ਪ੍ਰੋ. ਦਰਸ਼ਨ ਸਿੰਘ ਵੱਲੋਂ ‘ਅਸਲ’ ਨਾਨਕਸ਼ਾਹੀ ਕੈਲੰਡਰ ਮੁੜ ਜਾਰੀ

ਚੰਡੀਗੜ੍ਹ: ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋæ ਦਰਸ਼ਨ ਸਿੰਘ ਨੇ ‘ਅਸਲ’ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਜਾਰੀ ਕਰਦਿਆਂ ਦੇਸ਼ ਤੇ ਵਿਦੇਸ਼ ਵਿਚ ਵਸਦੇ ਸਿੱਖਾਂ ਨੂੰ ਇਸ ਅਨੁਸਾਰ ਹੀ ਗੁਰਪੁਰਬ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਇਸ ਕੈਲੰਡਰ ਦੀਆਂ ਕਾਪੀਆਂ ਦੇਸ਼ ਤੇ ਵਿਦੇਸ਼ ਵਿਚ ਵੰਡੇਗੀ। ਪ੍ਰੋæ ਦਰਸ਼ਨ ਸਿੰਘ ਨੇ ਕਿਹਾ ਕਿ ਆਰਐਸਐਸ ਸ਼ੁਰੂ ਤੋਂ ਹੀ ਨਾਨਕਸ਼ਾਹੀ ਕੈਲੰਡਰ ਜਾਰੀ ਕਰਨ ਦੇ ਵਿਰੁੱਧ ਸੀ।
ਇਹ ਕੈਲੰਡਰ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋæ ਕ੍ਰਿਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਸਮੇਂ ਖ਼ੁਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਜਾਰੀ ਕੀਤਾ ਸੀ। ਆਰਐਸਐਸ ਪ੍ਰੋæ ਬਡੂੰਗਰ ਤੋਂ ਨਾਨਕਸ਼ਾਹੀ ਕੈਲੰਡਰ ਜਾਰੀ ਕਰਨ ਕਾਰਨ ਕਾਫ਼ੀ ਨਾਰਾਜ਼ ਸੀ। ਇਸ ਲਈ ਆਰਐਸਐਸ ਦੇ ਦਬਾਅ ਹੇਠ ਪ੍ਰੋæ ਬਡੂੰਗਰ ਤੋਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਲਿਆ ਗਿਆ। ਪ੍ਰੋæ ਦਰਸ਼ਨ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਗੁਰਪੁਰਬ ਮਨਾਉਣ ਵਿਚ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਸ਼ ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ 1999 ਤੋਂ ਜਾਰੀ ਕੀਤਾ ਗਿਆ।
ਬਹੁਤ ਸਾਰੇ ਸਿੱਖਾਂ ਦੇ ਦੂਜੇ ਦੇਸ਼ਾਂ ਵਿਚ ਜਾ ਕੇ ਵੱਸਣ ਕਾਰਨ ਵੀ ਇਸ ਦੀ ਲੋੜ ਪਈ। ਕਈ ਮੁਲਕ ਜਿਵੇਂ ਕੈਨੇਡਾ, ਗੁਰੂ ਨਾਨਕ ਪੁਰਬ ਉਤੇ ਸਰਕਾਰੀ ਛੁੱਟੀ ਕਰਨਾ ਚਾਹੁੰਦੇ ਸਨ। ਇਸ ਲਈ ਇਸ ਸਥਾਈ ਕੈਲੰਡਰ ਦੀ ਲੋੜ ਸੀ ਤਾਂ ਕਿ ਹਰ ਸਾਲ ਤਿਥੀਆਂ ਦੀਆਂ ਗਿਣਤੀਆਂ-ਮਿਣਤੀਆਂ ਨਾ ਕਰਨੀਆਂ ਪੈਣ ਤੇ ਕੋਈ ਭੰਬਲਭੂਸਾ ਇਸ ਸਬੰਧੀ ਨਾ ਹੋਵੇ। ਪਹਿਲਾਂ ਗੁਰਪੁਰਬ ਬਿਕਰਮੀ ਸੰਮਤ ਅਨੁਸਾਰ ਮਨਾਏ ਜਾਂਦੇ ਸਨ ਜਿਹੜਾ ਕਿ ਚੰਦਰ ਪ੍ਰਭਾਵ ਮੱਸਿਆ ਤੇ ਪੂਰਨਮਾਸੀ ਦੇ ਹੁੰਦਿਆਂ ਸਦਾ ਲਈ ਸਥਾਈ ਰੂਪ ਵਿਚ ਪ੍ਰਚਲਤ ਨਹੀਂ ਸੀ ਕੀਤਾ ਜਾ ਸਕਦਾ। ਇਸ ਮੁਸ਼ਕਲ ਕਾਰਨ ਤਿਉਹਾਰ ਵੀ ਬਦਲਦੇ ਰਹਿੰਦੇ ਸਨ ਜਿਸ ਦਾ ਵਿਦੇਸ਼ ਵਿਚ ਵੱਡਾ ਬਖੇੜਾ ਸੀ। ਕੈਲੰਡਰ ਦਾ ਸੂਰਜੀ ਕੈਲੰਡਰ ਅਨੁਸਾਰ ਹੋਣਾ ਜ਼ਰੂਰੀ ਸੀ। 1999 ਨੂੰ ਖ਼ਾਲਸਾ ਪ੍ਰਗਟ ਹੋਣ ਦੀ ਤੀਜੀ ਸ਼ਤਾਬਦੀ ਸੰਪੂਰਨ ਹੋਈ।
ਲੋਕਾਂ ਵਿਚ ਸ਼ਤਾਬਦੀ ਮਨਾਉਣ ਦਾ ਵੱਡਾ ਚਾਅ ਸੀ। ਨਾਨਕਸ਼ਾਹੀ ਕੈਲੰਡਰ ਨੂੰ ਖ਼ਾਲਸੇ ਦੀ ਤ੍ਰੈ ਸ਼ਤਾਬਦੀ ਮਨਾਉਣ ਦਾ ਇਕ ਹਿੱਸਾ ਤਸੱਵਰ ਕੀਤਾ ਗਿਆ। ਇਸ ਇਸ ਲਈ ਜ਼ਰੂਰੀ ਸਮਝਿਆ ਗਿਆ ਕਿ ਦੂਜੀਆਂ ਕੌਮਾਂ ਮਸਲਨ ਹਿੰਦੂ, ਮੁਸਲਮਾਨ ਤੇ ਈਸਾਈ ਆਦਿ ਦੇ ਆਪੋ-ਆਪਣੇ ਕੈਲੰਡਰ ਪਹਿਲਾਂ ਹੀ ਮੌਜੂਦ ਸਨ। ਸਿੱਖ ਕੈਲੰਡਰ ਦੀ ਅਣਹੋਂਦ ਰੜਕ ਰਹੀ ਸੀ। ਇਸ ਨੂੰ ਖ਼ਤਮ ਕਰਨ ਲਈ ਨਾਨਕਸ਼ਾਹੀ ਕੈਲੰਡਰ ਦੀ ਲੋੜ ਸਮਝੀ ਗਈ। ਨਾਨਕਸ਼ਾਹੀ ਕੈਲੰਡਰ ਸਿੱਖ ਸਮੂਹ ਦੇ ਕੌਮੀ ਪ੍ਰਗਟਾਵੇ ਦਾ ਸਦੀਵੀ ਪ੍ਰਤੀਕ ਬਣ ਗਿਆ।
ਨਾਨਕਸ਼ਾਹੀ ਕੈਲੰਡਰ ਦੇ ਜਾਰੀ ਹੋਣ ਦੇ ਐਲਾਨ ਨਾਲ ਉਸ ਵੇਲੇ ਦੇ ਰਾਸ਼ਟਰੀ ਸੈਯਮ ਸੇਵਕ ਸੰਘ ਪ੍ਰਧਾਨ ਸੁਦਰਸ਼ਨ ਦਾ ਬਿਆਨ ਆਇਆ ਕਿ ਆਰਐਸਐਸ ਕਦੇ ਇਸ ਨੂੰ ਪ੍ਰਵਾਨ ਨਹੀਂ ਕਰੇਗਾ ਤੇ ਨਾ ਹੀ ਲਾਗੂ ਹੋਣ ਦੇਵੇਗਾ। ਇਹ ਇਸ਼ਾਰਾ ਪਾ ਕੇ ਸਿੱਖਾਂ ਵਿਚ ਬੈਠੇ ਆਰਐਸਐਸ ਦੇ ਹਮਦਰਦਾਂ ਨੇ ਕੈਲੰਡਰ ਨੂੰ ਖ਼ਤਮ ਕਰਨ ਦੀਆਂ ਗੋਦਾਂ ਗੁੰਦਣੀਆਂ ਸ਼ੁਰੂ ਕਰ ਦਿਤੀਆਂ। ਇਸ ਲਈ ਇਸ ਨੂੰ 1998 ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਪ੍ਰਵਾਨ ਕਰਨ ਦੇ ਬਾਵਜੂਦ ਇਹ ਲਾਗੂ ਨਾ ਹੋ ਸਕਿਆ।
ਬੀਬੀ ਜਾਗੀਰ ਕੌਰ ਨੇ ਪ੍ਰਧਾਨ ਬਣ ਕੇ ਸੰਤ ਸਮਾਜ ਦੀ ਵਿਰੋਧਤਾ ਦੇ ਬਾਵਜੂਦ ਇਸ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਵਾਨ ਕਰ ਲਿਆ। ਰਣਜੀਤ ਸਿੰਘ, ਮੰਗਲ ਸਿੰਘ ਤੇ ਪੂਰਨ ਸਿੰਘ ਦੀ ਵਿਰੋਧਤਾ ਆਖ਼ਰ ਗਿਆਨੀ ਪੂਰਨ ਸਿੰਘ ਵੱਲੋਂ ਬੀਬੀ ਜਾਗੀਰ ਕੌਰ ਨੂੰ ਛੇਕਣ ਜਾਣ ਦੀ ਹੱਦ ਤਕ ਗਈ। ਸੰਘ ਦੇ ਸਦਰ ਮੁਕਾਮ ਗੁਣੇ ਮੱਧ ਪ੍ਰਦੇਸ਼ ਤੋਂ ਉਸ ਨੇ ਹੁਕਮਨਾਮਾ ਫ਼ੈਕਸਨਾਮਾ ਜਾਰੀ ਕਰ ਕੇ ਬੀਬੀ ਜਾਗੀਰ ਕੌਰ ਨੂੰ ਪੰਥ ਵਿਚੋਂ ਛੇਕ ਦਿੱਤਾ। ਆਖ਼ਰ ਗਿਆਨੀ ਪੂਰਨ ਸਿੰਘ ਨੂੰ ਕੱਢਣ ਤੋਂ ਬਾਅਦ ਇਹ ਕੈਲੰਡਰ 16 ਜਨਵਰੀ, 2003 ਨੂੰ ਅਕਾਲ ਤਖ਼ਤ ਵੱਲੋਂ ਸਥਾਪਤ 11 ਮੈਂਬਰੀ ਕਮੇਟੀ ਦੀ ਸਿਫ਼ਾਰਸ਼ ਨਾਲ ਲਾਗੂ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਆਖਿਆ ਗਿਆ।
ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਸਥਾਪਤ 11 ਮੈਂਬਰੀ ਕਮੇਟੀ ਕੋਲ ਕੋਈ ਸ਼ਿਕਾਇਤ ਇਸ ਵਿਰੁੱਧ ਨਹੀਂ ਸੀ ਆਈ। 2003 ਵਿਚ ਜਥੇਦਾਰ ਟੌਹੜਾ ਦੇ ਪ੍ਰਧਾਨ ਬਣਨ ਉਪਰੰਤ ਫਿਰ ਇਕ ਵਾਰ ਅਕਾਲ ਤਖ਼ਤ ਦੇ ਭੋਰੇ ਵਿਚ ਹੋਈ ਮੀਟਿੰਗ ਨੇ ਇਸ ਨੂੰ ਪ੍ਰਵਾਨ ਕੀਤਾ। ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਨੇ 27 ਮਾਰਚ, 2003 ਨੂੰ ਕੈਲੰਡਰ ਪ੍ਰਵਾਨ ਕਰ ਲਿਆ। 2004 ਦੀਆਂ ਗੁਰਦਵਾਰਾ ਚੋਣਾਂ ਤਕ ਕਿਸੇ ਨੇ ਇਸ ਦਾ ਵਿਰੋਧ ਨਾ ਕੀਤਾ।
ਪ੍ਰੋæ ਦਰਸ਼ਨ ਸਿੰਘ ਨੇ ਕਿਹਾ ਕਿ ਬੀਬੀ ਜਾਗੀਰ ਕੌਰ ਤੇ ਪ੍ਰੋæ ਬਡੂੰਗਰ ਦੇ ਕਾਲ ਦੌਰਾਨ ਚਾਰ ਵਾਰ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਤੇ ਜਨਰਲ ਇਜਲਾਸ ਨੇ ਇਸ ਨੂੰ ਪ੍ਰਵਾਨ ਕੀਤਾ। ਕਿਸੇ ਨੇ ਵਿਰੋਧ ਨਾ ਕੀਤਾ। ਵਿਦੇਸ਼ਾਂ ਦੀ ਸਾਰੀਆਂ ਸੰਸਥਾਵਾਂ ਤੇ ਦਿੱਲੀ ਕਮੇਟੀ ਨੇ ਸੰਘ ਦਾ ਦਬਾਅ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਨਾਨਕਸ਼ਾਹੀ ਕੈਲੰਡਰ ਪ੍ਰਵਾਨ ਕਰ ਲਿਆ। ਸੰਘ ਦੇ ਪ੍ਰਭਾਵ ਅਧੀਨ ਤਖ਼ਤ ਪਟਨਾ ਸਾਹਿਬ, ਤਖ਼ਤ ਹਜ਼ੂਰ ਸਾਹਿਬ ਨੂੰ ਛੱਡ ਕੇ ਬਾਕੀ ਸਾਰੀਆਂ ਪੰਥਕ ਸੰਸਥਾਵਾਂ ਨੇ ਪ੍ਰਵਾਨ ਕਰ ਲਿਆ। ਉਨ੍ਹਾਂ ਕਿਹਾ ਕਿ 2003 ਵਿਚ ਸੰਤ ਸਮਾਜ ਦੇ ਦਬਾਅ ਅਧੀਨ ਹੋਲਾ ਮਹੱਲਾ ਤੇ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ ਵੀ ਚੰਦਰ ਅਧਾਰਤ ਕੈਲੰਡਰ ਨਾਲ ਜੋੜ ਦਿੱਤਾ ਗਿਆ। ਸੰਤ ਸਮਾਜ ਨੇ ਆਪਣਾ ਵਿਰੋਧ ਫਿਰ ਵੀ ਜਾਰੀ ਰੱਖਿਆ ਤੇ ਆਖ਼ਰ 2009 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਸਿਆਸੀ ਆਗੂਆਂ ਰਾਹੀਂ ਸੰਗਰਾਦਾਂ ਨੂੰ ਵੀ ਚੰਦਰਮਾ ਕੈਲੰਡਰ ਨਾਲ ਜੋੜ ਦਿਤਾ ਤੇ ਇਵੇਂ ਹੀ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਵਸ ਤੇ ਗੁਰੂ ਹਰਗੋਬਿੰਦ ਦੇ ਗੁਰਗੱਦੀ ਉਤੇ ਬੈਠਣ ਦੇ ਦਿਨ ਨੂੰ ਵੀ। ਸਮੁੱਚਾ ਪ੍ਰਭਾਵ ਇਸ ਦਾ ਇਹ ਹੋਇਆ ਜਿਵੇਂ ਸੁਦਰਸ਼ਨ ਨੇ ਆਖਿਆ ਸੀ ਕਿ ਬਿਕਰਮੀ ਕੈਲੰਡਰ ਨੂੰ ਹੀ ਨਾਨਕਸ਼ਾਹੀ ਆਖ ਕੇ 2011 ਵਿਚ ਜਾਰੀ ਕਰ ਦਿੱਤਾ ਗਿਆ ਤੇ ਹੁਣ 13 ਮਾਰਚ, 2013 ਨੂੰ ਗੁਰਦਵਾਰਾ ਰਕਾਬਗੰਜ ਸਾਹਿਬ ਦਿੱਲੀ ਦੇ ਮੰਚ ਤੋਂ ਨਾਨਕਸ਼ਾਹੀ ਨਾਂ ਹੇਠ ਉਸੇ ਬਿਕਰਮੀ ਕੈਲੰਡਰ ਨੂੰ ਮੁੜ ਜਾਰੀ ਕਰ ਕੇ ਕੁਕਰਮ ਦੀ ਪ੍ਰੋੜ੍ਹਤਾ ਕੀਤੀ ਗਈ ਹੈ ਜੋ ਸਿੱਖ ਕੌਮ ਨਾਲ ਵੱਡਾ ਧ੍ਰੋਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਵਿਚ ਸੋਧ ਸ਼ ਪੁਰੇਵਾਲ ਤੋਂ ਨਾ ਕਰਵਾ ਕੇ ਮੱਕੜ ਤੇ ਧੁੰਮਾਂ ਤੋਂ ਕਰਵਾਈ ਗਈ ਜੋ ਸਰਾਸਰ ਗ਼ਲਤ ਹੈ।

Be the first to comment

Leave a Reply

Your email address will not be published.