ਸਆਦਤ ਹਸਨ ਮੰਟੋ ਅਤੇ ਚੇਤਨ ਆਨੰਦ

ਗੁਲਜ਼ਾਰ ਸਿੰਘ ਸੰਧੂ
ਸਆਦਤ ਹਸਨ ਮੰਟੋ ਤੇ ਚੇਤਨ ਆਨੰਦ ਨੂੰ ਇੱਕੋ ਸਮੇਂ ਚੇਤੇ ਕਰਨ ਦਾ ਇਹ ਭਾਵ ਨਹੀਂ ਕਿ ਉਹ ਦੋਵੇਂ ਇੱਕ ਦੂਜੇ ਦੇ ਮਿੱਤਰ, ਜਾਣੂ ਜਾਂ ਸਮਕਾਲੀ ਸਨ। ਇਹ ਵੀ ਨਹੀਂ ਕਿ ਮੈਂ ਦੋਹਾਂ ਨੂੰ ਕਦੀ ਮਿਲਿਆ ਹਾਂ। ਮੰਟੋ ਨੂੰ ਮੈਂ ਇੱਕ ਵਧੀਆ ਲੇਖਕ ਵਜੋਂ ਜਾਣਦਾ ਹਾਂ। ਡਾਇਰੈਕਟਰ ਨੰਦਿਤਾ ਦਾਸ ਦੀ ਫਿਲਮ ਨੇ ਮੈਨੂੰ ਕਈ ਗੱਲਾਂ ਚੇਤੇ ਕਰਵਾ ਦਿਤੀਆਂ।
ਮੰਟੋ ਵੀ ਮੇਰੇ ਵਾਂਗ ਪੰਜਾਬ ਦੀ ਤਹਿਸੀਲ ਸਮਰਾਲਾ ਦਾ ਦੋਹਤਰਾ ਸੀ।

ਉਸ ਦਾ ਜਨਮ ਵੀ ਮੇਰੇ ਵਾਂਗ ਆਪਣੇ ਨਾਨਕੀਂ ਹੋਇਆ। ਮੇਰਾ ਨਾਨਕਾ ਪਿੰਡ ਭੜੀ ਪਿੰਡ ਦੇ ਨੇੜੇ ਕੋਟਲਾ ਬਡਲਾ ਹੈ ਤੇ ਉਸ ਦਾ ਸਮਰਾਲਾ ਨੇੜੇ ਪਪੜੌਦੀ। ਦੋਹਾਂ ਪਿੰਡਾਂ ਵਿਚਾਲੇ ਦੂਰੀ ਕੇਵਲ ਦਸ ਬਾਰਾਂ ਕਿਲੋਮੀਟਰ ਹੈ। ਨਿਸਚੇ ਹੀ ਮੰਟੋ ਨੇ ਵੀ ਆਪਣੇ ਬਚਪਨ ਵਿਚ ਰੇਤਲੇ ਖੇਤਾਂ ਵਿਚ ਮੂੰਗਫਲੀ ਦੇ ਦੂਰ ਦੂਰ ਤੱਕ ਨਜ਼ਰ ਆਉਂਦੇ ਖੇਤ ਵੇਖੇ ਹੋਣਗੇ, ਜੋ ਉਦੋਂ ਦੀ ਵਸੋਂ ਦਾ ਮੁਖ ਆਧਾਰ ਸਨ। ਇਨ੍ਹਾਂ ਵਿਚੋਂ ਦੀ ਲੰਘਦੀਆਂ ਹਿਰਨਾਂ ਦੀਆਂ ਡਾਰਾਂ ਵੀ, ਜੋ ਚੁੰਗੀਆਂ ਭਰਦੀਆਂ ਬਠਿੰਡਾ ਵਲ ਨੂੰ ਜਾਂਦੀਆਂ ਸਨ। ਹੁਣ ਉਨ੍ਹਾਂ ਖੇਤਾਂ ਵਿਚ ਕਣਕ, ਕਪਾਹ ਤੇ ਕਮਾਦ ਹੀ ਨਹੀਂ ਹੁੰਦਾ, ਝੋਨੇ ਦਾ ਵੀ ਅੰਤ ਨਹੀਂ। ਆਦਮੀ ਦੇ ਪੁੱਤਰ ਨੇ ਥਾਂ ਥਾਂ ਟਿਊਬਵੈਲ ਲਾ ਕੇ ਧਰਤੀ ਦੇ ਥੱਲੇ ਦਾ ਪਾਣੀ ਚੂਸ ਕੇ ਧਰਤੀ ਦੀ ਤ੍ਰੇਹ ਬੁਝਾ ਦਿੱਤੀ ਹੈ।
ਨੰਦਿਤਾ ਦਾਸ ਦੀ ਫਿਲਮ ਤਾਂ ਕੇਵਲ ਮੰਟੋ ਦੀ ਅਫਸਾਨਾ ਨਿਗਾਰੀ ਬਾਰੇ ਹੈ ਤੇ ਜਾਂ ਫਿਰ ਉਸ ਦੀ ਹਉਮੈ ਜਾਂ ਜ਼ਿੱਦੀ ਸ਼ਖਸੀਅਤ ਬਾਰੇ। ਨਵਾਜ਼ੁਦੀਨ ਸੱਦੀਕੀ ਨੇ ਮੰਟੋ ਦਾ ਰੋਲ ਅਦਾ ਕੀਤਾ ਹੈ ਤੇ ਰਸਿਕਾ ਦੁੱਗਲ ਨੇ ਉਸ ਦੀ ਪਤਨੀ ਸਫੀਆ ਦਾ। ਸਫੀਆ ਤੰਗਦਸਤੀ ਨਾਲ ਆਪਣੀਆਂ ਤਿੰਨ ਧੀਆਂ ਨੂੰ ਪਾਲ ਕੇ ਵਾਹ ਵਾਹ ਖੱਟਦੀ ਹੈ ਤੇ ਮੰਟੋ ਆਪਣੇ ਪਾਤਰਾਂ ਦੇ ਮਨਾਂ ਦੀਆਂ ਡੂੰਘਾਣਾਂ ਵਿਚ ਜਾ ਕੇ ਉਨ੍ਹਾਂ ਦੀਆਂ ਵਾਸਨਾਵਾਦੀ ਰੁਚੀਆਂ ਨੂੰ ਫੜ੍ਹ ਕੇ। ਉਸ ਨੂੰ ਪਹਿਲਾਂ ਹਿੰਦੁਸਤਾਨ ਤੇ ਫਿਰ ਪਾਕਿਸਤਾਨ ਦੀਆਂ ਕਚਹਿਰੀਆਂ ਵਿਚ ਮੁਕੱਦਮੇ ਲੜਦਾ ਵੀ ਵਿਖਾਇਆ ਗਿਆ ਹੈ। ਮੰਟੋ ਦੀਆਂ ਤੰਗੀਆਂ ਤੇ ਪ੍ਰਾਪਤੀ ਤੋਂ ਤਾਂ ਕੁਲ ਦੁਨੀਆਂ ਜਾਣੂ ਹੈ ਪਰ ਸਫੀਆ ਦਾ ਸਹਿਜ, ਸਲੀਕਾ ਤੇ ਲਾਡ ਪਿਆਰ ਰਸਿਕਾ ਦੀ ਬਾਕਮਾਲ ਅਦਾਕਾਰੀ ਨੇ ਖੂਬ ਉਭਾਰਿਆ ਹੈ। ਮੇਰੇ ਮਨ ਵਿਚ ਮੰਟੋ ਦਾ ਮੋਹ ਮੇਰੇ ਨਾਨਕਿਆਂ ਕਾਰਨ ਵੀ ਹੈ, ਜਿਨ੍ਹਾਂ ਨੇ ਮੇਰੀ ਵਿਦਿਆ ਦੀ ਭੱਠੀ ਭਖਾਈ ਰੱਖਣ ਵਿਚ ਬੜੀ ਮਦਦ ਕੀਤੀ। ਮਜ਼ਾ ਆ ਗਿਆ।
ਚੇਤਨ ਆਨੰਦ ਨੂੰ ਤਾਂ ਉਸ ਦਾ ਭਰਾ ਦੇਵ ਆਨੰਦ ਧੱਕੇ ਨਾਲ ਮੇਰੇ ਵਿਹੜੇ ਵਾੜ ਗਿਆ ਹੈ। ਸਤੰਬਰ ਦੇ ਆਖਰੀ ਹਫਤੇ ਦੇਵ ਆਨੰਦ ਦਾ ਜਨਮ ਦਿਨ ਸੀ। ਮੀਡੀਆ ਨੇ ਦੇਵ ਆਨੰਦ ਦੇ ਆਪਣੇ ਭਰਾ ਪ੍ਰਤੀ ਆਦਰ ਮਾਣ ਨੂੰ ਏਨਾ ਉਭਾਰਿਆ ਕਿ ਮੈਨੂੰ ਆਪਣਾ ਪਹਿਲਾ ਹਵਾਈ ਸਫਰ ਚੇਤੇ ਕਰਵਾ ਦਿੱਤਾ। 1966 ਵਿਚ ਮੇਰੀ ਜੀਵਨ ਸਾਥਣ ਸੁਰਜੀਤ ਬੰਗਲੌਰ ਡਿਊਟੀ ਉਤੇ ਗਈ ਬੀਮਾਰ ਹੋ ਗਈ ਤਾਂ ਮੈਨੂੰ ਹਵਾਈ ਉਡਾਣ ਲੈਣੀ ਪੈ ਗਈ। ਕਿਸੇ ਜਾਣੂ ਦੀ ਮਿਹਰ ਨਾਲ ਸੀਟ ਵੀ ਚੰਗੀ ਮਿਲ ਗਈ, ਪਤਵੰਤੇ ਸੱਜਣਾਂ ਵਾਲੀ। ਮੇਰੇ ਨਾਲ ਦੀ ਸੀਟ ਉਤੇ ਬੈਠਣ ਵਾਲਾ ਪਤਵੰਤਾ ਬਹਿੰਦੇ ਸਾਰ ਹੀ ਊਂਘਦਾ ਊਂਘਦਾ ਸੌਂ ਕੇ ਘੁਰਾੜੇ ਮਾਰਨ ਲੱਗ ਪਿਆ। ਮੈਂ ਖਿੜਕੀ ਵਿਚੋਂ ਧਰਤੀ ਤੋਂ ਦੂਰ ਤੇ ਉਚੇ ਹੋਣ ਦਾ ਸਵਾਦ ਲੈ ਰਿਹਾ ਸਾਂ ਕਿ ਪਲਾਂ ਛਿਣਾਂ ਵਿਚ ਅਜਿਹਾ ਧੁੰਦੂਕਾਰਾ ਵਰਤਿਆ ਕਿ ਸਾਰਾ ਥੱਲਾ ਚਿੱਟਾ ਹੋ ਗਿਆ। ਦੁੱਧ ਚਿੱਟਾ। ਕਿਸ ਨੂੰ ਪੁੱਛਾਂ, ਕੀ ਹੋਇਆ? ਇੱਕ ਪਾਸੇ ਖਿੜਕੀ ਸੀ ਤੇ ਦੂਜੇ ਪਾਸੇ ਘੂਕ ਸੁੱਤੀ ਸਵਾਰੀ, ਜੋ ਕਈ ਦਿਨਾਂ ਦੀ ਉਨੀਂਦੀ ਜਾਪਦੀ ਸੀ।
ਨਾਸ਼ਤਾ ਵਰਤਾਉਣ ਆਈ ਏਅਰ ਹੋਸਟੈਸ ਨੇ ਉਸ ਸਵਾਰੀ ਨੂੰ ਵੀ ਜਗਾ ਦਿੱਤਾ। ਉਸ ਨੇ ਮੈਨੂੰ ਬੜੇ ਸਲੀਕੇ ਨਾਲ ਥੱਲੇ ਵਾਲੇ ਧੁੰਦੂਕਾਰੇ ਦਾ ਕਾਰਨ ਸਮਝਾਇਆ। ਹਵਾਈ ਜਹਾਜ ਬੱਦਲਾਂ ਨੂੰ ਚੀਰ ਕੇ ਉਨ੍ਹਾਂ ਦੇ ਉਤੇ ਆ ਗਿਆ ਸੀ। ਅੱਗੇ ਗੱਲ ਤੁਰੀ ਤਾਂ ਪਤਾ ਲੱਗਾ, ਉਸ ਸਵਾਰੀ ਦਾ ਨਾਂ ਚੇਤਨ ਆਨੰਦ ਸੀ। ਫਿਲਮਾਂ ਵਾਲਾ। ਉਸ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਮੈਂ ਫਿਲਮਾਂ ਬਹੁਤ ਘਟ ਵੇਖਦਾ ਹਾਂ। ਉਸ ਨੇ ਆਖਰੀ ਖਤ, ਹੀਰ ਰਾਂਝਾ, ਨੀਚਾ ਨਗਰ, ਹੰਸਤੇ ਜ਼ਖਮ, ਟੈਕਸੀ ਡਰਾਈਵਰ, ਆਂਧੀਆਂ, ਫੰਨਸਤੂਸ਼ ਤੇ ਹਕੀਕਤ-ਕਈ ਫਿਲਮਾਂ ਦੇ ਨਾਂ ਲਏ, ਜਿਨ੍ਹਾਂ ਦਾ ਉਹ ਨਿਰਦੇਸ਼ਕ ਸੀ। ਮੈਂ ਇਨ੍ਹਾਂ ਵਿਚੋਂ ਕੇਵਲ Ḕਹਕੀਕਤ’ ਵੇਖੀ ਹੋਈ ਸੀ। ਇਸ ਦਾ ਵਿਸ਼ਾ ਹਿੰਦ-ਚੀਨ ਦੀ ਲੜਾਈ ਹੋਣ ਕਾਰਨ ਮੈਨੂੰ ਚੰਗੀ ਲੱਗੀ ਸੀ। ਉਸ ਦੇ ਹੁੰਗਾਰੇ ਵਿਚ ਵੀ ਸਲੀਕਾ ਸੀ, ਪਰ ਮੈਨੂੰ ਇਸ ਦੇ ਅਦਾਕਾਰਾਂ ਵਿਚੋਂ ਕੇਵਲ ਬਲਰਾਜ ਸਾਹਨੀ ਤੇ ਧਰਮਿੰਦਰ ਦੇ ਨਾਂ ਚੇਤੇ ਸਨ। ਉਹ ਏਨੇ ਵਿਚ ਹੀ ਖੁਸ਼ ਸੀ ਕਿ ਮੈਨੂੰ ਵੀ ਆਨੰਦ ਦੀ ਅਦਾਕਾਰੀ ਪਸੰਦ ਸੀ। ਫਿਲਮ Ḕਜੌਨੀ ਮੇਰਾ ਨਾਮḔ ਤੇ ḔਗਾਈਡḔ ਵਿਚਲੀ ਖਾਸ ਕਰਕੇ। ਉਹ ਵਿਛੜਨ ਵੇਲੇ ਬੜੇ ਤਪਾਕ ਨਾਲ ਮਿਲਿਆ। ਸਆਦਤ ਹਸਨ ਮੰਟੋ, ਦੇਵ ਆਨੰਦ ਤੇ ਚੇਤਨ ਆਨੰਦ ਜ਼ਿੰਦਾਬਾਦ!
ਪਦਮਾ ਲਕਸ਼ਮੀ ਤੋਂ ਸਬਕ ਸਿੱਖੀਏ: ਆਪਣੀ ਉਮਰ ਦੇ ਪੰਜਾਹਵੇਂ ਵਰ੍ਹੇ ਨੂੰ ਢੁੱਕ ਰਹੀ ਭਾਰਤੀ ਤੋਂ ਅਮਰੀਕਨ ਬਣੀ ਪ੍ਰਸਿਧ ਅਦਾਕਾਰਾ, ਮਾਡਲ ਤੇ ਟੀ. ਵੀ. ਹਸਤੀ ਪਦਮਾ ਲਕਸ਼ਮੀ ਨੇ ਬਚਪਨ ਤੇ ਜਵਾਨੀ ਵਿਚ ਹੋਈ ਵਾਸ਼ਨਾਵਾਦੀ ਛੇੜਖਾਨੀ ਦਾ ਖੁਲਾਸਾ ਕੀਤਾ ਹੈ। Ḕਦਾ ਟਾਈਮਜ਼Ḕ ਲਈ ਲਿਖੇ ਗਏ ਇੱਕ ਲੇਖ ਵਿਚ ਉਸ ਨੇ ਦੱਸਿਆ ਹੈ ਕਿ ਜਦੋਂ ਸਤ ਸਾਲ ਦੀ ਉਮਰ ਵਿਚ ਉਸ ਨੇ ਆਪਣੇ ਮਤਰੇਏ ਪਿਤਾ ਦੇ ਦੋਸਤ ਵਲੋਂ ਆਪਣੇ ਅੰਗਾਂ ਨਾਲ ਹੋਈ ਛੇੜ-ਛਾੜ ਦੀ ਆਪਣੀ ਮਾਂ ਕੋਲ ਸ਼ਿਕਾਇਤ ਲਾਈ ਤਾਂ ਉਸ ਦੇ ਪਿਤਾ ਨੇ ਆਪਣੇ ਮਾਪਿਆਂ ਕੋਲ ਇੱਕ ਸਾਲ ਲਈ ਭਾਰਤ ਭੇਜ ਦਿੱਤਾ। ਇੱਕ ਤਰ੍ਹਾਂ ਦਾ ਦੇਸ਼ ਨਿਕਾਲਾ। ਨਤੀਜੇ ਵਜੋਂ 16 ਸਾਲ ਦੀ ਉਮਰ ਵਿਚ ਜਦੋਂ ਉਸ ਦੇ ਜਾਣੇ-ਪਛਾਣੇ ਮੁੰਡੇ ਨੇ ਉਹਦੇ ਨਾਲ ਜ਼ਬਰ ਜਨਾਹ ਕੀਤਾ ਤਾਂ ਉਸ ਨੇ ਇਹਦੇ ਬਾਰੇ ਵੀ ਚੁੱਪ ਧਾਰਨੀ ਹੀ ਠੀਕ ਸਮਝੀ।
ਇਨ੍ਹਾਂ ਵਾਰਦਾਤਾਂ ਬਾਰੇ ਲਿਖ ਕੇ ਉਸ ਨੇ ਵਧ ਰਹੇ ਜ਼ਬਰ ਜਨਾਹਾਂ ਦੇ ਪ੍ਰਸੰਗ ਵਿਚ ਇਹ ਦੱਸਣਾ ਚਾਹਿਆ ਹੈ ਕਿ ਮਾਪਿਆਂ ਜਾਂ ਸਮਾਜ ਵਲੋਂ ਅਜਿਹੇ ਦੋਸ਼ੀਆਂ ਦੀ ਸਮੇਂ ਸਿਰ ਲਾਹ ਪਾਹ ਨਾ ਕਰਨ ਦੇ ਨਤੀਜੇ ਕੀ ਨਿਕਲਦੇ ਹਨ? ਅੱਜ ਦੇ ਸਮੇਂ ਦੀਆਂ ਧੀਆਂ-ਧਿਆਣੀਆਂ ਨੂੰ ਵੀ ਇਹ ਗੱਲ ਪੱਲੇ ਬੰਨ ਲੈਣੀ ਚਾਹੀਦੀ ਹੈ ਕਿ ਅਜਿਹੇ ਜੁਲਮ ਦਾ ਸ਼ਿਕਾਰ ਹੋ ਕੇ ਚੁੱਪ ਰਹਿਣਾ ਬਹੁਤ ਮਾੜੀ ਗੱਲ ਹੈ। ਇਹ ਵੀ ਕਿ ਰਾਤ ਬਰਾਤੇ ਕਿਸੇ ਵਿਅਕਤੀ ਨਾਲ ਤੁਰਨਾ-ਫਿਰਨਾ ਜਾਂ ਹੋਟਲਾਂ ਵਿਚ ਜਾਣਾ ਠੀਕ ਨਹੀਂ ਭਾਵੇਂ ਉਹ ਵੇਖਣ-ਪਰਖਣ ਨੂੰ ਕਿੰਨਾ ਵੀ ਸਾਊ ਜਾਪਦਾ ਹੋਵੇ।
ਅੰਤਿਕਾ: ਮਿਰਜ਼ਾ ਗਾਲਿਬ
ਨਾ ਪੂਛ ਕਿ ਕਿਆ ਹਾਲ ਹੈ ਮੇਰਾ ਤੇਰੇ ਪੀਛੇ
ਤੂ ਦੇਖ ਕਿ ਕਿਆ ਰੰਗ ਹੈ ਤੇਰਾ ਮੇਰੇ ਆਗੇ।