ਕੁਮੈਂਟਰੀ ਦਾ ਬਾਬਾ ਬੋਹੜ ਸੀ ਜਸਦੇਵ ਸਿੰਘ

ਪ੍ਰਿੰ. ਸਰਵਣ ਸਿੰਘ
ਜਸਦੇਵ ਸਿੰਘ ਜਿਹੇ ਬੁਲਾਰੇ ਨਿੱਤ-ਨਿੱਤ ਨਹੀਂ ਜੰਮਦੇ। ਉਹ ਵਿਸ਼ਵ ਦਾ ਮੰਨਿਆ ਦੰਨਿਆ ਕੁਮੈਂਟੇਟਰ ਸੀ। ਉਸ ਨੂੰ ਇੰਟਰਨੈਸ਼ਨਲ ਉਲੰਪਿਕ ਕਮੇਟੀ ਵੱਲੋਂ ਉਲੰਪਿਕ ਆਰਡਰ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਸਰਕਾਰ ਨੇ ਪਦਮ ਸ੍ਰੀ ਤੇ ਪਦਮ ਭੂਸ਼ਨ ਪੁਰਸਕਾਰਾਂ ਨਾਲ ਸਨਮਾਨਿਆ। ਉਸ ਨੇ ਲਗਾਤਾਰ 49 ਸਾਲ ਭਾਰਤ ਦੇ ਸੁਤੰਤਰਤਾ ਦਿਵਸ ਅਤੇ ਗਣਤੰਤਰ ਦਿਵਸ ‘ਤੇ ਰੇਡੀਓ/ਟੀ. ਵੀ. ਤੋਂ ਕੁਮੈਂਟਰੀ ਕੀਤੀ। ਨਾਲੋ-ਨਾਲ 9 ਉਲੰਪਿਕ ਖੇਡਾਂ, 8 ਵਿਸ਼ਵ ਹਾਕੀ ਕੱਪਾਂ ਤੇ 6 ਏਸ਼ਿਆਈ ਖੇਡਾਂ ਦੀ ਕੁਮੈਂਟਰੀ ਕਰਨ ਲਈ ਦੇਸ-ਪਰਦੇਸ ਜਾਂਦਾ ਰਿਹਾ।

ਇੰਟਰਨੈਸ਼ਨਲ ਹਾਕੀ ਮੈਚਾਂ ਦੀ ਕੁਮੈਂਟਰੀ ਕਰਨ ‘ਚ ਉਹਦਾ ਕੋਈ ਸਾਨੀ ਨਹੀਂ ਸੀ। ਜਦ ਉਹ ਰੇਡੀਓ/ਟੀ. ਵੀ. ਤੋਂ ਹਾਕੀ ਮੈਚਾਂ ਦੀ ਲੱਛੇਦਾਰ ਕੁਮੈਂਟਰੀ ਕਰ ਰਿਹਾ ਹੁੰਦਾ ਤਾਂ ਲੱਖਾਂ-ਕਰੋੜਾਂ ਕੰਨ ਉਹਦੀ ਰਸੀਲੀ ਆਵਾਜ਼ ਸੁਣ ਰਹੇ ਹੁੰਦੇ। ਉਹਦੀ ਆਵਾਜ਼ ਗੇਂਦ ਦੇ ਨਾਲ-ਨਾਲ ਦੌੜਦੀ ਅਤੇ ਮੈਦਾਨ ‘ਚ ਮੁੜ੍ਹਕੋ-ਮੁੜ੍ਹਕੀ ਹੁੰਦੇ ਖਿਡਾਰੀਆਂ ਨਾਲ ਸਾਹੋ-ਸਾਹ ਹੁੰਦੀ। ਉਹਦੇ ਬੋਲਾਂ ਨਾਲ ਸਰੋਤਿਆਂ ਦੀਆਂ ਨਬਜ਼ਾਂ ਤੇਜ਼ ਤੇ ਮੱਠੀਆਂ ਹੁੰਦੀਆਂ ਰਹਿੰਦੀਆਂ। ਕੁਆਲਾਲੰਪੁਰ ਤੋਂ ਹਾਕੀ ਵਿਸ਼ਵ ਕੱਪ ਜਿੱਤ ਕੇ ਮੁੜੀ ਭਾਰਤੀ ਹਾਕੀ ਟੀਮ ਨਾਲ ਜਸਦੇਵ ਸਿੰਘ ਨੂੰ ਵੇਖ ਕੇ ਇੰਦਰਾ ਗਾਂਧੀ ਨੇ ਕਿਹਾ ਸੀ, “ਸਰਦਾਰ ਸਾਹਿਬ, ਆਪ ਨੇ ਤੋ ਹਮਾਰੇ ਦਿਲੋਂ ਕੀ ਧੜਕਨੇਂ ਬੜ੍ਹਾਅ ਦੀ ਥੀਂ।”
ਮੇਰੇ ਖੇਡ ਲੇਖਕ ਬਣਨ ਵਿਚ ਜਸਦੇਵ ਸਿੰਘ ਦੀ ਕੁਮਂੈਟਰੀ ਦਾ ਵੀ ਹੱਥ ਹੈ। ਉਹਦੀ ਕੁਮੈਂਟਰੀ ਕਲਾ ਤੋਂ ਮੈਂ ਕਾਫੀ ਕੁਝ ਸਿੱਖਿਆ। ਉਹ ਮੈਥੋਂ ਨੌਂ ਸਾਲ ਵੱਡਾ ਸੀ। ਮੈਂ ਪਹਿਲੀ ਵਾਰ ਉਸ ਨੂੰ 1963 ਵਿਚ ਮਿਲਿਆ ਤੇ ਉਹਦੇ ਮੂੰਹੋਂ ਲਾਲ ਕਿਲੇ ਤੋਂ ਆਜ਼ਾਦੀ ਦਿਵਸ ਦੀ ਕੁਮੈਂਟਰੀ ਸੁਣੀ। ਉਦੋਂ ਮੈਂ ਦਿੱਲੀ ਪੜ੍ਹਦਾ ਸਾਂ ਤੇ ਖੇਡਾਂ-ਖਿਡਾਰੀਆਂ ਬਾਰੇ ਲਿਖਣ ਲਈ ਪਰ ਤੋਲ ਰਿਹਾ ਸਾਂ। ਉਸ ਨੇ ਚਾਂਦਨੀ ਚੌਕ ਵੱਲ ਸ਼ੋਭਦੇ ਗੁਰਦੁਆਰਾ ਸੀਸ ਗੰਜ ਸਾਹਿਬ, ਨੇੜਲੇ ਮੰਦਿਰ ਤੇ ਜਾਮਾ ਮਸਜਿਦ ਸਭਨਾਂ ਦਾ ਜ਼ਿਕਰ ਕੀਤਾ ਸੀ। ਪੰਛੀਆਂ ਦਾ ਉਡਣਾ, ਰੁੱਖਾਂ ਦਾ ਝੂਮਣਾ, ਬੱਦਲਾਂ ਦਾ ਤੈਰਨਾ ਤੇ ਤਿਰੰਗੇ ਦਾ ਲਹਿਰਾਉਣਾ ਸਾਰੇ ਦ੍ਰਿਸ਼ ਕੁਮੈਂਟਰੀ ਕਰਦਿਆਂ ਵਿਖਾਏ ਸਨ। ਉਹਦੀ ਜ਼ਬਾਨ ਉਤੇ ਹਿੰਦੀ ਆਪਣੀ ਮਾਤ ਭਾਸ਼ਾ ਪੰਜਾਬੀ ਵਾਂਗ ਹੀ ਚੜ੍ਹੀ ਹੋਈ ਸੀ। ਸ਼ਬਦ ਆਪ-ਮੁਹਾਰੇ ਫੁੱਟ-ਫੁੱਟ ਨਿਕਲਦੇ ਸਨ।
ਉਹਦਾ ਜਨਮ ਇੰਜੀਨੀਅਰਾਂ ਦੇ ਸਿੱਖ ਪਰਿਵਾਰ ਵਿਚ ਹੋਇਆ ਸੀ। ਉਸ ਦੇ ਪਿਤਾ ਸ਼ ਭਗਵੰਤ ਸਿੰਘ ਤੇ ਮਾਤਾ ਸ੍ਰੀਮਤੀ ਰਜਵੰਤ ਕੌਰ ਸਨ। ਉਦੋਂ ਉਹ ਰਾਜਸਥਾਨ ਵਿਚ ਜੈਪੁਰ ਨੇੜੇ ਪਿੰਡ ਬੌਲੀ ਵਿਚ ਰਹਿੰਦੇ ਸਨ। 18 ਮਈ 1931 ਨੂੰ ਜਸਦੇਵ ਸਿੰਘ ਦਾ ਜਨਮ ਹੋਇਆ। ਮੁਢਲੀ ਸਿੱਖਿਆ ਉਸ ਨੇ ਚਾਕਸੂ ਦੇ ਸਕੂਲ ਵਿਚੋਂ ਹਾਸਲ ਕੀਤੀ ਤੇ ਉਚੇਰੀ ਪੜ੍ਹਾਈ ਲਈ ਮਹਾਰਾਜਾ ਕਾਲਜ ਜੈਪੁਰ ਵਿਚ ਦਾਖਲ ਹੋਇਆ। ਉਹਦੀ ਪੜ੍ਹਾਈ ਦਾ ਵਿਸ਼ਾ ਬੇਸ਼ਕ ਉਰਦੂ ਸੀ ਪਰ ਆਲਾ-ਦੁਆਲਾ ਜੈਪੁਰੀ ਹਿੰਦੀ ਨਾਲ ਲਬਰੇਜ਼ ਸੀ। ਉਸ ਨੇ 1948 ਵਿਚ ਮਹਾਤਮਾ ਗਾਂਧੀ ਦੇ ਅੰਤਿਮ ਸਸਕਾਰ ਵੇਲੇ ਮੈਲਵਿਲ ਡੀਮੈਲੋ ਦੀ ਰੇਡੀਓ ਕੁਮੈਂਟਰੀ ਸੁਣੀ, ਜਿਸ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ। ਉਦੋਂ ਤੋਂ ਹੀ ਉਹਦੇ ਮਨ ਵਿਚ ਰੇਡੀਓ ਕੁਮੈਂਟੇਟਰ ਬਣਨ ਦੀ ਤਮੰਨਾ ਜਾਗ ਪਈ। ਜਦ ਇਹ ਗੱਲ ਉਸ ਨੇ ਆਪਣੇ ਪਰਿਵਾਰ ਨਾਲ ਸਾਂਝੀ ਕੀਤੀ ਤਾਂ ਇੰਜੀਨੀਅਰ ਬਾਪ ਹੈਰਾਨ ਹੋਇਆ ਕਿ ਕੁਮੈਂਟਰੀ ਕਿਹੜੇ ਕੰਮਾਂ ‘ਚੋਂ ਕੰਮ ਹੋਇਆ! ਉਹਦੀ ਮਾਂ ਬੇਸ਼ਕ ਹਿੰਦੀ ਬੋਲ ਲੈਂਦੀ ਸੀ ਪਰ ਉਸ ਨੇ ਕਿਹਾ ਕਿ ਤੈਨੂੰ ਹਿੰਦੀ ਚੰਗੀ ਤਰ੍ਹਾਂ ਨਹੀਂ ਬੋਲਣੀ ਆਉਣੀ।
ਕਾਲਜ ਦੀ ਪੜ੍ਹਾਈ ਕਰ ਕੇ ਜਸਦੇਵ ਸਿੰਘ ਆਲ ਇੰਡੀਆ ਰੇਡੀਓ ਜੈਪੁਰ ਦੀ ਨੌਕਰੀ ਲਈ ਇੰਟਰਵਿਊ ਦੇਣ ਗਿਆ ਤਾਂ ਪਹਿਲੀ ਵਾਰ ਜੁਆਬ ਮਿਲ ਗਿਆ। 1955 ਵਿਚ ਦੂਜੀ ਵਾਰ ਗਿਆ ਤਾਂ ਰੱਖ ਲਿਆ ਗਿਆ ਪਰ ਰੇਡੀਓ ਤੋਂ ਕੁਮੈਂਟਰੀ ਕਰਨ ਦਾ ਕੋਈ ਮੌਕਾ ਨਾ ਮਿਲਿਆ। ਉਹ ਜੈਪੁਰ ਦੇ ਕਾਲਜਾਂ ਤੇ ਹੋਰ ਖੇਡ ਸਮਾਗਮਾਂ ਉਤੇ ਕੁਮੈਂਟਰੀ ਕਰਨ ਦਾ ਸ਼ੌਕ ਪਾਲਦਾ ਰਿਹਾ। 1960 ਵਿਚ ਉਸ ਨੂੰ ਜੈਪੁਰ ਦੇ ਇਕ ਫੁੱਟਬਾਲ ਮੈਚ ਦੀ ਕੁਮੈਂਟਰੀ ਕਰਨ ਲਈ ਉਚੇਚਾ ਬੁਲਾਇਆ ਗਿਆ ਜਿਸ ਪਿੱਛੋਂ ਚੱਲ ਸੋ ਚੱਲ ਹੋ ਗਈ। ਉਹਦੀ ਆਵਾਜ਼ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਕੰਨੀਂ ਪਈ ਤਾਂ ਉਸ ਨੇ ਜਸਦੇਵ ਸਿੰਘ ਦੀ ਬਦਲੀ ਦਿੱਲੀ ਕਰਵਾ ਲਈ।
1962-63 ਤੋਂ ਉਹ ਆਲ ਇੰਡੀਆ ਰੇਡੀਓ ਤੋਂ ਆਜ਼ਾਦੀ ਤੇ ਗਣਤੰਤਰ ਦਿਵਸ ਦੀ ਕੁਮੈਂਟਰੀ ਕਰਨ ਵਾਲਾ ਪੱਕਾ ਕੁਮੈਂਟੇਟਰ ਬਣ ਗਿਆ। ਜਿਵੇਂ 1948 ਵਿਚ ਮਹਾਤਮਾਂ ਗਾਂਧੀ ਦੇ ਸਸਕਾਰ ਸਮੇਂ ਮੈਲਵਿਲ ਡੀਮੈਲੋ ਨੇ ਕੁਮੈਂਟਰੀ ਕੀਤੀ ਸੀ, ਉਵੇਂ 1964 ਵਿਚ ਪੰਡਿਤ ਨਹਿਰੂ ਦੇ ਸਸਕਾਰ ਸਮੇਂ ਜਸਦੇਵ ਸਿੰਘ ਨੇ ਕੁਮੈਂਟਰੀ ਕੀਤੀ। ਉਸ ਦੀ ਦਰਦ ਭਰੀ ਜਜ਼ਬਾਤੀ ਆਵਾਜ਼ ਨੇ ਲੱਖਾਂ ਲੋਕਾਂ ਦੀਆਂ ਅੱਖਾਂ ‘ਚ ਹੰਝੂ ਲਿਆ ਦਿੱਤੇ। ਫਿਰ ਉਸ ਨੂੰ 1964 ਦੀਆਂ ਓਲੰਪਿਕ ਖੇਡਾਂ, 1966 ਦੀਆਂ ਏਸ਼ੀਆਈ ਖੇਡਾਂ ਤੇ 1971 ਦੇ ਹਾਕੀ ਵਰਲਡ ਕੱਪ ਤੋਂ ਲੈ ਕੇ ਵਿਸ਼ਵ ਭਰ ਦੇ ਵੱਡੇ ਖੇਡ ਈਵੈਂਟ ਕਵਰ ਕਰਨ ਦੇ ਮੌਕੇ ਮਿਲਣ ਲੱਗ ਪਏ। ਚਾਰ ਚੁਫੇਰੇ ਜਸਦੇਵ-ਜਸਦੇਵ ਹੋਣ ਲੱਗੀ।
ਮੈਨੂੰ ਡਾ. ਹਰਿਭਜਨ ਸਿੰਘ ਦੀ ਗੱਲ ਯਾਦ ਆ ਗਈ ਹੈ। ਉਦੋਂ ਮੈਂ ਦਿੱਲੀ ਦੇ ਖਾਲਸਾ ਕਾਲਜ ਵਿਚ ਲੈਕਚਰਾਰ ਸਾਂ। ਪੰਜਾਬੀ ਦਾ ਕਵੀ ਹਰਿਭਜਨ ਸਿੰਘ ਉਥੇ ਹਿੰਦੀ ਵਿਭਾਗ ਦਾ ਮੁਖੀ ਸੀ। ਉਹ ਮੈਨੂੰ ‘ਜੱਟਾ’ ਕਹਿ ਕੇ ਬੁਲਾਉਂਦਾ ਸੀ। ‘ਆਰਸੀ’ ਵਿਚ ਖਿਡਾਰੀਆਂ ਬਾਰੇ ਮੇਰੇ ਛਪਦੇ ਲੇਖ ਪੜ੍ਹ ਕੇ ਤੇ ਕਾਲਜ ਦੀ ਅਥਲੈਟਿਕ ਮੀਟ ਉਤੇ ਕੁਮੈਂਟਰੀ ਸੁਣ ਕੇ ਇਕ ਦਿਨ ਕਹਿਣ ਲੱਗਾ, “ਜੱਟਾ, ਤੈਨੂੰ ਖੇਡਾਂ-ਖਿਡਾਰੀਆਂ ਬਾਰੇ ਗੱਲ ਕਰਨੀ ਆਉਂਦੀ ਐ। ਜੇ ਤੂੰ ਇਹੋ ਕੁਝ ਹਿੰਦੀ ‘ਚ ਲਿਖੇ/ਬੋਲੇਂ ਤਾਂ ਜਸਦੇਵ ਸਿੰਘ ਵਾਂਗ ਹਵਾਈ ਜਹਾਜਾਂ ‘ਤੇ ਚੜ੍ਹ ਸਕਦੈਂ। ਬੱਲੇ-ਬੱਲੇ ਕਰਵਾ ਸਕਦੈਂ। ਹੁਣ ਤੇਰੇ ਕੋਲ ਸਾਈਕਲ ਐ, ਫਿਰ ਕਾਰ ਸਵਾਰ ਬਣ ਸਕਦੈਂ।”
ਸਲਾਹ ਸਿਆਣੀ ਸੀ ਪਰ ਮੈਂ ਮੰਨੀ ਨਹੀਂ ਸੀ। ਮੈਂ ਆਪਣਾ ਘੋੜਾ ਪੰਜਾਬੀ ਵਿਚ ਹੀ ਦਬੱਲੀ ਰੱਖਿਆ। ਤਿੰਨ ਦਰਜਨ ਕਿਤਾਬਾਂ ਲਿਖੀਆਂ ਗਈਆਂ ਤੇ ਦੇਸ-ਪਰਦੇਸ ਦੇ ਕਬੱਡੀ ਮੇਲਿਆਂ ‘ਤੇ ਕੁਮੈਂਟਰੀ ਕਰਨ ਦੇ ਮੌਕੇ ਮਿਲਦੇ ਗਏ। ਹਿੰਦੀ ਦੀ ਥਾਂ ਪੰਜਾਬੀ ਵਿਚ ਹੀ ਲਿਖਦਿਆਂ/ਬੋਲਦਿਆਂ ਮੈਨੂੰ ਪੰਜਾਬੀ ਪਿਆਰਿਆਂ ਨੇ ਕਾਰਾਂ ਤੇ ਹਵਾਈ ਜਹਾਜਾਂ ‘ਤੇ ਚੜ੍ਹਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ, ਜਿਸ ਲਈ ਮੈਂ ਉਨ੍ਹਾਂ ਦਾ ਸ਼ੁਕਰਗੁਜ਼ਾਰ ਹਾਂ। ਕਬੱਡੀ ਦੀ ਕੁਮੈਂਟਰੀ ਦਾ ਗੁਰਦਾਸ ਮਾਨ ਕਿਹਾ ਜਾਂਦਾ ਪ੍ਰੋ.. ਮੱਖਣ ਸਿੰਘ ਖੁਦ ਜਸਦੇਵ ਸਿੰਘ ਦੀ ਕੁਮੈਂਟਰੀ ਤੋਂ ਪ੍ਰਭਾਵਿਤ ਹੋ ਕੇ ਕੁਮੈਂਟਰੀ ਕਰਨ ਲੱਗਾ ਸੀ ਜਿਸ ਦੀ ਰੀਸ ਫਿਰ ਦਰਜਨਾਂ ਕਬੱਡੀ ਕੁਮੈਂਟੇਟਰਾਂ ਨੇ ਕੀਤੀ।
ਜਸਦੇਵ ਸਿੰਘ ਕੇਵਲ ਮੈਚ ਹੀ ਨਹੀਂ ਸੀ ਵਿਖਾਉਂਦਾ, ਉਹ ਖੇਡ ਮੈਦਾਨ ਦਾ ਆਲਾ-ਦੁਆਲਾ, ਖੇਡ ਦੇ ਨਿਯਮ, ਸਟੇਡੀਅਮ ਦੀਆਂ ਬਾਹੀਆਂ ‘ਤੇ ਲਹਿਰਾਉਂਦੇ ਪਰਚਮ, ਖਿੜੀ ਹੋਈ ਧੁੱਪ, ਨੀਲਾ ਅੰਬਰ, ਖੇਡ ਮੈਦਾਨ ਦਾ ਹਰਾ ਭਰਾ ਘਾਹ-ਸਭ ਕੁਝ ਵਿਖਾਉਂਦਾ ਸੀ। ਉਹ ਆਪਣੀ ਕੁਮੈਂਟਰੀ ਵਿਚ ਦਰਸ਼ਕਾਂ ਦੀ ਰੌਣਕ, ਪੰਛੀਆਂ ਦੀ ਚਹਿਚਹਾਟ, ਤਾੜੀਆਂ ਦਾ ਸ਼ੋਰ ਤੇ ਟੀਮਾਂ ਦੇ ਹਮਾਇਤੀਆਂ ਦੀ ਹੱਲਾਸ਼ੇਰੀ ਵੀ ਭਰ ਦਿੰਦਾ ਸੀ। ਆਵਾਜ਼ ਦਾ ਉਤਰਾ, ਚੜ੍ਹਾ ਤੇ ਠਹਿਰਾ, ਗੋਲ ਹੋਣ ਉਤੇ ਆਵਾਜ਼ ਦੀ ਬੁਲੰਦੀ, ਮੈਚ ਜਿੱਤਣ ਵੇਲੇ ਦਾ ਜਲੌਅ ਤੇ ਹਾਰਨ ਵੇਲੇ ਦੀ ਨਮੋਸ਼ੀ ਨੂੰ ਬਿਆਨ ਕਰਨ ਅਤੇ ‘ਲੇਕਿਨ’ ਕਹਿਣ ਦਾ ਜਸਦੇਵ ਸਿੰਘੀ ਅੰਦਾਜ਼, ਅਜਿਹਾ ਕਲਾਤਮਕ ਸੀ, ਜੋ ਬਿਆਨੋ ਬਾਹਰ ਹੈ। ਕੁਮੈਂਟਰੀ ਦਾ ਉਹ ਬਾਦਸ਼ਾਹ ਹੀ ਨਹੀਂ, ਸ਼ਹਿਨਸ਼ਾਹ ਸੀ।
ਮੈਨੂੰ ਨਵੀਂ ਦਿੱਲੀ-1982 ਦੀਆਂ ਏਸ਼ੀਆਈ ਖੇਡਾਂ ਯਾਦ ਆ ਰਹੀਆਂ ਹਨ। ਜਿੱਦਣ ਭਾਰਤ ਤੇ ਪਾਕਿਸਤਾਨ ਵਿਚਾਲੇ ਹਾਕੀ ਦਾ ਫਾਈਨਲ ਮੈਚ ਹੋਇਆ, ਸਾਰੀ ਦਿੱਲੀ ਥਾਂਏਂ ਖੜ੍ਹ ਗਈ ਸੀ। ਲੋਕ ਟੈਲੀਵਿਜ਼ਨਾਂ ਮੂਹਰੇ ਬੈਠੇ ਸਨ ਜਾਂ ਰੇਡੀਓ ਤੇ ਟਰਾਂਜ਼ੀਸਟਰਾਂ ਸਿਰਹਾਣੇ। ਭਾਰਤੀ ਟੀਮ ਦਾ ਕੋਚ-ਮੈਨੇਜਰ ਬਲਬੀਰ ਸਿੰਘ ਹਿੱਕ ਥਾਪੜ ਕੇ ਕਹਿ ਚੁਕਾ ਸੀ, ਐਤਕੀਂ ਗੋਲਡ ਮੈਡਲ ਸਾਡਾ ਹੈ। ਦੂਜੇ ਪਾਸੇ ਪਾਕਿਸਤਾਨੀ ਵੀ ਉਡਣੇ ਬਾਜ਼ ਸਨ। ਮੈਚ ਸ਼ੁਰੂ ਹੋਣ ਤੋਂ ਘੰਟਾ ਪਹਿਲਾਂ ਹੀ ਨੈਸ਼ਨਲ ਸਟੇਡੀਅਮ ਕੰਢਿਆਂ ਤਕ ਭਰ ਗਿਆ ਸੀ। ਫਿਲਮੀ ਹੀਰੋ ਅਮਿਤਾਭ ਬੱਚਨ ਦਰਸ਼ਕਾਂ ਦਾ ਧਿਆਨ ਬਦੋਬਦੀ ਖਿੱਚ ਰਿਹਾ ਸੀ। ਪ੍ਰੈਸ ਬਾਕਸ ਵਿਚ ਮੇਰੀ ਸੀਟ ਕੁਮੈਂਟੇਟਰ ਜਸਦੇਵ ਸਿੰਘ ਦੇ ਪਿੱਛੇ ਸੀ। ਜਸਦੇਵ ਸਿੰਘ ਪਾਣੀ ਦਾ ਗਿਲਾਸ ਮੰਗ ਰਿਹਾ ਸੀ ਪਰ ਏਨੀ ਭੀੜ ‘ਚ ਪਾਣੀ ਕਿਤੋਂ ਮਿਲ ਨਹੀਂ ਸੀ ਰਿਹਾ। ਪੌਣੇ ਤਿੰਨ ਵਜੇ ਸਭ ਗੇਟ ਬੰਦ ਹੋ ਗਏ ਸਨ। ਅੰਦਰ ਦੇ ਅੰਦਰ ਤੇ ਬਾਹਰ ਦੇ ਬਾਹਰ ਰੋਕ ਦਿੱਤੇ ਗਏ।
ਜਸਦੇਵ ਸਿੰਘ ਨੂੰ ਹਾਲਾਂ ਤਕ ਖਿਡਾਰੀਆਂ ਦੇ ਨਾਂਵਾਂ ਦੀ ਸੂਚੀ ਨਹੀਂ ਸੀ ਮਿਲੀ ਤੇ ਉਹ ਪ੍ਰਬੰਧਕਾਂ ਨੂੰ ਕੋਸ ਰਿਹਾ ਸੀ। ਫਿਰ ਉਹ ਪਾਕਿਸਤਾਨ ਦੇ ਕੁਮੈਂਟੇਟਰ ਇਸਲਾਹੁਦੀਨ ਕੋਲ ਗਿਆ ਤੇ ਉਹਦੇ ਕੋਲੋਂ ਖਿਡਾਰੀਆਂ ਦੀ ਸੂਚੀ ਲੈ ਕੇ ਆਇਆ। ਇਸਲਾਹੁਦੀਨ ਅੱਡ ਖਫਾ ਹੋਇਆ ਬੈਠਾ ਸੀ। ਉਹਦੀ ‘ਹੈਲੋ-ਹੈਲੋ’ ਦਾ ਰੇਡੀਓ ਪਾਕਿਸਤਾਨ ਵੱਲੋਂ ਕੋਈ ਜਵਾਬ ਨਹੀਂ ਸੀ ਆ ਰਿਹਾ ਤੇ ਉਹ ਮੱਥੇ ‘ਤੇ ਹੱਥ ਮਾਰਦਾ ਭਾਰਤੀ ਟੈਕਨੀਸ਼ਨਾਂ ਵੱਲ ਲਾਲ-ਪੀਲੀਆਂ ਅੱਖਾਂ ਕੱਢ ਰਿਹਾ ਸੀ। ਉਧਰ ਸਟੈਂਡਾਂ ਉਤੇ ਦਰਸ਼ਕਾਂ ਦੀ ਹਾਤ-ਹੂਤ ਦਾ ਏਨਾ ਸ਼ੋਰ ਸੀ ਜਿਵੇਂ ਸਟੇਡੀਅਮ ‘ਚ ਭੁਚਾਲ ਆ ਗਿਆ ਹੋਵੇ। ਜਸਦੇਵ ਸਿੰਘ ਨਾਲ ਦੀ ਨਾਲ ਦਰਸ਼ਕਾਂ ਦੇ ਰਉਂ ਦਾ ਨਜ਼ਾਰਾ ਪੇਸ਼ ਕਰੀ ਜਾ ਰਿਹਾ ਸੀ। ਉਧਰ ਸੰਚਾਲਨ ਕਮੇਟੀ ਦੇ ਪ੍ਰਧਾਨ ਬੂਟਾ ਸਿੰਘ ਨੇ ਦਰਸ਼ਕਾਂ ਨੂੰ ਤਿਰੰਗੀਆਂ ਝੰਡੀਆਂ ਨਾਲ ਲੈਸ ਕਰਵਾ ਦਿੱਤਾ ਸੀ।
ਮੈਚ ਸ਼ੁਰੂ ਹੋਇਆ ਤਾਂ ਸਾਰਾ ਸਟੇਡੀਅਮ ਤਿਰੰਗੇ ਰੰਗ ਵਿਚ ਰੰਗਿਆ ਗਿਆ। ਜਦੋਂ ਭਾਰਤੀ ਖਿਡਾਰੀ ਗੇਂਦ ਲੈ ਕੇ ਅੱਗੇ ਵਧਦੇ ਤਾਂ ਸ਼ੋਰ ਦੀਆਂ ਲਹਿਰਾਂ ਅਕਾਸ਼ੀਂ ਜਾ ਚੜ੍ਹਦੀਆਂ। ਚੌਥੇ ਮਿੰਟ ‘ਚ ਹੀ ਭਾਰਤੀ ਟੀਮ ਦੇ ਕਪਤਾਨ ਜ਼ਫਰ ਇਕਬਾਲ ਨੇ ਗੋਲ ਕੀਤਾ ਤਾਂ ਹਜ਼ਾਰਾਂ ਕਿਲਕਾਰੀਆਂ ਵੱਜੀਆਂ। ਪਰ 17ਵੇਂ ਮਿੰਟ ‘ਚ ਜਦੋਂ ਕਲੀਮਉੱਲਾ ਨੇ ਡਾਜ ਮਾਰ ਕੇ ਗੋਲ ਲਾਹਿਆ ਤਾਂ ਪੌੜੀਆਂ ਉਤਲਾ ਸ਼ੋਰਗੁਲ ਵੀ ਸੌਂ ਗਿਆ ਤੇ ਭਾਰਤੀ ਟੀਮ ਦੀ ਵੀ ਜਿਵੇਂ ਫੂਕ ਨਿਕਲ ਗਈ। 19ਵੇਂ ਮਿੰਟ ‘ਚ ਪਾਕਿਸਤਾਨੀ ਟੀਮ ਨੇ ਇਕ ਹੋਰ ਗੋਲ ਕੀਤਾ ਤਾਂ ਜਾਣੋ ਦਰਸ਼ਕਾਂ ਦੇ ਮਾਪੇ ਹੀ ਮਰ ਗਏ ਤੇ ਤਿਰੰਗੀਆਂ ਝੰਡੀਆਂ ਬੁੱਕਲਾਂ ‘ਚ ਲੁਕੋ ਲਈਆਂ ਗਈਆਂ। ਜਸਦੇਵ ਸਿੰਘ ਨੇ ਧੌਣ ਪਿੱਛੇ ਘੁਮਾ ਕੇ ਸਾਨੂੰ ਕਿਹਾ, “ਮੈਂ ਸਰਦਾਰ ਬੂਟਾ ਸਿੰਘ ਨੂੰ ਪਹਿਲਾਂ ਈ ਆਖਿਆ ਸੀ ਕਿ ਆਪਾਂ ਹੋਸਟ ਆਂ ਤੇ ਆਪਾਂ ਨੂੰ ਝੰਡੀਆਂ ਵੰਡਣਾ ਸ਼ੋਭਾ ਨਹੀਂ ਦਿੰਦਾ।” ਉਸ ਨੇ ਇਹ ਵੀ ਕਿਹਾ, “ਆਮ ਵੇਖਿਆ ਗਿਐ ਕਿ ਜਦੋਂ ਭਾਰਤ ਪਾਕਿਸਤਾਨ ਸਿਰ ਪਹਿਲਾ ਗੋਲ ਕਰੇ ਤਾਂ ਅਕਸਰ ਹਾਰਦੈ।”
ਜਿਵੇਂ-ਜਿਵੇਂ ਮੈਚ ਅੱਗੇ ਵਧਿਆ ਪਾਕਿਸਤਾਨੀ ਖਿਡਾਰੀ ਹੋਰ ਚੜ੍ਹਦੇ ਗਏ। ਉਨ੍ਹਾਂ ਨੇ ਉਪਰੋਥਲੀ ਸੱਤ ਗੋਲ ਕੀਤੇ ਤੇ ਭਾਰਤੀ ਟੀਮ ਨੂੰ ਉਹਦੇ ਹੀ ਘਰ ਉਹਦੇ ਹਮਾਇਤੀਆਂ ਸਾਹਮਣੇ ਏਨੀ ਸ਼ਰਮਨਾਕ ਹਾਰ ਦਿੱਤੀ ਜਿਸ ਨੂੰ ਭਾਰਤੀ ਖਿਡਾਰੀ ਡਰਾਉਣੇ ਸੁਫਨੇ ਵਾਂਗ ਕਦੇ ਵੀ ਨਹੀਂ ਭੁੱਲ ਸਕਣਗੇ। ਉੱਦਣ ਜਸਦੇਵ ਸਿੰਘ ਨੂੰ ਮੈਂ ਡਾਢਾ ਉਦਾਸ ਵੇਖਿਆ।
ਮੇਰੀ ਬਦਕਿਸਮਤੀ ਹੈ ਕਿ ਉਸ ਤੋਂ ਬਾਅਦ ਮੈਂ ਜਸਦੇਵ ਸਿੰਘ ਦੇ ਦਰਸ਼ਨ ਨਹੀਂ ਕਰ ਸਕਿਆ। ਉਸ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਭਾਰਤ ਦੇ ਰਾਸ਼ਟਰਪਤੀ ਨੇ 1985 ਵਿਚ ਪਦਮ ਸ੍ਰੀ ਤੇ 2008 ਵਿਚ ਪਦਮ ਭੂਸ਼ਨ ਪੁਰਸਕਾਰ ਦਿੱਤੇ। 1988 ਵਿਚ ਸਿਓਲ ਉਲੰਪਿਕਸ ਉਤੇ ਇੰਟਰਨੈਸ਼ਨਲ ਉਲੰਪਿਕ ਕਮੇਟੀ ਦੇ ਪ੍ਰਧਾਨ ਜੁਆਂ ਐਨਟਾਰੀਓ ਸਮਾਰੰਚ ਨੇ ਉਲੰਪਿਕ ਆਰਡਰ ਨਾਲ ਜਸਦੇਵ ਸਿੰਘ ਨੂੰ ਸਨਮਾਨਿਤ ਕੀਤਾ।
ਪਿਛਲੇ ਕੁਝ ਸਮੇਂ ਤੋਂ ਉਹ ਭੁੱਲਣਰੋਗ ਦਾ ਸ਼ਿਕਾਰ ਹੋ ਗਿਆ ਸੀ ਤੇ ਪਰਕਿਨਸਨ ਦਾ ਮਰੀਜ਼ ਵੀ। ਉਹਦੇ ਹੱਥ ਕੰਬਣ ਲੱਗ ਪਏ ਸਨ। ਉਸ ਨੇ ਚੁਰਾਸੀ ਕੱਟ ਲਈ ਸੀ ਤੇ 87ਵੇਂ ਸਾਲ ਵਿਚ ਵਿਚਰ ਰਿਹਾ ਸੀ। ਉਹ ‘ਲਿਵਿੰਗ ਲੀਜ਼ੈਂਡ’ ਸੀ। 25 ਸਤੰਬਰ 2018 ਨੂੰ ਦਿੱਲੀ ਵਿਚ ਉਸ ਨੇ ਜੀਵਨ ਦਾ ਆਖਰੀ ਸਾਹ ਲਿਆ ਅਤੇ ਪਤਨੀ, ਪੁੱਤਰ, ਧੀ ਦੇ ਭਰੇ ਪਰਿਵਾਰ ਅਤੇ ਆਪਣੇ ਲੱਖਾਂ-ਕਰੋੜਾਂ ਪ੍ਰਸ਼ੰਸਕਾਂ ਨੂੰ ਅਲਵਿਦਾ ਕਹਿ ਗਿਆ। ਉਹਦੀਆਂ ਗੱਲਾਂ ਦੇਰ ਤਕ ਹੁੰਦੀਆਂ ਰਹਿਣਗੀਆਂ। ਅਜਿਹੇ ਵਿਅਕਤੀ ਨਿੱਤ-ਨਿੱਤ ਨਹੀਂ ਜੰਮਦੇ।