੀ। ਬਹੁਤਾ ਸੋਚ ਵਿਚਾਰ ਕੇ ਕੰਮ ਨਹੀਂ ਲਿਆ ਗਿਆ।”
ਵਨੀਤ ਨੂੰ ਇਹ ਮੰਨਣ ਵਿਚ ਕੋਈ ਝਿਜਕ ਨਹੀਂ ਕਿ ਪੰਜਾਬੀ ਫਿਲਮ ਸਨਅਤ ਵਿਚ ਮਰਦ ਕਲਾਕਾਰਾਂ ਦਾ ਬੋਲਬਾਲਾ ਹੈ। ਮਰਦ ਕਲਾਕਾਰ ਜਿਹੜੇ ਗਾਇਕ ਹੋਣ ਦੇ ਨਾਲ ਅਭਿਨੇਤਾ ਵੀ ਹੁੰਦੇ ਹਨ। ਸਭ ਕੁਝ ਉਨ੍ਹਾਂ ਦੀ ਮਰਜ਼ੀ ‘ਤੇ ਨਿਰਭਰ ਕਰਦਾ ਹੈ ਕਿ ਕਿਸ ਅਭਿਨੇਤਰੀ ਨੇ ਉਨ੍ਹਾਂ ਨਾਲ ਕੰਮ ਕਰਨਾ ਹੈ ਜਾਂ ਨਹੀਂ। ਇਹੀ ਕਾਰਨ ਹੈ ਕਿ ਬਹੁਤ ਘੱਟ ਨਿਰਦੇਸ਼ਕ ਹਨ ਜੋ ਆਪਣੀ ਫਿਲਮ ਵਿਚ ਅਭਿਨੇਤਰੀ ਨੂੰ ਲੈਣ ਤੋਂ ਪਹਿਲਾਂ ਉਸ ਦੇ ਗੁਣ-ਔਗੁਣ ਬਾਰੇ ਜਾਣਨ ਦੀ ਖੇਚਲ ਕਰਦੇ ਹਨ। ਪੰਜਾਬੀ ਸਿਨਮਾ ਵਿਚ ਸਿਰਫ ਸੁਰਵੀਨ ਚਾਵਲਾ, ਮਾਹੀ ਗਿੱਲ, ਸਮੀਕਸ਼ਾ ਸਿੰਘ ਅਤੇ ਕੁਲਰਾਜ ਰੰਧਾਵਾ ਤੋਂ ਬਿਨਾਂ ਕੋਈ ਹੋਰ ਅਭਿਨੇਤਰੀ ਨਹੀਂ ਜੋ ਨਿੱਠ ਕੇ ਕੁਝ ਕਹਿ ਸਕਦੀ ਹੋਵੇ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਦਾ ਰੋਲ ਕਰਨਾ ਹੈ।
ਦੋ ਪੰਜਾਬੀ ਫਿਲਮਾਂ ਵਿਚ ਅਦਾਕਾਰੀ ਕਰਨ ਤੋਂ ਬਾਅਦ ਵੀ ਦਿਲਜੋਤ ਦਾ ਕਹਿਣਾ ਹੈ, “ਪੰਜਾਬੀ ਫਿਲਮਾਂ ਦੀਆਂ ਅਭਿਨੇਤਰੀਆਂ ਕੋਲ ਸੋਹਣੇ ਚਿਹਰਿਆਂ ਤੋਂ ਬਿਨਾਂ ਹੋਰ ਕੁਝ ਨਹੀਂ ਹੁੰਦਾ। ਆਪਣੀ ਰਾਇ ਅਸੀਂ ਪੁਸ਼ਾਕ ਜਾਂ ਮੇਕ-ਅੱਪ ਬਾਰੇ ਹੀ ਦੇ ਸਕਦੀਆਂ ਹਾਂ। ਸਿਵਾਏ ਵਸਤੂ ਦੇ ਅਸੀਂ ਕੁਝ ਵੀ ਨਹੀਂ।” ਉਹ ਕਹਿੰਦੀ ਹੈ ਕਿ ਫਿਲਮ ਸਬੰਧੀ ਅਭਿਨੇਤਰੀਆਂ ਤੋਂ ਕਿਸੇ ਤਰ੍ਹਾਂ ਦੀ ਕੋਈ ਰਾਇ ਨਹੀਂ ਲਈ ਜਾਂਦੀ। ਜੇ ਅਭਿਨੇਤਰੀ ਦੇ ਨਾਲ ਉਹ ਗਾਇਕਾ ਵੀ ਹੈ ਤਾਂ ਇਸ ਦਾ ਵੀ ਉਸ ਨੂੰ ਕੋਈ ਲਾਭ ਨਹੀਂ ਮਿਲਦਾ।
ਵਿਚਾਰਨ ਵਾਲਾ ਮਸਲਾ ਹੈ ਕਿ ਫਿਲਮਾਂ ਵਿਚ ਅਭਿਨੇਤਰੀਆਂ ਨੂੰ ਬਣਦਾ ਸਤਿਕਾਰ ਕਿਉਂ ਨਹੀਂ ਦਿੱਤਾ ਜਾਂਦਾ? ਉਹ ਖ਼ੁਦ ਨੂੰ ਦੂਜੇ ਦਰਜੇ ਦੀਆਂ ਕਿਉਂ ਸਮਝਦੀਆਂ ਹਨ? ਉਨ੍ਹਾਂ ਨੂੰ ਕਿਉਂ ਲੱਗਦਾ ਹੈ ਕਿ ਉਨ੍ਹਾਂ ਨੂੰ ਵਸਤੂ ਦੀ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ? ਅਜਿਹਾ ਹੋਣਾ ਉਨ੍ਹਾਂ ਨਾਲ ਬੇਇਨਸਾਫੀ ਹੈ ਕਿਉਂਕਿ ਫਿਲਮ ਦੀ ਸਫਲਤਾ ਵਿਚ ਉਨ੍ਹਾਂ ਦਾ ਵੀ ਪੂਰਾ ਯੋਗਦਾਨ ਹੁੰਦਾ ਹੈ। ਪੰਜਾਬੀ ਸਿਨਮਾ ਨੂੰ ਬੁਲੰਦੀਆਂ ‘ਤੇ ਲੈ ਕੇ ਜਾਣਾ ਅਭਿਨੇਤਰੀਆਂ ਦੇ ਯੋਗਦਾਨ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ। ਉਨ੍ਹਾਂ ਨੂੰ ਫਿਲਮਾਂ ਦਾ ਅਹਿਮ ਹਿੱਸਾ ਮੰਨਿਆ ਜਾਵੇ।
-ਜਤਿੰਦਰ ਸਿੰਘ