ਤੁਸੀਂ ਪੜ੍ਹ ਚੁਕੇ ਹੋæææ
ਪਾਕਿਸਤਾਨ ‘ਚ ਆਫੀਆ ਦੀ ਮਾਂ ਇਸਮਤ ਜਹਾਨ, ਮਜ਼ਹਬੀ ਤਾਲੀਮ ਦੇ ਖੇਤਰ ਦੀ ਉਘੀ ਸ਼ਖਸੀਅਤ ਸੀ ਤੇ ਇਸ ਮਜ਼ਹਬੀ ਤਾਲੀਮ ਦਾ ਆਫੀਆ ਉਤੇ ਬਹੁਤ ਗੂੜ੍ਹਾ ਰੰਗ ਚੜ੍ਹਿਆ। ਆਲੇ-ਦੁਆਲੇ ਦੇ ਮਾਹੌਲ ਨੇ ਵੀ ਅਸਰ ਪਾਇਆ। ਆਫੀਆ ਦੇ ਪਰਿਵਾਰ ਦਾ ‘ਜਹਾਦੀ’ ਜਨਰਲ ਜ਼ਿਆ-ਉਲ-ਹੱਕ ਅਤੇ ਹੋਰ ਕਹਿੰਦੇ-ਕਹਾਉਂਦੇ ਪਰਿਵਾਰਾਂ ਨਾਲ ਰਾਬਤਾ ਸੀ। ਫਿਰ ਉਹ ਪੜ੍ਹਾਈ ਲਈ ਆਪਣੇ ਭਰਾ ਮੁਹੰਮਦ ਅਲੀ ਕੋਲ ਅਮਰੀਕਾ ਪੁੱਜ ਗਈ। ਅਲੀ ਕੋਲ ਆਉਂਦੇ ਉਸ ਦੇ ਦੋਸਤਾਂ ਨਾਲ ਉਹ ਅਕਸਰ ਇਸਲਾਮ ਬਾਰੇ ਬਹਿਸਾਂ ਕਰਦੀ। ਉਸ ਦੀ ਹਰ ਗੱਲ ਮਜ਼ਹਬ ਦੇ ਪ੍ਰਸੰਗ ਵਿਚ ਹੁੰਦੀ। ਇਸਲਾਮ ਉਸ ਨੂੰ ਦੁਨੀਆਂ ਦਾ ਨਿਆਰਾ ਅਤੇ ਬਿਹਤਰ ਮਜ਼ਹਬ ਜਾਪਦਾ। ਇਸੇ ਜੋਸ਼ ਵਿਚ ਉਹ ਦੂਜੇ ਮਜ਼ਹਬਾਂ ਦੀ ਕਦਰ ਕਰਨਾ ਵੀ ਭੁੱਲ ਜਾਂਦੀ। ਉਸ ਦੀ ਲੋਚਾ ਸੀ ਕਿ ਸੰਸਾਰ ਉਤੇ ਇਸਲਾਮ ਦਾ ਬੋਲਬਾਲਾ ਹੋਵੇ। ਉਹ ਬੋਸਟਨ ਦੀ ਪ੍ਰਸਿੱਧ ਸੰਸਥਾ ਮੈਸਾਚੂਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ ਵਿਚ ਦਾਖਲ ਹੋਈ ਤਾਂ ਆਪਣੀ ਲਿਆਕਤ ਕਰ ਕੇ ਛੇਤੀ ਹੀ ਮਕਬੂਲ ਹੋ ਗਈ। ਉਥੇ ਉਸ ਦਾ ਸੰਪਰਕ ਮੁਸਲਿਮ ਸਟੂਡੈਂਟਸ ਐਸੋਸੀਏਸ਼ਨ ਨਾਲ ਹੋਇਆ ਤੇ ਫਿਰ ਜਹਾਦੀਆਂ ਨਾਲ। ਜਹਾਦੀਆਂ ਦਾ ਨਾਅਰਾ ਕਾਫਰ ਮਾਰਨ ਦਾ ਸੀ। 1993 ਦੀਆਂ ਛੁੱਟੀਆਂ ਵਿਚ ਆਫੀਆ ਪਾਕਿਸਤਾਨ ਗਈ ਅਤੇ ਤਕਰੀਰਾਂ ਕੀਤੀਆਂ। ਵਾਪਸੀ ਵੇਲੇ ਉਹ ਅਤਿਅੰਤ ਉਤਸ਼ਾਹ ਨਾਲ ਭਰੀ ਪਈ ਸੀ। ਉਹ ਜਹਾਦ ਨਾਲ ਹੋਰ ਡੂੰਘਾ ਜੁੜ ਗਈ। ਘਰਵਾਲਿਆਂ ਦੇ ਜ਼ੋਰ ਪਾਉਣ ‘ਤੇ ਉਸ ਦਾ ਨਿਕਾਹ ਅਹਿਮਦ ਮੁਹੰਮਦ ਖਾਨ ਨਾਲ ਪੜ੍ਹਿਆ ਗਿਆ। ਉਹ ਵੀ ਉਸ ਕੋਲ ਅਮਰੀਕਾ ਪੁੱਜ ਗਿਆ। ਫਿਰ 9/11 ਵਾਲਾ ਭਾਣਾ ਵਰਤ ਗਿਆ। ਆਫੀਆ ਪਾਕਿਸਤਾਨ ਪਰਤ ਗਈ ਅਤੇ ਅਮਜਦ ਨੂੰ ਵੀ ਸੱਦ ਲਿਆæææਹੁਣ ਅੱਗੇ ਪੜ੍ਹੋæææ
ਹਰਮਹਿੰਦਰ ਚਹਿਲ
ਫੋਨ: 703-362-3239
ਜਦੋਂ ਅਮਜਦ ਘਰ ਪਹੁੰਚਿਆ ਤਾਂ ਬਾਕੀ ਪਰਿਵਾਰ ਉਸ ਦੇ ਆਉਣ ‘ਤੇ ਖੁਸ਼ ਤਾਂ ਹੋਇਆ ਪਰ ਉਨ੍ਹਾਂ ਨੂੰ ਅਫਸੋਸ ਵੀ ਸੀ ਕਿ ਉਸ ਦੀ ਪੜ੍ਹਾਈ ਦਾ ਨੁਕਸਾਨ ਹੋ ਗਿਆ। ਆਫੀਆ ਇੰਨੀ ਖੁਸ਼ ਸੀ ਕਿ ਧਰਤੀ ‘ਤੇ ਅੱਡੀ ਨਹੀਂ ਸੀ ਲੱਗ ਰਹੀ। ਉਸੇ ਰਾਤ ਉਹ ਅਮਜਦ ਦੇ ਕੋਲ ਬਹਿੰਦੀ ਹੋਈ ਬੋਲੀ, “ਅਮਜਦ, ਤੂੰ ਬੜੇ ਸਹੀ ਮੌਕੇ ‘ਤੇ ਆਇਐਂ।”
“ਕੀ ਮਤਲਬ?”
“ਮਤਲਬ ਇਹ ਕਿ ਇਸ ਵੇਲੇ ਸੁਲੇਮਾਨ ਅਹਿਮਰ ਵੀ ਇੱਥੇ ਈ ਐ।”
“ਕੌਣ ਸੁਲੇਮਾਨ?” ਅਮਜਦ ਉਸ ਦੀ ਗੱਲ ਸੁਣ ਕੇ ਹੈਰਾਨ ਹੋਇਆ।
“ਤੂੰ ਸ਼ਾਇਦ ਉਸ ਨੂੰ ਮਿਲਿਆ ਤਾਂ ਹੋਵੇਂਗਾ, ਪਰ ਉਸ ਨੂੰ ਨਿੱਜੀ ਤੌਰ ‘ਤੇ ਨ੍ਹੀਂ ਜਾਣਦਾ।”
“ਪਰ ਅਜਿਹੀ ਕੀ ਗੱਲ ਐ ਕਿ ਮੈਂ ਅਜੇ ਘਰੇ ਆ ਕੇ ਪੈਰ ਈ ਧਰਿਐ ਤੇ ਤੂੰ ਕੁਝ ਜ਼ਿਆਦਾ ਈ ਉਤਸ਼ਾਹਤ ਹੋਈ ਫਿਰਦੀ ਐਂ?”
“ਕਿਉਂਕਿ ਗੱਲ ਈ ਅਜਿਹੀ ਐ। ਜਿਸ ਵਕਤ ਦਾ ਮੈਨੂੰ ਚਿਰਾਂ ਤੋਂ ਇੰਤਜ਼ਾਰ ਸੀ, ਉਹ ਆਣ ਪਹੁੰਚਿਐ।”
ਅਮਜਦ ਬਿਨਾਂ ਕੁਝ ਕਹੇ ਉਸ ਵੱਲ ਵੇਖਦਾ ਰਿਹਾ ਤਾਂ ਉਹ ਬੋਲੀ, “ਸੁਲੇਮਾਨ ਅਹਿਮਰ ਬੋਨੇਵੋਲੈਂਸ ਇੰਟਰਨੈਸ਼ਨਲ ਜਥੇਬੰਦੀ ਦਾ ਸ਼ਿਕਾਗੋ ਦਾ ਡਾਇਰੈਕਟਰ ਸੀ। ਹੁਣ ਉਹ ਪੱਕੇ ਤੌਰ ‘ਤੇ ਅਮਰੀਕਾ ਛੱਡ ਆਇਆ ਐ। ਇੱਥੇ ਉਸ ਨੇ ਆਪਣੀ ਇੱਕ ਹੋਰ ਚੈਰਿਟੀ ਸ਼ੁਰੂ ਕਰ ਲਈ ਐ ਜਿਸ ਰਾਹੀਂ ਉਹ ਫੰਡ ਇਕੱਠਾ ਕਰ ਕੇ ਅਫਗਾਨਿਸਤਾਨ ਵਿਚ ਲੜ ਰਹੇ ਤਾਲਿਬਾਨ ਦੀ ਮੱਦਦ ਕਰਦਾ ਐ। ਇਸ ਤੋਂ ਬਿਨਾਂ ਉਹ ਨਵੇਂ ਜਹਾਦੀਆਂ ਦੀ ਭਰਤੀ ਕਰ ਕੇ ਵੀ ਅਫਗਾਨਿਸਤਾਨ ਭੇਜ ਰਿਹਾ ਐ।”
“ਫਿਰ ਮੈਂ ਕੀ ਕਰਾਂ?” ਅਮਜਦ ਨੇ ਤਿਉੜੀ ਚੜ੍ਹਾਈ।
“ਮੈਂ ਉਸ ਨਾਲ ਤੇਰੇ ਬਾਰੇ ਗੱਲ ਕਰ ਲਈ ਐ।”
“ਮੇਰੇ ਬਾਰੇ? ਕਿਸ ਕੰਮ ਦੇ ਸਿਲਸਲੇ ਵਿਚ?”
“ਪਹਿਲਾਂ ਮੇਰੀ ਪੂਰੀ ਗੱਲ ਸੁਣ ਲੈ, ਫਿਰ ਬੋਲੀਂ।”
ਅਮਜਦ ਕੁਝ ਨਾ ਬੋਲਿਆ। ਉਹ ਚੁੱਪ-ਚਾਪ ਆਫੀਆ ਦੇ ਮੂੰਹ ਵੱਲ ਵੇਖਦਾ ਰਿਹਾ। ਆਫੀਆ ਫਿਰ ਬੋਲਣ ਲੱਗੀ, “ਮੈਂ ਸਾਰੀ ਗੱਲਬਾਤ ਪੱਕੀ ਕਰ ਲਈ ਐ। ਸੁਲੇਮਾਨ ਅਹਿਮਰ ਤੈਨੂੰ ਆਪਣੇ ਗਰੁਪ ‘ਚ ਲੈਣਾ ਮੰਨ ਗਿਆ ਐ। ਤੂੰ ਇੱਥੋਂ ਚੱਲ ਕੇ ਬਾਰਡਰ ‘ਤੇ ਪੈਂਦੇ ਬਲੋਚਿਸਤਾਨ ਦੇ ਸ਼ਹਿਰ ਕੋਇਟਾ ਜਾਵੇਂਗਾ। ਉਥੋਂ ਸੁਲੇਮਾਨ ਦੇ ਬੰਦੇ ਤੈਨੂੰ ਬਾਰਡਰ ਪਾਰ ਕਰਾ ਕੇ ਅਫਗਾਨਿਸਤਾਨ ਦੇ ਸ਼ਹਿਰ ਕਲਟ ਪਹੁੰਚਾਉਣਗੇ। ਉਥੇ ਦੇ ਲੋਕਲ ਹਸਪਤਾਲ ‘ਚ ਸੁਲੇਮਾਨ ਨੇ ਤੇਰੇ ਲਈ ਕੰਮ ਦਾ ਇੰਤਜ਼ਾਮ ਕਰ ਦਿੱਤਾ ਹੋਇਆ ਐ।”
“ਆਫੀਆ, ਤੇਰਾ ਦਿਮਾਗ ਤਾਂ ਨ੍ਹੀਂ ਖਰਾਬ ਹੋ ਗਿਆ?”
“ਕਿਉਂ?”
“ਤੂੰ ਮੈਨੂੰ ਇਹ ਦੱਸ ਕਿ ਮੈਂ ਕਿਉਂ ਕੋਇਟਾ ਜਾਵਾਂ। ਕਿਉਂ ਮੈਂ ਬਾਰਡਰ ਲੰਘ ਕੇ ਅਫਗਾਨਿਸਤਾਨ ਜਾਵਾਂ। ਤੇ ਰਹੀ ਗੱਲ ਹਸਪਤਾਲ ਵਿਚ ਕੰਮ ਕਰਨ ਦੀ, ਤੈਨੂੰ ਮੈਂ ਕਦੋਂ ਕਿਹਾ ਐ ਕਿ ਮੈਨੂੰ ਨੌਕਰੀ ਦੀ ਜ਼ਰੂਰਤ ਐ?”
“ਇਹ ਕੰਮ ਤੂੰ ਆਪਣੀ ਨੌਕਰੀ ਦੀ ਜ਼ਰੂਰਤ ਪੂਰੀ ਕਰਨ ਲਈ ਨ੍ਹੀਂ ਕਰ ਰਿਹਾ।”
“ਹੋਰ ਫਿਰ ਇਹ ਸਭ ਕੀ ਐ?”
“ਉਹ ਹਸਪਤਾਲ ਜਹਾਦੀਆਂ ਲਈ ਖੋਲ੍ਹਿਆ ਗਿਆ ਐ। ਉਥੇ ਜਾ ਕੇ ਤੂੰ ਜਹਾਦ ਦੀ ਖਿਦਮਤ ਕਰੇਂਗਾ। ਜਦੋਂ ਤੂੰ ਉਥੇ ਪਹੁੰਚ ਗਿਆ ਤਾਂ ਮੈਂ ਵੀ ਤੇਰੇ ਮਗਰੇ ਈ ਆ ਜਾਵਾਂਗੀ। ਉਸ ਪਿੱਛੋਂ ਆਪਾਂ ਪੂਰੇ ਜੋਸ਼ੋ-ਖਰੋਸ਼ ਨਾਲ ਜਹਾਦ ਲਈ ਕੰਮ ਕਰਾਂਗੇ।”
“ਪਰ ਮੈਂ ਇਸ ਰਾਹ ਦਾ ਰਾਹੀ ਈ ਨ੍ਹੀਂ ਆਂ। ਤੈਨੂੰ ਮੈਂ ਪਹਿਲਾਂ ਵੀ ਮੈਂ ਕਈ ਵਾਰੀ ਦੱਸਿਆ ਐ ਕਿ ਮੈਂ ਚੰਗਾ ਮੁਸਲਮਾਨ ਬਣਨ ਦੀ ਕੋਸ਼ਿਸ਼ ਕਰ ਰਿਹਾ ਆਂ। ਮੈਂ ਇਹ ਡਿਗਰੀਆਂ ਲੈਣ ਤੇ ਪੜ੍ਹਾਈਆਂ ਕਰਨ ਅਮਰੀਕਾ ਵਰਗੇ ਦੇਸ਼ ਵਿਚ ਇਸ ਕਰ ਕੇ ਨ੍ਹੀਂ ਗਿਆ ਕਿ ਤਾਲੀਮ ਹਾਸਲ ਕਰਨ ਪਿੱਛੋਂ ਜਹਾਦ ਵਰਗੇ ਕੰਮਾਂ ਵਿਚ ਸ਼ਾਮਲ ਹੋ ਜਾਵਾਂ।”
“ਅਮਜਦ ਇਹ ਕੰਮ ਤਾਂ ਤੈਨੂੰ ਕਰਨਾ ਪਊ।”
“ਕਿਉਂ? ਮੇਰਾ ਮਤਲਬ, ਕਿਉਂ ਕਰਨਾ ਪਊ ਇਹ ਕੰਮ ਮੈਨੂੰ।”
“ਕਿਉਂਕਿ ਤੈਨੂੰ ਮੈਂ ਕਹਿ ਰਹੀ ਆਂ। ਤੈਨੂੰ ਆਪਣੀ ਬੇਗਮ ਦੀ ਗੱਲ ਮੰਨਣੀ ਪਊਗੀ। ਇਹੀ ਮਜ਼ਹਬ ਸਿਖਾਉਂਦਾ ਐ।”
“ਆਫੀਆ ਮੇਰੀ ਗੱਲ ਸੁਣ। ਹੋ ਸਕਦਾ ਐ ਕਿ ਮੈਂ ਤੇਰੀਆਂ ਕਾਫੀ ਗੱਲਾਂ ਨਾਲ ਸਹਿਮਤ ਹੋਵਾਂ, ਪਰ ਸਹਿਮਤ ਜਾਂ ਅਸਹਿਮਤ ਹੋਣਾ ਹੋਰ ਗੱਲ ਐ, ਕਿਸੇ ਦੇ ਖਿਲਾਫ ਲੜਨਾ ਹੋਰ। ਹੁਣ ਤੂੰ ਹੀ ਦੱਸ ਕਿ ਅਮਰੀਕਾ, ਜਿਸ ਨੇ ਮੈਨੂੰ ਮੈਡੀਕਲ ਖੇਤਰ ‘ਚ ਅੱਗੇ ਵਧਣ ਦਾ ਮੌਕਾ ਦਿੱਤਾ, ਜਿਸ ਨੇ ਮੈਨੂੰ ਗਿਆਨ ਦਾ ਇੰਨਾ ਵੱਡਾ ਭੰਡਾਰ ਦਿੱਤਾ ਐ, ਤੂੰ ਚਾਹੁੰਨੀ ਐਂ ਕਿ ਮੈਂ ਉਸ ਦੇ ਖਿਲਾਫ ਸਿਰਫ ਇਸੇ ਕਰ ਕੇ ਬੰਦੂਕ ਚੁੱਕ ਲਵਾਂ ਕਿ ਮੇਰੀ ਘਰਵਾਲੀ ਨੂੰ ਇਹ ਚੰਗਾ ਲੱਗਦਾ ਐ। ਮੇਰਾ ਦਿਲ ਤਾਂ ਇਹ ਕਹਿੰਦਾ ਐ ਕਿ ਜਿਸ ਕਾਬਲ ਮੈਨੂੰ ਅਮਰੀਕਾ ਨੇ ਬਣਾਇਆ ਐ, ਉਹ ਕਾਬਲੀਅਤ ਮੈਨੂੰ ਲੋਕਾਂ ਵਿਚ ਵੰਡਣੀ ਚਾਹੀਦੀ ਐ। ਡਾਕਟਰ ਹੋਣ ਦੇ ਨਾਤੇ ਮੈਨੂੰ ਲੋੜਵੰਦਾਂ ਦੀ ਮੱਦਦ ਕਰਨੀ ਚਾਹੀਦੀ ਐ।”
“ਤੂੰ ਅਮਰੀਕਾ ਦੀਆਂ ਸਿਫਤਾਂ ਤਾਂ ਕਰ ਦਿੱਤੀਆਂ, ਪਰ ਤੂੰ ਇਹ ਭੁੱਲ ਗਿਆ ਕਿ ਅੱਜ ਅਮਰੀਕਾ ਦੁਨੀਆਂ ਵਿਚ ਮੁਸਲਮਾਨਾਂ ‘ਤੇ ਕਿੰਨੇ ਜ਼ੁਲਮ ਕਰ ਰਿਹਾ ਐ। ਇਸਲਾਮ ਦੀ ਜਿੰਨੀ ਬਰਬਾਦੀ ਅੱਜ ਅਮਰੀਕਾ ਕਰ ਰਿਹਾ ਐ, ਉਨੀਂ ਅੱਜ ਤੱਕ ਕਿਸੇ ਨੇ ਨ੍ਹੀਂ ਕੀਤੀ ਹੋਣੀ।”
“ਆਫੀਆ ਇਹ ਸਭ ਸਿਆਸੀ ਗੱਲਾਂ ਨੇ। ਤੈਨੂੰ ਪਤਾ ਐ ਕਿ ਸਿਆਸਤ ‘ਚ ਵਾਧੇ-ਘਾਟੇ ਹੁੰਦੇ ਈ ਰਹਿੰਦੇ ਨੇ। ਜੋ ਤਕੜਾ ਹੁੰਦਾ ਐ, ਉਹ ਜ਼ਰਾ ਜ਼ਿਆਦਾ ਕਰ ਜਾਂਦਾ ਐ ਤੇ ਮਾੜਾ ਘੱਟ। ਕਸੂਰ ਤਾਂ ਹਰ ਇੱਕ ਦਾ ਈ ਹੁੰਦਾ ਐ।”
“ਤੂੰ ਵੱਡਾ ਫਿਲਾਸਫਰ ਬਣਦਾ ਐਂ ਤਾਂ ਮੈਨੂੰ ਇਹ ਗੱਲ ਸਮਝਾ ਕਿ ਫਸਲਤੀਨੀਆਂ ਦਾ ਕੀ ਕਸੂਰ ਐ ਜੋ ਇਨ੍ਹਾਂ ਨੂੰ ਅੱਜ ਥਾਂ-ਥਾਂ ਮਾਰਿਆ ਜਾ ਰਿਹਾ ਐ।”
“ਆਫੀਆ, ਤੂੰ ਮੈਨੂੰ ਪਹਿਲਾਂ ਇਹ ਦੱਸ ਕਿ ਜਿਹੜੇ ਟਵਿਨ ਟਾਵਰਾਂ ਵਿਚ ਹਜ਼ਾਰਾਂ ਲੋਕ ਮਾਰੇ ਗਏ, ਉਨ੍ਹਾਂ ਦਾ ਕੀ ਕਸੂਰ ਸੀ?” ਗੁੱਸੇ ‘ਚ ਆਏ ਅਮਜਦ ਨੇ ਵੀ ਅੱਗਿਓਂ ਸੁਆਲ ਕਰ ਦਿੱਤਾ।
“ਉਨ੍ਹਾਂ ਵਿਚ ਜ਼ਿਆਦਾ ਅਮਰੀਕੀ ਈ ਮਰੇ ਨੇ ਜੋ ਯਹੂਦੀਆਂ ਦੇ ਚਮਚੇ ਬਣਦੇ ਨੇ। ਥਾਂ-ਥਾਂ ਯਹੂਦੀਆਂ ਦਾ ਪੱਖ ਪੂਰਦੇ ਨੇ। ਮੈਂ ਕਹਿਨੀ ਆਂ ਕਿ ਯਹੂਦੀ ਉਹ ਕੌਮ ਐ ਜਿਸ ‘ਤੇ ਕਦੇ ਵੀ ਇਤਬਾਰ ਨ੍ਹੀਂ ਕਰਨਾ ਚਾਹੀਦਾ। ਜੋ ਵੀ ਇਨ੍ਹਾਂ ਦਾ ਭਲਾ ਕਰਦਾ ਐ, ਇਹ ਉਸੇ ਦੀ ਪਿੱਠ ‘ਚ ਛੁਰਾ ਮਾਰਦੇ ਨੇ। ਸੰਸਾਰ ਨੂੰ ਇਨ੍ਹਾਂ ਤੋਂ ਛੁਟਕਾਰਾ ਦਿਵਾਉਣਾ ਬਹੁਤ ਜ਼ਰੂਰੀ ਐ।”
“ਆਫੀਆ ਇੱਕ ਗੱਲ ਧਿਆਨ ਨਾਲ ਸੁਣ ਲੈ ਕਿ ਮਰਨ ਵਾਲੇ ਦਾ ਕੋਈ ਮਜ਼ਹਬ ਨ੍ਹੀਂ ਹੁੰਦਾ। ਉਹ ਸਿਰਫ ਅਤੇ ਸਿਰਫ ਇਨਸਾਨ ਹੁੰਦਾ ਐ।”
“ਮੈਂ ਇਸ ਤਰ੍ਹਾਂ ਨ੍ਹੀਂ ਸੋਚਦੀ। ਮੈਨੂੰ ਫਲਸਤੀਨੀ ਮਰਦੇ ਦਿਸਦੇ ਨੇ ਤਾਂ ਲੱਗਦਾ ਐ ਕਿ ਇਹ ਮੁਸਲਮਾਨ ਮਰ ਰਹੇ ਨੇ। ਹੋਰ ਕਿਸੇ ਦਾ ਮੈਨੂੰ ਪਤਾ ਨ੍ਹੀਂ।”
“ਤੈਨੂੰ ਫਸਤੀਨੀਆਂ ਦੇ ਮਰਨ ਦਾ ਅਫਸੋਸ ਹੁੰਦਾ ਐ, ਪਰ ਜਦੋਂ ਉਹ ਨਿਰਦੋਸ਼ਾਂ ਨੂੰ ਮਾਰਦੇ ਨੇ ਤਾਂ ਤੂੰ ਬੋਲਦੀ ਤੱਕ ਨ੍ਹੀਂ।”
“ਕਿਉਂਕਿ ਉਹ ਆਪਣੀ ਹੋਂਦ ਲਈ ਲੜ ਰਹੇ ਨੇ। ਪਹਿਲ ਤਾਂ ਯਹੂਦੀਆਂ ਨੇ ਕੀਤੀ ਸੀ।”
“ਦਹਿਸ਼ਤਵਾਦ ਸਭ ਤੋਂ ਪਹਿਲਾਂ ਤੇਰੇ ਇਨ੍ਹਾਂ ਫਲਸਤੀਨੀਆਂ ਨੇ ਈ ਸ਼ੁਰੂ ਕੀਤਾ ਸੀ।”
“ਕਦੋਂ? ਕੀ ਕਹਿ ਰਿਹਾ ਐਂ ਤੂੰ?”
“ਇਹ ਤਾਂ ਕਿਵੇਂ ਹੋ ਸਕਦਾ ਐ ਕਿ ਤੂੰ ਇਸ ਬਾਰੇ ਜਾਣਦੀ ਨਾ ਹੋਵੇ, ਫਿਰ ਵੀ ਜਿੰਨਾ ਕੁ ਮੈਨੂੰ ਪਤਾ ਐ, ਦੱਸ ਦਿੰਨਾ ਆਂ। ਇਹ 1972 ਦੀਆਂ ਸਮਰ ਉਲੰਪਿਕ ਖੇਡਾਂ ਵੇਲੇ ਵਾਪਰਿਆ ਸੀ। ਦੁਨੀਆਂ ਭਰ ਦੇ ਖਿਡਾਰੀ ਉਲੰਪਿਕ ਪਿੰਡ ਵਿਚ ਠਹਿਰੇ ਹੋਏ ਸਨ। ਉਦੋਂ ਸਿਕਿਉਰਿਟੀ ਵੀ ਇੰਨੀ ਨ੍ਹੀਂ ਹੁੰਦੀ ਸੀ ਕਿਉਂਕਿ ਉਦੋਂ ਅਤਿਵਾਦ ਦੀਆਂ ਘਟਨਾਵਾਂ ਵਾਪਰਦੀਆਂ ਈ ਨ੍ਹੀਂ ਸਨ, ਪਰ ਫਤਲਤੀਨੀ ਜਹਾਦੀਆਂ ਨੇ ਇਸੇ ਗੱਲ ਦਾ ਫਾਇਦਾ ਉਠਾਇਆ ਤੇ ਮੌਕਾ ਪਾ ਕੇ ਉਲੰਪਿਕ ਪਿੰਡ ਵਿਚ ਦਾਖਲ ਹੋ ਗਏ। ਸਵੇਰੇ ਚਾਰ ਕੁ ਵਜੇ ਦਾ ਵਕਤ ਸੀ ਤੇ ਸਭ ਸੁੱਤੇ ਪਏ ਸਨ। ਫਸਲਤੀਨੀਆਂ ਨੇ ਇਜ਼ਰਾਇਲ ਦੀ ਟੀਮ ਦੀ ਨਿਸ਼ਾਨਦੇਹੀ ਪਹਿਲਾਂ ਈ ਕੀਤੀ ਹੋਈ ਸੀ। ਉਹ ਪੈਂਦੀ ਸੱਟੇ ਉਨ੍ਹਾਂ ਕਮਰਿਆ ‘ਚ ਜਾ ਪਹੁੰਚੇ ਜਿੱਥੇ ਇਜ਼ਰਾਇਲ ਦੀ ਟੀਮ ਠਹਿਰੀ ਹੋਈ ਸੀ। ਇੱਕ ਦਮ ਹਮਲਾ ਕਰ ਕੇ ਉਨ੍ਹਾਂ ਨੇ ਇਜ਼ਰਾਇਲੀਆਂ ਨੂੰ ਬੰਦੀ ਬਣਾ ਲਿਆ। ਇਨ੍ਹਾਂ ਬੰਦੀ ਬਣਾਏ ਲੋਕਾਂ ‘ਚ ਅਥਲੀਟ, ਕੋਚ ਅਤੇ ਹੋਰ ਮੈਂਬਰ ਸ਼ਾਮਲ ਸਨ। ਉਥੋਂ ਉਨ੍ਹਾਂ ਨੂੰ ਕਿਸੇ ਹੋਰ ਬਿਲਡਿੰਗ ‘ਚ ਲੈ ਗਏ। ਖੈਰ, ਉਸ ਪਿੱਛੋਂ ਮਾਰ-ਮਰਾਈ ਹੋਈ। ਦੋਹਾਂ ਧਿਰਾਂ ਦੇ ਬੰਦੇ ਮਾਰੇ ਗਏ, ਪਰ ਮੇਰਾ ਇਹ ਗੱਲ ਦੱਸਣ ਦਾ ਮਲਤਬ ਸਿਰਫ ਇੰਨਾ ਈ ਐ ਕਿ ਫਸਲਤੀਨੀਆਂ ਨੇ ਕਿਵੇਂ ਅਤਿਵਾਦੀ ਕਾਰਵਾਈਆਂ ਬਗੈਰਾ ਸ਼ੁਰੂ ਕੀਤੀਆਂ ਸਨ।”
“ਕੋਈ ਗੱਲ ਤਾਂ ਹੋਊਗੀ ਜੋ ਫਲਸਤੀਨੀਆਂ ਨੂੰ ਇਹ ਕਦਮ ਚੁੱਕਣਾ ਪਿਆ।”
“ਉਹ ਇਜ਼ਰਾਇਲ ਦੀਆਂ ਜੇਲ੍ਹ ‘ਚ ਬੰਦ ਆਪਣੇ ਸਜ਼ਾ-ਯਾਫਤਾ ਕੈਦੀਆਂ ਨੂੰ ਛੁਡਾਉਣਾ ਚਾਹੁੰਦੇ ਸਨ।”
“ਆਪਣੇ ਹੱਕ ਲੈਣ ਲਈ ਸਭ ਕੁਝ ਕਰਨਾ ਜਾਇਜ਼ ਐ।”
“ਇਜ਼ਰਾਇਲ ਵੀ ਤਾਂ ਆਪਣੀ ਹੋਂਦ ਕਾਇਮ ਰੱਖਣ ਲਈ ਈ ਲੜ ਰਿਹਾ ਐ। ਇਸ ਤਰ੍ਹਾਂ ਵੇਖੀਏ ਤਾਂ ਹਰ ਇੱਕ ਦਾ ਆਪਣਾ ਨਜ਼ਰੀਆ ਐ।”
“ਤੂੰ ਕਦੋਂ ਕੁ ਦਾ ਇਜ਼ਰਾਇਲ ਭਗਤ ਬਣ ਗਿਆ?” ਆਫੀਆ ਗੁੱਸੇ ‘ਚ ਆ ਗਈ।
“ਮੈਂ ਇਸ ਮਾਰ-ਮਰਾਈ ਦੇ ਹੱਕ ‘ਚ ਨ੍ਹੀਂ ਆਂ। ਕੁਝ ਨਾ ਕੁਝ ਲੈਣ ਦੇਣ ਕਰ ਕੇ ਇਹ ਮਸਲਾ ਸੁਲਝਾਇਆ ਜਾ ਸਕਦਾ ਐ। ਯਹੂਦੀਆਂ ਦਾ ਵੀ ਤਾਂ ਬਥੇਰਾ ਨੁਕਸਾਨ ਹੋਇਆ ਐ। ਦੂਜੀ ਵੱਡੀ ਜੰਗ ਵੇਲੇ ਹਿਟਲਰ ਨੇ ਸੱਠ ਲੱਖ ਯਹੂਦੀ ਮਾਰ-ਮੁਕਾਏ ਸਨ।”
“ਇਹ ਸਭ ਝੂਠ ਐ। ਮੇਰੇ ਖਿਆਲ ‘ਚ ਕੋਈ ਹਾਲੋਕਾਸਟ ਹੋਇਆ ਈ ਨ੍ਹੀਂ। ਯਹੂਦੀਆਂ ਨੇ ਸੰਸਾਰ ਦੀ ਹਮਦਰਦੀ ਲੈਣ ਲਈ ਅਜਿਹੀਆਂ ਗੱਲਾਂ ਮਨੋ ਘੜੀਆਂ ਹੋਈਆਂ ਨੇ। ਇਸ ਸਭ ਬਕਵਾਸ ਐ।”
“ਓ ਕਮ ਆਨ ਆਫੀਆæææਤੂੰ ਸਾਇੰਟਿਸਟ ਹੋ ਕੇ ਕਿਹੋ ਜਿਹੀਆਂ ਗੱਲਾਂ ਕਰ ਰਹੀ ਐਂ। ਮੈਂ ਤਾਂ ਹੈਰਾਨ ਆਂ ਕਿ ਤੂੰ ਕੁਝ ਵੀ ਬੋਲੀ ਜਾ ਰਹੀ ਐਂ।”
“ਚੱਲ ਤੂੰ ਮੇਰੀਆਂ ਸਾਰੀਆਂ ਗੱਲਾਂ ਨੂੰ ਬਕਵਾਸ ਸਮਝ, ਪਰ ਮੇਰੀ ਆਖਰੀ ਤੇ ਅਸਲੀ ਗੱਲ ਦਾ ਜੁਆਬ ਦੇਹ।” ਆਫੀਆ ਅਸਲੀ ਮੁੱਦੇ ਵੱਲ ਮੁੜ ਆਈ।
“ਕਿਹੜੀ ਅਸਲੀ ਗੱਲ?”
“ਤੂੰ ਮੈਨੂੰ ਇਹ ਦੱਸ ਕਿ ਕੋਇਟਾ ਲਈ ਕਦੋਂ ਤੁਰ ਰਿਹਾ ਐਂ? ਅੱਜ ਰਾਤ ਤੇਰੀ ਸਾਰੀ ਤਿਆਰੀ ਕਰ ਦਿਆਂ। ਅੱਗੇ ਉਥੋਂ ਅਫਗਾਨਿਸਤਾਨ ਜਾਣ ਵਿਚ ਵੀ ਕਈ ਦਿਨ ਲੱਗ ਜਾਣਗੇ।”
“ਤੂੰ ਤਾਂ ਇਉਂ ਗੱਲ ਕਰ ਰਹੀ ਐਂ ਜਿਵੇਂ ਮੈਂ ਜਾਣ ਲਈ ਤਿਆਰ ਈ ਬੈਠਾ ਹੋਵਾਂ। ਮੈਂ ਨ੍ਹੀਂ ਕਿਧਰੇ ਜਾਣਾ।”
“ਜਾਣਾ ਤਾਂ ਤੈਨੂੰ ਪਊਗਾ। ਤੂੰ ਮੇਰੀ ਗੱਲ ਨ੍ਹੀਂ ਟਾਲ ਸਕਦਾ। ਮੈਂ ਤੇਰੀ ਘਰਵਾਲੀ ਆਂ। ਤੇਰੀ ਦੁੱਖ-ਸੁੱਖ ਦੀ ਸਾਥਣ।”
ਅਮਜਦ ਨੇ ਧਿਆਨ ਨਾਲ ਆਫੀਆ ਵੱਲ ਵੇਖਿਆ। ਇਸ ਵੇਲੇ ਆਫੀਆ ਦੀਆਂ ਅੱਖਾਂ ‘ਚ ਮੋਹ ਝਲਕ ਰਿਹਾ ਸੀ। ਉਸ ਨੂੰ ਵੀ ਆਫੀਆ ‘ਤੇ ਪਿਆਰ ਆਇਆ। ਉਹ ਉਸ ਦੇ ਕੋਲ ਹੁੰਦਾ ਉਸ ਨੂੰ ਕਲਾਵੇ ‘ਚ ਲੈਂਦਾ ਬੋਲਿਆ, “ਆਫੀਆ ਆਪਣੇ ਦੋ ਪਿਆਰੇ-ਪਿਆਰੇ ਬੱਚੇ ਨੇ। ਵਧੀਆ ਆਪਣੀ ਜ਼ਿੰਦਗੀ ਐ। ਮੈਨੂੰ ਇਹ ਵੀ ਪਤਾ ਐ ਕਿ ਆਪਾਂ ਇੱਕ-ਦੂਜੇ ਨੂੰ ਬੇਹਦ ਮੁਹੱਬਤ ਕਰਦੇ ਆਂ। ਇੱਕ-ਦੂਜੇ ਬਿਨਾਂ ਪਲ ਭਰ ਨ੍ਹੀਂ ਰਹਿ ਸਕਦੇ। ਮੈਂ ਚਾਹੁੰਨਾਂ ਕਿ ਆਪਾਂ ਅੱਲਾ ਦੀ ਦਿੱਤੀ ਹੋਈ ਇਸ ਰਹਿਮਤਾਂ ਭਰੀ ਜ਼ਿੰਦਗੀ ਦਾ ਲੁਤਫ ਮਾਣੀਏ। ਤੂੰ ਪਲੀਜ਼ ਜਹਾਦ ਵਾਲੀ ਗੱਲ ਭੁੱਲ ਜਾ।”
“ਅਮਜਦ ਤੇਰੀਆਂ ਸਾਰੀਆਂ ਗੱਲਾਂ ਸਹੀ ਨੇ। ਤੂੰ ਮੈਨੂੰ ਦੁਨੀਆਂ ਦੀ ਹਰ ਸ਼ੈਅ ਤੋਂ ਪਿਆਰਾ ਐਂ, ਪਰ ਜਹਾਦ ਮੇਰੇ ਲਈ ਅੱਲਾ ਦਾ ਪਾਕ ਕਾਰਜ ਐ। ਉਸ ਦੇ ਲਈ ਮੈਂ ਕੁਝ ਵੀ ਕੁਰਬਾਨ ਕਰ ਸਕਦੀ ਆਂ।”
ਅਮਜਦ ਚੁੱਪ ਹੋ ਗਿਆ। ਉਹ ਸਮਝ ਗਿਆ ਕਿ ਇਸ ਵੇਲੇ ਇਸ ਨਾਲ ਗੱਲ ਕਰਨ ਦਾ ਸਹੀ ਵਕਤ ਨਹੀਂ ਹੈ। ਉਹ ਇਹ ਵੀ ਜਾਣਦਾ ਸੀ ਕਿ ਇਹ ਹੱਦੋਂ ਵੱਧ ਜ਼ਿੱਦੀ ਹੈ। ਜਿਹੜੀ ਗੱਲ ਕਹਿ ਦੇਵੇ, ਉਸ ਤੋਂ ਪਿੱਛੇ ਨਹੀਂ ਹਟਦੀ। ਉਸ ਵੇਲੇ ਉਸ ਨੇ ਫਿਰ ਸੋਚਣ ਦਾ ਕਹਿ ਕੇ ਗੱਲ ਬਦਲ ਲਈ। ਰਾਤ ਗੁਜ਼ਰ ਗਈ, ਪਰ ਅਮਜਦ ਨੂੰ ਸਾਰੀ ਰਾਤ ਪਲ ਭਰ ਵੀ ਚੈਨ ਨਾ ਆਇਆ। ਉਸ ਨੂੰ ਕੋਈ ਰਾਹ ਨਹੀਂ ਸੁੱਝ ਰਿਹਾ ਸੀ। ਉਹ ਆਫੀਆ ਨੂੰ ਨਹੀਂ ਛੱਡ ਸਕਦਾ ਸੀ ਤੇ ਆਫੀਆ ਜਹਾਦ ਨੂੰ ਨਹੀਂ ਛੱਡ ਰਹੀ ਸੀ। ਆਖਰ ਸਵੇਰ ਵੇਲੇ ਉਸ ਨੂੰ ਖਿਆਲ ਆਇਆ ਕਿ ਇਸਲਾਮ ਇਹ ਵੀ ਕਹਿੰਦਾ ਹੈ ਕਿ ਮੁਸ਼ਕਿਲ ਵੇਲੇ ਘਰ ਦੇ ਵਡੇਰਿਆਂ ਦੀ ਮੱਦਦ ਲਵੋ। ਉਹ ਆਪਣੇ ਵੱਡੇ ਭਰਾ ਕੋਲ ਚਲਾ ਗਿਆ ਤੇ ਉਸ ਨਾਲ ਸੰਗਦੇ ਜਿਹੇ ਨੇ ਗੱਲ ਤੋਰੀ, “ਭਾਈ ਜਾਨ, ਮੈਂ ਤਾਂ ਮੁਸੀਬਤ ‘ਚ ਫਸ ਗਿਆ ਆਂ। ਮੇਰੀ ਰਹਿਨੁਮਾਈ ਕਰੋ।”
“ਕਿਉਂ ਅਮਜਦ ਕੀ ਹੋਇਆ?”
ਅੱਗੇ ਅਮਜਦ ਨੇ ਸਾਰੀ ਗੱਲ ਦੱਸ ਦਿੱਤੀ ਕਿ ਕਿਵੇਂ ਆਫੀਆ ਉਸ ਨੂੰ ਜਹਾਦ ਵਿਚ ਜਾਣ ਲਈ ਮਜਬੂਰ ਕਰ ਰਹੀ ਹੈ ਤੇ ਉਸ ਕੋਲ ਉਸ ਦੀ ਗੱਲ ਮੰਨਣ ਤੋਂ ਬਿਨਾਂ ਕੋਈ ਚਾਰਾ ਵੀ ਨਹੀਂ ਹੈ। ਭਰਾ ਦੇ ਤਾਂ ਉਸ ਦੀ ਗੱਲ ਸੁਣ ਕੇ ਹੀ ਹੋਸ਼ ਉਡ ਗਏ। ਉਸ ਨੇ ਆਪ ਕੋਈ ਗੱਲ ਨਾ ਕੀਤੀ, ਸਗੋਂ ਉਹ ਅਮਜਦ ਦੀ ਬਾਂਹ ਫੜਦਾ ਸਿੱਧਾ ਆਪਣੇ ਅੱਬਾ ਕੋਲ ਲੈ ਗਿਆ ਤੇ ਉਸ ਨੂੰ ਸਾਰੀ ਹੋਈ-ਬੀਤੀ ਸੁਣਾ ਦਿੱਤੀ। ਨਈਮ ਖਾਂ ਭੜਕ ਪਿਆ, “ਅਮਜਦ ਇਹ ਕੀ ਬਕਵਾਸ ਐ? ਤੈਨੂੰ ਚੰਗੀ ਤਾਲੀਮ ਇਹੀ ਸਿਖਾਉਂਦੀ ਐ ਕਿ ਇਹੋ ਜਿਹੇ ਪੁੱਠੇ ਕੰਮ ਕਰੋ?”
“ਅੱਬੂ ਆਫੀਆ ਕਹਿੰਦੀ ਐ ਕਿæææ।”
“ਕੌਣ ਕੀ ਕਹਿੰਦਾ ਐ, ਤੂੰ ਇਹ ਗੱਲ ਛੱਡ। ਤੈਨੂੰ ਪਹਿਲਾਂ ਇਹ ਸਿੱਖਣ ਦੀ ਲੋੜ ਐ ਕਿ ਜਹਾਦ ਹੁੰਦਾ ਕੀ ਐ। ਹਰ ਲੜਾਈ ਜਹਾਦ ਨ੍ਹੀਂ ਹੁੰਦੀ। ਸਿਆਸੀ ਲੋਕ ਆਪਣੇ ਨਿੱਜੀ ਮੁਫਾਦ ਲਈ ਇਸ ਪਾਕ ਲਫਜ਼ ਦਾ ਹਰ ਥਾਂ ਇਸਤੇਮਾਲ ਕਰ ਕੇ ਨੌਜਵਾਨਾਂ ਨੂੰ ਭੜਕਾ ਦਿੰਦੇ ਨੇ ਤੇ ਫਿਰ ਉਹ ਉਹੀ ਕਰਦੇ ਨੇ ਜੋ ਇਹ ਲੋਕ ਚਾਹੁੰਦੇ ਨੇ। ਮੈਂ ਤਾਂ ਜ਼ਿਆ-ਉਲ ਹੱਕ ਦੇ ਵੇਲੇ ਤੋਂ ਈ ਕਹਿੰਦਾ ਆ ਰਿਹਾ ਆਂ ਕਿ ਇਹ ਸਿਆਸੀ ਖੇਡ ਐ। ਪੰਝੀ ਸਾਲਾਂ ਤੋਂ ਵੀ ਉਤੇ ਦਾ ਸਮਾਂ ਹੋ ਗਿਆ, ਵਿਚਾਰੇ ਗਰੀਬ ਅਫਗਾਨ ਇਸ ਗੰਦੀ ਸਿਆਸਤ ਦੀ ਬਲੀ ਚੜ੍ਹ ਰਹੇ ਨੇ। ਅਫਗਾਨਿਸਤਾਨ ਅੱਜ ਮਿੱਟੀ ਦਾ ਢੇਰ ਬਣ ਕੇ ਰਹਿ ਗਿਆ ਐ। ਹੋਰ ਸੁਣ, ਇਹ ਕਹਿੰਦੇ ਨੇ ਅਫਗਾਨਿਸਤਾਨ ਹੀ ਇੱਕ ਅਜਿਹਾ ਮੁਲਕ ਐ ਜਿੱਥੇ ਸੱਚਾ ਇਸਲਾਮੀ ਰਾਜ ਹੈ, ਪਰ ਉਥੋਂ ਦੀ ਜਨਤਾ ਨੂੰ ਤਾਂ ਪੁੱਛ ਕੇ ਦੇਖੋ ਕਿ ਉਨ੍ਹਾਂ ਨਾਲ ਵਾਪਰਦਾ ਕੀ ਐ? ਉਹ ਪਸ਼ੂਆਂ ਨਾਲੋਂ ਭੈੜੀ ਜ਼ਿੰਦਗੀ ਬਤੀਤ ਕਰ ਰਹੇ ਨੇ। ਇਨ੍ਹਾਂ ਉਜੱਡ ਲੋਕਾਂ ਨੇ ਉਨ੍ਹਾਂ ਦਾ ਜਿਉਣਾ ਮੁਸ਼ਕਿਲ ਕਰ ਕੇ ਰੱਖ ਦਿੱਤੈ। ਹੁਣ ਦੇ ਜੋ ਹਾਲਾਤ ਨੇ, ਇਸ ਲਈ ਤਾਲਿਬਾਨ ਜ਼ਿੰਮੇਵਾਰ ਹਨ। ਕਿਉਂ? ਇਨ੍ਹਾਂ ਉਸ ਕਾਤਲ ਆਦਮੀ ਬਿਨ-ਲਾਦਿਨ ਨੂੰ ਆਪਣੇ ਮੁਲਕ ਵਿਚ ਪਨਾਹ ਦਿੱਤੀ ਹੋਈ ਹੈ। ਇਸ ਸਾਰੇ ਦਾ ਜ਼ਿੰਮੇਵਾਰ ਉਹ ਇਨਸਾਨ ਐ ਤੇ ਉਸ ਦੀ ਸਜ਼ਾ ਭੁਗਤ ਰਿਹਾ ਹੈ ਅਫਗਾਨਿਸਤਾਨ ਦਾ ਗਰੀਬ ਆਦਮੀ।”
“ਪਰ ਅੱਬੂ ਮੈਨੂੰ ਕੀ ਹੁਕਮ ਐ?” ਅਮਜਦ ਡਰਦਾ ਜਿਹਾ ਬੋਲਿਆ।
“ਤੂੰ ਭੁੱਲ ਜਾ ਇਨ੍ਹਾਂ ਗੱਲਾਂ ਨੂੰ ਤੇ ਆਪਣੀ ਪੜ੍ਹਾਈ ਵੱਲ ਧਿਆਨ ਦੇਹ।”
ਅਮਜਦ ਉਪਰ ਗਿਆ ਤੇ ਉਸ ਨੇ ਆਫੀਆ ਨੂੰ ਦੱਸ ਦਿੱਤਾ ਕਿ ਉਸ ਦੇ ਅੱਬੂ ਨੇ ਜਹਾਦ ਵਿਚ ਜਾਣ ਤੋਂ ਨਾਂਹ ਕਹਿ ਦਿੱਤੀ ਹੈ।
“ਪਰ ਤੂੰ ਉਸ ਦੀ ਸਲਾਹ ਲੈਣ ਗਿਆ ਈ ਕਿਉਂ?” ਆਫੀਆ ਉਚੀ ਬੋਲੀ ਤਾਂ ਹੇਠਾਂ ਖੜ੍ਹੇ ਨਈਮ ਖਾਂ ਨੂੰ ਉਸ ਦੀ ਆਵਾਜ਼ ਉਵੇਂ ਜਿਵੇਂ ਸੁਣੀਂ। ਉਸ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ, ਪਰ ਉਹ ਫਿਰ ਵੀ ਜ਼ਬਤ ਵਿਚ ਰਿਹਾ। ਅਮਜਦ ਪੌੜੀਆਂ ਉਤਰਨ ਲੱਗਿਆ ਤਾਂ ਨਈਮ ਖਾਂ ਨੇ ਉਚੀ ਕਿਹਾ, “ਅਮਜਦ ਜੇ ਤੂੰ ਉਥੇ ਗਿਆ ਤਾਂ ਮੁੜ ਕੇ ਇਸ ਘਰ ਵਿਚ ਪੈਰ ਨਾ ਪਾਈਂ।”
ਆਪਣੇ ਸਹੁਰੇ ਦੀ ਇਹ ਗੱਲ ਸੁਣ ਕੇ ਆਫੀਆ ਹਵਾ ਵਾਂਗੂੰ ਹੇਠਾਂ ਆਈ ਤੇ ਆਉਂਦੀ ਨੇ ਹੀ ਅਮਜਦ ਦੇ ਗਲਾਮੇ ਨੂੰ ਹੱਥ ਪਾ ਲਿਆ। ਉਹ ਉਚੀ ਬੋਲੀ, “ਹੁਣੇ ਫੈਸਲਾ ਕਰ। ਜਾਂ ਆਪਣੇ ਮਾਂ-ਪਿਉ ਨਾਲ ਰਹਿ ਜਾਂ ਮੇਰੇ ਨਾਲ।”
ਅਮਜਦ ਕੁਝ ਨਾ ਬੋਲਿਆ ਤਾਂ ਆਫੀਆ ਹੋਰ ਵੀ ਗੁੱਸੇ ‘ਚ ਆ ਗਈ। ਉਹ ਫਿਰ ਚੀਕੀ, “ਠੀਕ ਐ ਜੇ ਤੂੰ ਮੇਰੀ ਗੱਲ ਨ੍ਹੀਂ ਮੰਨਣੀ ਤਾਂ ਮੈਨੂੰ ਹੁਣੇ ਤਲਾਕ ਦੇਹ। ਸਮਝਿਆ ਤੂੰ? ਤਲਾਕ ਦੇਹ ਮੈਨੂੰ। ਹੁਣੇ ਇਸੇ ਵਕਤ।”
ਉਹ ਚੀਕਦੀ-ਚਿਲਾਉਂਦੀ ਉਪਰ ਕਮਰੇ ਵਿਚ ਚਲੀ ਗਈ। ਘਰ ‘ਚ ਮੁਕੰਮਲ ਚੁੱਪ ਵਰਤ ਗਈ। ਆਖਰ ਨਈਮ ਖਾਂ ਨੇ ਆਪਣੀ ਬੇਗਮ ਨੂੰ ਕਿਹਾ ਕਿ ਜੇ ਇਹ ਮੀਆਂ ਬੀਵੀ ਹੋਰ ਕੁਝ ਦਿਨ ਆਪਣੇ ਨਾਲ ਰਹੇ ਤਾਂ ਜ਼ਰੂਰ ਇਨ੍ਹਾਂ ਦਾ ਤਲਾਕ ਹੋ ਜਾਵੇਗਾ। ਆਪਾਂ ਇਉਂ ਕਰੀਏ ਕਿ ਇਨ੍ਹਾਂ ਨੂੰ ਆਪਣੇ ਤੋਂ ਦੂਰ ਰਹਿਣ ਦੇਈਏ। ਉਦੋਂ ਤੱਕ ਇਨ੍ਹਾਂ ਦਾ ਆਪਸੀ ਫਰਕ ਵੀ ਮਿਟ ਜਾਊਗਾ ਤੇ ਸ਼ਾਇਦ ਹਾਲਤ ਕੁਝ ਹੋਰ ਕਰਵਟ ਲੈ ਲੈਣ। ਇਸ ਪਿੱਛੋਂ ਉਨ੍ਹਾਂ ਦਾ ਜਾਣ ਦਾ ਇੰਤਜ਼ਾਮ ਕਰ ਦਿੱਤਾ ਗਿਆ। ਅਮਜਦ ਬੱਚਿਆਂ ਅਤੇ ਆਫੀਆ ਨੂੰ ਲੈ ਕੇ ਇਸਲਾਮਾਬਾਦ ਚੱਲ ਪਿਆ। ਆਫੀਆ ਦਾ ਕਹਿਣਾ ਸੀ ਕਿ ਜੇ ਜਾਣਾ ਹੀ ਹੈ ਤਾਂ ਉਹ ਆਪਣੇ ਮਾਮੇ ਐਚæਐਸ਼ ਫਾਰੂਕੀ ਕੋਲ ਇਸਲਾਮਾਬਾਦ ਜਾਣਾ ਪਸੰਦ ਕਰੇਗੀ। ਸ਼ਾਮ ਤੱਕ ਉਹ ਫਾਰੂਕੀ ਕੋਲ ਪਹੁੰਚ ਗਏ। ਕੁਝ ਦਿਨ ਆਰਾਮ ਨਾਲ ਲੰਘੇ ਕਿ ਇੱਕ ਦਿਨ ਆਫੀਆ ਫਿਰ ਨਵੀਂ ਸਕੀਮ ਲੈ ਕੇ ਅਮਜਦ ਸਾਹਮਣੇ ਆ ਖੜ੍ਹੀ ਹੋਈ।
“ਅਮਜਦ, ਕਸ਼ਮੀਰ ਅਤੇ ਅਫਗਾਨਿਸਤਾਨ ਦੀਆਂ ਪਹਾੜੀਆਂ ਵਿਚਕਾਰ ਪੈਂਦੇ ਬਾਲਕਟ ਸ਼ਹਿਰ ‘ਚ ਅੱਜਕੱਲ੍ਹ ਜੈਸ਼-ਏ-ਮੁਹੰਮਦ ਦਾ ਕੈਂਪ ਚੱਲ ਰਿਹਾ ਐ।”
“ਹੈਂ!?” ਅਮਜਦ ਨੂੰ ਗੱਲ ਦੀ ਸਮਝ ਨਾ ਆਈ। ਉਹ ਹੈਰਾਨ ਹੁੰਦਾ ਬੋਲਿਆ, “ਇਹ ਜੈਸ਼-ਏ-ਮੁਹੰਮਦ ਕਿਸ ਸ਼ੈਅ ਦਾ ਨਾਂ ਐਂ?”
“ਤੈਨੂੰ ਪਤਾ ਈ ਹੋਣਾ ਐਂ ਕਿ ਦਸੰਬਰ 1999 ‘ਚ ਕੁਝ ਜਹਾਦੀ, ਇੰਡੀਅਨ ਏਅਰਲਾਈਨਜ਼ ਦਾ ਜਹਾਜ਼ ਅਗਵਾ ਕਰ ਕੇ ਕਾਬਲ ਲੈ ਗਏ ਸਨ। ਉਨ੍ਹਾਂ ਇਹ ਸਭ ਆਪਣੇ ਲੀਡਰ ਮੌਲਾਨਾ ਮਸੂਦ ਅਜ਼ਹਰ ਨੂੰ ਛੁਡਵਾਉਣ ਲਈ ਕੀਤਾ ਸੀ ਜਿਹੜਾ ਉਸ ਵੇਲੇ ਇੰਡੀਆ ਦੀ ਜੇਲ੍ਹ ਵਿਚ ਬੰਦ ਸੀ। ਉਹ ਅਪਰੇਸ਼ਨ ਸਫਲ ਰਿਹਾ ਤੇ ਮੌਲਾਨਾ ਮਸੂਦ ਅਜ਼ਹਰ ਨੂੰ ਛੁਡਵਾ ਲਿਆ ਗਿਆ। ਪਿੱਛੋਂ ਮਸੂਦ ਨੇ ਇੱਥੇ ਆ ਕੇ ਨਵੀਂ ਜਥੇਬੰਦੀ ਬਣ ਲਈ। ਉਸੇ ਦਾ ਨਾਂ ਜੈਸ਼-ਏ-ਮੁਹੰਮਦ ਐ। ਜੈਸ਼-ਏ-ਮੁਹੰਮਦ ਵਾਲਿਆਂ ਦੇ ਕੈਂਪ ਇਨ੍ਹਾਂ ਪਹਾੜੀਆਂ ‘ਚ ਨੇ। ਇਨ੍ਹਾਂ ਦੇ ਪਰਿਵਾਰ ਵੀ ਇਨ੍ਹਾਂ ਦੇ ਨਾਲ ਹੀ ਰਹਿੰਦੇ ਨੇ।”
“ਪਰ ਇਹ ਕਰਦੇ ਕੀ ਨੇ?”
“ਇਹ ਜਹਾਦ ਲੜਦੇ ਨੇ।” ਆਫੀਆ ਨੇ ਇਹ ਗੱਲ ਕਹੀ ਤਾਂ ਅਮਜਦ ਦੇ ਮੂੰਹ ‘ਚ ਕੁੜੱਤਣ ਘੁਲ ਗਈ। ਉਸ ਨੇ ਸੋਚਿਆ ਕਿ ਜਿਸ ਗੱਲ ਤੋਂ ਡਰਦਾ ਉਹ ਇੱਥੇ ਆਇਆ ਹੈ, ਉਹ ਗੱਲ ਫਿਰ ਅੱਗੇ ਆ ਖੜ੍ਹੀ। ਉਹ ਕੁਝ ਦੇਰ ਸੋਚਦਾ ਰਿਹਾ ਤਾਂ ਆਫੀਆ ਬੋਲੀ, “ਆਪਾਂ ਉਥੇ ਚੱਲਦੇ ਆਂ। ਤੂੰ ਉਥੇ ਹਸਪਤਾਲ ‘ਚ ਕੰਮ ਕਰੀਂ ਤੇ ਮੈਂ ਜਹਾਦੀਆਂ ਦੇ ਬੱਚਿਆਂ ਲਈ ਸਕੂਲ ਚਲਾ ਲਊਂਗੀ।”
ਅਮਜਦ ਫਿਰ ਵੀ ਕੁਝ ਨਾ ਬੋਲਿਆ। ਆਖਰ ਉਸ ਨੂੰ ਕੋਈ ਫੁਰਨਾ ਫੁਰਿਆ ਤੇ ਬੋਲਿਆ, “ਆਪਾਂ ਇਉਂ ਕਰਦੇ ਆਂ ਕਿ ਪਹਿਲਾਂ ਐਬਟਾਬਾਦ ਚੱਲਦੇ ਆਂ। ਉਥੋਂ ਬਾਲਕਟ ਸਾਰਾ ਈ ਪੰਜਾਹ ਕੁ ਮੀਲ ਹੋਵੇਗਾ। ਉਥੇ ਜਾ ਕੇ ਦੇਖਾਂਗੇ ਕਿ ਅੱਗੇ ਕੀ ਕਰਨਾ ਐਂ।”
ਆਫੀਆ ਖੁਸ਼ੀ-ਖੁਸ਼ੀ ਤਿਆਰ ਹੋ ਗਈ। ਉਸ ਨੂੰ ਲੱਗਿਆ ਕਿ ਅਮਜਦ ਸਹੀ ਰਾਹ ‘ਤੇ ਆ ਰਿਹਾ ਹੈ। ਅਗਲੇ ਦਿਨ ਉਹ ਐਬਟਾਬਾਦ ਚਲੇ ਗਏ। ਰਾਤ ਵੇਲੇ ਉਹ ਕਿਸੇ ਹੋਟਲ ‘ਚ ਠਹਿਰੇ। ਰਾਤ ਭਰ ਆਫੀਆ ਸਕੀਮਾਂ ਬਣਾਉਂਦੀ ਰਹੀ। ਅਗਲੀ ਸਵੇਰ ਅਮਜਦ ਨੇ ਆਪਣੀ ਸਕੀਮ ਦੱਸੀ, “ਆਫੀਆ ਮੈਂ ਇੱਥੇ ਦੇ ਕਿਸੇ ਹਸਪਤਾਲ ਵਿਚ ਨੌਕਰੀ ਕਰ ਲੈਂਦਾ ਆਂ। ਬੱਚਿਆਂ ਨੂੰ ਆਪਾਂ ਇੱਥੇ ਦੇ ਮਸ਼ਹੂਰ ਮਿਸ਼ਨਰੀ ਸਕੂਲ ਵਿਚ ਪੜ੍ਹਨ ਲਾ ਦਿੰਦੇ ਆਂ। ਹਰ ਐਤਵਾਰ ਆਪਾਂ ਬਾਲਕਟ ਜਾ ਕੇ ਜੈਸ਼-ਏ-ਮੁਹੰਮਦ ਦਾ ਕੈਂਪ ਅਟੈਂਡ ਕਰ ਆਇਆ ਕਰਾਂਗੇ। ਨਾਲੇ ਤਾਂ ਆਪਾਂ ਉਨ੍ਹਾਂ ਬਾਰੇ ਕੁਝ ਸਿੱਖ ਲਵਾਂਗੇ। ਨਾਲੇ ਆਪਾਂ ਇੱਥੇ ਉਦੋਂ ਨੂੰ ਸੈਟ ਹੋ ਜਾਵਾਂਗੇ। ਫਿਰ ਜੇ ਤੂੰ ਚਾਹੇਂਗੀ ਤਾਂ ਆਪਾਂ ਪੱਕੇ ਤੌਰ ‘ਤੇ ਉਥੇ ਚਲੇ ਚੱਲਾਂਗੇ।”
“ਜਿਵੇਂ ਤੇਰੀ ਮਰਜ਼ੀ।” ਆਫੀਆ ਚੁੱਪ ਜਿਹੀ ਹੋ ਗਈ, ਪਰ ਉਸ ਨੂੰ ਲੱਗਿਆ ਕਿ ਸ਼ਾਇਦ ਇਸ ਤਰ੍ਹਾਂ ਉਹ ਅਮਜਦ ਨੂੰ ਮਨਾ ਹੀ ਲਵੇ।
ਅਗਲੀ ਸਵੇਰ ਆਫੀਆ ਉਠਦਿਆਂ ਹੀ ਬੋਲੀ, “ਅਮਜਦ, ਸਾਰੀ ਰਾਤ ਬੰਬ ਧਮਾਕੇ ਹੁੰਦੇ ਰਹੇ ਨੇ, ਤੂੰ ਸੁਣੇ ਈ ਹੋਣਗੇ?”
“ਆਫੀਆ ਇਹ ਸ਼ਹਿਰ ਫੌਜ ਦਾ ਬਹੁਤ ਵੱਡਾ ਕੇਂਦਰ ਐ। ਅਜਿਹਾ ਹੋਣਾ ਇੱਥੇ ਕੁਦਰਤੀ ਐ। ਕੋਈ ਟਰੇਨਿੰਗ ਚੱਲ ਰਹੀ ਹੋਊਗੀ!”
“ਨਹੀਂ ਇਹ ਉਹ ਧਮਾਕੇ ਨ੍ਹੀਂ। ਇਹ ਤਾਂ ਉਨ੍ਹਾਂ ਬੰਬਾਂ ਦੇ ਧਮਾਕੇ ਨੇ ਜੋ ਅਮਰੀਕਨ ਹਵਾਈ ਜਹਾਜ਼ ਅਫਗਾਨਿਸਤਾਨ ਵਿਚ ਸੁੱਟ ਰਹੇ ਨੇ।”
“ਹੋ ਸਕਦਾ ਐ ਤੇਰੀ ਗੱਲ ਸੱਚ ਹੋਵੇ।”
“ਮੈਂ ਤਾਂ ਰਾਤੀਂ ਪਲ ਭਰ ਵੀ ਨ੍ਹੀਂ ਸੌਂ ਸਕੀ। ਸਾਰੀ ਰਾਤ ਇਹੀ ਸੋਚਦੀ ਰਹੀ ਕਿ ਅਮਰੀਕਨ ਸਾਡੇ ਮੁਸਲਮਾਨ ਭਰਾਵਾਂ ਦਾ ਕਿਵੇਂ ਘਾਣ ਕਰ ਰਹੇ ਨੇ।”
“ਲੜਾਈ ‘ਚ ਤਾਂ ਫਿਰ ਇਵੇਂ ਈ ਹੁੰਦਾ ਐ। ਦੋਵੇਂ ਧਿਰਾਂ ਈ ਇੱਕ-ਦੂਜੀ ਨੂੰ ਮਾਰਦੀਆਂ ਨੇ।”
“ਮੈਨੂੰ ਤਾਂ ਇਹ ਸੋਚ-ਸੋਚ ਕੇ ਈ ਅਫਸੋਸ ਹੋ ਰਿਹਾ ਐ ਕਿ ਆਹ ਕੁਝ ਮੀਲ ਦੂਰ ਬਾਰਡਰ ਦੇ ਪਾਰ ਜਹਾਦ ਚੱਲ ਰਿਹਾ ਐ ਤੇ ਆਪਾਂ ਉਸ ‘ਚ ਸ਼ਾਮਲ ਨ੍ਹੀਂ ਹੋ ਸਕਦੇ।”
ਅਮਜਦ ਨੇ ਉਸ ਦੀ ਗੱਲ ਦਾ ਕੋਈ ਜੁਆਬ ਨਾ ਦਿੱਤਾ ਤਾਂ ਉਹ ਦੁਬਾਰਾ ਬੋਲੀ, “ਅਮਜਦ ਮੈਂ ਬੱਚਿਆਂ ਨੂੰ ਕਿਸੇ ਮਿਸ਼ਨਰੀ ਸਕੂਲ ‘ਚ ਪੜ੍ਹਨ ਨ੍ਹੀਂ ਲਾਉਣਾ। ਤੇ ਨਾ ਹੀ ਤੈਨੂੰ ਇੱਥੇ ਕੋਈ ਨੌਕਰੀ ਕਰਨ ਦੀ ਜ਼ਰੂਰਤ ਐ।”
“ਹੋਰ ਫਿਰ ਮੈਂ ਇੱਥੇ ਵਿਹਲਾ ਫਿਰਦਾ ਕੀ ਕਰੂੰਗਾ?”
“ਆਪਾਂ ਅੱਜ ਈ ਜੈਸ਼-ਏ-ਮੁਹੰਮਦ ਦੇ ਕੈਂਪ ਚੱਲਦੇ ਆਂ। ਉਥੇ ਜੋ ਵੀ ਕੰਮ ਮਿਲਿਆ, ਕਰ ਲਵਾਂਗੇ।”
“ਆਫੀਆ, ਮੇਰੀ ਗੱਲ ਧਿਆਨ ਨਾਲ ਸੁਣ ਲੈ ਕਿ ਮੈਂ ਇਹ ਕੰਮ ਨ੍ਹੀਂ ਕਰਨਾ।” ਅਮਜਦ ਨੇ ਦੋ ਟੁੱਕ ਜੁਆਬ ਦੇ ਦਿੱਤਾ।
“ਕਿਉਂ ਨ੍ਹੀਂ ਕਰਨਾ? ਹੁਣ ਆਪਾਂ ਜਹਾਦੀਆਂ ਦੇ ਬਿਲਕੁਲ ਕੋਲ ਬੈਠੇ ਆਂ। ਬੱਸ ਦੋ ਘੰਟਿਆਂ ਦਾ ਰਸਤਾ ਐ। ਚੱਲ ਉਠ ਚੱਲੀਏ। ਮੈਂ ਬੱਚਿਆਂ ਨੂੰ ਤਿਆਰ ਕਰਦੀ ਆਂ।” ਆਫੀਆ ਸ਼ਾਂਤ ਰਹਿੰਦਿਆਂ ਬੋਲੀ।
“ਆਫੀਆ, ਤੈਨੂੰ ਇੱਕ ਵਾਰ ਕਹੀ ਗੱਲ ਸਮਝ ਨ੍ਹੀਂ ਆਉਂਦੀ। ਮੈਂ ਤੈਨੂੰ ਆਖਰੀ ਵਾਰ ਦੱਸ ਰਿਹਾ ਆਂ ਕਿ ਮੈਂ ਕਿਸੇ ਜਹਾਦ ‘ਚ ਹਿੱਸਾ ਨ੍ਹੀਂ ਲੈਣਾ।” ਅਮਜਦ ਭੜਕ ਉਠਿਆ।
ਇਸ ਪਿੱਛੋਂ ਦੋਨਾਂ ਵਿਚਕਾਰ ਬਹਿਸ ਸ਼ੁਰੂ ਹੋ ਗਈ, ਪਰ ਅੱਜ ਆਫੀਆ ਅਮਜਦ ਨੂੰ ਮਾਰਨ ਨਾ ਆਹੁਲੀ। ਉਹ ਪਤਾ ਨ੍ਹੀਂ ਕਿਹੜੀ ਦੁਨੀਆਂ ‘ਚ ਗੁੰਮ ਸੀ। ਉਹ ਅੰਦਰ ਜਾ ਕੇ ਬੈੱਡ ‘ਤੇ ਲੇਟ ਗਈ। ਅਮਜਦ ਬੈਠਾ ਸੋਚਦਾ ਰਿਹਾ ਕਿ ਉਹ ਕੀ ਕਰੇ। ਆਖਰ ਉਸ ਦੇ ਮਨ ਨੇ ਕਿਹਾ ਕਿ ਉਹ ਕਿਤੇ ਵੀ ਚਲਿਆ ਜਾਵੇ ਤੇ ਕੁਝ ਵੀ ਕਰ ਲਵੇ, ਪਰ ਆਫੀਆ ਨੇ ਉਦੋਂ ਤੱਕ ਖੁਸ਼ ਨਹੀਂ ਹੋਣਾ ਜਦੋਂ ਤੱਕ ਉਹ ਜਹਾਦ ਵਿਚ ਸ਼ਾਮਲ ਨਹੀਂ ਹੋ ਜਾਂਦਾ। ਉਸ ਨੇ ਇੱਕ ਦਮ ਵਾਪਸ ਮੁੜਨ ਦਾ ਫੈਸਲਾ ਕਰ ਲਿਆ। ਉਸ ਨੇ ਆਫੀਆ ਨੂੰ ਉਠਾਇਆ। ਉਹ ਸੜੀ-ਭੁੱਜੀ ਉਸ ਨਾਲ ਕਾਰ ਵਿਚ ਬੈਠ ਗਈ ਤੇ ਉਹ ਵਾਪਸ ਤੁਰ ਪਏ। ਘਰ ਆ ਕੇ ਜਦੋਂ ਅਮਜਦ ਨੇ ਸਾਰਿਆਂ ਨੂੰ ਆਫੀਆ ਦੀ ਜੈਸ਼-ਏ-ਮੁਹੰਮਦ ਵਾਲੀ ਗੱਲ ਦੱਸੀ ਤਾਂ ਉਸ ਦਾ ਪਿਉ ਫਿਕਰਮੰਦ ਹੁੰਦਾ ਬੋਲਿਆ, “ਕਿਤੇ ਇਹ ਨਾ ਹੋਵੇ ਕਿ ਆਪਾਂ ਦੇਖਦੇ ਈ ਰਹਿ ਜਾਈਏ ਤੇ ਪਤਾ ਉਦੋਂ ਈ ਲੱਗੇ ਜਦੋਂ ਇਹ ਅਤਿਵਾਦੀਆਂ ਦੇ ਕਿਸੇ ਗਰੋਹ ਨਾਲ ਜਾ ਮਿਲਣ।”
“ਫਿਰ ਅਮਜਦ ਦੇ ਅੱਬੂ, ਇਸ ਦਾ ਕੀ ਇਲਾਜ ਐ?” ਜ਼ਾਹਿਰਾ ਖਾਂ ਉਦਾਸ ਲਹਿਜੇ ‘ਚ ਬੋਲੀ।
“ਤੁਸੀਂ ਅਮਜਦ ਨੂੰ ਮੇਰੇ ਸਾਹਮਣੇ ਬੁਲਾਉ।”
ਅਮਜਦ ਨੂੰ ਸੱਦਿਆ ਗਿਆ। ਉਹ ਇੱਥੇ ਇਕੱਲਾ ਹੀ ਆਇਆ ਸੀ। ਐਬਟਾਬਾਦ ਤੋਂ ਮੁੜਦਿਆਂ ਆਫੀਆ ਬੱਚਿਆਂ ਨੂੰ ਲੈ ਕੇ ਪੇਕੇ ਘਰ ਚਲੀ ਗਈ ਸੀ। ਅਮਜਦ ਆਇਆ ਤਾਂ ਨਈਮ ਖਾਂ ਕਠੋਰ ਲਹਿਜੇ ‘ਚ ਬੋਲਿਆ, “ਅਮਜਦ ਤੂੰ ਤੁਰੰਤ ਫਲਾਈਟ ਲੈ ਕੇ ਅਮਰੀਕਾ ਰਵਾਨਾ ਹੋ ਜਾ।”
“ਤੇ ਅੱਬੂ, ਆਫੀਆ?”
“ਫਿਲਹਾਲ ਤੂੰ ਸਭ ਕੁਝ ਭੁੱਲ ਜਾ ਤੇ ਉਥੇ ਜਾ ਕੇ ਆਪਣੀ ਪੜ੍ਹਾਈ ਪੂਰੀ ਕਰ। ਬਾਅਦ ਵਿਚ ਦੇਖਦੇ ਆਂ ਕਿ ਕੀ ਬਣਦਾ ਐ।”
ਅਮਜਦ ਨੇ ਅਗਲੇ ਦਿਨ ਦੀ ਹੀ ਟਿਕਟ ਲੈ ਲਈ। ਇਸ ਪਿੱਛੋਂ ਉਸ ਨੇ ਆਫੀਆ ਨੂੰ ਫੋਨ ਕਰ ਕੇ ਇੰਨਾ ਹੀ ਦੱਸਿਆ ਕਿ ਯੂਨੀਵਰਸਿਟੀ ਦੀ ਪੜ੍ਹਾਈ ਕਾਰਨ ਉਹ ਵਾਪਸ ਜਾ ਰਿਹਾ ਹੈ ਤੇ ਕੱਲ੍ਹ ਨੂੰ ਸ਼ਾਮ ਵੇਲੇ ਉਸ ਦੀ ਫਲਾਈਟ ਹੈ। ਅਗਲੇ ਦਿਨ ਆਫੀਆ ਬੱਚਿਆਂ ਸਮੇਤ ਉਸ ਨੂੰ ਏਅਰਪੋਰਟ ਤੋਂ ਵਿਦਾ ਕਰਨ ਆਈ। ਦੋਹਾਂ ਵਿਚਕਾਰ ਕੋਈ ਖਾਸ ਗੱਲ ਨਾ ਹੋਈ। ਆਫੀਆ ਹੱਦੋਂ ਵੱਧ ਉਦਾਸ ਸੀ।
(ਚਲਦਾ)
Leave a Reply