ਅਕਾਲੀਆਂ ਦਾ ਸਿਆਸੀ ਸੰਕਟ

ਪ੍ਰੋ. ਬਲਕਾਰ ਸਿੰਘ
ਫੋਨ: 91-93163-01328
ਪੰਜਾਬ ਦਾ ਸਿਆਸੀ ਤਾਪਮਾਨ ਇੰਨਾ ਗਰਮਾਇਆ ਹੋਇਆ ਹੈ ਕਿ ਸੰਭਾਵਿਤ ਨਤੀਜਿਆਂ ਦਾ ਡਰ ਚੁਫੇਰੇ ਫੈਲਿਆ ਲੱਗਣ ਲੱਗ ਪਿਆ ਹੈ। 7 ਅਤੇ 14 ਅਕਤੂਬਰ ਦੀਆਂ ਸਿਆਸੀ ਰੈਲੀਆਂ ਨੂੰ ਲੈ ਕੇ ਨਤੀਜੇ ਕੁਝ ਵੀ ਨਿਕਲਣ, ਪੰਜਾਬ ਲਈ ਸਿਆਸਤਦਾਨਾਂ ਦੇ ਪੈਰੋਂ ਪੈਦਾ ਹੋ ਗਏ ਸਵਾਲਾਂ ਨੇ ਲੱਗਦਾ ਹੈ, ਉਵੇਂ ਹੀ ਬਣੇ ਰਹਿਣਾ ਹੈ। ਆਮ ਪੰਜਾਬੀ ਬੰਦੇ ਦੇ ਅੰਦਰ ਬਾਣੀ ਦੀ ਬੇਅਦਬੀ ਨੂੰ ਲੈ ਕੇ ਪੈਦਾ ਹੋ ਗਏ ਸਵਾਲਾਂ ਦਾ ਰੋਹੜ ਰੁਕਦਾ ਨਜ਼ਰ ਨਹੀਂ ਆਉਂਦਾ। ਸਵਾਲਾਂ ਦੀਆਂ ਸੁੱਚੀਆਂ ਅੰਗੜਾਈਆਂ ਦੀ ਸਿਆਸੀ ਖਿੱਚ-ਧੂਹ ਬਾਰੇ ਕਦਮ ਰੋਕ ਕੇ ਸੋਚਣ ਵੱਲ ਕਿਸੇ ਦਾ ਧਿਆਨ ਹੀ ਨਹੀਂ ਹੈ।

ਕੌਣ ਦੱਸੇ ਕਿ ਜਜ਼ਬਾਤੀ ਵਹਿਣ ਨੂੰ ਚੇਤਨਾ ਦੇ ਬੰਨ੍ਹ ਮਾਰਨ ਦੀ ਲੋੜ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਅਜਿਹੇ ਕੋਮਲ ਪਹਿਲੂਆਂ ਦੀ ਸਿਆਸਤ ਜਿਸ ਤਰ੍ਹਾਂ ਸਿਆਸਤਦਾਨ ਆਪਣੀ ਮਰਜ਼ੀ ਮੁਤਾਬਕ ਕਰਦੇ ਆ ਰਹੇ ਹਨ, ਉਸੇ ਦੇ ਨਤੀਜੇ ਪੰਜਾਬ ਜਿਸ ਤਰ੍ਹਾਂ ਪਹਿਲਾਂ ਭੁਗਤ ਚੁਕਾ ਹੈ, ਉਸ ਨੂੰ ਧਿਆਨ ਰੱਖ ਕੇ ਸਿਆਸਤਦਾਨਾਂ ਨੂੰ ਫੂਕ ਫੂਕ ਕੇ ਕਦਮ ਚੁੱਕਣੇ ਚਾਹੀਦੇ ਹਨ। ਇਸ ਵੇਲੇ ਸਿਆਸਤਦਾਨ, ਸਿਆਸੀ ਸਮਰਥਕ ਅਤੇ ਆਮ ਪੰਜਾਬੀ ਬੰਦੇ ਦੀਆਂ ਕੋਟੀਆਂ ਪੈਦਾ ਹੋ ਗਈਆਂ ਹਨ।
ਸਿਆਸਤਦਾਨਾਂ ਦੀਆਂ ਕੀਤੀਆਂ ਦਾ ਖਮਿਆਜ਼ਾ ਸਿਆਸੀ ਸਮਰਥਕ ਭੁਗਤਣ ਤਾਂ ਸਮਝਣਾ ਸੌਖਾ ਹੈ, ਪਰ ਇਨ੍ਹਾਂ ਦੋਹਾਂ ਦੀਆਂ ਕੀਤੀਆਂ ਦਾ ਖਮਿਆਜ਼ਾ ਜਦੋਂ ਆਮ ਪੰਜਾਬੀ ਬੰਦੇ ਨੂੰ ਭੁਗਤਣਾ ਪੈਂਦਾ ਹੈ ਤਾਂ ਸਿਆਸੀ ਦੁਖਾਂਤ ਪੈਦਾ ਹੋ ਜਾਂਦਾ ਹੈ। ਸਿਆਸਤਦਾਨ ਤਾਂ ਇਕ ਦੂਜੇ ਨੂੰ ਇਹ ਦੱਸਣ ਵਿਚ ਉਲਝੇ ਹੋਏ ਹਨ ਕਿ ਜੋ ਕੁਝ ਸਿਆਸਤਦਾਨਾਂ ਦੇ ਹੱਕ ਵਿਚ ਨਹੀਂ ਭੁਗਤਦਾ, ਉਹ ਜ਼ਿੰਦਗੀ ਦਾ ਹਿੱਸਾ ਹੀ ਨਹੀਂ ਹੈ। ਆਮ ਜ਼ਿੰਦਗੀ ਦੇ ਮਸਲਿਆਂ ਨੂੰ ਜਿਸ ਤਰ੍ਹਾਂ ਸਿਆਸਤ ਦਾ ਹਿੱਸਾ ਹੋਣਾ ਚਾਹੀਦਾ ਹੈ, ਉਹ ਇਸ ਕਰਕੇ ਨਹੀਂ ਹੋ ਰਿਹਾ ਕਿਉਂਕਿ ਠਿੱਬੀ ਲਾਉਣ ਦੀ ਸਿਆਸਤ ਨੇ ਆਪਣੇ ਦੋਹੀਂ ਹੱਥੀਂ ਬੁੱਧੂ ਬਣਾਉਣ ਅਤੇ ਵੱਢੀਖੋਰੀ ਦੇ ਕੁਤਕੇ ਫੜ੍ਹੇ ਹੋਏ ਹਨ ਅਤੇ ਜਿਥੇ ਜਿਸ ਦੀ ਲੋੜ ਪੈਂਦੀ ਹੈ, ਬੇਕਿਰਕੀ ਨਾਲ ਵਰਤੀ ਜਾ ਰਹੇ ਹਨ। ਇਸ ਨਾਲ ਪੰਜਾਬ ਦਾ ਸਿਆਸੀ ਮਾਹੌਲ ਨੱਕੋ ਨੱਕ ਭਰਿਆ ਪਿਆ ਹੈ। ਇਸ ਦੇ ਬਾਵਜੂਦ ਨਵੇਂ ਸਿਰਿਉਂ ਸਿਆਸੀ ਥਾਂ ਬਣਾਉਣ ਦੇ ਉਲਾਰ ਇੱਛੁਕ ਇਸ ਤਰ੍ਹਾਂ ਤਰਲੋਮੱਛੀ ਹੋਏ ਪਏ ਹਨ, ਜਿਵੇਂ ਉਨ੍ਹਾਂ ਨੇ ਸੋਚਣਾ ਹੈ ਅਤੇ ਬਸ ਹੋ ਜਾਣਾ ਹੈ। ਇਸ ਨਾਲ ਕਹਿਣਾ ਚਾਹ ਰਿਹਾ ਹਾਂ ਕਿ ਇਹ ਸੋਚੇ ਜਾਣ ਦੀ ਲੋੜ ਹੈ ਕਿ ਪੰਜਾਬ ਨੂੰ ਜੜ੍ਹਹੀਣ ਪੰਜਾਬ ਹੁੰਦੇ ਜਾਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ? ਸਿਆਸਤ ਕਰਕੇ ਤਾਂ ਇਹ ਸਥਿਤੀ ਪੈਦਾ ਹੋਈ ਹੈ ਅਤੇ ਸਿਆਸਤ ਰਾਹੀਂ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ?
ਸੁਪਨਿਆਂ ਦੇ ਮਹੱਤਵ ਦੀ ਕਦਰ ਕਰਦਿਆਂ ਵੀ ਇਹ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਇੱਛਾਵਾਂ ਦੇ ਘੋੜਿਆਂ ‘ਤੇ ਚੜ੍ਹ ਕੇ ਮੰਜ਼ਿਲਾਂ ਨਹੀਂ ਮਾਰੀਆਂ ਜਾ ਸਕਦੀਆਂ। ਪੰਜਾਬ ਦੀ ਸਿਆਸਤ ਦੇ ਕੇਂਦਰ ਵਿਚ ਪਿਛਲੇ ਤਿੰਨ ਸਾਲਾਂ ਤੋਂ ਬਾਣੀ ਦੀ ਬੇਅਦਬੀ ਦਾ ਮਸਲਾ ਟਿਕਿਆ ਹੋਇਆ ਹੈ ਅਤੇ ਇਹੀ ਇਸ ਵੇਲੇ ਬਰਗਾੜੀ ਦਾ ਮੋਰਚਾ ਹੋ ਗਿਆ ਹੈ। ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਦਾ ਧਿਆਨ ਬਰਗਾੜੀ ਵੱਲ ਹੈ ਅਤੇ ਇਸੇ ਨੂੰ ਇਕ ਦੂਜੇ ਦੇ ਖਿਲਾਫ ਵਰਤਣ ਦੀ ਸਿਆਸਤ ਹੋ ਰਹੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਮਸਲਾ ਬਾਦਲਕਿਆਂ ਦੇ ਪੈਰੋਂ ਪੈਦਾ ਹੋਇਆ ਸੀ ਅਤੇ ਇਸ ਮਸਲੇ ਨੂੰ ਸੁਲਝਾਉਣ ਤੋਂ ਬਾਦਲਕੇ ਲਗਾਤਾਰ ਟਲਦੇ ਰਹੇ ਹਨ। ਜਿਸ ਪ੍ਰਚੰਡਤਾ ‘ਤੇ ਇਹ ਮਸਲਾ ਆਪਣੇ ਸ਼ੁਰੂਆਤੀ ਦੌਰ ਵਿਚ ਪਹੁੰਚ ਗਿਆ ਸੀ, ਉਸ ਨਾਲੋਂ ਲਗਾਤਾਰ ਹੇਠਾਂ ਇਸ ਕਰਕੇ ਆਈ ਗਿਆ ਹੈ ਕਿ ਇਸ ਮਸਲੇ ਨੂੰ ਮੁਹਿੰਮ ਬਣਾ ਸਕਣ ਵਾਲੀ ਪੰਥ ਪ੍ਰਵਾਨਤ ਅਗਵਾਈ ਪੈਦਾ ਨਹੀਂ ਹੋ ਸਕੀ।
ਇਸ ਪਾਸੇ ਸਰਬੱਤ ਖਾਲਸਾ ਰਾਹੀਂ ਕੀਤੀ ਗਈ ਕੋਸ਼ਿਸ਼ ਸਿਆਸਤ ਦਾ ਸ਼ਿਕਾਰ ਹੋ ਚੁਕੀ ਹੈ ਅਤੇ ਇਹੀ ਇਸ ਵੇਲੇ ਸਰਬੱਤ ਖਾਲਸਾ ਦਾ ਹਾਸਲ ਤਿੰਨ ਜਥੇਦਾਰਾਂ ਦੀ ਅਗਵਾਈ ਵਿਚ ਇਕ ਵਾਰ ਫਿਰ ਸਥਿਤੀ ਉਥੇ ਪਹੁੰਚ ਗਈ ਹੈ, ਜਿਥੇ ਆਪਣੇ ਸ਼ੁਰੂਆਤੀ ਦੌਰ ਵਿਚ ਸੀ। ਇਸ ਵੇਲੇ ਵੀ ਇਸ ਦਾ ਕੋਈ ਲੀਡਰ ਨਹੀਂ ਹੈ, ਪਰ ਇਸ ਵੇਲੇ ਦੀ ਪ੍ਰਾਪਤੀ ਇਹ ਹੈ ਕਿ ਬਰਗਾੜੀ ਦੀ ਅਗਵਾਈ ਸਿੱਖ ਜਜ਼ਬਾ ਕਰ ਰਿਹਾ ਹੈ। ਇਸ ਵਿਚ ਸ਼ਾਮਲ ਹੋਣ ਵਾਲੇ ਕਿਸੇ ਵੀ ਰੰਗ ਦੇ ਸਿਆਸਤਦਾਨ ਨੂੰ ਸਿੱਖ ਜਜ਼ਬੇ ਰਾਹੀਂ ਹੀ ਹਿੱਸੇਦਾਰ ਹੋਣਾ ਪੈ ਰਿਹਾ ਹੈ। ਜਿਸ ਤਰ੍ਹਾਂ ਦੀ ਸ਼ਮੂਲੀਅਤ ਉਥੇ ਦਿਨੋ ਦਿਨ ਵੱਧ ਰਹੀ ਹੈ ਅਤੇ ਜਿਸ ਸੇਵਾ ਭਾਵਨਾ ਨਾਲ ਆਏ ਗਏ ਨੂੰ ਸੰਭਾਲਿਆ ਜਾ ਰਿਹਾ ਹੈ, ਉਸ ਨਾਲ ਬਰਗਾੜੀ ਮੋਰਚਾ ਸਿੱਖ ਮੋਰਚਾ ਹੁੰਦਾ ਜਾ ਰਿਹਾ ਹੈ। ਇਸ ਨੂੰ ਯੋਜਨਾਬੱਧ ਢੰਗ ਨਾਲ ਲੋੜੀਂਦੀ ਸੇਧ ਵਿਚ ਚਲਾਉਣ ਵੱਲ ਕਿਸੇ ਦਾ ਧਿਆਨ ਨਹੀਂ ਹੈ। ਇਉਂ ਲੱਗਦਾ ਹੈ ਕਿ ਇਹ ਕਿਸੇ ਵੇਲੇ ਵੀ ਪੰਥਕ ਉਬਾਲ ਦਾ ਰੂਪ ਧਾਰਨ ਕਰ ਸਕਦਾ ਹੈ।
ਇਸ ਹਾਲਤ ਵਿਚ ਇਹ ਸਰਕਾਰ ਵਾਸਤੇ ਸੰਕਟ ਹੋ ਸਕਦਾ ਹੈ। ਜਿਸ ਮਾਤਰਾ ਵਿਚ ਇਹ ਸੰਕਟ ਬਣੇਗਾ, ਉਸ ਮਾਤਰਾ ਵਿਚ ਇਸ ਦਾ ਲਾਭ ਪੰਥਕ ਸਿਆਸਤ ਨੂੰ ਹੋਵੇਗਾ ਅਤੇ ਕੀਮਤ ਸਿੱਖਾਂ ਦੇ ਕੋਮਲ ਜਜ਼ਬਿਆਂ ਨੂੰ ਚੁਕਾਉਣੀ ਪਵੇਗੀ। ਇੱਥੋਂ ਹੀ ਸ਼ੁਰੂਆਤ ਹੋਈ ਸੀ, ਬੇਅਦਬੀ ਕਾਂਡ ਦੀ ਅਤੇ ਇਥੇ ਹੀ ਬਰਗਾੜੀ ਮੋਰਚਾ ਇਸ ਵੇਲੇ ਟਿਕ ਗਿਆ ਹੈ।
ਇਸ ਵਿਸਥਾਰ ਵਿਚ ਜਾਣ ਦੀ ਗੁੰਜਾਇਸ਼ ਨਹੀਂ ਹੈ ਕਿ ਅਕਾਲੀਅਤ ਅਤੇ ਅਕਾਲੀ ਲੀਡਰਸ਼ਿਪ ਇਕ ਦੂਜੇ ਨਾਲ ਕਿਵੇਂ ਨਿਭਦੀ ਰਹੀ ਹੈ, ਪਰ ਇਸ ਵਿਚ ਕੋਈ ਰੌਲਾ ਨਹੀਂ ਹੈ ਕਿ ਬੇਅਦਬੀ ਮਾਮਲਾ ਅਕਾਲੀਆਂ ਦੇ ਪੈਰੋਂ ਨਹੀਂ, ਅਕਾਲੀ ਲੀਡਰਸ਼ਿਪ ਦੇ ਪੈਰੋਂ ਪੈਦਾ ਹੋਇਆ ਸੀ। ਉਸ ਵੇਲੇ ਸੁਖਬੀਰ ਸਿੰਘ ਬਾਦਲ ਨੂੰ Ḕਅਕਾਲੀ ਮਸੀਹੇḔ ਵਾਂਗ ਉਭਾਰਿਆ ਜਾ ਰਿਹਾ ਸੀ। ਸੰਤ ਸਮਾਜ ਨੂੰ ਨਾਲ ਮੰਨ ਲੈਣ ਪਿੱਛੋਂ ਸੌਦਾ ਸਾਧ ਰਾਹੀਂ ਮਾਲਵੇ ਦੇ ਵੋਟ ਬੈਂਕ ਨੂੰ ਕਾਬੂ ਕਰਨ ਦਾ ਭਰਮ ਪੈਦਾ ਹੋ ਗਿਆ ਸੀ। ਅਕਾਲੀ ਦਲ ਪੰਜਾਬੀ ਪਾਰਟੀ ਤਾਂ ਪਹਿਲਾਂ ਹੀ ਬਣ ਚੁਕਾ ਸੀ। ਨੌਜਵਾਨਾਂ ਦੀ ਰੋਡੀ-ਭੋਡੀ ਹੇੜ ਨੌਜਵਾਨ ਅਕਾਲੀਆਂ ਵਜੋਂ ਬੇਲਗਾਮ ਹੋਈ ਫਿਰਦੀ ਸੀ। ਇਸੇ ਵਹਿਣ ਵਿਚ ਸਿੱਖ ਦੋਖੀਆਂ ਨੇ ਸਿੱਖਾਂ ਦਾ ਗੁਰੂ ਚੋਰੀ ਕਰਨ ਦਾ ਭਰਮ ਪਾਲ ਲਿਆ ਸੀ ਅਤੇ ਇਹੀ ਬੇਅਦਬੀ ਕਾਂਡ ਵਜੋਂ ਸਾਹਮਣੇ ਆਉਣ ਲੱਗ ਪਿਆ ਸੀ। ਇਸੇ ਨੂੰ ਦਬਾਉਣ ਦੀਆਂ ਵਧੀਕੀਆਂ ਸਮੱਸਿਆਵਾਂ ਬਣਦੀਆਂ ਗਈਆਂ ਸਨ। ਵਾਧਾ ਇਹ ਕਿ ਨਾ ਉਸ ਵੇਲੇ ਦੀਆਂ ਤਫਤੀਸ਼ੀ ਏਜੰਸੀਆਂ ਵੱਲ ਧਿਆਨ ਦਿੱਤਾ ਗਿਆ ਸੀ ਅਤੇ ਨਾ ਹੀ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਕਾਰਵਾਈ ਕੀਤੀ ਗਈ ਸੀ। ਜਿਵੇਂ ਜਿਵੇਂ ਦੋਸ਼ੀ ਬਚਦੇ ਗਏ, ਤਿਵੇਂ ਤਿਵੇਂ ਅਕਾਲੀ ਲੀਡਰਸ਼ਿਪ ਫਸਦੀ ਗਈ ਸੀ।
ਪ੍ਰਬੰਧਕੀ ਏਜੰਸੀਆਂ ਅਤੇ ਕਾਨੂੰਨੀ ਪ੍ਰਕ੍ਰਿਆ ਨੂੰ ਲੋੜੀਂਦੀ ਸੇਧ ਵਿਚ ਲੈ ਕੇ ਜਾਣ ਦੀ ਸਿਆਸੀ ਇੱਛਾ ਦੀ ਘਾਟ ਨੇ ਆਮ ਸਿੱਖਾਂ ਦੀ ਮਾਨਸਿਕਤਾ ਨੂੰ ਜਿਸ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ, ਉਹੀ ਇਸ ਵੇਲੇ ਅਕਾਲੀ ਸਿਆਸਤ ਦਾ ਸੰਕਟ ਹੋ ਗਿਆ ਹੈ। ਕੈਪਟਨ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਰਾਹੀਂ ਇਸ ਵਿਚੋਂ ਨਿਕਲਣ ਦੀ ਜੋ ਕੋਸ਼ਿਸ਼ ਕਰ ਲਈ ਹੈ, ਉਸ ਨਾਲ ਬੇਅਦਬੀ ਮਾਮਲਾ ਬਾਦਲਕਿਆਂ ਦੇ ਪੱਕੇ ਤੌਰ ‘ਤੇ ਗਲ ਪੈ ਗਿਆ ਹੈ। ਕੈਪਟਨ ਸਰਕਾਰ ਕਿਉਂਕਿ ਅਕਾਲੀ ਸਰਕਾਰ ਦੀ ਨਿਰੰਤਰਤਾ ਵਿਚ ਹੈ, ਇਸ ਲਈ ਬੇਅਦਬੀ ਕਾਂਡ ਤੋਂ ਪੂਰੀ ਤਰ੍ਹਾਂ ਇਸ ਕਰਕੇ ਮੁਕਤ ਨਹੀਂ ਹੋਇਆ ਜਾ ਸਕਦਾ ਕਿਉਂਕਿ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਕਟਹਿਰੇ ਵਿਚ ਲਿਆਉਣ ਦਾ ਅਮਲ ਅਜੇ ਪੂਰਾ ਨਹੀਂ ਹੋਇਆ। ਇਸ ਹਾਲਤ ਵਿਚ ਸਿਆਸਤਦਾਨ ਵੀ ਮਹਿਸੂਸ ਕਰਨ ਲੱਗ ਪਏ ਹਨ ਕਿ ਬੇਅਦਬੀ ਮਾਮਲੇ ਵਿਚ ਧਿਰ ਹੋਣ ਤੋਂ ਬਚਣ ਵਿਚ ਹੀ ਬਚਾਉ ਹੈ। ਇਸ ਦੀ ਸ਼ੁਰੂਆਤ ਸ਼ ਸੁਖਦੇਵ ਸਿੰਘ ਢੀਂਡਸਾ ਨੇ ਹਲੀਮ ਸੁਰ ਵਿਚ ਕਰ ਦਿੱਤੀ ਹੈ।
ਸਿਆਸਤ ਵਿਚ ਕਹਿਣ ਨਾਲੋਂ ਵੱਧ ਅਣਕਹਿਆ ਅਹਿਮ ਹੁੰਦਾ ਹੈ। ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਸੁਖਬੀਰ ਸ਼ੈਲੀ ਵੱਲ ਇਸ਼ਾਰਾ ਟਕਸਾਲੀ ਆਗੂਆਂ-ਸੇਖਵਾਂ, ਬ੍ਰਹਮਪੁਰਾ ਅਤੇ ਰਤਨ ਸਿੰਘ ਅਜਨਾਲਾ ਨੇ ਪ੍ਰੈਸ ਕਾਨਫਰੰਸ ਕਰਕੇ ਕਰ ਦਿੱਤਾ ਹੈ। ਬੇਅਦਬੀ ਕਾਂਡ ਨੂੰ ਲੈ ਕੇ ਬਾਦਲਕੇ ਜਿਸ ਤਰ੍ਹਾਂ ਸਿਆਸੀ ਸੰਕਟ ਵਿਚ ਘਿਰ ਗਏ ਹਨ, ਇਸ ਵਿਚੋਂ ਨਿਕਲਣ ਦੀਆਂ ਕੋਸ਼ਿਸ਼ਾਂ ਅਕਾਲੀ ਸਮਰਥਕਾਂ ਨੂੰ ਚੁੱਪ ਕਰਾ ਵੀ ਲੈਣ ਤਾਂ ਵੀ ਆਮ ਸਿੱਖ ਆਸਥਾ ਵਿਚ ਸੁਖਬੀਰ ਨੂੰ ਟਿਕਾ ਸਕਣਾ ਸੌਖਾ ਨਹੀਂ ਹੋਵੇਗਾ।
ਪਹਿਲਾਂ ਹੀ ਬਾਦਲਕਿਆਂ ਨੇ ਆਪਣੇ ਪੰਥਕ ਅਕਸ ਨੂੰ ਸੰਭਾਲਣ ਦੀ ਕਦੇ ਲੋੜ ਹੀ ਨਹੀਂ ਸਮਝੀ ਅਤੇ ਪੰਥਕ ਪੁਲਾਂ ਹੇਠੋਂ ਜਿਸ ਤਰ੍ਹਾਂ ਬਹੁਤ ਕੁਝ ਵਹਿ ਗਿਆ ਹੈ, ਉਸ ਨੂੰ ਸੰਭਾਲਣਾ ਸੌਖਾ ਨਹੀਂ ਹੈ। ਸਿਆਸੀ ਇਕੱਠਾਂ ਨੂੰ ਪੰਥਕ ਇਕੱਠ ਸਮਝਣ ਦੀ ਸਿਆਸਤ ਦਾ ਸਮਾਂ ਗੁਜ਼ਰ ਚੁਕਾ ਹੈ। ਅਕਾਲੀ ਦਲ ਅਤੇ ਬਾਦਲੀ ਸਿਆਸਤ ਇਸ ਵੇਲੇ ਇਕ ਦੂਜੇ ਦੇ ਟਕਰਾਉ ਵਿਚ ਆਉਂਦੀ ਜਾ ਰਹੀ ਹੈ। ਇਸ ਹਾਲਤ ਵਿਚ ਜ਼ਰੂਰੀ ਨਹੀਂ ਕਿ ਜੋ ਅਕਾਲੀ ਦਲ ਨਾਲ ਹੈ, ਉਹ ਬਾਦਲਕਿਆਂ ਦੇ ਵੀ ਨਾਲ ਹੋਵੇ।
ਬਾਦਲਕਿਆਂ ਨੂੰ ਖਿੰਡੇ ਹੋਏ ਵਿਰੋਧੀ ਸਦਾ ਰਾਸ ਆਉਂਦੇ ਰਹੇ ਹਨ। ਇਸ ਵੇਲੇ ਬਾਦਲੀ ਸਿਆਸਤ ਅਤੇ ਪੰਥਕ ਮਾਨਸਿਕਤਾ ਆਹਮੋ-ਸਾਹਮਣੇ ਹੋ ਗਈਆਂ ਹਨ। ਇਸ ਹਾਲਤ ਵਿਚ ਅਕਾਲੀ ਦਲ ਦੇ ਬਦਲ ਦੀ ਥਾਂ ਅਕਾਲੀ ਦਲ ਨੂੰ ਬਾਦਲਕਿਆਂ ਤੋਂ ਬਚਾਏ ਜਾਣ ਦੀ ਵੰਗਾਰ ਪੈਦਾ ਹੋ ਗਈ ਹੈ। ਇਹ ਬੇਸ਼ੱਕ ਸੌਖਾ ਨਹੀਂ ਹੈ, ਪਰ ਇਸ ਵਿਚ ਜੋ ਸੌਖਾ ਨਹੀਂ ਹੈ, ਉਹੀ ਤਾਂ ਸਿੱਖ ਸੰਘਰਸ਼ ਹੁੰਦਾ ਜਾ ਰਿਹਾ ਹੈ। ਸਿੱਖੀ ਵਿਚ ਬੰਦੇ ਨੂੰ ਸੰਸਥਾ ਦਾ ਬਦਲ ਹੋ ਜਾਣ ਦੀ ਆਗਿਆ ਨਹੀਂ ਹੈ। ਇਸ ਸੰਕਟ ਦੀ ਘੜੀ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਨੂੰ ਅਕਾਲ ਤਖਤ ਵਾਂਗ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਬਾਦਲਕੇ ਕੰਧ ‘ਤੇ ਲਿਖਿਆ ਪੜ੍ਹਨ ਦੀ ਥਾਂ, ਸਿਆਸੀ ਪਰਦੇ ਵਿਚ ਸਭ ਕੁਝ ਲੁਕਾ ਲੈਣਾ ਚਾਹੁੰਦੇ ਹਨ।
ਅਸਲ ਧਰਮ ਸੰਕਟ ਅਕਾਲੀ ਵਰਕਰਾਂ ਵਾਸਤੇ ਪੈਦਾ ਹੋ ਗਿਆ ਹੈ, ਕਿਉਂਕਿ ਉਹ ਅਕਾਲੀ ਦਲ ਅਤੇ ਅਕਾਲੀ ਲੀਡਰਸ਼ਿਪ ਵਿਚਕਾਰ ਫਰਕ ਕਰਨ ਵਾਸਤੇ ਨਾ ਹੀ ਸੁਜੱਗ ਹਨ ਅਤੇ ਨਾ ਹੀ ਸੁਤੰਤਰ ਹਨ। ਸੰਕਟ, ਉਨ੍ਹਾਂ ਗੁਰੂਕਿਆਂ ਵਾਸਤੇ ਵੀ ਹੈ, ਜੋ ਅਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ ਨਹੀਂ ਹਨ, ਪਰ ਅਕਾਲੀ ਦਲ ਵਰਗੀ ਵਿਰਾਸਤੀ ਸੰਸਥਾ ਨੂੰ ਢਹਿੰਦਾ ਵੀ ਨਹੀਂ ਵੇਖਣਾ ਚਾਹੁੰਦੇ। ਬਰਗਾੜੀ ਨਾਲ ਜੁੜੇ ਹੋਇਆਂ ਨੂੰ ਕਿਵੇਂ ਸਮਝਾਈਏ ਕਿ ਬੇਅਦਬੀ ਮਾਮਲਾ ਨਾ ਹੀ ਮਹਿਜ ਸਿਆਸੀ ਮਾਮਲਾ ਹੈ ਅਤੇ ਨਾ ਹੀ ਮਹਿਜ ਕਾਨੂੰਨੀ ਮਾਮਲਾ ਹੈ। ਇਹ ਮਾਮਲਾ ਸਿੱਖ ਮਾਨਸਿਕਤਾ ਨਾਲ ਜੁੜਿਆ ਹੋਇਆ ਹੈ ਅਤੇ ਇਸ ਦਾ ਹੱਲ ਸਿੱਖ ਮਾਨਸਿਕਤਾ ਨੂੰ ਨਾਲ ਲੈ ਕੇ ਹੀ ਕੀਤਾ ਜਾ ਸਕਦਾ ਹੈ। ਇਹ ਗੱਲ ਸਭ ਤੋਂ ਪਹਿਲਾਂ ਅਕਾਲੀ ਵਰਕਰਾਂ ਨੂੰ ਸਮਝਣੀ ਚਾਹੀਦੀ ਹੈ ਅਤੇ ਅਕਾਲੀ ਸਿਆਸਤ ਵਿਚ ਪੈਦਾ ਹੋ ਰਹੀ ਘੁਟਣ ਤੋਂ ਮੁਕਤ ਹੋ ਕੇ ਸੋਚਣਾ ਚਾਹੀਦਾ ਹੈ ਕਿ ਅਕਾਲੀ ਦਲ ਵਾਸਤੇ ਅਕਾਲੀ ਦਲ ਦੇ ਹਾਣ ਦੀ ਲੀਡਰਸ਼ਿਪ ਦਾ ਰਾਹ ਪੱਧਰਾ ਕਿਵੇਂ ਕੀਤਾ ਜਾਵੇ?