ਪਿੰਡ ਨੂੰ ਤਰਲਾ ਮਾਰਦਿਆਂ..

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਸ਼ਬਦਾਂ ਦੀ ਅਜਿਹੀ ਜੁਗਤ ਬੰਨਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ! ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਭੁਲੇਖਾ ਪੈਂਦਾ ਹੈ ਕਿ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਸਫਰ ਦੀ ਗੱਲ ਕਰਦਿਆਂ ਨਸੀਹਤ ਕੀਤੀ ਸੀ, “ਸਫਰ ਕਰਨਾ ਏ ਤਾਂ ਸੁਪਨਿਆਂ ਦਾ, ਸਫਲਤਾਵਾਂ ਦਾ, ਸੱਚ-ਮਾਰਗ ਤੇ ਸੂਖਮ-ਸੰਵੇਦਨਾਵਾਂ ਦਾ ਕਰੋ।”

ਡਾ. ਭੰਡਾਲ ਭਾਵੇਂ ਲੰਮੇ ਅਰਸੇ ਤੋਂ ਅਮਰੀਕਾ ਰਹਿ ਰਹੇ ਹਨ ਪਰ ਆਪਣੀ ਜੰਮਣ ਭੋਂ, ਆਪਣੇ ਪਿੰਡ ਪ੍ਰਤੀ ਮੋਹ ਅਤੇ ਫਿਕਰ ਉਨ੍ਹਾਂ ਦੇ ਹਿਰਦੇ ‘ਚ ਘਰ ਕਰੀ ਬੈਠੇ ਹਨ। ਹਥਲੇ ਲੇਖ ਵਿਚ ਉਨ੍ਹਾਂ ਇਕ ਪਰਦੇਸੀ ਪੁੱਤ ਦਾ ਪਿੰਡ ਨੂੰ ਤਰਲਾ ਮਾਰਿਆ ਹੈ, “ਮੇਰੇ ਗਰਾਈਂਆਂ ਨੂੰ ਕਹੀਂ ਕਿ ਉਹ ਸਾਨੂੰ ਤਾਂ ਵਿਸਾਰ ਦੇਣ ਪਰ ਬਜੁਰਗਾਂ ਦੀ ਕੀਰਤੀ, ਕਰਮਾਂ, ਨਸੀਹਤਾਂ ਅਤੇ ਸੁਗਮ ਸੁਨੇਹਿਆਂ ਨੂੰ ਆਪਣੀ ਕਿਰਤ-ਸਾਧਨਾ ਵਿਚ ਜਰੂਰ ਸਮਾ ਲੈਣ ਤਾਂ ਕਿ ਅਜੋਕੇ ਚਿੰਤਾਮਈ ਮਾਹੌਲ ਵਿਚ ਕੋਈ ਆਸ ਦੀ ਕਿਰਨ ਉਦੈ ਹੋਵੇ, ਜੋ ਪਿੰਡ ਲਈ ਸਰਘੀ ਬਣ ਕੇ ਇਸ ਦੇ ਬਨੇਰਿਆਂ ‘ਤੇ ਸੂਰਜ ਦੀ ਟਿੱਕੀ ਉਗਾਵੇ।” ਡਾ. ਭੰਡਾਲ ਫਿਕਰ ਜਾਹਰ ਕਰਦੇ ਹਨ, “ਐ ਪਿੰਡ! ਆਪਣੇ ਚੌਗਿਰਦੇ ਵਿਚ ਭਰਾਤਰੀ ਭਾਵ, ਧਾਰਮਿਕ ਸਹਿਣਸ਼ੀਲਤਾ ਅਤੇ ਸਰਬੱਤ ਦੇ ਭਲੇ ਦਾ ਹੋਕਰਾ ਲਾ ਤਾਂ ਕਿ ਤੂੰ ਸੁੱਚੇ, ਸਮੁੱਚੇ ਅਤੇ ਸੁੰਦਰ ਸਰੂਪ ਵਿਚ ਮੇਰੀਆਂ ਯਾਦਾਂ ਦਾ ਸਰਮਾਇਆ ਬਣਿਆ ਰਹੇਂ।” -ਸੰਪਾਦਕ

ਡਾ ਗੁਰਬਖ਼ਸ਼ ਸਿੰਘ ਭੰਡਾਲ
ਫੋਨ: 216-556-2080

ਐ ਸੁਪਨਸ਼ੀਲ ਪਿੰਡ! ਮੈਂ ਤੇਰਾ ਪਰਵਾਸੀ ਪੁੱਤ। ਪਰਦੇਸੀ ਧਰਤੀ ‘ਤੇ ਵੱਸਦਾ ਤੇਰਾ ਖੈਰਖਾਹ। ਤੇਰੀਆਂ ਸੋਚਾਂ ਅਤੇ ਸੁਪਨਿਆਂ ਨੂੰ ਆਖਰੀ ਸਾਹ ਤੀਕ ਨਿਭਾਉਣ ਦੀ ਵਚਨਬੱਧਤਾ। ਇਸੇ ਕਰਕੇ ਮੈਨੂੰ ਅਜੇ ਤੀਕ ਵੀ ਤੇਰੇ ਹੀ ਸੁਪਨੇ ਆਉਂਦੇ ਨੇ ਕਿਉਂਕਿ ਤੂੰ ਅਚੇਤ/ਸੁਚੇਤ ਰੂਪ ‘ਚ ਮੇਰੇ ਵਿਚ ਰਮਿਆ ਹੋਇਆ ਏ। ਭਾਵੇਂ ਅੱਜ ਕੱਲ ਮੈਂ ਤੇਰੇ ਸੁਪਨਿਆਂ ‘ਚ ਨਹੀਂ ਆਉਂਦਾ ਅਤੇ ਤੇਰੀ ਫਿਜ਼ਾ ਵਿਚੋਂ ਮੈਨੂੰ ਕੱਢ ਦਿਤਾ ਗਿਆ ਏ, ਪਰ ਮੇਰੀ ਸੋਚ ਵਿਚ ਤੂੰ ਸਦਾ ਵੱਸਦੇ ਰਹਿਣਾ ਏ। ਜੀਵਨ ਦੇ ਹਰ ਮੋੜ ਅਤੇ ਮੰਜ਼ਿਲ ‘ਤੇ, ਤੇਰੀ ਸ਼ੁਕਰਗੁਜ਼ਾਰੀ ਵਿਚੋਂ ਹੀ ਜ਼ਿੰਦਗੀ ਨੂੰ ਮਹਿਕਦੇ ਫੁੱਲਾਂ ਦਾ ਸਾਥ ਮਿਲਿਆ ਏ। ਮੈਂ ਤੇਰੀ ਫਿਰਨੀ ਜਾਂ ਸੱਥ ਵਿਚ ਰਹਾਂ ਜਾਂ ਨਾ ਰਹਾਂ ਪਰ ਮੇਰੀ ਫਿਕਰਮੰਦੀ ਦਾ ਇਹ ਆਲਮ ਏ ਕਿ ਮੈਂ ਸੁੱਤਾ/ਜਾਗਦਾ ਤੈਨੂੰ ਵਾਸਤਾ ਪਾਉਨਾਂ ਕਿ ਮੇਰੇ ਗਰਾਈਂਆਂ ਨੂੰ ਕਹੀਂ ਕਿ ਉਹ ਸਾਨੂੰ ਤਾਂ ਵਿਸਾਰ ਦੇਣ ਪਰ ਬਜੁਰਗਾਂ ਦੀ ਕੀਰਤੀ, ਕਰਮਾਂ, ਨਸੀਹਤਾਂ ਅਤੇ ਸੁਗਮ ਸੁਨੇਹਿਆਂ ਨੂੰ ਆਪਣੀ ਕਿਰਤ-ਸਾਧਨਾ ਵਿਚ ਜਰੂਰ ਸਮਾ ਲੈਣ ਤਾਂ ਕਿ ਅਜੋਕੇ ਚਿੰਤਾਮਈ ਮਾਹੌਲ ਵਿਚ ਕੋਈ ਆਸ ਦੀ ਕਿਰਨ ਉਦੈ ਹੋਵੇ, ਜੋ ਪਿੰਡ ਲਈ ਸਰਘੀ ਬਣ ਕੇ ਇਸ ਦੇ ਬਨੇਰਿਆਂ ‘ਤੇ ਸੂਰਜ ਦੀ ਟਿੱਕੀ ਉਗਾਵੇ।
ਐ ਮੋਹਵੰਤੇ ਪਿੰਡ! ਹਮ-ਗਰਾਈਂਆਂ ਨੂੰ ਇਹ ਦੱਸੀਂ ਕਿ ਬਜੁਰਗਾਂ ਨੇ ਹੱਡ ਭੰਨਵੀਂ ਮਿਹਨਤ ਅਤੇ ਸਿਰੜ-ਸਾਧਨਾ ਨਾਲ ਕਦੇ ਹਾਰ ਨਹੀਂ ਸੀ ਮੰਨੀ। ਬਾਰਸ਼ਾਂ ਦੌਰਾਨ ਹੜ੍ਹਾਂ ਕਾਰਨ ਮਚਾਈ ਤਬਾਹੀ ਨਾਲ ਫਸਲਾਂ ਦਾ ਤਬਾਹ ਹੋਣਾ, ਘਰ ਦੀਆਂ ਸ਼ਤੀਰੀਆਂ ਦਾ ਤਿੜਕ ਜਾਣਾ, ਵਰਾਂਡਿਆਂ ਦੀਆਂ ਕੱਚੀਆਂ ਕੰਧਾਂ ਦਾ ਖੁਰ ਜਾਣਾ, ਢਾਰਿਆਂ ਦਾ ਢਹਿ ਜਾਣਾ ਅਤੇ ਕੱਚੇ ਮਕਾਨਾਂ ਦੀਆਂ ਛੱਤਾਂ ‘ਚ ਮਘੋਰੇ ਪੈਣ ਪਿਛੋਂ ਵੀ, ਉਹ ਫਿਰ ਕਿਰਤ-ਕਰਮ ਨਾਲ ਜ਼ਿੰਦਗੀ ਨੂੰ ਜਿਉਣ ਜੋਗਾ ਕਰ ਲੈਂਦੇ ਸਨ। ਖੇਤਾਂ ਅਤੇ ਖੂਹਾਂ ‘ਤੇ ਫਿਰ ਤੋਂ ਖੁਸ਼ਹਾਲੀ ਦਾ ਰਾਗ ਗੂੰਜਦਾ ਸੀ। ਉਹ ਢੋਲੇ-ਮਾਹੀਏ ਗਾਉਂਦੇ, ਛਿੰਜਾਂ ‘ਤੇ ਜਾਂਦੇ ਅਤੇ ਵਿਸਾਖੀ ਦੇ ਮੇਲੇ ‘ਚ ਢੋਲ ਦੇ ਡੱਗੇ ‘ਤੇ ਨੱਚਣਾ ਕਦੇ ਨਾ ਭੁੱਲਦੇ। Aਜੋਕੇ ਬਾਸ਼ਿੰਦੇ ਕੇਹੀ ਬਿਰਤੀ ਦੇ ਮਾਲਕ ਨੇ ਜੋ ਨਿੱਕੀ ਜਿਹੀ ਕੁਦਰਤੀ ਕਰੋਪੀ ਤੋਂ ਹਾਰ ਕੇ, ਖੁਦਕੁਸ਼ੀਆਂ ਦੇ ਰਾਹ ਤੁਰ ਪੈਂਦੇ ਨੇ। ਉਨ੍ਹਾਂ ਨੂੰ ਦੱਸ ਕਿ ਖੁਦਕੁਸ਼ੀ ਇਕ ਘਰ ਦੀ ਤਬਾਹੀ ਦਾ ਮੁੱਢ ਹੁੰਦੀ ਏ ਜਦ ਕਿ ਖੁਦਕੁਸ਼ੀ ਤੋਂ ਖੁਦਦਾਰੀ ਵੰਨੀਂ ਤੁਰਿਆਂ, ਜ਼ਿੰਦਗੀ ਆਪਣਾ ਮੁਹਾਂਦਰਾ ਸੰਵਾਰਦੀ ਏ। ਜੀਵਨ ਫਿਰ ਲੀਹਾਂ ‘ਤੇ ਆ ਕੇ, ਕਈਆਂ ਲਈ ਸੁਚੇਤ ਤੇ ਸਾਰਥਕ ਸੁਨੇਹਾ ਵੀ ਬਣ ਜਾਂਦਾ ਏ। ਹਾਰ ਨੂੰ ਜਿੱਤ ਵਿਚ ਬਦਲਣ ਵਾਲੇ ਅਤੇ ਮੁਸ਼ਕਿਲਾਂ ਨੂੰ ਮਿਹਨਤ ਨਾਲ ਹਰਾ ਕੇ, ਤਕਦੀਰ ਅਤੇ ਤਦਬੀਰ ਨੂੰ ਨਵੇਂ ਅਰਥ ਦੇਣ ਵਾਲੇ ਤੇਰੇ ਵਾਸੀਆਂ ਦੀ ਸੋਚ-ਨਸਲਕੁਸ਼ੀ, ਕਦੋਂ ਅਤੇ ਕਿਸੇ ਨੇ ਕੀਤੀ ਏ? ਕੀ ਉਨ੍ਹਾਂ ਦੀ ਜ਼ਮੀਰ ਮਰ ਗਈ ਏ, ਜੋ ਜਿਉਣ ਨਾਲੋਂ ਮਰਨ ਨੂੰ ਤਰਜ਼ੀਹ ਦੇਣ ਲੱਗ ਪਏ ਨੇ? ਕੀ ਤੈਨੂੰ ਇਸ ਮਾਤਮੀ ਮਾਰਗ ਦੀ ਕੋਈ ਸੂਹ ਨਹੀਂ? ਸੱਥ ਵਿਚ ਬੈਠਿਆਂ ਨੂੰ ਬਜੁਰਗਾਂ ਦੀਆਂ ਕਰਨੀਆਂ ਤੇ ਕਥਨੀਆਂ ਦੀਆਂ ਕਹਾਣੀਆਂ ਸੁਣਾ। ਸ਼ਾਇਦ ਉਨ੍ਹਾਂ ਦੀ ਜ਼ਮੀਰ ਜਾਗ ਕੇ ਜਿਉਂਦੇ ਮਨੁੱਖ ਦਾ ਸਰੂਪ ਧਾਰ ਲਵੇ।
ਐ ਅਜ਼ੀਜ਼ ਪਿੰਡ! ਮਨ ਬਹੁਤ ਉਦਾਸ ਹੋ ਜਾਂਦਾ ਏ ਜਦ ਮੈਂ ਨੌਜਵਾਨਾਂ ਦੇ ਸੁਪਨਹੀਣ ਨੈਣ ਦੇਖਦਾ ਹਾਂ ਜਾਂ ਉਨ੍ਹਾਂ ਦੀਦਿਆਂ ਵੰਨੀਂ ਝਾਤ ਮਾਰਦਾ ਹਾਂ ਜਿਨ੍ਹਾਂ ਵਿਚ ਸੁਪਨਿਆਂ ਦੀਆਂ ਲਾਸ਼ਾਂ ਕਬਰੀਂ ਪੈਣ ਲਈ ਕਾਹਲੀਆਂ ਨੇ। ਅਥਾਹ ਸ਼ਕਤੀ, ਸੰਵੇਦਨਾ, ਸਮਰੱਥਾ ਅਤੇ ਸੁਪਨਸ਼ੀਲਤਾ ਦੀ ਹਾਣੀ, ਨੌਜਵਾਨ ਪੀੜ੍ਹੀ ਦੀ ਇਹ ਕੇਹੀ ਤ੍ਰਾਸਦੀ ਏ ਕਿ ਉਹ ਆਪਣੀ ਰਹਿਤਲ ਅਤੇ ਵਿਰਾਸਤ ਤੋਂ ਅਣਜਾਣ ਬਣੀ, ਮਰਨ-ਮਿੱਟੀ ਨੂੰ ਗਲੇ ਲਾਉਣ ਲਈ ਕਾਹਲੀ ਏ। ਉਨ੍ਹਾਂ ਦੇ ਸਿਰੜ, ਸਮਰਪਣ ਅਤੇ ਸਾਧਨਾ ਨੂੰ ਕਿਸ ਨੇ ਸਿਉਂਕਿਆ ਏ? ਉਨ੍ਹਾਂ ਦੀਆਂ ਤਰਜ਼ੀਹਾਂ ਅਤੇ ਤਮੰਨਾਵਾਂ ਨੂੰ ਕਿਸ ਨੇ ਜੰਗਾਲਿਆ ਏ ਕਿ ਉਹ ਨਸ਼ਿਆਂ ਦੀ ਦਲਦਲ ਵਿਚ ਧੱਸ ਗਏ ਨੇ? ਕੁਝ ਨੂੰ ਤਾਂ ਵਿਦੇਸ਼ ਜਾਣ ਦੀ ਝਾਕ ਵਿਚ ਸਮੁੰਦਰ ਤੇ ਜੰਗਲਾਂ ਨੇ ਹਜ਼ਮ ਲਿਆ ਏ ਅਤੇ ਕੁਝ ਤੁਰਦੀਆਂ ਫਿਰਦੀਆਂ ਲਾਸ਼ਾਂ ਬਣ ਕੇ ਮਾਪਿਆਂ ਲਈ ਸਿਵੇ ਦਾ ਸੇਕ ਬਣ ਗਏ ਨੇ। ਅਜਿਹੇ ਨੌਜਵਾਨ ਮਾਪਿਆਂ ਦੀ ਡੰਗੋਰੀ ਕਿੰਜ ਬਣਨਗੇ? ਕਿੰਜ ਉਹ ਮਾਪਿਆਂ ਦੇ ਸੁਪਨਿਆਂ ਦੀ ਪੂਰਤੀ ਦਾ ਖੁਆਬ ਸਜਾਉਣਗੇ? ਕੀ ਉਨ੍ਹਾਂ ਵਿਚ ਕੁਝ ਚੰਗੇਰਾ ਕਰਨ ਅਤੇ ਨਰੋਇਆ ਸਿਰਜਣ ਦੀ ਭਾਵਨਾ ਮਰ ਗਈ ਏ? ਇਹ ਕੇਹਾ ਅੱਖਰ ਗਿਆਨ ਏ ਜੋ ਆਪਣੀ ਅਰਥੀ ਕਿਆਸਣ ਲਾਉਂਦਾ ਏ? ਆਖੀਂ ਉਨ੍ਹਾਂ ਨੌਜਵਾਨਾਂ ਨੂੰ ਕਿ ਕਦੇ ਉਨ੍ਹਾਂ ਪਾੜ੍ਹਿਆਂ ਦੇ ਘਰਾਂ ਵੰਨੀਂ ਝਾਕਣ ਜਿਨ੍ਹਾਂ ਨੇ ਅੱਖਰ-ਲੋਅ ਵਿਚੋਂ ਹੀ ਜ਼ਿੰਦਗੀ ਨੂੰ ਨਰੋਏ ਅਰਥ ਦਿਤੇ। ਯਾਦ ਕਰਵਾਈਂ ਕਿ ਕਿਸੇ ਪ੍ਰਾਪਤੀ ਲਈ ਕੋਈ ਵੀ ਸੌਖਾ ਮਾਰਗ ਨਹੀਂ ਹੁੰਦਾ। ਔਖਿਆਈਆਂ, ਪੀੜਾਂ ਅਤੇ ਤੰਗੀਆਂ-ਤੁਰਸ਼ੀਆਂ ਨਾਲ ਜੂਝਦਿਆਂ ਹੀ ਇਕ ਪਾਰਸ ਜਨਮ ਦਾ, ਜੋ ਸਭ ਨੂੰ ਨਜ਼ਰ ਆਉਂਦਾ ਏ। ਕਦੇ ਇਸ ਲਈ ਘਾਲੀ ਹੋਈ ਘਾਲਣਾ ਅਤੇ ਸਿਰੜ-ਸਾਧਨਾ ਨੂੰ ਜਰੂਰ ਫਰੋਲਣ। ਉਹ ਸਫਲ ਵਿਅਕਤੀਆਂ ਦੇ ਜੀਵਨ ਵਰਕਿਆਂ ਨੂੰ ਪੜ੍ਹਨ ਤਾਂ ਉਨ੍ਹਾਂ ਨੂੰ ਇਬਾਦਤ ਅਤੇ ਕੀਰਤੀ ਵਿਚਲਾ ਸੰਤੁਲਨ ਜਰੂਰ ਨਜ਼ਰ ਆਵੇਗਾ।
ਐ ਪਿੰਡ! ਤੈਨੂੰ ਦਿਲ ਦਾ ਭੇਤ ਦੱਸਾਂ। ਜਦ ਮੈਂ ਪਹਿਲੇ ਦਿਨ ਅਮਰੀਕਾ ਦੀ ਯੂਨੀਵਰਸਿਟੀ ਵਿਚ ਪੜ੍ਹਾਉਣ ਲੱਗਾ ਤਾਂ ਮੇਰੀਆਂ ਨਮ ਅੱਖਾਂ ਵਿਚ ਮਾਪਿਆਂ ਅਤੇ ਜਨਮ-ਭੋਂ ਪ੍ਰਤੀ ਸ਼ੁਕਰਗੁਜ਼ਾਰੀ ਛਲਕ ਪਈ ਕਿਉਂਕਿ ਬਹੁਤ ਲੰਮੀ ਹੁੰਦੀ ਹੈ, ਸੁਪਨਿਆਂ ਦੇ ਸੱਚ ਹੋਣ ਲਈ 40 ਸਾਲ ਦੀ ਲੰਮੀ ਤੇ ਨਿਰੰਤਰ ਘਾਲਣਾ। ਸੇਧਤ ਦ੍ਰਿਸ਼ਟੀ ਨੂੰ ਅਪਨਾ ਕੇ, ਅਕੀਦੇ ਤੀਕ ਪਹੁੰਚਣ ਲਈ ਸਮਰਪਣ ਹੀ ਮੂਲ-ਮੰਤਰ ਏ। ਅਜੋਕੇ ਪਾੜ੍ਹਿਆਂ ਨੂੰ ਕਹੀਂ ਕਿ ਉਹ ਆਪਣੀ ਕਿਰਤ-ਸ਼ੈਲੀ ਵਿਚ ਅੱਧੀ-ਅੱਧੀ ਰਾਤ ਤੀਕ ਪੜ੍ਹਨ ਦੀ ਆਦਤ ਪਾਉਣ। ਪੜ੍ਹਾਈ ਇਕ ਸਾਧਨਾ ਏ, ਜਿਸ ਲਈ ਥੋੜ੍ਹ-ਚਿਰੀਆਂ ਖੁਸ਼ੀਆਂ ਅਤੇ ਰੰਗ-ਤਮਾਸ਼ਿਆਂ ਨੂੰ ਜੀਵਨ ਵਿਚੋਂ ਮਨਫੀ ਕਰਨਾ ਪੈਣਾ ਏ। ਤਪੱਸਿਆ ਨਾਲ ਹੀ ਉਨ੍ਹਾਂ ਦੇ ਨੈਣਾਂ ਵਿਚ ਸੰਜੋਏ ਸੁਪਨੇ ਜਰੂਰ ਪੂਰੇ ਹੋਣਗੇ ਕਿਉਂਕਿ ਤੇਰੀ ਦੁਆ ਅਤੇ ਅਸੀਸ ਵੀ ਉਨ੍ਹਾਂ ਦੇ ਨਾਲ ਏ।
ਐ ਪਿਆਰੇ ਪਿੰਡ! ਕਦੇ ਕਦੇ ਮੈਂ ਸੋਚਦਾਂ ਕਿ ਪਿੰਡ ‘ਚ ਵੱਸਦੀਆਂ ਮਾਂਵਾਂ ਦੀਆਂ ਅਰਦਾਸਾਂ ਵਿਚ ਕੋਈ ਕਮੀ ਏ ਜਾਂ ਉਨ੍ਹਾਂ ਦੀ ਰੂਹ-ਤੜਫਣੀ ਵਿਚ ਕੋਈ ਘਾਟ ਏ ਕਿ ਉਹ ਆਪਣੇ ਬੱਚਿਆਂ ਦੇ ਦੀਦਿਆਂ ਵਿਚ ਸੁਪਨੇ ਧਰਨ ਤੋਂ ਵੀ ਤ੍ਰਿਹਨ ਲੱਗ ਪਈਆਂ ਨੇ। ਉਨ੍ਹਾਂ ਨੂੰ ਕਹਿ ਕਿ ਬੱਚਿਆਂ ਨੂੰ ਸੁਪਨੇ ਦਿਓ ਅਤੇ ਉਨ੍ਹਾਂ ਦੇ ਖਾਬਾਂ ਦੀ ਪੂਰਤੀ ਲਈ ਖੁਦ ਨੂੰ ਸਮਰਪਣ ਕਰੋ ਕਿਉਂਕਿ ਉਨ੍ਹਾਂ ਨੇ ਹੀ ਆਪਣੇ ਬੱਚਿਆਂ ਦੇ ਅਕੀਦਿਆਂ ਨੂੰ ਪੂਰਨਤਾ ਦੀ ਜਾਗ ਲਾਉਣੀ ਏ। ਉਨ੍ਹਾਂ ਵਿਚ ਨਵੀਆਂ ਚੁਣੌਤੀਆਂ ਅਤੇ ਮੁਸ਼ਕਿਲਾਂ ਨਾਲ ਮੱਥਾ ਲਾਉਣ ਦਾ ਜੇਰਾ ਪੈਦਾ ਕਰਨ। ਬੱਚਿਆਂ ਨੂੰ ਮਿਹਨਤ ਦੀ ਆਦਤ ਪਾਉਣ ਅਤੇ ਸ਼ਖਸੀਅਤ ਨੂੰ ਨਿਖਾਰਨ ਅਤੇ ਵਿਸ਼ਾਲਣ ਦਾ ਮੌਕਾ ਦੇਣ। ‘ਕੇਰਾਂ ਦਿਸ਼ਾ-ਮਾਰਗੀ ਤਾਂ ਬਣਨ, ਰਾਹ ਉਨ੍ਹਾਂ ਨੇ ਖੁਦ ਬਣਾ ਲੈਣੇ ਆ ਅਤੇ ਮੰਜ਼ਿਲਾਂ ਵੀ ਉਹ ਆਪੇ ਸਰ ਕਰ ਲੈਣਗੇ। ਉਨ੍ਹਾਂ ਨੂੰ ਕੁਝ ਨਰੋਇਆ ਕਰਨ ਦੀ ਹਿੰਮਤ ਅਤੇ ਹੌਸਲਾ ਦੇਣ, ਕਈ ਨਸਲਾਂ ਸ਼ੁਕਰਗੁਜ਼ਾਰ ਹੋਣਗੀਆਂ। ਮਾਂਵਾਂ ਨੂੰ ਯਾਦ ਕਰਵਾਈਂ ਕਿ ਬੱਚਿਆਂ ਦੇ ਵਿਕਾਸ ਅਤੇ ਪਰਿਵਾਰ ਦੀ ਖੁਸ਼ਹਾਲੀ ਵਿਚ ਮਾਂਵਾਂ ਦਾ ਸਭ ਤੋਂ ਵੱਡਾ ਯੋਗਦਾਨ ਏ ਅਤੇ ਇਸ ਤੋਂ ਮੁਨਕਰੀ, ਭਾਂਜਵਾਦੀ ਸੋਚ ਦਾ ਪ੍ਰਗਟਾਅ।
ਐ ਜੀਵਨ-ਦਾਨੀ ਪਿੰਡ! ਤੇਰੇ ਪਾਣੀ, ਹਵਾ, ਧਰਤੀ ਤੇ ਫਿਜ਼ਾ ਨੂੰ ਕਿਸ ਦੀ ਨਜ਼ਰ ਲੱਗ ਗਈ ਕਿ ਜੀਵਨ ਮਨਸਣ ਵਾਲੀ ਤੇਰੀ ਰਹਿਤਲ ਵਿਚੋਂ ਹੁਣ ਮੌਤ ਦੀ ਮੁਸਕਣੀ ਨਜ਼ਰ ਆਉਂਦੀ ਏ। ਕੇਹੀ ਫਿਜ਼ਾ ਏ ਜੋ ਜਿਉਣ ਨਾਲੋਂ ਮਰਨ ਦੀ ਹੂਕ ਬਣ ਗਈ ਏ? ਖਾਦਾਂ ਅਤੇ ਦਵਾਈਆਂ ਨਾਲ ਜ਼ਹਿਰੀਲੇ ਕੀਤੇ ਖੇਤਾਂ ਵਿਚੋਂ ਮੌਤ ਉਗਦੀ ਏ। ਭਲਾ! ਮੌਤ ਦੇ ਵਣਜ ਵਿਚੋਂ ਸਾਹ-ਵੰਜਲੀ ‘ਚ ਫੂਕ ਕਿੰਜ ਵੱਜੇਗੀ? ਇਸ ਨੇ ਤਾਂ ਕੁਲਾਂ ਗਾਲ ਦੇਣੀਆਂ ਨੇ ਅਤੇ ਗਾਲ ਵੀ ਦਿੱਤੀਆਂ ਨੇ। ਪੰਜਾਬੀਆਂ ਵਾਲੀ ਡੀਲ-ਡੌਲ ਕਿਧਰੇ ਨਜ਼ਰ ਨਹੀਂ ਆਉਂਦੀ। ਨਾ-ਮਰਦੀ ਦਾ ਸ਼ਿਕਾਰ ਹੋਏ ਤੇਰੇ ਗੱਭਰੂ ਔਲਾਦ ਲਈ ਫਰਟੀਲਿਟੀ ਸੈਂਟਰਾਂ ਵਿਚ ਖੱਜ਼ਲ-ਖੁਆਰ ਹੋ ਰਹੇ ਨੇ, ਜਿਥੇ ਨਸਲਾਂ ਬਦਲੀਆਂ ਜਾ ਰਹੀਆਂ ਨੇ। ਪਿੰਡ! ਤੂੰ ਕਿਉਂ ਨਹੀਂ ਸਮਝਦਾ ਕਿ ਇਹ ਬਹੁਤ ਗਹਿਰੀ ਚਾਲ ਏ। ਤੇਰੇ ਕੁਦਰਤੀ ਸਰੋਤਾਂ ਨੂੰ ਜ਼ਹਿਰੀਲਾ ਕਰਕੇ, ਜਵਾਨੀ ਦਾ ਨਾਸ਼ ਕਰਨਾ ਅਤੇ ਪੰਜਾਬ ਵਿਚੋਂ ਪੰਜਾਬੀ, ਪੰਜਾਬੀਅਤ ਤੇ ਪੰਜਾਬੀ ਦਿੱਖ ਨੂੰ ਹੀ ਖਤਮ ਕਰ ਦੇਣਾ। ਭੋਲੇ ਭਾਲੇ ਵਾਸੀ ਨਹੀਂ ਸਮਝਦੇ ਉਨ੍ਹਾਂ ਚਾਲਾਂ ਨੂੰ ਅਤੇ ਉਹ ਆਪਣੇ ਹੱਥੀਂ ਆਪਣਿਆਂ ਦੇ ਸਿਵੇ ਸੇਕਣ ਲਈ ਕਾਹਲੇ ਨੇ। ਐ ਪਿੰਡ! ਆਪਣੇ ਚੌਗਿਰਦੇ ਵਿਚ ਭਰਾਤਰੀ ਭਾਵ, ਧਾਰਮਿਕ ਸਹਿਣਸ਼ੀਲਤਾ ਅਤੇ ਸਰਬੱਤ ਦੇ ਭਲੇ ਦਾ ਹੋਕਰਾ ਲਾ ਤਾਂ ਕਿ ਤੂੰ ਸੁੱਚੇ, ਸਮੁੱਚੇ ਅਤੇ ਸੁੰਦਰ ਸਰੂਪ ਵਿਚ ਮੇਰੀਆਂ ਯਾਦਾਂ ਦਾ ਸਰਮਾਇਆ ਬਣਿਆ ਰਹੇਂ।
ਐ ਮਾਣਮੱਤੇ ਪਿੰਡ! ਤੈਨੂੰ ਤਾਂ ਸਾਡੇ ਸਮਿਆਂ ਦੀ ਮਾਣ-ਮਰਿਆਦਾ ਦਾ ਪਤਾ ਈ ਆ ਕਿ ਪਿੰਡ ਦਾ ਹਰ ਬਜੁਰਗ ਬੱਚਿਆਂ ਨੂੰ ਸੇਧ ਦੇ ਸਕਦਾ ਸੀ, ਝਿੜਕ ਸਕਦਾ ਸੀ। ਬੱਚਿਆਂ ਵਿਚ ਨਿਰਮਲ ਭੈਅ ਹੁੰਦਾ ਸੀ ਜਿਸ ਕਰਕੇ ਹਰ ਬੱਚਾ ਕੁਝ ਵੀ ਗਲਤ ਕਰਨ ਤੋਂ ਗੁਰੇਜ਼ ਕਰਦਾ ਸੀ। ਉਹ ਪਰਿਵਾਰਕ ਕਦਰਾਂ-ਕੀਮਤਾਂ ਨੂੰ ਅੰਤਰੀਵ ਵਿਚ ਰਚਾਉਂਦਾ ਸੀ। ਹਰ ਲੜਕੀ ਪਿੰਡ ਦੀ ਧੀ/ਨੂੰਹ ਹੁੰਦੀ ਸੀ ਅਤੇ ਉਸ ਦੀ ਆਬਰੂ ਪਿੰਡ ਦਾ ਇੱਜਤ-ਮਾਣ। ਐ ਪਿੰਡ! ਜਰਾ ਦੱਸੀਂ ਕਿ ਕੀ ਤੂੰ ਅਜੋਕੀ ਪੀੜ੍ਹੀ ਵਿਚ ਉਨ੍ਹਾਂ ਮਾਣਮੱਤੀਆਂ ਮਰਿਆਦਾਵਾਂ ਦਾ ਜਾਗ ਨਹੀਂ ਲਾਇਆ ਜਾਂ ਜਾਗ ਲਾਉਣ ਤੋਂ ਪਹਿਲਾਂ ਹੀ ਬੁੱਧ ਫਿੱਟ ਗਈ ਏ? ਕਿਥੇ, ਕਦੋਂ ਅਤੇ ਕਿਸ ਕੋਲੋਂ ਹੋਈ ਏ ਇਹ ਕੁਤਾਹੀ ਜਿਸ ਨੇ ਹਰ ਵਿਹੜੇ ਵਿਚ ਮਚਾਈ ਏ ਤਬਾਹੀ। ਯਾਦ ਰੱਖੀਂ! ਜਦ ਸਮਾਜਕ ਤੰਦ ਦੀ ਪਾਕੀਜ਼ਗੀ ਲੀਰਾਂ ਹੁੰਦੀ ਏ ਤਾਂ ਮਨੁੱਖ ਲੀਰਾਂ ਹੁੰਦਾ ਏ ਅਤੇ ਮਨੁੱਖਤਾ ਟੁਕੜਿਆਂ ‘ਚ ਵਟੀਂਦੀ, ਸਮਾਜਕ ਕਲੰਕ ਬਣ ਜਾਂਦੀ ਏ। ਇਸ ਕਲੰਕ ਨੂੰ ਧੋਣ ਹਿੱਤ ਮੇਰੇ ਪਿੰਡ ਤੂੰ ਉਨ੍ਹਾਂ ਜੁਆਕਾਂ ਨੂੰ ਪਵਿੱਤਰਤਾ ਅਤੇ ਆਪਸੀ ਸਾਂਝ ਦਾ ਵਾਸਤਾ ਪਾ ਕੇ ਸਮਝਾ ਕਿ ਤੰਦਾਂ ਨੂੰ ਨਾ ਤੋੜੋ ਕਿਉਂਕਿ ਸਦੀਆਂ ਲੱਗ ਜਾਂਦੀਆਂ ਨੇ ਜੋੜਨ ਲਈ ਜਦ ਕਿ ਤੋੜਨ ਲੱਗਿਆਂ ਤਾਂ ਪਲ ਵੀ ਨਹੀਂ ਲੱਗਦਾ। ਤੈਨੂੰ ਤਾਂ ਯਾਦ ਹੀ ਹੋਣਾ ਏ ਕਿ ਸਾਡੇ ਸਮਿਆਂ ‘ਚ ਬਜੁਰਗਾਂ ਦੀ ਅਸੀਸ ਅਤੇ ਸ਼ਾਬਾਸ਼ੀ ਹੀ ਸਾਡੇ ਲਈ ਵਰਦਾਨ ਸੀ ਜਿਸ ਨਾਲ ਅਸੀਂ ਜੀਵਨ ਦੇ ਉਨ੍ਹਾਂ ਸਿਖਰਾਂ ਨੂੰ ਛੋਹ ਸਕੇ, ਜਿਸ ਨੂੰ ਅਨਪੜ੍ਹ ਮਾਪੇ ਕਿਆਸ ਵੀ ਨਹੀਂ ਸਕਦੇ।
ਐ ਪਿੰਡ! ਧਿਆਨ ਤਾਂ ਕਰ ਕਿ ਇਹ ਕੇਹਾ ਸਿਤਮ ਏ ਕਿ ਅੱਜ ਕੱਲ ਹਰੇਕ ਚੌਧਰੀ ਨੌਜਵਾਨਾਂ ਨੂੰ ਨਿੱਜੀ ਸੁਆਰਥ ਹਿੱਤ ਜੁਰਮ ਦੀ ਦੁਨੀਆਂ ‘ਚ ਧਕੇਲਣ ਲਈ ਕਾਹਲਾ ਏ। ਭਾਵੇਂ ਇਹ ਨਸ਼ੇ ਹੋਣ, ਨਸ਼ਿਆਂ ਦੀ ਸਮਗਲਿੰਗ ਹੋਵੇ, ਗੈਂਗ ਹੋਣ ਜਾਂ ਭਾਈਚਾਰਕ/ਧਾਰਮਿਕ ਨਫਰਤ ਫੈਲਾਉਣ ਦਾ ਕੋਝਾ ਕਰਮ ਹੋਵੇ। ਤੂੰ ਚੁੱਪ ਕਿਉਂ ਏ? ਕੁਝ ਤਾਂ ਸੋਚ ਵਿਚਾਰ ਕਰ।
ਐ ਸੁਪਨਿਆਂ ‘ਚ ਵੱਸਦੇ ਪਿੰਡ! ਤੂੰ ਕਿੰਨਾ ਵੀ ਮੈਨੂੰ ਆਪਣੇ ਚੇਤੇ, ਚੌਗਿਰਦੇ ਜਾਂ ਚੌਪਾਲ ‘ਚੋਂ ਕੱਢ ਜਾਂ ਕਿੰਨਾ ਵੀ ਦੁਰਕਾਰ, ਮੇਰੇ ਚੇਤਿਆਂ ਵਿਚੋਂ ਤੂੰ ਕਦੇ ਨਹੀਂ ਨਿਕਲਣਾ। ਯਾਦਾਂ ਦੇ ਅਜ਼ੀਮ ਖਜਾਨੇ ‘ਚ ਤੈਨੂੰ ਸੰਭਾਲਿਆ ਹੋਇਆ ਏ। ਯਾਦਾਂ ਨੂੰ ਨਤਮਸਤਕ ਹੋ, ਮਿੱਟੀ ਦੀ ਖੁਸ਼ਬੂ ਨਾਲ ਸਰਸ਼ਾਰ ਹੋ, ਵਿਸਮਾਦ ‘ਚ ਗੜੁੱਚ ਰਹਿੰਦਾ ਹਾਂ। ਪਰਦੇਸ ਵਿਚ ਵਗਦੀ ਪੌਣ ਵੀ ਤੇਰੀਆਂ ਹੀ ਬਾਤਾਂ ਪਾਉਂਦੀ ਏ। ਇਹ ਬੱਦਲ ਵੀ ਤੇਰਾ ਹੀ ਸੁੱਖ-ਸੁਨੇਹਾ ਲੈ ਕੇ ਮੇਰੀ ਜੂਹ ਨੂੰ ਭਿਉਂਦੇ ਨੇ। ਤੇਰੇ ਚੰਨ ਦੀਆਂ ਕਿਰਨਾਂ ਵੀ ਮੇਰੇ ਵਿਹੜੇ ਵਿਚ ਰੌਸ਼ਨੀ ਤਰੌਂਕ ਸਰਦਲਾਂ ਨੂੰ ਸੁੱਚਾ ਕਰਦੀਆਂ ਨੇ। ਵਾਸਤਾ ਈ! ਸਾਡੇ ਸਮਿਆਂ ਦੀ ਕਿਰਤ-ਕਾਮਨਾ, ਸੰਜੀਦਾ-ਸਾਧਨਾ, ਅੰਤਰੀਵੀ-ਅਪਣੱਤ, ਮੁਹੱਬਤੀ-ਪੈਗਾਮ ਅਤੇ ਦੂਸਰਿਆਂ ਦੇ ਭਲੇ ਵਿਚੋਂ ਆਪਣਾ ਭਲਾ ਲੋਚਣ ਵਾਲੀ ਸੋਚ ਦਾ ਕੁਝ ਹਿੱਸਾ ਨਵੀਂ ਪਨੀਰੀ ਦੇ ਨਾਮ ਜਰੂਰ ਲਾਵੀਂ। ਪਰਦੇਸ ਵਸੇਂਦਿਆਂ ਦੀ ਅੰਤਰ-ਆਤਮਾ ਨੂੰ ਕੁਝ ਤਾਂ ਸਕੂਨ ਮਿਲੇਗਾ।
ਐ ਮੇਰੇ ਪਿੰਡ! ਆਪਣੇ ਪਰਵਾਸੀ ਪੁੱਤਰਾਂ ਨੂੰ ਭਾਵੇਂ ਵਿਸਾਰ ਦੇਈਂ ਪਰ ਉਨ੍ਹਾਂ ਵਲੋਂ ਪਾਈਆਂ ਪੈੜਾਂ ‘ਤੇ ਤੁਰਨ ਲਈ ਬਾਲਗਾਂ ਨੂੰ ਉਤਸ਼ਾਹਿਤ ਜਰੂਰ ਕਰਦਾ ਰਹੀਂ ਤਾਂ ਕਿ ਤੇਰੀ ਸਮੁੱਚਤਾ, ਸੁੰਦਰਤਾ ਅਤੇ ਸਦਭਾਵਨਾ ਪਹਿਲਾਂ ਵਾਂਗ ਧੜਕਦੀ, ਨਵੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਂਦੀ ਰਹੇ।
ਤੇਰੇ ਫਿਕਰ ‘ਚ ਫਿਕਰ ਹੋਇਆ ਸ਼ਖਸ!!!