ਮੁੱਲ ਦਾ ਦੁੱਧ

ਕੁਲਦੀਪ ਸਿੰਘ ਗਿੱਲ
ਕੈਂਪਬੈਲ, ਕੈਲੀਫੋਰਨੀਆ
ਵੱਟਸਐਪ: 91-97795-84691
ਕੋਈ 30-35 ਸਾਲ ਪੁਰਾਣੀ ਗੱਲ ਹੈ। ਪਿੰਡਾਂ ਵਿਚ ਰਹਿਣ ਵਾਲੇ ਮੇਰੇ ਵਰਗੇ ਨੌਕਰੀ ਪੇਸ਼ਾ ਲੋਕਾਂ ਵਿਚ ਇੱਕ ਭੇਡ-ਚਾਲ ਜਿਹੀ ਸ਼ੁਰੂ ਹੋ ਗਈ ਕਿ ਸ਼ਹਿਰ ਰਹਿ ਕੇ ਜੁਆਕ ਪੜ੍ਹਾਏ ਜਾਣ। ਮੇਰੇ ਕਈ ਦੋਸਤਾਂ-ਮਿੱਤਰਾਂ ਦੇ ਬੱਚੇ ਸ਼ਹਿਰ ਦੇ ਵਧੀਆ ਪਬਲਿਕ ਸਕੂਲਾਂ ਵਿਚ ਪੜ੍ਹਦੇ ਸਨ। ਜਦੋਂ ਪਿੰਡ ਆਉਂਦੇ, ਭੁੱਟ ਭੁੱਟ ਅੰਗਰੇਜ਼ੀ ਬੋਲਦੇ। ਉਨ੍ਹਾਂ ਨੂੰ ਸੁਣ ਕੇ ਲਗਦਾ ਜੇ ਸ਼ਹਿਰ ਨਾ ਗਏ ਤਾਂ ਸਾਡੇ ਬੱਚੇ ਇੱਕ ਪੀੜ੍ਹੀ ਪੱਛੜ ਜਾਣਗੇ।

ਸੋ, ਇਕ ਜਾਣਕਾਰ ਤੋਂ ਸ਼ਹਿਰ ਦੀ ਪੜ੍ਹਾਈ ਦਾ ਮੋਟਾ ਮੋਟਾ ਹਿਸਾਬ-ਕਿਤਾਬ ਸਮਝਣਾ ਸ਼ੁਰੂ ਕੀਤਾ। ਬੈਂਕ ਦੀ ਨੌਕਰੀ ਕਰਨ ਕਰਕੇ ਬਜਟ ਦੀ ਮਾੜੀ ਮੋਟੀ ਸਮਝ ਸੀ। ਆਮਦਨ-ਖਰਚ ਦਾ ਲੇਖਾ-ਜੋਖਾ ਮਿਲਾਇਆ। ਮਨ ਨੂੰ ਤਸੱਲੀ ਜਿਹੀ ਹੋ ਗਈ ਕਿ ਤਨਖਾਹ ਨਾਲ ਕੰਮ ਚੱਲ ਜਾਵੇਗਾ।
ਕੁਝ ਕੁ ਦਿਨਾਂ ਦੀ ਸੋਚ-ਵਿਚਾਰ ਮਗਰੋਂ ਬਦਲੀ ਲਈ ਅਰਜ਼ੀ ਭੇਜ ਦਿੱਤੀ। ਪੰਜ-ਸੱਤ ਮਹੀਨਿਆਂ ਦੀ ਉਡੀਕ ਪਿਛੋਂ ਬਦਲੀ ਦੇ ਆਰਡਰ ਆਉਣ ਦੀ ਮੁੰਡਾ ਜੰਮਣ ਜਿੰਨੀ ਖੁਸ਼ੀ ਹੋਈ। ਸ਼ਹਿਰ ਜਾਣ ਦੀ ਤਿਆਰੀ ਲਈ ਸਮਾਂ ਬਹੁਤ ਘੱਟ ਮਿਲਿਆ ਕਿਉਂਕਿ ਆਰਡਰ ਆਉਣ ਸਾਰ ਬੈਂਕ ਮੈਨੇਜਰ ਨੇ ਰਿਲੀਵ ਕਰਕੇ ਪਰੇ ਮਾਰਿਆ। ਉਹਨੂੰ ਆਵਦੀ ਭਤੀਜੀ ਨੂੰ ਲਿਆਉਣ ਦੀ ਕਾਹਲੀ ਸੀ, ਜਿਹਨੇ ਮੇਰੀ ਥਾਂ ਜੁਆਇਨ ਕਰਨਾ ਸੀ। ਘਰ ਦਾ ਮਾੜਾ-ਮੋਟਾ ਸਮਾਨ ਇਕੱਠਾ ਕਰਕੇ ਬੰਨਿਆ। ਸ਼ਹਿਰ ਇੱਕ ਜਾਣਕਾਰ ਦਾ ਪੁਰਾਣਾ ਮਕਾਨ ਡੇਢ ਸੌ ਰੁਪਏ ਮਹੀਨਾ ਕਰਾਏ ‘ਤੇ ਲੈ ਲਿਆ।
ਫਰਵਰੀ ਮਹੀਨੇ ਵੱਡੇ ਮੁੰਡੇ ਦਾ ਸਕੂਲ ਦਾਖਲਾ ਸੀ। ਇੱਕ ਜਾਣਕਾਰ, ਜੋ ਪਬਲਿਕ ਸਕੂਲ ਵਿਚ ਬਾਸਕਿਟ ਬਾਲ ਦਾ ਕੋਚ ਸੀ ਤੇ ਆਪ ਆਪਣੇ ਸਮੇਂ ਚੰਗਾ ਖਿਡਾਰੀ ਰਿਹਾ ਸੀ, ਨੇ ਸਲਾਹ ਦਿੱਤੀ ਕਿ ਦਾਖਲੇ ਤੋਂ ਇਕ ਦਿਨ ਪਹਿਲਾਂ ਫਾਰਮ ਲੈ ਕੇ ਸਕੂਲ ਖੁਲ੍ਹਣਸਾਰ ਜਮਾਂ ਕਰਵਾ ਦਿਓ। ਨਾਲੇ ਤਾਂ ਸਵੇਰੇ ਜਲਦੀ ਵਾਰੀ ਆ ਜੂ ਤੇ ਨਾਲੇ, ਪਹਿਲੇ ਤੀਹਾਂ ਦਾ ‘ਏ’ ਸੈਕਸ਼ਨ ਬਣਦਾ ਹੈ, ਮਿਲ ਜੂ। ਅਗਲੇ ਦਿਨ ਫਾਰਮ ਜਮਾਂ ਕਰਾ ਕੇ ਵਾਰੀ ਦੀ ਉਡੀਕ ਕਰਦਿਆਂ ਪਤਾ ਲੱਗਾ ਕਿ ਸਕੂਲ ਪ੍ਰਿੰਸੀਪਲ ਤੇ ਕਲਾਸ ਟੀਚਰ ਪਹਿਲਾਂ ਮਾਂ-ਪਿਉ ਦੀ ਇੰਟਰਵਿਊ ਲੈਂਦੇ ਐ ਤਾਂ ਕਿ ਪਤਾ ਕਰ ਸਕਣ ਕਿ ਘਰੇ ਕੋਈ ਹੋਮ ਵਰਕ ਕਰਾਉਣ ਵਾਲਾ ਵੀ ਹੈਗਾ ਕਿ ਨਹੀਂ। ਮੇਰੀ ਪਤਨੀ ਪੜ੍ਹੀ ਲਿਖੀ ਹੈ ਪਰ ਕੋਈ ਨੌਕਰੀ ਨਹੀਂ ਕਰਦੀ ਸੀ। ਸੋ ਐਵੇਂ ਡਰੀ ਜਾਵੇ ਕਿ ਪਤਾ ਨਹੀਂ ਇੰਟਰਵਿਊ ਵਿਚ ਕੀ ਪੁੱਛਣਗੇ? ਦੁਪਹਿਰੇ ਵਾਰੀ ਆਈ ਤਾਂ ਅਸੀਂ ਦੋਵੇਂ ਅਤੇ ਬੱਚਾ ਪਾਸ ਹੋ ਗਏ। ਉਸ ਸਕੂਲ ਵਿਚ ਉਨ੍ਹੀਂ ਦਿਨੀਂ ਇਹ ਪ੍ਰਚਲਿਤ ਸੀ ਕਿ ‘ਏ’ ਸੈਕਸ਼ਨ ਹੁਸ਼ਿਆਰ ਬੱਚਿਆਂ ਦਾ ਹੀ ਹੁੰਦਾ ਹੈ। ਉਸ ਸੈਕਸ਼ਨ ਦੀ ਟੀਚਰ ਕਾਫੀ ਮਿਹਨਤੀ ਸੀ। ਫਿਰ ਹੌਲੀ ਹੌਲੀ ਪਿੱਛੇ ਰਹਿ ਗਏ ਬੱਚਿਆਂ ਨੂੰ ‘ਬੀ’ ਤੇ ‘ਸੀ’ ਸੈਕਸ਼ਨ ਵਿਚ ਕਰ ਦਿੰਦੇ ਹਨ। ਫੀਸ ਜਮਾਂ ਕਰਾਉਣ ਲੱਗਿਆਂ ਨੂੰ ਵਰਦੀ ਤੇ ਕਿਤਾਬਾਂ ਵੇਚਣ ਵਾਲਿਆਂ ਦੀ ਲੰਮੀ ਲਿਸਟ ਫੜ੍ਹਾ ਦਿੱਤੀ।
ਕਈ ਆਂਢੀ-ਗੁਆਂਢੀ ਅਤੇ ਰਿਸ਼ਤੇਦਾਰ ਲੰਘਦੇ ਟੱਪਦੇ ਘਰ ਆ ਜਾਂਦੇ। ਪਿੰਡ ਘਰੇ ਮੱਝਾਂ-ਗਾਈਆਂ ਦਾ ਖੁੱਲ੍ਹਾ ਦੁੱਧ ਘਿਓ ਛੱਡ ਕੇ ਆਏ ਸਾਂ। ਸੋ ਕਈ ਮਹੀਨੇ ਸੀਮਤ ਸਾਧਨਾਂ ਨਾਲ ਸਾਰਨ ਦੀ ਜਾਚ ਸਿਖਣ ਵਿਚ ਲੱਗ ਗਏ। ਘਰ ਵਾਲੀ ਦੂਰੋਂ-ਨੇੜਿਓਂ ਆਏ ਰਿਸ਼ਤੇਦਾਰਾਂ ਨਾਲ ਹਸਪਤਾਲ ਜਾ ਕੇ ਡਾਕਟਰਾਂ ਤੋਂ ਦਵਾਈ ਦੁਆਉਂਦੀ। ਦਾਖਲ ਹੋਏ ਮਰੀਜ਼ਾਂ ਲਈ ਰੋਟੀ-ਚਾਹ ਪਹੁੰਚਾਉਣ ਤੋਂ ਇਲਾਵਾ ਵਾਰਸਾਂ ਲਈ ਮੰਜਾ ਬਿਸਤਰਾ ਤੇ ਨਾਹੁਣ-ਧੋਣ ਦਾ ਇੰਤਜ਼ਾਮ ਕਰਦੀ। ਕਦੇ-ਕਦੇ ਕਿਸੇ ਮਰੀਜ਼ ਨੂੰ ਲੈ ਕੇ ਆਏ ਸੱਜਣ ਦੋ-ਚਾਰ ਸੌ ਉਧਾਰ ਵੀ ਮੰਗ ਲੈਂਦੇ। ਇੱਕ ਵਾਰ ਇਕ ਸ਼ਰਾਬੀ ਦੋਸਤ ਮੁੰਡਾ ਬਿਮਾਰ ਦਾ ਬਹਾਨਾ ਲਾ ਕੇ ਪੰਜ ਸੌ ਦੀ ਠੱਗੀ ਮਾਰ ਗਿਆ। ਅਸੀਂ ਆਪ ਉਧਾਰ ਲੈ ਕੇ ਮਹੀਨਾ ਕੱਢਿਆ।
ਕਈ ਵਾਰ ਦਾਜ ਵਰੀ ਖਰੀਦਣ ਆਈਆਂ ਬੀਬੀਆਂ ਆਪਣੇ ਨਾਲ ਘਰਵਾਲੀ ਨੂੰ ਬਾਜ਼ਾਰ ਬਜਾਜੀ ਖਰੀਦਣ ਲੈ ਤੁਰਦੀਆਂ। ਦੋਵੇਂ ਬੱਚੇ ਸਕੂਲ ਪੜ੍ਹਦੇ ਸਨ। ਸਕੂਲੋਂ ਆਇਆਂ ਨੂੰ ਰੋਟੀ-ਪਾਣੀ ਦੇਣਾ ਅਤੇ ਸਕੂਲ ਦਾ ਕੰਮ ਕਰਵਾਉਣਾ ਕਈ ਵਾਰ ਲੇਟ ਹੋ ਜਾਂਦਾ। ਘਰ ਵਾਲੀ ਨੇ ਕਦੇ ਨਾਂਹ ਨਹੀਂ ਸੀ ਕੀਤੀ। ਇੱਕ ਦੋ ਰਿਸ਼ਤੇਦਾਰ ਬੱਚੇ ਸਾਡੇ ਕੋਲ ਰਹਿ ਕੇ ਪੜ੍ਹਨ ਲੱਗੇ। ਕਦੇ ਮੱਥੇ ਵੱਟ ਨਹੀਂ ਪਾਇਆ, ਆਪਣੇ ਬੱਚਿਆਂ ਵਾਂਗ ਸਮਝਿਆ। ਅੱਜ ਵੀ ਉਹ ਵਿਦੇਸ਼ਾਂ ਵਿਚ ਬੈਠੇ ਆਪਣੇ ਮਾਪਿਆਂ ਨਾਲੋਂ ਵੱਧ ਸਾਡਾ ਸਤਿਕਾਰ ਕਰਦੇ ਹਨ। ਇੱਕ ਦੋ ਰਿਸ਼ਤੇਦਾਰ, ਜਿਨ੍ਹਾਂ ਦੇ ਬੱਚਿਆਂ ਨੂੰ ਕੋਲ ਰੱਖਣ ਤੋਂ ਅਸਮਰੱਥਾ ਦੱਸੀ, ਨਾਰਾਜ਼ ਵੀ ਹੋ ਗਏ। ਇੱਕ ਨੇ ਤਾਂ ਪਿੰਡੋਂ ਰੋਜ ਦੁੱਧ ਭੇਜਣ ਦੀ ਪੇਸ਼ਕਸ਼ ਵੀ ਕਰ ਦਿੱਤੀ ਸੀ।
ਇੱਕ ਵਾਰ ਇੱਕ ਰਿਸ਼ਤੇਦਾਰ ਦਾ ਮੁੰਡਾ ਅਮਰੀਕਾ ਤੋਂ ਆਪਣੀ ਭਰਜਾਈ ਨੂੰ ਅਮਰੀਕਾ ਲਿਜਾਣ ਲਈ ਜਾਅਲੀ ਮੈਰਿਜ ਰਜਿਸਟਰੇਸ਼ਨ ਕਰਵਾਉਣ ਆਇਆ। ਦੁੱਧ ਦੀ ਕੈਨੀ ਰਸੋਈ ਵਿਚ ਰੱਖ ਕੇ ਗਵਾਹੀ ਲਈ ਮੈਨੂੰ ਤਿਆਰ ਕਰਨ ਲੱਗਾ। ਅਗਲੇ ਅੰਜਾਮ ਤੋਂ ਡਰਦਿਆਂ ਮੈਂ ਕਾਫੀ ਟਾਲ ਮਟੋਲ ਕੀਤੀ। ਜੀ ਕੀਤਾ ਉਹਦੇ ਲਿਆਂਦੇ ਦੁੱਧ ਦੀ ਕੈਨੀ ਗਲੀ ਵਿਚ ਮਾਰਾਂ ਪਰ ਜੱਕੋ-ਤੱਕੋ ਵਿਚ ਨਾਲ ਜਾਣ ਤੋਂ ਨਾਂਹ ਨਾ ਕਰ ਸਕਿਆ। ਫਾਰਮ ਭਰਨ ਵਾਲੇ ਅਰਜ਼ੀ ਨਵੀਸ ਨੇ ਕਾਗਜ਼ ਮੂਹਰੇ ਰੱਖ ਦਿੱਤਾ। ਦਸਤਖਤ ਕਰਨ ਤੋਂ ਬਿਨਾ ਕੋਈ ਚਾਰਾ ਨਹੀਂ ਸੀ ਪਰ ਪਰਮਾਤਮਾ ਦੀ ਮਿਹਰ ਕਾਰਨ ਜਾਅਲੀ ਗਵਾਹੀ ਤੋਂ ਬਚਾਅ ਹੋ ਗਿਆ। ਤਹਿਸੀਲਦਾਰ ਨੇ ਕਿਸੇ ਨੰਬਰਦਾਰ ਜਾਂ ਵਕੀਲ ਨੂੰ ਗਵਾਹੀ ਲਈ ਲਿਆਉਣ ਦਾ ਹੁਕਮ ਸੁਣਾ ਕੇ ਮੇਰੇ ਦਸਤਖਤਾਂ ‘ਤੇ ਲੀਕ ਮਾਰ ਦਿੱਤੀ। ਮਸਾਂ ਖਹਿੜਾ ਛੁੱਟਿਆ।
ਪਹਿਲਾਂ ਪਹਿਲਾਂ ਸ਼ਹਿਰ ਰਹਿਣ ਸਾਰ ਇੱਕ ਜਾਣਕਾਰ ਦੇ ਘਰ ਦੁੱਧ ਲਾ ਲਿਆ। ਦੋ ਚਾਰ ਮਹੀਨਿਆਂ ਮਗਰੋਂ ਉਹਦੀ ਘਰ ਵਾਲੀ ਕਿਸੇ ਹੋਰ ਜਨਾਨੀ ਕੋਲ ਦੱਸ ਬੈਠੀ ਕਿ ਅਸੀਂ ਪਾਣੀ ਤੋਂ ਬਿਨਾ ਕੋਈ ਮਿਲਾਵਟ ਨਹੀਂ ਕਰਦੇ। ਅਗਾਂਹ ਹੌਲੀ ਹੌਲੀ ਖਬਰ ਸਾਡੇ ਕੋਲ ਪਹੁੰਚੀ। ਉਹਦਾ ਦੁੱਧ ਪਤਲਾ ਲੱਗਣ ਲੱਗ ਪਿਆ। ਉਹਤੋਂ ਦੁੱਧ ਹਟਾ ਕੇ ਨਾਲ ਦੇ ਪਿੰਡੋਂ ਆਉਂਦੇ ਇੱਕ ਹੋਰ ਤੋਂ ਦੁੱਧ ਲੈਣ ਲੱਗੇ। ਉਸ ਨੇ ਦੂਜੇ ਨਾਲੋਂ ਮਹਿੰਗਾ ਪਰ ਖਰਾ ਦੁੱਧ ਦੇਣ ਦਾ ਵਾਅਦਾ ਕੀਤਾ। ਨੌਕਰੀ ‘ਤੇ ਜਾਣ-ਪਛਾਣ ਹੋਣ ਕਰਕੇ ਇੱਕ ਡਾਕਟਰ ਨੂੰ ਵੀ ਉਹਦਾ ਦੁੱਧ ਲਵਾ ਦਿੱਤਾ। ਅੱਗੇ ਡਾਕਟਰ ਨੇ ਹੋਰ ਇਕ ਦੋ ਜਾਣਕਾਰ ਲਵਾ ਦਿੱਤੇ। ਕਈ ਡਾਕਟਰ ਤੇ ਪੁਲਿਸ ਵਾਲੇ ਉਸ ਤੋਂ ਦੁੱਧ ਲੈਣ ਲੱਗੇ।
ਮੈਨੂੰ ਸ਼ੱਕ ਹੋਇਆ ਕਿ ਇਹ ਇੰਨਾ ਦੁੱਧ ਕਿੱਥੋਂ ਲੈ ਕੇ ਆਉਂਦਾ ਹੈ? ਮੈਂ ਡਾਕਟਰ ਕੋਲ ਗੱਲ ਕੀਤੀ। ਉਹਨੇ ਅੱਗੇ ਕਿਸੇ ਲਬਾਰਟਰੀ ‘ਚੋਂ ਦੁੱਧ ਟੈਸਟ ਕਰਵਾਇਆ। ਪਤਾ ਲੱਗਾ ਕਿ ਸ਼ੈਂਪੂ, ਯੂਰੀਆ ਤੇ ਹੋਰ ਕਈ ਕੁਝ ਮਿਲਿਆ ਹੋਇਆ ਹੈ। ਡਾਕਟਰ ਨੇ ਪੁਲਿਸ ਕੋਲ ਸ਼ਿਕਾਇਤ ਕਰ ਦਿਤੀ। ਛਾਪਾ ਮਾਰਨ ਸਮੇਂ ਕਾਫੀ ਸਮਾਨ ਫੜ੍ਹਿਆ ਵੀ ਗਿਆ। ਆਪ ਉਹ ਭੱਜ ਗਿਆ ਜਾਂ ਭੱਜਾ ਦਿੱਤਾ ਗਿਆ। ਯਾਦ ਨਹੀਂ, ਕਿੰਨੇ ਸਾਲ ਅਸੀਂ ਉਹਦਾ ‘ਖਰਾ’ ਦੁੱਧ ਪੀਂਦੇ ਰਹੇ। ਕੇਸ ਦਾ ਪਤਾ ਨਹੀਂ ਕੀ ਬਣਿਆ? ਕਈ ਸਾਲ ਬਾਅਦ ਜਦੋਂ ਮੈਂ ਇੰਡੀਆ ਗਿਆ, ਉਹੀ ਦੋਧੀ ਹਲਵਾਈ ਦੀ ਦੁਕਾਨ ਦਾ ਮਾਲਕ ਬਣਿਆ ਬੈਠਾ ਸੀ।
ਰਿਸ਼ਤੇਦਾਰੀ ਵਿਚੋਂ ਇੱਕ ਮਾਸੀ ਦਾ ਕਾਫੀ ਆਉਣ-ਜਾਣ ਸੀ। ਜਦੋਂ ਵੀ ਆਉਣਾ, ਉਹਨੇ ਪੁੱਛਣਾ, “ਪੁੱਤ ਫਸਲ ਵਾੜੀ ਕਿਵੇਂ ਆ, ਲਵੇਰਾ ਹੈਗਾ?” ਦੋ-ਚਾਰ ਵਾਰ ਮੈਂ ਵੈਸੇ ਹੀ ‘ਠੀਕ ਹੈ’ ਕਹਿ ਕੇ ਸਾਰ ਦਿੱਤਾ। ਇੱਕ ਵਾਰ ਸੋਚਿਆ ਕਿ ਮਾਸੀ ਨੂੰ ਸ਼ਹਿਰ ਦੇ ਕੰਮ-ਕਾਰ ਦੀ ਸਹੀ ਜਾਣਕਾਰੀ ਦੇਈਏ! ਸੋ, ਮੈਂ ਮਾਸੀ ਨੂੰ ਸਮਝਾਉਣ ਲੱਗਾ, “ਮਾਸੀ ਫਸਲ ਵਾੜੀ ਇੱਥੇ ਕੋਈ ਨਹੀਂ। ਮੈਂ ਬੈਂਕ ਵਿਚ ਨੌਕਰੀ ਕਰਦਾ ਹਾਂ, ਘਰ ਕੋਈ ਮੱਝ-ਗਾਂ ਵੀ ਨਹੀਂ ਹੈ। ਗੜਵੀ ਲਵੇਰਾ ਹੈ, ਜਿੰਨਾ ਦੁੱਧ ਲੋੜ ਹੋਵੇ, ਲੈ ਲਈਦਾ।”
ਮੈਂ ਮਾਸੀ ਨੂੰ ਸ਼ਹਿਰੀ ਜੀਵਨ ਦੀ ਪਹਿਲੀ ਮੁਸ਼ਕਿਲ ਦੱਸੀ। ਅਗਲੀ ਵਾਰੀ ਜਦੋਂ ਮਾਸੀ ਆਈ, ਉਹਦੇ ਹੱਥ ਦੁੱਧ ਦੀ ਬੋਤਲ ਸੀ। ਬੈਠਣ ਸਾਰ ਮੇਰੀ ਘਰ ਵਾਲੀ ਨੂੰ ਕਹਿਣ ਲੱਗੀ, “ਪੁੱਤ ਚਾਹ ਨਾ ਬਣਾਇਆ ਜੇ। ਮੇਰਾ ਜੀ ਨਹੀਂ ਕਰਦਾ ਚਾਹ ਨੂੰ। ਹੋਰ ਦੱਸ ਤੇਰਾ ਬੈਂਕ ਕਿਵੇਂ ਐਂ, ਨਿਆਣੇ ਨਿੱਕੇ ਕਿਵੇਂ ਐ?”
“ਸਭ ਕੁਝ ਵਧੀਆ ਐ ਮਾਸੀ, ਰੱਬ ਦੀ ਮਿਹਰ ਐ।” ਮੈਨੂੰ ਮਾਸੀ ਦੀ ਚਾਹ ਤੋਂ ਨਾਂਹ ਕਰਨੀ ਓਪਰੀ ਜਿਹੀ ਲੱਗ ਰਹੀ ਸੀ।
“ਮਾਸੀ ਚਾਹ ਕਦੋਂ ਛੱਡ’ਤੀ?” ਮੈਂ ਹੈਰਾਨੀ ਨਾਲ ਕਿਹਾ।
“ਛੱਡੀ ਕਦੋਂ ਆ ਪੁੱਤ! ਪਿੰਡ ਤਾਂ ਅੱਗ ਲੱਗੜੀ ਦਾ ਪਤੀਲਾ ਸਾਰਾ ਦਿਨ ਚੁੱਲੇ ‘ਤੇ ਪਿਆ ਰਹਿੰਦਾ, ਮਖਿਆ ਥੋਡਾ ਭਾਈ ਮਹਿੰਗੇ ਮੁੱਲ ਦਾ ਦੁੱਧ ਐ, ਮੇਰਾ ਕੀ ਐ? ਜਵਾਕ ਭੋਰਾ ਪੀ ਲੈਣਗੇ।” ਮਾਸੀ ਦੀ ਸਹਿਜ ਸੁਭਾਅ ਕਹੀ ਗੱਲ ਸੁਣ ਕੇ ਮੇਰੀ ਮੁੜ ਚਾਹ ਬਾਰੇ ਪੁੱਛਣ ਦੀ ਹਿੰਮਤ ਨਾ ਰਹੀ।
ਵਿਦੇਸ਼ ਵਿਚ ਰਹਿੰਦਿਆਂ ਕਾਫੀ ਸਮਾਂ ਹੋ ਗਿਆ ਹੈ। ਮਾਸੀ ਵੀ ਕਈ ਸਾਲ ਪਹਿਲਾਂ ਚਲਾਣਾ ਕਰ ਗਈ ਹੈ। ਇੱਥੇ ਦੁੱਧ ਘਿਉ ਦੀ ਕੋਈ ਘਾਟ ਨਹੀਂ, ਹਰੇਕ ਚੀਜ਼ ਸ਼ੁੱਧ ਤੇ ਵਾਧੂ ਹੈ। ਪਰਮਾਤਮਾ ਦੀ ਮਿਹਰ ਨਾਲ ਹਰੇਕ ਸਹੂਲਤ ਹੈ। ਬੱਚਿਆਂ ਦੀ ਥਾਂ ਪੋਤਰੇ ਪੋਤਰੀਆਂ ਨੇ ਲੈ ਲਈ ਹੈ। ਫਿਰ ਵੀ ਰਾਤ ਨੂੰ ਜਦੋਂ ਕੋਈ ਦੁੱਧ ਪੀਣ ਨੂੰ ਕਹਿੰਦਾ ਹੈ, ਮਾਸੀ ਦੀ ਕਹੀ ਗੱਲ ਯਾਦ ਆ ਜਾਂਦੀ ਹੈ। ਇੰਜ ਲਗਦਾ ਹੈ, ਜਿਵੇਂ ਕੋਈ ਮੈਨੂੰ ਦੁੱਧ ਪੀਣ ਤੋਂ ਰੋਕ ਰਿਹਾ ਹੋਵੇ। ਹੱਥ ਦੁੱਧ ਦਾ ਗਲਾਸ ਫੜ੍ਹਦੇ ਫੜ੍ਹਦੇ ਰੁਕ ਜਾਂਦੇ ਹਨ।