ਬਾਦਲ ਪਰਿਵਾਰ, ਪੰਥ ਅਤੇ ਪੰਜਾਬ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੇ ਬਿਮਾਰ ਹੋਣ ਦੇ ਬਾਵਜੂਦ 7 ਅਕਤੂਬਰ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਪਟਿਆਲਾ ਰੈਲੀ ਲਈ ਪ੍ਰਚਾਰ ਕਰ ਰਹੇ ਹਨ, ਤਾਂ ਜਾਹਰ ਹੈ ਕਿ ਹੁਣ ਪਰਿਵਾਰ ਅਤੇ ਪਾਰਟੀ ਲਈ ਹਾਲਾਤ ਸਾਧਾਰਨ ਨਹੀਂ। ਇਕ ਪਾਸੇ ਉਹ ਆਪਣੇ ਦਸ ਸਾਲਾਂ ਦੇ ਰਾਜਭਾਗ ਦੌਰਾਨ ਪੰਜਾਬ ਦਾ ਕੁਝ ਵੀ ਨਾ ਸੰਵਾਰਨ ਦੇ ਹਮਲਿਆਂ ਦੀ ਮਾਰ ਸਹਿ ਰਹੇ ਹਨ, ਦੂਜੇ ਬੇਅਦਬੀ ਦੇ ਮਾਮਲਿਆਂ ‘ਤੇ ਉਨ੍ਹਾਂ ਨੂੰ ਤਕੜਾ ਘੇਰਾ ਪਿਆ ਹੋਇਆ ਹੈ। ਤੀਜੇ, ਸੂਬੇ ਦਾ ਬੱਚਾ ਬੱਚਾ ਕੂਕ ਰਿਹਾ ਰਿਹਾ ਹੈ ਕਿ ਦਸ ਸਾਲਾ ਰਾਜਭਾਗ ਦੌਰਾਨ ਉਨ੍ਹਾਂ ਆਪਣਾ ਹੀ ਘਰ ਭਰਿਆ ਹੈ

ਅਤੇ ਚੌਥੇ, ਹੁਣ ਪਾਰਟੀ ਅੰਦਰ ਉਠੀ ਬਗਾਵਤੀ ਸੁਰ ਨੇ ਉਨ੍ਹਾਂ ਦੇ ਫਿਕਰ ਵਧਾ ਦਿੱਤੇ ਹਨ। ਇਸੇ ਕਰਕੇ ਉਨ੍ਹਾਂ ਨੂੰ ਇਸ ਉਮਰੇ ਘਰੋਂ ਬਾਹਰ ਨਿਕਲਣਾ ਪੈ ਰਿਹਾ ਹੈ। ਪਹਿਲਾਂ ਵੀ ਅਜਿਹਾ ਅਕਸਰ ਹੁੰਦਾ ਰਿਹਾ ਹੈ। ਅਸਲ ਵਿਚ ਪਾਰਟੀ ਦੀ ਕਮਾਨ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਦੇ ਹੱਥ ਆਉਣ ਤੋਂ ਬਾਅਦ, ਪਾਰਟੀ ਅੰਦਰ ਅੱਛੀ-ਖਾਸੀ ਤਬਦੀਲੀ ਆਈ ਹੈ। ਇਹ ਗੱਲ ਵੱਖਰੀ ਹੈ ਕਿ ਜਦੋਂ ਵੀ ਪਾਰਟੀ ਜਾਂ ਪਰਿਵਾਰ ਸੰਕਟ ਵਿਚ ਘਿਰਿਆ ਹੈ, ਪ੍ਰਕਾਸ਼ ਸਿੰਘ ਬਾਦਲ ਹੀ ਬਚਾਓ ਲਈ ਅਗਾਂਹ ਆਉਂਦੇ ਰਹੇ ਹਨ। ਸਪਸ਼ਟ ਹੈ ਕਿ ਸੰਕਟ ਨਾਲ ਨਜਿੱਠਣ ਲਈ ਸੁਖਬੀਰ ਸਿੰਘ ਬਾਦਲ ਆਪਣੀ ਕਾਬਲੀਅਤ ਸਾਬਤ ਨਹੀਂ ਕਰ ਸਕੇ, ਪਰ ਹਰ ਸੰਕਟ ਵੇਲੇ ਸੰਕਟ-ਮੋਚਨ ਬਣ ਕੇ ਵਿਚਰਨ ਵਾਲੇ ਬਜੁਰਗ ਬਾਦਲ ਨੂੰ ਕਦੀ ਨਹੀਂ ਲੱਗਾ ਕਿ ਪਾਰਟੀ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿਚ ਮਹਿਫੂਜ਼ ਨਹੀਂ ਹੈ। ਜਨਵਰੀ 2008 ਤੋਂ ਲੈ ਕੇ ਹੁਣ ਤੱਕ ਜਿਸ ਢੰਗ ਨਾਲ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਚਲਾਈ ਹੈ ਅਤੇ ਸੀਨੀਅਰ ਲੀਡਰਾਂ ਨੂੰ ਪਿਛਾਂਹ ਸੁੱਟ ਕੇ ਪਰਿਵਾਰਵਾਦ ਵਧਾਇਆ ਹੈ, ਉਸ ਦਾ ਨਤੀਜਾ ਹੁਣ ਬਗਾਵਤ ਦੇ ਰੂਪ ਵਿਚ ਨਿਕਲਿਆ ਹੈ।
ਇਸ ਬਗਾਵਤ ਦੀ ਕਨਸੋਅ ਬੇਅਦਬੀ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅਤੇ ਇਸ ਰਿਪੋਰਟ ਬਾਰੇ ਵਿਧਾਨ ਸਭਾ ਵਿਚ ਹੋਈ ਬਹਿਸ ਤੋਂ ਬਾਅਦ ਹੀ ਮਿਲਣੀ ਸ਼ੁਰੂ ਹੋ ਗਈ ਸੀ। ਉਸ ਵਕਤ ਕੁਝ ਸੀਨੀਅਰ ਆਗੂਆਂ ਦੀ ਰਾਏ ਨੂੰ ਦਰਕਿਨਾਰ ਕਰਕੇ ਵਿਧਾਨ ਸਭਾ ਵਿਚ ਬਹਿਸ ਦਾ ਬਾਈਕਾਟ ਕੀਤਾ ਗਿਆ। ਬੇਅਦਬੀ ਦੇ ਮਸਲੇ ਦੀ ਮਾਰ ਦਾ ਅੰਦਾਜ਼ਾ ਤਾਂ ਇਨ੍ਹਾਂ ਤੱਥਾਂ ਤੋਂ ਹੀ ਲੱਗ ਜਾਂਦਾ ਹੈ ਕਿ ਕਈ ਥਾਂਈਂ ਅਕਾਲੀ ਆਗੂਆਂ ਨੂੰ ਮੀਟਿੰਗਾਂ ਜਾਂ ਜਲਸਿਆਂ ਵਿਚ ਜਾਣ ਤੋਂ ਰੋਕ ਦਿੱਤਾ ਗਿਆ। ਸ਼ਾਇਦ ਇਨ੍ਹਾਂ ਹਾਲਾਤ ਦੇ ਮੱਦੇਨਜ਼ਰ ਹੀ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਖੁਦ ਨੂੰ ਪਾਰਟੀ ਦੇ ਅਹੁਦਿਆਂ ਤੋਂ ਲਾਂਭੇ ਕਰ ਲਿਆ ਅਤੇ ਇਸ ਤੋਂ ਬਾਅਦ ਕੁਝ ਹੋਰ ਆਗੂ ਵੀ ਪਾਰਟੀ ਦੀ ਲੀਡਰਸ਼ਿਪ ਖਿਲਾਫ ਸਿਰ ਉਠਾਉਣ ਲੱਗੇ। ਉਧਰ, ਸੀਨੀਅਰ ਬਾਦਲ ਨੇ ਵੀ ਪਾਰਟੀ ਅੰਦਰ ਚੱਲ ਰਹੇ ਘਮਸਾਣ ਤੋਂ ਹੋਣ ਵਾਲਾ ਨੁਕਸਾਨ ਰੋਕਣ ਲਈ ਆਪਣੀਆਂ ਕੋਸ਼ਿਸ਼ਾਂ ਅਰੰਭ ਦਿੱਤੀਆਂ ਹਨ। ਉਨ੍ਹਾਂ ਦੀਆਂ ਇਹ ਕੋਸ਼ਿਸ਼ਾਂ ਕਿੰਨੀਆਂ ਕੁ ਸਫਲ ਹੋਣਗੀਆਂ, ਜਾਂ ਬਗਾਵਤ ਕਰਨ ਵਾਲੇ ਆਗੂ ਕਿਥੇ ਕੁ ਤੱਕ ਜਾਂਦੇ ਹਨ, ਇਹ ਤਾਂ ਆਉਣ ਵਾਲੇ ਸਮੇਂ ਦੇ ਗਰਭ ਅੰਦਰ ਪਿਆ ਹੈ ਪਰ ਬਗਾਵਤ ਕਰਨ ਵਾਲਿਆਂ ਲਈ ਵੀ ਆਵਾਮ ਵਿਚੋਂ ਇਕ ਵਾਰ ਵਾਰ ਸਵਾਲ ਉਠ ਰਿਹਾ ਹੈ ਕਿ ਜਦੋਂ ਪਾਰਟੀ ਅੰਦਰ ਇੰਨੀ ਗੜਬੜ ਚੱਲ ਰਹੀ ਸੀ ਜਿਸ ਕਾਰਨ ਸਿੱਖ ਸੰਸਥਾਵਾਂ ਵੀ ਨਿਘਾਰ ਦੀ ਹਰ ਸੀਮਾ ਲੰਘ ਗਈਆਂ, ਤਾਂ ਉਸ ਵਕਤ ਉਨ੍ਹਾਂ ਹਾਅ ਦਾ ਨਾਅਰਾ ਕਿਉਂ ਨਹੀਂ ਮਾਰਿਆ?
ਉਂਜ, ਇਸ ਸਾਰੇ ਘਟਨਾਕ੍ਰਮ ਤੋਂ ਇਕ ਤੱਥ ਤਾਂ ਸਪਸ਼ਟ ਹੋ ਗਿਆ ਹੈ, ਜਨਤਕ ਜੀਵਨ ਵਿਚ ਕੀਤੀਆਂ ਮਨਮਾਨੀਆਂ ਦਾ ਜਵਾਬ ਆਖਰਕਾਰ ਦੇਣਾ ਪੈਂਦਾ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤਰ ਮੋਹ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਨਾਂਮੱਤੇ ਇਤਿਹਾਸ ਨੂੰ ਜਿਸ ਤਰ੍ਹਾਂ ਦਾਗਦਾਰ ਕੀਤਾ ਅਤੇ ਉਨ੍ਹਾਂ ਦੇ ਸਾਥੀ ਆਗੂਆਂ ਨੇ ਜਿਸ ਤਰ੍ਹਾਂ ਆਪੋ-ਆਪਣੇ ਪੁੱਤਰਾਂ-ਧੀਆਂ ਨੂੰ ਅਹੁਦਿਆਂ ਜਾਂ ਵਜ਼ੀਰੀਆਂ ਨਾਲ ਨਿਵਾਜਣ ‘ਤੇ ਖਾਮੋਸ਼ੀ ਧਾਰ ਲਈ ਸੀ ਅਤੇ ਪੰਥ ਨਾਲ ਸਬੰਧਤ ਮਸਲਿਆਂ ਨੂੰ ਅੱਖੋਂ-ਪਰੋਖੇ ਕਰ ਦਿੱਤਾ ਸੀ, ਉਸ ਦੀ ਮਾੜੀ-ਮੋਟੀ ਪੁਣ-ਛਾਣ ਲਈ ਰਾਹ ਹੁਣ ਕੁਝ ਕੁਝ ਸਾਫ ਹੋ ਰਿਹਾ ਹੈ। ਇਸੇ ਕਰਕੇ ਹੁਣ ਪੰਥ ਨੂੰ ਪਿਆਰ ਕਰਨ ਵਾਲੇ ਆਗੂਆਂ ਅਤੇ ਕਾਰਕੁਨਾਂ ਲਈ ਵੀ ਪਰਖ ਦੀ ਘੜੀ ਹੈ। ਇਨ੍ਹਾਂ ਪਿਆਰਿਆਂ ਲਈ ਹੁਣ ਦੋ ਚੁਣੌਤੀਆਂ ਨਾਲੋ-ਨਾਲ ਸਿਰ ‘ਤੇ ਆਣ ਪਈਆਂ ਹਨ। ਇਕ ਤਾਂ ਸਿੱਖ ਸੰਸਥਾਵਾਂ ਨੂੰ ਸਿਆਸਤ ਨੂੰ ਵਪਾਰ ਸਮਝ ਕੇ ਚਲਾਉਣ ਵਾਲਿਆਂ ਤੋਂ ਮੁਕਤੀ ਦਾ ਸਵਾਲ ਹੈ; ਦੂਜਾ ਸਵਾਲ ਇਸ ਤੋਂ ਵੀ ਵੱਡਾ ਹੈ। ਅੱਜ ਚਾਰ-ਚੁਫੇਰੇ ਸਿਆਸਤ ਸਮੇਤ ਹਰ ਖੇਤਰ ਨਿਘਾਰ ਦੀ ਮਾਰ ਹੇਠ ਹੈ। ਸਮੁੱਚੀ ਸਿਆਸਤ ਬਾਹੂਬਲ ਅਤੇ ਪੈਸੇ ਨਾਲ ਡੂੰਘੀ ਜੁੜ ਚੁੱਕੀ ਹੈ। ਇਸ ਚੱਕਰਵਿਊ ਨੂੰ ਤੋੜਨ ਲਈ ਅਸਾਧਾਰਨ ਤਰੱਦਦ ਦੀ ਲੋੜ ਹੈ। ਚੁਫੇਰੇ ਪਸਰੇ ਹਨੇਰੇ ਨੂੰ ਚਾਨਣ ਵਿਚ ਵਟਾਉਣ ਲਈ ਕੋਸ਼ਿਸ਼ਾਂ ਵੀ ਚੁਫੇਰਿਓਂ ਹੀ ਹੋਣੀਆਂ ਚਾਹੀਦੀਆਂ ਹਨ। ਇਹ ਖਾਲੀ ਥਾਂਵਾਂ ਭਰਨ ਲਈ ਕੌਣ ਨਿੱਤਰੇਗਾ ਅਤੇ ਅਗਵਾਈ ਸੰਭਾਲੇਗਾ, ਇਹ ਅੱਜ ਦਾ ਸਭ ਤੋਂ ਵੱਡਾ ਸਵਾਲ ਹੈ। ਜਾਪਦਾ ਇਉਂ ਹੈ ਕਿ ਜਿੰਨਾ ਵੱਡਾ ਸੰਕਟ ਹੈ, ਉਸ ਦੇ ਟਾਕਰੇ ਲਈ ਇੰਨੇ ਹੀ ਵੱਡੇ ਪੱਧਰ ਉਤੇ ਕੀਤੀ ਕਮਾਈ ਫਿਲਹਾਲ ਕਿਸੇ ਪਾਸੇ ਨਜ਼ਰ ਨਹੀਂ ਆ ਰਹੀ। ਇਸੇ ਕਰਕੇ ਹੀ ਬਹੁਤ ਵਾਰੀ ਅਜਿਹੀਆਂ ਬਗਾਵਤਾਂ ਉਠਦੇ ਸਾਰ ਹੀ ਮਰ-ਮੁੱਕ ਜਾਣ ਦੇ ਰਾਹ ਪੈ ਜਾਂਦੀਆਂ ਹਨ। ਜੇ ਹੁਣ ਵੀ ਅਜਿਹਾ ਹੀ ਵਾਪਰਦਾ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸੰਕਟ ਸਾਹਮਣੇ ਦਿਸਦੇ ਸੰਕਟ ਤੋਂ ਕਿਤੇ ਵਡੇਰਾ ਹੈ। ਇਸ ਨੂੰ ਬਾਦਲ ਪਰਿਵਾਰ ਦਾ ਸੰਕਟ ਆਖ ਕੇ ਖਾਰਜ ਕਰ ਦੇਣਾ ਕੋਤਾਹੀ ਹੋਵੇਗੀ। ਇਸ ਕਰਕੇ ਹੁਣ ਜੇ ਪੁਣ-ਛਾਣ ਦੀ ਗੱਲ ਤੁਰਨ ਲੱਗੀ ਹੈ ਤਾਂ ਇਹ ਪੁਣ-ਛਾਣ ਸਮੁੱਚ ਵਿਚ ਹੋਣੀ ਚਾਹੀਦੀ ਹੈ। ਨਹੀਂ ਤਾਂ ਚਾਰ ਦਿਨਾਂ ਬਾਅਦ ਪਹਿਲੇ ਰਾਹਾਂ ਉਤੇ ਹੀ ਗੱਡੀ ਫਿਰ ਰਿੜ੍ਹਨ ਲੱਗ ਪਵੇਗੀ ਅਤੇ ਪੰਥ ਤੇ ਪੰਜਾਬ ਮਸਲੇ ਜਿਉਂ ਦੇ ਤਿਉਂ ਰਹਿ ਜਾਣਗੇ। ਇਸ ਅਣਹੋਣੀ ਨੂੰ ਰੋਕਣ ਨੂੰ ਖਾਤਰ ਪੰਜਾਬ ਅਤੇ ਪੰਥ ਦੇ ਹਰ ਸੰਜੀਦਾ ਜੀਅ ਨੂੰ ਆਪੋ-ਆਪਣੇ ਪੱਧਰ ‘ਤੇ ਹੋਕਾ ਲਾਉਣਾ ਚਾਹੀਦਾ ਹੈ।