ਫਿਲਮਾਂ ਦੇ ਦਰਸ਼ਕਾਂ ਅਤੇ ਕਮਾਈ ਦਾ ਮੀਟਰ

ਅਰਸੇ ਬਾਅਦ ਆਈ ਛੋਟੀ ਜਿਹੀ ਫਿਲਮ ‘ਸਤ੍ਰੀ’ ਦੀ ਸਫਲਤਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜ਼ਿਆਦਾਤਰ ਛੋਟੀਆਂ ਫਿਲਮਾਂ ਵਿਸ਼ੇ ਪੱਖੋਂ ਬਹੁਤ ਕਮਜ਼ੋਰ ਹੁੰਦੀਆਂ ਹਨ, ਜਦੋਂਕਿ ਅਜਿਹੀਆਂ ਛੋਟੀਆਂ ਫਿਲਮਾਂ ਵੀ ਹੁੰਦੀਆਂ ਹਨ ਜੋ ਆਪਣੇ ਵਿਸ਼ੇ ਕਾਰਨ ਹੀ ਹਿਟ ਹੁੰਦੀਆਂ ਹਨ ਪਰ ਅਸਲੀਅਤ ਇਹ ਹੈ ਕਿ ਕੋਈ ਵੀ ਫਿਲਮ ਛੋਟੀ ਜਾਂ ਵੱਡੀ ਨਹੀਂ ਹੁੰਦੀ। 107 ਕਰੋੜ ਰੁਪਏ ਦਾ ਕਾਰੋਬਾਰ ਕਰਨ ਵਾਲੀ ‘ਗੋਲਡ’ ਦੀ ਸਫਲਤਾ ਇਹੀ ਦਰਸਾਉਂਦੀ ਹੈ। ਦੂਜੀ ਤਰਫ ਕਿਸੇ ਤਰ੍ਹਾਂ ਨਾਲ ਰਿਲੀਜ਼ ਤਕ ਪਹੁੰਚੀ ਇਰਫਾਨ ਖ਼ਾਨ ਦੀ ‘ਕਾਰਵਾਂ’ ਚੰਗੀ ਫਿਲਮ ਹੋਣ ਦੇ ਬਾਵਜੂਦ ਬਹੁਤ ਪਿਛੇ ਰਹਿ ਗਈ।

ਅਜਿਹੇ ਵਿਚ ਇਹ ਸੁਆਲ ਉਠਦਾ ਹੈ ਕਿ ਕੀ ਵੱਡੀਆਂ ਫਿਲਮਾਂ ਛੋਟੀਆਂ ਫਿਲਮਾਂ ‘ਤੇ ਭਾਰੂ ਹੋ ਰਹੀਆਂ ਹਨ। ਵਪਾਰ ਵਿਸ਼ਲੇਸ਼ਕ ਕੋਮਲ ਨਾਹਟਾ ਇਸ ਗੱਲ ਨੂੰ ਖਾਰਜ ਕਰਦੇ ਹਨ, “ਛੋਟੀ ਅਤੇ ਵੱਡੀ ਫਿਲਮਾਂ ਦੀ ਇਸ ਤਰ੍ਹਾਂ ਤੁਲਨਾ ਕਰਨੀ ਗ਼ੈਰਜ਼ਰੂਰੀ ਹੈ। ਅਸਲ ਵਿਚ ਕੋਈ ਫਿਲਮ ਵੱਡੀ ਜਾਂ ਛੋਟੀ ਨਹੀਂ ਹੁੰਦੀ। ਤੁਸੀਂ ਇਸ ਨੂੰ ਚੰਗੀ ਜਾਂ ਖ਼ਰਾਬ ਫਿਲਮ ਕਹਿ ਸਕਦੇ ਹੋ। ਚੰਗੀ ਫਿਲਮ ਨੂੰ ਚੱਲਣ ਤੋਂ ਕੋਈ ਰੋਕ ਨਹੀਂ ਸਕਦਾ। ਜਿਥੇ 70 ਕਰੋੜ ਰੁਪਏ ਵਿਚ ਬਣੀ ‘ਗੋਲਡ’ ਸਿਰਫ 120 ਕਰੋੜ ਰੁਪਏ ਦੀ ਕਮਾਈ ਕਰਦੀ ਹੈ, ਉਥੇ ਹੀ ਮੁਸ਼ਕਿਲ ਨਾਲ 15 ਕਰੋੜ ਰੁਪਏ ਵਿਚ ਬਣੀ ਛੋਟੀ ਜਿਹੀ ਫਿਲਮ ‘ਸਤ੍ਰੀ’ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲੈਂਦੀ ਹੈ।”
ਅਸਲ ਵਿਚ ਸਾਰਾ ਖੇਡ ਮਾਰਕੀਟਿੰਗ ਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜੇ ਫਿਲਮ ਵੱਡੇ ਸਿਤਾਰਿਆਂ ਨਾਲ ਬਣਦੀ ਹੈ ਤਾਂ ਉਸ ਦੀ ਕਮਾਈ ਦਾ ਅੰਕੜਾ ਕੁਝ ਹੋਰ ਹੁੰਦਾ ਹੈ; ਜਿਵੇਂ ‘ਪੀਕੂ’ ਵਰਗੀ ਫਿਲਮ ਜੇ ਵੱਡੇ ਸਿਤਾਰਿਆਂ ਨਾਲ ਨਾ ਬਣਦੀ ਤਾਂ ਉਸ ਨੂੰ ਆਪਣੇ ਬਜਟ ਮੁਤਾਬਿਕ ਮੁਨਾਫਾ ਕਮਾ ਕੇ ਹੀ ਸੰਤੁਸ਼ਟ ਹੋਣਾ ਪੈਂਦਾ। ਟਰੇਡ ਪੱਤ੍ਰਿਕਾ ਦੇ ਸੰਪਾਦਕ ਤਰਨ ਆਦਰਸ਼ ਕਹਿੰਦੇ ਹਨ, “ਅਸਲ ਵਿਚ ਫਿਲਮਾਂ ਦੀ ਕਮਾਈ ਦਾ ਗਣਿਤ ਪਿਛਲੇ ਕੁਝ ਸਾਲਾਂ ਵਿਚ ਬਹੁਤ ਬਦਲਿਆ ਹੈ। ਟਿਕਟ ਖਿੜਕੀ ਦੇ ਚਹੇਤੇ ਹੀਰੋ ਦੀਆਂ ਫਿਲਮਾਂ ਦਾ ਟਿਕਟ ਖਿੜਕੀ ‘ਤੇ ਅਲੱਗ ਹੀ ਜਲਵਾ ਹੁੰਦਾ ਹੈ ਅਤੇ ਉਨ੍ਹਾਂ ਦੀਆਂ ਫਿਲਮਾਂ ਵਿਚ ਜ਼ਰਾ ਵੀ ਦਮ ਹੋਇਆ ਤਾਂ ਉਹ ਮੋਟੀ ਕਮਾਈ ਕਰ ਜਾਂਦੀਆਂ ਹਨ।” ਹੈਰਾਨੀ ਵਾਲੀ ਗੱਲ ਹੈ ਕਿ ਪਹਿਲਾਂ ਦੇ ਦੌਰ ਵਿਚ ਧਰਮਿੰਦਰ, ਸ਼ਰਮੀਲਾ ਟੈਗੋਰ, ਅਮਿਤਾਭ ਬੱਚਨ ਅਤੇ ਜਯਾ ਵਰਗੇ ਵੱਡੇ ਸਿਤਾਰਿਆਂ ਦੀ ਫਿਲਮ ‘ਚੁਪਕੇ-ਚੁਪਕੇ’ ਨੂੰ ਵੀ ਵੱਡੀ ਫਿਲਮ ਦੀ ਬਜਾਏ ਚੰਗੀ ਫਿਲਮ ਕਿਹਾ ਜਾਂਦਾ ਸੀ। ਆਮ ਦੂਜੀਆਂ ਚੰਗੀਆਂ ਫਿਲਮਾਂ ਦੀ ਤਰ੍ਹਾਂ ਹੀ ਇਨ੍ਹਾਂ ਦੀ ਸਫਲਤਾ ਦਾ ਮੁਲੰਕਣ ਵੀ ਇਕ ਚੰਗੀ ਫਿਲਮ ਦੇ ਤੌਰ ‘ਤੇ ਹੀ ਹੁੰਦਾ ਸੀ ਨਾ ਕਿ ਵੱਡੀ ਜਾਂ ਛੋਟੀ ਰਾਹੀਂ।
‘ਸਰਬਜੀਤ’, ‘ਕਰੇਜ਼ੀ ਕੁੱਕੜ ਫੈਮਿਲੀ’, ‘ਇਸ਼ਕ ਫਾਰਐਵਰ’, ‘ਲਵਸ਼ੁਦਾ’, ‘ਸਨਮ ਰੇ’, ‘ਸਨਮ ਤੇਰੀ ਕਸਮ’, ‘ਇਸ਼ਕ’, ‘ਨਿਲ ਬਟੇ ਸੰਨਾਟਾ’, ‘ਰਮਨ ਰਾਘਵ’, ‘ਰਾਘਵ’, ‘ਇਸ਼ਕ ਲਿੰਕ’ ਆਦਿ ਹਾਲੀਆ ਅਜਿਹੀਆਂ ਛੋਟੀਆਂ ਫਿਲਮਾਂ ਹਨ ਜਿਹੜੀਆਂ ਕਦੋਂ ਆਈਆਂ ਤੇ ਕਦੋਂ ਗਈਆਂ, ਦਰਸ਼ਕਾਂ ਨੂੰ ਪਤਾ ਹੀ ਨਹੀਂ ਲੱਗਿਆ ਪਰ ਇਕ ਛੋਟੀ ਜਿਹੀ ਫਿਲਮ ‘ਸੋਨੂ ਕੇ ਟੀਟੂ ਕੀ ਸਵੀਟੀ’ ਇਨ੍ਹਾਂ ਵਿਚ ਆਰਾਮ ਨਾਲ ਚੱਲ ਜਾਂਦੀ ਹੈ। ਆਮ ਤੌਰ ‘ਤੇ ਜ਼ਿਆਦਾਤਰ ਛੋਟੀਆਂ ਫਿਲਮਾਂ ਦੀ ਹਾਲਤ ‘ਆਇਆ ਰਾਮ, ਗਿਆ ਰਾਮ’ ਵਰਗੀ ਹੋ ਗਈ। ਕਈ ਵਾਰ ਤਾਂ ਦੋ ਤੋਂ ਪੰਜ ਕਰੋੜ ਰੁਪਏ ਵਿਚ ਬਣੀਆਂ ਇਨ੍ਹਾਂ ਫਿਲਮਾਂ ਦੀ ਲਾਗਤ ਵੀ ਵਾਪਸ ਨਹੀਂ ਆਉਂਦੀ। ਮਲਟੀਪਲੈਕਸ ਦੇ ਇਸ ਦੌਰ ਵਿਚ ਕਈ ਟਰੇਡ ਵਿਸ਼ਲੇਸ਼ਕ ਇਸ ਲਈ ਕਾਫੀ ਹੱਦ ਤਕ ਥੀਏਟਰ ਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ।
ਟਰੇਡ ਪੰਡਿਤ ਵਿਨੋਦ ਮਿਰਾਨੀ ਦੱਸਦੇ ਹਨ, “ਸੀਮਤ ਪ੍ਰਚਾਰ ਨਾਲ ਰਿਲੀਜ਼ ਹੋਣ ਵਾਲੀਆਂ ਅਜਿਹੀਆਂ ਫਿਲਮਾਂ ਆਮਤੌਰ ‘ਤੇ ਜ਼ੁਬਾਨੀ ਪ੍ਰਚਾਰ ਦੇ ਸਿਰ ‘ਤੇ ਹੀ ਚੱਲਦੀਆਂ ਹਨ। ਇਸ ਲਈ ਥੋੜ੍ਹਾ ਵਕਤ ਤਾਂ ਹੋਣਾ ਚਾਹੀਦਾ ਹੈ, ਜੋ ਅਜਿਹੀਆਂ ਫਿਲਮਾਂ ਨੂੰ ਬਹੁਤ ਘੱਟ ਮਿਲਦਾ ਹੈ। ਖ਼ਾਸ ਤੌਰ ‘ਤੇ ਜਦੋਂ ਕਿਸੇ ਵੱਡੀ ਫਿਲਮ ਨੇ ਰਿਲੀਜ਼ ਹੋਣਾ ਹੁੰਦਾ ਹੈ ਤਾਂ ਅਜਿਹੀਆਂ ਛੋਟੀਆਂ ਫਿਲਮਾਂ ਨੂੰ ਥੀਏਟਰ ਤੋਂ ਬੇਦਰਦੀ ਨਾਲ ਉਤਾਰ ਦਿੱਤਾ ਜਾਂਦਾ ਹੈ।” ਗੱਲ ਬਿਲਕੁਲ ਸਹੀ ਹੈ। ਹੁਣ ਜਿਵੇਂ ‘ਗੋਲਡ’ ਅਤੇ ‘ਸਤਯਮੇਵ ਜਯਤੇ’ ਆਜ਼ਾਦੀ ਦਿਵਸ (ਬੁੱਧਵਾਰ) ਨੂੰ ਰਿਲੀਜ਼ ਹੋਈਆਂ ਤਾਂ ਸਾਰੀਆਂ ਛੋਟੀਆਂ ਫਿਲਮਾਂ ਨੂੰ ਦੋ ਦਿਨ ਪਹਿਲਾਂ ਹੀ ਥੀਏਟਰ ਤੋਂ ਉਤਾਰ ਲਿਆ ਗਿਆ, ਕਿਉਂਕਿ ਇਨ੍ਹਾਂ ਦੋਨੋਂ ਫਿਲਮਾਂ ਦੇ ਜ਼ਿਆਦਾ ਤੋਂ ਜ਼ਿਆਦਾ ਸ਼ੋਅ ਦੇਣੇ ਸਨ। ਇਸ ਸੂਰਤ ਵਿਚ ਛੋਟੀਆਂ ਫਿਲਮਾਂ ਨੂੰ ਆਪਣੀ ਹੋਂਦ ਬਚਾਉਣ ਲਈ ਬਹੁਤ ਕੁਝ ਕਰਨਾ ਹੋਏਗਾ।
ਨਿਰਦੇਸ਼ਕ ਬੇਸ਼ੱਕ ਵੱਡੇ ਵੱਡੇ ਦਾਅਵੇ ਕਰਦੇ ਰਹਿਣ, ਪਰ ਉਨ੍ਹਾਂ ਦੀਆਂ ਫਿਲਮਾਂ ਤਾਂ ਹੀ ਚੱਲਣਗੀਆਂ, ਜਦੋਂ ਦਰਸ਼ਕਾਂ ਨੂੰ ਪਸੰਦ ਆਉਣਗੀਆਂ। ਸਿਰਫ ਖ਼ਾਸ ਆਲੋਚਕਾਂ ਤੋਂ ਚੰਗੀਆਂ ਫਿਲਮਾਂ ਦਾ ਤਮਗਾ ਹਾਸਲ ਕਰਨ ਨਾਲ ਉਨ੍ਹਾਂ ਦੀਆਂ ਫਿਲਮਾਂ ਚੱਲਣ ਤੋਂ ਰਹੀਆਂ। ਮਲਟੀਪਲੈਕਸ ਵਾਲੇ ਕਿੰਨੇ ਨਿਰਦਈ ਹੁੰਦੇ ਹਨ, ਉਹ ਵੀ ਚੰਗੀ ਤਰ੍ਹਾਂ ਜਾਣਦੇ ਹਨ। ਤਮਾਮ ਚੰਗੇ ਸਰਟੀਫਿਕੇਟ ਹਾਸਲ ਕਰਨ ਦੇ ਬਾਵਜੂਦ ਜਦੋਂ ਕੋਈ ਫਿਲਮ ਨਹੀਂ ਚੱਲਦੀ ਤਾਂ ਮਲਟੀਪਲੈਕਸ ਵਾਲੇ ਇਕ ਝਟਕੇ ਨਾਲ ਉਸ ਦਾ ਸ਼ੋਅ ਕੈਂਸਲ ਕਰਕੇ ਉਸ ਦੀ ਜਗ੍ਹਾ ਕਿਸੇ ਹੋਰ ਫਿਲਮ ਨੂੰ ਦੇਣਾ ਪਸੰਦ ਕਰਨਗੇ ਪਰ ਜੇਕਰ ਵਿਦਿਆ ਬਾਲਨ ਜਾਂ ਕਿਸੇ ਦੂਜੀ ਨਾਇਕਾ ਦੀ ਕੋਈ ਛੋਟੀ ਫਿਲਮ ਚੱਲ ਜਾਂਦੀ ਹੈ ਤਾਂ ਉਸ ਦਾ ਸ਼ੋਅ ਉਹ ਭਲਾ ਕਿਉਂ ਕੈਂਸਲ ਕਰੇਗਾ? ਨਾਹਟਾ ਕਹਿੰਦੇ ਹਨ, “ਇਹੀ ਗੱਲ ਛੋਟੀਆਂ ਫਿਲਮਾਂ ਦੇ ਨਿਰਮਾਤਾਵਾਂ ਨੂੰ ਚੰਗੀ ਤਰ੍ਹਾਂ ਨਾਲ ਗੱਠ ਬੰਨ੍ਹ ਲੈਣੀ ਚਾਹੀਦੀ ਕਿ ਉਨ੍ਹਾਂ ਦੀਆਂ ਫਿਲਮਾਂ ਆਲੋਚਕਾਂ ਦੇ ਨਾਲ ਹੀ ਦਰਸ਼ਕਾਂ ਨੂੰ ਵੀ ਪਸੰਦ ਆਉਣੀਆਂ ਚਾਹੀਦੀਆਂ ਹਨ।”
ਉਂਜ ਛੋਟੀਆਂ ਫਿਲਮਾਂ ਦੇ ਕਈ ਸੁਚੇਤ ਦਰਸ਼ਕ ਉਨ੍ਹਾਂ ਦੀ ਹਾਰ ਤੋਂ ਬਹੁਤ ਚਿੰਤਤ ਹਨ। ਉਨ੍ਹਾਂ ਮੁਤਾਬਿਕ ਇਨ੍ਹਾਂ ਫਿਲਮਾਂ ਦੇ ਵਿਸ਼ੇ ਦਾ ਖੋਖਲਾਪਣ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਉਨ੍ਹਾਂ ਨੂੰ ਸਮਝ ਵਿਚ ਹੀ ਨਹੀਂ ਆ ਰਿਹਾ ਕਿ ਉਹ ਕਿਉਂ ਅਜਿਹੀਆਂ ਫਿਲਮਾਂ ਬਣਾ ਰਹੇ ਹਨ। ਵਿਨੋਦ ਮਿਰਾਨੀ ਕਹਿੰਦੇ ਹਨ, “ਹੁਣ ਦੇਖੋ, ਪਿਛਲੇ ਇਕ ਸਾਲ ਵਿਚ ਸਿਰਫ ‘ਲਵ’ ਟਾਈਟਲ ਨਾਲ ਇਕ ਦਰਜਨ ਤੋਂ ਜ਼ਿਆਦਾ ਫਿਲਮਾਂ ਬਣ ਚੁੱਕੀਆਂ ਹਨ। ਇਨ੍ਹਾਂ ਵਿਚੋਂ ਕਿਸੇ ਵੀ ਫਿਲਮ ਵਿਚ ਨਾ ਹੀ ਵਿਸ਼ਾ ਵਸਤੂ ਦਾ ਨਵਾਂਪਣ ਹੈ, ਨਾ ਹੀ ਪੇਸ਼ਕਾਰੀ ਦਾ; ਫਿਰ ਦਰਸ਼ਕ ਇਨ੍ਹਾਂ ਫਿਲਮਾਂ ਨੂੰ ਕਿਉਂ ਦੇਖਣ ਜਾਣ।” ਦਰਅਸਲ, ਨਵੇਂ ਦੌਰ ਦੇ ਫਿਲਮਸਾਜ਼ ਅਲੱਗ ਅਲੱਗ ਫਿਲਮਾਂ ਦੇ ਨਾਂ ‘ਤੇ ਵਿਸ਼ਾ ਵਸਤੂ ਦੀ ਦੁਹਾਈ ਦਿੰਦੇ ਹਨ, ਪਰ ਆਮ ਦਰਸ਼ਕ ਇਨ੍ਹਾਂ ਨੂੰ ਦੇਖਣਾ ਪਸੰਦ ਨਹੀਂ ਕਰਦੇ ਕਿਉਂਕਿ ਉਸ ਵਿਚ ਸਿਰਫ ਉਨ੍ਹਾਂ ਦੀ ਕੋਰੀ ਬੌਧਿਕਤਾ ਹੁੰਦੀ ਹੈ, ਜੋ ਆਮਤੌਰ ‘ਤੇ ਆਮ ਦਰਸ਼ਕਾਂ ਦੇ ਸਿਰ ਉਤੋਂ ਗੁਜ਼ਰ ਜਾਂਦੀ ਹੈ। ਇਹ ਉਹੀ ਦਰਸ਼ਕ ਹਨ ਜੋ ਅਜਿਹੀਆਂ ਫਿਲਮਾਂ ਦੀ ਬਜਾਏ ‘ਸਤਯਮੇਵ ਜਯਤੇ’ ਨੂੰ ਦੇਖਣਾ ਪਸੰਦ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ‘ਸਤਯਮੇਵ ਜਯਤੇ’ ਵਰਗੀਆਂ ਸ਼ੁੱਧ ਕਮਰਸ਼ਲ ਫਿਲਮਾਂ ਵਿਚ ਵੀ ਵਿਸ਼ੇ ਦੀ ਅਣਹੋਂਦ ਮਹਿਸੂਸ ਨਹੀਂ ਹੁੰਦੀ। ਹੁਣ ਤਾਂ ਤੁਸੀਂ ਸਮਝ ਹੀ ਚੁੱਕੇ ਹੋਵੋਗੇ ਕਿ ਇਹ ਫਿਲਮਾਂ ਕਿਉਂ ਨਹੀਂ ਚੱਲਦੀਆਂ।
ਦੂਜੀ ਤਰਫ ਬੌਲੀਵੁੱਡ ਵਿਚ ਚੰਗੀ ਪਟਕਥਾ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਫਿਲਮਸਾਜ਼ ਗੁਲਜ਼ਾਰ ਕਹਿੰਦੇ ਹਨ, “ਇਕ ਕਾਰਨ ਮੈਂ ਮੰਨਦਾ ਹਾਂ ਕਿ ਸਾਹਿਤ ਨਾਲ ਸਿਨਮਾ ਦਾ ਰਿਸ਼ਤਾ ਇਕਦਮ ਖ਼ਤਮ ਹੋ ਗਿਆ ਹੈ। ਹਿੰਦੀ ਹੀ ਨਹੀਂ ਖੇਤਰੀ ਭਾਸ਼ਾ ਵਿਚ ਵੀ ਅਜਿਹਾ ਸਾਹਿਤ ਹੈ ਜਿਨ੍ਹਾਂ ‘ਤੇ ਬਹੁਤ ਖ਼ੂਬਸੂਰਤ ਫਿਲਮ ਬਣ ਸਕਦੀ ਹੈ। ਅਸਲ ਵਿਚ ਇਸ ਸਮੇਂ ਅਸੀਂ ਫਿਲਮ ਤਕਨੀਕ ਦੇ ਮਾਮਲੇ ਵਿਚ ਜਿੰਨਾ ਅੱਗੇ ਵਧੇ ਹਾਂ, ਸੋਚ ਦੇ ਮਾਮਲੇ ਵਿਚ ਓਨੇ ਅੱਗੇ ਨਹੀਂ ਵਧੇ। ਮੁਸ਼ਕਿਲ ਕੈਮਰਾ ਐਂਗਲ, ਜ਼ੋਰਦਾਰ ਸ਼ਾਟ ਜਾਂ ਅਦਭੁੱਤ ਐਡੀਟਿੰਗ ਦੇ ਕਮਾਲ ਦਾ ਮਤਲਬ ਸਿਨਮਾ ਨਹੀਂ ਹੁੰਦਾ। ਇਸ ਲਈ ਫਿਲਮਾਂ ਦੀ ਗਤੀ ਇਕਤਰਫਾ ਹੋ ਗਈ, ਨਿਰਮਾਣ ਮੁੱਲ ਅੱਗੇ ਵਧ ਰਿਹਾ ਹੈ, ਪਰ ਸੋਚ ਨਹੀਂ।”
ਪੁਰਾਣੇ ਦੌਰ ਵਿਚ ਜਦੋਂ ਵੀ ਕੋਈ ਲੇਖਕ ਕਿਸੇ ਫਿਲਮ ਦੀ ਪਟਕਥਾ ਤਿਆਰ ਕਰਦਾ ਸੀ, ਦਰਸ਼ਕਾਂ ਦੀ ਗੱਲ ਉਸ ਦੇ ਜ਼ਿਹਨ ਵਿਚ ਸਭ ਤੋਂ ਜ਼ਿਆਦਾ ਹੁੰਦੀ ਸੀ। ਗੁਲਜ਼ਾਰ ਵੀ ਇਸ ਗੱਲ ਨੂੰ ਮੰਨਦੇ ਹਨ ਕਿ ਸਾਰੀਆਂ ਫਿਲਮਾਂ ਸਾਰੇ ਦਰਸ਼ਕਾਂ ਲਈ ਨਹੀਂ ਹੁੰਦੀਆਂ। ਉਨ੍ਹਾਂ ਮੁਤਾਬਿਕ ਸਾਨੂੰ ਪਹਿਲਾਂ ਹੀ ਤੈਅ ਕਰ ਲੈਣਾ ਹੋਏਗਾ ਕਿ ਉਕਤ ਫਿਲਮ ਤੁਸੀਂ ਕਿਸ ਲਈ ਬਣਾ ਰਹੇ ਹੋ? ਹੁਣ ਜਿਵੇਂ ਆਰਟ ਫਿਲਮਾਂ ਨੂੰ ਹੀ ਲਓ, ਇਨ੍ਹਾਂ ਦਾ ਦਰਸ਼ਕ ਵਰਗ ਅਲੱਗ ਹੈ। ਆਰਟ ਫਿਲਮਾਂ ਨਹੀਂ ਚੱਲਦੀਆਂ, ਇਹ ਕਹਿਣਾ ਠੀਕ ਨਹੀਂ ਹੋਏਗਾ। ਜਿਨ੍ਹਾਂ ਲਈ ਬਣਾਈਆਂ ਜਾਂਦੀਆਂ ਹਨ, ਉਨ੍ਹਾਂ ਵਿਚਕਾਰ ਜ਼ਰੂਰ ਚੱਲਦੀਆਂ ਹਨ। ਸਾਡੇ ਆਲੋਚਕ ਇਸ ਗੱਲ ਨੂੰ ਸਮਝਦੇ ਨਹੀਂ। ਆਰਟ ਫਿਲਮ ਦਾ ਕੋਈ ਫਿਲਮਸਾਜ਼ ਸਾਹਮਣੇ ਆਉਂਦੇ ਹੀ ਉਹ ਉਸ ਦੀ ਦੁਕਾਨਦਾਰੀ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਨੂੰ ਕੀ ਲੱਗਦਾ ਹੈ, ਕੀ ਉਨ੍ਹਾਂ ਦੇ ਇਸ ਯੋਗਦਾਨ ਨਾਲ ਛੋਟੀਆਂ ਫਿਲਮਾਂ ਦਾ ਭਵਿਖ ਸੁਰੱਖਿਅਤ ਹੋ ਜਾਂਦਾ ਹੈ? ਇਕ ਅੰਦਾਜ਼ੇ ਮੁਤਾਬਿਕ ਇਸ ਸਮੇਂ ਘੱਟ ਤੋਂ ਘੱਟ ਤਿੰਨ ਹਜ਼ਾਰ ਤੋਂ ਜ਼ਿਆਦਾ ਅਜਿਹੀਆਂ ਫਿਲਮਾਂ ਬਣ ਕੇ ਆਰਾਮ ਕਰ ਰਹੀਆਂ ਹਨ। ਫਿਰ ਸਾਡੇ ਬੁੱਧੀਜੀਵੀ ਆਲੋਚਕ ਅਜਿਹੀਆਂ ਫਿਲਮਾਂ ਦਾ ਕਿਉਂ ਗੁਣਗਾਨ ਕਰਦੇ ਰਹਿੰਦੇ ਹਨ।
-ਅਸੀਮ ਚਕਰਵਰਤੀ