ਗਦਰ ਦੀਆਂ ਗੱਲਾਂ: ਗਦਰ ਦਾ ਤੀਜਾ ਸਾਲ

ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪਾਠਕਾਂ ਅੱਗੇ ਪੇਸ਼ ਕਰਨ ਵਾਲੇ ਉਘੇ ਲੇਖਕ ਕੇਸਰ ਸਿੰਘ ਨਾਵਲਿਸਟ ਨੇ ਬਹੁਤ ਮਿਹਨਤ ਨਾਲ ਗਦਰ ਲਹਿਰ ਦੀ ਵਾਰਤਕ ਲੱਭਣ ਅਤੇ ਸੰਭਾਲਣ ਦਾ ਔਖੇਰਾ ਕਾਰਜ ਵੀ ਨੇਪਰੇ ਚਾੜ੍ਹਿਆ ਸੀ। ਗਦਰ ਲਹਿਰ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦਾ ਅਹਿਮ ਪੰਨਾ ਹੈ। ਗਦਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਵਿਚ ਕਿਸ ਤਰ੍ਹਾਂ ਦੀ ਸਰਗਰਮੀ ਅੰਗਰੇਜ਼ ਹਕੂਮਤ ਖਿਲਾਫ ਹੋ ਰਹੀ ਸੀ,

ਉਸ ਦਾ ਜ਼ਿਕਰ ‘ਪੰਜਾਬ ਟਾਈਮਜ਼’ ਦੇ ਪਾਠਕ ਉਸ ਵਕਤ ਕੈਨਡਾ ਤੋਂ ਛਪਦੇ ਰਹੇ ਦੋ ਪਰਚਿਆਂ ‘ਸੁਦੇਸ਼ ਸੇਵਕ’ ਤੇ ‘ਸੰਸਾਰ’ ਵਿਚ ਛਪੀਆਂ ਲਿਖਤਾਂ ਰਾਹੀਂ ਪੜ੍ਹ ਚੁਕੇ ਹਨ। ਹੁਣ ਅਮਰੀਕਾ ਤੋਂ ਛਪਦੇ ‘ਗਦਰ’ ਵਿਚ ਛਪੀਆਂ ਲਿਖਤਾਂ ਦੀ ਲੜੀ ਛਾਪੀ ਜਾ ਰਹੀ ਹੈ। ਐਤਕੀਂ ਅਸੀਂ ਪ੍ਰਸਿਧ ਗਦਰੀ ਪੰਡਿਤ ਰਾਮ ਚੰਦਰ ਦੇ ਦੋ ਲੇਖ ਛਾਪ ਰਹੇ ਹਾਂ। ਇਨ੍ਹਾਂ ਤੋਂ ਉਸ ਵੇਲੇ ਗਦਰੀਆਂ ਦੇ ਮਨਾਂ ਅੰਦਰ ਉਠਦੇ ਉਬਾਲ ਦੀ ਥਾਹ ਪਾਈ ਜਾ ਸਕਦੀ ਹੈ। -ਸੰਪਾਦਕ

ਪੰਡਿਤ ਰਾਮ ਚੰਦਰ
ਅੱਜ ਪਹਿਲੀ ਨਵੰਬਰ 1915 ਦਾ ਪਵਿਤਰ ਦਿਨ ਹੈ। ਗਦਰ ਦਾ ਪਹਿਲਾ ਨੰਬਰ ਪਹਿਲੀ ਨਵੰਬਰ 1913 ਨੂੰ ਹਨੇਰੇ ਵਿਚ ਗਦਰ ਦੇ ਬਲਵਾਨ ਅਤੇ ਤੇਜ਼ਵਾਨ ਸੂਰਜ ਬਣ ਕੇ ਪ੍ਰਗਟ ਹੋਇਆ। ਅੱਜ ਗਦਰ ਦੇ ਜਨਮ ਨੂੰ ਦੋ ਸਾਲ ਹੋ ਗਏ ਹਨ। ਇਸ ਦੋ ਸਾਲ ਦੇ ਕੁਝ ਸਮੇਂ ਵਿਚ ਗਦਰ ਨੇ ਕੀ ਕੀਤਾ, ਜੋ ਰਾਜਾ ਪਰਜਾ ਸਭ ਨੂੰ ਮਾਲੂਮ ਹੈ। ਸਾਡੇ ਦੁਸ਼ਮਣ ਹਿੰਦ ‘ਤੇ ਰਾਜ ਕਰਨ ਵਾਲੇ, ਗਦਰ ਦੇ ਬੜੇ ਭਾਰ ਭਰੇ ਕੰਮ ਅਤੇ ਪ੍ਰਚਾਰ ਨੂੰ ਜ਼ਾਲਿਮ ਅੰਗਰੇਜ਼ ਆਪ ਮੰਨਦੇ ਹਨ। ਲੰਡਨ ਦੇ ਵੱਡੇ ਵੱਡੇ ਅਖਬਾਰ ਗਦਰ ਦੇ ਮਸ਼ਹੂਰ ਆਲਮ ਗਦਰ ਦੇ ਨਾਮ ਤੋਂ ਯਾਦ ਕਰਕੇ ਕਰਦੇ ਹਨ। ਸ਼ਿਮਲੇ ਦੀ ਪਹਾੜੀ ਦੀ ਚੋਟੀ ਉਤੇ ਵਾਇਸਰਾਏ ਹਾਰਡਿੰਗ ਦੇ ਦਫਤਰ ਵਿਚ ਹਰ ਵਕਤ ਗਦਰ ਦਾ ਚਰਚਾ ਹੁੰਦਾ ਰਹਿੰਦਾ ਹੈ। ਗਦਰ ਅਖਬਾਰ ਦੇ ਉਤਾਰ ਵਾਸਤੇ ਗੌਰਮਿੰਟ ਨੇ ਇਕ ਨਵਾਂ ਮਹਿਕਮਾ ਖੋਲ੍ਹਿਆ ਹੈ। ਹਿੰਦੁਸਤਾਨ ਦੇ ਅਮੀਰ ਗਰੀਬ ਛੋਟੇ-ਵੱਡੇ ਹਰ ਸਕੂਲ ਜਾਣ ਵਾਲੇ ਲੜਕੇ ਅਤੇ ਪਸੂ ਚਾਰਨ ਵਾਲੇ ਨੌਜਵਾਨਾਂ ਦੇ ਕੰਨਾਂ ਵਿਚ ਗਦਰ ਦੀ ਗੂੰਜ ਸੁਣੀ ਜਾਂ ਪੜ੍ਹੀ ਗਈ ਹੈ।
ਗਦਰ ਨੇ ਅਕਸਰ ਗਦਰ ਦੇ ਸਿਪਾਹੀ ਹਿੰਦੀਆਂ ਨੂੰ ਕੰਨੋਂ ਫੜ੍ਹ ਕੇ ਜਗਾਇਆ ਹੈ। ਇਨ੍ਹਾਂ ਨੂੰ ਵਿੰਗੇ ਟੇਢੇ ਅਤੇ ਭੁੱਲੇ ਭੁਲੇਖੇ ਰਸਤੇ ਤੋਂ ਹਟਾ ਕੇ ਸਿੱਧੇ ਰਸਤੇ ਪਾਇਆ ਹੈ। ਇਕ ਬੜੀ ਭਾਰੀ ਨਵੀਂ ਬੁਨਿਆਦ ਕਾਇਮ ਕੀਤੀ ਹੈ। ਆਪਣੇ ਦੇਸੀ ਭਾਈਆਂ ਦੇ ਸੁਖ ਅਤੇ ਆਨੰਦ ਦੇ ਵਾਸਤੇ ਤਰੱਕੀ ਅਤੇ ਆਜ਼ਾਦੀ ਦੇ ਵਾਸਤੇ ਇਕ ਐਸਾ ਰਸਤਾ ਬਣਾ ਦਿੱਤਾ ਹੈ ਜਿਸ ਨੂੰ ਤਮਾਮ ਪ੍ਰਿਥਵੀ ਦੇ ਪੁਰਸ਼ ਅਤੇ ਇਸਤਰੀ ਮੰਨਣਯੋਗ ਸਮਝਦੇ ਹਨ।
ਹੁਣ ਹਰ ਹਿੰਦੀ ਦਾ ਫਰਜ਼ ਹੈ ਕਿ ਇਸ ਸੜਕ ਨੂੰ ਖੂਬ ਪੱਕਾ ਕਰਨ, ਇਸ ਸੜਕ ਉਤੇ ਪੱਥਰਾਂ ਅਤੇ ਰੋੜਾਂ ਦੀ ਜਗ੍ਹਾ ਆਪਣੀਆਂ ਹੱਡੀਆਂ ਕੁੱਟਣ ਅਤੇ ਪਾਣੀ ਦੀ ਜਗ੍ਹਾ ਆਪਣਾ ਖੂਨ ਛਿੜਕਣ, ਹੁਣ ਹਰ ਇਕ ਹਿੰਦੀ ਦਾ ਫਰਜ਼ ਹੈ ਕਿ ਉਹ ਗਦਰ ਦਾ ਪ੍ਰਚਾਰ ਪਹਿਲੇ ਨਾਲੋਂ ਵਧ ਕੇ ਕਰਨ ਅਤੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਇਸ ਨਵੀਂ ਬੁਨਿਆਦ ਨੂੰ ਕਾਇਮ ਕਰਨ।
ਗਦਰ ਪਹਿਲੇ ਉਰਦੂ ਵਿਚ ਨਿਕਲਦਾ ਸੀ। ਦੋ ਤਿੰਨ ਹਫਤਿਆਂ ਪਿੱਛੋਂ ਗੁਰਮੁਖੀ ਵਿਚ ਨਿਕਲਿਆ। ਇਨ੍ਹਾਂ ਜ਼ਬਾਨਾਂ ਦੇ ਕੁਝ ਥੋੜ੍ਹੇ ਹੀ ਪਰਚਿਆਂ ਨੇ ਅੰਗਰੇਜ਼ੀ ਗੌਰਮਿੰਟ ਦੇ ਪੈਰ ਹਿਲਾ ਦਿੱਤੇ ਅਤੇ ਲਾਲਾ ਹਰਦਿਆਲ ਜੀ ਦੀ ਇਸ ਮੁਲਕ ਵਿਚੋਂ ਕੱਢੇ ਜਾਣ ਦੀ ਤਜਵੀਜ਼ ਕੀਤੀ ਗਈ, ਪਰ ਇਨ੍ਹਾਂ ਦੀ ਆਪਣੀ ਮਰਜ਼ੀ ਵਿਚ ਮੁਲਕ ਵਿਚੋਂ ਚਲੇ ਜਾਣ ਦੀ ਸੀ। ਅਪਰੈਲ 1914 ਵਿਚ ਇਨ੍ਹਾਂ ਦੇ ਰਾਜ਼ੀ ਖੁਸ਼ੀ ਮੁਲਕ ਯੂਰਪ ਵਿਚ ਚਲੇ ਜਾਣ ਤੋਂ ਅਤੇ ਕੰਮ ਦੇ ਜਾਰੀ ਰਹਿਣ ਦੇ ਕਾਰਨ ਅੰਗਰੇਜ਼ੀ ਗੌਰਮਿੰਟ ਹੈਰਾਨ ਹੋ ਗਈ ਅਤੇ ਇਹ ਵੀ ਸਮਝਦੀ ਰਹੀ ਕਿ ਗਦਰ ਦਾ ਕੰਮ ਹੁਣ ਵੀ ਬੰਦ ਹੋਇਆ, ਝੱਟ ਨੂੰ ਬੰਦ ਹੋਇਆ, ਅੰਗਰੇਜ਼ਾਂ ਨੂੰ ਇਹ ਪਤਾ ਨਹੀਂ ਸੀ ਕਿ ਹਿੰਦੂ ਨਵੇਂ ਮੁਲਕ ਵਿਚੋਂ ਨਵੇਂ ਖਿਆਲ ਲੈ ਬੈਠੇ ਹਨ।
ਉਚੇ ਆਦਰਸ਼ਾਂ ਨੂੰ ਪ੍ਰਾਪਤ ਕਰ ਲਿਆ ਹੈ ਅਤੇ ਇਸ ਨੂੰ ਦਬਾਉਣਾ ਕੋਈ ਸੁਖਾਲਾ ਕੰਮ ਨਹੀਂ ਹੈ। ਬਸ ਉਰਦੂ ਗੁਰਮੁਖੀ ਦੇ ਨਾਲ ਗੁਜਰਾਤੀ ਜ਼ਬਾਨ ਵਿਚ ਅਖਬਾਰ ਨਿਕਲਿਆ, ਕਿਤਾਬਾਂ ਛਪੀਆਂ ਅਤੇ ਗਦਰ ਇਸ ਤੇਜ਼ੀ ਦੇ ਨਾਲ ਚਮਕਿਆ ਕਿ ਅੰਗਰੇਜ਼ੀ ਗੌਰਮਿੰਟ ਦੀਆਂ ਅੱਖਾਂ ਧੁੰਦਲੀਆਂ ਹੋ ਗਈਆਂ। ਅੱਜ ਅੰਗਰੇਜ਼ੀ ਗੌਰਮਿੰਟ ਦੀ ਸੁਰਤ ਟਿਕਾਣੇ ਨਹੀਂ ਆਈ ਸੀ ਕਿ ਦੋ ਦੇਸ਼ ਭਗਤ ਭਾਈ ਭਗਵਾਨ ਸਿੰਘ ਜੀ ਅਤੇ ਮੌਲਵੀ ਮੁਹੰਮਦ ਬਰਕਤ ਉਲਾ ਸਾਹਿਬ ਜਾਪਾਨ ਤੋਂ ਆ ਗਏ। ਬੇਸ਼ੱਕ ਇਨ੍ਹਾਂ ਦੇਸ਼ ਭਗਤਾਂ ਦਾ ਪਵਿਤਰ ਅਤੇ ਜੋਸ਼ ਵਾਲਾ ਪ੍ਰਚਾਰ ਤਿੰਨ ਚਾਰ ਮਹੀਨੇ ਮੁਲਕ ਅਮਰੀਕਾ ਵਿਚ ਰਿਹਾ, ਪਰ ਇਨ੍ਹਾਂ ਦੇਸ਼ ਭਗਤਾਂ ਦੇ ਮਨਮੋਹਣੇ ਪ੍ਰਚਾਰ ਨੇ ਹਿੰਦੀਆਂ ਦੇ ਦਿਲਾਂ ਵਿਚ ਇਤਨਾ ਅਸਰ ਪਾਇਆ ਕਿ ਗਦਰ ਪ੍ਰਚਾਰ ਦੇ ਕੰਮ ਨੂੰ ਦਿਨ ਦੁਗਣੀ ਅਤੇ ਰਾਤ ਚੌਗਣੀ ਤਰੱਕੀ ਪ੍ਰਾਪਤ ਹੋਈ। ਇਸ ਪਿੱਛੋਂ ਗਦਰ ਦਾ ਹਿੰਦੀ ਪਰਚਾ ਨਿਕਲਿਆ। ਬਾਗੀਆਨਾ ਪੁਸਤਕਾਂ ਛਪੀਆਂ ਅਤੇ ਬੀਸਵੀਂ ਸਦੀ ਦੇ ਨਾਲ ਨਾਲ ਹਿੰਦੀਆਂ ਦਾ ਜੋਸ਼ ਅਤੇ ਮੁਲਕੀ ਮੁਹੱਬਤ ਹੋਰ ਜ਼ਿਆਦਾ ਚਮਕਿਆ ਅਤੇ ਪਹਿਲੇ ਨਾਲੋਂ ਵੀ ਜ਼ਿਆਦਾ ਜੋਸ਼ ਨਾਲ ਗਦਰ ਪ੍ਰਚਾਰ ਹੋਣ ਲੱਗਾ। ਉਰਦੂ, ਗੁਰਮੁਖੀ, ਗੁਜਰਾਤੀ ਅਤੇ ਹਿੰਦੀ ਤੋਂ ਬਗੈਰ ਪਸ਼ਤੋ ਅਤੇ ਗੋਰਖਾ ਜ਼ਬਾਨ ਵਿਚ ਗਦਰ ਦੇ ਨੰਬਰ ਨਿਕਲੇ। ਬੰਗਾਲੀ ਭਾਸ਼ਾ ਵਿਚ ਕਿਤਾਬਾਂ ਛਪੀਆਂ। ਬਗੈਰ ਅਖਬਾਰ ਤੋਂ ਇਕ ਲੱਖ ਗਦਰੀ ਅਖਬਾਰ ਨਿਕਲੇ, 600,000 ਜਿਲਦ ਪੁਸਤਕ ਨਿਕਲੇ ਅਤੇ ਇਹ ਵੀ ਬੜਾ ਅਸਚਰਜ ਹੈ ਕਿ ਇਹ ਸਭ ਕੁਝ ਇਸ ਪੁਰਾਣੀ ਵਰਤੀ ਹੋਈ ਮਸ਼ੀਨ ਵਿਚ ਛਪੀਆਂ ਸਨ। ਲਿਖਣਾ, ਛਪਣਾ, ਸਰਕੂਲੇਸ਼ਨ ਆਦਿ ਸਾਰੇ ਮਹਿਕਮੇ ਨਵੇਂ ਤਰੀਕਿਆਂ ਉਤੇ ਕਾਇਮ ਹੋਏ। ਹੋਰ ਵੀ ਕਾਰਨ ਹੈ, ਇਤਨੀ ਭਾਰੀ ਤਰੱਕੀ ਦਾ ਕਿ ਥੋੜ੍ਹੇ ਸਮੇਂ ਵਿਚ ਥੋੜ੍ਹੇ ਪੈਸੇ ਨਾਲ ਕੁਝ ਸੇਵਕਾਂ ਦੇ ਕੰਮ ਕਰਨ ਤੋਂ ਇਤਨਾ ਵੱਡਾ ਭਾਰੀ ਕੰਮ ਹੋਇਆ ਹੈ ਜੋ ਹਿੰਦੁਸਤਾਨ ਦੀ ਮਿਸਾਲ ਵਿਚੋਂ ਵਧ ਕੇ ਹੈ ਅਤੇ ਇਹ ਮਿਸਾਲ ਤਾਂ ਕਿਸੀ ਮੁਲਕ ਵਿਚੋਂ ਨਹੀਂ ਮਿਲਦੀ ਕਿ ਕੀਮਤੀ ਪਵਿਤਰ ਅਤੇ ਬਾਗੀਆਨਾ ਖਿਆਲ ਦੇ ਅਖਬਾਰ ਅਤੇ ਪੁਸਤਕਾਂ ਮੁਫਤ ਵੰਡੀਆਂ ਜਾਣ। ਗਰੀਬ ਹਿੰਦੁਸਤਾਨੀ ਅਤਿ ਕਠਿਨਾਈ ਨਾਲ ਪੈਸਾ ਕਮਾ ਕੇ ਇਸ ਪਵਿਤਰ ਅਖਬਾਰ ਉਤੇ ਖਰਚ ਕਰਦੇ ਹਨ ਅਤੇ ਗਰੀਬ ਸੇਵਕ ਦਿਨ ਰਾਤ ਮੁਫਤ ਕੰਮ ਕਰਦੇ ਹਨ।
ਭਾਈਓ! ਵੇਖੋ ਉਪਰ ਗਦਰ ਦਾ ਸੂਰਜ ਚਮਕ ਰਿਹਾ ਹੈ ਪਰ ਗਦਰ ਦੇ ਸਿਪਾਹੀਓ, ਅਜੇ ਆਪਣਾ ਕੰਮ ਅੱਧ ਵਿਚ ਵੀ ਨਹੀਂ ਪੁਜਿਆ, ਅਤੇ ਤੁਹਾਡਾ ਬਹੁਤ ਕੰਮ ਕਰਨਾ ਬਾਕੀ ਹੈ। ਜਦ ਤਕ ਤੁਹਾਡਾ ਕੰਮ ਬਾਕੀ ਹੈ। ਜਦ ਤਕ ਤੁਹਾਡਾ ਕੰਮ ਸਿਰੇ ਤੋੜੀ ਨਾ ਪੁੱਜ ਜਾਵੇ, ਰਸਤੇ ਵਿਚ ਅਟਕ ਜਾਣਾ ਜਾਂ ਸੋ (ਸੌਂ) ਜਾਣਾ ਜਾਂ ਸੁਸਤ ਹੋ ਜਾਣਾ, ਗਦਰ ਸਿਪਾਹੀਆਂ ਦੇ ਸ਼ੋਭਾ ਨਹੀਂ ਪਾਉਂਦਾ ਸਗੋਂ ਸ਼ਾਨ ਨੂੰ ਘਟਾਉਂਦਾ ਹੈ। ਗਦਰ ਅਜੇ ਦੋ ਸਾਲ ਦਾ ਬੱਚਾ ਹੈ, ਤੀਸਰੇ ਸਾਲ ਵਿਚ ਅਜੇ ਇਸ ਨੇ ਪੈਰ ਰੱਖਿਆ ਹੈ, ਜੇ ਦੋ ਸਾਲ ਵਿਚ ਇਸ ਨੇ ਇਤਨਾ ਕੰਮ ਕੀਤਾ ਹੈ ਤਾਂ ਜਵਾਨ ਹੋਣ ‘ਤੇ ਇਸ ਦੇ ਪਵਿਤਰ ਕੰਮ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਹੋਵੇਗਾ।
ਗਦਰ ਦੀ ਰਖਿਆ ਕੇਵਲ ਧਨ ਅਤੇ ਅਨਾਜ ਦੇ ਨਾਲ ਨਹੀਂ ਹੁੰਦੀ। ਗਦਰ ਦਾ ਦੋ ਸਾਲ ਦਾ ਬੂਟਾ ਕੋਈ ਪਾਣੀ ਨਹੀਂ ਮੰਗਦਾ। ਸ਼ਹਿਦ, ਘੀ ਅਤੇ ਸ਼ਰਬਤ ਨਾਲ ਇਸ ਦੀ ਪਿਆਸ ਨਹੀਂ ਬੁਝਦੀ। ਇਹ ਛੋਟਾ ਜਿਹਾ ਬੂਟਾ ਨੌਜਵਾਨ ਹਿੰਦੀਆਂ ਦੇ ਖੂਨ ਦਾ ਪਿਆਸਾ ਹੈ, ਇਸ ਦੀ ਪਿਆਸ ਕੇਵਲ ਗੁਲਨਾਰ ਖੂਨ ਨਾਲ ਹੀ ਮਿਟ ਸਕਦੀ ਹੈ।
ਹਾਏ, ਭਾਰਤ ਮਾਤਾ ਤੇਰੇ ਤੀਹ ਕਰੋੜ ਬੱਚੇ ਹਨ, ਪਰ ਉਹ ਅੱਜ ਜ਼ਖਮਾਂ ਦੇ ਨਾਲ ਨਿਢਾਲ ਹਨ। ਇਸ ਦੇ ਬਾਲ ਚਿੱਕੜ ਵਿਚ ਰੁਲਦੇ ਹਨ। ਇਸ ਦੀਆਂ ਰਗਾਂ ਵਿਚੋਂ ਖੂਨ ਦੀਆਂ ਧਾਰਾਵਾਂ ਪੈ ਰਹੀਆਂ ਹਨ। ਇਸ ਦੇ ਨਾਦਾਨ ਬੱਚੇ ਤੜਫ ਕੇ ਦੁੱਖ ਨਾਲ ਮਰ ਰਹੇ ਹਨ। ਕੀ ਕੋਈ ਪੁਰਸ਼ ਇਨ੍ਹਾਂ ਦੁੱਖਾਂ ਨੂੰ ਵੇਖ ਅੱਖਾਂ ਮੀਟ ਸਕਦਾ ਹੈ? ਭਾਵੇਂ ਤੁਸੀਂ ਨਹੀਂ ਦੇਖਦੇ ਕਿ ਮਾਤਾ ਰੋ ਰਹੀ ਹੈ। ਇਸ ਦੇ ਬੱਚੇ ਫਾਂਸੀ ‘ਤੇ ਲਟਕ ਰਹੇ ਹਨ, ਉਮਰ ਕੈਦ ਵਿਚ ਟਾਟ ਬੋਰੀਆਂ ਪਾਈ ਸੜ ਰਹੇ ਹਨ। ਬੱਚਿਆਂ ਨੂੰ ਜ਼ਾਲਮਾਂ ਦੇ ਹੱਥਾਂ ਦੇ ਕੋੜੇ ਲੱਗ ਰਹੇ ਹਨ। ਫਿਰ ਵੇਖ ਭਾਲ ਕੇ ਤੁਸੀਂ ਕਿਉਂ ਚੁੱਪ ਹੋ? ਕੀ ਸਾਡਾ ਸਾਰਾ ਧਨ ਦੁਸ਼ਮਣਾਂ ਦੇ ਕੋਲ ਜਾਂਦਾ ਹੈ? ਕਿਉਂ ਸਾਡਾ ਸਾਰਾ ਬਲ ਅਤੇ ਵਿਦਿਆ ਅੰਗਰੇਜ਼ਾਂ ਦੇ ਕੰਮ ਆਉਂਦਾ ਹੈ? ਕੀ ਅਸੀਂ ਮਰਦਾਂ ਵਾਲੇ ਸਾਰੇ ਕੰਮ ਛੱਡ ਬੈਠੇ ਹਾਂ? ਕੀ ਅਸੀਂ ਆਪਣਿਆਂ ਨੂੰ ਬੇਗਾਨੇ ਅਤੇ ਬੇਗਾਨਿਆਂ ਨੂੰ ਆਪਣੇ ਸਮਝਦੇ ਹਾਂ ਅਤੇ ਕਦ ਤਕ ਅਜਿਹਾ ਰਹੇਗਾ?
ਆਓ, ਇਸ ਦੇ ਦੁੱਖ ਤੋਂ ਇਕੱਠੇ ਹੋਈਏ, ਇਨਸਾਫ ਅਤੇ ਹੱਕਾਂ ਦੇ ਨਾਂ ‘ਤੇ ਇਕੱਠੇ ਹੋ ਜਾਵੋ ਅਤੇ ਗਦਰ ਦੇ ਝੰਡੇ ਦੇ ਥਲੇ ਆ ਕੇ ਡੰਕੇ ਦੀ ਚੋਟ ਨਾਲ ਆਜ਼ਾਦੀ ਦਾ ਢੰਡੋਰਾ ਫੇਰੋ। ਭਾਈਓ, ਰਸਤਾ ਕਠਿਨ ਹੈ ਅਤੇ ਵਕਤ ਬਹੁਤ ਥੋੜ੍ਹਾ ਹੈ। ਰਾਜਨੀਤੀ ਦੀਆਂ ਰਮਜ਼ਾਂ ਨੂੰ ਸਮਝੋ, ਆਪਣੀ ਤਾਕਤ ਨੂੰ ਇਕੱਠਾ ਕਰੋ, ਵਿਦਿਆ ਧਨ ਅਤੇ ਬਲ ਨੂੰ ਇਕੱਠਾ ਕਰੋ, ਅਖੀਰ ਬੜੇ ਜ਼ੋਰ ਨਾਲ ਗੁਲਾਮੀ ਤੇ ਜ਼ੁਲਮ ਦੇ ਕਿਲ੍ਹੇ ‘ਤੇ ਧਾਵਾ ਬੋਲ ਦੇਵੋ- ਮਾਰੋ ਮਾਰੋ, ਲੋਹੇ ‘ਤੇ ਹਥੌੜਾ ਮਾਰੋ। ਜਦ ਤਕ ਉਹ ਲਾਲ ਅੰਗਿਆਰ ਨਾ ਹੋ ਜਾਵੇ। ਜ਼ਖਮੀ ਸ਼ੇਰ ਗੁੱਸੇ ਵਿਚ ਆ ਕੇ ਜ਼ਿਆਦਾ ਵਾਰ ਕਰਦਾ ਹੈ ਅਤੇ ਪਹਿਲੇ ਨਾਲੋਂ ਫੇਰ ਸਖਤ ਹਮਲਾ ਕਰਦਾ ਹੈ। ਇਹ ਵੇਲਾ ਅਜ਼ਮਾਇਸ਼ ਦਾ ਹੈ, ਬੁਜ਼ਦਿਲ ਪਿੱਛੇ ਹਟ ਜਾਵੋ, ਸੂਰਬੀਰ ਅੱਗੇ ਵਧੋ ਅਤੇ ਖੂਨ ਦੀਆਂ ਧਾਰਾਂ ਵਹਾ ਕੇ ਗਦਰ ਦੀ ਪਿਆਸ ਬੁਝਾਓ… ਗਦਰ ਦੇ ਸਿਪਾਹੀਓ, ਬਹੁਤ ਜ਼ਿਆਦਾ ਪ੍ਰਚਾਰ ਅਜੇ ਕਰਨਾ ਹੈ। ਦੋਸਤਾਂ ਨਾਲੋਂ ਦੋਸਤ ਅਤੇ ਦੁਸ਼ਮਣ ਦਾ ਧਨ ਅਸੀਂ ਸੁਣਿਆ ਹੈ। ਇਸ ਲਈ ਇਕੱਠੇ ਹੋ ਕੇ ਅਤੇ ਸੰਭਾਲ ਕੇ ਚਲੋ, ਕਿਹਾ ਮੰਨੋ। ਭੋਡੇ ਵਾਲੀਆਂ ਸੁਣੀਆਂ ਗੱਲਾਂ ਪੱਲੇ ਬੰਨ੍ਹਣੀਆਂ ਛੱਡ ਦੇਵੋ ਅਤੇ ਦਿਲ ਨੂੰ ਖੂਬ ਕਾਇਮ ਕਰੋ। ਸਾਡਾ ਦੁਸ਼ਮਣ ਬੇਈਮਾਨੀਆਂ ਕਰਦਾ ਹੈ। ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਨੇਕ ਪੁਰਸ਼ਾਂ ‘ਤੇ ਘੜਦਾ ਹੈ ਅਤੇ ਅੱਗੇ ਵਾਸਤੇ ਭੀ ਘੜੇਗਾ। ਇਸ ਲਈ ਹੁਣ ਸਾਨੂੰ ਪਿੱਛੇ ਨਹੀਂ ਹਟਣਾ ਚਾਹੀਦਾ। ਸੋ ਅਸੀਂ ਮੈਦਾਨ ਦੇ ਵਿਚ ਆਪਣੀ ਸੇਵਾ ਵਿਖੇ ਹਾਜ਼ਿਰ ਹਾਂ ਅਤੇ ਆਪ ਅੱਗੇ ਬੇਨਤੀ ਹੈ ਕਿ ਗਦਰ ਦੇ ਤੀਜੇ ਸਾਲ ਵਿਚ ਅੱਗੇ ਨਾਲੋਂ ਬਹਾਦਰੀ ਦਿਖਾਉ ਅਤੇ ਬੋਲੋ,
“ਮੁਸੀਬਤ ਕੇ ਡਰ ਰੰਜ ਹੋਲ ਸੇ,
ਬਹਾਦਰੀ ਬਦਲਤੇ ਹੈ ਕਬ ਕੋਲ ਸੇ;
ਹਮ ਹੈ ਜਾਨ ਬਾਜ਼ ਨਾ ਮੈਦਾਨ ਸੇ ਟਲੇਗਾ ਹਰਗਿਜ਼,
ਉਹ ਔਰ ਹੋਰੀ ਕੋਈ ਖੌਫ ਸੇ ਡਰਨੇ ਵਾਲੇ।”

“ਜਵਾਨਾ ਵਤਨ ਕਬ ਆਫਤੋਂ ਸੇ ਜੀ ਚੁਰਾਤੇ ਹੈ
ਜੋ ਤੀਰ ਆਤੇ ਹੈ ਮਰਦੋ ਕੀ ਤਰ੍ਹਾਂ ਸੀਨੇ ਪਰ ਖਾਤੇ ਹੈ।”
__________________
ਨੀਤੀ ਦੇ ਬਚਨ
ਪਹਿਲੇ ਬਾਤ ਕੋ ਤੋਲੋ, ਫਿਰ ਬੋਲੋ ਅਰਥਾਤ ਹਰ ਇਕ ਗੱਲ ਨੂੰ ਚੰਗੀ ਤਰ੍ਹਾਂ ਸਮਝ ਕੇ ਮੁੱਖ ਵਿਚੋਂ ਕੱਢਣਾ ਚਾਹੀਦਾ ਹੈ। ਕਿਸੇ ਇਕ ਤਰਫ ਦੀ ਗੱਲ ਨੂੰ ਸੁਣ ਕੇ ਛੇਤੀ ਨਾਲ ਉਸ ‘ਤੇ ਅਮਲ ਕਰਕੇ ਇਕ ਫੈਸਲੇ ਨੂੰ ਆਪਣੇ ਦਿਲ ਵਿਚ ਜਮ੍ਹਾਂ ਲੈਣਾ ਚਾਹੀਦਾ ਹੈ। ਮਨੁੱਖ ਮਾਤਰ ਦੀ ਭਲਾਈ ਦੇ ਕਿਸੇ ਕੰਮ ਵਿਚ ਆਪਣੇ ਨਾਂ ਵਾਲੇ, ਪਿੰਡ ਵਾਲੇ, ਬਰਾਦਰੀ ਫਿਰਕੇ, ਇਕ ਮਜ਼ਹਬ ਤੇ ਰਿਸ਼ਤੇਦਾਰ ਦਾ ਪੱਖ ਨਹੀਂ ਕਰਨਾ ਚਾਹੀਦਾ ਸਗੋਂ ਆਪਣੀ ਨਜ਼ਰ ਨੂੰ ਮਨੁੱਖ ਦੀ ਭਲਾਈ ਦੇ ਖਿਆਲ ਨਾਲ ਆਦਰਸ਼ ਨਾਲ ਤੇ ਅਸੂਲ ਉਤੇ ਜਮ੍ਹਾਂ ਕੇ ਰੱਖਣਾ ਚਾਹੀਦਾ ਹੈ। ਮਨੁੱਖ ਮਾਤਰ ਦੀ ਸੇਵਾ ਉਚੇ ਆਦਰਸ਼ ਨੂੰ ਜਾਤੀ, ਮਾਨ ਜਾਂ ਧਨ ਦੇ ਖਿਆਲ ਤੋਂ ਤਰਕ ਨਹੀਂ ਕਰਨਾ ਚਾਹੀਦਾ ਜਾਂ ਬਦਲਣਾ ਨਹੀਂ ਚਾਹੀਦਾ, ਹਜ਼ਾਰ ਮੁਸੀਬਤਾਂ ਤੇ ਚੁੱਕਾਂ ਦੇ ਨਾਲ ਵੀ ਕਿਸੇ ਚੰਗੇ ਆਮਕਾਰ ਬਾਰੇ ਇਕ ਤਰਫਾ ਗਲਤ ਖਿਆਲ ਨੂੰ ਦਿਲ ਵਿਚ ਜਗ੍ਹਾ ਨਹੀਂ ਦੇਣੀ ਚਾਹੀਦੀ। ਕਿਸੇ ਮਹਾਂ ਕੰਮ ਦੇ ਕਰਦੇ ਹੋਏ ਇਖਤਲਾਫ ਰਾਏ ਗੈਰ ਜ਼ਰੂਰੀ ਹਿੱਸਿਆਂ ਤੇ ਜ਼ਿਆਦਾ ਧਿਆਨ ਨਹੀਂ ਦੇਣਾ ਚਾਹੀਦਾ ਅਤੇ ਜ਼ਰੂਰੀ ਹਿੱਸਿਆਂ ‘ਤੇ ਧਿਆਨ ਦੇ ਕੇ ਖਿਦਮਤ ਤੇ ਸੇਵਾ ਦੇ ਭਾਵ ਨਾਲ ਇਖਤਲਾਫ ਰਾਏ ਨੂੰ ਮਿਟਾ ਦੇਣਾ ਚਾਹੀਦਾ ਹੈ।
ਮਹਾਨ ਕੰਮ ਕਰਨ ਨਾਲ ਪਹਿਲੇ ਵਿਦਿਆ, ਗਿਆਨ ਤੇ ਸੇਵਾ ਦਾ ਭਾਵ ਹਾਸਿਲ ਕਰਨਾ ਚਾਹੀਦਾ ਹੈ। ਗਿਆਨੀਆਂ ਦਾ ਇਖਤਲਾਫ ਰਾਏ ਕਹਾਉਂਦਾ ਹੈ, ਜਾਤੀਆਂ ਤਕ ਤਰੱਕੀ ਨਹੀਂ ਕਰਦਾ, ਅਗਿਆਨੀਆਂ ਦਾ ਇਖਤਲਾਫ ਰਾਏ ਗੁੱਸਾ, ਝਗੜਾ, ਸ਼ੋਰ ਸ਼ਰਾਬਾ ਤੇ ਫਸਾਦ ਕਹਾਉਂਦਾ ਹੈ। ਗਿਆਨੀਆਂ ਦੀ ਇਖਤਲਾਫ ਰਾਏ ਦੀ ਲੋਹੇ ਵਾਲੀ ਜ਼ੰਜੀਰ ਸਮਝਾਉਣ ਤੋਂ ਮਾਮੂਲੀ ਧਾਤਾਂ ਬਣਾਈਆਂ ਜਾ ਸਕਦੀਆਂ ਹਨ, ਪਰ ਅਗਿਆਨੀਆਂ ਦੀ ਇਖਤਲਾਫ ਰਾਏ ਦਾ ਧਾਗਾ ਬਿਨਾ ਸਮਝਾਉਣ ਦੇ ਕਰੜੀ ਜ਼ੰਜੀਰ ਬਣ ਜਾਂਦੀ ਹੈ।
ਕਿਸੇ ਵੱਡੇ ਕੰਮ ਵਿਚ ਇਖਤਲਾਫ ਰਾਏ ਦਾ ਵਕਤ ਕੰਮ ਦੇ ਅਸਲੀ ਬਾਨੀਆਂ (ਕਰਨ ਵਾਲਿਆਂ) ਦੇ ਦਿਲ ਤੇ ਦਿਮਾਗ ਦੀ ਪ੍ਰੀਖਿਆ ਦਾ ਮੌਕਾ ਹੁੰਦਾ ਹੈ ਕਿ ਕਿਥੋਂ ਤਕ ਇਕ ਸੇਵਕ ਮਾਨ ਭਾਉਂ ਨੂੰ ਛੱਡਦਾ ਹੈ ਅਤੇ ਕਿਥੋਂ ਤਕ ਇਕ ਸ਼ਖਸ ਜ਼ਮਾਨੇ ਅਨੁਸਾਰ ਕਾਇਦੇ ਅਸੂਲ ਦਾ ਖਿਆਲ ਨਾ ਕਰਕੇ ਕੇਵਲ ਖੋਖਲੀ ਸ਼ਾਂਤੀ ਨਾਲ ਕੰਮ ਲੈਂਦਾ ਹੈ, ਜਿਸ ਦੇ ਨਤੀਜੇ ਵਿਚ ਉਹ ਕਮਜ਼ੋਰ ਹੋ ਜਾਂਦਾ ਹੈ। ਸੇਵਾ ਸੱਚਾਈ ਇਨਸਾਫ ਦੇ ਨਾਲ ਨਾਲ ਖਿਆਲ ਫਰਜ਼ ਹੌਸਲਾ ਜ਼ਮਾਨੇ ਦੀ ਪਹਿਚਾਣ ਤੇ ਰਾਜਨੀਤੀ ਦੇ ਗਿਆਨ ਹੋਣ ਨਾਲ ਇਕ ਸ਼ਖਸ ਮਨੁੱਖ ਮਾਤਰ ਦੀ ਸੇਵਾ ਦਾ ਸੰਗੀ ਹੋ ਸਕਦਾ ਹੈ। ਉਤੇ ਲਿਖੇ ਹੋਏ ਬਚਨਾਂ ਨੂੰ ਵਾਰ ਵਾਰ ਪੜ੍ਹਨ ਨਾਲ ਚੰਗੇ ਦਰਜੇ ਦਾ ਗਿਆਨ ਹਾਸਿਲ ਹੋਵੇਗਾ।