ਕਵਿਤਾ ਦਾ ਖੁਦ-ਵਿਸਰਜਣ

ਗੁਰਦਿਆਲ ਬੱਲ
ਮੈਂ ਸੋਹਣ ਸਿੰਘ ਮੀਸ਼ੇ ਦਾ ਮੁਰੀਦ ਹਾਂ, ਉਸ ਦੀ ਕਵਿਤਾ ਦਾ ਉਪਾਸ਼ਕ ਤੇ ਖੁਦ-ਵਿਸਰਜਣ ਲਈ ਕਾਂਜਲੀ ਲੇਕ ਜਿਹੀ ਕਿਸੇ ‘ਕਵਿਤਾḔ ਦੀ ਤਲਾਸ਼ ‘ਚ ਹਾਂ।
ਮੀਸ਼ੇ ਨੇ 22 ਸਤੰਬਰ ਦੇ ਦਿਨ ਆਪਣੇ ਹੀ ਜ਼ਿਲ੍ਹੇ ‘ਚ ਪੈਂਦੀ ਆਪਣੀ ਮਨਪਸੰਦ ਝੀਲ ਵਿਚ ਖੁਦ ਦਾ ਵਿਸਰਜਣ ਕਰ ਲਿਆ ਸੀ। ਦਰਅਸਲ ਇਹ ਕਵਿਤਾ ਦਾ ਖੁਦ ਵਿਸਰਜਣ ਸੀ।

ਅੱਜ ਮੇਰੀ ਸੁਰਤ ਉਸ ਦੀ ਨੇਕ ਯਾਦ ਅਤੇ ਕਾਵਿ ਪ੍ਰਤਿਭਾ ਨੂੰ ਸਮਰਪਿਤ ਹੈ। ਆਉ ਸਾਰੇ ਮਿਲ ਕੇ ਉਸ ਦੀ ਸੁਰਖਰੂ ਯਾਦ ਨੂੰ ਪ੍ਰਣਾਮ ਕਰੀਏ:
ਜੰਗਲ ਦੇ ਵਿਚ ਰਾਤ ਪਈ ਹੈ
ਕਦੀ ਕਦੀ ਕੋਈ ਹਨੇਰੇ ਵਿਚ ਟਟਹਿਣਾ ਚਮਕੇ
ਲੋਅ ਹੋਵੇਗੀ ਨਿੱਘ ਮਿਲੇਗਾ
ਸਮਝਣ ਕਈ ਕਾਫਲੇ ਵਾਲੇ
ਕਦੀ ਟਟਹਿਣੇ ਨਿੱਘ ਨਹੀਂ ਦਿੰਦੇ
ਇਹ ਤਾਂ ਆਪਣੀ ਕਾਮ ਚੇਸ਼ਟਾ ਵਿਚ ਭਟਕਦੇ
ਜੰਗਲ ਦੇ ਵਿਚ ਰਾਤ ਪਈ ਹੈ।

ਲੋ ਹੀ ਲੋ ਸੀ ਸੇਕ ਨਹੀਂ ਸੀ
ਦੇਖ ਲਿਆ ਮੈਂ ਜੁਗਨੂੰ ਫੜ੍ਹ ਕੇ।
ਇਹ ਬੋਲ ਪੰਜਾਬੀ ਦੇ ਉਸ ਸੰਵੇਦਨਸ਼ੀਲ, ਸੋਜ ਭਰਪੂਰ, ਸ਼ਰਮੀਲੇ, ਸੰਜ਼ੀਦਾ ਅਤੇ ਸਮਰੱਥ ਕਵੀ ਸੋਹਣ ਸਿੰਘ ਮੀਸ਼ਾ ਦੇ ਹਨ।
ਮੀਸ਼ਾ ਸਾਡੇ ਸਮਿਆਂ ਦੇ ਲਰਜ਼ਦੇ ਸੱਚ ਦੀ ਸਮੀਖਿਆ ਅਤੇ ਹਕੀਕਤ ਬਿਆਨ ਕਰਦੇ ਹਨ। ਮੀਸ਼ੇ ਦੀ ਕਵਿਤਾ ਸੂਖਮ ਜਿਹੇ ਅੰਦਾਜ ਵਿਚ ਰੂਹ ਨੂੰ ਬੇਚੈਨ ਕਰਦੀ ਹੈ ਤੇ ਅਸਲੋਂ ਹੀ ਨਵੀਂ ਜਿਹੀ ਤੜਪ ਜਗਾਉਂਦੀ ਹੈ। ਉਹ ਸਮੇਂ ਦੇ ਅੱਲੇ ਜ਼ਖਮਾਂ ‘ਤੇ ਕਵਿਤਾ ਦੀਆਂ ਪੱਟੀਆਂ ਨਹੀਂ ਕਰਦੀ, ਨਾ ਫਹੇ ਧਰਦੀ ਹੈ ਅਤੇ ਨਾ ਹੀ ਜ਼ਖਮਾਂ ਨੂੰ ਪਲੋਸਦੀ, ਸਹਿਲਾਉਂਦੀ ਜਾਂ ਗਾਉਂਦੀ ਹੈ।
ਮੀਸ਼ੇ ਦੀ ਕਵਿਤਾ ਨਾ ਕਿਤੇ ਲਾਠੀ ਬਣਦੀ ਹੈ, ਨਾ ਲੋਗੜ, ਨਾ ਗੰਡਾਸਾ ਤੇ ਨਾ ਹੀ ਨਿਰੋਲ ਕਾਵਿ ਜਾਂ ਕਾਮ ਬਿੰਬ। ਉਸ ਦੀ ਕਵਿਤਾ, ਕਵਿਤਾ ਦੀ ਅੱਖ ਵਿਚ ਰੜਕ ਜਿਹੀ ਪੈਦਾ ਕਰਦੀ ਹੈ ਤੇ ਦਿਲ ਦੀ ਅਣਸੁਣੀ ਤੇ ਅਕਹਿ ਜਿਹੀ ਟੀਸ ਬਣਦੀ ਹੈ। ਉਹ ਜ਼ਮਾਨੇ ਦੇ ਜ਼ਖਮਾਂ ਨੂੰ ਮਿੱਠਾ ਮਿੱਠਾ ਇਸ ਕਦਰ ਕੁਰੇਦਦੀ ਹੈ ਕਿ ਜ਼ਮਾਨੇ ਨੂੰ ਜ਼ਖਮਾਂ ਦਾ ਅਹਿਸਤਾ ਅਹਿਸਤਾ ਅਹਿਸਾਸ ਹੁੰਦਾ ਹੈ ਤੇ ਮੱਠਾ ਮੱਠਾ ਸਕੂਨ ਮਿਲਦਾ ਹੈ।
ਇਸ ਨਾਲ ਕਵਿਤਾ ਦੀ ਅੱਖ ਦੇ ਝੌਲੇ ਦੂਰ ਹੁੰਦੇ ਹਨ ਤੇ ਕਵਿਤਾ ਨੂੰ ਸਾਫ ਸਾਫ ਤੇ ਠੀਕ ਦਿਖਣ ਲੱਗਦਾ ਹੈ। ਇਹ ਮੱਠੀ ਮੱਠੀ ਰੜਕ ਅਤੇ ਮਿੱਠਾ ਮਿੱਠਾ ਕੁਰੇਦਨ ਮੀਸ਼ੇ ਦੀ ਕਵਿਤਾ ਦਾ ਕਮਾਲ ਹੈ। ਉਸ ਦੇ ਉਦਾਸ ਬੋਲ ਅੰਤਿਹਕਰਣ ਨੂੰ ਮੁੱਢੋਂ ਝੰਜੋੜ ਕੇ ਕਿਸੇ ਨਵੇਂ ਰਾਹ ਵੱਲ ਮੋੜਦੇ, ਤੋਰਦੇ ਅਤੇ ਨਵੀਂਆਂ ਸੰਭਾਵਨਾਵਾਂ ਦੇ ਦੁਆਰ ਖੋਲ੍ਹਦੇ ਹਨ।
ਮੀਸ਼ੇ ਨੂੰ ਜਗਜੀਤ ਜੀਰਵੀ ਨੇ ਗਾਇਆ, ਜੋ ਪਤਾ ਨਹੀਂ ਜਮਾਨੇ ਦੀ ਕਿਸ ਝੀਲ ਵਿਚ ਛਪਨ ਹੋ ਗਿਆ ਜਾਂ ਕਰ ਦਿੱਤਾ ਗਿਆ। ਕੋਈ ਕਲਾਕਾਰ ਜੇ ਮੀਸ਼ੇ ਦੀ ਕਵਿਤਾ ਸੁਣਾਵੇ ਜਾਂ ਗਾਵੇ ਤਾਂ ਸਾਡੇ ਸਮਿਆਂ ਨੂੰ ਕੋਈ ਸੇਧ ਮਿਲ ਸਕਦੀ ਹੈ। ਦਰਅਸਲ, ਮੀਸ਼ੇ ਦੀ ਮੌਲਿਕਤਾ ਭਾਲਣੀ ਹਾਲੇ ਬਾਕੀ ਹੈ।
ਕਵੀਆਂ ਲਈ ਕਦੀ ਕਿਸੇ ਕੁੜੀ ਦੀ ਅੱਖ ਝੀਲ ਬਣ ਜਾਂਦੀ ਹੈ ਤੇ ਕਦੀ ਕੋਈ ਝੀਲ ਕਿਸੇ ਕੁੜੀ ਦੀ ਅੱਖ, ਪਰ ਝੀਲ ਹਮੇਸ਼ਾ ਜਾਂ ਹਰ ਵਾਰ ਕਿਸੇ ਕੁੜੀ ਦੀ ਅੱਖ ਨਹੀਂ ਹੁੰਦੀ; ਕਦੀ ਕਦੀ ਇਹ ਕੁਦਰਤ ਦੀ ਅੱਖ ਵੀ ਹੁੰਦੀ ਹੈ।
ਮੀਸ਼ੇ ਦਾ ਆਖਰੀ ਵਕਤ ਕਿਹੋ ਜਿਹਾ ਹੋਵੇਗਾ? ਉਹ ਕਿਸ ਲੋਰ ਅਤੇ ਕਿਹੜੇ ਦੌਰ ਵਿਚ ਹੋਵੇਗਾ? ਕਿ ਉਸ ਨੂੰ ਖੁਦ, ਸਾਲਮ ਕਵਿਤਾ ਬਣ, ਕੁਦਰਤ ਦੀ ਅੱਖ ਵਿਚ ਖੁਦ ਉਤਰਨਾ ਪਿਆ।
ਮੱਤ ਕੋਈ ਇਸ ਨੂੰ ਮੀਸ਼ੇ ਦੀ ਖੁਦਕੁਸ਼ੀ ਕਹੇ ਜਾਂ ਬੁਜਦਿਲੀ ਸਮਝੇ। ਇਸ ਨੂੰ ਮੀਸ਼ੇ ਦੀ ਜਲ ਸਮਾਧੀ, ਉਸ ਦੀ ਕਵਿਤਾ ਦਾ ਬਲੀਦਾਨ ਜਾਂ ਇਕ ਕਾਵਿ-ਦੇਵਤੇ ਦਾ ਖੁਦ-ਵਿਸਰਜਣ ਕਿਹਾ ਜਾਣਾ ਚਾਹੀਦਾ ਹੈ।
22 ਸਤੰਬਰ ਦੇ ਦਿਨ ਕਪੂਰਥਲੇ ਦੀ ਕਾਂਝਲੀ ਲੇਕ ਨੇ ਮੀਸ਼ੇ ਦੀ ਦੇਹ ਅਤੇ ਆਤਮਾ ਨੂੰ ਆਪਣੀ ਗੋਦ ਵਿਚ ਸਦਾ ਸਦਾ ਲਈ ਸਮੇਟ ਲਿਆ ਸੀ।
ਝੀਲ ਤੋ ਬਿਨਾ ਉਸ ਦੇ ਦਿਲ ਨੂੰ ਹੋਰ ਚੈਨ ਵੀ ਕੌਣ ਦੇ ਸਕਦਾ ਸੀ; ਰੂਹ ਦਾ ਅਰਾਮ ਹੋਰ ਹੈ ਹੀ ਕਿੱਥੇ! ਬੇਚੈਨ ਆਤਮਾ ਲਈ ਝੀਲ ਤੋਂ ਬਗੈਰ ਹੋਰ ਕਿੱਥੇ ਹੈ ਢਾਰਸ! ਝੀਲ ਹੀ ਤਾਂ ਹੈ ਜੋ ਮੀਸ਼ੇ ਜਿਹੇ ਕਵੀਆਂ ਨੂੰ ਮਾਂ ਦੀ ਤਰ੍ਹਾਂ ਪਾਲਦੀ ਹੈ ਤੇ ਮਾਸ਼ੂਕ ਦੀ ਤਰ੍ਹਾਂ ਸੰਭਾਲ ਲੈਂਦੀ ਹੈ।
ਉਸ ਦਿਨ ਇੱਕ ਝੀਲ ਨੇ ਕਵਿਤਾ ਨੂੰ ਘੁੱਟ ਕੇ ਸਦਾ ਸਦਾ ਲਈ ਆਪਣੀ ਹਿੱਕ ਨਾਲ ਲਾ ਲਿਆ ਸੀ। ਕੋਈ ਝੀਲ ਹੀ ਏਨਾ ਪਿਆਰ ਦੇ ਸਕਦੀ ਹੈ। ਪਹਿਲੀ ਵਾਰ ਕਿਸੇ ਝੀਲ ਨੂੰ ਕਵਿਤਾ ਅਤੇ ਕਵੀ ਦੀ ਕਬਰ ਬਣਨ ਦਾ ਸੁਭਾਗ ਪ੍ਰਾਪਤ ਹੋਇਆ।
ਕਵੀਆਂ ਨੂੰ ਅਪੀਲ ਹੈ ਕਿ ਕਪੂਰਥਲੇ ਦੀ ਉਸ ਝੀਲ ਦੇ ਕਿਨਾਰੇ ਕੋਈ ਕਵੀ ਸੰਮੇਲਨ, ਕਵਿਤਾ ਦਾ ਮੇਲਾ ਜਾਂ ਕਵੀ ਦਰਬਾਰ ਦਾ ਸਿਲਸਿਲਾ ਜਾਰੀ ਹੋਵੇ; ਉਥੇ ਮੀਸ਼ਾ ਗਾਇਆ ਜਾਵੇ, ਉਸ ਦੀ ਰੂਹ ਨੂੰ ਆਰਾਮ ਪਹੁੰਚਾਇਆ ਜਾਵੇ ਅਤੇ ਕਵਿਤਾ ਦੇ ਨੈਣਾਂ ਵਿਚ ਖੁਦ ਸੁਰਖਰੂ ਹੋਇਆ ਜਾਵੇ।