ਕਾਰ ਸੇਵਾ ਦੇ ਨਾਂ ‘ਤੇ ਬਾਬੇ ਕਰ ਰਹੇ ਨੇ ਬਿਜਨਸ

ਇਕ ਜਮਾਨਾ ਸੀ ਜਦੋਂ ਕਾਰ ਸੇਵਾ ਵਾਲੇ ਬਾਬੇ ਬੜੀ ਨਿਸ਼ਠਾ ਨਾਲ ਕਾਰ ਸੇਵਾ ਕਰਿਆ ਕਰਦੇ ਸਨ ਪਰ ਸਮਾਜ ਵਿਚ ਆਈ ਗਿਰਾਵਟ ਕਾਰਨ ਇਹ ਕਾਰਜ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ। ਹੁਣ ਇਹ ਸੇਵਾ, ਸੇਵਾ ਨਾ ਰਹਿ ਕੇ ਇਕ ਧੰਦਾ ਬਣ ਗਈ ਹੈ। ਪੈਸੇ ਅਤੇ ਪ੍ਰਸਿੱਧੀ ਦੇ ਲਾਲਚੀ ਬਾਬਿਆਂ ਨੇ ਇਸ ਨੂੰ ਬਦਨਾਮ ਕਰ ਕੇ ਰੱਖ ਦਿੱਤਾ। ਇਸ ਲੇਖ ਵਿਚ ਲੇਖਕ ਨੇ ਇਹੀ ਨੁਕਤੇ ਉਠਾਏ ਹਨ।

-ਸੰਪਾਦਕ

ਨਰਿੰਦਰ ਸਿੰਘ ਖਾਲਸਾ
ਫੋਨ: 91-98766-98566

ਕਾਰ ਸੇਵਾ ਦੇ ਮੋਢੀ ਬਾਬਾ ਬੀਰਮ ਦਾਸ ਅਤੇ ਬਾਬਾ ਸ਼ਾਮ ਸਿੰਘ ਆਟਾ ਮੰਡੀ, ਅੰਮ੍ਰਿਤਸਰ ਵਾਲੇ-ਇਨ੍ਹਾਂ ਮਹਾਂਪੁਰਸ਼ਾਂ ਨੇ ਪੂਰਨ ਤੌਰ ‘ਤੇ ਗੁਰਧਾਮਾਂ ਦੀ ਸੇਵਾ ਸੰਭਾਲ ਦਾ ਕਾਰਜ ਅਰੰਭ ਕੀਤਾ। ਉਨ੍ਹਾਂ ਤੋਂ ਬਾਅਦ ਸੰਤ ਬਾਬਾ ਗੁਰਮੁਖ ਸਿੰਘ ਤੇ ਸੰਤ ਬਾਬਾ ਸਾਧੂ ਸਿੰਘ ਨੇ ਆਪਣਾ ਘਰ-ਬਾਰ ਤਿਆਗ ਕੇ ਗੁਰਧਾਮਾਂ ਦੀ ਸੇਵਾ ਦੇ ਮਹਾਨ ਕੁੰਭ ਨੂੰ ਹੋਰ ਵਿਸ਼ਾਲ ਕਰ ਦਿੱਤਾ। ਉਨ੍ਹਾਂ ਤੋਂ ਬਾਅਦ ਵੀ ਕਈ ਮਹਾਂਪੁਰਸ਼ਾਂ ਨੇ ਆਪਣਾ ਸਾਰਾ ਜੀਵਨ ਗੁਰਧਾਮਾਂ ਦੀ ਸੇਵਾ ਵਿਚ ਲਾ ਦਿੱਤਾ। ਹੁਣ ਜਿਵੇਂ ਸਮਾਂ ਬਦਲ ਰਿਹਾ ਹੈ, ਕਾਰ ਸੇਵਾ ਵਾਲੇ ਬਾਬੇ ਵੀ ਬਦਲ ਚੁਕੇ ਹਨ। ਉਨ੍ਹਾਂ ਨੇ ਗੁਰਧਾਮਾਂ ਦੀ ਸੇਵਾ ਦੇ ਨਾਲ ਮੋਟੀ ਕਮਾਈ ਕਰਨ ਲਈ ਸਕੂਲ, ਕਾਲਜ ਆਦਿ ਹੋਰ ਸੰਸਥਾਵਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਧੰਦੇ ਵਿਚ ਕਮਾਈ ਦੇ ਬਹੁਤ ਸਾਧਨ ਹਨ। ਇਹ ਲੋਕਾਂ ਨੂੰ ਧਰਮ ਦੇ ਨਾਂ ‘ਤੇ ਠੱਗ ਰਹੇ ਹਨ।
ਕਈ ਸੰਸਥਾਵਾਂ ਨੇ ਕਾਰ ਸੇਵਾ ਦੇ ਨਾਂ ‘ਤੇ ਇਤਿਹਾਸਕ ਪੁਰਾਤਨਤਾ ਵੀ ਖਤਮ ਕਰ ਦਿੱਤੀ ਹੈ। ਇਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾਇਆ ਜਾਣ ਵਾਲਾ ਇਤਿਹਾਸ ਖਤਮ ਕਰ ਦਿੱਤਾ ਹੈ। ਕੁਝ ਅਜਿਹੀਆਂ ਵੀ ਸੰਸਥਾਵਾਂ ਹਨ, ਜਿਨ੍ਹਾਂ ਨੇ ਪੁਰਾਤਨਤਾ ਨੂੰ ਬਹਾਲ ਰੱਖਿਆ ਹੋਇਆ ਹੈ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਸੇਵਾ ਸੌਂਪਦੀ ਹੈ ਤਾਂ ਉਸ ਸਮੇਂ ਕੀਤੇ ਜਾਣ ਵਾਲੇ ਮਤੇ ਵਿਚ ਲਿਖਿਆ ਹੁੰਦਾ ਹੈ ਕਿ ਸੇਵਾ ਦੌਰਾਨ ਟੋਕਰੀ/ਗੋਲਕ ਆਦਿ ਰੱਖ ਕੇ ਪੈਸੇ ਇਕੱਠੇ ਨਹੀਂ ਕਰਨੇ। ਇਹ ਬਾਬੇ ਪੈਸਾ ਇਕੱਠਾ ਕਰਨ ਖਾਤਰ ਸੇਵਾ ਦੇ ਕਾਰਜ ਦੇਰੀ ਨਾਲ ਕਰਵਾਉਂਦੇ ਹਨ ਅਤੇ ਖੁਦ ਨਿੱਜੀ ਫਾਇਦਾ ਉਠਾਉਂਦੇ ਹਨ।
ਇਹ ਬਾਬੇ ਗੁਰਧਾਮਾਂ ਦੀ ਸੇਵਾ ਵੱਲ ਘੱਟ ਧਿਆਨ ਦਿੰਦੇ ਹਨ ਅਤੇ ਨਿੱਜੀ ਕਮਾਈ ਕਰਨ ਵਾਲੇ ਬਿਜਨਸ ਵੱਲ ਵੱਧ। ਲੋਕਾਂ ਵਿਚ ਇਹ ਪ੍ਰਚਾਰ ਕਰਦੇ ਹਨ ਕਿ ਦੂਜੇ ਸਕੂਲ ਸਿੱਖੀ ਦੇ ਪ੍ਰਚਾਰ ਵੱਲ ਧਿਆਨ ਘੱਟ ਦਿੰਦੇ ਹਨ, ਸਾਡੇ ਸਕੂਲਾਂ ਵਿਚ ਧਰਮ ਪਹਿਲ ਦੇ ਆਧਾਰ ‘ਤੇ ਪੜ੍ਹਾਇਆ ਜਾਂਦਾ ਹੈ ਅਤੇ ਪੜ੍ਹਾਈ ਵੀ ਵੱਧ ਕਰਵਾਈ ਜਾਂਦੀ ਹੈ। ਸੱਚਾਈ ਇਹ ਹੈ ਕਿ ਸਕੂਲ ਵਿਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਇਹ ਝੂਠਾ ਪ੍ਰਚਾਰ ਕੀਤਾ ਜਾਂਦਾ ਹੈ। ਇਹ ਆਪਣੇ ਸਕੂਲਾਂ ਦੇ ਬੱਚਿਆਂ ਨੂੰ ਬੋਰਡ ਦੀ ਪ੍ਰੀਖਿਆ ਦੌਰਾਨ ਨਕਲ ਵੀ ਅੰਦਰ ਖਾਤੇ ਖੁੱਲ੍ਹ ਕੇ ਕਰਵਾਉਂਦੇ ਹਨ। ਜਦੋਂ ਨਕਲ ਮਾਰ ਕੇ ਪੇਪਰ ਕੀਤੇ ਹੋਣਗੇ, ਮੈਰਿਟ ਤਾਂ ਫਿਰ ਆ ਹੀ ਜਾਣੀ ਹੁੰਦੀ ਹੈ, ਫਿਰ ਇਹ ਬਾਬੇ ਵੱਡੇ-ਵੱਡੇ ਫਲੈਕਸ ਬੋਰਡ ਛਪਵਾ ਕੇ ਅਤੇ ਵੱਖ-ਵੱਖ ਪ੍ਰਚਾਰ ਮਾਧਿਅਮਾਂ ਰਾਹੀਂ ਆਪਣਾ ਪ੍ਰਚਾਰ ਕਰਦੇ ਹਨ।
ਇਸ ਤੋਂ ਇਲਾਵਾ ਇਨ੍ਹਾਂ ਬਾਬਿਆਂ ਵੱਲੋਂ ਚਲਾਏ ਜਾਂ ਰਹੇ ਸਕੂਲਾਂ ਵਿਚ ਕੰਮ ਕਰਦੇ ਸਾਰੇ ਕਰਮਚਾਰੀਆਂ ਦਾ ਰੱਜ ਕੇ ਸ਼ੋਸ਼ਣ ਕੀਤਾ ਜਾਂਦਾ ਹੈ। ਇਨ੍ਹਾਂ ਦੇ ਸਕੂਲਾਂ ਵਿਚ ਦਸਵੰਧ ਦੇ ਨਾਂ ‘ਤੇ ਲੁੱਟ ਕੀਤੀ ਜਾ ਰਹੀ ਹੈ। ਗੁਰੂ ਸਾਹਿਬਾਨ ਦੇ ਹੁਕਮ ਮੁਤਾਬਕ ਤਨ, ਮਨ ਅਤੇ ਧਨ ਦਾ ਦਸਵੰਧ ਦੇਣਾ ਸਿੱਖ ਧਰਮ ਦੀ ਮਰਿਆਦਾ ਹੈ, ਜ਼ਬਰਦਸਤੀ ਨਹੀਂ। ਇਨ੍ਹਾਂ ਦੇ ਸਕੂਲਾਂ ਵਿਚ ਦਸਵੰਧ ਨਾਮੀ ਖਾਤਾ ਖੋਲ੍ਹ ਕੇ ਹਰੇਕ ਮੁਲਾਜ਼ਮ ਦੀ 10 ਪ੍ਰਤੀਸ਼ਤ ਤਨਖਾਹ ਜ਼ਬਰਦਸਤੀ ਕੱਟ ਲਈ ਜਾਂਦੀ ਹੈ। ਜੇ ਕਰਮਚਾਰੀ ਸਹਿਮਤ ਹੈ ਤਾਂ ਫਿਰ ਠੀਕ ਗੱਲ ਹੈ, ਜੇ ਨਹੀਂ ਤਾਂ ਫਿਰ ਉਸ ਨਾਲ ਧੱਕਾ ਹੈ। ਯੋਗਤਾ ਮੁਤਾਬਕ ਬਣਦੀ ਤਨਖਾਹ ਤੋਂ ਵੀ ਘੱਟ ਦੇ ਕੇ ਅਤੇ ਦੂਜੇ ਪਾਸੇ ਦਸਵੰਧ ਦਾ ਬਹਾਨਾ ਬਣਾ ਕੇ ਮੁਲਾਜ਼ਮਾਂ ਨੂੰ ਹਰੇਕ ਪਾਸੇ ਤੋਂ ਲੁੱਟਦੇ ਹਨ।
ਹੁਣ ਬਹੁਤੇ ਬਾਬਿਆਂ ਨੇ ਕਾਰ ਸੇਵਾ ਟਰੱਸਟ ਬਣਾ ਲਏ ਹਨ। ਇਨ੍ਹਾਂ ਟਰੱਸਟਾਂ ਵਿਚ ਇਹ ਬਾਬੇ ਵੱਡੀ ਪੱਧਰ ‘ਤੇ ਹੇਰਾ-ਫੇਰੀ ਕਰਦੇ ਹਨ। ਇਨ੍ਹਾਂ ਨੇ ਮਹਿੰਗੇ ਚਾਰਟਰਡ ਅਕਾਊਂਟੈਂਟ ਰੱਖੇ ਹੋਏ ਹਨ, ਜੋ ਇਨ੍ਹਾਂ ਨੂੰ ਚੋਰ ਮੋਰੀਆਂ ਦੱਸਦੇ ਹਨ। ਬਾਬਿਆਂ ਨੇ ਆਪਣੇ ਨਾਂ ਚੈਰੀਟੇਬਲ ਟਰੱਸਟ ਸਥਾਪਤ ਕਰ ਲਏ ਹਨ, ਪਰ ਠੱਗੀ ਸਭ ਤੋਂ ਵੱਡੀ ਮਾਰਦੇ ਹਨ। ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਭਰਮਾਉਣ ਵਾਸਤੇ ਇਹ ਬਾਬੇ ਪ੍ਰਚਾਰ ਕਰਦੇ ਹਨ ਕਿ ਅਸੀਂ ਸ਼ਹਿਰ ਦੀਆਂ ਵੱਡੀਆਂ ਅਕੈਡਮੀਆਂ ਅਤੇ ਸਕੂਲਾਂ ਨਾਲੋਂ ਘੱਟ ਪੈਸੇ ਲੈ ਕੇ ਬੱਚਿਆਂ ਨੂੰ ਪੜ੍ਹਾਈ ਕਰਵਾ ਰਹੇ ਹਾਂ ਪਰ ਇਨ੍ਹਾਂ ਦਾ ਦਾਅਵਾ ਹੁੰਦਾ ਇਸ ਗੱਲ ਦੇ ਬਿਲਕੁਲ ਉਲਟ ਹੈ।
ਵਿਦੇਸ਼ੀ ਨਾਗਰਿਕਾਂ ਨੂੰ ਭਰਮਾ ਕਿ ਇਹ ਬਾਬੇ ਆਪਣੇ ਸਕੂਲਾਂ, ਕਾਲਜਾਂ ਦੇ ਬੱਚਿਆਂ ਨੂੰ ਸਪਾਂਸਰ ਕਰਵਾਉਂਦੇ ਹਨ ਅਤੇ ਪੰਜਾਬ ਵਿਚ ਪ੍ਰਚਾਰ ਕਰਦੇ ਹਨ ਕਿ ਸਾਡੇ ਸਕੂਲ, ਕਾਲਜ ਵਿਚ ਮੱਧ ਵਰਗੀ ਪਰਿਵਾਰਾਂ ਦੇ ਬੱਚੇ ਮੁਫਤ ਪੜ੍ਹਾਏ ਜਾ ਰਹੇ ਹਨ। ਇਹ ਬਾਬੇ ਜਿੰਨੇ ਵੀ ਦੇਸ਼ਾਂ ਵਿਚ ਜਾਂਦੇ ਹਨ, ਉਨ੍ਹਾਂ ਦੇਸ਼ਾਂ ਵਿਚ ਉਹੀ ਬੱਚਿਆਂ ਦੀਆਂ ਲਿਸਟਾਂ ਦਿਖਾਈ ਜਾਂਦੇ ਹਨ ਅਤੇ ਲੋਕਾਂ ਤੋਂ ਪੈਸੇ ਇਕੱਠੇ ਕਰੀ ਜਾ ਰਹੇ ਹਨ। ਸਕੂਲਾਂ, ਕਾਲਜਾਂ ਵਿਚ ਮੁਫਤ ਪੜ੍ਹਦੇ ਬੱਚਿਆਂ ਦਾ ਖਰਚਾ ਤਾਂ ਵਿਦੇਸ਼ਾਂ ਦੀਆਂ ਸੰਗਤਾਂ ਅਦਾ ਕਰਦੀਆਂ ਹਨ, ਫਿਰ ਇਨ੍ਹਾਂ ਦਾ ਮੁਫਤ ਪੜ੍ਹਾਈ ਵਿਚ ਕੀ ਸਹਿਯੋਗ?
ਜੇ ਦਾਨੀ ਸੱਜਣ ਸਿੱਧੇ ਤੌਰ ‘ਤੇ ਆਪ ਬੱਚਿਆਂ ਦੀ ਚੋਣ ਕਰਕੇ ਉਨ੍ਹਾਂ ਦੀ ਫੀਸ ਅਦਾ ਕਰਨ ਤਾਂ ਵਧੀਆ ਹੋਵੇਗਾ। ਇਸ ਨਾਲ ਇਨ੍ਹਾਂ ਬਾਬਿਆਂ ਦਾ ਗੋਰਖ ਧੰਦਾ ਬੰਦ ਹੋ ਜਾਵੇਗਾ।
ਸਕੂਲਾਂ, ਕਾਲਜਾਂ ਦੇ ਸਾਲਾਨਾ ਇਨਾਮ ਵੰਡ ਸਮਾਗਮ ‘ਤੇ ਇਹ ਬਾਬੇ ਕੋਈ ਵੱਡਾ ਸਿਆਸੀ ਲੀਡਰ ਬੁਲਾ ਕੇ ਵਾਹ-ਵਾਹ ਖੱਟਦੇ ਹਨ ਅਤੇ ਉਸ ਸਿਆਸੀ ਲੀਡਰ ਦੇ ਰਵਾਨਾ ਹੋਣ ਸਮੇਂ ਨਾਲ ਹੀ ਕੋਈ ਕੰਮ ਵਾਲੀ ਚਿੱਠੀ ਦੇ ਦਿੰਦੇ ਹਨ। ਇਹ ਬਾਬੇ ਸਾਰੇ ਸਿਆਸੀ ਨੇਤਾਵਾਂ ਨਾਲ ਬਣਾ ਕੇ ਰੱਖਦੇ ਹਨ। ਇਨ੍ਹਾਂ ਬਾਬਿਆਂ ਨੇ ਲੀਡਰਾਂ ਅਤੇ ਵੱਡੇ ਅਫਸਰਾਂ ਦੇ ਸਬੰਧਤ ਬੰਦਿਆਂ ਨਾਲ ਰਾਬਤਾ ਰੱਖਿਆ ਹੁੰਦਾ ਹੈ।
ਸਭ ਤੋਂ ਵੱਧ ਸਿਆਸਤ ਵੀ ਡੇਰਿਆਂ ਵਿਚ ਹੁੰਦੀ ਹੈ। ਡੇਰਿਆਂ ਵਿਚ ਆਉਂਦੀਆਂ ਬੀਬੀਆਂ/ਭੈਣਾਂ ਨੂੰ ਇਨ੍ਹਾਂ ਬਾਬਿਆਂ ਦੇ ਸੇਵਾਦਾਰ ਗਲਤ ਨਜ਼ਰ ਨਾਲ ਤੱਕਦੇ ਹਨ, ਇਹ ਬਿਲਕੁਲ ਸੱਚਾਈ ਹੈ। ਇਨ੍ਹਾਂ ਡੇਰਿਆਂ ਵਿਚ ਧੜੇਬੰਦੀ ਅਤੇ ਈਰਖਾ ਸਭ ਤੋਂ ਵੱਧ ਹੁੰਦੀ ਹੈ। ਜੋ ਲੋਕ ਡੇਰਾਵਾਦ ਦਾ ਵਿਰੋਧ ਕਰਦੇ ਹਨ, ਉਹ ਬਿਲਕੁਲ ਠੀਕ ਗੱਲ ਹੈ। ਇਨ੍ਹਾਂ ਡੇਰਿਆਂ ਵਿਚ ਇੱਕ ਗੱਲ ਸਭ ਤੋਂ ਅਹਿਮ ਹੁੰਦੀ ਹੈ ਕਿ ਇਹ ਡੇਰੇ ਦੀ ਮਾੜੀ ਗੱਲ ਕਦੇ ਵੀ ਬਾਹਰ ਨਹੀਂ ਆਉਣ ਦਿੰਦੇ ਬਲਕਿ ਉਸ ਨੂੰ ਡੇਰੇ ਅੰਦਰ ਹੀ ਦਬਾ ਦਿੰਦੇ ਹਨ। ਇਨ੍ਹਾਂ ਦੇ ਖਾਸ ਸੇਵਾਦਾਰ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਹਨ। ਇਨ੍ਹਾਂ ਦੇ ਕਈ ਸੇਵਾਦਾਰ ਵੀ ਨਸ਼ੇ ਦਾ ਸੇਵਨ ਕਰਦੇ ਹਨ। ਜੇ ਇਨ੍ਹਾਂ ਦੇ ਕਿਸੇ ਸੇਵਾਦਾਰ ਨਾਲ ਗੁਰਬਾਣੀ ਦੀ ਗੱਲ ਕੀਤੀ ਜਾਵੇ ਤਾਂ ਉਸ ਪੱਖੋਂ ਬਹੁਤੇ ਕੋਰੇ ਹੀ ਹੁੰਦੇ ਹਨ।
ਹੁਣ ਦੇ ਬਾਬੇ ਸਮੇਂ ਦੇ ਨਾਲ ਬਦਲਦੇ ਰਹਿੰਦੇ ਹਨ। ਇਨ੍ਹਾਂ ਨੇ ਕੋਈ ਵੱਖਰਾ ਜੋ ਕੰਮ ਕਰਨਾ ਹੁੰਦਾ ਹੈ, ਜਿਸ ਨਾਲ ਇਨ੍ਹਾਂ ਨੂੰ ਪੈਸਾ ਚੰਗਾ ਇਕੱਠਾ ਹੋ ਸਕੇ। ਪੰਜਾਬ ਵਿਚ ਪ੍ਰਚਾਰ ਕਰਨਾ ਹੈ ਕਿ ਸਾਰੇ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਮੁਫਤ ਕੀਤੇ ਜਾ ਰਹੇ ਹਨ। ਇਸ ਨਾਲ ਵਿਦੇਸ਼ ਦੀਆਂ ਸੰਗਤਾਂ ਵੀ ਪ੍ਰਭਾਵਿਤ ਹੋ ਜਾਂਦੀਆਂ ਹਨ ਅਤੇ ਖੁੱਲ੍ਹਾ ਪੈਸਾ ਭੇਜੀਆਂ ਹਨ।
ਵਿਦੇਸ਼ ਵਿਚੋਂ ਆਉਣ ਵਾਲੇ ਸ਼ਰਧਾਲੂ ਦੀ ਡੇਰੇ ਵਿਚ ਚੰਗੀ ਸੇਵਾ ਕੀਤੀ ਜਾਂਦੀ ਹੈ। ਜੇ ਕੋਈ ਆਮ ਬੰਦਾ ਆ ਜਾਵੇ ਤਾਂ ਉਸ ਨੂੰ ਇੰਤਜ਼ਾਰ ਕਰਨ ਲਈ ਕਿਹਾ ਜਾਂਦਾ ਹੈ ਕਿ ਬਾਬਾ ਜੀ ਮੀਟਿੰਗ ਵਿਚ ਹਨ, ਅਜੇ ਮਿਲ ਨਹੀਂ ਸਕਦੇ। ਵਿਦੇਸ਼ਾਂ ਵਾਲਿਆਂ ਲਈ ਲੱਖ-ਦੋ ਲੱਖ ਰੁਪਏ ਆਮ ਜਿਹੀ ਗੱਲ ਹੁੰਦੀ ਹੈ, ਪਰ ਇਨ੍ਹਾਂ ਨੂੰ ਇਸ ਤਰੀਕੇ ਨਾਲ ਚੰਗਾ ਧਨ ਇਕੱਠਾ ਹੋ ਜਾਂਦਾ ਹੈ।
ਕਾਰ ਸੇਵਾ ਵਾਲੇ ਅਣਗਿਣਤ ਬਾਬੇ ਪਿੰਡਾਂ ਵਿਚ ਹਾੜੀ-ਸਉਣੀ ਵਿਚ ਬੋਰੀਆਂ ਲੈ ਕੇ ਚੰਗੀ ਉਗਰਾਹੀ ਕਰਦੇ ਹਨ। ਕਈ ਅਜਿਹੀਆਂ ਵੀ ਸੰਸਥਾਵਾਂ ਹਨ, ਜਿਨ੍ਹਾਂ ਵੱਲੋਂ ਕੋਈ ਉਗਰਾਹੀ ਨਹੀਂ ਕੀਤੀ ਜਾਂਦੀ ਬਲਕਿ ਸੰਗਤ ਖੁਦ ਆਪ ਜਾ ਕੇ ਰਸਦਾਂ ਆਦਿ ਪਹੁੰਚਦੀਆਂ ਕਰਦੀਆਂ ਹਨ।
ਵਿਦੇਸ਼ਾਂ ਤੋਂ ਚੰਗਾ ਪੈਸਾ ਇਕੱਠਾ ਕਰਕੇ ਇਹ ਆਪਣੇ ਡੇਰੇ ਦੀਆਂ ਜਾਇਦਾਦਾਂ ਬਣਾਈ ਜਾ ਰਹੇ ਹਨ। ਹਰ ਚੰਗੀ ਜਮੀਨ ‘ਤੇ ਇਨ੍ਹਾਂ ਦੀ ਅੱਖ ਰਹਿੰਦੀ ਹੈ ਕਿ ਸਾਨੂੰ ਇਹ ਜਮੀਨ ਕਿਸੇ ਵੀ ਤਰੀਕੇ ਨਾਲ ਹਾਸਿਲ ਹੋ ਜਾਵੇ।
ਹੁਣ ਸਮਾਂ ਬਦਲ ਰਿਹਾ ਹੈ, ਲੋਕ ਪਹਿਲਾਂ ਨਾਲੋਂ ਕਾਫੀ ਪੜ੍ਹੇ-ਲਿਖੇ ਹਨ। ਇਨ੍ਹਾਂ ਬਾਬਿਆਂ ਪਿੱਛੇ ਘੱਟ ਲੱਗ ਰਹੇ ਹਨ, ਪਰ ਕੁਝ ਲੋਕ ਅਜੇ ਵੀ ਇਨ੍ਹਾਂ ਬਾਬਿਆਂ ਦੀ ਸ਼ਰਨ ਵਿਚ ਜਾਂਦੇ ਹਨ। ਸਿੱਖ ਸਿਧਾਂਤ ਅਨੁਸਾਰ ਸਿੱਖਾਂ ਨੂੰ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਚਾਹੀਦਾ ਹੈ, ਨਾ ਕਿ ਦੇਹਧਾਰੀ ਬਾਬਿਆਂ ਨੂੰ। ਇਨ੍ਹਾਂ ਬਾਬਿਆਂ ਨੇ ਪੰਜਾਬ ਵਿਚ ਡੇਰਾਵਾਦ ਮਸ਼ਹੂਰ ਕੀਤਾ ਹੈ, ਹਰ ਇੱਕ ਡੇਰੇ ਵਿਚ ਵੱਖਰੀ ਮਰਿਆਦਾ ਚਲਾਈ ਹੋਈ ਹੈ, ਜੋ ਸਿੱਖ ਕੌਮ ਲਈ ਘਾਤਕ ਸਿੱਧ ਹੋਵੇਗੀ। ਸਿੱਖਾਂ ਨੂੰ ਕੇਵਲ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਰਹਿਤ ਮਰਿਆਦਾ ਮੰਨਣੀ ਚਾਹੀਦੀ ਹੈ। ਬੇਸ਼ੱਕ ਅਕਾਲ ਤਖਤ ਸਾਹਿਬ ਅਤੇ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਧਰਮ ਦੇ ਪ੍ਰਚਾਰ ਨਾਲੋਂ ਸਿਆਸਤ ਦਾ ਵੱਧ ਬੋਲ ਬਾਲਾ ਹੈ।
ਸੰਗਤਾਂ ਵੀ ਗੁੰਮਰਾਹ ਹੋ ਕੇ ਇਨ੍ਹਾਂ ਬਾਬਿਆਂ ਨੂੰ ਦਾਨ ਨਾ ਕਰਨ, ਪਹਿਲਾਂ ਖੁਦ ਇਨ੍ਹਾਂ ਬਾਰੇ ਚੰਗੀ ਤਰ੍ਹਾਂ ਪੜਤਾਲ ਕਰਨ। ਸੰਗਤਾਂ ਨੂੰ ਸੋਚ ਸਮਝ ਕੇ ਉਨ੍ਹਾਂ ਬਾਬਿਆਂ ਨੂੰ ਦਾਨ ਕਰਨਾ ਚਾਹੀਦਾ ਹੈ ਜੋ ਅਸਲੀਅਤ ਵਿਚ ਸਭ ਕੰਮ ਠੀਕ ਤਰ੍ਹਾਂ ਕਰਵਾ ਰਹੇ ਹੋਣ।