ਵੇਖੀਆਂ ਸੁਣੀਆਂ ਤੇ ਵਾਪਰੀਆਂ ਗੱਲਾਂ

ਅੰਮ੍ਰਿਤਾ ਪ੍ਰੀਤਮ ਜੋ ਚਿੱਤਰਕਾਰ ਇੰਦਰਜੀਤ ਉਰਫ ਇਮਰੋਜ਼ ਨਾਲ ਪਿਆਰ ਪੈਣ ਪਿਛੋਂ ਅੰਮ੍ਰਿਤਾ ਇਮਰੋਜ਼ ਵਜੋਂ ਵਿਚਰੀ, ਦਾ ਪੰਜਾਬੀ ਸਾਹਿਤ ਵਿਚ ਆਪਣਾ, ਵੱਖਰਾ ਮੁਕਾਮ ਹੈ। ਸਾਹਿਤ ਵਿਚ ਆਪਣੇ ਉਚੇ ਮੁਕਾਮ ਕਰਕੇ ਉਹ ਸਿਆਸਦਾਨਾਂ ਦੇ ਵੀ ਵਾਹਵਾ ਨੇੜੇ ਰਹੀ ਜਿਸ ਬਾਰੇ ਵਿਵਾਦ ਵੀ ਉਠਦੇ ਰਹੇ ਪਰ ਉਸ ਦੀਆਂ ਕਵਿਤਾਵਾਂ, ਕਹਾਣੀਆਂ ਤੇ ਨਾਵਲਾਂ ਦਾ ਰੰਗ ਦੇਖਣ ਹੀ ਵਾਲਾ ਹੈ।

ਇਥੇ ਅਸੀਂ ਆਪਣੇ ਪਾਠਕਾਂ ਲਈ ਉਹਦੀ ਆਤਮ-ਕਥਾ ‘ਰਸੀਦੀ ਟਿਕਟ’ ਦਾ ਇਕ ਹਿੱਸਾ ਛਾਪ ਰਹੇ ਹਨ ਜਿਸ ਵਿਚ ਉਹਨੇ ਆਪਣੀਆਂ ਰਚਨਾਵਾਂ ਦੇ ਪਾਤਰਾਂ ਬਾਰੇ ਭੜੀਆਂ ਦਿਲਚਸਪ ਗੱਲਾਂ ਕੀਤੀਆਂ ਹਨ। -ਸੰਪਾਦਕ

ਅੰਮ੍ਰਿਤਾ ਪ੍ਰੀਤਮ

ਇਹ ਗੱਲਾਂ ਕਿਵੇਂ ਕਾਗਜ਼ ‘ਤੇ ਉਤਰਦੀਆਂ ਹਨ, ਚੇਤਨ-ਅਚੇਤਨ ਤੌਰ ‘ਤੇ, ਜੋ ਤਜੁਰਬਾ ਕਿਸੇ ਰਚਨਾ ਦਾ ਹਿੱਸਾ ਬਣ ਜਾਂਦਾ ਹੈ, ਕਈ ਵਾਰ ਆਪਣੀਆਂ ਅੱਖਾਂ ਵਾਸਤੇ ਵੀ ਅਚੰਭਾ ਜਿਹਾ ਹੋ ਜਾਂਦਾ ਹੈ-
ਰਾਬਿੰਦਰਨਾਥ ਟੈਗੋਰ ਨੂੰ ਜਦੋਂ ਮਿਲੀ ਸਾਂ, ਬਹੁਤ ਛੋਟੀ ਸਾਂ, ਨਜ਼ਮਾਂ ਉਦੋਂ ਵੀ ਲਿਖਦੀ ਸਾਂ, ਪਰ ਅਨਜਾਣੀਆਂ ਜਿਹੀਆਂ। ਉਨ੍ਹਾਂ ਨੇ ਜਦੋਂ ਨਜ਼ਮ ਸੁਨਾਣ ਲਈ ਕਿਹਾ, ਤਾਂ ਸੰਗ ਕੇ ਸੁਣਾਈ ਸੀ, ਪਰ ਉਨ੍ਹਾਂ ਨੇ ਜੋ ਪਿਆਰ ਤੇ ਧਿਆਨ ਦਿੱਤਾ ਸੀ, ਉਹ ਨਜ਼ਮ ਦੇ ਮੁਤਾਬਿਕ ਨਹੀਂ ਸੀ, ਉਨ੍ਹਾਂ ਦੀ ਆਪਣੀ ਸ਼ਖਸੀਅਤ ਦੇ ਮੁਤਾਬਿਕ ਸੀ। ਉਹ ਪ੍ਰਭਾਵ ਮੇਰੇ ਉਤੇ ਡੂੰਘਾ ਸੀ, ਤੇ ਫੇਰ ਜਦੋਂ ਟੈਗੋਰ ਸ਼ਤਾਬਦੀ ਮਨਾਈ ਜਾਣੀ ਸੀ, ਮੈਂ ਉਨ੍ਹਾਂ ‘ਤੇ ਨਜ਼ਮ ਲਿਖਣੀ ਚਾਹੀ। ਕੁਝ ਸਤਰਾਂ ਲਿਖੀਆਂ ਵੀ, ਪਰ ਤਸੱਲੀ ਨਹੀਂ ਹੋਈ, ਤੇ ਮੈਂ ਮਾਸਕੋ ਚਲੀ ਗਈ (1961 ਵਿਚ)। ਉਥੇ ਜਿਸ ਹੋਟਲ ਵਿਚ ਠਹਿਰੀ ਸਾਂ, ਉਹਦੇ ਸਾਹਮਣੇ ਮਾਇਆਕੋਵਸਕੀ ਦਾ ਬੁੱਤ ਬਣਿਆ ਹੋਇਆ ਸੀ, ਤੇ ਜਿਹੜੀ ਥਾਵੇਂ ਉਹ ਹੋਟਲ ਸੀ, ਉਹਦਾ ਨਾਂ ਗੋਰਕੀ ਸਟਰੀਟ ਸੀ।
ਇਕ ਰਾਤ, ਕੋਈ ਦਸ ਵਜੇ ਸਨ, ਮੈਂ ਹੋਟਲ ਦੀ ਬਾਰੀ ਵਿਚੋਂ ਵੇਖਿਆ ਕਿ ਬਹੁਤ ਸਾਰੇ ਲੋਕ ਮਾਇਆਕੋਵਸਕੀ ਦੇ ਬੁੱਤ ਦੁਆਲੇ ਜੁੜੇ ਹੋਏ ਸਨ। ਪਤਾ ਲੱਗਾ ਕਿ ਕਈ ਨੌਜਵਾਨ ਸ਼ਾਇਰ ਅਕਸਰ ਰਾਤ ਨੂੰ ਇਥੇ ਆ ਕੇ ਖਲੋਂਦੇ ਹਨ, ਤੇ ਬੁੱਤ ਦੇ ਚੌਂਤਰੇ ‘ਤੇ ਖਲੋ ਕੇ ਕਦੀ ਉਹ ਮਾਇਆਕੋਵਸਕੀ ਦੀ ਕੋਈ ਨਜ਼ਮ ਪੜ੍ਹਦੇ ਹਨ, ਤੇ ਕਦੀ ਆਪਣੀ। ਰਾਹ ਜਾਂਦੇ ਲੋਕ ਉਨ੍ਹਾਂ ਦੇ ਦੁਆਲੇ ਆ ਜੁੜਦੇ ਹਨ ਤੇ ਨਜ਼ਮਾਂ ਸੁਣਦੇ ਹਨ। ਫਰਮਾਇਸ਼ਾਂ ਵੀ ਪਾਂਦੇ ਹਨ ਤੇ ਇੰਜ ਇਹ ਖੁੱਲ੍ਹਾ ਮੁਸ਼ਾਇਰਾ ਅੱਧੀ ਰਾਤ ਤਕ ਜੁੜਿਆ ਰਹਿੰਦਾ ਹੈ। ਹਵਾ ਠੰਢੀ ਹੋ ਜਾਏ ਤਾਂ ਲੋਕ ਆਪਣੇ ਕੋਟਾਂ ਦੇ ਕਾਲਰ ਉਚੇ ਕਰ ਲੈਂਦੇ ਹਨ, ਮੀਂਹ ਪਵੇ ਤਾਂ ਸਿਰਾਂ ਉਤੇ ਛਤਰੀਆਂ ਤਾਣ ਲੈਂਦੇ ਹਨ। ਮੈਂ ਵੀ ਥੋੜ੍ਹੇ ਚਿਰ ਲਈ, ਕੋਟ ਪਾ ਕੇ ਇਸ ਖੁੱਲ੍ਹੇ ਮੁਸ਼ਾਇਰੇ ਵਿਚ ਚਲੀ ਗਈ। ਭਾਵੇਂ ਮੈਨੂੰ ਰੂਸੀ ਜ਼ਬਾਨ ਦਾ ਕੋਈ ਹਰਫ ਸਮਝ ਨਹੀਂ ਆਇਆ ਪਰ ਉਨ੍ਹਾਂ ਦੀ ਆਵਾਜ਼ ਦਾ ਨਿੱਘ ਮੈਨੂੰ ਜ਼ਰੂਰ ਸਮਝ ਆ ਗਿਆ। ਫੇਰ ਜਦੋਂ ਮੈਂ ਆਪਣੇ ਕਮਰੇ ਵਿਚ ਮੁੜੀ, ਮੇਰੇ ਸਾਹਮਣੇ ਟੈਗੋਰ ਦਾ ਮੂੰਹ ਵੀ ਸੀ, ਮਾਇਆਕੋਵਸਕੀ ਦਾ ਵੀ, ਤੇ ਗੋਰਕੀ ਦਾ ਵੀ। ਸਾਰੇ ਮੂੰਹ ਰਲ ਗਏ, ਜਿਵੇਂ ਇਕ ਹੋ ਗਏ, ਤੇ ਉਸ ਰਾਤ ਮੇਰੇ ਕੋਲੋਂ ਟੈਗੋਰ ਵਾਲੀ ਨਜ਼ਮ ਪੂਰੀ ਹੋ ਗਈ-
ਮਹਿਰਮ ਇਲਾਹੀ ਹੁਸਨ ਦੀ,
ਕਾਸਦ ਮਨੁੱਖ ਇਸ਼ਕ ਦੀ
ਇਹ ਕਲਮ ਲਾਫਾਨੀ ਤੇਰੀ,
ਸੌਗਾਤ ਫਾਨੀ ਜਿਸਮ ਦੀ…

‘ਅੱਕ ਦਾ ਬੂਟਾ’ ਨਾਵਲ ਵਿਚ ਉਸ ਦਾ ਮੁੱਖ ਪਾਤਰ ਜਦੋਂ ਰੋਜ਼ ਤਰਕਾਲਾਂ ਨੂੰ ਸਟੇਸ਼ਨ ‘ਤੇ ਜਾ ਕੇ ਔਂਦੀਆਂ ਗੱਡੀਆਂ ਵਿਚੋਂ ਆਪਣੀ ਗੁਆਚੀ ਭੈਣ ਦਾ ਮੂੰਹ ਲੱਭਦਾ ਹੈ, ਤਾਂ ਇਕ ਦਿਨ ਮੱਲੋਮੱਲੀ ਉਸ ਦੇ ਪੈਰ ਆਪਦੇ ਪਿੰਡ ਜਾਣ ਵਾਲੀ ਗੱਡੀ ਵਿਚ ਬਹਿ ਜਾਂਦੇ ਹਨ। ਸਿਆਲ ਦੇ ਦਿਨ, ਕੋਲ ਕੋਈ ਨਿੱਘਾ ਕੱਪੜਾ ਨਹੀਂ, ਉਹ ਰਾਤ ਦੀ ਠੰਢੀ ਵਿਚ ਗੁੱਛਾ ਜਿਹਾ ਬਣ ਜਾਂਦਾ ਹੈ। ਸੋਚਾਂ ਵਿਚ ਲੱਥਾ ਹੋਇਆ ਉਹਦਾ ਮਨ, ਨੀਂਦਰ ਵਿਚ ਵੀ ਲਹਿ ਜਾਂਦਾ ਹੈ। ਕਿਸੇ ਸਟੇਸ਼ਨ ਉਤੇ ਗੱਡੀ ਖਲੋਂਦੀ ਹੈ, ਤਾਂ ਉਹਦੀਆਂ ਚੜ੍ਹਦੀਆਂ ਸਵਾਰੀਆਂ ਦੇ ਖੜਾਕ ਨਾਲ ਉਹ ਜਾਗ ਪੈਂਦਾ ਹੈ- ਵੇਖਦਾ ਹੈ ਉਹਦੇ ਆਲੇ ਦੁਆਲੇ ਰਜਾਈ ਵਲ੍ਹੇਟੀ ਹੋਈ ਹੈ…ਬੜੇ ਕੂਲੇ ਜਿਹੇ ਮੂੰਹ ਵਾਲਾ ਬੁੱਢਾ ਆਦਮੀ ਨਾਲ ਦੀ ਸੀਟ ਉਤੇ ਬੈਠਾ ਹੋਇਆ ਹੈ- ਖੇਸ ਦੀ ਝੁੰਬ ਮਾਰ ਕੇ, ਤੇ ਆਪਣੀ ਰਜਾਈ ਇਹਦੇ ਉਤੇ ਦੇ ਕੇ। ਇਕ ਦਿਨ ਅਚਾਨਕ ਏਸ ਨਾਵਲ ਦਾ ਇਹ ਹਿੱਸਾ ਸਾਹਮਣੇ ਆਇਆ, ਤਾਂ ਯਾਦ ਆਇਆ- ਨਾਵਲ ਲਿਖਣ ਤੋਂ ਚਾਰ ਵਰ੍ਹੇ ਪਹਿਲਾਂ- ਮੈਂ ਜਦੋਂ ਰੋਮਾਨੀਆ ਤੋਂ ਗੱਡੀ ਵਿਚ ਬਲਗਾਰੀਆ ਜਾ ਰਹੀ ਸਾਂ, ਰਾਤ ਬਹੁਤ ਠੰਢੀ ਸੀ। ਕੋਲ ਆਪਣੇ ਕੋਟ ਤੋਂ ਬਿਨਾਂ ਕੁਝ ਨਹੀਂ ਸੀ। ਉਹੀਉ ਗੋਡਿਆਂ ਨੂੰ ‘ਕੱਠਿਆਂ ਕਰਕੇ, ਉਤੇ ਤਾਣ ਲਿਆ ਸੀ। ਫੇਰ ਉਸ ਨੂੰ ਸਿਰ ਵਲ ਕਰਦੀ ਸਾਂ, ਤਾਂ ਪੈਰ ਠਰਦੇ ਸਨ, ਪੈਰਾਂ ਵਲ ਕਰਦੀ ਸਾਂ, ਤਾਂ ਸਿਰ ਮੋਢੇ ਠਰਦੇ ਸਨ। ਪਤਾ ਨਹੀਂ ਕਿਹੜੇ ਵੇਲੇ ਕੁਝ ਨੀਂਦਰ ਪੈ ਗਈ- ਤਾਂ ਜਾਪਿਆ ਸਾਰੇ ਪਿੰਡੇ ਨੂੰ ਨਿੱਘ ਆ ਗਿਆ ਹੈ। ਰਹਿੰਦੀ ਰਾਤ ਮੈਂ ਬਹੁਤ ਨਿੱਘੀ ਸੁੱਤੀ ਰਹੀ। ਸਵੇਰ ਸਾਰ ਜਾਗੀ ਤਾਂ ਵੇਖਿਆ- ਮੇਰੇ ਵਾਲੇ ਡੱਬੇ ਵਿਚ ਸਫਰ ਕਰਦੇ ਹੋਏ ਇਕ ਬਲਗਾਰੀਅਨ ਆਦਮੀ ਨੇ ਆਪਣਾ ਓਵਰ ਕੋਟ ਮੇਰੇ ਉਪਰ ਰਜਾਈ ਵਾਂਗ ਦਿੱਤਾ ਹੋਇਆ ਹੈ।
ਇਹ ਵਾਕਿਆ ਮੈਂ ਚੇਤਨ ਤੌਰ ‘ਤੇ ਇਸ ਨਾਵਲ ਵਿਚ ਨਹੀਂ ਸੀ ਪਾਇਆ, ਪਰ ਲਿਖਣ ਤੋਂ ਕਿੰਨਾ ਚਿਰ ਪਿਛੋਂ ਜਦੋਂ ਪੜ੍ਹਿਆ, ਤਾਂ ਜਾਪਿਆ- ਉਸ ਰਾਤ ਦਾ ਨਿੱਘ ਮੇਰੀਆਂ ਨਾੜਾਂ ਵਿਚ ਕਿਤੇ ਅਮਾਨਤ ਵਾਂਗ ਪਿਆ ਹੋਇਆ ਸੀ।

‘ਯਾਤ੍ਰੀ’ ਨਾਵਲ 1968 ਵਿਚ ਲਿਖਿਆ ਸੀ। ਉਹਦੀ ਪਾਤਰ ਸੁੰਦਰਾਂ ਅਸਲੋਂ ਕਲਪਿਤ ਸੀ। ਨਾਵਲ ਦੇ ਮੁੱਖ ਪਾਤਰ ਦੀ ਜਨਮ ਕਹਾਣੀ ਨੂੰ ਜਾਣਦੀ ਸਾਂ, ਉਹਦੇ ਬਾਰੇ ਲਿਖਿਆ ਵੀ ਸੀ, ‘ਨਾਇਕ’ ਨੂੰ ਜਾਣਦੀ ਹਾਂ- ਉਸ ਦਿਨ ਤੋਂ ਜਿਸ ਦਿਨ ਉਹਨੂੰ ਸਾਧਾਂ ਦੇ ਕਿਸੇ ਡੇਰੇ ਚੜ੍ਹਾਇਆ ਗਿਆ ਸੀ। ਬਹੁਤ ਵਰ੍ਹਿਆਂ ਦੀ ਗੱਲ ਹੈ, ਪਰ ਅਜੇ ਵੀ ਸੋਚ ਵਿਚ ਲਿਆਵਾਂ ਤਾਂ ਬੜੇ ਤਰਾਸ਼ੇ ਨਕਸਾਂ ਵਾਲਾ ਉਸ ਦਾ ਸਉਲਾ ਮੂੰਹ, ਸਣੇ ਉਹਦੀ ਸਾਰੀ ਉਦਾਸੀ ਦੇ, ਅੱਖਾਂ ਦੇ ਅੱਗੇ ਆ ਜਾਂਦਾ ਹੈ। ਪਰ ਸੁੰਦਰਾਂ ਮੇਰੀ ਕਲਪਨਾ ਵਿਚੋਂ ਨਿਕਲ ਕੇ ਇਸ ਨਾਵਲ ਦੇ ਸਫਿਆਂ ਵਿਚ ਉਤਰੀ ਸੀ। ਤੇ ਮੈਨੂੰ ਸਮਝ ਨਹੀਂ ਆ ਰਹੀ ਕਿ ਸੁੰਦਰਾਂ ਦਾ ਪਾਤਰ ਲਿਖਦਿਆਂ ਮੇਰੀ ਅੱਖਾਂ ਕਿਉਂ ਭਰ ਭਰ ਔਂਦੀਆਂ ਰਹੀਆਂ ਸਨ?
ਨਾਵਲ ਲਿਖ ਕੇ ਸਭ ਤੋਂ ਪਹਿਲਾਂ ਇਮਰੋਜ਼ ਨੂੰ ਸੁਣਾਇਆ ਸੀ, ਤੇ ਸੁਣਾਂਦਿਆਂ ਸੁਣਾਂਦਿਆਂ ਜਦੋਂ ਸੁੰਦਰਾ ਦਾ ਜ਼ਿਕਰ ਆਇਆ, ਮੇਰੇ ਆਪਣੇ ਕਲੇਜੇ ਵਿਚੋਂ ਰੁੱਗ ਭਰਿਆ ਗਿਆ। ਫੇਰ ਇਹ ਨਾਵਲ ਹਿੰਦੀ ਵਿਚ ਤਰਜੁਮਾ ਹੋਇਆ। ਹਰ ਤਰਜੁਮਾ ਛਪਣ ਤੋਂ ਪਹਿਲਾਂ ਸੁਣਦੀ ਹਾਂ, ਤੇ ਇਹਨੂੰ ਸੁਣਦਿਆਂ ਫੇਰ ਜਦੋਂ ਸੁੰਦਰਾਂ ਦੀ ਗੱਲ ਆਈ, ਮੈਂ ਬੇਚੈਨ ਹੋ ਗਈ।
ਨਾਵਲ ਹਿੰਦੀ ਵਿਚ ਛਪ ਗਿਆ। ਉਦੋਂ 1969 ਸੀ। ਪੰਜਾਬੀ ਵਿਚ ਦੋ ਵਰ੍ਹਿਆਂ ਪਿਛੋਂ ਛਪਿਆ ਸੀ- 1971 ਵਿਚ, ਤੇ ਉਹਦੇ ਪਰੂਫ ਵੇਖਦਿਆਂ ਫੇਰ ਜਦੋਂ ਸੁੰਦਰਾਂ ਆਈ, ਮੈਂ ਵਿਆਕੁਲ ਹੋ ਗਈ।
ਆਪਣੇ ਆਪ ਨੂੰ, ਏਸ ਆਪਣੇ ਦਿਲ ਵਿਚ ਪੈਂਦੀ ਧੂਹ ਦਾ ਕੁਝ ਪਤਾ ਨਹੀਂ ਸੀ ਲਗਦਾ ਪਰ 1973 ਵਿਚ ਜਦੋਂ ਏਸ ਨਾਵਲ ਦਾ ਅੰਗਰੇਜ਼ੀ ਤਰਜੁਮਾ ਹੋ ਰਿਹਾ ਸੀ- ਤੇ ਉਸ ਵੇਲੇ ਜਦੋਂ ਸੁੰਦਰਾ ਸਾਹਮਣੇ ਆਈ, ਤਾਂ ਇੰਜ ਜਾਪਿਆ – ਜਿਵੇਂ ਮੈਂ ਆਪ ਆਪਣੀ ਨਬਜ਼ ਵੇਖ ਰਹੀ ਹੋਵਾਂ… ਲੇਖਕ ਦੀ ਆਪਣੀ ਜ਼ਿੰਦਗੀ ਦੇ ਹਾਦਸੇ- ਨਾਵਲਾਂ ਕਹਾਣੀਆਂ ਦੇ ਪਾਤਰਾਂ ਵਿਚ ਹਮੇਸ਼ਾਂ ਪੈਂਦੇ ਹਨ, ਛਾਤੀ ਵਿਚੋਂ ਉਠਦੇ ਹਨ, ਕਾਗਜ਼ਾਂ ਉਤੇ ਜਾ ਉਤਰਦੇ ਹਨ, ਪਰ ਇਹ ਸੁੰਦਰਾ ਇਸ ਤੋਂ ਉਲਟਾ ਤਜੁਰਬਾ ਹੈ। ਇਹ ਕਾਗਜ਼ਾਂ ਵਿਚੋਂ ਉਠ ਕੇ, ਮੇਰੀ ਛਾਤੀ ਵਿਚ ਉਤਰ ਰਿਹਾ ਸੀ। ਤੇ ਅਚਾਨਕ ਜਾਪਿਆ, ਇਕੋ ਵਾਰਗੀ ਜਿਵੇਂ ਘੁੱਪ ਹਨੇਰੇ ਵਿਚ ਦੀਵਾ ਬਲ ਪਵੇ- ਕਿ ਇਹੋ ਸੁੰਦਰਾਂ ਮੈਂ ਸਾਂ…
“ਮੈਂ” ਨੂੰ ਮੈਂ ਚੇਤਨ ਤੌਰ ‘ਤੇ ਸੁੰਦਰਾਂ ਵਿਚ ਨਹੀਂ ਸੀ ਪਾਇਆ, ਇਸ ਲਈ ਕਈ ਵਰ੍ਹੇ ਇਹਨੂੰ ਪਛਾਣ ਨਹੀਂ ਸਾ ਸਕੀ। ਇਹ ਆਪਣੀ ਹੋਂਦ ਮੈਨੂੰ ਅੰਦਰੋਂ ਖਰੋਚਦੀ ਸੀ, ਮਨ ਦੇ ਖਰਪੇੜਾਂ ਨੂੰ ਹੱਥ ਪਾਂਦੀ ਸੀ, ਤਾਂ ਵੀ ਪਛਾਣੀ ਨਹੀਂ ਸੀ ਜਾਂਦੀ ਪਰ ਜਦੋਂ ਪਛਾਣੀ ਗਈ ਤਾਂ ਆਪਣੀ ਇਕ ਇਕ ਸੋਚ ਤਕ ਪਛਾਣੀ ਗਈ…
ਸੁੰਦਰਾਂ ਜਦੋਂ ਮੰਦਰ ਵਿਚ ਜਾ ਕੇ ਸ਼ਿਵ-ਪਾਰਵਤੀ ਦੇ ਪੈਰਾਂ ਉਤੇ ਫੁੱਲਾਂ ਦੀ ਝੋਲੀ ਪਲਟਦੀ ਹੈ, ਉਹ ਜਦੋਂ ਸ਼ਿਵ ਪਾਰਵਤੀ ਦੇ ਪੈਰਾਂ ਉਤੇ ਮੱਥਾ ਨਿਵਾਏ, ਤਾਂ ਫੁੱਲਾਂ ਦੇ ਢੇਰ ਹੇਠੋਂ ਬਾਂਹ ਲੰਘਾ ਕੇ- ਮੂਰਤੀਆਂ ਕੋਲ ਖਲੋਤੇ ਆਪਣੇ ਮਹਿਬੂਬ ਦੇ ਪੈਰਾਂ ਨੂੰ ਵੀ ਤਲੀ ਨਾਲ ਛੋਹ ਲਵੇ ਤੇ ਉਹਦੀ ਤਲੀ ਕਿਸੇ ਦੀ ਨਜ਼ਰੀਂ ਨਾ ਪਵੇ। ਜਾਪਿਆ- ਇਹ ਮੈਂ ਹਾਂ, ਜੋ ਵਰ੍ਹਿਆਂ ਦੇ ਵਰ੍ਹੇ ਇਕ ਮੂੰਹ ਨੂੰ ਇੰਜ ਸੋਚਦੀ ਰਹੀ ਸਾਂ ਕਿ ਅੱਖਰਾਂ ਦੇ ਅੱਖਰ ਫੁੱਲਾਂ ਦੇ ਢੇਰ ਵਾਂਗ ਲਾ ਦਿੱਤੇ ਸਨ ਤੇ ਜਿਹਦੇ ਹੇਠੋਂ ਦੀ ਬਾਂਹ ਲੰਘਾ ਕੇ ਕਿਸੇ ਨੂੰ ਇਸ ਤਰ੍ਹਾਂ ਛੋਹ ਲੈਣਾ ਚਾਹੁੰਦੀ ਸਾਂ ਜੋ- ਉਤੋਂ ਕਿਸੇ ਵੇਖਣ ਵਾਲੇ ਨੂੰ ਨਾ ਦਿਸੇ।
ਸੁੰਦਰਾ ਕਈ ਚਿਰ ਚੁੱਪ-ਚਾਪ ਫੁੱਲ ਚੁਣਦੀ ਰਹੀ ਤੇ ਸਭ ਤੋਂ ਚੋਰੀ ਆਪਣੇ ਮਹਿਬੂਬ ਦੇ ਪੈਰ ਛੋਂਹਦੀ ਰਹੀ। ਮੈਂ ਵਰ੍ਹਿਆਂ ਦੇ ਵਰ੍ਹੇ ਨਜ਼ਮਾਂ ਦੇ ਅੱਖਰ ਜੋੜਦੀ ਰਹੀ ਤੇ ਚੁਪ-ਚਾਪ ਆਪਣੇ ਮਹਿਬੂਬ ਦੀ ਹੋਂਦ ਨੂੰ ਛੋਂਹਦੀ ਰਹੀ…
ਸੁੰਦਰਾਂ ਦਾ ਮਹਿਬੂਬ-ਜਿਊਂਦਾ ਜਾਗਦਾ ਵੀ- ਪੱਥਰ ਦੀ ਮੂਰਤੀ ਵਰਗਾ ਸੀ, ਜਿਹਨੂੰ ਸੁੰਦਰਾਂ ਦੇ ਮਨ ਦਾ ਸੇਕ ਨਹੀਂ ਪਹੁੰਚਦਾ। ਤੇ ਮੈਂ ਵੀ ਵਰ੍ਹਿਆਂ ਦੇ ਵਰ੍ਹੇ ਸੁੰਦਰਾਂ ਵਾਲੀ ਥਾਂ ਉਤੇ ਖਲੋਤੀ ਰਹੀ ਸਾਂ- ਮੇਰੇ ਮਨ ਦਾ ਸੇਕ ਵੀ ਕਿਤੇ ਨਹੀਂ ਸੀ ਪਹੁੰਚਦਾ। ਪੱਥਰ ਵਰਗੀ ਚੁੱਪ ਨਾਲ ਟਕਰਾਂਦਾ ਸੀ, ਤੇ ਜਗਦਾ ਬੁਝਦਾ ਫੇਰ ਮੇਰੇ ਕੋਲ ਹੀ ਮੁੜ ਔਂਦਾ ਸੀ।
ਸੁੰਦਰਾਂ ਗਲ ਵਿਚ ਵਿਆਹ ਦਾ ਜੋੜਾ ਤੇ ਨੱਕ ਵਿਚ ਸੋਨੇ ਦੀ ਨੱਥ ਪਾਈ, ਜਦੋਂ ਮੰਦਰ ਵਿਚ ਆਪਣੇ ਮਹਿਬੂਬ ਨੂੰ ਆਖਰੀ ਪ੍ਰਣਾਮ ਕਰਨ ਔਂਦੀ ਹੈ, ਕੁਝ ਅੱਥਰੂ ਛਲਕ ਕੇ ਉਹਦੀ ਨੱਥ ਦੀ ਤਾਰ ਨਾਲ ਅਟਕ ਜਾਂਦੇ ਹਨ- ਜਿਵੇਂ ਨੱਥ ਦੀਆਂ ਅੱਖਾਂ ਵਿਚ ਅੱਥਰੂ ਭਰ ਆਏ ਹੋਣ ਤੇ ਇਹ ਸਗਵੀਂ ਮੈਂ ਸਾਂ- ਮੇਰੇ ਹਰ ਛਾਪ ਛੱਲੇ ਦੀਆਂ ਅੱਖਾਂ ਇੰਜ ਹੀ ਅੱਥਰੂ ਭਰ ਭਰ ਆਉਂਦੇ ਸਨ… ਓ ਖੁਦਾਇਆ! ਕਦੇ ਆਪਣਾ ਆਪ ਵੀ ਆਪਣੇ ਕੋਲੋਂ ਇੰਜ ਛੁਪ ਛੁਪ ਜਾਂਦਾ ਹੈ… ਇਹ ਅਚੇਤ ਮਨ ਦੀ ਕਿਹੋ ਜਿਹੀ ਖੇਡ ਹੈ?…

ਪੂਰੇ ਯਾਰਾਂ ਵਰ੍ਹਿਆਂ ਦੀ ਨਹੀਂ ਸਾਂ, ਜਦੋਂ ਮਾਂ ਮਰ ਗਈ ਸੀ। ਮਾਂ ਦੀ ਜ਼ਿੰਦਗੀ ਦਾ ਆਖਰੀ ਦਿਨ ਭੋਰਾ ਭੋਰਾ ਮੇਰੇ ਚੇਤੇ ਵਿਚ ਹੈ। ‘ਇਕ ਸਵਾਲ’ ਨਾਵਲ ਵਿਚ ਨਾਇਕ ਜਗਦੀਪ, ਮਰਦੀ ਮਾਂ ਦੀ ਮੰਜੀ ਕੋਲ ਜਿਵੇਂ ਖਲੋਤਾ ਹੋਇਆ ਹੈ, ਉਵੇਂ ਮੈਂ ਆਪਣੀ ਮਰਦੀ ਮਾਂ ਦੀ ਮੰਜੀ ਕੋਲ ਖਲੋਤੀ ਹੋਈ ਸਾਂ। ਤੇ ਮੈਂ ਜਗਦੀਪ ਵਾਂਗੂ ਇਕ ਮਨ ਚਿਤ ਹੋ ਕੇ ਰੱਬ ਨੂੰ ਆਖਿਆ ਸੀ- ‘ਮੇਰੀ ਮਾਂ ਨੂੰ ਨਾ ਮਾਰੀ’ ਤੇ ਮੈਨੂੰ ਵੀ ਇਹਦੇ ਵਾਂਗ ਯਕੀਨ ਹੋ ਗਿਆ ਸੀ ਕਿ ਹੁਣ ਮੇਰੀ ਮਾਂ ਨਹੀਂ ਮਰੇਗੀ, ਕਿਉਂਕਿ ਰੱਬ ਬਾਲਾਂ ਦਾ ਆਖਿਆ ਨਹੀਂ ਮੋੜਦਾ… ਪਰ ਮਾਂ ਮਰ ਗਈ ਤੇ ਮੈਨੂੰ ਵੀ ਜਗਦੀਪ ਵਾਂਗ ਰੱਬ ਤੋਂ ਵਿਸ਼ਵਾਸ ਹਟ ਗਿਆ ਸੀ।
ਤੇ ਜਿਵੇਂ ਜਗਦੀਪ ਉਸ ਨਾਵਲ ਵਿਚ ਮਾਂ ਦੇ ਹੱਥਾਂ ਦੀਆਂ ਪੱਕੀਆਂ ਤੇ ਇਕ ਆਲੇ ਵਿਚ ਪਈਆਂ ਹੋਈਆਂ ਦੋ ਸੁੱਕੀਆਂ ਰੋਟੀਆਂ ਨੂੰ ਸਾਂਭ ਕੇ ਆਪਦੇ ਕੋਲ ਰੱਖ ਲੈਂਦਾ ਹੈ, “ਐਹਨਾਂ ਰੋਟੀਆਂ ਨੂੰ ਭੋਰ ਭੋਰ ਕੇ ਕਈ ਦਿਨ ਖਾਵਾਂਗਾ” ਜੋ ਮੇਰੀ ਮਾਂ ਦੇ ਹੱਥਾਂ ਦੀਆਂ ਪੱਕੀਆਂ ਆਖਰੀ ਦੋ ਰੋਟੀਆਂ ਸਨ- ਉਸੇ ਤਰ੍ਹਾਂ ਮੈਂ ਉਨ੍ਹਾਂ ਸੁੱਕੀਆਂ ਰੋਟੀਆਂ ਨੂੰ ਪੀਹ ਕੇ ਸ਼ੀਸ਼ੀ ਵਿਚ ਪਾ ਲਿਆ ਸੀ…
ਇਹ ਸਾਰਾ ਕੁਝ ਮੈਂ ਚੇਤਨ ਤੌਰ ‘ਤੇ ਉਸ ਨਾਵਲ ਵਿਚ ਪਾਇਆ ਸੀ ਪਰ ‘ਯਾਤ੍ਰੀ’ ਨਾਵਲ ਵਿਚ ਮਹੰਤ ਕਿਰਪਾ ਸਾਗਰ ਦੇ ਕਿਸੇ ਵੀ ਵਰਨਣ ਵਿਚ ਮੈਂ ਚੇਤਨ ਤੌਰ ‘ਤੇ ਆਪਣੇ ਪਿਤਾ ਦਾ ਚੇਤਾ ਨਹੀਂ ਸੀ ਪਾਇਆ ਪਰ ਕਈਆਂ ਵਰ੍ਹਿਆਂ ਪਿਛੋਂ ਮੈਂ ਇਕ ਦਿਨ ਉਸ ਨਾਵਲ ਨੂੰ ਪੜ੍ਹਿਆ, ਤੇ ਜਦੋਂ ਮਹੰਤ ਕਿਰਪਾ ਸਾਗਰ ਦੀ ਮੌਤ ਪਿੱਛੋਂ ਨਾਵਲ ਦਾ ਨਾਇਕ ਉਹਦੀ ਆਵਾਜ਼ ਨੂੰ ਮਨ ਵਿਚ ਚਿਤਵਦਾ ਹੈ ਤਾਂ ਮੈਨੂੰ ਜਾਪਿਆ- ਇਹ ਮੈਂ ਆਪ ਆਪਣੇ ਪਿਤਾ ਦੀ ਆਵਾਜ਼ ਨੂੰ ਚਿਤਵ ਰਹੀ ਸਾਂ, “ਉਨ੍ਹਾਂ ਦੀ ਆਵਾਜ਼ ਵਿਚ ਕੁਝ ਖਾਸ ਤਰ੍ਹਾਂ ਦਾ ਇੰਜ ਸੀ- ਨਦੀ ਦੇ ਪਾਣੀ ਵਰਗਾ, ਹੌਲਾ ਜਿਹਾ ਹੁੰਦਾ ਵੀ ਬੜਾ ਭਾਰਾ, ਤੇ ਆਪਣੇ ਜ਼ੋਰ ਨਾਲ ਵਹਿੰਦਾ। ਕੋਈ ਪੱਥਰ, ਕੰਕਰ, ਪੱਤਾ ਜਾਂ ਹੱਥਾਂ ਦੀ ਮੈਲ ਉਹਦੇ ਵਿਚ ਸੁੱਟ ਦੇਵੇ, ਤਾਂ ਉਸ ਤੋਂ ਬੇਪ੍ਰਵਾਹ ਉਸ ਨੂੰ ਰੋੜ੍ਹ ਕੇ ਲੈ ਜਾਂਦਾ, ਜਾਂ ਪੈਰਾਂ ਵਿਚ ਸੁੱਟ ਕੇ ਉਹਦੇ ਉਤੋਂ ਦੀ ਲੰਘ ਜਾਂਦਾ। ਉਨ੍ਹਾਂ ਦੀ ਆਵਾਜ਼ ਇਕ ਸੇਧ ਵਿਚ ਤੁਰੀ ਜਾਂਦੀ ਸੀ, ਦੁਆਲੇ ਦੀਆਂ ਗੱਲਾਂ ਸੁਣ ਕੇ ਕਦੇ ਖਲੋਂਦੀ ਨਹੀਂ ਸੀ ਜਾਪਦੀ। ਸਾਧ ਡੇਰੇ ਵੀ ਘਰ ਗ੍ਰਹਿਸਥੀਆਂ ਵਾਂਗ ਝਗੜਿਆਂ-ਖਹਿਬੜਾਂ ਤੇ ਨਿੰਦਿਆ-ਚੁਗਲੀਆਂ ਨਾਲ ਵਸਦੇ ਰਸਦੇ ਹਨ- ਜਾਲੇ ਇਨ੍ਹਾਂ ਦੀਆਂ ਗੁੱਠਾਂ ਵਿਚ ਲਗਦੇ ਹਨ ਪਰ ਉਨ੍ਹਾਂ ਦੀ ਆਵਾਜ਼ ਨਦੀ ਦੇ ਵੇਗ ਵਾਂਗ, ਇਸ ਸਭ ਕੁਝ ਨੂੰ ਰੋੜ੍ਹ ਕੇ ਲਿਆਂਦੀ ਤੇ ਇਨ੍ਹਾਂ ਨੂੰ ਅੱਖ ਭਰ ਕੇ ਤੱਕਦੀ ਵੀ ਨਹੀਂ ਸੀ। ਇਹ ਆਵਾਜ਼ ਦੋ ਤਰ੍ਹਾਂ ਦੀ ਸੀ- ਇਕ ਭਾਰੀ ਗੌਰੀ ਤੇ ਵੇਗ ਦੀ ਭਰੀ। ਦੂਜੀ ਬਹੁਤ ਸੂਖਮ, ਉਦਾਸ ਤੇ ਪੌਣ ਵਾਂਗ ਪੌਣ ਵਿਚ ਰਲਦੀ…।”
ਤੇ ਨਾਵਲ ਵਿਚ ਮਹੰਤ ਕਿਰਪਾ ਸਾਗਰ ਜਿਹੜੇ ਬੋਲ ਨੂੰ ਬਾਰ-ਬਾਰ ਦੁਹਰਾਂਦੇ ਹਨ, ਚੇਤਾ ਆਇਆ ਕਿ ਉਹੀ ਬੋਲ ਮੇਰੇ ਬਾਪ ਦੇ ਦੰਦਾਂ ਹੇਠ ਉਤੇ ਹੁੰਦੇ ਸਨ, “ਮੁੱਦਤੇਂ ਗੁਜ਼ਰ ਗਈਂ ਬੇਯਾਰ ਔ ਮਦਦਗਾਰ ਹੂਏ…।”
ਮਹੰਤ ਕਿਰਪਾ ਸਾਗਰ ਦੀ ਕਹਾਣੀ ਦਾ ਕੁਝ ਹਿੱਸਾ ਮੈਂ ਚੇਤਨ ਤੌਰ ‘ਤੇ ਆਪਣੇ ਬਾਪ ਦੇ ਇਕ ਮਿੱਤਰ ਸਾਧੂ ਦੀ ਜ਼ਿੰਦਗੀ ਵਿਚੋਂ ਲਿਆ ਸੀ, ਪਰ ਜਦੋਂ ਮਹੰਤ ਕਿਰਪਾ ਸਾਗਰ ਦੇ ਸੁਭਾਅ ਦਾ ਵਰਨਣ ਕੀਤਾ ਤਾਂ ਅਚੇਤ ਮੇਰੇ ਕੋਲੋਂ ਆਪਣੇ ਬਾਪ ਦੇ ਸੁਭਾਅ ਦਾ ਵਰਨਣ ਹੋ ਗਿਆ।

15 ਮਈ 1973 ਨੂੰ ਜਦੋਂ ਦਿੱਲੀ ਯੂਨੀਵਰਸਿਟੀ ਦੇ ਆਨਰੇਰੀ ਡਾ. ਲਿਟ ਦੀ ਡਿਗਰੀ ਦਿੱਤੀ, ਘਰ ਆਈ ਨੂੰ ਦੇਵਿੰਦਰ ਨੇ ਆਪਣੇ ਬੋਝੇ ਵਿਚ ਕੁਝ ਛੁਪਾ ਕੇ ਆਖਿਆ, “ਦੀਦੀ! ਅੱਜ ਕੋਈ ਮਨ ਆਈ ਕਰਨ ਤੇ ਜੀਅ ਕਰਦਾ ਏ, ਗੁੱਸੇ ਨਾ ਹੋਵੀਂ।” ਜਵਾਬ ਵਿਚ ਹੱਸ ਪਈ ਸਾਂ, “ਵੇ ਤੇਰੇ ਮਨ ਆਈ ਜੋ ਵੀ ਹੋਵੇਗੀ, ਚੰਗੀ ਹੋਵੇਗੀ।” – ਤੇ ਦੇਵਿੰਦਰ ਨੇ ਬੋਝੇ ਵਿਚੋਂ ਰੇਸ਼ਮੀ ਰੁਮਾਲ, ਮਿਸ਼ਰੀ ਤੇ ਇੱਕੀ ਰੁਪਈਏ ਕੱਢ ਕੇ ਆਖਿਆ, “ਦੀਦੀ! ਤੇਰਾ ਕੋਈ ਪਿਉ ਜਾਂ ਭਰਾ ਹੁੰਦਾ, ਕੋਈ ਸਗਣ ਕਰਦਾ… ਇਹ ਸਗਣ ਉਨ੍ਹਾਂ ਵੱਲੋਂ…।”
ਅੱਖਾਂ ਭਰ ਆਈਆਂ। ਤੇ ਯਾਦ ਆਇਆ- ‘ਇਕ ਸਵਾਲ’ ਨਾਵਲ ਵਿਚ ਜਦੋਂ ਨਾਵਲ ਦਾ ਨਾਇਕ ਆਪਣੇ ਪਿਉ ਦੀ ਮੌਤ ਪਿੱਛੋਂ ਆਪਣੀ ਅਸਲੋਂ ਜਵਾਨ ਮਤਰੇਈ ਮਾਂ ਦਾ ਆਪਣੇ ਹੱਥੀਂ ਉਹਦਾ ਮਨਚਾਹਿਆ ਵਿਆਹ ਕਰਦਾ ਹੈ, ਤੇ ਉਹ ਜਵਾਨ ਜਹਾਨ ਕੁੜੀ ਥਾਲੀ ਵਿਚ ਰੋਟੀ ਪਾ ਕੇ ਆਖਦੀ ਹੈ, “ਆ! ਮਾਂ ਪੁੱਤਰ ਰਲ ਕੇ ਖਾਈਏ।” ਤਾਂ ਉਹ ਰੋਟੀ ਦੀ ਪਹਿਲੀ ਗਰਾਹੀ ਭੰਨਦਾ ਆਖਦਾ ਹੈ, “ਪਹਿਲੋਂ ਇਹ ਦੱਸ, ਤੂੰ ਮੇਰੀ ਮਾਂ ਲਗਨੀ ਏਂ, ਭੈਣ ਲਗਨੀ ਏਂ, ਮੇਰੀ ਧੀ ਲਗਨੀ ਏਂ?” ਤਾਂ ਨਾਵਲ ਦਾ ਇਹ ਹਿੱਸਾ ਲਿਖਦਿਆਂ ਦੇਵਿੰਦਰ ਮੇਰੇ ਸਾਹਮਣੇ ਨਹੀਂ ਸੀ ਪਰ ਚੌਦਾਂ ਵਰ੍ਹਿਆਂ ਪਿੱਛੋਂ ਜਦੋਂ ਦੇਵਿੰਦਰ ਨੇ ਉਹ ਰੁਮਾਲ, ਉਹ ਮਿਸ਼ਰੀ ਤੇ ਉਹ ਰੁਪਈਏ ਮੇਰੀ ਝੋਲੀ ਪਾਏ, ਮੇਰੇ ਮਨ ਵਿਚ ਆਇਆ, ਬੋਲ ਨਿਰਾਪੁਰਾ ਉਹੋ ਸੀ, “ਵੇ ਪਹਿਲੋਂ ਇਹ ਦੱਸ, ਤੂੰ ਮੇਰਾ ਪਿਉ ਲਗਨਾ ਏਂ, ਮੇਰਾ ਭਰਾ, ਕਿ ਮੇਰਾ ਪੁੱਤਰ?”

ਕਹਾਣੀ ‘ਪਿਘਲਦੀ ਚੱਟਾਨ’ ਮੈਂ 1974 ਦੇ ਸ਼ੁਰੂ ਵਿਚ ਲਿਖੀ ਸੀ, ਬਿਲਕੁਲ ਨਹੀਂ ਜਾਣਦੀ ਸੀ ਕਿ ਮੇਰੇ ਅਚੇਤ ਮਨ ਦਾ ਇਹ ਕਿਹੜਾ ਪ੍ਰਗਟਾਅ ਸੀ। ਮੈਂ ਇਹਦਾ ਪਿਛੋਕੜ ਨੇਪਾਲ ਸ੍ਵੈਂਭੂਪਰਬਤ ਦੀ ਸਿਖਰ ‘ਤੇ ਬਣਿਆ ਮੰਦਰ ਰਖਿਆ, ਜਿਥੇ ਜਵਾਨ ਕੁੜੀ ਰਾਜਸ਼੍ਰੀ ਰਾਤ ਦੇ ਚੌਥੇ ਪਹਿਰ ਜਾਂਦੀ ਹੈ, ਤੇ ਉਥੇ ਪਹੁੰਚ ਕੇ ਪਾਰਲੀ ਉਤਰਾਈ ਵਲ ਉਤਰਦੀ ਉਸ ਬਸੰਗਾ ਨਦੀ ਦਾ ਰਾਹ ਪਛਾਣਦੀ ਹੈ, ਜਿਸ ਨਦੀ ਵਿਚ ਕਦੇ ਦੋ ਸੌ ਸਾਲ ਹੋਏ ਉਹਦੇ ਵੰਸ਼ ਦੀ ਇਕ ਕੁਮਾਰੀ ਨੇ ਜ਼ਿੰਦਗੀ ਤੋਂ ਨਿਜਾਤ ਦਾ ਰਾਹ ਲੱਭਿਆ ਸੀ। ਰਾਜਸ਼੍ਰੀ ਮੁਹੱਬਤ ਦੀ ਨਿਰਾਸਤਾ ਵਿਚ ਉਹੀ ਰਾਹ ਚੁਣਦੀ ਹੈ ਜੋ ਕਦੇ ਉਹਦੇ ਵੰਸ਼ ਦੀ ਕੁਮਾਰੀ ਨੇ ਚੁਣਿਆ ਸੀ। ਨਾਲ ਸੋਚਦੀ ਵੀ ਹੈ- ਪੈਰਾਂ ਵਾਸਤੇ ਇਹ ਇਕੋ ਹੀ ਰਾਹ ਕਿਉਂ ਬਣਿਆ? ਕਹਾਣੀ ਅੱਗੇ ਤੁਰਦੀ ਹੈ ਤਾਂ ਰਾਜਸ਼੍ਰੀ ਦੇ ਮਨ ਵਿਚ ਜੁਗ ਪਲਟਦਾ ਹੈ। ਉਹ ਸ੍ਵੈ ਨੂੰ ਪਛਾਣਦੀ ਹੈ, ਜਾਣ ਜਾਂਦੀ ਹੈ ਕਿ ਇਕ ਸਮੇਂ ਦਾ ਸੱਚ ਹਰ ਸਮੇਂ ਦਾ ਸੱਚ ਨਹੀਂ ਹੁੰਦਾ… ਅਤੇ ਉਹ ਮੌਤ ਦੀ ਉਤਰਾਈ ਵਲੋਂ ਪੈਰ ਮੋੜ ਕੇ ਜ਼ਿੰਦਗੀ ਦੀ ਚੜ੍ਹਾਈ ਦੇ ਰਾਹ ਪੈਂ ਜਾਂਦੀ ਹੈ।
ਪੂਰੇ ਦੋ ਵਰ੍ਹੇ ਲੰਘ ਗਏ। ਇਸ ਕਹਾਣੀ ਦੇ ਕਿਰਦਾਰ ਨਾਲ ਮੈਂ ਆਪਣੇ ਆਪ ਨੂੰ ਕਦੇ ਵੀ ਜੋੜ ਕੇ ਨਹੀਂ ਸੀ ਵੇਖਿਆ ਕਿ ਇਕ ਰਾਤ, ਸੁੱਤ ਉਨੀਂਦਰੀ ਜਿਹੀ ਹਾਲਤ ਵਿਚ ਮੇਰੀ ਜ਼ਿੰਦਗੀ ਦਾ ਵੇਲਾ ਕੋਈ ਪੈਂਤੀ ਵਰ੍ਹੇ ਪਿਛਾਂਹ ਚਲਾ ਗਿਆ ਤੇ ਵੇਖਿਆ, ਮੈਂ ਮਸਾਂ ਕੋਈ ਵੀਹਾਂ ਕੁ ਵਰ੍ਹਿਆਂ ਦੀ ਹਾਂ, ਗੁਜਰਾਂ ਵਾਲੇ ਗਈ ਹਾਂ, ਓਸੇ ਗਲੀ ਵਿਚ, ਓਸੇ ਘਰ ਵਿਚ, ਜਿਥੇ ਕਦੀ ਮੇਰੇ ਪਿਤਾ ਦੀ ਭੈਣ ਹਾਕੋ ਭੋਰੇ ਵਿਚ ਪੈ ਕੇ ਚਲ੍ਹੀਏ (ਚਾਲੀਹੇ) ਕੱਟਦੀ ਮਰ ਗਈ ਸੀ…
ਕੰਨਾਂ ਵਿਚ ਉਹੀ ਆਵਾਜ਼ ਪਈ, ਪੈਂਤੀ ਵਰ੍ਹੇ ਪਹਿਲਾਂ ਦੀ ਜੋ ਮੈਨੂੰ ਵੇਖ ਕੇ ਗਲੀ ਦੀ ਜੀਵੀ ਭਗਤਣੀ ਪਹਿਲੋਂ ਮੈਨੂੰ ਵੇਖਦੀ ਰਹਿ ਗਈ ਸੀ, ਫੇਰ ਆਪਣੇ ਹੈਰਾਨ ਹੋਏ ਮੂੰਹ ਉਤੇ ਹੱਥ ਰੱਖ ਕੇ ਬੋਲੀ ਸੀ, “ਹਾਈ ਮੈਂ ਮਰ ਗਈ, ਨਿਰੀ ਹਾਕੋ… ਨਿਰੀ ਪੁਰੀ ਉਹੀਉ…।” ਮੇਰੀ ਭੂਆ ਹਾਕੋ ਦੇ ਵੇਲੇ ਦੀ ਉਸ ਗਲੀ ਵਿਚ ਇਕੋ ਔਰਤ ਸੀ ਜੋ ਅਜੇ ਵੀ ਜਿਊਂਦੀ ਸੀ, ਉਸ ਨੇ ਇੰਜ ਆਖਿਆ- ਤਾਂ ਮੈਂ ਸ਼ੀਸ਼ੇ ਵਿਚ ਆਪਣੇ ਮੂੰਹ ਵੱਲ ਵੇਖ ਕੇ ਪਹਿਲੀ ਵਾਰੀ ਹਾਕੋ ਦੇ ਮੂੰਹ ਨੂੰ ਚਿਤਰਿਆ… ਭਾਵੇਂ ਆਪਣੀ ਭੂਆ ਦੀ ਸ਼ਕਲ ਨਾਲ ਮੇਰੀ ਸ਼ਕਲ ਮਿਲ ਜਾਣੀ ਸੁਭਾਵਕ ਗੱਲ ਹੋ ਸਕਦੀ ਸੀ, ਪਰ ਜਾਪਿਆ- ਇਹ ਕੁਦਰਤ ਦਾ ਕੋਈ ਰਾਜ਼ ਹੈ, ਸ਼ਾਇਦ ਹੋਣੀ ਦਾ ਇਸ਼ਾਰਾ… ਮੈਂ ਉਸ ਵੇਲੇ ਮਨ ਦੀ ਡੂੰਘੀ ਪ੍ਰੇਸ਼ਾਨੀ ਵਿਚੋਂ ਗੁਜ਼ਰ ਰਹੀ ਸਾਂ। ਵਿਆਹ ਹੋ ਚੁੱਕਾ ਸੀ, ਪਰ ਮਨ ਉਖੜਿਆ ਹੋਇਆ ਸੀ। ਆਪਣੇ ਮੂੰਹ ਵਿਚ ਹਾਕੋ ਦਾ ਮੂੰਹ ਵੇਖਿਆ ਤਾਂ ਅੱਖਾਂ ਭਰ ਆਈਆਂ, ਜਾਪਿਆ, ਹਾਕੋ ਦਾ ਅੰਤ ਹੀ ਮੇਰਾ ਅੰਤ ਹੈ…।
ਉਹੀ ਦਿਨ ਸਨ- ਜਦੋਂ ਮੈਂ ਮਰਨਾ ਨਹੀਂ, ਜਿਊਣਾ ਚਾਹਿਆ। ਤੜਪ ਕੇ ਸੋਚਿਆ, “ਪੈਰਾਂ ਵਾਸਤੇ ਇਹ ਇਕੋ ਹੀ ਰਾਹ ਕਿਉਂ ਬਣਿਆ?” ਅਤੇ ਤੜਪ ਕੇ ਫੈਸਲਾ ਕੀਤਾ, “ਮੈਂ ਹਾਕੋ ਵਾਂਗ ਮਰਾਂਗੀ ਨਹੀਂ… ਜੀਵਾਂਗੀ…।”
ਜਨਮਾਂ ਦੀ ਗੱਲ ਨਹੀਂ ਜਾਣਦੀ, ਪਰ ਸੋਚਿਆ, ਜੀਵੀ ਭਗਤਣੀ ਦੇ ਕਹਿਣ ਮੁਤਾਬਕ ਜੇ ਇਹ ਸੱਚ ਵੀ ਹੈ ਕਿ ਪਿਛਲੇ ਜਨਮ ਮੈਂ ਹੀ ਹਾਕੋ ਸਾਂ, ਤਾਂ ਵੀ ਇਸ ਜਨਮ ਉਸ ਤਰ੍ਹਾਂ ਮਰਾਂਗੀ ਨਹੀਂ… ਪਰ ਇਹ, ਆਪਣੀ ਹੱਡ ਬੀਤੀ, ਮੈਨੂੰ 1974 ਵਿਚ ਇਹ ਕਹਾਣੀ ‘ਪਿਘਲਦੀ ਚੱਟਾਨ’ ਲਿਖਣ ਵੇਲੇ ਚੇਤਨ ਤੌਰ ਉਤੇ ਬਿਲਕੁਲ ਯਾਦ ਨਹੀਂ ਸੀ। ਮੇਰਾ ਅਚੇਤ ਮਨ ਪਤਾ ਨਹੀਂ ਕਿਹੜੇ ਵੇਲੇ ਉਤਾਂਹ ਆ ਕੇ ਇਹ ਕਹਾਣੀ ਲਿਖਵਾ ਗਿਆ ਤੇ ਫੇਰ ਮੇਰੀਆਂ ਅੱਖਾਂ ਤੋਂ ਵੀ ਆਪਣੇ ਬਦਨ ਨੂੰ ਚੁਰਾਂਦਾ, ਮਨ ਦੀਆਂ ਤੈਹਾਂ ਵਿਚ ਉਤਰ ਕੇ ਅਲੋਪ ਹੋ ਗਿਆ…।

ਕਈ ਘਟਨਾਵਾਂ ਮਸਾਂ ਕੁਝ ਹੀ ਦਿਨਾਂ ਵਿਚ ਦੀ ਵਿੱਥ ‘ਤੇ ਕਿਸੇ ਰਚਨਾ ਦਾ ਹਿੱਸਾ ਬਣ ਜਾਂਦੀਆਂ ਹਨ, ਪਰ ਕਈਆਂ ਨੂੰ ਕਲਮ ਤੱਕ ਪਹੁੰਚਣ ਲਈ ਵਰ੍ਹੇ ਚੀਰਨੇ ਪੈਂਦੇ ਹਨ। ਪਹਿਲੀ ਤਰ੍ਹਾਂ ਦੀਆਂ ਘਟਨਾਵਾਂ ਵਿਚੋਂ ਮੈਨੂੰ ਇਕ ਯਾਦ ਹੈ, ਜਦੋਂ ਮੈਂ 1960 ਵਿਚ ਨੇਪਾਲ ਗਈ। ਪੰਜ ਕੁ ਦਿਨ ਰੋਜ਼ ਤਰਕਾਲਾਂ ਨੂੰ ਕਿਸੇ ਨਾ ਕਿਸੇ ਬੈਠਕ ਵਿਚ ਮੁਸ਼ਾਇਰਾ ਹੁੰਦਾ ਰਿਹਾ, ਜਿਥੇ ਕੁਝ ਨੇਪਾਲੀ ਸ਼ਾਇਰ ਰੋਜ਼ ਮਿਲਦੇ ਸਨ। ਉਨ੍ਹਾਂ ਵਿਚ ਇਕ ਸ਼ਾਇਰ ਸੀ, ਉਠਦੀ ਉਮਰ ਦਾ, ਪਰ ਬੜੇ ਹੀ ਸੰਜੀਦਾ ਸੁਭਾਅ ਦਾ। ਮੈਂ ਸਿਰਫ ਏਨਾ ਕੁ ਜਾਣਿਆ ਸੀ ਕਿ ਉਹ ਰੋਜ਼ ਹੌਲੀ ਜਿਹੀ ਮੇਰੀ ਇਕ ਖਾਸ ਨਜ਼ਮ ਦੀ ਫਰਮਾਇਸ਼ ਜ਼ਰੂਰ ਕਰਦਾ ਸੀ। ਬਸ ਇਸ ਤੋਂ ਵੱਧ ਕੁਝ ਨਹੀਂ ਪਰ ਜਿਸ ਦਿਨ ਵਾਪਿਸ ਦਿੱਲੀ ਔਣਾ ਸੀ, ਹੋਰ ਕਈਆਂ ਦੇ ਨਾਲ ਉਹ ਵੀ ਏਅਰਪੋਰਟ ‘ਤੇ ਆਇਆ ਸੀ। ਅਤੇ ਅਜੀਬ ਸਬੱਬ ਸੀ ਕਿ ਉਸ ਦਿਨ ਪਲੇਨ ਇਕ ਘੰਟਾ ਲੇਟ ਸੀ। ਉਡੀਕ ਵਾਲਾ ਸਾਰਾ ਵੇਲਾ, ਉਨ੍ਹੇ ਮੇਰਾ ਭਾਰਾ ਗਰਮ ਕੋਟ ਚੁੱਕੀ ਰਖਿਆ। ਫੇਰ ਪਲੇਨ ਦੇ ਔਣ ‘ਤੇ ਜਦੋਂ ਮੈਂ ਉਹਦੇ ਕੋਲੋਂ ਕੋਟ ਫੜਨ ਲੱਗੀ, ਉਹਨੇ ਹੌਲੀ ਜਿਹੀ ਕਿਹਾ, “ਯੇ ਜੋ ਭਾਰ ਦਿਖਾਈ ਦੇਤਾ ਹੈ, ਯੇ ਤੋ ਆਪ ਲੇ ਲੀਜੀਏ, ਜੋ ਨਹੀਂ ਦਿਖਾਈ ਦੇਤਾ, ਵੁਹ ਮੈਂ ਲੀਏ ਰਹੂੰਗਾ…।” ਤੇ ਮੈਂ ਬਸ ਚੌਂਕ ਗਈ ਸਾਂ। ਵਾਪਿਸ ਦਿੱਲੀ ਆ ਕੇ ਕਹਾਣੀ ਲਿਖੀ- ‘ਹੁੰਗਾਰਾ’, ਉਹਦੇ ਬਾਰੇ ਨਹੀਂ, ਪਰ ਇਹ ਫਿਕਰਾ ਮੱਲੋ-ਮੱਲੀ ਕਹਾਣੀ ਵਿਚ ਆ ਗਿਆ।
ਅਤੇ ਦੂਸਰੀ ਤਰ੍ਹਾਂ ਦੀ ਗੱਲ ਜੋ ਕਲਮ ਤਕ ਪਹੁੰਚਦਿਆਂ ਵਰ੍ਹੇ ਲਾ ਦੇਂਦੀ ਹੈ, ਉਹਦੀ ਇਕ ਮਿਸਾਲ ਮੇਰੀ ਉਹ ਕਹਾਣੀ ‘ਦੋ ਔਰਤਾਂ’ ਹੈ ਜਿਹਦੇ ਵਿਚ ਇਕ ਔਰਤ ਸ਼ਾਹਣੀ ਹੈ, ਤੇ ਦੂਜੀ ਸ਼ਾਹ ਦੀ ਕੰਜਰੀ। ਇਹ ਕਹਾਣੀ ਲਾਹੌਰ ਮੈਂ ਅੱਖੀਂ ਵਾਪਰਦੀ ਵੇਖੀ ਸੀ। ਇਕ ਅਮੀਰ ਘਰ ਵਿਚ ਪੁੱਤਰ ਦਾ ਵਿਆਹ ਸੀ ਤੇ ਗੌਣ ਬੈਠਾ ਹੋਇਆ ਸੀ। ਇਸ ਘਰ ਨਾਲ ਮਾਮੂਲੀ ਜਿਹੀ ਵਾਕਫੀ ਸੀ, ਪਰ ਮੈਂ ਵੀ ਉਸ ਵੇਲੇ ਉਥੇ ਸਾਂ, ਜਦੋਂ ਪਤਾ ਲੱਗਾ ਕਿ ਅੱਜ ਲਾਹੌਰ ਦੀ ਮਸ਼ਹੂਰ ਗੌਣ ਵਾਲੀ ਤਮੰਚਾ ਜਾਨ ਉਥੇ ਆ ਰਹੀ ਹੈ। ਉਹ ਆਈ, ਬੜੀ ਛਬੀਲੀ ਸੀ, ਤੇ ਨਾਜ਼ ਨਖਰੇ ਨਾਲ ਆਈ। ਉਹਨੂੰ ਵੇਖ ਕੇ ਇਕ ਵਾਰੀ ਤਾਂ ਘਰ ਦੀ ਮਾਲਕਣ ਦਾ ਰੰਗ ਪੀਲਾ ਵਸਾਰ ਹੋ ਗਿਆ ਪਰ ਆਖਰ ਉਹ ਪੁੱਤਰ ਦੀ ਮਾਂ ਸੀ, ਤਮੰਚਾ ਜਾਨ ਜਦੋਂ ਗੌਂ ਬੈਠੀ, ਸ਼ਾਹਣੀ ਨੇ ਸੌ ਦਾ ਨੋਟ ਕੱਢ ਕੇ ਉਹਦੀ ਝੋਲੀ ਵਿਚ ਖੈਰਾਇਤ ਵਾਂਗ ਪਾ ਦਿੱਤਾ। ਇਸ ਵੇਲੇ ਨਾਜ਼ ਨਖਰੇ ਵਾਲੀ ਦੀ ਹੈਸੀਅਤ ਨੀਊਂ ਗਈ, ਤੇ ਉਨ੍ਹੇ ਜਿਵੇਂ ਆਪਣੀ ਹੈਸੀਅਤ ਕਾਇਮ ਰੱਖਣ ਲਈ, ਔਰਤਾਂ ਦੇ ਭਰੇ ਮੇਲ ਵਿਚ ਆਖ ਦਿੱਤਾ, “ਰਹਿਣ ਦੇ ਸ਼ਾਹਣੀ, ਅੱਗੇ ਵੀ ਤਾਂ ਤੇਰੇ ਘਰ ਦਾ ਹੀ ਖਾਨੀ ਆਂ”, ਤੇ ਇੰਜ ਸ਼ਾਹ ਨਾਲ ਰਿਸ਼ਤਾ ਜੋੜ ਕੇ ਉਨ੍ਹੇ ਜਿਵੇਂ ਸ਼ਾਹਣੀ ਨੂੰ ਛੋਟਿਆਂ ਪਾ ਦਿੱਤਾ। ਵੇਖਿਆ, ਸ਼ਾਹਣੀ ਭਰੇ ਮੇਲ ਵਿਚ ਇਕ ਵਾਰ ਨਿਗੂਣੀ ਜਿਹੀ ਹੋ ਗਈ, ਪਰ ਫੇਰ ਸੰਭਲੀ ਤੇ ਬੇਪ੍ਰਵਾਹੀ ਨਾਲ ਨੋਟ ਮੋੜਦੀ ਕਹਿਣ ਲੱਗੀ, “ਨੀ ਸ਼ਾਹ ਕੋਲੋਂ ਤਾਂ ਤੂੰ ਨਿੱਤ ਲੈਣਾ, ਮੇਰੇ ਕੋਲੋਂ ਕਦੋਂ ਕਦੋਂ ਲੈਣਾ?” ਇਹ ਦੋ ਔਰਤਾਂ ਦਾ ਅਜੀਬ ਟਕਰਾਉ ਸੀ, ਜਿਹਦੇ ਪਿਛੋਕੜ ਵਿਚ ਸਮਾਜਿਕ ਕੀਮਤਾਂ ਸਨ। ਤਮੰਚਾ ਭਾਵੇਂ ਜਵਾਨ ਸੀ, ਛਬੀਲੀ ਸੀ, ਹੁਨਰਮੰਦ ਸੀ ਅਤੇ ਸ਼ਾਹਣੀ ਮੋਟੀ ਤੇ ਢਲੀ ਉਮਰ ਦੀ, ਜੋ ਹਰ ਤਰ੍ਹਾਂ ਉਸ ਦੂਜੀ ਦੇ ਸਾਹਮਣੇ ਸਾਧਾਰਨ ਸੀ, ਪਰ ਉਹਦੇ ਕੋਲ ਪਤਨੀ ਤੇ ਮਾਂ ਹੋਣ ਦਾ ਜੋ ਮਾਣ ਸੀ, ਉਹ ਬਾਜ਼ਾਰ ਦੇ ਹੁਸਨ ਉਤੇ ਭਾਰੂ ਸੀ… ਪਰ ਇਹ ਕਹਾਣੀ ਮੈਂ ਪੂਰੇ ਪੰਝੀਆਂ ਵਰ੍ਹਿਆਂ ਪਿਛੋਂ ਲਿਖ ਸਕੀ।

ਕਰਹਲੇ
ਬਲਜੀਤ ਬਾਸੀ
ਰਾਗ ਗਉੜੀ ਪੂਰਬੀ ਵਿਚ ‘ਕਰਹਲੇ’ ਸਿਰਲੇਖ ਅਧੀਨ ਚੌਥੇ ਗੁਰੂ ਰਾਮਦਾਸ ਦੇ ਦੋ ਗੀਤ ਮਿਲਦੇ ਹਨ। ਕਾਹਨ ਸਿੰਘ, ਪਿਆਰਾ ਸਿੰਘ ਪਦਮ ਅਤੇ ਕੁਝ ਹੋਰ ਵਿਦਵਾਨਾਂ ਅਨੁਸਾਰ ਕਰਹਲੇ ਉਹ ਲੋਕ ਗੀਤ ਹਨ, ਜੋ ਸਿੰਧ ਦੇ ਸੌਦਾਗਰ ਊਠਾਂ ‘ਤੇ ਸਵਾਰ ਹੋ ਕੇ ਮਾਰੂਥਲ ਗਾਹੁੰਦੇ ਦੂਰ-ਦੁਰਾਡੀਆਂ ਥਾਂਵਾਂ ਨੂੰ ਜਾਂਦਿਆਂ ਗਾਉਂਦੇ ਹਨ। ਇਹ ਕਰਹਲੇ ਉਦਰੇਵੇਂ ਭਰੇ ਅਤੇ ਵੈਰਾਗਮਈ ਹੁੰਦੇ ਹਨ। ਕਾਫਲੇ ਵਿਚ ਸਭ ਤੋਂ ਅਗਲਾ ਊਠ ਸਵਾਰ ਗੀਤ ਛੇੜਦਾ ਹੈ ਤਾਂ ਪਿੱਛੇ ਪਿੱਛੇ ਆਉਂਦੇ ਬਾਕੀ ਸਵਾਰ ਗੀਤ ਨੂੰ ਹੋਰ ਅੱਗੇ ਤੋਰਦੇ ਹਨ। ਇਸ ਪ੍ਰਕਾਰ ਉਨ੍ਹਾਂ ਦਾ ਥਕੇਵਾਂ ਵੀ ਉਤਰਦਾ ਹੈ ਤੇ ਦੇਸ ਦੀ ਯਾਦ ਵੀ ਕਾਇਮ ਰਹਿੰਦੀ ਸੀ। ਗੁਰੂ ਜੀ ਰਚਿਤ ਕਰਹਲੇ ਦੀ ਵੰਨਗੀ ਦੇਖੀਏ,
ਕਰਹਲੇ ਮਨ ਪਰਦੇਸੀਆ
ਕਿਉ ਮਿਲੀਐ ਹਰ ਮਾਇ॥
ਗੁਰੁ ਭਾਗਿ ਪੂਰੈ ਪਾਇਆ
ਗਲ ਮਿਲਿਆ ਪਿਆਰਾ ਆਇ॥
ਮਨ ਕਰਹਲਾ ਸਤਿਗੁਰ ਪੁਰਖੁ ਧਿਆਇ॥
ਇਨ੍ਹਾਂ ਕਰਹਲਿਆਂ ਵਿਚ ਮਨ ਨੂੰ ਮਾਰੂਥਲ ਵਿਚ ਭਟਕਦੇ, ਏਧਰ ਉਧਰ ਮੂੰਹ ਮਾਰਦੇ ਊਠ ਦੇ ਸਮਾਨ ਦਰਸਾਇਆ ਗਿਆ ਹੈ, ਜਿਸ ਨੂੰ ਨਾਮ ਰਾਹੀਂ ਪਰਮਾਤਮਾ ਦੀ ਮੰਜ਼ਿਲ ਵੱਲ ਸੇਧੇ ਜਾਣ ਦੀ ਪ੍ਰੇਰਨਾ ਹੈ। ਤਿੰਨ ਤਿੰਨ ਪਦਿਆਂ ਵਾਲੇ ਇਹ ਕਰਹਲੇ ਟੱਪਿਆਂ ਜਿਹੇ ਹਨ। ਵਿਦਵਾਨਾਂ ਅਨੁਸਾਰ ਟੱਪੇ ਵੀ ਮੁਢਲੇ ਤੌਰ ‘ਤੇ ਊਠ ਸਵਾਰਾਂ ਦੀ ਦੇਣ ਹਨ। ਭਗਤ ਨਾਮਦੇਵ ਨੇ ਵੀ ਕਰਹਲਾ ਸ਼ਬਦ ਵਰਤਿਆ ਹੈ, “ਮਾਰਵਾੜਿ ਜੈਸੇ ਨੀਰੁ ਬਾਲਹਾ ਬੇਲਿ ਬਾਲਹਾ ਕਰਹਲਾ॥” ਅਰਥਾਤ ਜਿਵੇਂ ਮਾਰੂਥਲ ਵਿਚ ਪਾਣੀ ਪਿਆਰਾ ਲਗਦਾ ਹੈ ਅਤੇ ਊਠ ਨੂੰ ਵੇਲ ਪਿਆਰੀ ਲਗਦੀ ਹੈ।… ਕਰਹਲੇ ਜਿਹੇ ਭਾਵ ਗੁਰੂ ਨਾਨਕ ਨੇ ਵੀ ਪ੍ਰਗਟਾਏ ਹਨ, ‘ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ॥’
‘ਮਹਾਨ ਕੋਸ਼’ ਨੇ ਊਠ ਦੇ ਅਰਥਾਂ ਵਾਲੇ ਕਰਹਲੇ ਸ਼ਬਦ ਨੂੰ ਸੰਸਕ੍ਰਿਤ ਸ਼ਬਦ ‘ਕ੍ਰਮੇਲ’, ਅਰਬੀ ਕਿਰਮਿਲ, ਸਿੰਧੀ ਕਰਹੋ ਅਤੇ ਅੰਗਰੇਜ਼ੀ ਕੈਮਲ ਨਾਲ ਜੋੜਿਆ ਹੈ। ਸੰਸਕ੍ਰਿਤ ਸ੍ਰੋਤਾਂ ਅਨੁਸਾਰ ਊਠ ਦੇ ਅਰਥਾਂ ਵਾਲਾ ਕ੍ਰਮੇਲ ਸ਼ਬਦ ਗਰੀਕ ਸ਼ਬਦ ‘ਕਮਹਲੋਸ’ ਦਾ ਸੰਸਕ੍ਰਿਤ ਰੁਪਾਂਤਰ ਹੈ। ਮਤਲਬ ਇਹ ਬਹੁਤ ਚਿਰ ਪਹਿਲਾਂ ਸਿਕੰਦਰ ਦੇ ਹਮਲੇ ਪਿਛੋਂ ਉਤਰ ਪੱਛਮੀ ਭਾਰਤ ਦੇ ਗਰੀਕ ਨਾਲ ਸਬੰਧਾਂ ਕਾਰਨ ਸੰਸਕ੍ਰਿਤ ਵਿਚ ਦਾਖਲ ਹੋਇਆ। ਗਰੀਕ ਦੇ ਹੋਰ ਸ਼ਬਦ ਵੀ ਸਾਡੀਆਂ ਭਾਸ਼ਾਵਾਂ ਵਿਚ ਮਿਲਦੇ ਹਨ। ਅਸਲ ਵਿਚ ਗਰੀਕ ਤੋਂ ਏਹੀ ਸ਼ਬਦ ਅੰਗਰੇਜ਼ੀ ਵਿਚ ਕੈਮਲ ਦੇ ਰੂਪ ਵਿਚ ਗਿਆ। ਇਸ ਦਾ ਸਫਰ ਕੁਝ ਇਸ ਪ੍ਰਕਾਰ ਰਿਹਾ: ਹਿਬਰੂ ਜਾਂ ਫੋਨੀਸ਼ੀਅਨ ਗਮਲ> ਗਰੀਕ ਕਮਹਲੋਸ> ਲਾਤੀਨੀ ਕੈਮਲਸ> ਪੁਰਾਣੀ ਤੋਂ ਆਧੁਨਿਕ ਫਰਾਂਸੀਸੀ ਕੈਮਲ> ਅੰਗਰੇਜ਼ੀ ਕੈਮਲ। ਹਿਬਰੂ ਸ਼ਬਦ ਨੂੰ ਅਰਬੀ ਜਮਲ ਨਾਲ ਜੋੜਨ ਦੀ ਸੰਭਾਵਨਾ ਦਰਸਾਈ ਗਈ ਹੈ। ਅਰਬੀ ਵਿਚ ਕੈਮਲ ਲਈ ਜਮਾਲ ਸ਼ਬਦ ਹੈ। ਦਰਅਸਲ ਇਹ ਸ਼ਬਦ ਸਾਮੀ ਭਾਸ਼ਾ ਪਰਿਵਾਰ ਦਾ ਹੈ, ਇਸ ਲਈ ਹੋਰ ਸਾਮੀ ਭਾਸ਼ਾਵਾਂ ਵਿਚ ਵੀ ਇਸ ਦੇ ਸਜਾਤੀ ਸ਼ਬਦ ਹਨ।
ਘੋਖਣ ਵਾਲੀ ਗੱਲ ਹੈ ਕਿ ਕੀ ਸਿੰਧੀ ‘ਕਰਹਲਾ’ ਉਕਤ ਕ੍ਰਮੇਲ ਦਾ ਵਿਗੜਿਆ ਰੂਪ ਹੈ? ਜਿਵੇਂ ਕਿ ‘ਮਹਾਨ ਕੋਸ਼’ ਤੋਂ ਸੰਕੇਤ ਮਿਲਦਾ ਹੈ। ਸਿੰਧੀ ਕੋਸ਼ਾਂ ਵਿਚ ਊਠ ਲਈ ਉਟ ਤੋਂ ਬਿਨਾ ‘ਕਰਹੋ’ ‘ਕਰਹੁ’ ਜਿਹਾ ਸ਼ਬਦ ਮਿਲਦਾ ਹੈ। ਛਾਣਬੀਣ ਤੋਂ ਪਤਾ ਲਗਦਾ ਹੈ ਕਿ ਇਸ ਸ਼ਬਦ ਦਾ ਸਬੰਧ ਸੰਸਕ੍ਰਿਤ ਕ੍ਰਮੇਲ ਨਾਲ ਨਾ ਹੋ ਕੇ ਇੱਕ ਹੋਰ ਸੰਸਕ੍ਰਿਤ ਸ਼ਬਦ ‘ਕਰਭ’ ਨਾਲ ਹੈ ਜਿਸ ਨੂੰ ਅਸੀਂ ਕਰਭਹ ਜਾਂ ਕਰਭ ਹੀ ਉਚਾਰਾਂਗੇ। ‘ਮਹਾਨ ਕੋਸ਼’ ਨੇ ਇਹ ਸ਼ਬਦ ਇਸ ਪ੍ਰਕਾਰ ਲਿਆ ਹੈ, “ਸੰ. {ਸੰਗਯਾ}. ਊਠ ਦਾ ਬੱਚਾ। (2) ਹਾਥੀ ਦਾ ਬੱਚਾ. “ਕਰਿਕਰਭ ਬਿਸਾਲ ਕਰ”. (ਨਾਪ੍ਰ) ਕਰਭ ਦਾ ਕਰ (ਸੁੰਡ), ਉਸ ਜੇਹੀ ਲੰਮੀ ਬਾਹਾ…।” ਜ਼ਿਕਰਯੋਗ ਹੈ ਕਿ ਸੰਸਕ੍ਰਿਤ ਸ੍ਰੋਤਾਂ ਅਨੁਸਾਰ ਇਸ ਸ਼ਬਦ ਦੇ ਮੁਢਲੇ ਅਰਥ ਹਾਥੀ, ਹਾਥੀ ਦਾ ਬੱਚਾ ਅਤੇ ਫਿਰ ਊਠ, ਊਠ ਦਾ ਬੱਚਾ ਹਨ।
ਮੋਨੀਅਰ-ਵਿਲੀਅਮਜ਼ ਦੇ ਸੰਸਕ੍ਰਿਤ-ਅੰਗਰੇਜ਼ੀ ਕੋਸ਼ ਨੇ ਕਰਭ ਸ਼ਬਦ ਦਾ ਗਰੀਕ ਪਿਛੋਕੜ ਵਾਲੇ ਕ੍ਰਮੇਲ ਸ਼ਬਦ ਨਾਲ ਕੋਈ ਨਿਰੁਕਤਕ ਸਬੰਧ ਨਹੀਂ ਦਰਸਾਇਆ ਭਾਵੇਂ ਕਿ ਦੋਹਾਂ ਵਿਚ ਕਾਫੀ ਸਾਰੀ ਧੁਨੀ ਸਮਾਨਤਾ ਮਿਲਦੀ ਹੈ। ਸਪੱਸ਼ਟ ਹੈ ਕਿ ਕਰਭ ਵਿਚਲੀ ‘ਭ’ ਧੁਨੀ ‘ਹ’ ਵਿਚ ਵਟੀ ਹੈ। ਧੁਨੀ ਦਾ ਅਜਿਹਾ ਬਦਲਾਅ ਆਮ ਵਰਤਾਰਾ ਹੈ। ਮੋਨੀਅਰ-ਵਿਲੀਅਮਜ਼ ਨੇ ਇਹ ਵੀ ਸੰਕੇਤ ਕੀਤਾ ਹੈ ਕਿ ‘ਕਰਭ’ ਸ਼ਬਦ ਵਿਚਲੇ ਕਰ ਦਾ ਸਬੰਧ ਸੰਸਕ੍ਰਿਤ ‘ਕਰ’ ਨਾਲ ਹੋ ਸਕਦਾ ਹੈ ਜਿਸ ਦਾ ਅਰਥ ‘ਹੱਥ’ ਹੁੰਦਾ ਹੈ। ਅਸੀਂ ‘ਕਰ ਪੈਰ’, ‘ਕਰ ਕਮਲ’ (ਕਮਲ ਜਿਹੇ ਹੱਥ), ਕਰ ਗ੍ਰਹਿਣ (ਵਿਆਹ ਸਮੇਂ ਇਸਤਰੀ ਦਾ ਹੱਥ ਪਕੜਨਾ) ਸ਼ਬਦ ਜੁੱਟ ਆਮ ਹੀ ਵਰਤਦੇ ਹਾਂ। ਕਰਭ ਸ਼ਬਦ ਦੇ ਹਾਥੀ ਵਾਲੇ ਅਰਥਾਂ ਵੱਲ ਗੌਰ ਕਰੋ। ਇਸ ਨੂੰ ਹਾਥੀ ਇਸ ਲਈ ਕਿਹਾ ਹੋ ਸਕਦਾ ਹੈ ਕਿਉਂਕਿ ਹਾਥੀ ਦਾ ਸੁੰਡ ਇੱਕ ਤਰ੍ਹਾਂ ਇਸ ਦਾ ਕਰ (ਹੱਥ) ਹੀ ਹੁੰਦਾ ਹੈ ਜਿਸ ਤੋਂ ਉਹ ਹੱਥ ਵਾਂਗ ਹੀ ਕੰਮ ਲੈਂਦਾ ਹੈ। ਸਬੱਬ ਹੈ ਕਿ ਹਾਥੀ ਸ਼ਬਦ ਵੀ ਸੰਸਕ੍ਰਿਤ ਹਸਤਿਨ ਤੋਂ ਬਣਿਆ ਜਿਸ ਵਿਚ ‘ਹਸਤ’ ਦਾ ਅਰਥ ਹੱਥ ਹੁੰਦਾ ਹੈ। ਸੋ ਪੰਜਾਬੀ ਹੱਥ ਤੇ ਹਾਥੀ ਵੀ ਕ੍ਰਮਵਾਰ ਸੰਸਕ੍ਰਿਤ ਹਸਤਿਨ ਅਤੇ ਹਸਤਿ ਤੋਂ ਹੀ ਵਿਉਤਪਤ ਹੋਏ ਹਨ। ਹਸਤਿਨ ਤੋਂ ਸੰਸਕ੍ਰਿਤ ਹਸਤਿਨੀ ਅਤੇ ਪੰਜਾਬੀ ਹਥਣੀ ਬਣੇ ਹਨ।
ਇੰਜ ਲਗਦਾ ਹੈ ਕਿ ਇਸ ਦੀ ਹਾਥੀ ਤੋਂ ਊਠ ਦੇ ਅਰਥਾਂ ਵਿਚ ਵਰਤੋਂ ਜਾਂ ਤਾਂ ਇਸ ਸ਼ਬਦ ਦਾ ਅਰਥ ਵਿਸਤਾਰ ਹੈ ਜਾਂ ਊਠ ਦੀ ਗਰਦਨ ਨੂੰ ਵੀ ਇੱਕ ਲੰਬੇ ਹੱਥ ਵਜੋਂ ਪ੍ਰਤੀਤ ਕੀਤਾ ਗਿਆ ਹੈ। ਦਰਅਸਲ ਕਰਭ ਦਾ ਪਹਿਲਾ ਅਰਥ ਹਾਥੀ ਦਾ ਸੁੰਡ ਹੀ ਹੈ ਤੇ ਫਿਰ ਹਾਥੀ ਦਾ ਬੱਚਾ। ਜਿਵੇਂ ਕੁਝ ਕਰਨ ਜਾਂ ਖਾਣ ਲਈ ਹੱਥ ਵਧਾਇਆ ਜਾਂਦਾ ਹੈ, ਇਸੇ ਤਰ੍ਹਾਂ ਊਠ ਆਪਣੀ ਲੰਬੀ ਗਰਦਨ ਵਧਾਉਂਦਾ ਹੈ। ਇਥੇ ਇਕ ਹੋਰ ਪ੍ਰਸੰਗ ਦਾ ਜ਼ਿਕਰ ਛੇੜਨਾ ਵੀ ਦਿਲਚਸਪ ਰਹੇਗਾ। ਪੁਰਾਣੀ ਅੰਗਰੇਜ਼ੀ ਵਿਚ ਊਠ ਲਈ ਕੈਮਲ ਦੀ ਥਾਂ ਹਾਥੀ ਦੇ ਅਰਥਾਂ ਵਾਲਾ ਔਲਫੈਂਡ (ੋਲਾeਨਦ ਜੋ eਲeਪਹਅਨਟ ਦਾ ਹੀ ਪੁਰਾਣਾ ਰੂਪ ਹੈ), ਸ਼ਬਦ ਵਰਤਿਆ ਮਿਲਦਾ ਹੈ। ਇਹ ਘੜਮੱਸ ਪੁਰਾਣੇ ਜਰਮੈਨਿਕ ਲੋਕਾਂ ਵਿਚ ਊਠ ਅਤੇ ਹਾਥੀ ਵਿਚਕਾਰ ਬੇਸਮਝੀ ਕਾਰਨ ਪਿਆ ਹੈ। ਉਸ ਸਮੇਂ ਦੇ ਪੱਛਮੀ ਲੋਕਾਂ ਨੇ ਨਾ ਤਾਂ ਕਦੀ ਆਪ ਹਾਥੀ ਦੇਖਿਆ ਸੀ ਤੇ ਨਾ ਹੀ ਊਠ, ਕੇਵਲ ਹੋਰ ਸੌਦਾਗਰਾਂ ਜਾਂ ਸੈਲਾਨੀਆਂ ਤੋਂ ਇਨ੍ਹਾਂ ਬਾਰੇ ਅਜੀਬੋ ਗਰੀਬ ਕਹਾਣੀਆਂ ਹੀ ਸੁਣੀਆਂ ਸਨ। ਇਸ ਲਈ ਦੋਹਾਂ ਜਾਨਵਰਾਂ ਨੂੰ ਖਲਤ ਮਲਤ ਕਰ ਦਿੱਤਾ। ਕੁਝ ਸ੍ਰੋਤਾਂ ਅਨੁਸਾਰ ਪੱਛਮੀ ਲੋਕਾਂ ਨੂੰ ਮਧਯੁੱਗ ਦੇ ਕਰੂਸੇਡਾਂ ਸਮੇਂ ਜਾਂ ਅਰਬਾਂ ਵਲੋਂ ਸਪੇਨ ਦੀ ਜਿੱਤ ਪਿਛੋਂ ਹੀ ਊਠ ਦੀ ਜਾਣਕਾਰੀ ਹੋਈ।
ਲਿਲੀ ਟਰਨਰ ਦੇ ‘ਹਿੰਦ-ਆਰੀਆਈ ਭਾਸ਼ਾਵਾਂ ਦਾ ਤੁਲਨਾਤਮਕ ਕੋਸ਼’ ਵਿਚ ਸੰਸਕ੍ਰਿਤ ਕਰਭਹ ਤੋਂ ਆਧੁਨਿਕ ਭਾਰਤੀ ਭਾਸ਼ਾਵਾਂ ਵਿਚ ਵਿਉਤਪਤ ਕੁਝ ਸ਼ਬਦ ਦੱਸੇ ਗਏ ਹਨ, ਜਿਨ੍ਹਾਂ ਵਿਚ ਕਰਹਾ, ਕਰਹੁ, ਕਰਹੋ, ਕਲਭਾ, ਕਲਹੁਰੀ, ਕਲਮਭਯਾ ਤੋਂ ਇਲਾਵਾ ਪੰਜਾਬੀ ਹਿੰਦੀ ਕਰਹਾ ਵੀ ਸ਼ਾਮਿਲ ਹੈ। ਟਰਨਰ ਨੇ ਸ਼ੰਕਾ ਜਾਹਰ ਕਰਦਿਆਂ ਕਿਹਾ ਹੈ ਕਿ ਕਰਭਹ ਸ਼ਬਦ ਗੈਰ-ਆਰੀਆਈ ਹੋ ਸਕਦਾ ਹੈ। ਕੁਝ ਵੀ ਹੋਵੇ, ਦੋਨੋਂ ਵਿਦਵਾਨਾਂ ਨੇ ਕਰਭਹ ਅਤੇ ਇਸ ਤੋਂ ਬਣੇ ਕਰਹੋ ਆਦਿ ਸ਼ਬਦਾਂ ਨੂੰ ਅੰਗਰੇਜ਼ੀ ਕੈਮਲ ਦੇ ਸਕੇ ਸੰਸਕ੍ਰਿਤ ਕ੍ਰਮੇਲ ਦਾ ਸਜਾਤੀ ਨਹੀਂ ਮੰਨਿਆ। ਸਿੰਧੀ ਲੋਕ ਗੀਤਾਂ ਵਿਚ ਕਰਹੋ ਵੰਨਗੀ ਦੇ ਗੀਤ ਮਿਲਦੇ ਹਨ। ਵਿਚਾਰ ਹੈ ਕਿ ਕਰਹਲਾ ਸ਼ਬਦ ਕਰਹ ਦੇ ਪਿਛੇ ‘ਲਾ’ ਪਿਛੇਤਰ ਲਾ ਕੇ ਬਣਿਆ ਹੋਵੇਗਾ ਜਿਵੇਂ ਬਿਰਹਾ ਤੋਂ ਬਿਰਹੜਾ ਬਣਿਆ ਹੈ।
ਹੁਣ ਜ਼ਰਾ ਅੰਗਰੇਜ਼ੀ ਕੈਮਲ ਦਾ ਪਿਛੋਕੜ ਵੀ ਫਰੋਲ ਲਈਏ। ਇਹ ਸਾਮੀ ਪਿਛੋਕੜ ਵਾਲਾ ਸ਼ਬਦ ਹੈ ਜਿਸ ਦਾ ਸਾਮੀ ਧਾਤੂ ਹੈ, ਗ ਮ ਲ। ਇਸ ਵਿਚ ਪੱਕਾ ਕਰਨਾ, ਤਕੜਾ ਕਰਨਾ, ਪਾਲਣਾ ਆਦਿ ਤੋਂ ਇਲਾਵਾ ਭਾਰ ਢੋਣ, ਚੁੱਕਣ, ਇਕੱਤਰਣ ਦੇ ਭਾਵ ਵੀ ਹਨ। ਊਠ ਦੇ ਅਰਥਾਂ ਵਾਲੇ ਹਿਬਰੂ ਗਮਲ ਵਿਚ ਇਹ ਭਾਵ ਉਜਾਗਰ ਹੁੰਦੇ ਹਨ। ਅਰਬੀ ਵਿਚ ਇਸ ਦੇ ਬਰਾਬਰ ਜਮਲ (ਯਮਲ) ਸ਼ਬਦ ਹੈ। ਇਥੇ ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਸੰਸਕ੍ਰਿਤ ਵਿਚ ਹਾਥੀ ਲਈ ਇਕ ਸ਼ਬਦ ਕਲਭ ਵੀ ਹੈ ਜਿਸ ਵਿਚ ਕਲ ਦਾ ਅਰਥ ਭਾਰ ਚੁੱਕਣਾ, ਢੋਣਾ ਆਦਿ ਹੈ।
ਜਿਵੇਂ ਉਪਰ ਦੱਸਿਆ ਗਿਆ ਹੈ, ਅਰਬੀ ਵਿਚ ਊਠ ਲਈ ਜਮਲ ਜਿਹਾ ਸ਼ਬਦ ਹੈ, ਜਿਸ ਦਾ ਹਿਬਰੂ ਰੂਪ ਗਮਲ ਹੈ। ਇਸੇ ਤੋਂ ਅੱਗੇ ਜਮੀਲ ਤੇ ਇਸ ਦਾ ਇਸਤਰੀ ਲਿੰਗ ਸ਼ਬਦ ਜਮੀਲਾ ਬਣੇ। ਇਨ੍ਹਾਂ ਸ਼ਬਦਾਂ ਵਿਚ ਸੁੰਦਰਤਾ, ਖੂਬਸੂਰਤੀ ਤੇ ਸੁਡੌਲਤਾ ਦੇ ਭਾਵ ਹਨ। ਕਈ ਮੁਸਲਮਾਨ ਵਿਅਕਤੀਆਂ ਦੇ ਅਜਿਹੇ ਨਾਂ ਹੁੰਦੇ ਹਨ। ਇਸੇ ਨਾਲ ਜੁੜਦਾ ਸ਼ਬਦ ਜਮਾਲ ਹੈ, ਜਿਸ ਵਿਚ ਖੂਬਸੂਰਤੀ, ਸੁਡੌਲਤਾ ਦੇ ਭਾਵ ਹਨ। ਹੁਸਨ-ਜਮਾਲ, ਜਾਹੋ-ਜਮਾਲ ਵਿਚ ਇਹ ਸ਼ਬਦ ਵਰਤਿਆ ਮਿਲਦਾ ਹੈ। ਗੁਰੂ ਅਰਜਨ ਦੇਵ ਨੇ ਜਮਾਲ ਸ਼ਬਦ ਵਰਤਿਆ ਹੈ, “ਨੀਚ ਕੀਚ ਨਿਮ੍ਰਿਤ ਘਨੀ ਕਰਨੀ ਕਮਲ ਜਮਾਲ॥” ਨਿਰੁਕਤ ਸ਼ਾਸਤਰੀ ਅਜਿਤ ਵਡਨੇਰਕਰ ਨੇ ਜਮਾਲ ਆਦਿ ਵਿਚ ਖੂਬਸੂਰਤੀ ਦੇ ਭਾਵਾਂ ਨੂੰ ਇਸ ਦੇ ਧਾਤੂ ਵਾਲੇ ਅਰਥਾਂ ਪੱਕੇ ਕਰਨ, ਪਾਲਣ ਨਾਲ ਜੋੜਦਿਆਂ ਇਸ ਨੂੰ ਸੁਡੌਲ, ਅਨੁਪਾਤੀ, ਪਲਿਆ ਹੋਇਆ ਆਦਿ ਦਰਸਾਇਆ ਹੈ। ਜੋ ਸਰੀਰ ਸੁਡੌਲ, ਅਨੁਪਾਤੀ ਹੈ, ਉਹ ਹੀ ਸੁੰਦਰ ਅਰਥਾਤ ਜਮਾਲ ਹੈ।
ਅਰਬੀ ਵਿਚ ਹੀ ਜਮਲ ਦਾ ਇੱਕ ਅਰਥ ਮੋਟੀ ਰੱਸੀ ਵੀ ਮਿਲਦਾ ਹੈ। ਵਡਨੇਰਕਰ ਇਸ ਨੂੰ ਵੀ ਗਮਲ ਵਿਚਲੇ ਪਕਿਆਈ, ਮਜ਼ਬੂਤੀ ਦੇ ਭਾਵਾਂ ਨਾਲ ਜੋੜਦਾ ਹੈ। ਅਰਬੀ ਸ੍ਰੋਤਾਂ ਅਨੁਸਾਰ ਇਸ ਦਾ ਸਬੰਧ ਊਠ ਦੇ ਵਾਲਾਂ ਨਾਲ ਬਣੇ ਹੋਏ ਹੋਣ ਕਾਰਨ ਹੈ। ਅਸੀਂ ਜੁਮਲਾ ਵਾਲੇ ਲੇਖ ਵਿਚ ਇਸ ਸ਼ਬਦ ਦਾ ਸਬੰਧ ਸਮੁੱਚ ਨਾਲ ਜੋੜ ਆਏ ਹਾਂ। ਵਿਦਵਾਨਾਂ ਦਾ ਇਹ ਵੀ ਵਿਚਾਰ ਹੈ ਕਿ ਸਾਮੀ ਭਾਸ਼ਾ ਦੇ ਮੂਲ ਗਮਲ ਨੂੰ ਦੋ ਜੁਜ਼ਾਂ ਵਿਚ ਵੰਡਿਆ ਜਾ ਸਕਦਾ ਹੈ ਜਮ+ਲ। ਇਥੇ ‘ਲ’ ਜੁਜ਼ ਜਾਨਵਰ ਦੇ ਅਰਥ ਵਿਚ ਵਰਤਿਆ ਗਿਆ ਹੈ। ‘ਲ’ ਦਾ ਰੁਪਾਂਤਰ ‘ਰ’ ਵੀ ਹੈ। ਹੋਰ ਸ਼ਬਦ ਹਨ-ਹਿਮਾਰ (ਗਧਾ), ਬੱਕਰ (ਪਸੂ), ਗ਼ਯਲ (ਹਿਰਨ), ਆਯਾਲ (ਬੱਛਾ), ਸੁਰ (ਬਲਦ), ਖਿੰਨਜ਼ੀਰ (ਸੂਰ), ਨਮਲਾ (ਕੀੜੀ) ਆਦਿ। ਅਰਬੀ ਨਿਰੁਕਤ ‘ਤੇ ਬਹੁਤਾ ਕੰਮ ਹੋਇਆ ਨਹੀਂ ਮਿਲਦਾ।