ਕਰਤਾਰਪੁਰ ਲਾਂਘਾ: ਬਾਦਲ ਨੂੰ ਅਜੇ ਵੀ ਮੋਦੀ ਸਰਕਾਰ ਤੋਂ ਵੱਡੀਆਂ ਉਮੀਦਾਂ

ਸ੍ਰੀ ਮੁਕਤਸਰ ਸਾਹਿਬ: ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਬਾਰੇ ਸਹਿਮਤੀ ਜਤਾਉਣ ਦੀਆਂ ਖਬਰਾਂ ਮੁੜ ਉਠਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਮਾਮਲੇ ਵਿਚ ਪਹਿਲਕਦਮੀ ਦਾ ਸਿਹਰਾ ਆਪਣੀ ਸਰਕਾਰ ਸਿਰ ਹੀ ਬੱਧਾ ਹੈ। ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਨੇ ਬਹੁਤ ਦੇਰ ਪਹਿਲਾਂ ਇਹ ਆਵਾਜ਼ ਉਠਾਈ ਸੀ ਕਿ ਜਲਦ ਤੋਂ ਜਲਦ ਕਰਤਾਰਪੁਰ ਲਾਂਘਾ ਖੁੱਲ੍ਹ ਜਾਵੇ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਦੌਰਾਨ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਭਾਸ਼ਣ ਸੁਣੇ ਬਿਨਾ ਹੀ ਉਥੋਂ ਆ ਗਈ ਸੀ। ਇੰਨਾ ਹੀ ਨਹੀਂ ਦੋਵਾਂ ਮੰਤਰੀਆਂ ਦਰਮਿਆਨ ਕੋਈ ਦੁਆ-ਸਲਾਮ ਵੀ ਨਹੀਂ ਹੋਈ। ਇਸ ਦੌਰ ਵਿਚ ਵੀ ਬਾਦਲ ਪੱਤਰਕਾਰਾਂ ਰਾਹੀਂ ਮੋਦੀ ਸਰਕਾਰ ਨੂੰ ਅਪੀਲ ਕਰ ਰਹੇ ਹਨ। ਬਾਦਲ ਨੇ ਕਿਹਾ ਕਿ ਉਨ੍ਹਾਂ ਪਿਛਲੀ ਕੇਂਦਰ ਦੀ ਸਰਕਾਰ ਦੌਰਾਨ ਰਾਸ਼ਟਰਪਤੀ ਤੇ ਵਿੱਤ ਮੰਤਰੀ ਨੂੰ ਵੀ ਡੇਰਾ ਬਾਬਾ ਨਾਨਕ ਦਾ ਉਹ ਸਥਾਨ ਦਿਖਾਇਆ ਸੀ ਜਿਥੋਂ ਸੰਗਤ ਦੂਰਬੀਨ ਨਾਲ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਦੀ ਹੈ।
ਉਨ੍ਹਾਂ ਕਿਹਾ ਕਿ ਇਹ ਕੋਈ ਛੋਟਾ ਕੰਮ ਨਹੀਂ ਸਗੋਂ ਬਹੁਤ ਹੀ ਵੱਡਾ ਤੇ ਪਵਿੱਤਰ ਕੰਮ ਹੈ, ਇਸ ਲਈ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਜਲਦੀ ਕੰਮ ਕਰਨ। ਇਸ ਤੋਂ ਬਾਅਦ ਬਾਦਲ ਨੇ ਕੈਪਟਨ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਅਕਾਲੀ ਸਰਕਾਰ ਸਮੇਂ ਹੋਏ ਪੰਜ ਸੌ ਕਰੋੜ ਦੇ ਕਥਿਤ ਘਪਲੇ ਬਾਰੇ ਬੋਲਦੇ ਕਿਹਾ ਕਿ ਜਿਸ ਬੰਦੇ ਨੇ ਵੀ ਘਪਲੇ ਕੀਤੇ ਹਨ, ਸਭ ਦੀ ਜਾਂਚ ਹੋਵੇ ਤੇ ਉਨ੍ਹਾਂ ਨੂੰ ਫੜਿਆ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਬੇਈਮਾਨ ਬੰਦੇ ਦੇ ਹੱਕ ਵਿਚ ਨਹੀਂ। ਉਨ੍ਹਾਂ ਉਲਟਾ ਸਵਾਲ ਕੀਤਾ ਕਿ ਉਹ ਪਹਿਲਾਂ ਇਹ ਦੱਸਣ ਕਿ ਪਿਛਲੇ ਦਿਨੀਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਧੱਕਾ ਕਿਸ ਨੇ ਕੀਤਾ ਸੀ।
ਉਨ੍ਹਾਂ ਪਿਛਲੇ ਸਮੇਂ ਸੁਨੀਲ ਜਾਖੜ ਦੇ ਲਾਏ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਤਾਂ ਹਰਿਮੰਦਰ ਸਾਹਿਬ ਉੱਪਰ ਹਮਲਾ ਹਮਲਾ ਕੀਤਾ, 1984 ਦੇ ਸਿੱਖ ਕਤਲੇਆਮ ਕਰਵਾਏ, ਐਮਰਜੈਂਸੀ ਲਾਈ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਵੀ ਹਰਿਆਣਾ ਨੂੰ ਦੇ ਦਿੱਤੇ। ਪੰਜਾਬ ਦੇ ਦੁਸ਼ਮਣ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਮਗਰੋਂ ਦੂਜੇ ਸਿਰ ਇਲਜ਼ਾਮ ਲਾਉਣ।
__________________________
ਲਾਂਘਾ ਖੋਲ੍ਹਣ ਲਈ ਪਾਕਿਸਤਾਨ ਸਹਿਮਤ: ਸਰਨਾ ਭਰਾ
ਅੰਮ੍ਰਿਤਸਰ: ਪਾਕਿਸਤਾਨ ਦੌਰੇ ਤੋਂ ਵਾਪਸ ਆਏ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਤੇ ਘੱਟ ਗਿਣਤੀਆਂ ਦੇ ਮੰਤਰੀ ਪੀਰ ਨਜ਼ਰਉੱਲ ਹੱਕ ਕਾਦਰੀ ਨਾਲ ਇਸਲਾਮਾਬਾਦ ਵਿਚ ਮੀਟਿੰਗ ਕੀਤੀ ਹੈ ਅਤੇ ਉਥੇ ਉਨ੍ਹਾਂ ਗੁਰਦੁਆਰਾ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਸਹਿਮਤੀ ਦਿੱਤੀ ਹੈ। ਚਾਰ ਦਿਨਾਂ ਦੌਰੇ ਤੋਂ ਪਰਤੇ ਸਰਨਾ ਭਰਾਵਾਂ ਨੇ ਦਾਅਵਾ ਕੀਤਾ ਕਿ ਗੁਰਦੁਆਰਾ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਪਾਕਿਸਤਾਨ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਮਾਮਲੇ ਵਿਚ ਭਾਰਤ ਸਰਕਾਰ ਦੇ ਹੁੰਗਾਰੇ ਦੀ ਉਡੀਕ ਵਿੱਚ ਹੈ।