ਵਿਦਿਆਰਥਣਾਂ ਦੇ ਜੀਣ ਦਾ ਹੱਕ: ਸੁਪਨੇ ਤੋਂ ਸੱਚ ਤੱਕ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿਦਿਆਰਥੀ ਆਪਣੀ ਮੰਗਾਂ ਲਈ ਚਿਰਾਂ ਤੋਂ ਜੂਝ ਰਹੇ ਹਨ। ਯੂਨੀਵਰਸਿਟੀ ਅਧਿਕਾਰੀਆਂ ਨੇ ਬੜੀ ਚਲਾਕੀ ਨਾਲ ਕੁੜੀਆਂ ਦੇ ਹੋਸਟਲ ਚੌਵੀ ਘੰਟੇ ਖੁੱਲ੍ਹੇ ਰੱਖਣ ਦੀ ਮੰਗ ਉਤੇ ਪੇਚਾ ਪਾ ਲਿਆ ਅਤੇ ਇਸ ਮਾਮਲੇ ਨੂੰ ਕੁੜੀਆਂ ਦੀ ਸੁਰੱਖਿਆ ਨਾਲ ਜੋੜ ਕੇ ਰੂੜੀਵਾਦੀ ਵਿਚਾਰਾਂ ਨੂੰ ਸ਼ਹਿ ਦੇਣ ਦਾ ਯਤਨ ਵੀ ਕੀਤਾ, ਜੋ ਭਾਰਤੀ ਸਮਾਜ ਨੂੰ ਘੁਣ ਵਾਂਗ ਖਾ ਰਹੇ ਹਨ।

ਯੂਨੀਵਰਿਸਟੀ ਅਧਿਕਾਰੀਆਂ ਦੀ ਇਸ ਚਾਲ ਨੂੰ ਵੀ ਕੁੜੀਆਂ ਨੇ ਵੰਗਾਰ ਵਜੋਂ ਲਿਆ ਅਤੇ ਆਪਣਾ ਘੋਲ ਹੋਰ ਤੇਜ਼ ਕਰ ਦਿੱਤਾ। ਉਨ੍ਹਾਂ ਦੇ ਇਸ ਘੋਲ ਨੂੰ ਧਿਆਨ ਵਿਚ ਰੱਖ ਕੇ ਘਨੌਰ (ਪਟਿਆਲਾ) ਦੇ ਯੂਨੀਵਰਸਿਟੀ ਕਾਲਜ ਵਿਚ ਅਸਿਸਟੈਂਟ ਪ੍ਰੋਫੈਸਰ ਤੇਗਿੰਦਰ ਨੇ ਇਹ ਲੇਖ ਲਿਖਿਆ ਹੈ ਜਿਸ ਵਿਚ ਮਰਦ-ਪ੍ਰਧਾਨ ਸੱਤਾ ਉਤੇ ਤਿੱਖੀ ਚੋਟ ਕੀਤੀ ਗਈ ਹੈ। ਪ੍ਰੋ. ਤੇਗਿੰਦਰ ਨੇ 1996 ਵਿਚ ਇਸੇ ਯੂਨੀਵਰਸਿਟੀ ਵਿਚ ਵਿਦਿਆਰਥੀ ਜੀਵਨ ਦੌਰਾਨ ਚੱਲੇ ਵੱਡੇ ਘੋਲ ਦੌਰਾਨ ਵਿਦਿਆਰਥੀਆਂ ਦੀ ਅਗਵਾਈ ਕੀਤੀ ਸੀ। ਉਸ ਵੇਲੇ ਮੁੱਖ ਮਸਲੇ ਫੀਸਾਂ ਵਿਚ ਵਾਧਾ, ਇੰਟਰਨਲ ਅਸੈਸਮੈਂਟ ਅਤੇ ਹੋਸਟਲ ਸਨ। -ਸੰਪਾਦਕ

ਪ੍ਰੋ. ਤੇਗਿੰਦਰ
ਫੋਨ: 91-94782-81331
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿਦਿਆਰਥੀਆਂ ਦੀ ਭਾਸ਼ਣ ਲੜੀ ਵਿਚ ਜੇ ਵਾਈਸ ਚਾਂਸਲਰ ਬੀ. ਐਸ਼ ਘੁੰਮਣ ਨੂੰ ਬੋਲਣ ਦਾ ਮੌਕਾ ਮਿਲੇ ਤਾਂ ਵਿਦਿਆਰਥੀ ਉਨ੍ਹਾਂ ਤੋਂ ਉਮੀਦ ਕਰਦੇ ਹਨ ਕਿ ਉਹ ਆਪਣੇ ਭਾਸ਼ਣ ਵਿਚ ਕੁਝ ਅਜਿਹੇ ਵਿਚਾਰ ਰੱਖਣਗੇ:
ਯੂਨੀਵਰਸਿਟੀ ਦੇ ਘਾਹ ਉਤੇ ਵੱਡੀ ਤਦਾਦ ਵਿਚ ਬੈਠੇ ਮੇਰੇ ਪਿਆਰੇ ‘ਵਿਦਿਆਰਥੀਓ’! ਤੁਸੀਂ ਹੈਰਾਨ ਹੋਵੋਗੇ ਕਿ ਤੁਹਾਨੂੰ ‘ਵਿਦਿਆਰਥੀਓ’ ਸ਼ਬਦ ਨਾਲ ਕਿਉਂ ਸੰਬੋਧਿਤ ਹੋ ਰਿਹਾ ਹਾਂ; ਯੂਨੀਵਰਸਿਟੀ ਦੀ ਰਵਾਇਤ ਅਨੁਸਾਰ ਤੁਹਾਨੂੰ ਲੜਕੇ ਤੇ ਲੜਕੀਓ ਸ਼ਬਦਾਂ ਨਾਲ ਸੰਬੋਧਿਤ ਕੀਤਾ ਜਾਂਦਾ ਰਿਹਾ ਹੈ। ਮੇਰੇ ਅੰਦਰ ਇਹ ਬਦਲਾਓ ਲਿਆਉਣ ਵਾਲੀ ਕੋਈ ਹੋਰ ਨਹੀਂ, ਮੇਰੀ ਆਪਣੀ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਹੈ। ਅਸੀਂ ਸਭ ਜਾਣਦੇ ਹਾਂ, ਅਧਿਆਪਕ ਦੀ ਗੋਦ ਵਿਚ ਸਿਰਜਣਾ ਅਤੇ ਵਿਨਾਸ਼-ਦੋਵੇਂ ਖੇਡਦੇ ਹਨ, ਇਹ ਉਸ ਦਾ ਆਪਣਾ ਫੈਸਲਾ ਹੁੰਦਾ ਹੈ ਕਿ ਉਹ ਦੋਹਾਂ ਵਿਚੋਂ ਕਿਸ ਨੂੰ ਤਰਜੀਹ ਦੇਵੇ।
ਰਾਤ ਵੀ ਕੁਝ ਅਜਿਹਾ ਹੋਇਆ, ਜਦੋਂ ਮੇਰੀ ਅਧਿਆਪਕਾ ਨੇ ਮੇਰੇ ਸੁਪਨੇ ਵਿਚ ਆਉਂਦਿਆਂ ਪੈਂਦੀ ਸੱਟੇ ਹੀ ਮੈਨੂੰ ਕਿਹਾ: ਮੈਂ ਤੈਨੂੰ ਕਿਸ ਨਾਮ ਨਾਲ ਪੁਕਾਰਾਂ? ਮਿਸਟਰ ਵਾਈਸ ਚਾਂਸਲਰ ਸਾਹਿਬ, ਬੀ. ਐਸ਼ ਘੁੰਮਣ ਜਾਂ ਫਿਰ ਸਰਦਾਰ ਭੂਰਾ ਸਿੰਘ ਜੀ ਜਾਂ ਮੇਰੇ ਪਿਆਰੇ ਬੱਚੇ। ਲੰਮੇ ਹਉਕੇ ਮਗਰੋਂ ਉਹਨੇ ਮੈਨੂੰ ਪੁੱਤ ਕਹਿਣਾ ਸ਼ੁਰੂ ਕਰ ਦਿੱਤਾ। ਉਸ ਕਿਹਾ, ਮੈਨੂੰ ਉਹ ਘਟਨਾ ਯਾਦ ਹੈ, ਜਦੋਂ ਤੂੰ ਚੌਥੀ ਜਮਾਤ ਵਿਚ ਪੜ੍ਹਦਾ ਸੀ ਅਤੇ ਸਰਦੀ ਦੇ ਇਕ ਦਿਨ ਨਮ ਅੱਖਾਂ ਨਾਲ ਮੇਰੀ ਗੋਦੀ ‘ਚ ਆਣ ਵੜਿਆ ਸੀ। ਮੇਰੇ ਪੁੱਛਣ Ḕਤੇ ਤੂੰ ਹਉਕੇ ਲੈਂਦਿਆਂ ਦੱਸਿਆ ਸੀ ਕਿ ਤੇਰੇ ਘਰਦਿਆਂ ਨੇ ਤੇਰੀ ਭੈਣ ਨੂੰ ਸਕੂਲੋਂ ਹਟਾਉਣ ਦਾ ਫੈਸਲਾ ਕਰ ਲਿਆ ਹੈ। ਮੈਨੂੰ ਯਾਦ ਹੈ, ਤੇਰਾ ਤੇ ਤੇਰੀ ਭੈਣ ਦਾ ਅੰਤਾਂ ਦਾ ਮੋਹ ਸੀ ਅਤੇ ਕਿਵੇਂ ਉਹ ਪੋਹ-ਮਾਘ ਦੀ ਧੁੰਦ ਵਿਚ ਵੀ ਤੈਨੂੰ ਸਾਈਕਲ ਪਿੱਛੇ ਬਿਠਾ ਕੇ ਸਮੇਂ ਸਿਰ ਸਕੂਲ ਲੈ ਵੜਦੀ ਸੀ। ਅੱਧੀ ਛੁੱਟੀ ਦੀ ਘੰਟੀ ਵੱਜਦਿਆਂ ਹੀ ਕਿਵੇਂ ਤੂੰ ਖੇਡਣ ਦੀ ਜਿੱਦ ਕਰਦਾ ਗਰਾਊਂਡ ਵੱਲ ਭੱਜਦਾ, ਤੇ ਕਿਵੇਂ ਉਹ ਰੋਟੀ ਦੀ ਬੁਰਕੀ ਲੈ ਕੇ ਤੇਰੇ ਮਗਰ ਮਗਰ ਦੌੜਦੀ।
ਇਕ ਦਿਨ ਅਚਾਨਕ ਜਦੋਂ ਭੈਣ ਨੇ ਸਕੂਲ ਆਉਣਾ ਬੰਦ ਕਰ ਦਿੱਤਾ ਤਾਂ ਤੂੰ ਮੈਨੂੰ ਆਪਣੀ ਉਮਰ ਤੋਂ ਕਿੰਨਾ ਵੱਡਾ ਸਵਾਲ ਪੁੱਛ ਕੇ ਹੈਰਾਨ ਕਰ ਦਿੱਤਾ ਸੀ: ਲੋਕ ਕੁੜੀਆਂ ਨੂੰ ਅੱਗੇ ਕਿਉਂ ਨਹੀਂ ਪੜ੍ਹਾਉਂਦੇ ਅਤੇ ਮੁੰਡੇ-ਕੁੜੀ ਵਿਚ ਫਰਕ ਕਿਉਂ ਸਮਝਦੇ ਹਨ? ਉਹ ਭੈਣ ਨੂੰ ਗੱਲ ਗੱਲ ਉਤੇ ਕਿਉਂ ਟੋਕਦੇ ਹਨ? ਤੂੰ ਆਪਣੀ ਇਹ ਇੱਛਾ ਵੀ ਦੱਸੀ ਸੀ ਹੈ ਕਿ ਤੇਰੀ ਭੈਣ ਤੇਰੇ ਵਾਂਗ ਸਕੂਲ ਆਵੇ ਅਤੇ ਹੋਰ ਪੜ੍ਹਾਈ ਕਰੇ ਪਰ ਮਾਂ-ਬਾਪ ਤੇਰੀ ਗੱਲ ਨੂੰ ਟਾਲਦਿਆਂ ਆਪਣੀਆਂ ਮਜਬੂਰੀਆਂ ਦੱਸਣ ਲੱਗ ਪਏ ਸਨ। ਤੇਰੇ ਦਿਲ ਨੂੰ ਲੱਗਦਾ ਕਿ ਗੱਲ ਕੁਝ ਹੋਰ ਸੀ। ਤੂੰ ਆਪਣੇ ਦਾਦੇ-ਦਾਦੀ ਨੂੰ ਗੱਲਾਂ ਕਰਦੇ ਸੁਣਿਆ ਸੀ, “ਜ਼ਮਾਨਾ ਠੀਕ ਨਹੀਂ, ਇਹ ਕੁੜੀ ਹੁੰਦੜ-ਹੇਲ ਹੋ ਗਈ ਐ।” ਅੰਤ ਸਕੂਲ ਵੱਲ ਜਾਂਦੇ ਕੱਚੇ ਰਾਹ ਦਾ ਬਹਾਨਾ ਲਾਉਂਦਿਆਂ ਉਨ੍ਹਾਂ ਕਹਿ ਦਿੱਤਾ ਸੀ, “ਅੱਠ ਜਮਾਤਾਂ ਚਿੱਠੀ-ਪੱਤਰ ਲਈ ਬਹੁਤ ਨੇ, ਇਹਨੇ ਹੋਰ ਪੜ੍ਹ ਕੇ ਕੀ ਲੈਣਾ? ਹੁਣ ਇਹ ਦਰੀਆਂ ਬੁਣੇ, ਚਾਦਰਾਂ ਕੱਢੇ ਤੇ ਘਰ ਦਾ ਕੰਮ ਸਿੱਖ ਕੇ ਅਗਲੇ ਘਰ ਜਾਣ ਦੀ ਸੋਚੇ…।”
ਇਸ ਬਾਬਤ ਜਦੋਂ ਤੂੰ ਮੈਨੂੰ ਪੁੱਛਣ ਲੱਗਾ ਕਿ ਇਸ ਦਾ ਹੱਲ ਕੀ ਹੈ, ਤਾਂ ਮੈਂ ਕਿਹਾ ਸੀ: ਕਦੇ ਨਾਨਕੇ ਜਾਣ ਲਈ ਜਿੱਦ ਕੀਤੀ ਹੈ? ਤੂੰ ਯਕਦਮ ਬੋਲਿਆ ਸੀ, “ਹਾਂ…ਹਾਂ…ਮੈਡਮ ਜੀ, ਮੈਂ ਘਰਦਿਆਂ ਨਾਲ ਰੁੱਸ ਜਾਂਦਾ ਹਾਂ, ਤੇ ਜੇ ਉਹ ਫਿਰ ਵੀ ਨਹੀਂ ਮੰਨਦੇ ਤਾਂ ਮੈਂ ਰੋਟੀ ਖਾਣੀ ਛੱਡ ਦਿੰਦਾ ਹਾਂ।” ਮੈਂ ਤੈਨੂੰ ਕਿਹਾ ਸੀ, ਇਸ ਵਾਰ ਇਸ ਦੇ ਨਾਲ ਇਕ ਢੰਗ ਹੋਰ ਜੋੜ ਲਈਂ, ‘ਜੇ ਭੈਣ ਸਕੂਲ ਨਹੀਂ ਜਾਂਦੀ, ਤਾਂ ਮੈਂ ਵੀ ਨਹੀਂ ਜਾਵਾਂਗਾ।’ ਮੈਨੂੰ ਯਾਦ ਹੈ, ਤੂੰ ਆਪਣੇ ਘਰ ਹਫਤੇ ਭਰ ਲਈ ਕੁੱਟ ਖਾਧੀ, ਝਿੜਕਾਂ ਸਹੀਆਂ ਅਤੇ ਕਈ ਤਰ੍ਹਾਂ ਦੇ ਲਾਲਚਾਂ ਨੂੰ ਠੋਕਰ ਮਾਰ ਆਪਣੀ ਗੱਲ ਉਤੇ ਡਟਿਆ ਰਿਹਾ। ਅੰਤ ਤੇਰੀ ਜਿੱਤ ਹੋਈ ਅਤੇ ਇਕ ਵਾਰ ਫਿਰ ਤੂੰ ਆਪਣੇ ਬਾਪੂ ਅਤੇ ਭੈਣ ਨਾਲ ਸਕੂਲ ਦੇ ਗੇਟ ਅੰਦਰ ਆ ਵੜਿਆ। ਤੇਰੀ ਇਸ ਲੜਾਈ ਨੇ ਤੇਰੇ ਘਰ ਵਿਚ ਹੀ ਨਹੀਂ ਸਗੋਂ ਸਾਰੇ ਪਿੰਡ ਵਿਚ ਕੁੜੀਆਂ ਪੜ੍ਹਾਉਣ ਦੀ ਲਹਿਰ ਖੜ੍ਹੀ ਕਰ ਦਿੱਤੀ।
ਆਖਿਰ ਤੇਰੇ ਘਰਦਿਆਂ ਨੇ ਇਲਾਕੇ ਦੇ ਹੋਰ ਪਰਿਵਾਰਾਂ ਨਾਲ ਗੱਲਬਾਤ ਕਰਕੇ ਪਿੰਡ ਦੀਆਂ ਸਾਰੀਆਂ ਕੁੜੀਆਂ ਲਈ ਸਾਂਝੇ ਤੌਰ ‘ਤੇ ਗੱਡੇ ਦਾ ਪ੍ਰਬੰਧ ਕਰਵਾਇਆ ਸੀ। ਸਾਰੇ ਪਾਸੇ ਨਵੀਂ ਤਰ੍ਹਾਂ ਦਾ ਮਾਹੌਲ ਬੱਝ ਗਿਆ। ਤੇਰੀ ਛੋਟੀ ਉਮਰ ਦੀ ਉਸ ਵੱਡੀ ਜਿੱਤ ਨੇ ਲੋਕਾਂ ਦੀ ਸੋਚ ਹੀ ਬਦਲ ਕੇ ਰੱਖ ਦਿੱਤੀ। ਇੰਜ ਕੁੜੀਆਂ ਲਈ ਡਰ ਅਤੇ ਸਹਿਮ ਦਾ ਵਾਤਾਵਰਣ ਖੰਭ ਲਾ ਕੇ ਉਡ ਗਿਆ ਤੇ ਸਕੂਲ ਸਮੇਂ ਤੋਂ ਬਾਅਦ ਵੀ ਕੁੜੀਆਂ ਤੇ ਮੁੰਡਿਆਂ ਦੇ ਹਾਕੀ ਦੇ ਮੈਚ ਹੋਣੇ ਸ਼ੁਰੂ ਹੋ ਗਏ। ਭੱਜੀ ਜਾਂਦੀ ਗੇਂਦ ਉਤੇ ਜਦੋਂ ਕੋਈ ਕੁੜੀ ਪੂਰੇ ਜ਼ੋਰ ਦੀ ਹਿੱਟ ਮਾਰਦੀ ਤਾਂ ਗੇਂਦ ਗੋਲਚੀ ਦੇ ਪਾਸਿਓਂ ਦੀ ਲੰਘ ਕੇ ਸਿੱਧਾ ਗੋਲ ਪੋਸਟ ‘ਤੇ ਜਾ ਵੱਜਦੀ: ਫਿਰ ਚੀਕਾਂ ਵੱਜਦੀਆਂ ਤੇ ਤਾੜੀਆਂ ਦੀ ਗੂੰਜ ਅੰਬਰ ਨੂੰ ਜਾ ਟਕਰਾਉਂਦੀ। ਜਦੋਂ ਕੋਈ ਟੂਰਨਾਮੈਂਟ ਹੁੰਦਾ, ਕੁੜੀਆਂ-ਮੁੰਡੇ ਦੇਰ ਰਾਤ ਤੱਕ ਘਰ ਪਹੁੰਚਦੇ; ਤੈਨੂੰ ਯਾਦ ਹੋਣੈ, ਜਦੋਂ ਤੇਰੀ ਭੈਣ ਹਾਕੀ ਦਾ ਨੈਸ਼ਨਲ ਮੈਡਲ ਜਿੱਤ ਕੇ ਆਈ ਤਾਂ ਸਾਰੀ ਰਾਤ ਪਿੰਡ ਵਿਚ ਵਿਆਹ ਵਾਲਾ ਮਾਹੌਲ ਬਣਿਆ ਰਿਹਾ ਸੀ।
ਹੁਣ ਮੈਂ ਕੀ ਦੇਖ ਰਹੀ ਹਾਂ…ਤੇਰੀ ਆਪਣੀ, ਸਮਾਜ ਦੀ ਸਭ ਤੋਂ ਸਤਿਕਾਰਤ ਸੰਸਥਾ, ਜਿਸ ਨੇ ਸਮਾਜ ਨੂੰ ਸਭਿਆਚਾਰਕ ਤੇ ਸਿਆਸੀ ਅਗਵਾਈ ਦੇਣੀ ਹੁੰਦੀ ਹੈ, ਵਿਚ ਲੜਕੀਆਂ ਨੂੰ ਸੁਰੱਖਿਆ ਦੇ ਨਾਂ ‘ਤੇ ਕੈਦੀਆਂ ਵਾਂਗ ਜੇਲ੍ਹਾਂ ਰੂਪੀ ਹੋਸਟਲਾਂ ਵਿਚ ਰੱਖਿਆ ਜਾ ਰਿਹਾ ਹੈ। ਜਿਨ੍ਹਾਂ ਕਮਰਿਆਂ ਵਿਚ ਇਕ ਲੜਕੀ ਦੇ ਰਹਿਣ ਦੀ ਜਗ੍ਹਾ ਹੈ, ਉਥੇ ਤਿੰਨ ਤਿੰਨ ਨੂੰ ਤਾੜਿਆ ਹੋਇਆ ਹੈ। ਹੁਣ ਜਦੋਂ ਇਸ ਵਿਤਕਰੇ ਦਾ ਵਿਰੋਧ ਕਰਦੀਆਂ ਆਜ਼ਾਦ ਖਿਆਲ ਵਿਦਿਆਰਥਣਾਂ ਭੁੱਖੀਆਂ-ਤਿਹਾਈਆਂ ਮੀਂਹ ਹਨੇਰੀ ਝੱਲਦੀਆਂ ਖੁੱਲ੍ਹੇ ਅਸਮਾਨ ਹੇਠ ਰਾਤਾਂ ਕੱਟ ਰਹੀਆਂ ਹਨ, ਤਾਂ ਤੇਰੇ ਹਿਰਦੇ ‘ਤੇ ਉਨ੍ਹਾਂ ਦੀ ਚੀਕ-ਪੁਕਾਰ ਦਾ ਕੋਈ ਅਸਰ ਕਿਉਂ ਨਹੀਂ ਹੋ ਰਿਹਾ!
ਤੇਰੀ ਸਭ ਤੋਂ ਪਿਆਰੀ ਅਧਿਆਪਕਾ ਹੋਣ ਦੇ ਨਾਂ ‘ਤੇ ਮੈਂ ਸੋਚਣ ਲੱਗਦੀ ਹਾਂ ਕਿ ਤੂੰ ਅਜਿਹਾ ਤਾਂ ਨਹੀਂ ਸੀ। ਤੂੰ ਉਦੋਂ ਲੜਿਆ ਸੀ, ਜਦੋਂ ਤੇਰੇ ਕੋਲ ਕਿਸੇ ਤਰ੍ਹਾਂ ਦੀ ਪ੍ਰਭੁਤਾ ਨਹੀਂ ਸੀ; ਹੁਣ ਤੂੰ ਘਰ ਰੂਪੀ ਇਸ ਸੰਸਥਾ ਦਾ ਕਰਤਾ-ਧਰਤਾ ਹੈਂ। ਤੇਰੇ ਕੋਲ ਅਥਾਹ ਤਾਕਤ ਹੈ, ਤੈਥੋਂ ਬਿਨਾ ਯੂਨੀਵਰਸਿਟੀ ਵਿਚ ਪੱਤਾ ਨਹੀਂ ਹਿੱਲ ਸਕਦਾ; ਪਰ ਹੈਰਾਨ ਹਾਂ ਕਿ ਤੂੰ ਉਹ ਕੁਝ ਕਿਉਂ ਨਹੀਂ ਕਰ ਰਿਹਾ ਜੋ ਤੈਨੂੰ ਕਰਨਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਜਦੋਂ ਤੂੰ ਛੋਟਾ ਬੱਚਾ ਸੀ, ਉਦੋਂ ਤੇਰੇ ਕੋਲ ਦੁਨੀਆਂ ਦੀ ਸਭ ਤੋਂ ਵਡਮੁੱਲੀ ਤਾਕਤ ਮਾਸੂਮੀਅਤ ਅਤੇ ਜੋਸ਼ ਸੀ। ਜਾਂ ਇਹ ਕਹਿ ਲਓ ਕਿ ਤੂੰ ਉਸ ਸਮੇਂ ਜੋੜ-ਘਟਾ ਜਾਂ ਨਫਾ-ਨੁਕਸਾਨ ਦੇ ਚੱਕਰਵਿਊ ਤੋਂ ਮੁਕਤ ਸੀ।
ਮੇਰੀ ਅਧਿਆਪਕਾ ਨੇ ਅਜੇ ਕਿਹਾ ਹੀ ਸੀ ਕਿ ਉਸ ਦੀ ਤਮੰਨਾ ਹੈ ਕਿ ਮੇਰਾ ਵਿਦਿਆਰਥੀ ਉਸ ਮਾਸੂਮੀਅਤ ਅਤੇ ਜੋਸ਼ ਨੂੰ ਮੁੜ ਜੀਵਤ ਕਰੇ; ਅਚਾਨਕ ਮੇਰੀ ਅੱਖ ਖੁੱਲ੍ਹ ਗਈ।
ਵਿਦਿਆਰਥੀਓ, ਬਿਸਤਰ ‘ਤੇ ਲੇਟਿਆਂ ਮੈਂ ਲੈਂਪ ਦੀ ਮੱਧਮ ਰੌਸ਼ਨੀ ਵਿਚ ਆਪਣੀ ਘੜੀ ਵੱਲ ਨਜ਼ਰ ਮਾਰੀ ਤਾਂ ਰਾਤ ਦੇ ਦੋ ਵੱਜ ਚੁਕੇ ਸਨ ਤੇ ਅਗਲਾ ਦਿਨ, ਭਾਵ ਚੌਵੀ ਸਤੰਬਰ ਚੜ੍ਹ ਚੁਕਾ ਸੀ। ਉਠ ਖੜ੍ਹਾ ਹੋ ਮੈਂ ਤਾਕੀ ਦੇ ਪਰਦੇ ਨੂੰ ਪਰ੍ਹੇ ਕੀਤਾ, ਤਾਂ ਸਾਹਮਣੇ ਸੋਲਾਂ-ਸਤਾਰਾਂ ਘੰਟਿਆਂ ਤੋਂ ਹੋ ਰਹੀ ਬਾਰਸ਼ ਰੁਕਣ ਦਾ ਨਾਂ ਨਹੀਂ ਸੀ ਲੈ ਰਹੀ। ਯੂਨੀਵਰਸਿਟੀ ਦੇ ਦਰਖਤਾਂ ਦੇ ਟੁੱਟੇ ਟਾਹਣੇ ਬਿਜਲੀ ਲਿਸ਼ਕਣ ਨਾਲ ਸੜਕਾਂ ‘ਤੇ ਪਏ ਸਾਫ ਦਿਸ ਰਹੇ ਸਨ। ਬਾਰਸ਼ ਹੋਰ ਤੇਜ਼ ਹੋ ਰਹੀ ਸੀ, ਜਿਵੇਂ ਮੌਸਮ ਵਿਭਾਗ ਦੀ ਹੜ੍ਹ ਦੇ ਖਤਰੇ ਦੀ ਚਿਤਾਵਨੀ ਨੂੰ ਸਹੀ ਕਰਨ ਦਾ ਇਰਾਦਾ ਧਾਰ ਚੁਕੀ ਹੋਵੇ। ਤਾਕੀ ‘ਚੋਂ ਸਾਹਮਣੇ ਹਵਾ ਅਤੇ ਬਾਰਸ਼ ਨਾਲ ਝੰਬੇ ਦਰਖਤਾਂ ਵੱਲ ਟਿਕਟਿਕੀ ਲਾ ਕੇ ਦੇਖਣ ਪਿਛੋਂ ਸਾਰੀ ਯੂਨੀਵਰਸਿਟੀ ਦਾ ਦ੍ਰਿਸ਼ ਮੇਰੀਆਂ ਅੱਖਾਂ ਅੱਗੇ ਆ ਗਿਆ, ਤੇ ਇਸ ਭਿਆਨਕ ਰਾਤ ਵਿਚ ਗੁਰੂ ਤੇਗ ਬਹਾਦਰ ਹਾਲ ਦੇ ਸਾਹਮਣੇ ਬੈਠੀਆਂ ਵਿਦਿਆਰਥਣਾਂ ਮੇਰੇ ਅੱਗੇ ਆਣ ਖਲੋਤੀਆਂ। ਇਸ ਭਿਆਨਕ ਮਾਹੌਲ ਵਿਚ ਵੀ ਉਨ੍ਹਾਂ ਦੇ ਚਿਹਰੇ ਚਮਕ ਰਹੇ ਸਨ। ਚਿਹਰੇ ਬੜੇ ਜਾਣੇ-ਪਛਾਣੇ ਲੱਗ ਰਹੇ ਸਨ, ਜਿਨ੍ਹਾਂ ਨੂੰ ਮੈਂ ਲਾਇਬਰੇਰੀ ਦੇ ਰੀਡਿੰਗ ਹਾਲ ਵਿਚ ਕਿਤਾਬਾਂ ਪੜ੍ਹਦਿਆਂ, ਗੋਲ ਮਾਰਕਿਟ ਵਿਚ ਹੱਸਦੇ-ਖੇਡਦਿਆਂ ਜਾਂ ਯੂਨੀਵਰਸਿਟੀ ਗਰਾਊਂਡ ਵਿਚ ਕੰਨਾਂ ‘ਚ ਹੈਡਫੋਨ ਲਾ ਮੁੜ੍ਹਕੋ-ਮੁੜ੍ਹਕੀ ਹੁੰਦੇ ਦੇਖ ਚੁਕਾ ਸਾਂ। ਠੰਢੀ ਰਾਤ ਦੇ ਬਾਵਜੂਦ ਇਨ੍ਹਾਂ ਚਿਹਰਿਆਂ ਉਤੇ ਜੋਸ਼ ਦੀ ਕਮੀ ਨਹੀਂ ਸੀ। ਇੰਜ ਲੱਗਾ, ਜਿਵੇਂ ਸਭ ਚਿਹਰੇ ਕਿਸੇ ਇਕ ਚਿਹਰੇ ਦਾ ਰੂਪ ਧਾਰ ਰਹੇ ਹੋਣ, ਤੇ ਇਹ ਚਿਹਰਾ ਮੇਰੀਆਂ ਅੱਖਾਂ ‘ਚ ਅੱਖਾਂ ਪਾ ਕੇ ਕਹਿ ਰਿਹਾ ਹੋਵੇ: ਮੈਂ ਔਰਤ ਅਤੇ ਉਸ ਦਾ ਇਤਿਹਾਸ ਹਾਂ, ਆਪਣਾ ਅਤੀਤ ਦੱਸਣ ਆਇਆ ਹਾਂ।
ਤਵਾਰੀਖ ਦੇ ਲੰਮੇ ਦੌਰ ਵਿਚ ਸਮਾਜ ਨੇ ਮਨੁੱਖ ਦੀ ਆਜ਼ਾਦ ਜ਼ਿੰਦਗੀ ਜਿਉਣ ਦੀ ਤਾਂਘ ਦੁਆਲੇ ਅਖੌਤੀ ਸੱਭਿਆਚਾਰ ਅਤੇ ਭੈਅ ਦੀ ਕੰਧ ਉਸਾਰ ਦਿੱਤੀ, ਜਿਸ ਨਾਲ ਔਰਤ ਤੇ ਮਰਦ ਲਈ ਵੱਖਰੇ ਦਾਇਰੇ ਮਿਥ ਦਿੱਤੇ ਗਏ। ਧਾਰਮਿਕ, ਸਿਆਸੀ ਅਤੇ ਆਰਥਿਕ ਵਿਚਾਰਧਾਰਾਵਾਂ ਨੇ ਇਨ੍ਹਾਂ ਅਖੌਤੀ ਦਾਇਰਿਆਂ ਨੂੰ ਰੱਬੀ ਹਕੀਕਤ ਦਾ ਨਾਂ ਦੇ ਕੇ ਇਸ ਨੂੰ ਸਦੀਵੀ ਸੱਚ ਬਣਾ ਦਿੱਤਾ। ਇਉਂ ਔਰਤ ਦੀ ਗੁਲਾਮੀ ਸ਼ੁਰੂ ਹੋ ਗਈ। ਮਨੁੱਖ ਨੇ ਇਕ ਪਾਸੇ ਭਾਵੇਂ ਬਹੁਤ ਤਰੱਕੀ ਵੀ ਕੀਤੀ, ਦੂਜੇ ਪਾਸੇ ਔਰਤ ਨੂੰ ਜੰਮਦਿਆਂ ਹੀ ਮਾਰਨਾ ਸ਼ੁਰੂ ਕਰ ਦਿੱਤਾ ਗਿਆ। ਹੁਣ ਜਦੋਂ ਅਸੀਂ ਇਕੀਵੀਂ ਸਦੀ ਵਿਚ ਜੀਅ ਰਹੇ ਹਾਂ, ਜਿਸ ਵਿਚ ਦਿਨ-ਰਾਤ ਦਾ ਕੋਈ ਫਰਕ ਨਹੀਂ ਅਤੇ ਪੂਰੀ ਦੁਨੀਆਂ ਸਿਮਟ ਕੇ ਮੁੱਠੀ ਵਿਚ ਆ ਚੁਕੀ ਹੈ, ਤਾਂ ਲੜਕੀਆਂ ਦੇ ਜਨਮ ‘ਤੇ ਖੁਸ਼ੀ ਤਾਂ ਕੀ ਹੋਣੀ, ਉਨ੍ਹਾਂ ਨੂੰ ਕੁੱਖ ਵਿਚ ਹੀ ਮਾਰ ਦਿੱਤਾ ਜਾਂਦਾ ਹੈ। ਖੁਸ਼ਕਿਸਮਤੀ ਨੂੰ ਜੋ ਬਚ ਜਾਂਦੀਆਂ ਹਨ, ਉਨ੍ਹਾਂ ਨੂੰ ਸਮਾਜ ਅੱਗੇ ਨਹੀਂ ਵਧਣ ਦਿੰਦਾ ਤੇ ਬਹੁ-ਗਿਣਤੀ ਕੁੜੀਆਂ ਹੋਸ਼ ਸੰਭਾਲਣ ਤੋਂ ਪਹਿਲਾਂ ਹੀ ਵਿਆਹ ਦੇ ਗੇੜ ਵਿਚ ਪਾ ਦਿੱਤੀਆਂ ਜਾਂਦੀਆਂ ਹਨ। ਬਹੁਤ ਘੱਟ ਗਿਣਤੀ ਵਿਚ ਲੜਕੀਆਂ ਸਕੂਲਾਂ-ਕਾਲਜਾਂ ਤੱਕ ਪਹੁੰਚਦੀਆਂ ਹਨ, ਯੂਨੀਵਰਸਿਟੀ ਪੱਧਰ ਉਤੇ ਇਹ ਗਿਣਤੀ ਹੋਰ ਵੀ ਘਟ ਜਾਂਦੀ ਹੈ।
ਬਤੌਰ ਮਾਡਲ, ਯੂਨੀਵਰਸਿਟੀ ਤੋਂ ਸਮਾਜ ਦੇ ਬਿਹਤਰ ਭਵਿਖ ਦੇ ਨਕਸ਼ ਤਰਾਸ਼ੇ ਜਾਣ ਦੀ ਤਵੱਕੋ ਕੀਤੀ ਜਾਂਦੀ ਹੈ। ਇਕ ਅਜਿਹਾ ਭਵਿਖ ਜਿਸ ਵਿਚ ਲਿੰਗ, ਜਾਤ, ਧਰਮ, ਨਸਲ ਅਤੇ ਰੰਗ ਦੇ ਆਧਾਰ ‘ਤੇ ਕੋਈ ਵਿਤਕਰਾ ਨਾ ਹੋਵੇ ਪਰ ਅਫਸੋਸ! ਇਥੇ ਵੀ ਵਿਤਕਰਾ ਖਹਿੜਾ ਨਹੀਂ ਛੱਡਦਾ। ਅਖੌਤੀ ਸੁਰੱਖਿਆ ਦੇ ਨਾਂ ‘ਤੇ ਸਾਨੂੰ ਹੋਸਟਲਾਂ ਅੰਦਰ ਡੱਕ ਦਿੱਤਾ ਜਾਂਦਾ ਹੈ। ਔਰਤ ਇਥੇ ਵੀ ਆਜ਼ਾਦ ਜ਼ਿੰਦਗੀ ਦਾ ਤਸੱਵਰ ਨਹੀਂ ਕਰ ਸਕਦੀ। ਤੁਹਾਨੂੰ ਮੇਰੀ ਗੁਜ਼ਾਰਿਸ਼ ਹੈ ਕਿ ਤੁਸੀਂ ਪੂਰੀ ਧਰਤੀ ਉਪਰ ਕੋਈ ਕੋਨਾ ਤਾਂ ਅਜਿਹਾ ਸਿਰਜਣ ਦਾ ਹੌਸਲਾ ਕਰੋ, ਜਿਥੇ ਅਸੀਂ ਕੁਝ ਦਿਨਾਂ ਲਈ ਹੀ ਸਹੀ, ਆਜ਼ਾਦ ਫਿਜ਼ਾ ਵਿਚ ਸਾਹ ਲੈ ਸਕੀਏ ਅਤੇ ਆਪਣੇ ਇਸ ਅਨੁਭਵ ਨੂੰ ਸਮੁੱਚੇ ਸਮਾਜ ਨਾਲ ਸਾਂਝਾ ਕਰ ਸਕੀਏ।
ਮੈਂ ਇਨ੍ਹਾਂ ਦੋਹਾਂ ਸੁਪਨਿਆਂ ਬਾਰੇ ਵਾਰ ਵਾਰ ਸੋਚਿਆ ਤੇ ਘੋਖਣਾ ਸ਼ੁਰੂ ਕੀਤਾ ਕਿ ਸੁਰੱਖਿਆ ਦੇ ਨਾਂ ‘ਤੇ ਤਾਲਾਬੰਦੀ ਦਾ ਕੀ ਮਤਲਬ ਹੈ? ਮੈਨੂੰ ਇਨ੍ਹਾਂ ਸੁਪਨਿਆਂ ਵਿਚ ਕਹੀਆਂ ਗੱਲਾਂ ਸੱਚ ਦੇ ਜ਼ਿਆਦਾ ਨੇੜੇ ਲੱਗੀਆਂ। ਮੈਂ ਕਹਿਣਾ ਚਾਹੁੰਦਾ ਹਾਂ ਕਿ ਸੁਰੱਖਿਆ ਦੇ ਨਾਂ ਉਤੇ ਅਸੀਂ ਲੜਕੀਆਂ ਨੂੰ ਅੰਦਰ ਤਾੜਨ ਦੀ ਜਿੰਨੀ ਜੁਰਅਤ ਕਰਦੇ ਹਾਂ, ਬਸ ਉਸ ਤੋਂ ਥੋੜ੍ਹੇ ਜਿਹੇ ਵੱਧ ਹੌਸਲੇ ਦੀ ਲੋੜ ਹੈ ਜਿਸ ਨਾਲ ਤੁਸੀਂ ਸਾਰੇ ਅੱਜ ਤੋਂ ਬਾਅਦ ਲੜਕਾ ਜਾਂ ਲੜਕੀ ਨਾ ਹੋ ਕੇ ਬਤੌਰ ਵਿਦਿਆਰਥੀ ਹੋ ਸਕੋ।
ਇਤਿਹਾਸ ਵਿਚ ਇਹ ਪਹਿਲਾ ਮੌਕਾ ਨਹੀਂ ਹੋਵੇਗਾ, ਜਦੋਂ ਮਨੁੱਖ ਜਾਤੀ ਨੇ ਵਿਤਕਰਾ ਖਤਮ ਕਰਨ ਲਈ ਹੌਸਲੇ ਤੇ ਨਿਡਰਤਾ ਭਰਿਆ ਕਦਮ ਚੁੱਕਿਆ ਹੋਵੇਗਾ; ਮਸਲਨ ਔਰਤ ਦਾ ਵੋਟ ਦਾ ਹੱਕ ਜਾਂ ਘਰੋਂ ਬਾਹਰ ਦਿਨ ਜਾਂ ਰਾਤ ਨੂੰ ਕੰਮ ਕਰਨ ਦੀ ਆਜ਼ਾਦੀ ਸਮੇਂ ਵੀ ਅਜਿਹੇ ਹੌਸਲੇ ਦੀ ਲੋੜ ਪਈ ਹੋਵੇਗੀ। ਸੋ, ਮੈਂ ਕਹਿਣਾ ਚਾਹੁੰਦਾ ਹਾਂ ਕਿ ਸਮਾਂ ਅਤੇ ਹਾਲਾਤ ਸਾਨੂੰ ਇਤਿਹਾਸ ਸਿਰਜਣ ਦਾ ਮੌਕਾ ਦੇ ਰਹੇ ਹਨ। ਅਸੀਂ ਇਸ ਮੌਕੇ ਨੂੰ ਸ਼ਾਨਦਾਰ ਬਣਾਉਣ ਲਈ ਡਰ, ਦੁਬਿਧਾ ਅਤੇ ਭੈਅ ਤਿਆਗਦਿਆਂ ਇਨਸਾਨ ਬਣਨ ਦਾ ਹੌਸਲਾ ਕਰੀਏ। ਇਤਿਹਾਸ ਦੱਸਦਾ ਹੈ ਕਿ ਬਹੁਤੀ ਵਾਰ ਹਾਲਾਤ ਸਾਜ਼ਗਾਰ ਨਾ ਹੋਣ ਅਤੇ ਬਹੁ-ਗਿਣਤੀ ਦੇ ਵਿਰੋਧ ਦੇ ਬਾਵਜੂਦ ਇਨਸਾਨੀਅਤ ਅਤੇ ਸੰਸਾਰ ਵਿਆਪੀ ਸਿਧਾਂਤਾਂ ਉਤੇ ਖੜ੍ਹਨਾ ਪੈਂਦਾ ਹੈ।
ਅਜੇ ਕੱਲ੍ਹ ਦੀ ਗੱਲ ਹੈ ਕਿ ਸਾਡੇ ਆਪਣੇ ਮੁਲਕ ਦੇ ਤਤਕਾਲੀ ਰੱਖਿਆ ਮੰਤਰੀ ਸ਼ਰਦ ਪਵਾਰ ਨੇ ਜਦੋਂ ਡਿਫੈਂਸ ਵਿਚ ਔਰਤਾਂ ਦੀ ਸ਼ਮੂਲੀਅਤ ਦੀ ਗੱਲ ਕੀਤੀ ਸੀ ਤਾਂ ਫੌਜ ਦੇ ਵੱਡੇ ਜਰਨੈਲਾਂ ਨੇ ਨਾ ਸਿਰਫ ਇਸ ਦਾ ਜੰਮ ਕੇ ਵਿਰੋਧ ਕੀਤਾ ਸਗੋਂ ਇਹ ਵੀ ਕਿਹਾ ਕਿ ਇਸ ਨਾਲ ਮੁਲਕ ਦੀ ਸੁਰੱਖਿਆ ਖਤਰੇ ਵਿਚ ਪੈ ਜਾਵੇਗੀ ਅਤੇ ਫੌਜ ਬਦਨਾਮ ਹੋਵੇਗੀ ਪਰ ਰੱਖਿਆ ਮੰਤਰੀ ਦਾ ਕਹਿਣਾ ਸੀ ਕਿ ਅਮਰੀਕਾ ਅਤੇ ਯੂਰਪੀ ਮੁਲਕਾਂ ਵਿਚ ਇਹ ਤਜਰਬਾ ਬਹੁਤ ਸਫਲ ਰਿਹਾ ਹੈ। ਉਸ ਵਕਤ ਜਰਨੈਲਾਂ ਦਾ ਮੁੜ ਜਵਾਬ ਸੀ ਕਿ ਸਾਡਾ ਮੁਲਕ ਤਾਂ ਪੱਛੜਿਆ ਅਤੇ ਅਨਪੜ੍ਹ ਹੈ, ਜਿਸ ਵਿਚ ਫੌਜ ਸੁਰੱਖਿਆ ਦੀ ਥਾਂ ਸੈਕਸੁਅਲ ਹਰਾਸਮੈਂਟ ਦੇ ਕੇਸਾਂ ਵਿਚ ਉਲਝ ਕੇ ਹੀ ਰਹਿ ਜਾਵੇਗੀ ਪਰ ਰੱਖਿਆ ਮੰਤਰੀ ਨੇ ਉਸ ਸਮੇਂ ਔਰਤਾਂ ਦੀ ਸ਼ਮੂਲੀਅਤ ਨੂੰ ਰੋਕ ਰਹੀਆਂ ਤਾਕਤਾਂ ਤੋਂ ਥੋੜ੍ਹਾ ਜਿਹਾ ਜ਼ਿਆਦਾ ਹੌਸਲਾ ਦਿਖਾਉਂਦਿਆਂ ਸਭ ਦੇ ਖਿਲਾਫ ਜਾ ਕੇ ਇਸ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ। ਤਿੰਨ ਸਾਲ ਬਾਅਦ ਜਦੋਂ ਉਹੀ ਫੌਜੀ ਜਰਨੈਲ ਰੱਖਿਆ ਮੰਤਰੀ ਨੂੰ ਮੁੜ ਮਿਲੇ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇਹ ਫੈਸਲਾ ਬੜਾ ਪ੍ਰਭਾਵਸ਼ਾਲੀ ਸਿੱਧ ਹੋਇਆ; ਉਹ (ਜਰਨੈਲ) ਗਲਤ ਸਨ।
ਅੰਤ ਮੈਨੂੰ ਆਪਣੀ ਤਕਰੀਰ ਖਤਮ ਕਰਦਿਆਂ ਸੈਨ ਫਰਾਂਸਿਸਕੋ (ਅਮਰੀਕਾ) ਦੇ ਸੰਘਣੇ ਜੰਗਲਾਂ ਵਿਚ ਦੁਨੀਆਂ ਦੇ ਸਭ ਤੋਂ ਲੰਮੇ ਰੈਡਵੁੱਡ ਦਰਖਤਾਂ ਦਾ ਖਿਆਲ ਆ ਰਿਹਾ ਹੈ, ਜੋ ਆਪਣੀਆਂ ਡੂੰਘੀਆਂ ਜੜ੍ਹਾਂ ਨਾ ਹੋਣ ਦੇ ਬਾਵਜੂਦ ਭਿਆਨਕ ਤੂਫਾਨਾਂ, ਭੂਚਾਲਾਂ ਅਤੇ ਹੜ੍ਹਾਂ ਨੂੰ ਝੱਲਦਿਆਂ ਹਜ਼ਾਰਾਂ ਸਾਲਾਂ ਤੋਂ ਖੜ੍ਹੇ ਹਨ। ਇਨ੍ਹਾਂ ਦਰੱਖਤਾਂ ਦੀ ਅਡੋਲਤਾ ਦਾ ਰਹੱਸ ਇਹ ਹੈ ਕਿ ਇਨ੍ਹਾਂ ਦੀਆਂ ਜੜ੍ਹਾਂ ਡੂੰਘੀਆਂ ਜਾਣ ਦੀ ਥਾਂ ਇਕ ਦੂਜੇ ਵੱਲ ਵਧ ਕੇ ਨਾ ਟੁੱਟਣ ਵਾਲੀ ਮਜ਼ਬੂਤ ਕੜੀ ਬਣਾ ਲੈਂਦੀਆਂ ਹਨ। ਇਉਂ ਇਹ ਦਰਖਤ ਸਿੱਧੇ ਜਾਂ ਅਸਿੱਧੇ ਰੂਪ ਵਿਚ ਇਕ ਦੂਜੇ ਨੂੰ ਲਗਾਤਾਰ ਮਜ਼ਬੂਤੀ ਦਿੰਦੇ ਅਡੋਲ ਖੜ੍ਹੇ ਰਹਿੰਦੇ ਹਨ। ਕੁਦਰਤ ਦੀ ਇਹ ਖੂਬਸੂਰਤ ਮਿਸਾਲ ਮਨੁੱਖ ਨੂੰ ਇਕ ਦੂਜੇ ਨਾਲ ਖੜ੍ਹਨ ਦੀ ਪ੍ਰੇਰਨਾ ਦਿੰਦੀ ਹੈ। ਸੋ, ਆਓ ਆਪਾਂ ਸਭ ਵਿਦਿਆਰਥੀ, ਕਰਮਚਾਰੀ, ਅਧਿਆਪਕ ਅਤੇ ਯੂਨੀਵਰਸਿਟੀ ਦੇ ਵਸਨੀਕ ਰੈਡਵੁੱਡ ਦੇ ਦਰਖਤਾਂ ਵਾਂਗੂੰ ਮੋਢੇ ਨਾਲ ਮੋਢਾ ਲਾ ਕੇ ਉਨ੍ਹਾਂ ਰਵਾਇਤਾਂ ਅਤੇ ਭੈਅ ਦੇ ਵਾਤਾਵਰਣ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੀਏ ਜੋ ਸਾਨੂੰ ਬਿਹਤਰ ਮਨੁੱਖ ਹੋਣ ਤੋਂ ਰੋਕ ਰਿਹਾ ਹੈ।
ਸੋ ਮੈਂ ਪੰਜਾਬੀ ਯੂਨੀਵਰਸਿਟੀ ਦਾ ਵੀ. ਸੀ. ਹੋਣ ਦੀ ਹੈਸੀਅਤ ਵਿਚ ਡੀ. ਐਸ਼ ਡਬਲਿਊ. ਅਤੇ ਵਾਰਡਨਜ਼ ਨੂੰ ਆਦੇਸ਼ ਦਿੰਦਾ ਹਾਂ ਕਿ ਉਹ ਹੋਸਟਲਾਂ ਦੇ ਗੇਟਾਂ ‘ਤੇ ਲੱਗੇ ਸੰਗਲਾਂ ਅਤੇ ਜਿੰਦਰਿਆਂ ਨੂੰ ਉਨ੍ਹਾਂ ਦੀ ਬਣਦੀ ਥਾਂ, ਭਾਵ ਅਜਾਇਬਘਰਾਂ ਵਿਚ ਰੱਖ ਦੇਣ ਅਤੇ ਗੇਟ ਪੂਰੀ ਤਰ੍ਹਾਂ ਖੋਲ੍ਹ ਦਿੱਤੇ ਜਾਣ ਤਾਂ ਜੋ ਨਵੀਂ ਸਵੇਰ ਦੀਆਂ ਕਿਰਨਾਂ ਉਨ੍ਹਾਂ ਹਨੇਰਿਆਂ ਨੂੰ ਚੀਰਦੀਆਂ ਵਿਤਕਰੇ ਰਹਿਤ ਸਮਾਜ ਬਣਾਉਣ ਵਿਚ ਸਹਾਇਕ ਹੋਣ। ਇਸ ਦੇ ਨਾਲ ਹੀ ਮੈਂ ਅਪੀਲ ਕਰਦਾ ਹਾਂ ਕਿ ਅਸੀਂ ਇਸ ਸੁਪਨੇ ਦੀ ਸੁਰੱਖਿਆ ਉਸੇ ਤਰ੍ਹਾਂ ਹੀ ਕਰਾਂਗੇ, ਜਿਵੇਂ ਰੈਡਵੁੱਡ ਦੇ ਵੱਡੇ ਦਰਖਤ ਛੋਟੇ ਦਰਖਤਾਂ ਨੂੰ ਆਪਣੇ ਕਲਾਵੇ ਵਿਚ ਲੈ ਕੇ ਕਰਦੇ ਹਨ; ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੂੰ ਭਰਭੂਰ ਜ਼ਿੰਦਗੀ ਜਿਉਣ ਦਾ ਮੌਕਾ ਮਿਲਦਾ ਹੈ। ਇਉਂ ਅਸੀਂ ਵੀ ਉਨ੍ਹਾਂ ਰੁੱਖਾਂ ਵਾਂਗ ਇਕ ਦੂਜੇ ਦੀ ਮਦਦ ਕਰਦਿਆਂ ਅਜਿਹਾ ਸਮਾਜ ਸਿਰਜੀਏ ਜੋ ਸਾਰੀ ਮਨੁੱਖਤਾ ਲਈ ਪ੍ਰੇਰਨਾ ਸਰੋਤ ਬਣੇ।
ਧੰਨਵਾਦ।