ਘਰ ਉਦਾਸ ਹੈ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਸ਼ਬਦਾਂ ਦੀ ਅਜਿਹੀ ਜੁਗਤ ਬੰਨਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ! ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਇਕ ਪਰਦੇਸੀ ਪੁੱਤ ਦਾ ਪਿੰਡ ਨੂੰ ਤਰਲਾ ਜਾਹਰ ਕੀਤਾ ਸੀ,

“ਮੇਰੇ ਗਰਾਈਂਆਂ ਨੂੰ ਕਹੀਂ ਕਿ ਉਹ ਸਾਨੂੰ ਤਾਂ ਵਿਸਾਰ ਦੇਣ ਪਰ ਬਜੁਰਗਾਂ ਦੀ ਕੀਰਤੀ, ਕਰਮਾਂ, ਨਸੀਹਤਾਂ ਅਤੇ ਸੁਗਮ ਸੁਨੇਹਿਆਂ ਨੂੰ ਆਪਣੀ ਕਿਰਤ-ਸਾਧਨਾ ਵਿਚ ਜਰੂਰ ਸਮਾ ਲੈਣ ਤਾਂ ਕਿ ਅਜੋਕੇ ਚਿੰਤਾਮਈ ਮਾਹੌਲ ਵਿਚ ਕੋਈ ਆਸ ਦੀ ਕਿਰਨ ਉਦੈ ਹੋਵੇ, ਜੋ ਪਿੰਡ ਲਈ ਸਰਘੀ ਬਣ ਕੇ ਇਸ ਦੇ ਬਨੇਰਿਆਂ ‘ਤੇ ਸੂਰਜ ਦੀ ਟਿੱਕੀ ਉਗਾਵੇ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਘਰ ਦੇ ਮੋਹ ਅਤੇ ਇਸ ਤੋਂ ਵਿਛੋੜੇ ਕਾਰਨ ਪੈਦਾ ਹੋਈ ਉਦਾਸੀ ਨੂੰ ਚਿਤਰਿਆ ਹੈ। ਉਹ ਕਹਿੰਦੇ ਹਨ, “ਅੰਬਰੀ ਸੁਪਨਿਆਂ ਦੀ ਪੂਰਨਤਾ ਲਈ ਉਚੀਆਂ ਉਡਾਣਾਂ ਭਰਨ ਵਾਸਤੇ ਘਰਾਂ ਵਿਚੋਂ ਬਾਹਰ ਨੂੰ ਤੁਰੇ ਪੈਰਾਂ ਦਾ ਸਦਾ ਲਈ ਘਰਾਂ ਨੂੰ ਪਰਤਣਾ ਤਾਂ ਮੁਸ਼ਕਿਲ, ਪਰ ਕਦੇ-ਕਦਾਈਂ ਘਰਾਂ ਨੂੰ ਪਰਤੀਏ, ਉਨ੍ਹਾਂ ਦੀ ਉਦਾਸੀ ਨੂੰ ਘਟਾਈਏ। ਵਿਹੜੇ ਨੂੰ ਘੁੱਗ ਵੱਸਣ ਦਾ ਮੌਕਾ ਬਖਸ਼ੀਏ। ਇਸ ਦੀ ਉਚਮਤਾ ਅਤੇ ਸੁੱਚਮਤਾ ਨੂੰ ਸਿਜਦਾ ਕਰੀਏ ਕਿਉਂਕਿ ਘਰ ਹੀ ਮਨੁੱਖ ਦਾ ਸਭ ਕੁਝ ਹੁੰਦਾ, ਜੋ ਸਿਰ ਲਈ ਛੱਤ, ਦੀਦਿਆਂ ਲਈ ਸੁਪਨੇ, ਪੀਢੀਆਂ ਸਾਂਝਾਂ ਦੀ ਧਰਾਤਲ ਅਤੇ ਰਿਸ਼ਤਿਆਂ ਵਿਚਲੀ ਪਾਕੀਜ਼ਗੀ ਤੇ ਪਕਿਆਈ ਦੀ ਬੁਨਿਆਦ ਏ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਪਰਦੇਸ ਤੋਂ ਘਰ ਨੂੰ ਅਤੇ ਆਪਣਿਆਂ ਨੂੰ ਮਿਲਣ ਲਈ ਦੇਸ਼ ਪਰਤਦਾ ਹਾਂ। ਪਿੰਡ ਰਹਿੰਦੇ ਬਾਪ ਦੀਆਂ ਅਸੀਸਾਂ ਮੇਰਾ ਹਾਸਲ ਅਤੇ ਉਸ ਦੀਆਂ ਨਸੀਹਤਾਂ ਮੇਰੇ ਲਈ ਉਚਤਮ ਅਸ਼ੀਰਵਾਦ। ਖੁੱਲ੍ਹਾ ਘਰ ਮੈਨੂੰ ਗਲ ਨਾਲ ਲਾਉਂਦਾ, ਸਦਕੇ ਜਾਂਦਾ ਅਤੇ ਬਰੂਹਾਂ ਵਿਚ ਸਿੰਮੇ ਅੱਥਰੂਆਂ ਨੂੰ ਰਾਹਤ ਮਿਲਦੀ। ਘਰ ਦੀਆਂ ਕੰਧਾਂ ਹੁੰਗਾਰੇ ਭਰਦੀਆਂ, ਕਮਰੇ ਵਿਚਲੀ ਗੱਲਬਾਤ ਇਸ ਨੂੰ ਸੰਜੀਵ ਕਰਦੀ। ਘਰ ਫਿਰ ਤੋਂ ਸੱਚੀ-ਮੁੱਚੀਂ ਦਾ ਘਰ ਬਣ ਜਾਂਦਾ, ਕਿਉਂਕਿ ਘਰ ਨੂੰ ਪਰਤਦੀਆਂ ਪੈੜਾਂ ਵਿਚ ਆਪਣਿਆਂ ਨੂੰ ਮਿਲਣ ਅਤੇ ਵਿਸਮਾਦੀ ਪਲ ਮਾਣਨ ਦੀ ਤਮੰਨਾ ਤੇ ਉਤਸ਼ਾਹ ਜੁ ਹੁੰਦਾ। ਘਰ ਆਪਣੇ ਸੱਚੇ-ਸੁੱਚੇ ਅਰਥਾਂ ਵਿਚ ਜਿਉਂਦਾ ਹੋ ਜਾਂਦਾ, ਜੋ ਅਲਸਾਇਆ ਅਤੇ ਨਿੰਮੋਝੂਣਾ, ਆਪਣੀ ਹੋਂਦ ਦੀ ਤ੍ਰਾਸਦੀ ਨੂੰ ਕਿਆਸਣ ਵਿਚ ਰੁੱਝਾ ਹੁੰਦਾ।
ਘਰ ਦੀ ਖੁੱਲ੍ਹੀ ਫਿਜ਼ਾ ਵਿਚ ਸਾਹ ਲੈਣਾ, ਹਰ ਪਰਤ ਨੂੰ ਫਰੋਲਣਾ ਅਤੇ ਇਸ ਦੀ ਸਮੁੱਚਤਾ ਨੂੰ ਆਪਣੇ ਅੰਤਰੀਵ ਵਿਚ ਉਤਾਰਨਾ, ਮੇਰਾ ਸੁੱਚਾ ਕਰਮ। ਘਰ ਦੀ ਸਿਰਜਣਾ ਦਾ ਸਮੁੱਚਾ ਸਫਰ ਜਦ ਮਨ-ਮਸਤਕ ਵਿਚ ਪੁਨਰ ਸੰਜੀਵ ਹੁੰਦਾ ਤਾਂ ਇਕ ਸਕੂਨ ਤੇ ਰਾਹਤ ਮਨ-ਜੂਹ ਦੇ ਨਾਮ ਹੁੰਦੀ।
ਪਰ ਅੱਜ ਕਲ ਘਰ ਬਹੁਤ ਉਦਾਸ ਹੈ। ਬੱਚਿਆਂ ਦੀਆਂ ਕਿਲਕਾਰੀਆਂ ਅਤੇ ਉਨ੍ਹਾਂ ਦੀਆਂ ਖੇਡਾਂ ‘ਚ ਖਿਡੌਣਾ ਬਣਨ ਵਾਲੇ ਘਰ ਵਿਚ ਸੁੰਨ ਏ। ਬੱਚਿਆਂ ਦੀ ਸੁਪਨ-ਉਡਾਣ ਅਤੇ ਪਰਵਾਜ਼-ਸਫਰ, ਇਕ ਕਹਾਣੀ ਵਾਂਗ ਇਸ ਦੀਆਂ ਕੰਧਾਂ ‘ਤੇ ਚਿਪਕਿਆ ਹੋਇਆ ਏ, ਜੋ ਘਰ ਲਈ ਇਕ ਹਾਸਲ। ਪਰ ਘਰ ਚਾਹੁੰਦਾ ਏ ਕਿ ਕਦੇ ਕਦਾਈਂ ਘਰ ਨੂੰ ਘਰ ਦਾ ਰੁਤਬਾ ਦਿਤਾ ਜਾਵੇ, ਪਰ ਬੱਚਿਆਂ ਦੇ ਰੁਝੇਵੇਂ ਅਤੇ ਘਰ-ਪਰਵਾਸ ਨੇ ਘਰ ਦੀਆਂ ਨੀਂਹਾਂ ‘ਚ ਸਿੱਲ ਉਤਾਰ ਦਿਤੀ ਏ। ਘਰ ਦੀਆਂ ਦੀਵਾਰਾਂ ‘ਤੇ ਲਟਕਦੀਆਂ ਤਸਵੀਰਾਂ ਵੀ ਖਾਮੋਸ਼ ਨੇ। ਕੁਝ ਤਾਂ ਅਲਮਾਰੀਆਂ/ਪੇਟੀਆਂ ਵਿਚ ਸੰਭਾਲ ਦਿਤੀਆਂ ਨੇ ਤਾਂ ਜੋ ਉਨ੍ਹਾਂ ਵੱਲ ਤੱਕਣ ਅਤੇ ਉਨ੍ਹਾਂ ਦੇ ਪ੍ਰਸ਼ਨਾਂ ਦੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ।
ਘਰ, ਦਰਅਸਲ ਦੋ ਘਰਾਂ ਵਿਚ ਤਕਸੀਮ ਹੋ ਗਿਆ ਏ। ਇਕ ਘਰ ਜੋ ਕਿਰਸ ਕਰਕੇ ਆਪਣੀ ਜਨਮ-ਭੂਮੀ ‘ਤੇ ਬਣਾਇਆ ਸੀ। ਇੱਟਾਂ-ਪੱਥਰਾਂ ਵਿਚ ਧੜਕਣ ਪੈਦਾ ਕੀਤੀ ਅਤੇ ਇਸ ਵਿਚੋਂ ਹੀ ਜ਼ਿੰਦਗੀ ਨੂੰ ਪਰਿਭਾਸ਼ਤ ਕੀਤਾ। ਇਕ ਹੋਰ ਘਰ ਜੋ ਸਾਡੀ ਕਰਮ-ਭੂਮੀ ਵਿਚ ਏ, ਜਿਸ ਨੇ ਸਾਨੂੰ ਰੋਜ਼ਗਾਰ ਦਿਤਾ ਅਤੇ ਲਿਆਕਤ ਨੂੰ ਸੁਚਾਰੂ ਤੇ ਉਸਾਰੂ ਪਾਸੇ ਲਾਉਣ ਦੀ ਜੁਗਤ ਤੇ ਸਾਧਨ ਦਿੱਤੇ। ਵਿਦੇਸ਼ ਵਿਚਲਾ ਘਰ ਇਕ ਰੈਣ-ਬਸੇਰਾ। ਮਾਨਸਿਕ ਜਾਂ ਰੂਹਾਨੀ ਸਾਂਝ ਤੋਂ ਵਿਰਵਾ ਕਿਉਂਕਿ ਉਸ ਦੀ ਹਰ ਵਸਤ ਵਿਚੋਂ ਇਕ ਮਕਾਨਕੀ ਜੀਵਨ-ਸ਼ੈਲੀ ਦਾ ਝਉਲਾ। ਇਸ ਨਾਲ ਅੰਦਰੋਂ ਸ਼ਿੱਦਤ ਨਾਲ ਨਾ ਜੁੜਨਾ, ਮਨ ਵਿਚ ਕਈ ਪ੍ਰਸ਼ਨ ਪੈਦਾ ਕਰਦਾ, ਪਰ ਇਹ ਵੀ ਘਰ ਤੇ ਦੇਸ਼ ਵਿਚਲਾ ਵੀ ਘਰ ਹੀ ਅਖਵਾਉਂਦਾ। ਘਰ ਦੇ ਅਰਥਾਂ ਦੀ ਅਸੀਮਤਾ, ਆਪਣੀ ਜਨਮ-ਭੂਮੀ ਨਾਲ ਹੀ ਜੁੜਦੀ। ਤਾਂ ਹੀ ਜੀਅ ਕਰਦਾ ਆਪਣੇ ਦੇਸ਼ ਨੂੰ ਪਰਤ, ਘਰ ਅਤੇ ਜਨਮ-ਮਿੱਟੀ ਨੂੰ ਨਤਮਸਤਕ ਹੋਣ ਨੂੰ।
ਮੇਰਾ ਸੰਵੇਦਨਸ਼ੀਲ ਮਿੱਤਰ ਕਹਿੰਦਾ ਏ ਕਿ ਤੈਨੂੰ ਹੁਣ ਦੇਸ਼ ਵਿਚ ਰਹਿਣ ਨਾਲੋਂ ਵਿਦੇਸ਼ ਨੂੰ ਪਰਤਣ ਦੀ ਕਾਹਲ ਏ। ਤੇਰਾ ਹੇਰਵਾ ਪਿੱਛਲਖੁਰੀ ਹੋ ਗਿਆ ਏ। ਸੋਚਦਾ ਹਾਂ ਕਿ ਸ਼ਾਇਦ ਇਹ ਸੱਚ ਹੀ ਹੋਵੇ ਕਿਉਂਕਿ ਜਦ ਸ਼ਹਿਰ ਵਿਚ ਰਹਿਣ ਵਾਲਿਆਂ ਨੂੰ ਪਿੰਡ ਪਛਾਣਨ ਤੋਂ ਆਕੀ ਹੋ ਜਾਵੇ, ਵਿਦੇਸ਼ ਵਿਚ ਰਹਿੰਦਿਆਂ ਨੂੰ ਦੇਸ਼ ਪਰਤਣ ‘ਤੇ ਲੋਕ ਅੱਖ ਬਚਾਉਣ ਲੱਗ ਪੈਣ ਅਤੇ ਉਨ੍ਹਾਂ ਦੀ ਹਰ ਗੱਲ-ਕੱਥ ਵਿਚੋਂ ਨਿੱਜੀ ਸੁਆਰਥ ਦੀ ਬਦਬੂ ਆਣ ਲੱਗ ਪਵੇ ਤਾਂ ਪਰਦੇਸ ਗਿਆਂ ਦਾ ਘਰਾਂ ਨੂੰ ਪਰਤਣਾ ਬਹੁਤ ਔਖਾ ਹੋ ਜਾਂਦਾ। ਜਦ ਪਰਦੇਸੀ ਆਪਣੇ ਘਰਾਂ ਨੂੰ ਨਹੀਂ ਪਰਤਦੇ ਤਾਂ ਘਰ ਬਹੁਤ ਉਦਾਸ, ਹਤਾਸ਼ ਅਤੇ ਨਿਰਾਸ਼ ਹੋ ਜਾਂਦਾ। ਇਹ ਪਰਵਾਸ ਪਿੰਡ ਤੋਂ ਨਗਰ/ਮਹਾਂਨਗਰ ਦਾ ਹੋਵੇ ਜਾਂ ਦੇਸ਼ ਤੋਂ ਪਰਦੇਸ ਦਾ ਹੋਵੇ। ਜਦ ਪਰਵਾਸੀਆਂ ਦੇ ਪੱਲੇ ਨਿਰਾਸ਼ਾ ਪੈਣ ਲੱਗ ਪਵੇ ਤਾਂ ਸਮਾਜਿਕ ਤੰਦਾਂ ਤਿੜਕਣ ਤੋਂ ਕਿਵੇਂ ਬਚਣਗੀਆਂ? ਰਿਸ਼ਤਿਆਂ ਵਿਚਲੀ ਕਚਿਆਈ ਅਤੇ ਸਵਾਰਥ ਨੇ ਹੀ ਗੰਢਾਂ ਨੂੰ ਜਨਮ ਦੇਣਾ ਹੁੰਦਾ।
ਘਰ ਬਹੁਤ ਉਦਾਸ ਹੋ ਜਾਂਦਾ ਜਦ ਵਾਪਸ ਪਰਤਣ ਦੇ ਦਿਨਾਂ ਦੀ ਗਿਣਤੀ ਸੁੰਗੜਦੀ। ਤੁਸੀਂ ਹਰ ਵਸਤ ਨੂੰ ਸੰਭਾਲਣ ਵਿਚ ਰੁਝਦੇ ਤਾਂ ਘਰ ਦੇ ਨੈਣਾਂ ਵਿਚਲੇ ਖੇੜੇ ਦੀ ਥਾਂ ਉਦਾਸੀ ਦੀ ਪਰਤ ਪਰਤਣੀ ਸ਼ੁਰੂ ਹੋ ਜਾਂਦੀ। ਘਰ ਦੀਆਂ ਕੰਧਾਂ ਵਿਚ ਚੁੱਪ ਦਾ ਵਾਸ ਹੋ ਜਾਂਦਾ ਅਤੇ ਕਮਰੇ ਵਿਚਲੀ ਚਹਿਲ-ਪਹਿਲ ਖਾਮੋਸ਼ੀ ਦਾ ਰੂਪ ਧਾਰ ਘਰ ਵਿਚ ਫੈਲ ਜਾਂਦੀ। ਘਰ ਨੂੰ ਫਿਰ ਤੋਂ ਬੰਦ ਦਰਾਂ ਦਾ ਦਰਦ ਸਹਿਣ ਲਈ ਤਿਆਰ ਹੋਣ ਦੇ ਰਾਹ ਪੈਣਾ ਪੈਂਦਾ। ਘਰ ਵਿਚਲੀ ਹਰ ਵਸਤ ਗੁੰਮ ਸੁੰਮ ਹੋ ਜਾਂਦੀ। ਘਰ ਦੀ ਇਸ ਮਾਨਵੀ ਚੁੱਪ ਅਤੇ ਸੰਵੇਦਨਾ ਵਿਚ ਗੁੰਮ ਹੋ, ਜਦ ਵਾਪਸ ਪਰਦੇਸ ਜਾਣ ਲਈ ਮੈਂ ਘਰੋਂ ਬਾਹਰ ਪੈਰ ਧਰਦਾ ਤਾਂ ਮਨ ਖੁਸਦਾ। ਕੁਝ ਤਿੜਕਦਾ ਅਤੇ ਇਸ ਦੀ ਚੀਸ ਵਿਚ ਅੰਤਰੀਵ ਫਿਸ ਜਾਂਦਾ, ਅੱਖਾਂ ਵਿਚ ਨਮੀ ਉਤਰਦੀ ਅਤੇ ਘਰ ਨੂੰ ਨਮ ਅੱਖਾਂ ਨਾਲ ਅਲਵਿਦਾ ਕਹਿਣ ਲਈ ਮਜਬੂਰ ਹੋਣਾ ਪੈਂਦਾ।
ਘਰ ਨਾਲ ਸੰਵੇਦਨਾ ਦੀ ਇਹ ਕੇਹੀ ਸਾਂਝ ਏ ਕਿ ਅਸੀਂ ਘਰ ਤੋਂ ਪਰਦੇਸ ਤੁਰਨ ਲੱਗਿਆਂ ਕਦੇ ਦਰਵਾਜਿਆਂ ਅਤੇ ਘਰ ਨੂੰ ਜੰਦਰਾ ਨਹੀਂ ਲਾਉਂਦੇ। ਘਰ ਨੂੰ ਖੁੱਲ੍ਹਾ ਛੱਡ ਕੇ ਵਿਦੇਸ਼ ਨੂੰ ਤੁਰਦਾ ਹਾਂ ਅਤੇ ਵਿਦੇਸ਼ ਤੋਂ ਘਰ ਪਰਤਣ ‘ਤੇ ਵੀ ਮੇਰੀ ਤਮੰਨਾ ਹੁੰਦੀ ਹੈ ਕਿ ਘਰ ਦੇ ਖੁੱਲ੍ਹੇ ਬੂਹੇ ਮੇਰੀ ਆਮਦ ਦਾ ਜਸ਼ਨ ਬਣਨ। ਬੰਦ ਘਰਾਂ ਨੂੰ ਨਜ਼ਰ ਲੱਗ ਜਾਂਦੀ ਏ। ਇਸ ਦੀਆਂ ਨੀਂਹਾਂ ਵਿਚ ਖੋਖਲਾਪਣ ਅਤੇ ਇਮਾਰਤਸਾਜੀ ਵਿਚ ਸਿਉਂਕ ਲੱਗਦੀ। ਘਰ ਫਿਰ ਘਰ ਨਹੀਂ ਰਹਿੰਦਾ। ਮੇਰੇ ਜਾਣ ਤੋਂ ਬਾਅਦ ਘਰ ਵਿਚ ਸਫਾਈ ਕਰਨ ਵਾਲਾ ਜਾਂ ਮੇਰਾ ਭਰਾ ਘਰ ਨੂੰ ਬੰਦ ਕਰਦੇ ਨੇ। ਹਰ ਰੋਜ਼ ਸਫਾਈ ਕਰਨ ਵਾਲੇ ਦੀ ਪੈੜ-ਚਾਲ ਘਰ ਨੂੰ ਉਦਾਸ ਨਹੀਂ ਹੋਣ ਦਿੰਦੀ। ਘਰ, ਘਰ ਬਣਿਆ ਰਹਿੰਦਾ। ਕੈਦੀ-ਮਾਨਸਿਕਤਾ, ਬੰਦ ਬੂਹੇ-ਬਾਰੀਆਂ, ਜੰਗਾਲੇ ਦਰਵਾਜੇ ਜਾਂ ਉਜੜੇ ਵਿਹੜੇ ਵਰਗਾ ਅਹਿਸਾਸ ਪੈਦਾ ਨਹੀਂ ਹੁੰਦਾ ਅਤੇ ਘਰ ‘ਚ ਬੇਗਾਨਗੀ ਨਹੀਂ ਫੈਲਦੀ।
ਘਰ ਦੀ ਉਦਾਸੀ ਨੂੰ ਮਨ-ਮਸਤਕ ਵਿਚ ਰੱਖ, ਘਰੋਂ ਵਿਦੇਸ਼ ਨੂੰ ਤੁਰਦਾ ਹਾਂ ਤਾਂ ਵਿਦੇਸ਼ ਵਿਚਲੇ ਘਰ ਅਤੇ ਆਰ-ਪਰਿਵਾਰ ਦੇ ਦੀਦਿਆਂ ਵਿਚ ਚਮਕ ਪੈਦਾ ਹੋ ਜਾਂਦੀ ਏ। ਇਕ ਘਰ ਦਾ ਹਾਸਲ, ਦੂਸਰੇ ਘਰ ਲਈ ਵਿਗੋਚਾ। ਇਸ ਹਾਸਲ ਅਤੇ ਵਿਗੋਚੇ ਵਿਚ ਹੀ ਜੀਵਨ-ਪੰਧ ਮੁੱਕ ਜਾਂਦਾ। ਪਰ ਇਸ ਹਾਸਲ ਅਤੇ ਵਿਗੋਚੇ ਦੌਰਾਨ ਮਨੁੱਖ ਦੀ ਕਰਮ-ਯੋਗਤਾ ਹੀ ਉਸ ਦਾ ਸੁੱਚਾ ਹਾਸਲ। ਇਹ ਹਾਸਲ ਹੀ ਦੋਹਾਂ ਘਰਾਂ ਦਾ ਅਜਿਹਾ ਮੁਕਟ ਹੁੰਦਾ, ਜਿਸ ‘ਤੇ ਦੋਵੇਂ ਘਰ ਨਾਜ਼ ਕਰਦੇ।
ਉਦਾਸ ਮਨ ਕੂਕਦਾ; ਘਰ ‘ਚੋਂ ਘਰ ਦੇ ਅਰਥਾਂ ਵਰਗੀ ਮਾਂ ਜਿਹਾ ਮਿਲੇ ਪਿਆਰ। ਘਰ ਹੀ ਹੁੰਦਾ ਬਾਪ ਦੀ, ਸੱਗਵੀਂ ਅਸੀਸ ਦਾ ਵਿਸਥਾਰ। ਘਰ ਹੀ ਹੁੰਦਾ ਝਰਦਾ ਚਾਨਣ ਰਾਹੀਂ ਖੁਣਦਾ ਪੈੜਾਂ। ਇਸ ਦੇ ਦਰ ਨੂੰ ਸਿਜਦਾ ਕਰੀਏ, ਪਾਉਂਦਾ ਝੋਲੀ ਖੈਰਾਂ। ਘਰ ਦੀਆਂ ਕੰਧਾਂ ਭਰਨ ਹੁੰਗਾਰਾ, ਜੇ ਕੋਈ ਮਾਰੇ ਹਾਕ। ਇਸ ਦਾ ਹਰ ਕੌਲਾ-ਖੂੰਜਾ ਸਾਥੀ, ਸੁਖਨ ਤੇ ਪਾਕ। ਘਰ-ਬੰਨੇਰੀਂ ਬੋਲਦੇ ਰਹਿਸਣ, ਹਰ ਵੇਲੇ ਹੀ ਕਾਂ। ਘਰ ਦੀ ਰੌਣਕ ਬਣੀ ਰਹਿਸੀ, ਖੂੰਡੀ ਖੜਕਾਉਂਦੀ ਮਾਂ। ਘਰ ਦੀ ਸਾਕ-ਸਕੀਰੀ ਵਿਚੋਂ ਮੌਲੇ ਜੀਵਨ-ਗੀਤ। ਜੀਵਨ-ਤੰਦਾਂ ਦੀ ਪਕਿਆਈ, ਯੁਗਾਂ ਜੇਡੀ ਰੀਤ। ਮਨਾ! ਘਰ ਜਿੰਨੇ ਵੀ ਹੋਵਣ, ਪਰ ਜਿੰਦ ਦਾ ਘਰ ਇਕਹਿਰਾ। ਇਸ ਦੀ ਜੂਹ ਵਿਚ ਸ਼ਾਮ-ਸਵੇਰਾ ਤੇ ਕੱਟੀਏ ਤਿੱਖੜ ਦੁਪਹਿਰਾ। ਘਰ ਨੂੰ ਘਰ ਦੇ ਅਰਥਾਂ ਵਿਚੋਂ ਭੁੱਲ ਕੇ ਕੁਝ ਨਾ ਪਾਇਆ। ਘਰ ਵਿਚੋਂ ਹੀ ਗੁੰਮ ਨਾ ਹੋਵੇ, ਘਰ ਵਰਗਾ ਹਮਸਾਇਆ।
ਅੰਬਰੀ ਸੁਪਨਿਆਂ ਦੀ ਪੂਰਨਤਾ ਲਈ ਉਚੀਆਂ ਉਡਾਣਾਂ ਭਰਨ ਵਾਸਤੇ ਘਰਾਂ ਵਿਚੋਂ ਬਾਹਰ ਨੂੰ ਤੁਰੇ ਪੈਰਾਂ ਦਾ ਸਦਾ ਲਈ ਘਰਾਂ ਨੂੰ ਪਰਤਣਾ ਤਾਂ ਮੁਸ਼ਕਿਲ, ਪਰ ਕਦੇ-ਕਦਾਈਂ ਘਰਾਂ ਨੂੰ ਪਰਤੀਏ, ਉਨ੍ਹਾਂ ਦੀ ਉਦਾਸੀ ਨੂੰ ਘਟਾਈਏ। ਵਿਹੜੇ ਨੂੰ ਘੁੱਗ ਵੱਸਣ ਦਾ ਮੌਕਾ ਬਖਸ਼ੀਏ। ਇਸ ਦੀ ਉਚਮਤਾ ਅਤੇ ਸੁੱਚਮਤਾ ਨੂੰ ਸਿਜਦਾ ਕਰੀਏ ਕਿਉਂਕਿ ਘਰ ਹੀ ਮਨੁੱਖ ਦਾ ਸਭ ਕੁਝ ਹੁੰਦਾ, ਜੋ ਸਿਰ ਲਈ ਛੱਤ, ਦੀਦਿਆਂ ਲਈ ਸੁਪਨੇ, ਪੀਢੀਆਂ ਸਾਂਝਾਂ ਦੀ ਧਰਾਤਲ ਅਤੇ ਰਿਸ਼ਤਿਆਂ ਵਿਚਲੀ ਪਾਕੀਜ਼ਗੀ ਤੇ ਪਕਿਆਈ ਦੀ ਬੁਨਿਆਦ ਏ।
ਘਰ ਵਾਲਿਆਂ ਦੀ ਗੈਰ-ਹਾਜ਼ਰੀ ਵਿਚ ਘਰ ਸੱਚੀਂ ਬਹੁਤ ਉਦਾਸ ਹੁੰਦਾ, ਪਰ ਮੈਂ ਅਕਸਰ ਹੀ ਗਾਹੇ-ਬਗਾਹੇ ਘਰ ਨੂੰ ਪਰਤਦਾਂ। ਇਸ ਦੀ ਫਿਜ਼ਾ ਵਿਚੇ ਖੇੜਿਆਂ ਦੇ ਪਲ ਅਤੇ ਮਿੱਤਰ-ਮਿਲਣੀਆਂ ਦੇ ਸਬੱਬ, ਇਸ ਨੂੰ ਜਿਉਣ ਜੋਗਾ ਕਰਦੇ। ਘਰ ਵਾਲਿਆਂ ਦੇ ਨਿਰੰਤਰ ਪਰਤਣ ਦੀ ਆਸ ਦਾ ਚਿਰਾਗ, ਕੰਧ ਦੇ ਆਲੇ ਵਿਚ ਧਰਦਾ ਹਾਂ।
ਘਰ ਦੀ ਅਲਾਮਤੀ ਅਤੇ ਇਸ ਦੀ ਉਦਾਸੀ ਨੂੰ ਹਰਨ ਲਈ ਆਸ ਦੇ ਚਿਰਾਗ ਜਗਦੇ ਰਹਿਣੇ ਹੀ ਚਾਹੀਦੇ, ਪਰ ‘ਕੇਰਾਂ ਤਾਂ ਦੀਵੇ ਜਗਾਉਣ ਦਾ ਹੀਆ ਪਰਵਾਸੀਆਂ ਨੂੰ ਕਰਨਾ ਹੀ ਪੈਣਾ।