ਮੰਜ਼ਿਲ, ਮਾਰਗ ਤੇ ਪੌੜੀਆਂ

ਗੁਲਜ਼ਾਰ ਸਿੰਘ ਸੰਧੂ
ਪੰਜਾਬੀ ਗਜ਼ਲਗੋਈ ਵਿਚ ਜਗਤਾਰ ਦਾ ਖਾਸ ਸਥਾਨ ਹੈ। ਉਸ ਦੀਆਂ ਅੱਧੀ ਦਰਜਨ ਤੋਂ ਵੱਧ ਕਾਵਿ ਪੁਸਤਕਾਂ ਵਿਚ ਗਜ਼ਲਾਂ ਦੀ ਪ੍ਰਧਾਨਗੀ ਹੈ। ਉਹ ਸ਼ੁਰੂ ਸ਼ੁਰੂ ਵਿਚ ਆਪਣੇ ਨਾਂ ਨਾਲ ਪਪੀਹਾ ਤਖੱਲਸ ਲਾਉਂਦਾ ਰਿਹਾ। ਕਵੀ ਮੋਹਨ ਸਿੰਘ ਆਪਣੇ ਨਾਂ ਨਾਲ ਮਾਹਿਰ ਲਿਖਦਾ ਰਿਹਾ ਹੈ ਤੇ ਤਾਰਾ ਸਿੰਘ ਕਾਮਲ। ਉਨ੍ਹਾਂ ਦੋਹਾਂ ਵਾਂਗ ਜਗਤਾਰ ਨੇ ਵੀ ਮਕਬੂਲ ਹੁੰਦੇ ਸਾਰ ਆਪਣੇ ਤਖੱਲਸ ਨੂੰ ਤਲਾਕ ਦੇ ਦਿੱਤਾ।

ਜਗਤਾਰ ਦੀ ਗਜ਼ਲ ਦਾ ਸਫਰ ਪਪੀਹੇ ਤੋਂ ਪ੍ਰਵਾਨਗੀ ਦਾ ਸਫਰ ਹੈ। ਪ੍ਰਵਾਨਗੀ ਨੂੰ ਸਿਖਰ ਕਿਵੇਂ ਮਿਲੀ? ਇਹ ਗੱਲ ਵੀ ਕਰਾਂਗੇ। ਪਹਿਲਾਂ ਉਸ ਦੀ ਗਜ਼ਲਗੋਈ ਦਾ ਘੁੰਡ ਚੁੱਕੀਏ। ਕੇਵਲ ਦੋ ਗਜ਼ਲਾਂ ਦੇ ਹਵਾਲੇ ਨਾਲ ਪਹਿਲੀ ਦੇ ਬੋਲ ਹਨ:
ਮੰਜ਼ਿਲ ‘ਤੇ ਜੋ ਨਾ ਪਹੁੰਚੇ
ਪਰਤੇ ਨਾ ਜੋ ਘਰਾਂ ਨੂੰ।
ਰਾਹਾਂ ਨੇ ਖਾ ਲਿਆ ਹੈ
ਉਨ੍ਹਾਂ ਮੁਸਾਫਰਾਂ ਨੂੰ।
ਤਨਹਾਈ ਨੇ ਹੀ ਮੇਰਾ
ਆਖਿਰ ਨੂੰ ਹੱਥ ਫੜ੍ਹਿਆ,
ਸਭ ਲੋਕ ਆਪੋ ਆਪਣੇ
ਤੁਰ ਗਏ ਜਦ ਘਰਾਂ ਨੂੰ।
ਦੁੱਖਾਂ ਦੇ ਨਾਲ ਹੰਭੇ
ਝੱਖੜਾਂ ਦੇ ਨਾਲ ਲੰਘੇ,
ਹੁਣ ਕੀ ਉਡੀਕਦੇ ਹਾਂ
ਰੁੱਖਾਂ ਨੂੰ ਰਹਿਬਰਾਂ ਨੂੰ।
ਸਾਜ਼ਾਂ ਨੇ ਅੰਤ ਉਡਣਾ
ਅੰਬਰ ਤੋਂ ਵੀ ਅਗੇਰੇ,
ਪਾਵੇਗਾ ਤੋਰ ਕੋਈ
ਕਦ ਤਕ ਭਲਾ ਪਰਾਂ ਨੂੰ।
ਅਸਫਲਤਾ ਨੂੰ ਰਾਹਾਂ ਦੇ ਖੌਅ ਨਾਲ ਉਪਮਾ ਦੇਣ, ਇਕੱਲ ਵਿਚ ਤਨਹਾਈ ਦਾ ਹੱਥ ਚੁੰਮਣ ਤੇ ਰੁੱਖਾਂ ਦੀ ਪਦਵੀ ਰਹਿਬਰਾਂ ਦੇ ਬਰਾਬਰ ਰੱਖਣ ਦੀ ਕਲਪਨਾ ਜਗਤਾਰ ਹੀ ਕਰ ਸਕਦਾ ਸੀ। ਹੁਣ ਦੂਜੀ ਗਜ਼ਲ:
ਜਦੋਂ ਮੂੰਹ ਜ਼ੋਰ ਤੇ ਅੰਨ੍ਹੀ ਹਵਾ ਸੀ
ਮੈਂ ਦੀਵੇ ਵਾਂਗ ਚੌਰਾਹੇ ਖੜ੍ਹਾ ਸੀ।
ਮੇਰੇ ਚਿਹਰੇ ‘ਤੇ ਕੀ ਲਿਖਿਆ ਗਿਆ ਸੀ
ਜੁਦਾ ਹੋਏ ਤਾਂ ਹਰ ਇੱਕ ਪੜ੍ਹ ਰਿਹਾ ਸੀ।
ਮੈਂ ਜਿਸ ਨੂੰ ਫੜ੍ਹ ਕੇ ਤੇਰੇ ਸ਼ਹਿਰ ਪੁੱਜਾ
ਮੇਰੀ ਆਵਾਜ਼ ਦਾ ਹੀ ਇੱਕ ਸਿਰਾ ਸੀ।
ਸਦਾ, ਗੁੰਬਦ ਤੋਂ ਜੀਕੂੰ ਪਰਤਦੀ ਹੈ
ਤੇਰੇ ਸ਼ਹਿਰ ਤੋਂ ਮੈਂ ਏਦਾ ਪਰਤਿਆ ਸੀ।
ਇਥੇ ਵੀ ਜਗਤਾਰ ਆਪਣੇ ਰਾਹਾਂ, ਸਫਰਾਂ ਤੇ ਮੰਜ਼ਿਲ ਦੀ ਗੱਲ ਕਰਦਾ ਹੈ। ਅੰਨੀ ਤੇ ਮੂੰਹ ਜ਼ੋਰ ਹਵਾ ਦਾ ਟਾਕਰਾ ਦੀਵਾ ਕਰਦਾ ਹੈ, ਸਫਰ ਦਾ ਸਹਾਰਾ ਕਵੀ ਦੀ ਆਵਾਜ਼ ਬਣਦੀ ਹੈ, ਪ੍ਰੇਮੀ ਦਾ ਪ੍ਰੇਮਿਕਾ ਦੇ ਸ਼ਹਿਰ ਤੋਂ ਪਰਤਣਾ ਗੁੰਬਦ ਤੋਂ ਪਰਤਣ ਵਾਲੀ ਆਵਾਜ਼ ਵਾਂਗ ਹੈ ਤੇ ਜੁਦਾ ਹੋਣ ਉਤੇ ਚਾਹੁਣ ਵਾਲੇ ਦਾ ਦੁੱਖ ਉਸ ਦੇ ਚਿਹਰੇ ‘ਤੇ ਲਿਖਿਆ ਦੱਸਣਾ ਜਗਤਾਰ ਦੀ ਕਾਵਿਕ ਵਡਿਆਈ ਦਰਸਾਉਂਦਾ ਹੈ।
ਮੈਂ ਜਗਤਾਰ ਨੂੰ ਉਸ ਦੇ ਜਿਉਂਦੇ ਜੀ ਘਟ ਮਿਲਿਆ ਹਾਂ ਪਰ ਉਸ ਦੀ ਉਤਮਤਾ ਦੇ ਸ਼ਹਿਰ ਤੱਕ ਪਹੁੰਚਣ ਲਈ ਜਿਸ ਆਵਾਜ਼ ਦਾ ਸਿਰਾ ਫੜ੍ਹਨਾ ਪਿਆ ਹੈ, ਉਹ ਮੇਰੇ ਮਿੱਤਰ ਬਰਜਿੰਦਰ ਸਿੰਘ ਹਮਦਰਦ ਦੀ ਹੈ। ਇਹ ਵਾਲਾ ਬੋਲਬਾਲਾ ਇਨ੍ਹਾਂ ਦੋ ਗਜ਼ਲਾਂ ਤੱਕ ਹੀ ਸੀਮਤ ਨਹੀਂ, ਕਿਸੇ ਦੇ ਨੈਣਾਂ ਦੀ ਸਰਘੀ ਸਾਹਮਣੇ ਅੱਖਾਂ ਦੀ ਸ਼ਾਮ ਦਾ ਹਰਨਾ, ਅਜੋਕੀ ਯਾਰੀ ਦਾ ਰੰਗ ਕਚੇਰਾ ਹੋਣ ਕਾਰਨ ਰਸਤੇ ਵਿਚ ਉੜ ਜਾਣਾ, ਹਨੇਰੇ ਵਿਚ ਤੁਰਨ ਦਾ ਆਦੀ ਨਾ ਹੋਣ ਵਾਲੇ ਬੰਦੇ ਦਾ ਆਪਣੀ ਹੈ ਪੈਛੜ ਤੋਂ ਡਰਨਾ, ਦਿਲ ਦੇ ਸਹਿਰਾਅ ‘ਚੋਂ ਦਰਦ ਦੇ ਕਾਫਲੇ ਦਾ ਅਡੋਲ ਗੁਜ਼ਰਨਾ ਜਾਂ ਖਤ ਲਿਖਣ ਦੀ ਚਾਹਨਾ ਰੱਖਣ ਵਾਲੇ ਨੂੰ ਰਿਸ਼ਤਿਆਂ ਦੀ ਭੀੜ ਵਿਚੋਂ ਬਾਹਰ ਕਢਣਾ ਤੇ ਪ੍ਰੇਮਿਕਾ ਦੇ ਆਂਗਣ ਵਿਚ ਹਰ ਖਸ਼ੀ ਦੀ ਚਾਹਨਾ ਰੱਖਣਾ ਜਗਤਾਰ ਦੇ ਕਾਲਜੇ ਨੂੰ ਠੰਢ ਪਾਉਂਦਾ ਹੈ। ਉਸ ਨੇ ਜਾਬਰ ਸਰਕਾਰਾਂ ਨਾਲ ਟੱਕਰ ਲੈਣ ਵਾਲੇ ਜਿਉੜਿਆਂ ਦਾ ਵੀ ਗੁਣਗਾਨ ਰੱਜ ਕੇ ਕੀਤਾ ਹੈ।
ਜ਼ਿੰਦਗੀ ਦੀ ਸ਼ਕਤੀ ਵੱਲੋਂ ਹਰ ਤਰ੍ਹਾਂ ਦੇ ਤਸ਼ੱਦਦ ਨੂੰ ਮਾਤ ਪਾਉਣਾ ਤੇ ਲੋਕਾਈ ਦੇ ਖੂਨ ਨੂੰ ਪਾਣੀ ਮਾਤਰ ਸਮਝ ਕੇ ਇਸ ਦੀ ਸੁਰਖੀ ਦੀ ਸਦੀਵਤਾ ਨੂੰ ਨਾ ਪਛਾਣਨ ਦਾ ਸੰਦੇਸ਼ ਦੇਣਾ ਇਸ ਵਿਚ ਸ਼ਾਮਲ ਹੈ।
ਬਰਜਿੰਦਰ ਸਿੰਘ ਦੀ ਆਵਾਜ਼ ਨੇ ਇਨ੍ਹਾਂ ਸਾਰੇ ਤੱਤਾਂ ਦੀ ਥਾਹ ਪਾਈ ਹੈ। ਜਗਤਾਰ ਦੀਆਂ ਗਜ਼ਲਾਂ ਦੇ ਜੰਗਲ ਵਿਚੋਂ ਅੱਠ ਵਧੀਆਂ ਗਜ਼ਲਾਂ ‘ਤੇ ਉਂਗਲ ਧਰਨਾ ਉਸ ਦੀ ਧਾਹਨ ਤੇ ਪਹੁੰਚ ਉਤੇ ਮੋਹਰ ਲਾਉਂਦਾ ਹੈ। ਖਾਸ ਕਰਕੇ ਅੱਜ ਦੇ ਸਮੇਂ ਜਦੋਂ ਹਰ ਥਾਂ ਬੇਅਰਥ ਆਵਾਜ਼ਾਂ ਗੂੰਜ ਰਹੀਆਂ ਹਨ ਤੇ ਗਲੀ ਬਾਜ਼ਾਰ ਪ੍ਰਦੂਸ਼ਿਤ ਬੋਲਾਂ ਦੀ ਬੁੱਕਲ ਵਿਚ ਆ ਰਹੇ ਹਨ।
ਸੰਗੀਤ ਵਿਚਲੀ ਕਲਾਸਕੀ ਪੁੱਠ ਮੇਰੇ ਵਰਗੇ ਯਮਲੇ ਮਨ ਦੀ ਗ੍ਰਿਫਤ ਤੋਂ ਥੋੜ੍ਹੀ ਬਾਹਰ ਤਾਂ ਹੈ ਪਰ ਨਵੇਂ ਨਿਰਦੇਸ਼ਨ ਵਿਚ ਨਵੀਨਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬਰਜਿੰਦਰ ਸਿੰਘ ਦੀ ਪੇਸ਼ਕਾਰੀ ਤੇ ਆਵਾਜ਼ ਨੇ ਸਾਡੇ ਮਰਹੂਮ ਗਜ਼ਲਗੋ ਨੂੰ ਉਨ੍ਹਾਂ ਸਿਖਰਾਂ ‘ਤੇ ਪਹੁੰਚਾਇਆ ਹੈ, ਜਿਨ੍ਹਾਂ ਉਤੇ ਉਹ ਖੁਦ ਨਹੀਂ ਸੀ ਪਹੁੰਚਾ ਸਕਿਆ। ਇਹ ਇੱਕ ਅਟੱਲ ਸੱਚਾਈ ਹੈ ਕਿ ਮਿਰਜ਼ਾ ਗਾਲਿਬ ਦੀ ਗਜ਼ਲਗੋਈ ਨੂੰ ਚਾਰ ਚੰਨ ਲਾਉਣ ਵਾਲੇ ਵੀ ਉਸ ਦੇ ਮੱਦਾਹ ਹੀ ਸਨ, ਜੋ ਉਸ ਦੇ ਤੁਰ ਜਾਣ ਤੋਂ ਬਹੁਤ ਪਿੱਛੋਂ ਮੈਦਾਨ ਵਿਚ ਨਿੱਤਰੇ। ਉਂਜ ਵੀ ਬਰਜਿੰਦਰ ਸਿੰਘ ਹਮਦਰਦ ਸਲੀਕੇ ਦਾ ਪੱਲਾ ਨਹੀਂ ਛੱਡਦਾ। ਉਸ ਨੇ ਜਗਤਾਰ ਦੀਆਂ ਗਜ਼ਲਾਂ ਦੀ ਉਤਮਤਾਈ ਨੂੰ ਲੋਕ ਮਨਾਂ ਤੱਕ ਪਹੁੰਚਾਉਣ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ ਰਚਨਾਕਾਰ ਦੇ ਪਰਿਵਾਰਕ ਮੈਂਬਰ ਉਸ ਵਿਚ ਸ਼ਿਰਕਤ ਕਰਨਾ। ਮੈਂ ਆਪਣੀ ਟਿੱਪਣੀ ਜਗਤਾਰ ਦੇ ਉਨ੍ਹਾਂ ਦੋ ਸ਼ਿਅਰਾਂ ਨਾਲ ਖਤਮ ਕਰਨੀ ਚਾਹਾਂਗਾ, ਜਿਨ੍ਹਾਂ ਨੂੰ ਬਰਜਿੰਦਰ ਸਿੰਘ ਹਮਦਰਦ ਦੀ ਆਵਾਜ਼ ਦਾ ਸ਼ਰਫ ਹਾਸਲ ਹੈ:
ਗਮ ਦੇ ਦਰਿਆ ਚੜ੍ਹੇ ਜੋ ਉਤਰ ਜਾਣਗੇ
ਜ਼ਖਮ ਸਾਰੇ ਵਿਛੋੜੇ ਦੇ ਭਰ ਜਾਣਗੇ।
ਦਿਲ ਦੇ ਸ਼ਹਿਰੋਂ ਵੀ ਇਹ ਦਰਦ ਦੇ ਕਾਫਲੇ
ਹੌਲੀ ਹੌਲੀ ਗੁਜ਼ਰਦੇ ਗੁਜ਼ਰ ਜਾਣਗੇ।
ਜਗਤਾਰ ਦੇ ਸ਼ਿਅਰਾਂ ਦੀ ਸੋਨਸ਼ਕਤੀ ਉਤੇ ਬਰਜਿੰਦਰ ਸਿੰਘ ਦੀ ਆਵਾਜ਼ ਦੇ ਸੁਹਾਗੇ ਦਾ ਸੁਵਾਗਤ ਹੈ।
ਜਗਤਾਰ ਦੀ ਗਜ਼ਲ ਦੇ ਉਪਰ ਦੱਸੇ ਸਾਰੇ ਰੰਗ ਹਮਦਰਦ ਹੋਰਾਂ ਦੀ ਸੋਜ਼ ਭਰੀ ਆਵਾਜ਼ ਵਿਚ ਉਸ ਦੀ ਸੱਜਰੀ ਸੰਗੀਤ ਐਲਬਮ Ḕਕਸੁੰਭੜਾ’ ਵਿਚ ਮਿਲਦੇ ਹਨ। ਮੰਜ਼ਿਲ ਇੱਕ ਤੇ ਮਾਰਗ ਅਨੇਕ।
ਅੰਤਿਕਾ: ਮਿਰਜ਼ਾ ਗਾਲਿਬ
ਉਨ ਕੇ ਦੇਖਨੇ ਸੇ ਜੋ ਆ ਜਾਤੀ ਹੈ ਮੂੰਹ ਪਰ ਰੌਨਕ
ਵੁਹ ਸਮਝਤੇ ਹੈਂ ਕਿ ਬੀਮਾਰ ਕਾ ਹਾਲ ਅੱਛਾ ਹੈ।
ਹਮਕੋ ਮਾਲੂਮ ਹੈ ਜ਼ੰਨਤ ਕੀ ਹਕੀਕਤ ਲੇਕਿਨ
ਦਿਲ ਕੇ ਖੁਸ਼ ਰਖਨੇ ਕੋ ਗਾਲਿਬ ਯੇਹ ਖਿਆਲ ਅੱਛਾ ਹੈ।

ਜਗਤਾਰ ਦੀਆਂ ਕੁਝ ਗਜ਼ਲਾਂ
(1)
ਹਰ ਮੋੜ ‘ਤੇ ਸਲੀਬਾਂ, ਹਰ ਪੈਰ ‘ਤੇ ਹਨੇਰਾ।
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ।

ਪੱਥਰ ‘ਤੇ ਨਕਸ਼ ਹਾਂ ਮੈਂ, ਮਿੱਟੀ ‘ਤੇ ਤਾਂ ਨਹੀਂ ਹਾਂ,
ਜਿੰਨਾ ਕਿਸੇ ਮਿਟਾਇਆ, ਹੁੰਦਾ ਗਿਆ ਡੁੰਘੇਰਾ।

ਕਿੰਨੀ ਕੁ ਦੇਰ ਆਖਿਰ, ਧਰਤੀ ਹਨੇਰ ਜਰਦੀ,
ਕਿੰਨੀ ਕੁ ਦੇਰ ਰਹਿੰਦਾ, ਖਾਮੋਸ਼ ਖੂਨ ਮੇਰਾ।

ਇਤਿਹਾਸ ਦੇ ਸਫੇ ‘ਤੇ, ਤੇ ਵਕਤ ਦੇ ਪਰਾਂ ‘ਤੇ,
ਉਂਗਲਾਂ ਡੁਬੋ ਲਹੂ ਵਿਚ, ਲਿਖਿਆ ਹੈ ਨਾਮ ਤੇਰਾ।

ਹਰ ਕਾਲ ਕੋਠੜੀ ਵਿਚ ਤੇਰਾ ਹੈ ਜ਼ਿਕਰ ਏਦਾਂ,
ਗਾਰਾਂ ‘ਚ ਚਾਂਦਨੀ ਦਾ, ਹੋਵੇ ਜਿਵੇਂ ਬਸੇਰਾ।

ਆ ਆ ਕੇ ਯਾਦ ਤੇਰੀ, ਜੰਗਲ ਗਮਾਂ ਦਾ ਚੀਰੇ,
ਜੁਗਨੂੰ ਹੈ ਚੀਰ ਜਾਂਦਾ, ਜਿਉਂ ਰਾਤ ਦਾ ਹਨੇਰਾ।

ਪੈਰਾਂ ‘ਚ ਬੇੜੀਆਂ ਨੇ, ਨਚਦੇ ਨੇ ਲੋਕ ਫਿਰ ਵੀ,
ਕਿਉਂ ਵੇਖ ਵੇਖ ਉਡਦੈ, ਚਿਹਰੇ ਦਾ ਰੰਗ ਤੇਰਾ।

ਮੇਰੇ ਵੀ ਪੈਰ ਚੁੰਮ ਕੇ, ਇਕ ਦਿਨ ਕਹੇਗੀ ਬੇੜੀ,
ਸਦ ਸ਼ੁਕਰ ਹੈ ਕਿ ਆਇਐ, ਮਹਿਬੂਬ ਅੰਤ ਮੇਰਾ।
(2)
ਮੈਂ ਸ਼ੀਸ਼ਾ ਹਾਂ ਜਦੋਂ ਵੀ ਮੁਸਕਰਾਵੇ ਮੁਸਕਰਾਵਾਂਗਾ।
ਜ਼ਰਾ ਮੱਥੇ ‘ਤੇ ਵਟ ਵੇਖੇ, ਉਥਾਂਈਂ ਤਿੜਕ ਜਾਵਾਂਗਾ।

ਮੈਂ ਸੁਣਿਆ ਹੈ ਕਿ ਤੇਰੇ ਸ਼ਹਿਰ ਅਜ ਕਲ੍ਹ ਕਰਫਿਓ ਲੱਗੈ,
ਨਤੀਜਾ ਕੁਝ ਵੀ ਨਿਕਲੇ, ਪਰ ਮੈਂ ਆਵਾਂਗਾ ਮੈਂ ਆਵਾਂਗਾ।

ਜੇ ਬਣ ਕੇ ਬਿਰਖ ਤੂੰ ਉਗੀ ਤਾਂ ਤੈਥੋਂ ਜਰ ਨਹੀਂ ਹੋਣਾ,
ਜਾਂ ਬਿਜੜਾ ਬਣ ਕੇ ਤੇਰੀ ਹਰ ਲਗਰ ‘ਤੇ ਘਰ ਬਣਾਵਾਂਗਾ।

ਕਦੇ ਜੁਗਨੂੰ, ਕਦੇ ਤਾਰਾ, ਕਦੇ ਮੈਂ ਅੱਥਰੂ ਬਣ ਕੇ,
ਤਿਰੇ ਵਿਹੜੇ, ਕਦੇ ਝਿੰਮਣੀ ਤਿਰੀ ਤੇ ਝਿਲਮਲਾਵਾਂਗਾ।

ਮਿਰੀ ਨਗਰੀ ਹੈ ਜ਼ਹਿਰੀਲੀ ਤੇ ਘਰ ਦੀ ਧਰਤ ਪਥਰੀਲੀ,
ਲਿਜਾ ਕੇ ਰਾਤ ਦੀ ਰਾਣੀ ਮੈਂ ਕਿਸ ਵਿਹੜੇ ‘ਚ ਲਾਵਾਂਗਾ।

ਉਡੀਕਾਂਗਾ ਮੈਂ ਸਾਰੀ ਰਾਤ ਪਰ ਜੇ ਆ ਸਕੀ ਨਾ ਤੂੰ,
ਕੀ ਆਖੇਗੀ ਫਜਰ ਜਦ ਹਾਰ ਕੇ ਦੀਵੇ ਬੁਝਾਵਾਂਗਾ।

ਜੁਦਾ ਹੋਇਆ ਤਾਂ ਹੋਵਾਂਗਾ ਜੁਦਾ ਖੁਸ਼ਬੂ ਤਰ੍ਹਾਂ ਤੈਥੋਂ,
ਨਿਭੀ ਤਾਂ ਰੰਗ ਵਾਂਗੂੰ ਆਖਰੀ ਦਮ ਤਕ ਨਿਭਾਵਾਂਗਾ।

ਮੁਹੱਬਤ ਨਾਲ ਜਦ ‘ਜਗਤਾਰ’ ਨੂੰ ਸੱਦਿਆ ਬੁਲਾਇਆ ਤੂੰ,
ਹਵਾ ਰੁਮਕਣ ਤੇ ਅੱਖ ਝਮਕਣ ਤੋਂ ਪਹਿਲਾਂ ਪਹੁੰਚ ਜਾਵਾਂਗਾ।
(3)
ਕਦੀਮਾਂ ਤੋਂ ਰਹੀ ਦੁਸ਼ਮਣ ਮੇਰੀ ਤਕਦੀਰ ਦੀ ਦਿੱਲੀ।
ਫਰੰਗੀ ਦੀ ਰਹੀ ਦਿੱਲੀ, ਜਾਂ ਆਲਮਗੀਰ ਦੀ ਦਿੱਲੀ।

ਲਹੂ ਦੇ ਨਕਸ਼ ਫਰਿਆਦੀ ਤੇ ਘਰ ਵਰਕੇ ਤਰ੍ਹਾਂ ਟੁਕੜੇ,
ਰਹੀ ‘ਗਾਲਿਬ’ ਦੀ ਨਾ ਕਿਧਰੇ ਰਹੀ ਹੈ ‘ਮੀਰ’ ਦੀ ਦਿੱਲੀ।

ਸੁਭਾ ਹੀ ਬਣ ਗਿਆ ਇਸ ਦਾ, ਲਹੂ ਪੀਣਾ ਲਹੂ ਕਰਨਾ,
ਲਹੂ ਦੇ ਨਾਲ ਹਰ ਇਕ ਫੈਸਲਾ ਤਹਿਰੀਰਦੀ ਦਿੱਲੀ।

ਰਿਹਾ ਹੈ ਫਾਸਲਾ ਪਰਜਾ ਤੇ ਹਾਕਿਮ ਵਿਚ ਹਮੇਸ਼ਾ ਹੀ,
ਨਿਓਟੇ ਦੀ ਹੈ ਦੁਸ਼ਮਣ, ਯਾਰ ਹਰ ਇਕ ਮੀਰ ਦੀ ਦਿੱਲੀ।

ਬੜਾ ਹੈ ਸ਼ੋਰ ਪਹਿਲੂ ਵਿਚ, ਮੈਂ ਚਾਰਾਗਰ ਗਰੀਬਾਂ ਦੀ,
ਤਨਾਂ ਨੂੰ ਪੀੜਦੀ ਦਿੱਲੀ, ਮਨਾਂ ਨੂੰ ਚੀਰਦੀ ਦਿੱਲੀ।

ਮਸੀਤਾਂ, ਮੰਦਿਰਾਂ ਦੇ ਸਾਏ, ਹੇਠਾਂ ਕਤਲ ਕਰਵਾਵੇ,
ਤੇ ਦਾਅਵਾ ਵੀ ਕਰੇ, ਦਿੱਲੀ ਹੈ ਹਰ ਗਮਗੀਰ ਦੀ ਦਿੱਲੀ।

ਮਗਰ ਕੁਝ ਯਾਰ, ਕੁਝ ਦਿਲਦਾਰ, ਕੁਝ ਗਮਖਾਰ ਨੇ ਓਥੇ,
ਦੁਆ ਹੈ ਇਸ ਲਈ ਉਜੜੇ ਨਾ ‘ਊਸ਼ੀ’ ਪੀਰ ਦੀ ਦਿੱਲੀ।
(4)
ਤੂੰ ਤਾਂ ਬੈਠ ਗਈ ਹੈਂ ਸੂਰਜ ਘਰ ਲੈ ਕੇ।
ਮੈਂ ਕਿਸ ਪਾਸੇ ਜਾਵਾਂ ਭਿੱਜੇ ਪਰ ਲੈ ਕੇ।

ਆਲ੍ਹਣਿਆਂ ਵਿਚ ਕਿਹੜੀ ਗੁੱਠੋਂ ਸ਼ਾਮ ਢਲੇ,
ਚੋਗੇ ਦੀ ਥਾਂ ਪਰਤੇ ਪੰਛੀ ਡਰ ਲੈ ਕੇ।

ਅੱਖ ਚੁਕ ਕੇ ਵੀ ਉਸ ਵੰਨੀਂ ਨਾ ਵੇਖ ਸਕੇ,
ਘਰੋਂ ਤੁਰੇ ਸਾਂ ਡੂੰਘੀ ਨੀਝ ਨਜ਼ਰ ਲੈ ਕੇ।

ਹਰ ਇਕ ਸ਼ੀਸ਼ਾ ਚਿਣੀ ਚਿਣੀ ਹੈ ਹੋ ਜਾਂਦਾ,
ਕਿਸ ਦੀ ਮੂਰਤ ਬੈਠੈ ਸ਼ੀਸ਼ਾ-ਗਰ ਲੈ ਕੇ।

ਤੇਰਾ ਹੀਜ-ਪਿਆਜ ਨਾ ਸਾਰਾ ਖੁਲ੍ਹ ਜਾਵੇ,
ਸ਼ੀਸ਼ੇ ਸੌਹੇਂ ਹੋ ਨਾ ਅੱਖਾਂ ਤਰ ਲੈ ਕੇ।

ਰੁੱਖਾਂ ਦੇ ਪਰਛਾਵੇਂ ਪਿੱਛੇ ਛੱਡ ਗਈ,
ਉਡ ਗਈ ਹੈ ਨ੍ਹੇਰੀ ਛਾਂਵਾਂ ਪਰ ਲੈ ਕੇ।

ਨਾ ਅਖਬਾਰਾਂ, ਨਾ ਮੌਸਮ ਦਾ ਭਰਵਾਸਾ,
ਖਬਰੇ ਕਿਸ ਆਉਣੈ ਕਦ ਬੁਰੀ ਖਬਰ ਲੈ ਕੇ।

ਵੇਖੀਂ ਤੈਨੂੰ ਇਕ ਦਿਨ ਪੱਥਰ ਕਰ ਜਾਊ,
ਮਿੱਟੀ ਦੀ ਜੋ ਬਾਜ਼ੀ ਚਲਿਐਂ ਘਰ ਲੈ ਕੇ।
(5)
ਕਮਦਿਲਾਂ ਨੂੰ ਦਿਲ, ਨਪਰਿਆਂ ਪਰ ਦਈਂ।
ਯਾ ਖੁਦਾ ਸਭ ਬੇਘਰਾਂ ਨੂੰ ਘਰ ਦਈਂ।

ਹਰ ਸੁਹਾਗਣ ਦਾ ਰਹੇ ਜਿੰਦਾ ਸੁਹਾਗ,
ਉਮਰ ਬੀਤੀ ਜਾ ਰਹੀ ਨੂੰ ਵਰ ਦਈਂ।

ਤੋਤਲੇ ਬੋਲਾਂ ਦਾ ਰਾਖਾ ਖੁਦ ਬਣੀਂ,
ਖੌਫ ਹਰ ਕਾਤਿਲ ਦੇ ਸੀਨੇ ਭਰ ਦਈਂ।

ਹਰ ਸਿਪਾਹੀ ਪਰਤ ਆਵੇ ਜੰਗ ‘ਚੋਂ,
ਖਾਕ ਚਿਹਰੇ ਫਿਰ ਰੌਸ਼ਨ ਕਰ ਦਈਂ।

ਸਾਰਿਆਂ ਦੇਸ਼ਾਂ ਨੂੰ ਬਖਸ਼ੀਂ ਅਮਨ ਤੂੰ,
ਸਭ ਗੁਲਾਮਾਂ ਨੂੰ ਸੁਤੰਤਰ ਕਰ ਦਈਂ।

ਸਭ ਮਰੀਜ਼ਾਂ ਨੂੰ ਮਿਲੇ ਸਬਰੋ-ਕਰਾਰ,
ਮੁੱਦਤਾਂ ਦੇ ਜ਼ਖਮ ਸਾਰੇ ਭਰ ਦਈਂ।

ਬੇੜੀਆਂ ਤੇ ਝਾਂਜਰਾਂ ਤੋਂ ਇਸ ਵਰ੍ਹੇ,
ਮੁਕਤ ਕੈਦੀ, ਕਸਬੀਆਂ ਨੂੰ ਕਰ ਦਈਂ।

(6)
ਖੂਨ ਲੋਕਾਂ ਦਾ ਹੈ ਇਹ ਪਾਣੀ ਨਹੀਂ।
ਏਸ ਦੀ ਸੁਰਖੀ ਕਦੇ ਜਾਣੀ ਨਹੀਂ।

ਤੇਰੇ ਲਈ ਛਣਕਾ ਕੇ ਲੰਘੇ ਬੇੜੀਆਂ,
ਤੂੰ ਹੀ ਸਾਡੀ ਚਾਲ ਪਹਿਚਾਣੀ ਨਹੀਂ।

ਦੁਸ਼ਮਣਾਂ ਹਥਿਆਰ ਸਾਰੇ ਵਰਤਣੇ,
ਜ਼ਿੰਦਗੀ ਨੇ ਮਾਰ ਪਰ ਖਾਣੀ ਨਹੀਂ।

ਦੋਸਤੋ ਜੇ ਮਰ ਗਏ ਤਾਂ ਗਮ ਨਹੀਂ,
ਦਾਸਤਾਂ ਸਾਡੀ ਕਦੇ ਜਾਣੀ ਨਹੀਂ।
ਕਾਫਿਲੇ ਵਿਚ ਤੂੰ ਨਹੀਂ ਭਾਵੇਂ ਰਿਹਾ,
ਯਾਦ ਤੇਰੀ ਦਿਲ ‘ਚੋਂ ਪਰ ਜਾਣੀ ਨਹੀਂ।

ਸਾਡੇ ਦਮ ਖਮ ਨਾਲ ਇਹ ਖਮ ਜਾਣਗੇ,
ਲਿਟ ਕਿਸੇ ਨੇ ਹੋਰ ਸੁਲਝਾਣੀ ਨਹੀਂ।

ਤੇਰੀਆਂ ਜ਼ੁਲਫਾਂ ਦੀ ਛਾਂ ਵੀ ਹੈ ਅਜ਼ੀਜ਼,
ਪਰ ਥਲਾਂ ਤਕ ਨਾਲ ਇਹ ਜਾਣੀ ਨਹੀਂ।

ਬੇੜੀਆਂ ਦੀ ਛਣਕ ਵਿਚ ਜੋ ਰਮਜ਼ ਹੈ,
ਕੌਣ ਕਹਿੰਦੈ ਲੋਕਾਂ ਪਹਿਚਾਣੀ ਨਹੀਂ।
(7)
ਨਿਸ ਦਿਨ ਗੁਜ਼ਰਨਾ ਪੈਂਦੈ, ਖੂਨੀ ਬਜ਼ਾਰ ਏਥੇ।
ਸਾਡੇ ਸਿਰਾਂ ਦਾ ਹਰ ਇਕ, ਹੈ ਤਲਬਗਾਰ ਏਥੇ।

ਤਲਵਾਰ ਤਾਂ ਉਠਾਓ, ਦੀਵਾਰ ਤਾਂ ਬਣਾਓ,
ਝੁਕਣੇ ਕਦੇ ਫਤਹਿ, ਨਾ ਮਿਟਣੇ ਜੁਝਾਰ ਏਥੇ।

‘ਸਰਮਦ’ ਨੂੰ ਕਤਲ ਕਰਕੇ, ਹਰ ਰਾਹ ਸਾਫ ਕਰ ਕੇ,
ਝੁੰਜਲਾਏ ਫਿਰ ਰਹੇ ਨੇ, ਕਿਓਂ ਤਾਜਦਾਰ ਏਥੇ।
ਰਖਿਆ ਹੈ ਸਿਰ ਸਦਾ ਹੀ, ਉਚਾ ਅਸਾਂ ਨੇ ਭਾਵੇਂ,
ਹਰ ਮੋੜ ‘ਤੇ ਸਲੀਬਾਂ, ਹਰ ਪੈਰ ਦਾਰ ਏਥੇ।

ਕਦ ਤਕ ਰਹੇਗਾ ਆਖਿਰ, ਖੁਸ਼ਬੂ ਦੇ ਸਿਰ ‘ਤੇ ਪਹਿਰਾ?
ਹੋਵੇਗੀ ਕਤਲ ਕਦ ਤਕ, ਆਖਿਰ ਬਹਾਰ ਏਥੇ?

ਚੁੰਝਾਂ ‘ਚ ਲੈ ਸਿਤਾਰੇ, ਗਿੱਧਾਂ ਦੇ ਪਾ ਇਸ਼ਾਰੇ,
ਤਾੜੇਗੀ ਬਾਜ਼ ਕਦ ਤਕ, ਕਾਵਾਂ ਦੀ ਡਾਰ ਏਥੇ?