ਪਾਕਿਸਤਾਨ ਵਿਚਲੇ ਗੁਰਧਾਮ ਅਤੇ ਜਨਰਲ ਜ਼ਿਆ-ਉਲ-ਹੱਕ

ਪੱਤਰਕਾਰ ਹਰਬੀਰ ਸਿੰਘ ਭੰਵਰ ਨੇ ਆਪਣੀ ਇਸ ਲਿਖਤ ਵਿਚ ਪਾਕਿਸਤਾਨ ਦੇ ਤਤਕਾਲੀ ਸਦਰ ਜਨਰਲ ਜ਼ਿਆ-ਉਲ-ਹੱਕ ਨਾਲ ਮੁਲਾਕਾਤ ਅਤੇ ਗੁਰਧਾਮਾਂ ਦੀ ਯਾਤਰਾ ਬਾਰੇ ਵੇਰਵੇ ਪਰੋਏ ਹਨ। ਇਸ ਵਿਚ ਕਰੀਬ ਚਾਰ ਦਹਾਕੇ ਪਹਿਲਾਂ ਵਾਲਾ ਵਕਤ ਝਾਤੀਆਂ ਮਾਰਦਾ ਹੈ। ਇਸ ਵਿਚ ਦੋਹਾਂ ਮੁਲਕਾਂ ਅਤੇ ਪਾਕਿਸਤਾਨੀ ਸਰਕਾਰ ਦੇ ਸਿੱਖਾਂ ਨਾਲ ਰਿਸ਼ਤਿਆਂ ਦੀਆਂ ਗੱਲਾਂ ਹਨ ਜੋ ਇੰਨਾ ਵਕਤ ਬੀਤ ਜਾਣ ਦੇ ਬਾਵਜੂਦ ਅਜੇ ਕੱਲ ਦੀਆਂ ਗੱਲਾਂ ਲਗਦੀਆਂ ਹਨ।

-ਸੰਪਾਦਕ

ਹਰਬੀਰ ਸਿੰਘ ਭੰਵਰ

ਨਵੰਬਰ 1981 ਦੇ ਪਹਿਲੇ ਹਫਤੇ ਦੀ ਗੱਲ ਹੈ, ਅਸੀਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਸਮੇਂ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਲਈ ਗਏ ਹੋਏ ਸੀ। ਪਾਕਿਸਤਾਨ ਦੇ ਅਧਿਕਾਰੀਆਂ ਵਲੋਂ ਵਾਘਾ ਰੇਲਵੇ ਸਟੇਸ਼ਨ ‘ਤੇ ਹੋਏ ਪੁਰਜੋਸ਼ ਸਵਾਗਤ ਤੋਂ ਵਿਹਲੇ ਹੋਏ ਤਾਂ ਜਥੇ ਦੇ ਲੀਡਰ ਪ੍ਰਕਾਸ਼ ਸਿੰਘ ਮਜੀਠਾ ਐਮ. ਐਲ਼ ਏ. ਨੇ ਮੈਨੂੰ ਅਤੇ ਪੱਤਰਕਾਰ ਦਲਬੀਰ ਸਿੰਘ ਨੂੰ ਦੱਸਿਆ, “ਪਾਕਿਸਤਾਨ ਦੇ ਸਦਰ ਜਨਰਲ ਜ਼ਿਆ ਨੇ ਉਨ੍ਹਾਂ ਨਾਲ 16 ਨਵੰਬਰ ਨੂੰ ਇਸਲਾਮਾਬਾਦ ਵਿਖੇ ਮਿਲਣ ਦੀ ਇੱਛਾ ਪ੍ਰਗਟ ਕੀਤੀ ਹੈ, ਤੁਸੀਂ ਦੋਵੇਂ ਮੇਰੇ ਨਾਲ ਚਲੋਗੇ। ਬਾਕੀ ਦੇ ਮੈਂਬਰ ਮੈਂ ਆਪਣੇ ਡਿਪਟੀ ਲੀਡਰ ਦੀ ਸਲਾਹ ਮਸ਼ਵਰੇ ਨਾਲ ਚੁਣਾਂਗਾ।”
ਇਹ ਜਨਰਲ ਜ਼ਿਆ ਸਨ ਜਿਨ੍ਹਾਂ ਸਿੱਖਾਂ ਨਾਲ ਸਬੰਧ ਖੁਸ਼ਗਵਾਰ ਬਣਾਉਣ ਲਈ ਪਾਕਿਸਤਾਨ ਦੇ ਇਤਿਹਾਸਕ ਗੁਰਧਾਮਾਂ ਦੀ ਯਾਤਰਾ ਲਈ ਅਨੇਕਾਂ ਸਹੂਲਤਾਂ ਦਿੱਤੀਆਂ। ਕਈ ਗੁਰਧਾਮ ਦਰਸ਼ਨਾਂ ਲਈ ਖੋਲ੍ਹੇ ਅਤੇ ਯਾਤਰੀ ਜਥਿਆਂ ਦੀ ਗਿਣਤੀ ਵਧਾਈ। ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਸਮੇਂ ਕੇਵਲ ਨਨਕਾਣਾ ਸਾਹਿਬ, ਵਿਸਾਖੀ ਸਮੇਂ ਪੰਜਾ ਸਾਹਿਬ ਤੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਮੇਂ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ ਦੀ ਯਾਤਰੀ ਲਈ ਕੇਵਲ 5-5 ਦਿਨ ਲਈ ਜਾ ਸਕਦੇ ਸਨ। ਜਨਰਲ ਜ਼ਿਆ ਨੇ ਹਰ ਯਾਤਰਾ ਸਮੇਂ ਸਾਰੇ ਗੁਰਧਾਮਾਂ ਦੀ ਯਾਤਰਾ ਲਈ ਆਗਿਆ ਦੇ ਨਾਲ ਗੁਰਦੁਆਰਾ ਸੱਚਾ ਸੌਦਾ ਤੇ ਏਮਨਾਬਾਦ ਦੇ ਗੁਰਦੁਆਰੇ ਦਰਸ਼ਨਾਂ ਲਈ ਖੋਲ੍ਹਣ ਦੀ ਮਨਜ਼ੂਰੀ ਦਿੱਤੀ। ਬੱਸਾਂ ‘ਤੇ ਜਾਣ ਦੀ ਥਾਂ ਪਾਕਿਸਤਾਨ ਰੇਲਵੇ ਦੀਆਂ ਵਿਸ਼ੇਸ਼ ਗੱਡੀਆਂ ਅੰਮ੍ਰਿਤਸਰ ਭੇਜੀਆਂ ਜਾਣ ਲੱਗੀਆਂ। ਇਹ ਵੀ ਜਨਰਲ ਜ਼ਿਆ ਸਨ, ਜਿਨ੍ਹਾਂ ਸੂਹੀਆ ਏਜੰਸੀ ਆਈ. ਐਸ਼ ਆਈ. ਦਾ ਵਿਸਥਾਰ ਕੀਤਾ, ਜੋ ਭਾਰਤ ਵਿਰੋਧੀ ਕਾਰਵਾਈਆਂ ਲਈ ਜਾਣੀ ਜਾਂਦੀ ਹੈ।
ਮਿਥੇ ਪ੍ਰੋਗਰਾਮ ਅਨੁਸਾਰ ਸਿੱਖ ਯਾਤਰੀਆਂ ਦੇ ਇਸ ਜਥੇ ਨੇ ਸ੍ਰੀ ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਗੁਰਪੁਰਬ ਮਨਾਇਆ। 13 ਨਵੰਬਰ ਸ਼ਾਮ ਨੂੰ ਚਲ ਕੇ ਅਗਲੀ ਸਵੇਰ ਸ੍ਰੀ ਪੰਜਾ ਸਾਹਿਬ (ਹਸਨ ਅਬਦਾਲ) ਪਹੁੰਚੇ। 15 ਨਵੰਬਰ ਰਾਤ ਨੂੰ ਇਹ ਜਥਾ ਤਿੰਨ ਵਿਸ਼ੇਸ਼ ਗੱਡੀਆਂ ਰਾਹੀਂ ਲਾਹੌਰ ਰਵਾਨਾ ਹੋ ਗਿਆ ਅਤੇ ਡੈਲੀਗੇਸ਼ਨ ਦੇ 14 ਮੈਂਬਰ ਗੁਰਦੁਆਰਾ ਪੰਜਾ ਸਾਹਿਬ ਹੀ ਰਹੇ। ਰਾਤ ਨੂੰ ਮਜੀਠਾ ਸਾਹਿਬ ਨੇ ਉਨ੍ਹਾਂ ਨਾਲ ਮੀਟਿੰਗ ਕਰਕੇ ਅਗਲੇ ਦਿਨ ਸਦਰ ਜ਼ਿਆ ਨਾਲ ਗੱਲਬਾਤ ਦੌਰਾਨ ਗੁਰਦੁਆਰਾ ਸਾਹਿਬਾਨ ਦੇ ਖੁੱਲ੍ਹੇ ਦਰਸ਼ਨ ਦੀਦਾਰੇ, ਸੇਵਾ ਸੰਭਾਲ ਅਤੇ ਯਾਤਰੂਆਂ ਲਈ ਹੋਰ ਸਹੂਲਤਾਂ ਦੇਣ ਬਾਰੇ ਖੁੱਲ੍ਹਾ ਵਿਚਾਰ-ਵਟਾਂਦਰਾ ਕੀਤਾ।
ਅਗਲੀ ਸਵੇਰ 9:45 ਵਜੇ ਅਸੀਂ ਵਕਫ ਬੋਰਡ ਦੇ ਅਧਿਕਾਰੀਆਂ ਨਾਲ ਏਅਰ ਕੰਡੀਸ਼ਨਡ ਡੀਲਕਸ ਮਿੰਨੀ ਬੱਸ ਰਾਹੀਂ ਇਸਲਾਮਾਬਾਦ ਲਈ ਰਵਾਨਾ ਹੋਏ। ਰਸਤੇ ਵਿਚ ਕੁਝ ਸਮੇਂ ਲਈ ਟੈਕਸਲਾ ਵਿਖੇ ਮਿਊਜੀਅਮ, ਜਿਥੇ ਪੁਰਾਤਨ ਸਭਿਅਤਾ ਬਾਰੇ ਮਿਲੀਆਂ ਅਦਭੁਤ ਵਸਤੂਆਂ ਸਾਂਭੀਆਂ ਹੋਈਆਂ ਹਨ, ਵੇਖਿਆ। ਇਸ ਦੇ ਕਸਟੋਡੀਅਨ ਚੌਧਰੀ ਗੁਲਜ਼ਾਰ ਮੁਹੰਮਦ ਨੇ ਟੈਕਸਲਾ ਵਾਦੀ ਦੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦਿੱਤੀ।
ਇਸਲਾਮਾਬਾਦ ਪਹੁੰਚਣ ‘ਤੇ ਵਕਫ ਬੋਰਡ ਵਲੋਂ ਪੰਜ ਤਾਰਾ ਹੋਟਲ ‘ਹਾਲੀਡੇ ਇਨ’ ਵਿਚ ਖਾਣਾ ਖੁਆਇਆ ਗਿਆ। ਉਪਰੰਤ ਪਾਕਿਸਤਾਨ ਸਰਕਾਰ ਦੀ ਧਾਰਮਿਕ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਵਜ਼ਾਰਤ ਦੇ ਹੈਡਕੁਆਰਟਰ ਗਏ। ਇਥੇ ਸ਼ ਮਜੀਠਾ ਅਤੇ ਡਿਪਟੀ ਲੀਡਰ ਸ਼ ਕਾਬਲ ਸਿੰਘ ਨੇ ਇਸ ਵਜ਼ਾਰਤ ਦੇ ਸੈਕਟਰੀ ਅਤੇ ਵਕਫ ਬੋਰਡ ਦੇ ਚੇਅਰਮੈਨ ਨਾਲ ਸ੍ਰੀ ਨਨਕਾਣਾ ਸਾਹਿਬ ਵਿਖੇ ਰਿਹਾਇਸ਼ ਤੇ ਲੰਗਰ ਦੇ ਪ੍ਰਬੰਧ, ਪਵਿਤਰ ਸਰੋਵਰ ਵਿਚ ਸੰਗਲ ਲਾਉਣ ਅਤੇ ਰਸਤਾ ਦਰਸ਼ਨੀ ਡਿਉੜੀ ਵਲ ਕਰਨ, ਫਲੱਸ਼ ਦਾ ਪ੍ਰਬੰਧ ਕਰਨ, ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਵੀ ਹੋਰ ਰਿਹਾਇਸ਼, ਗੁਸਲਖਾਨੇ, ਫਲੱਸ਼ ਆਦਿ ਦਾ ਪ੍ਰਬੰਧ ਕਰਨ ਬਾਰੇ ਸੁਝਾਓ ਦਿੱਤੇ, ਜੋ ਉਨ੍ਹਾਂ ਨੇ ਤੁਰੰਤ ਮੰਨ ਲਏ। ਸ਼ ਮਜੀਠਾ ਅਤੇ ਸ਼ ਕਾਬਲ ਸਿੰਘ ਨੇ ਸ੍ਰੀ ਪੰਜਾ ਸਾਹਿਬ ਦੇ ਸਾਕੇ ਵਾਲੀ ਥਾਂ, ਰੇਲਵੇ ਲਾਈਨ ਲਾਗੇ ਨਿਸ਼ਾਨਦੇਹੀ ਕਰਕੇ ਸ਼ਹੀਦੀ ਸਾਕੇ ਦੇ ਇਤਿਹਾਸ ਬਾਰੇ ਬੋਰਡ ਲਾਉਣ ਲਈ ਕਿਹਾ, ਜੋ ਉਨ੍ਹਾਂ ਪ੍ਰਵਾਨ ਕਰਦਿਆਂ ਬੇਨਤੀ ਕੀਤੀ, “ਇਹ ਬੋਰਡ ਪੰਜਾਬੀ ਅਤੇ ਉਰਦੂ ਵਿਚ ਲਿਖਵਾ ਕੇ ਤੁਸੀਂ ਹਿੰਦੁਸਤਾਨ ਤੋਂ ਭਿਜਵਾ ਦਿਉ, ਅਸੀਂ ਠੀਕ ਥਾਂ ‘ਤੇ ਲਗਵਾ ਦਿਆਂਗੇ।” ਕੁਝ ਹੋਰ ਸੁਝਾਉ ਵੀ ਦਿੱਤੇ ਗਏ, ਜੋ ਉਨ੍ਹਾਂ ਪ੍ਰਵਾਨ ਕਰ ਲਏ। ਇਥੇ ਹੀ ਸ਼ ਮਜੀਠਾ ਅਤੇ ਡੈਲੀਗੇਸ਼ਨ ਦੇ ਬਾਕੀ ਮੈਂਬਰਾਂ ਨੂੰ ਸਦਰ ਜ਼ਿਆ ਵਲੋਂ ਤੋਹਫੇ ਦਿੱਤੇ ਗਏ।
ਇਹ ਡੈਲੀਗੇਸ਼ਨ ਦੋ ਵਜੇ ਦਸ ਵਿਸ਼ੇਸ਼ ਕਾਰਾਂ ਰਾਹੀਂ ਰਾਵਲਪਿੰਡ ਰਵਾਨਾ ਹੋਇਆ, ਜਿਥੇ 2:30 ਵਜੇ ਸਦਰ ਨਾਲ ਮੁਲਾਕਾਤ ਸੀ। ਅਸੀਂ ਸਮੇਂ ਸਿਰ ਪੁੱਜ ਗਏ। ਪ੍ਰੈਜੀਡੈਂਟ ਹਾਊਸ ਦੇ ਲਾਅਨ ਵਿਚ ਪਹਿਲਾਂ ਹੀ ਕੁਰਸੀਆਂ ਆਦਿ ਲਾਈਆਂ ਹੋਈਆਂ ਸਨ। ਪਾਕਿਸਤਾਨ ਵਿਚ ਭਾਰਤੀ ਸਫੀਰ ਨਟਵਰ ਸਿੰਘ ਅਤੇ ਇਧਰੋਂ ਜਥੇ ਨਾਲ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਜੁਆਇੰਟ ਸਕੱਤਰ ਪਹਿਲਾਂ ਹੀ ਮੌਜੂਦ ਸਨ। ਹਾਲੇ ਜਾ ਕੇ ਬੈਠੇ ਹੀ ਸਾਂ ਕਿ ਸਦਰ ਜ਼ਿਆ ਨਿਹਾਇਤ ਹੀ ਸਾਦਾ ਲਿਬਾਸ ਵਿਚ ਆਏ ਅਤੇ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ, “ਆਦਾਬ ਅਰਜ਼ ਸਰਦਾਰ ਸਾਹਿਬ।” ਉਨ੍ਹਾਂ ਸਭ ਨਾਲ ਵਾਰੀ ਵਾਰੀ ਹੱਥ ਮਿਲਾਇਆ। ਡੈਲੀਗੇਸ਼ਨ ਦੇ ਲੀਡਰ ਸ਼ ਮਜੀਠਾ ਨੇ ਸਭ ਮੈਂਬਰਾਂ ਨਾਲ ਉਨ੍ਹਾਂ ਦਾ ਤੁਆਰਫ ਕਰਾਇਆ। ਸਦਰ ਦੇ ਨਾਲ ਪਾਕਿਸਤਾਨ ਦੇ ਧਾਰਮਿਕ ਅਤੇ ਘੱਟ ਗਿਣਤੀ ਮਾਮਲਿਆਂ ਦੇ ਵਜ਼ੀਰ ਨਵਾਬ ਮੁਹੰਮਦ ਅਬਾਸ ਅਬਾਸੀ ਅਤੇ ਵਕਫ ਬੋਰਡ ਦੇ ਚੇਅਰਮੈਨ ਤੇ ਕੁਝ ਸੀਨੀਅਰ ਅਧਿਕਾਰੀ ਸਨ। ਇਸ ਪਿੱਛੋਂ ਸਦਰ ਜ਼ਿਆ ਸ਼ ਮਜੀਠਾ ਸਮੇਤ ਬਾਕੀ ਮੈਂਬਰਾਂ ਨਾਲ ਬੈਠ ਕੇ ਗੱਲਾਂ ਕਰਨ ਲੱਗੇ। ਸਦਰ ਦੇ ਦੂਜੇ ਪਾਸੇ ਡਿਪਟੀ ਲੀਡਰ ਸ਼ ਕਾਬਲ ਸਿੰਘ ਸਨ। ਸਦਰ ਜ਼ਿਆ ਠੇਠ ਪੰਜਾਬੀ ਵਿਚ ਗੱਲਬਾਤ ਕਰ ਰਹੇ ਸਨ।
ਸ਼ ਮਜੀਠਾ ਨੇ ਪਾਕਿਸਤਾਨ ਸਰਕਾਰ, ਲੋਕਾਂ ਅਤੇ ਸਾਰੇ ਅਧਿਕਾਰੀਆਂ ਵਲੋਂ ਜਥੇ ਨੂੰ ਦਿੱਤੇ ਨਿੱਘੇ ਸਵਾਗਤ, ਸਤਿਕਾਰ, ਪਿਆਰ ਅਤੇ ਹਰ ਤਰ੍ਹਾਂ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਸਦਰ ਨੂੰ ਕਿਹਾ, “ਤੁਸੀਂ ਸਿੰਘਾਂ ਨੂੰ ਗੁਰਦੁਆਰਿਆਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਆਗਿਆ ਦੇ ਕੇ ਬੜਾ ਹੀ ਨੇਕ ਕੰਮ ਕੀਤਾ ਹੈ। ਹੁਣ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ, ਵਿਸ਼ੇਸ਼ ਕਰ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਅਤੇ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਲਈ ਪੰਜ ਪੰਜ ਸੇਵਾਦਾਰ ਭੇਜਣ ਦੀ ਆਗਿਆ ਦਿਉ।” ਸਦਰ ਨੇ ਪਹਿਲਾਂ ਤਾਂ ਕਿਹਾ ਕਿ ਪਾਕਿਸਤਾਨ ਵਿਚ ਰਹਿ ਰਹੇ ਕਬਾਇਲੀ ਸਿੱਖਾਂ ਨੂੰ ਲੋੜੀਂਦੀ ਟ੍ਰੇਨਿੰਗ ਦਿਉ, ਪਰ ਜਦੋਂ ਸ਼ ਮਜੀਠਾ ਨੇ ਕਿਹਾ, “ਮੈਂ ਵੀ ਸਿੱਖ ਹਾਂ, ਪਰ ਗੁਰਮਤਿ ਮਰਿਆਦਾ ਅਨੁਸਾਰ ਸੇਵਾ ਸੰਭਾਲ ਨਹੀਂ ਕਰ ਸਕਦਾ”, ਤਾਂ ਉਨ੍ਹਾਂ ਪਰਵਾਨਗੀ ਦਿੰਦਿਆਂ ਕਿਹਾ, “ਮੈਂ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਹਾਂ।”
ਗੱਲ ਜਾਰੀ ਰੱਖਦਿਆਂ ਸ਼ ਮਜੀਠਾ ਅਤੇ ਸ਼ ਕਾਬਲ ਸਿੰਘ ਨੇ ਚੂਹੜਕਾਨਾ ਵਿਖੇ ਗੁਰਦੁਆਰਾ ਸੱਚਾ ਸੌਦਾ ਵੀ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹਣ ਦੀ ਮੰਗ ਕੀਤੀ। ਸਦਰ ਨੇ ਆਪਣੇ ਅਧਿਕਾਰੀਆਂ ਤੋਂ ਪੁਛਿਆ, “ਜੀ ਹਾਂ, ਯਾਤਰੀ ਨਨਕਾਣਾ ਸਾਹਿਬ ਤੋਂ ਸੱਚਾ ਸੌਦਾ ਦੇ ਦਰਸ਼ਨ ਕਰਕੇ ਫਿਰ ਉਸੇ ਸ਼ਾਮ ਹੀ ਨਨਕਾਣਾ ਸਾਹਿਬ ਵਾਪਸ ਜਾ ਸਕਦੇ ਹਨ।” ਸਦਰ ਜ਼ਿਆ ਨੇ ਇਸ ਦੀ ਵੀ ਮਨਜ਼ੂਰੀ ਦੇ ਦਿੱਤੀ।
ਇਸ ਪਿੱਛੋਂ ਸ਼ ਮਜੀਠਾ ਅਤੇ ਸ਼ ਕਾਬਲ ਸਿੰਘ ਨੇ ਸਦਰ ਨੂੰ ਦੱਸਿਆ ਕਿ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਨਾਂ ਬਹੁਤ ਜਮੀਨ ਅਤੇ ਹੋਰ ਜਾਇਦਾਦ ਹੈ, ਜਿਸ ਦਾ ਠੇਕਾ ਜਾਂ ਕਿਰਾਇਆ ਆਦਿ ਨਾਂ-ਮਾਤਰ ਹੀ ਹੈ। ਸ੍ਰੀ ਨਨਕਾਣਾ ਸਾਹਿਬ ਵਿਖੇ ਜਮੀਨ ਦਾ ਸਾਲਾਨਾ ਠੇਕਾ 500 ਤੋਂ 600 ਰੁਪਏ ਪ੍ਰਤੀ ਏਕੜ ਹੈ, ਸ਼ਹਿਰੀ ਜਮੀਨ ਤਾਂ ਤਿੰਨ ਚਾਰ ਹਜ਼ਾਰ ਰੁਪਏ ਤੱਕ ਹੈ, ਪਰ ਉਥੇ ਗੁਰਧਾਮਾਂ ਦੀ ਜਮੀਨ ਸਿਰਫ 40 ਤੋਂ 60 ਰੁਪਏ ਸਾਲਾਨਾ ਠੇਕੇ ‘ਤੇ ਦਿੱਤੀ ਗਈ ਹੈ। ਇਹ ਵਧਾਇਆ ਜਾਏ ਤਾਂ ਜੋ ਗੁਰਧਾਮਾਂ ਦੀ ਆਮਦਨ ਵਧ ਸਕੇ ਅਤੇ ਇਨ੍ਹਾਂ ‘ਤੇ ਹੀ ਖਰਚੀ ਜਾ ਸਕੇ। ਵਕਫ ਬੋਰਡ ਦੇ ਚੇਅਰਮੈਨ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵਾਕਈ ਬਾਹਰ ਜਮੀਨ ਦਾ ਠੇਕਾ ਬਹੁਤਾ ਹੈ। ਇਸ ਉਤੇ ਸਦਰ ਨੇ ਉਨ੍ਹਾਂ ਨੂੰ ਤਾਕੀਦ ਕੀਤੀ ਕਿ ਗੁਰਧਾਮਾਂ ਦੀ ਸਾਰੀ ਜਾਇਦਾਦ ਦਾ ਠੇਕਾ ਜਾਂ ਕਿਰਾਇਆ 50 ਤੋਂ 200 ਫੀਸਦੀ ਵਧਾ ਦਿੱਤਾ ਜਾਏ।
ਰਾਵੀ ਕੰਢੇ ਕਰਤਾਰਪੁਰ ਵਿਖੇ ਗੁਰੂ ਨਾਨਕ ਦੇਵ ਜੀ ਦੇ ਆਪਣੇ ਜੀਵਨ ਦੇ ਆਖਰੀ ਬਿਤਾਏ ਗਏ ਸਮੇਂ ਦਾ ਜ਼ਿਕਰ ਕਰਦਿਆਂ ਅਤੇ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਦੀ ਸਿੰਘਾਂ ਲਈ ਮਹੱਤਤਾ ਦਾ ਜ਼ਿਕਰ ਕਰਦਿਆਂ ਸ਼ ਮਜੀਠਾ ਨੇ ਮੰਗ ਕੀਤੀ ਕਿ ਇਹ ਗੁਰਦੁਆਰਾ ਵੀ ਦਰਸ਼ਨ ਲਈ ਖੋਲ੍ਹ ਦਿੱਤਾ ਜਾਏ। ਸਦਰ ਨੇ ਕਿਹਾ, “ਮੈਂ ਉਥੇ ਜਾ ਕੇ ਇਸ ਦਾ ਮੁਆਇਨਾ ਕਰਾਂਗਾ ਅਤੇ ਫਿਰ ਦੱਸਾਂਗਾ।” ਸਦਰ ਜ਼ਿਆ ਨੇ ਡੈਲੀਗੇਸ਼ਨ ਨੂੰ ਪੂਰਾ ਭਰੋਸਾ ਦਿਵਾਇਆ ਕਿ ਪਾਕਿਸਤਾਨ ਸਰਕਾਰ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦਰਸ਼ਨ ਦੀਦਾਰ, ਸੇਵਾ ਸੰਭਾਲ ਅਤੇ ਵੱਧ ਤੋਂ ਵੱਧ ਸਹੂਲਤਾਂ ਦੇਣ ਦੀ ਪੂਰੀ ਕੋਸ਼ਿਸ਼ ਕਰੇਗੀ। ਇਹ ਉਨ੍ਹਾਂ ਦਾ ਫਰਜ਼ ਹੈ, ਡਿਊਟੀ ਹੈ।
ਚਾਹ ਆਦਿ ਤੋਂ ਵਿਹਲੇ ਹੋ ਕੇ 45 ਮਿੰਟ ਦੀ ਮੁਲਾਕਾਤ ਪਿੱਛੋਂ ਡੈਲੀਗੇਸ਼ਨ ਨੇ ਸਦਰ ਤੋਂ ਵਿਦਾ ਲਈ। ਸਦਰ ਜ਼ਿਆ ਲਾਅਨ ਦੇ ਬਾਹਰ ਤੱਕ ਆਏ ਅਤੇ ਸਭ ਨਾਲ ਹੱਥ ਮਿਲਾਉਂਦਿਆਂ ਆਪਣੀਆਂ ਸ਼ੁਭ ਇੱਛਾਵਾਂ ਦਿੱਤੀਆਂ।

ਗੁਜਰਾਂਵਾਲਾ ਦੀ ਅਭੁੱਲ ਯਾਤਰਾ
ਜਨਰਲ ਜ਼ਿਆ ਨੂੰ ਮਿਲ ਕੇ ਰਾਵਲਪਿੰਡੀ ਤੋਂ ਬਾਹਰ ਨਿਕਲੇ ਤਾਂ ਸ਼ਾਮ ਹੋਣ ਲੱਗੀ ਸੀ। ਜਿਹਲਮ ਕੋਲ ਆ ਕੇ ਰਾਤ ਹੋਣ ਲੱਗੀ ਸੀ। ਗੱਡੀ ਦੇ ਡਰਾਈਵਰ ਨੇ ਰੇਡੀਓ ਲਾ ਦਿੱਤਾ ਜਿਸ ‘ਤੇ ਸ਼ਾਮ ਦੀ ਨਮਾਜ਼ ਪੜ੍ਹੀ ਜਾ ਰਹੀ ਸੀ। ਇਸ ਦੀ ਪ੍ਰਤੀਕ੍ਰਿਆ ਵਜੋਂ ਭਾਗ ਸਿੰਘ ਸਮੇਤ ਡੈਲੀਗੇਸ਼ਨ ਦੇ ਮੈਂਬਰਾਂ ਨੇ ਉਚੀ ਉਚੀ ‘ਰਹਿਰਾਸ’ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਰਾਤ ਦੇ ਅੱਠ ਕੁ ਵਜੇ ਗੁਜਰਾਂਵਾਲੇ ਪਹੁੰਚੇ। ਬਾਜ਼ਾਰ ਤੰਗ ਹੋਣ ਕਰਕੇ ਆਪਣੀ ਗੱਡੀ ਬਾਹਰ ਖੜ੍ਹੀ ਕਰਕੇ ਜਦੋਂ ਅਸੀਂ ਪੈਦਲ ਹੀ ਹਵੇਲੀ ਵੱਲ ਤੁਰਨ ਲੱਗੇ, ਇਹ ਦੇਖ ਕੇ ਸਾਡੀ ਹੈਰਾਨੀ ਦੀ ਹੱਦ ਨਾ ਰਹੀ ਕਿ ਬਾਜ਼ਾਰ ਦੇ ਦੋਵੇਂ ਪਾਸੇ ਸੈਂਕੜੇ ਹੀ ਲੋਕ, ਵਿਸ਼ੇਸ਼ ਕਰਕੇ ਨੌਜਵਾਨ ਖੜ੍ਹੇ ਬੜੀ ਬੇਸਬਰੀ ਨਾਲ ਸਾਡੀ ਉਡੀਕ ਕਰ ਰਹੇ ਸਨ। ਸਕਿਓਰਿਟੀ ਆਦਿ ਦਾ ਪ੍ਰਬੰਧ ਕਰਨ ਕਰਕੇ ਸਥਾਨਕ ਅਧਿਕਾਰੀਆਂ ਨੂੰ ਸਾਡੇ ਪ੍ਰੋਗਰਾਮ ਬਾਰੇ ਪਹਿਲਾਂ ਹੀ ਇਤਲਾਹ ਕੀਤੀ ਗਈ ਸੀ।
ਅਗਸਤ 1947 ਵਿਚ ਵੰਡ ਪਿੱਛੋਂ ਇਥੇ ਪਹਿਲੀ ਵਾਰੀ ਸਿੱਖ ਯਾਤਰੀ ਆਏ ਸਨ। ਜਿਨ੍ਹਾਂ ਦਾ ਜਨਮ ਅਗਸਤ 1947 ਪਿੱਛੋਂ ਹੋਇਆ, ਉਨ੍ਹਾਂ ਨੇ ਤਾਂ ਕਦੀ ਸਿੱਖ ਦੇਖੇ ਹੀ ਨਹੀਂ ਸਨ। ਸਾਡੇ ਆਉਣ ‘ਤੇ ਇਨ੍ਹਾਂ ਨੇ ਤਾੜੀਆਂ ਵਜਾ ਕੇ ਸਾਡਾ ਸਵਾਗਤ ਕੀਤਾ। ਆਪਣੇ ਘਰਾਂ ਅਤੇ ਗਲੀਆਂ ਵਿਚ ਖੇਡਦੇ ਬੱਚੇ ਦੌੜ ਦੌੜ ਕੇ ਸਿੰਘਾਂ ਨੂੰ ਵੇਖਣ ਆ ਰਹੇ ਸਨ।
ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਲਾਗੇ ਵੀ ਕਾਫੀ ਇਕੱਠ ਸੀ। ਅਸੀਂ ਜਾ ਕੇ ਬੈਠੇ ਹੀ ਸਾਂ ਕਿ ਹਵੇਲੀ ਦੇ ਪਿਛਲੇ ਪਾਸੇ ਸਬਜ਼ੀ ਮੰਡੀ ਵਿਚ ਹਜ਼ਾਰਾਂ ਹੀ ਲੋਕਾਂ, ਵਿਸ਼ੇਸ਼ ਕਰਕੇ ਨੌਜਵਾਨਾਂ ਦਾ ਬਹੁਤ ਵੱਡਾ ਇਕੱਠ ਹੋ ਗਿਆ। ਆਸੇ ਪਾਸੇ ਕਈ ਥਾਂਵਾਂ ‘ਤੇ ਬਿਜਲੀ ਦੇ ਬਲਬਾਂ ਨਾਲ ਦੀਪਮਾਲਾ ਕੀਤੀ ਹੋਈ ਸੀ। ਨੌਜਵਾਨਾਂ ਵਲੋਂ ਵਾਰ ਵਾਰ ਜ਼ੋਰ ਦੇਣ ‘ਤੇ ਵਕਫ ਬੋਰਡ ਦੇ ਅਧਿਕਾਰੀਆਂ ਨੇ ਸਾਨੂੰ ਸਾਰਿਆਂ ਨੂੰ ਬੇਨਤੀ ਕੀਤੀ ਕਿ ਪਿਛਲੇ ਪਾਸੇ ਗੈਲਰੀ ਵਿਚ ਖੜੋ ਕੇ ਸੰਗਤਾਂ ਨੂੰ ਦਰਸ਼ਨ ਦਿਉ। ਅਸੀਂ ਸਾਰੇ ਗੈਲਰੀ ਵਿਚ ਆ ਕੇ ਖੜ੍ਹੋ ਗਏ, ਨੌਜਵਾਨਾਂ ਨੂੰ ਜਿਵੇਂ ਕੋਈ ਖਜਾਨਾ ਮਿਲ ਗਿਆ ਹੋਵੇ, ਉਹ ਨਾਅਰੇ ਲਾਉਣ ਲੱਗੇ, “ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।” ਸ਼ਾਇਦ ਕਿਸੇ ਪੁਰਾਣੇ ਬਜੁਰਗ ਨੇ ਇਸੇ ਜੈਕਾਰੇ ਬਾਰੇ ਉਨ੍ਹਾਂ ਨੂੰ ਦੱਸਿਆ ਹੋਵੇਗਾ। ਕਈਆਂ ਨੇ ‘ਖਾਲਿਸਤਾਨ ਜਿੰਦਾਬਾਦ’ ਦੇ ਨਾਅਰੇ ਵੀ ਲਾਏ ਪਰ ਉਨ੍ਹਾਂ ਨੂੰ ਰੋਕ ਦਿੱਤਾ ਗਿਆ। ਦਲ ਖਾਲਸਾ ਵਲੋਂ ਸਵਾ ਕੁ ਮਹੀਨਾ ਪਹਿਲਾਂ 29 ਸਤੰਬਰ ਨੂੰ ਭਾਰਤੀ ਹਵਾਈ ਜਹਾਜ ਅਗਵਾ ਕਰਕੇ ਲਾਹੌਰ ਲਿਆਉਣ ਕਾਰਨ ਖਾਲਿਸਤਾਨ ਦਾ ਨਾਂ ਇਥੇ ਪਹੁੰਚ ਚੁਕਾ ਸੀ, ਉਹ ਸਮਝਦੇ ਸਨ ਕਿ ਚੜ੍ਹਦੇ ਪੰਜਾਬ ਵਿਚ ਖਾਲਿਸਤਾਨ ਲਹਿਰ ਬੜੇ ਜ਼ੋਰ ਸ਼ੋਰ ਨਾਲ ਚਲ ਰਹੀ ਹੈ।
ਸ਼ ਮਜੀਠਾ ਅਤੇ ਸ਼ ਕਾਬਲ ਸਿੰਘ ਨੇ ਇਸ ਇਕੱਠ ਨੂੰ ਗੈਲਰੀ ਤੋਂ ਸੰਬੋਧਨ ਕਰਦਿਆਂ ਕਿਹਾ, “ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਉਣ ਲਈ ਸਿੱਖ ਯਾਤਰੀਆਂ ਦਾ ਜਥਾ ਪਾਕਿਸਤਾਨ ਆਇਆ ਸੀ, ਅਸੀਂ 14 ਮੈਂਬਰੀ ਡੈਲੀਗੇਸ਼ਨ ਅੱਜ ਰਾਵਲਪਿੰਡੀ ਵਿਖੇ ਸਦਰ ਜਨਰਲ ਜ਼ਿਆ-ਉਲ-ਹੱਕ ਨੂੰ ਮਿਲ ਕੇ ਆ ਰਹੇ ਹਾਂ। ਉਨ੍ਹਾਂ ਸਾਨੂੰ ਗੁਜਰਾਂਵਾਲੇ ਦੀ ਯਾਤਰਾ ਵੀ ਕਰਵਾ ਦਿੱਤੀ ਹੈ।” ਇਸ ‘ਤੇ ਨੌਜਵਾਨ ਨਾਅਰੇ ਲਾਉਣ ਲੱਗੇ: “ਸਦਰ ਜ਼ਿਆ ਜ਼ਿੰਦਾਬਾਦ। ਸਰਦਾਰ ਮਜੀਠਾ ਜ਼ਿੰਦਾਬਾਦ। ਸਰਦਾਰ ਕਾਬਲ ਸਿੰਘ ਜ਼ਿੰਦਾਬਾਦ।” ਕਈਆਂ ਨੇ ਫਿਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ, ਉਨ੍ਹਾਂ ਨੂੰ ਫਿਰ ਰੋਕ ਦਿੱਤਾ ਗਿਆ।
ਦੋਹਾਂ ਲੀਡਰਾਂ ਨੇ ਨੌਜਵਾਨਾਂ ਨੂੰ ਕਿਹਾ, “ਸਾਡੀ ਪਾਕਿਸਤਾਨ ਨਾਲ ਸਾਂਝ ਅਟੁੱਟ ਹੈ, ਗੁਰੂ ਨਾਨਕ ਦੇਵ ਜੀ ਦਾ ਪਾਵਨ ਜਨਮ ਅਸਥਾਨ ਤੇ ਗੁਰੂ ਸਾਹਿਬਾਨ ਦੀ ਚਰਨ-ਛੋਹ ਪ੍ਰਾਪਤ ਸੈਂਕੜੇ ਹੀ ਗੁਰਦੁਆਰੇ ਪਾਕਿਸਤਾਨ ਵਿਚ ਹਨ। ਨਨਕਾਣਾ ਸਾਹਿਬ ਸਿੱਖਾਂ ਲਈ ਮੱਕਾ ਹੈ। ਆਪਣੀ ਮਾਂ-ਬੋਲੀ ਪੰਜਾਬੀ ਤੇ ਸਭਿਆਚਾਰ ਇਕੋ ਹੈ।” ਉਨ੍ਹਾਂ ਗੁਰਧਾਮਾਂ ਦੀ ਯਾਤਰਾ ਦੌਰਾਨ ਪਾਕਿਸਤਾਨ ਸਰਕਾਰ ਅਤੇ ਆਵਾਮ ਵਲੋਂ ਮਿਲੇ ਪਿਆਰ, ਸਤਿਕਾਰ ਤੇ ਸਹਿਯੋਗ ਲਈ ਧੰਨਵਾਦ ਕੀਤਾ।
ਇਸ ਦੌਰਾਨ ਆਸ-ਪਾਸ ਦੇ ਮੁਹੱਲਿਆਂ ਵਿਚੋਂ ਬਹੁਤ ਸਾਰੀਆਂ ਬੀਬੀਆਂ ਇਕੱਠੀਆਂ ਹੋ ਕੇ ਸਰਦਾਰਨੀ ਮਜੀਠਾ ਅਤੇ ਸਾਡੇ ਡੈਲੀਗੇਸ਼ਨ ਵਿਚ ਇਕ ਹੋਰ ਬੀਬੀ ਨੂੰ ਮਿਲਣ ਲਈ ਹਵੇਲੀ ਵਿਚ ਆ ਗਈਆਂ।
ਡੈਲੀਗੇਸ਼ਨ ਨੇ ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਦੇ ਸਾਰੇ ਕਮਰੇ ਵੇਖੇ। ਇਥੇ ਪਹਿਲਾਂ ਥਾਣਾ ਹੁੰਦਾ ਸੀ, ਜੋ ਥੋੜ੍ਹੇ ਦਿਨ ਪਹਿਲਾਂ ਹੀ ਖਾਲੀ ਕਰਵਾ ਲਿਆ ਸੀ ਅਤੇ ਮੁਰੰਮਤ ਮਗਰੋਂ ਸਫੈਦੀ ਕਰਵਾ ਦਿੱਤੀ ਗਈ ਸੀ। ਥਾਣੇਦਾਰ ਦੀ ਰਿਹਾਇਸ਼ ਵਿਚ ਹੀ ਸੀ, ਉਹ ਵੀ ਖਾਲੀ ਕਰਵਾ ਲਈ ਗਈ ਸੀ ਪਰ ਉਸ ਦੀ ਨੇਮ-ਪਲੇਟ ਲੱਗੀ ਰਹਿ ਗਈ ਸੀ।
ਗੁਜਰਾਂਵਾਲੇ ਦੇ ਪ੍ਰੈਸ ਰਿਪੋਰਟਰ ਅਤੇ ਪ੍ਰੈਸ ਫੋਟੋਗ੍ਰਾਫਰ ਸ਼ ਮਜੀਠਾ, ਸ਼ ਕਾਬਲ ਸਿੰਘ ਤੇ ਡੈਲੀਗੇਸ਼ਨ ਦੇ ਹੋਰ ਮੈਂਬਰਾਂ ਨਾਲ ਇੰਟਰਵਿਊ ਕਰਨ ਅਤੇ ਫੋਟੋਆਂ ਖਿੱਚਣ ਆ ਗਏ। ਉਹ ਖੁਦ ਵੀ ਸਾਡੇ ਨਾਲ ਫੋਟੋਆਂ ਖਿਚਵਾਉਣ ਲੱਗੇ। ਕਈ ਹੋਰ ਬਾਰਸੂਖ ਲੋਕ ਵੀ ਹਵੇਲੀ ਅੰਦਰ ਆ ਗਏ, ਉਹ ਵੀ ਫੋਟੋਆਂ ਖਿਚਵਾਉਣ ਲੱਗੇ ਤੇ ਸਾਡੇ ਸਭਨਾਂ ਦੇ ਆਟੋਗਰਾਫ ਲੈਣ ਲੱਗੇ। ਮੇਰਾ ਖਿਆਲ ਹੈ ਕਿ ਦਸ ਦਿਨਾਂ ਦੀ ਯਾਤਰਾ ਦੌਰਾਨ ਸਾਡੀਆਂ ਇਤਨੀਆਂ ਫੋਟੋਆਂ ਨਹੀਂ ਖਿੱਚੀਆਂ ਗਈਆਂ ਹੋਣਗੀਆਂ, ਜਿੰਨੀਆਂ ਇਨ੍ਹਾਂ ਕੋਈ ਦੋ ਘੰਟਿਆਂ ਵਿਚ ਖਿੱਚੀਆਂ ਗਈਆਂ। ਹਵੇਲੀ ਅੰਦਰ ਹੀ ਟੀ. ਵੀ. ਮੰਗਵਾ ਕੇ ਅਸੀਂ ਸ਼ਾਮ ਨੂੰ ਜਨਰਲ ਜ਼ਿਆ ਨਾਲ ਹੋਈ ਮੁਲਾਕਾਤ ਬਾਰੇ ਖਬਰ ਵੀਡੀਓ ਸਮੇਤ ਦੇਖੀ।
ਇਥੇ ਖਾਣਾ ਖਾ ਕੇ ਵਾਪਸ ਮੁੜੇ ਤਾਂ ਵੀ ਸੈਂਕੜੇ ਨੌਜਵਾਨ ਪਹਿਲਾਂ ਵਾਂਗ ਸੜਕ ਦੇ ਦੋਨੋਂ ਪਾਸੇ ਖੜ੍ਹੇ ਸਨ ਤੇ ਸਾਡੀ ਗੱਡੀ ਲਾਗੇ ਵੀ ਕਾਫੀ ਭੀੜ ਜਮ੍ਹਾਂ ਸੀ; ਹਾਲਾਂਕਿ ਕਾਫੀ ਰਾਤ ਹੋ ਗਈ ਸੀ। ਉਥੇ ਵੀ ਕਈਆਂ ਨੇ ਸਾਡੇ ਨਾਲ ਫੋਟੋਆਂ ਖਿਚਵਾਈਆਂ। ਉਨ੍ਹਾਂ ਕਿਹਾ ਕਿ ਉਹ ਭਾਰਤ ਦੇ ਲੋਕਾਂ ਨਾਲ ਦੋਸਤੀ ਚਾਹੁੰਦੇ ਹਨ। ਗੁਜਰਾਂਵਾਲਾ ਵਾਲਿਆਂ ਨੇ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਸਾਨੂੰ ਵਿਦਾ ਕੀਤਾ।