ਸਾਡੇ ਪਿੰਡਾਂ ਵਿਚ ਹੁਣ ਰੱਬ ਨਹੀਂ ਵੱਸਦਾ

ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਫੋਨ: 916-687-3536
ਇਹ ਗੱਲ ਕੋਈ ਬਹੁਤੀ ਪੁਰਾਣੀ ਨਹੀਂ ਜਦੋਂ ਲੋਕੀਂ ਆਖਦੇ ਸਨ, ਪੰਜਾਬ ਦੇ ਪਿੰਡਾਂ ਵਿਚ ਰੱਬ ਵੱਸਦਾ ਹੈ ਪਰ ਹੁਣ ਇਵੇਂ ਲੱਗਣ ਲੱਗ ਪਿਆ ਹੈ ਜਿਵੇਂ ਇਹ ਗੱਲ ਸਦੀਆਂ ਪੁਰਾਣੀ ਹੋਵੇ ਅਤੇ ਜਦੋਂ ਸਾਡੇ ਪਿੰਡਾਂ ਵਿਚ ਰੱਬ ਵਸਦਾ ਸੀ, ਉਹ ਵੇਲੇ ਤਾਂ ਕਦੋਂ ਦੇ ਕਿਤੇ ਗੁੰਮ ਹੋ ਚੁਕੇ ਹਨ। ਪਿੰਡਾਂ ਦਾ ਹਰ ਘਰ-ਪਰਿਵਾਰ ਹੀ ਇਕ ਦੂਜੇ ਨਾਲ ਇੰਜ ਜੁੜਿਆ ਹੁੰਦਾ ਸੀ ਜਿਵੇਂ ਤਾਣਾ-ਪੇਟਾ। ਪੈਦਲ ਸਫ਼ਰ ਕਰਦਿਆਂ ਜਿਹੜੇ ਪਿੰਡ ਕੋਲੋਂ ਲੰਘਦਿਆਂ ਹਨੇਰਾ ਪੈ ਜਾਣਾ ਰਾਹੀ-ਮੁਸਾਫਿਰ ਨੇ ਕਿਸੇ ਵੀ ਘਰ ਚਲੇ ਜਾਣਾ ਤੇ ਰਾਤ ਕੱਟਣ ਲਈ ਆਖਣਾ। ਘਰ ਵਾਲਿਆਂ ਨੇ ਵੀ ਜੀ ਆਇਆਂ ਆਖ ਕੇ ਰੋਟੀ-ਪਾਣੀ ਵੀ ਖੁਆਉਣਾ ਅਤੇ ਸੌਣ ਲਈ ਮੰਜਾ-ਬਿਸਤਰਾ ਦੇਣਾ। ਇਕ ਪਿੰਡ ਵਿਚ ਇਕ ਹੀ ਗੁਰੂ ਘਰ ਹੋਣਾ ਅਤੇ ਸਾਰੇ ਪਿੰਡ ਦੇ ਲੋਕਾਂ ਨੇ ਸਾਰੇ ਦਿਨ-ਦਿਹਾਰ ਇਕੱਠਿਆਂ ਮਨਾਉਣੇ। ਪਿੰਡ ਵਿਚ ਕਿਸੇ ਦੀ ਧੀ ਦਾ ਵਿਆਹ ਹੋਣਾ ਤਾਂ ਸਾਰੇ ਪਿੰਡ ਨੇ ਮਿਲ ਕੇ ਉਸ ਧੀ-ਧਿਆਣੀ ਨੂੰ ਵਿਦਾ ਕਰਨਾ। ਕੀ ਗਰੀਬ, ਕੀ ਅਮੀਰ ਸਾਰੇ ਹੀ ਇਕ ਦੂਜੇ ਦੀ ਇੱਜ਼ਤ ਦੇ ਭਾਈਵਾਲ ਹੁੰਦੇ ਸਨ। ਜਿਸ ਪਰਿਵਾਰ ਦੇ ਚਾਰ ਮੁੰਡੇ ਜਵਾਨ ਹੋਣੇ ਉਸ ਦੀ ਆਪਣੀ ਹੀ ਪੈਂਠ ਹੋਣੀ। ਭਰਾ ਭਰਾਵਾਂ ਦੀਆਂ ਬਾਹਾਂ ਸਨ ਅਤੇ ਭਰਾਵਾਂ ਦੀ ਥਾਂ ਜਾਨ ਦੇਣ ਤੋਂ ਕਦੀ ਪਿੱਛੇ ਨਾ ਹੱਟਦੇ। ਭਰਾਵਾਂ ਦੇ ਅੱਗੋਂ ਬੱਚੇ ਵਿਆਹੇ ਵਰ੍ਹੇ ਜਾਣੇ ਤਾਂ ਵੀ ਸਾਰੇ ਪਰਿਵਾਰ ਨੇ ਇੱਕੋ ਵਿਹੜੇ ਵਿਚ ਗੁਜ਼ਾਰਾ ਕਰੀ ਜਾਣਾ। ਧੀ ਦੀ ਇੱਜ਼ਤ ਸਾਰੇ ਪਿੰਡ ਦੀ ਇੱਜ਼ਤ ਹੁੰਦੀ ਸੀ। ਪਤਾ ਨਹੀਂ ਕਿਵੇਂ ਹਨੇਰੀ ਆਈ ਅਤੇ ਸਮੇਂ ਨੇ ਇੰਨੀ ਤੇਜ਼ੀ ਨਾਲ ਪਰਿਵਾਰਕ ਰਿਸ਼ਤਿਆਂ ਵਿਚ ਤਰੇੜਾਂ ਆ ਪਾਈਆਂ ਕਿ ਵੇਖਦੇ ਵੇਖਦੇ ਹੀ ਸਭ ਰਿਸ਼ਤੇ-ਨਾਤੇ ਟੁੱਟ ਗਏ। ਦੂਜੇ ਪਾਸੇ ਮਹਿੰਗਾਈ ਅਸਮਾਨ ਨੂੰ ਜਾ ਲੱਗੀ। ਬੰਜ਼ਰ ਤੇ ਕਲਰੀਆਂ ਜ਼ਮੀਨਾਂ ਵੀ ਹੀਰੇ-ਮੋਤੀਆਂ ਦੇ ਭਾਅ ਵਿੱਕਣ ਲੱਗੀਆਂ। ਇਸ ਸਮੇਂ ਦੇ ਬਦਲਾਅ ਨੇ ਐਸੀ ਮਾਰ ਮਾਰੀ ਕਿ ਭਰਾ-ਭਰਾਵਾਂ ਦੇ ਜਾਨੀ ਦੁਸ਼ਮਣ ਬਣ ਬੈਠੇ ਤੇ ਸਕੇ ਭਰਾ ਹੀ ਆਪਣੇ ਮਾਂ-ਪਿਉ ਜਾਇਆਂ ਨੂੰ ਮਾਰਨ ਅਤੇ ਮਰਵਾਉਣ ਲੱਗ ਪਏ। ਬਾਹਰੋਂ ਗਿਆ ਪੈਸਾ ਖਰਚ ਕੇ ਉਥੇ ਰਹਿੰਦਿਆਂ ਨੇ ਕੋਠਿਆਂ ਤੋਂ ਕੋਠੀਆਂ ਪਾ ਲਈਆਂ ਅਤੇ ਬੂਹਿਆਂ ਅੱਗੇ ਕਾਰਾਂ ਵੀ ਖੜ੍ਹੀਆਂ ਕਰ ਲਈਆਂ ਪਰ ਉਹ ਪਰਿਵਾਰਕ ਸਾਂਝਾਂ ਅਤੇ ਆਪਣਾਪਨ ਖੰਭ ਲਾ ਕੇ ਕਿਤੇ ਦੂਰ-ਦੁਰਾਡੇ ਚਲੇ ਗਏ, ਜਦੋਂ ਸਭ ਕੁਝ ਹੀ ਆਪਣਾ ਹੁੰਦਾ ਸੀ।
ਦਾਣਾ-ਪਾਣੀ ਸਾਨੂੰ ਵੀ ਰੱਬੀ ਬਹਾਨੇ ਵਤਨੋਂ ਬਾਹਰ ਚੁਕ ਲਿਆਇਆ। ਦੋ ਮਹੀਨੇ ਦਾ ਵੀਜ਼ਾ ਲਿਆ ਕਿ ਦੋ ਮਹੀਨੇ ਬਹੁਤ ਹਨ, ਕੁਝ ਗੁਰੂ ਘਰਾਂ ਵਿਚ ਕੀਰਤਨ ਦੀ ਹਾਜ਼ਰੀ ਲਵਾ ਕੇ ਵਾਪਸ ਚਲੇ ਜਾਵਾਂਗੇ ਪਰ ਕੁਦਰਤ ਦੇ ਰੰਗ ਕਿ ਸੰਗਤਾਂ ਅਤੇ ਕੁਝ ਮੋਹਤਬਰ ਸੱਜਣਾਂ ਨੇ ਸਾਨੂੰ ਗੁਰੂ ਘਰ ਦੀ ਸੇਵਾ ਲਈ ਬੰਨ੍ਹ ਲਿਆ ਕਿ ਤੁਹਾਡੇ ਵਰਗੇ ਪ੍ਰਚਾਰਕਾਂ ਦੀ ਸਾਨੂੰ ਇਥੇ ਬਹੁਤ ਲੋੜ ਹੈ। ਗੁਰੂ ਘਰ ਦੇ ਗ੍ਰੰਥੀ ਦੀ ਸੇਵਾ ਦਾ ਭਾਰ ਮੇਰੇ ਸਿਰ ‘ਤੇ ਰੱਖ ਕੇ ਸੰਗਤਾਂ ਵਿਚ ਜੈਕਾਰੇ ਲਾਏ ਗਏ ਪਰ ਜਿਨ੍ਹਾਂ ਲੋਕਾਂ ਨੇ ਸਾਨੂੰ ਸਿਰ ‘ਤੇ ਚੁਕ ਕੇ ਗੁਰੂ ਘਰ ਦੀ ਸੇਵਾ ਲਈ ਬਿਠਾਇਆ ਸੀ, ਪਿੱਛੋਂ ਉਨ੍ਹਾਂ ਨੇ ਹੀ ਸਾਡੀਆਂ ਉਹ ਰੜਕਾਂ ਕੱਢੀਆਂ ਤੇ ਮਾਨਸਿਕ ਤਸੀਹੇ ਦਿੱਤੇ ਕਿ ਕਈ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ। ਮੇਰਾ ਕਸੂਰ ਸਿਰਫ ਇਹ ਸੀ ਕਿ ਮੈਂ ਔਰਤ ਹੋ ਕੇ ਗੁਰੂ ਘਰ ਦੇ ਗ੍ਰੰਥੀ ਅਤੇ ਕੀਰਤਨ ਦੀ ਸੇਵਾ ਨਿਭਾ ਰਹੀ ਸਾਂ। ਇਹ ਸੇਵਾ ਨਿਭਾਉਣ ਦੇ ਇਵਜਾਨੇ ਵਿਚ ਮੈਨੂੰ ਮੇਰੀ ਆਪਣੀ ਕੌਮ ਦੇ ਚੌਧਰੀਆਂ ਨੇ ਉਹ ਸਖ਼ਤ ਸਜ਼ਾਵਾਂ ਦਿੱਤੀਆਂ, ਜੋ ਅਸੀਂ ਪਤੀ-ਪਤਨੀ ਨੇ ਪੂਰੇ ਚੌਵੀ ਸਾਲ ਗੁਰੂ ਦਾ ਸ਼ੁਕਰਾਨਾ ਕਰਕੇ ਕੱਟੀਆਂ। ਗੁਰੂ ਨੇ ਮਿਹਰ ਕੀਤੀ ਅਤੇ ਅਸੀਂ ਵਤਨ ਜਾਣ ਜੋਗੇ ਹੋਏ।
ਬੜੇ ਚਾਅ ਸਨ ਕਿ ਇੰਨੇ ਲੰਮੇ ਸਮੇਂ ਬਾਅਦ ਆਪਣੇ ਘਰ ਪਰਿਵਾਰ ਵਾਲਿਆਂ ਨੂੰ ਜਾ ਕੇ ਮਿਲਾਂਗੇ, ਦੁਖ-ਸੁਖ ਸੁਣਾਵਾਂਗੇ ਤੇ ਉਹ ਸਾਨੂੰ ਗਲ ਨਾਲ ਲਾ ਲੈਣਗੇ। ਬੜੇ ਅਰਮਾਨਾਂ ਨਾਲ ਅਸੀਂ ਪਿੰਡ ਪਹੁੰਚੇ ਪਰ ਉਥੇ ਤਾਂ ਸਭ ਕੁਝ ਹੀ ਬਦਲ ਚੁਕਾ ਸੀ। ਸਾਨੂੰ ਸਾਡੇ ਆਪਣੇ ਇਵੇਂ ਵੇਖ ਰਹੇ ਸਨ ਜਿਵੇਂ ਅਸੀਂ ਭੂਤ ਹੋਈਏ। ਅਸੀਂ ਦੌੜ ਦੌੜ ਕੇ ਸਾਰਿਆਂ ਨੂੰ ਗਲ ਲਗ ਕੇ ਮਿਲ ਰਹੇ ਸਾਂ ਪਰ ਉਨ੍ਹਾਂ ਦੀਆਂ ਬਾਹਾਂ ਗਲ ਲੱਗਣ ਦੀ ਬਜਾਏ ਇੰਜ ਲਟਕ ਜਾਂਦੀਆਂ ਜਿਵੇਂ ਟੁਟੀਆਂ ਪਈਆਂ ਹੋਣ। ਘਰਦਿਆਂ ਨੂੰ ਸਾਰਾ ਹੀ ਪਤਾ ਸੀ ਕਿ ਮੈਂ ਗੁਰੂ ਘਰ ਨਾਲ ਜੁੜੀ ਹੋਣ ਕਰ ਕੇ ਅਤੇ ਔਰਤ ਹੋਣ ਕਰ ਕੇ ਮਰਦ ਪ੍ਰਧਾਨ ਧਾਰਮਿਕ ਲੋਕਾਂ ਵਿਚ ਰਹਿ ਕੇ ਇਕ ਜੰਗ ਲੜੀ ਹੈ, ਮੁਸੀਬਤਾਂ ਵੀ ਝੱਲੀਆਂ ਹਨ ਪਰ ਉਨ੍ਹਾਂ ਨੂੰ ਇਨ੍ਹਾਂ ਗੱਲਾਂ ਨਾਲ ਕੋਈ ਸਰੋਕਾਰ ਨਹੀਂ ਸੀ। ਉਹ ਤਾਂ ਇਸ ਗੱਲ ਤੋਂ ਬੇਹੱਦ ਦੁਖੀ ਸਨ ਕਿ ਅਸੀਂ ਇੰਨੇ ਲੰਮੇ ਸਮੇਂ ਤੋਂ ਅਮਰੀਕਾ ਵਿਚ ਬੈਠੇ ਹੋਏ ਸਾਂ ਪਰ ਉਨ੍ਹਾਂ ਦੇ ਧੀਆਂ-ਪੁੱਤਰਾਂ ਨੂੰ ਅਮਰੀਕਾ ਬੁਲਾ ਕੇ ਪੱਕੇ ਵੀ ਨਾ ਕਰਾ ਸਕੇ। ਉਨ੍ਹਾਂ ਨੇ ਬੜੇ ਅਰਾਮ ਨਾਲ ਹੀ ਆਖ ਦੇਣਾ, ਚਲੋ ਫਿਰ ਕੀ ਹੋਇਆ, ਪੈਸੇ ਬਥੇਰੇ ਕਮਾ ਲਏ ਹੋਣਗੇ, ਘਰ ਬਾਰ ਵੀ ਬਣਾ ਲਿਆ ਹੋਵੇਗਾ। ਹੁਣ ਆਹ ਸਾਡੇ ਬੱਚੇ ਜਵਾਨ ਨੇ ਇਨ੍ਹਾਂ ਦਾ ਕੁਝ ਸੋਚੋ ਤੇ ਇਨ੍ਹਾਂ ਨੂੰ ਬਾਹਰ ਮੰਗਵਾਉ। ਅਸੀਂ ਅੰਦਰੋ-ਅੰਦਰੀ ਹੈਰਾਨ ਹੋ ਰਹੇ ਸਾਂ ਕਿ ਆਪਣੇ ਨਿਆਣੇ ਬਾਹਰ ਕੱਢਣ ਲਈ ਸਾਰੇ ਤਿਆਰ ਸਨ ਪਰ ਜਿਸ ਨੂੰ ਅਸੀਂ ਆਪਣਾ ਘਰ ਤੇ ਪਰਿਵਾਰ ਸਮਝੀ ਬੈਠੇ ਸਾਂ ਉਥੇ ਸਾਡੇ ਸਾਰੇ ਹੱਕ-ਹਕੂਕ ਖ਼ਤਮ ਹੋ ਚੁੱਕੇ ਸਨ। ਗੱਲ ਗੱਲ ‘ਤੇ ਸੁਣਾਇਆ ਜਾਂਦਾ, ਦਾਲ ਸਬਜ਼ੀ ਲੈਣ ਜਾਉ ਤਾਂ ਜੇਬ ਖਾਲੀ ਹੋ ਜਾਂਦੀ ਹੈ। ਹਰ ਚੀਜ਼ ਤਾਂ ਮੁੱਲ ਦੀ ਹੈ। ਦੂਜੇ ਨੇ ਬੋਲਣਾ, ਚਲੋ ਇਨ੍ਹਾਂ ਨੇ ਕਿਹੜੇ ਇੱਥੇ ਬੈਠੇ ਰਹਿਣਾ ਹੈ। ਦੋ ਚਾਰ ਹਫ਼ਤੇ ਰਹਿ ਕੇ ਤੁਰਦੇ ਬਣਨਾ ਹੈ। ਕਿਸੇ ਹੋਰ ਨੇ ਕੋਲੋਂ ਆਖਣਾ, ਹੁਣ ਕਿਤੇ ਇਨ੍ਹਾਂ ਦਾ ਸਾਡੇ ਕੋਲ ਦਿਲ ਲੱਗਣਾ ਹੈ? ਅਮਰੀਕਾ ਦੇ ਸੁੱਖ ਭਾਈ ਇੱਥੇ ਕਿੱਥੇ ਲਭਦੇ ਹਨ।
ਗੱਲ ਕੀ ਆਨੇ-ਬਹਾਨੇ ਸਾਨੂੰ ਚਿਤਾਵਨੀਆਂ ਦੇ ਕੇ ਖਬਰਦਾਰ ਕੀਤਾ ਜਾ ਰਿਹਾ ਸੀ ਕਿ ਜਿਹੜਾ ਮੂੰਹ ਲੈ ਕੇ ਆਏ ਹੋ, ਉਸੇ ਮੂੰਹ ਭਲੇਮਾਣਸਾਂ ਵਾਂਗ ਇਥੋਂ ਤੁਰਦੇ ਬਣੋ ਤਾਂ ਚੰਗੇ ਰਹੋਗੇ। ਗੱਲਾਂ ਗੱਲਾਂ ਵਿਚ ਹੀ ਬੇਦਖ਼ਲੀ ਦੇ ਨੋਟਿਸ ਵੀ ਦੇ ਦੇਣੇ। ਵੇਖੋ ਜੀ, ਐਥੇ ਮਿੱਟੀ ਘੱਟੇ ਵਿਚ ਰੱਖਿਆ ਹੀ ਕੀ ਹੈ? ਤੁਸੀਂ ਹੁਣ ਘਰਾਂ ਦਾ ਤੇ ਖੱਤਿਆਂ ਦਾ ਲੋਭ ਲਾਲਚ ਛੱਡ ਦਿਉ ਤੇ ਉਥੇ ਆਪਣੀ ਜ਼ਿੰਦਗੀ ਅਰਾਮ ਨਾਲ ਬਤੀਤ ਕਰੋ। ਨਾਲੇ ਇਥੇ ਅਸੀਂ ਜੋ ਬੈਠੇ ਹਾਂ। ਜ਼ਮੀਨਾਂ ਵਿਚ ਰੱਖਿਆ ਹੀ ਕੀ ਹੈ? ਅਸੀਂ ਦਿਨ ਰਾਤ ਮਿੱਟੀ ਨਾਲ ਮਿੱਟੀ ਹੁੰਦੇ ਹਾਂ ਤਾਂ ਕਿਤੇ ਘਰਾਂ ਦੇ ਗੁਜ਼ਾਰੇ ਚਲਦੇ ਹਨ, ਨਾਲੇ ਹੁਣ ਤੁਹਾਡੀ ਅੱਧੀ ਉਮਰ ਤਾਂ ਉਥੇ ਸਵਰਗ ਵਿਚ ਰਹਿੰਦਿਆਂ ਲੰਘ ਗਈ ਹੈ। ਇਥੋਂ ਦੀਆਂ ਚੀਜ਼ਾਂ ਦੇ ਖਿਆਲ ਭੁਲਾ ਕੇ ਅਮਰੀਕਾ ਵਿਚ ਅਨੰਦ ਲੁੱਟੋ, ਤੁਹਾਡੀ ਤੇ ਰੱਬ ਨੇ ਲਾਟਰੀ ਕੱਢ ਦਿੱਤੀ ਹੈ। ਹੋਰ ਕੀ ਲੈਣਾ ਹੈ? ਇਹ ਨਸੀਹਤਾਂ ਸੁਣ ਸੁਣ ਕੇ ਸਾਹ ਵੀ ਲੈਣਾ ਔਖਾ ਹੋਈ ਜਾ ਰਿਹਾ ਸੀ ਤੇ ਅੰਦਰੋਂ ਝੂਰ ਰਹੇ ਸਾਂ ਕਿ ਪੂਰੇ ਚੌਵੀ ਸਾਲ ਅਸੀਂ ਇਨ੍ਹਾਂ ਆਪਣਿਆਂ ਨੂੰ ਯਾਦ ਕਰ ਕਰ ਰੋਏ-ਤੜਪੇ ਹਾਂ।
ਚਾਰ ਕੁ ਘਰ ਛੱਡ ਕੇ ਰਿਸ਼ਤੇ ਵਿਚੋਂ ਇਕ ਦਾਦੀ ਭੂਆ ਦਾ ਘਰ ਸੀ। ਮੈਂ ਇਕ ਦਿਨ ਉਹਦੇ ਕੋਲ ਜਾ ਬੈਠੀ ਤਾਂ ਉਹ ਅੱਖਾਂ ਵਿਚ ਪਾਣੀ ਭਰ ਕੇ ਬੋਲੀ, ਪੁੱਤਰ ਜੀ, ਤੁਸੀਂ ਹੁਣ ਇੱਥੇ ਕੀ ਲੈਣ ਆਏ ਹੋ। ਇੱਥੇ ਤੁਹਾਡਾ ਕੌਣ ਹੈ? ਤੁਹਾਡੀ ਤਾਂ ਇਥੇ ਇਹੋ ਚਰਚਾ ਹੁੰਦੀ ਰਹੀ ਹੈ ਕਿ ਪੈਸੇ ਮਗਰ ਲੱਗੇ ਹੋਏ ਜੇ, ਡਾਲਰਾਂ ਨੇ ਸਭ ਕੁਝ ਭੁਲਾ ਛੱਡਿਆ ਹੈ। ਸਾਡੇ ਕਿਹੜੇ ਕਿਸੇ ਪੁੱਤ-ਧੀ ਨੂੰ ਅਮਰੀਕਾ ਮੰਗਵਾਇਆ ਹੈ, ਜਦੋਂ ਆਉਣਗੇ ਤਾਂ ਇੱਥੇ ਵੀ ਵੰਡੀਆਂ ਪਾਉਣਗੇ, ਪਰ ਜਦੋਂ ਵੀ ਆਏ, ਅਸੀਂ ਵੀ ਕਿਸੇ ਨੇ ਮੂੰਹ ਨਹੀਂ ਲਾਉਣੇ। ਸੋ ਪੁੱਤਰ ਤੁਹਾਡੇ ਆਉਣ ਦਾ ਇੱਥੇ ਕਿਸੇ ਨੂੰ ਵੀ ਕੋਈ ਚਾਅ ਨਹੀਂ ਤੇ ਨਾ ਹੀ ਤੁਹਾਡੇ ਕੋਈ ਦੁੱਖ-ਸੁੱਖ ਸੁਣਨ ਵਾਲਾ ਇਥੇ ਬੈਠਾ ਹੈ। ਦਸ ਦਿਨ ਹੋ ਗਏ ਨੇ ਬਥੇਰਾ ਪਿੰਡ ਵੇਖ ਲਿਆ ਜੇ, ਹੁਣ ਹੋਰ ਬਹੁਤਾ ਇੱਥੇ ਰਹਿ ਕੇ ਤੁਸੀਂ ਲੈਣਾ ਵੀ ਕੀ ਹੈ? ਭੁੱਲ ਜਾਉ ਉਹ ਸਾਰੀਆਂ ਗੱਲਾਂ, ਸਮੇਂ ਬਦਲ ਗਏ ਹਨ। ਐਵੇਂ ਕੋਈ ਕਿਤੇ ਜ਼ਮੀਨਾਂ-ਸ਼ਮੀਨਾਂ ਦੀ ਗੱਲ ਨਾ ਤੋਰ ਲਿਉ ਜੇ, ਢੱਕੀਆਂ ਹੀ ਰਹਿਣ ਦਿਉ। ਪੁੱਤਰ ਜੀ, ਹੁਣ ਤਾਂ ਕੋਈ ਕਿਸੇ ਨੂੰ ਪਾਣੀ ਦਾ ਗਲਾਸ ਵੀ ਪੀਣ ਨੂੰ ਨਹੀਂ ਦਿੰਦਾ। ਆਹ ਵੇਹਨੀਂ ਪਈ ਏਂ ਵੱਡੇ ਵੱਡੇ ਘਰ ਤੇ ਵੱਡੇ ਵੱਡੇ ਗੇਟ ਬੱਸ! ਹੁਣ ਲੋਕੀਂ ਆਪਣੇ ਆਪਣੇ ਅੰਦਰੀਂ ਹੀ ਕੈਦਾਂ ਕਟ ਰਹੇ ਨੇ, ਕੋਈ ਕਿਸੇ ਦੇ ਘਰੇ ਨਹੀਂ ਆਉਂਦਾ-ਜਾਂਦਾ, ਨਾ ਹੀ ਹੁਣ ਤ੍ਰਿੰਜਣਾਂ ਵਿਚ ਕੁੜੀਆਂ ਕਤਦੀਆਂ ਹਨ ਤੇ ਨਾ ਹੀ ਚਰਖਿਆਂ ਦੀ ਘੂਕਰ ਗੂੰਜਦੀ ਹੈ, ਨਾ ਹੀ ਘਿਪਲਾਂ ਦੀ ਛਾਂਵੇਂ ਬਹਿ ਕੇ ਧੀਆਂ ਚਾਦਰਾਂ-ਸਿਰਹਾਣੇ ਕੱਢਦੀਆਂ ਹਨ ਤੇ ਨਾ ਹੀ ਗੀਤ ਗਾਉਂਦੀਆਂ ਹਨ, ਨਾ ਹੀ ਸਿਆਣੀਆਂ ਔਰਤਾਂ ਕੱਠੀਆਂ ਹੋ ਕੇ ਸੇਵੀਆਂ ਵਟਦੀਆਂ ਹਨ, ਨਾ ਹੀ ਹੁਣ ਕੋਈ ਕਿਸੇ ਦੇ ਘਰੇ ਰਿਧਾ-ਪੱਕਾ ਹੀ ਲੈਣ ਜਾਂਦਾ ਹੈ। ਪੁੱਤਰ ਜੀ, ਇਹ ਪਿੰਡ ਹੁਣ ਪਿੰਡ ਨਹੀਂ ਤੇ ਪਰਿਵਾਰ ਹੁਣ ਪਰਿਵਾਰ ਨਹੀਂ ਰਹਿ ਗਏ। ਭਰਾ ਭਰਾਵਾਂ ਦੇ ਦੁਸ਼ਮਣ ਬਣ ਗਏ ਹਨ ਅਤੇ ਮਾਰਨ ਮਰਾਉਣ ਦੇ ਬਹਾਨੇ ਲਭਦੇ ਹਨ। ਤੁਸੀਂ ਇੱਥੇ ਕੀ ਭਾਲਦੇ ਹੋ? ਇਥੇ ਤੁਹਾਡਾ ਕੁਝ ਵੀ ਨਹੀਂ ਹੈ-ਨਾ ਘਰ ਤੇ ਨਾ ਜ਼ਮੀਨ। ਜਿਹੜੇ ਇੱਥੇ ਰਹਿੰਦੇ ਹਨ, ਮਾਲਕੀ ਉਨ੍ਹਾਂ ਦੀ ਹੈ। ਪੁੱਤਰ ਜੀ, ਸਮਝਦਾਰੀ ਵਿਖਾਵੋ ਤੇ ਮੁੜ ਜਾਵੋ। ਇੰਨਾ ਆਖ ਦਾਦੀ ਭੂਆ ਨੇ ਮੇਰੇ ਸਿਰ ‘ਤੇ ਪਿਆਰ ਦਿੱਤਾ ਤੇ ਬੋਲੀ, ਜਾਉ ਤੁਰ ਜਾਉ ਉਥੇ ਹੀ ਜਿੱਥੋਂ ਆਏ ਹੋ। ਮਾਂ ਸਦਕੇ ਰੱਬ ਤੁਹਾਨੂੰ ਉਥੇ ਹੀ ਭਾਗ ਲਾਵੇ। ਕਦੀ ਵੀ ਇਥੇ ਦੀ ਕੋਈ ਝਾਕ ਨਾ ਰੱਖਿਆ ਜੇ। ਇਥੇ ਹੁਣ ਤੁਹਾਡਾ ਕੁਝ ਵੀ ਨਹੀਂ ਹੈ। ਜਾਉ, ਤੁਰ ਜਾਉ ਅਮਰੀਕਾ। ਤੇ ਦਾਦੀ ਮਾਂ ਮੇਰਾ ਸਿਰ ਪਲੋਸਦੀ ਭਰੇ ਹੋਏ ਮਨ ਨਾਲ ਉਠ ਕੇ ਅੰਦਰ ਤੁਰ ਗਈ।
ਅਸੀਂ ਵੀ ਦੋ ਦਿਨਾਂ ਮਗਰੋਂ ਤੁਰਨ ਦੀ ਤਿਆਰੀ ਕਰ ਲਈ। ਸਾਡੀ ਤਿਆਰੀ ਵੇਖ ਕੇ ਸਾਰੇ ਪਰਿਵਾਰ ਦੇ ਚਿਹਰਿਆਂ ‘ਤੇ ਰੌਣਕ ਪਰਤ ਆਈ। ਸਾਰੇ ਇਕ ਦੂਜੇ ਨੂੰ ਚਾਈਂ ਚਾਈਂ ਦਸ ਰਹੇ ਸਨ, ਅਮਰੀਕਾ ਵਾਲੇ ਵਾਪਸ ਜਾ ਰਹੇ ਨੇ। ਵੇਖੋ ਜੀ, ਉਥੇ ਵੀ ਹੁਣ ਸਭ ਕੁਝ ਬਣਿਆ ਪਿਆ ਹੈ, ਘਰ ਤੇ ਜਾਣਾ ਹੀ ਹੈ। ਇਥੇ ਰਹਿ ਕੇ ਕਰਨਾ ਵੀ ਕੀ ਹੈ? ਮੈਂ ਸੋਚ ਰਹੀ ਸਾਂ, ਸਾਰਾ ਕੁਝ ਹੀ ਉਲਟ-ਪੁਲਟ ਗਿਆ ਹੈ। ਕਿਥੇ ਆਇਆਂ ‘ਤੇ ਲੋਕ ਖੁਸ਼ੀਆਂ ਮਨਾਉਂਦੇ ਤੇ ਤੋਰਨ ਲੱਗਿਆਂ ਉਦਾਸ ਹੁੰਦੇ ਸਨ, ਪਰ ਸਾਡੇ ਆਉਣ ‘ਤੇ ਇਹ ਲੋਕ ਉਦਾਸ ਸਨ ਅਤੇ ਅੱਜ ਸਾਡਾ ਜਾਣਾ ਸੁਣ ਕੇ ਇਨ੍ਹਾਂ ਵਿਚ ਜਾਨ ਪਰਤ ਆਈ ਹੈ। ਮੈਂ ਆਪਣੇ ਆਪ ਨੂੰ ਸਮਝਾ ਰਹੀ ਸਾਂ ਇਹ ਲੋਕ ਜੋ ਕਦੀ ਸਾਡੇ ਆਪਣੇ ਸਨ, ਪਰਾਏ ਹੋ ਚੁੱਕੇ ਸਨ। ਸਾਡਾ ਇਥੇ ਹੁਣ ਕੁਝ ਵੀ ਨਹੀਂ ਹੈ ਤੇ ਨਾ ਹੀ ਹੁਣ ਮੇਰੇ ਪਿੰਡਾਂ ਵਿਚ ਰੱਬ ਵੱਸਦਾ ਹੈ। ਉਹ ਵੀ ਕਿਤੇ ਦੂਰ ਤੁਰ ਗਿਆ ਹੈ।

Be the first to comment

Leave a Reply

Your email address will not be published.