ਔਰਤਾਂ ਨਾਲ ਵਧ ਰਹੇ ਅਪਰਾਧ: ਸਰਕਾਰ ਤੇ ਸਮਾਜ ਦਾ ਰੋਲ

ਡਾ. ਗੁਰਿੰਦਰ ਕੌਰ*
ਫੋਨ: 424-362-8759
ਹਰਿਆਣਾ ਦੇ ਰੇਵਾੜੀ ਜ਼ਿਲੇ ਦੇ ਪਿੰਡ ਨਵਾਂਗਾਓ ਦੀ 19 ਸਾਲ ਦੀ ਲੜਕੀ ਨਾਲ ਹੋਏ ਸਮੂਹਿਕ ਬਲਾਤਕਾਰ ਨੇ ਦੇਸ਼ ਵਿਚ ਔਰਤਾਂ ਦੀ ਸੁਰੱਖਿਆ ਉਤੇ ਇੱਕ ਵਾਰ ਫਿਰ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ। ਇਹ ਲੜਕੀ ਰਾਜ ਵਿਚ ਸੀ. ਬੀ. ਐਸ਼ ਈ. ਦੀ ਪ੍ਰੀਖਿਆ ਵਿਚ ਅਵੱਲ ਆਈ ਸੀ ਅਤੇ ਇਸ ਦਾ ਰਾਸ਼ਟਰਪਤੀ ਨੇ ਸਨਮਾਨ ਵੀ ਕੀਤਾ ਸੀ। ਇਸ ਸਾਲ 12 ਸਤੰਬਰ ਨੂੰ ਜਦੋਂ ਇਹ ਲੜਕੀ ਕੋਚਿੰਗ ਕਲਾਸ ਲਾਉਣ ਲਈ ਕਲੀਨਾ ਬੱਸ ਸਟੈਂਡ ਉਤੇ ਬੱਸ ਲੈਣ ਲਈ ਖੜ੍ਹੀ ਸੀ

ਤਾਂ ਉਸ ਦੇ ਪਿੰਡ ਦੇ ਦੋ ਲੜਕਿਆਂ-ਪੰਕਜ਼ ਅਤੇ ਮਨੀਸ਼ ਨੇ ਉਸ ਨੂੰ ਕੋਈ ਨਸ਼ੀਲੀ ਚੀਜ਼ ਪਿਲਾ ਕੇ ਅਗਵਾ ਕਰ ਲਿਆ ਸੀ। ਉਸ ਪਿਛੋਂ ਉਹ ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਕਿਸੇ ਟਿਊਬਵੈਲ ਦੇ ਕੋਠੇ ਵਿਚ ਲੈ ਗਏ, ਜਿੱਥੇ ਪੁਲਿਸ ਅਨੁਸਾਰ 12 ਵਿਅਕਤੀਆਂ ਨੇ ਉਸ ਨਾਲ ਬਲਾਤਕਾਰ ਕੀਤਾ। ਇਸ ਘਿਨੌਣੀ ਵਾਰਦਾਤ ਪਿਛੋਂ ਦੋਸ਼ੀਆਂ ਨੇ ਲੜਕੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਫਿਰ ਉਸੇ ਬੱਸ ਸਟੈਂਡ ਉਤੇ ਸੁੱਟ ਦਿੱਤਾ, ਜਿੱਥੋਂ ਉਸ ਨੂੰ ਅਗਵਾ ਕੀਤਾ ਸੀ।
ਬੇਸ਼ਰਮੀ ਅਤੇ ਗੁੰਡਾਗਰਦੀ ਦੀ ਹੱਦ ਤਾਂ ਉਦੋਂ ਹੋ ਗਈ, ਜਦੋਂ ਇਨ੍ਹਾਂ ਵਿਚੋਂ ਇੱਕ ਲੜਕੇ (ਮਨੀਸ਼) ਨੇ ਲੜਕੀ ਦੇ ਪਿਤਾ ਨੂੰ ਫੋਨ ਕਰ ਕੇ ਦੱਸਿਆ ਕਿ ਤੁਹਾਡੀ ਲੜਕੀ ਨੀਮ ਬੇਹੋਸ਼ੀ ਦੀ ਹਾਲਤ ਵਿਚ ਕਲੀਨਾ ਬੱਸ ਅੱਡੇ ਉਤੇ ਪਈ ਹੈ, ਉਸ ਨੂੰ ਚੁੱਕ ਕੇ ਲੈ ਜਾਓ। ਪੁਲਿਸ ਨੇ ਇਸ ਵਾਰਦਾਤ ਦੇ ਪੰਜ ਦੋਸ਼ੀਆਂ ਨਿਸ਼ੂ, ਪੰਕਜ, ਮਨੀਸ਼, ਟਿਊਬਵੈਲ ਮਾਲਕ ਦੀਨਦਿਆਲ ਅਤੇ ਆਰ. ਐਮ. ਪੀ. ਸੰਜੀਵ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਘਿਨੌਣੀ ਵਾਰਦਾਤ ਨੇ ਸਰਕਾਰ ਦੇ ਵਾਅਦਿਆਂ ਅਤੇ ਨਾਅਰਿਆਂ ਦੀਆਂ ਧੱਜੀਆਂ ਤਾਂ ਉਡਾਈਆਂ ਹੀ ਹਨ, ਪੁਲਿਸ ਦੀ ਕਾਰਗੁਜ਼ਾਰੀ, ਸਮਾਜਕ ਤਾਣੇ-ਬਾਣੇ ਅਤੇ ਰਿਸ਼ਤੇ-ਨਾਤਿਆਂ, ਸਭ ਦੀ ਕਾਰਗੁਜ਼ਾਰੀ ਦੀ ਪੋਲ ਖੋਲ੍ਹ ਦਿੱਤੀ ਹੈ। ਘਟਨਾ ਦਾ ਸਭ ਤੋਂ ਪਹਿਲਾਂ ਪ੍ਰੇਸ਼ਾਨ ਕਰਨ ਵਾਲਾ ਪਹਿਲੂ ਤਾਂ ਇਹ ਹੈ ਕਿ ਐਫ਼ ਆਈ. ਆਰ. ਲਿਖਾਉਣ ਲਈ ਪੀੜਤ ਅਤੇ ਉਸ ਦੇ ਮਾਪਿਆਂ ਨੂੰ ਕਈ ਘੰਟੇ ਖੱਜਲਖੁਆਰ ਹੋਣਾ ਪਿਆ ਕਿਉਂਕਿ ਪਹਿਲਾਂ ਪੁਲਿਸ ਅਧਿਕਾਰ ਖੇਤਰ ਦਾ ਹਵਾਲਾ ਦੇ ਕੇ ਰਿਪੋਰਟ ਲਿਖਣ ਤੋਂ ਨਾਂਹ ਕਰਦੀ ਰਹੀ। ਪਿਛੋਂ ਲੋਕਾਂ ਦੇ ਵਿਰੋਧ ਅਤੇ ਸਿਆਸੀ ਵਿਰੋਧੀਆਂ ਦੇ ਦਬਾਅ ਪਾਉਣ ਤੋਂ ਸਰਕਾਰ ਹਰਕਤ ਵਿਚ ਆਈ ਅਤੇ ਕੇਸ ਰਜਿਸਟਰ ਹੋਇਆ। ਸਵਾਲ ਹੈ ਕਿ ਕੇਸ ਰਜਿਸਟਰ ਕਰਨ ਤੋਂ ਲੈ ਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਹਰ ਵਾਰ ਸਰਕਾਰ ਲੋਕਾਂ ਨੂੰ ਸੜਕਾਂ ਉਤੇ ਉਤਰਨ ਲਈ ਕਿਉਂ ਮਜਬੂਰ ਕਰਦੀ ਹੈ?
ਹਰਿਆਣਾ ਦੇਸ਼ ਦਾ ਉਹ ਰਾਜ ਹੈ, ਜਿੱਥੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਨਾਅਰੇ ਦੀ ਸ਼ੁਰੂਆਤ ਹੋਈ ਸੀ। ਇਸ ਕੇਸ ਵਿਚ ਮਾਪਿਆਂ ਨੇ ਬੇਟੀ ਬਚਾਈ ਵੀ, ਸ਼ਿੱਦਤ ਨਾਲ ਪੜ੍ਹਾ ਵੀ ਰਹੇ ਸਨ ਅਤੇ ਬੇਟੀ ਪੜ੍ਹ ਵੀ ਰਹੀ ਸੀ, ਪਰ ਸਰਕਾਰ ਉਸ ਨੂੰ ਸੁਰੱਖਿਅਤ ਮਾਹੌਲ ਨਹੀਂ ਦੇ ਸਕੀ। ਇਸੇ ਲਈ ਲੜਕੀ ਦੇ ਮਾਂ-ਬਾਪ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਮਾਂ-ਬਾਪ ਬੇਟੀਆਂ ਨੂੰ ਬਚਾਉਂਦੇ ਅਤੇ ਪੜ੍ਹਾਉਂਦੇ ਇਸ ਲਈ ਨਹੀਂ ਕਿ ਬਾਅਦ ਵਿਚ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਹੋਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਨੂੰ ਮੁਆਵਜ਼ਾ ਨਹੀਂ, ਇਨਸਾਫ ਚਾਹੀਦਾ ਹੈ-ਸਿਰਫ ਤੇ ਸਿਰਫ ਦੋਸ਼ੀਆਂ ਨੂੰ ਸਜ਼ਾ, ਉਹ ਵੀ ਮੌਤ ਦੀ ਅਤੇ ਬਿਨਾ ਦੇਰੀ ਤੋਂ।
ਇਸ ਕੇਸ ਵਿਚ ਇਨਸਾਨੀਅਤ ਅਤੇ ਰਿਸ਼ਤਿਆਂ ਦੀ ਇੰਤਹਾ ਦੇਖੋ! ਤਿੰਨੇ ਮੁੱਖ ਦੋਸ਼ੀ-ਨਿਸ਼ੂ, ਪੰਕਜ ਅਤੇ ਮਨੀਸ਼ ਪੀੜਤ ਲੜਕੀ ਦੇ ਪਿੰਡ ਦੇ ਹਨ, ਜਿਸ ਕਾਰਨ ਉਨ੍ਹਾਂ ਦਾ ਲੜਕੀ ਨਾਲ ਭਾਈ, ਭਤੀਜਾ, ਚਾਚਾ ਆਦਿ ਵਰਗਾ ਕੋਈ ਨਾ ਕੋਈ ਰਿਸ਼ਤਾ ਤਾਂ ਹੋਣਾ ਹੀ ਹੈ, ਪਰ ਦੋਸ਼ੀਆਂ ਨੇ ਸਾਰੇ ਰਿਸ਼ਤਿਆਂ ਨੂੰ ਤਾਰ ਤਾਰ ਕਰ ਦਿੱਤਾ। ਪੰਕਜ ਨਾਂ ਦੇ ਲੜਕੇ ਦੀ ਲੜਕੀ ਦੇ ਪਿਤਾ ਨੇ ਪਹਿਲਾਂ ਕਬੱਡੀ ਕੋਚਿੰਗ ਵਿਚ, ਫਿਰ ਫੌਜ ਵਿਚ ਭਰਤੀ ਹੋਣ ਲਈ ਕਾਫੀ ਮਦਦ ਕੀਤੀ ਸੀ, ਪਰ ਇਸ ਲੜਕੇ ਉਤੇ ਵਹਿਸ਼ੀਅਤ ਇੰਨੀ ਭਾਰੂ ਜੋ ਗਈ ਕਿ ਉਸ ਦੀ ਜ਼ਮੀਰ ਹੀ ਮਰ ਗਈ।
ਜਦੋਂ ਵੀ ਕੋਈ ਅਜਿਹਾ ਕੇਸ ਆਉਂਦਾ ਹੈ, ਜਿੱਥੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੁੰਦੀ ਹੋਵੇ, ਖਾਸ ਕਰ ਬਲਾਤਕਾਰ ਦੇ ਦੋਸ਼ੀਆਂ ਨੂੰ, ਤਾਂ ਕੁਝ ਲੋਕ ਮਨੁੱਖੀ ਹੱਕਾਂ ਦੀ ਆੜ ਲੈ ਕੇ ਇਨ੍ਹਾਂ ਦੋਸ਼ੀਆਂ ਦੀ ਹਮਾਇਤ ਵਿਚ ਖੜ੍ਹੇ ਹੋ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਇਨ੍ਹਾਂ ਨੂੰ ਸੁਧਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਇਸ ਕੇਸ ਵਿਚ ਦੋਸ਼ੀਆਂ ਨੇ ਆਪ ਪੁਲਿਸ ਕੋਲ ਮੰਨਿਆ ਹੈ ਕਿ ਉਹ ਇਸ ਤੋਂ ਪਹਿਲਾਂ ਵੀ ਚਾਰ ਵਾਰ ਅਜਿਹੀਆਂ ਵਾਰਦਾਤਾਂ ਇਸੇ ਥਾਂ ਉਤੇ ਕਰ ਚੁਕੇ ਹਨ, ਪਰ ਪਹਿਲਾਂ ਕਿਸੇ ਨੇ ਰਿਪੋਰਟ ਹੀ ਨਹੀਂ ਲਿਖਾਈ ਸੀ। ਦੋਸ਼ੀਆਂ ਨੇ ਪਹਿਲਾਂ ਲੜਕੀ ਅਤੇ ਉਸ ਦੇ ਪਿਤਾ ਨੂੰ ਧਮਕਾਇਆ ਕਿ ਪੁਲਿਸ ਰਿਪੋਰਟ ਨਾ ਲਿਖਾਉਣ ਅਤੇ ਫਿਰ ਹਸਪਤਾਲ ਕਰਮਚਾਰੀਆਂ ਨੂੰ ਬਲਾਤਕਾਰ ਦੇ ਸਬੂਤਾਂ ਦੀ ਰਿਪੋਰਟ ਨਾ ਦੇਣ ਲਈ ਵੀ ਧਮਕਾਇਆ ਸੀ। ਸ਼ਾਇਦ ਪੁਲਿਸ ਵੀ ਪਹਿਲਾਂ ਇਸੇ ਲਈ ਐਫ਼ ਆਈ. ਆਰ. ਲਿਖਣ ਲਈ ਆਨਾ-ਕਾਨੀ ਕਰ ਰਹੀ ਸੀ ਕਿ ਉਨ੍ਹਾਂ ਨਾਲ ਦੋਸ਼ੀਆਂ ਨੇ ਕੋਈ ਗੰਢ-ਤਰੁਪ ਕੀਤੀ ਹੋਏ।
ਪਿੰਡ ਵਾਲਿਆਂ ਨੇ ਵੀ ਮੰਨਿਆ ਹੈ ਕਿ ਨਿਸ਼ੂ ਅਤੇ ਉਸ ਦੇ ਸਾਥੀਆਂ ਨੇ ਇਸ ਵਾਰਦਾਤ ਤੋਂ ਪਹਿਲਾਂ ਪਿੰਡ ਦੀਆਂ ਲੜਕੀਆਂ ਨਾਲ ਇਹੋ ਕੁਝ ਕੀਤਾ ਸੀ, ਪਰ ਪਿੰਡ ਵਾਲਿਆਂ ਨੇ ਬਦਨਾਮੀ ਦੇ ਡਰੋਂ ਪੰਚਾਇਤੀ ਪੱਧਰ ‘ਤੇ ਮਾਮਲੇ ਨੂੰ ਦਬਾ ਦਿੱਤਾ ਸੀ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਜੇ ਗੱਲ ਪੁਲਿਸ ਤੱਕ ਚਲੀ ਗਈ ਤਾਂ ਉਨ੍ਹਾਂ ਦੀਆਂ ਲੜਕੀਆਂ ਦਾ ਵਿਆਹ ਨਹੀਂ ਹੋਵੇਗਾ। ਇੱਕ ਪੀੜਤ ਲੜਕੀ ਨੇ ਬਲਾਤਕਾਰ ਹੋਣ ਤੋਂ ਦੋ ਦਿਨ ਬਾਅਦ ਹੀ ਖੁਦਕੁਸ਼ੀ ਕਰ ਲਈ ਸੀ ਅਤੇ ਇੱਕ ਲੜਕੀ, ਜੋ ਹਾਲੇ ਸਕੂਲ ਵਿਚ ਪੜ੍ਹਦੀ ਹੈ, ਨੂੰ ਸਕੂਲ ‘ਚੋਂ ਅਗਵਾ ਕਰਕੇ ਇਸ ਕੇਸ ਤੋਂ ਸਿਰਫ ਇੱਕ ਹਫਤਾ ਪਹਿਲਾਂ ਉਸ ਨਾਲ ਬਲਾਤਕਾਰ ਕੀਤਾ ਸੀ, ਪਰ ਪੁਲਿਸ ਨੇ ਕੇਸ ਦਰਜ ਨਾ ਕੀਤਾ ਕਿਉਂਕਿ ਇੱਕ ਤਾਂ ਉਹ ਅਨਾਥ ਸੀ ਅਤੇ ਦੂਜਾ ਦਲਿਤ ਜਾਤੀ ਨਾਲ ਸਬੰਧ ਰਖਦੀ ਸੀ। ਜੇ ਪਿੰਡ ਵਾਲੇ ਪਹਿਲੀ ਵਾਰਦਾਤ ਪਿਛੋਂ ਹੀ ਕੇਸ ਦਰਜ ਕਰਵਾ ਦਿੰਦੇ ਤਾਂ ਬਾਕੀ ਦੀਆਂ ਲੜਕੀਆਂ ਦੀ ਜ਼ਿੰਦਗੀ ਬਰਬਾਦ ਨਾ ਹੁੰਦੀ। ਜ਼ਿਆਦਾਤਰ ਜੁਰਮ ਕਰਨ ਵਾਲਿਆਂ ਦੀ ਪ੍ਰਵਿਰਤੀ ਹੁੰਦੀ ਹੈ ਕਿ ਜੇ ਉਨ੍ਹਾਂ ਨੂੰ ਜੁਰਮ ਦੀ ਸਜ਼ਾ ਨਾ ਮਿਲੇ ਤਾਂ ਉਨ੍ਹਾਂ ਦਾ ਹੌਸਲਾ ਵਧ ਜਾਂਦਾ ਹੈ ਤੇ ਉਹ ਵਾਰ ਵਾਰ ਉਹੀ ਜੁਰਮ ਕਰਦੇ ਹਨ।
ਹਰਿਆਣਾ ਵਿਚ ਇਸ ਸਾਲ ਐਂਸਬਲੀ ਵਿਚ ਪੇਸ਼ ਕੀਤੇ ਗਏ ਅੰਕੜਿਆਂ ਵਿਚ ਦੱਸਿਆ ਗਿਆ ਹੈ ਕਿ ਸਾਲ 2014-2015 ਤੋਂ 2017-2018 ਤੱਕ ਔਰਤਾਂ ਨਾਲ ਹੋਣ ਵਾਲੇ ਜੁਰਮਾਂ ਵਿਚ ਕੁੱਲ 27 ਫੀਸਦ ਵਾਧਾ ਦਰਜ ਕੀਤਾ ਗਿਆ ਹੈ, ਜੋ ਹਰਿਆਣੇ ਵਿਚ ਔਰਤਾਂ ਦੀ ਸੁਰੱਖਿਆ ਉਤੇ ਸਾਫ ਤੌਰ ‘ਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ। ਇਕੱਲੇ ਇਸੇ ਪਿੰਡ ‘ਚੋਂ ਪੰਜ ਕੇਸਾਂ ਵਿਚ ਸਿਰਫ ਇੱਕ ਕੇਸ ਹੀ ਦਰਜ ਹੋਇਆ ਹੈ। ਰਾਜ ਵਿਚ ਔਰਤਾਂ ਦੀ ਅਸੁਰੱਖਿਅਤ ਸਥਿਤੀ ਦੇ ਕਾਰਨ ਹੀ ਸ਼ਾਇਦ ਹਰਿਆਣਾ ਵਿਚ ਸਾਲ 2011 ਦੇ ਅੰਕੜਿਆਂ ਅਨੁਸਾਰ ਔਰਤਾਂ ਅਤੇ ਲੜਕੀਆਂ ਦੀ ਗਿਣਤੀ ਪ੍ਰਤੀ ਹਜ਼ਾਰ ਮਰਦਾਂ ਤੇ ਲੜਕਿਆਂ ਦੇ ਮੁਕਾਬਲੇ ਦੇਸ਼ ਦੇ ਸਾਰੇ ਰਾਜਾਂ ਨਾਲੋਂ ਘੱਟ ਸੀ।
ਪਿੰਡ ਦੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਜੁਰਮ ਨੂੰ ਦਬਾਉਣ ਦੀ ਥਾਂ ਪੀੜਤ ਲੜਕੀ ਤੇ ਉਸ ਦੇ ਪਰਿਵਾਰ ਦੀ ਮਦਦ ਅਤੇ ਦੋਸ਼ੀਆਂ ਨੂੰ ਫੜ੍ਹਾਉਣ ਵਿਚ ਕਾਨੂੰਨ ਤੇ ਪੁਲਿਸ ਦੀ ਮਦਦ ਕਰਨ। ਹੁਣ ਸਮਾਜ, ਪੁਲਿਸ ਅਤੇ ਸਰਕਾਰ ਤੋਂ ਬਾਅਦ ਜੇ ਅਸੀਂ ਪੀੜਤ ਲੜਕੀ ਦੇ ਵਰਤਮਾਨ ਅਤੇ ਭਵਿੱਖ ਉਤੇ ਨਜ਼ਰ ਮਾਰੀਏ ਤਾਂ ਸਭ ਕੁਝ ਧੁੰਦਲਾ ਨਜ਼ਰ ਆਉਂਦਾ ਹੈ। ਉਹ ਲੜਕੀ, ਜੋ ਇੰਨੀ ਲਾਇਕ ਅਤੇ ਮਿਹਨਤੀ ਸੀ ਕਿ ਰਾਜ ਭਰ ਵਿਚੋਂ ਬੋਰਡ ਪ੍ਰੀਖਿਆ ਵਿਚ ਅਵੱਲ ਆਈ ਸੀ, ਅੱਜ ਡਾਵਾਂਡੋਲ ਟੁੱਟੀ ਹੋਈ ਸਰੀਰਕ ਅਤੇ ਮਾਨਸਿਕ ਅਵਸਥਾ ਵਿਚ ਪੁਲਿਸ ਥਾਣੇ ਵਿਚ ਹੁਣ ਤੱਕ ਵੀ ਰੁਲਦੀ ਫਿਰਦੀ ਹੈ। ਕੀ ਅਜਿਹੀ ਮਾਨਸਿਕ ਅਵਸਥਾ ਵਿਚ ਇਹ ਲੜਕੀ ਪਹਿਲਾਂ ਵਾਂਗ ਪੜ੍ਹ ਸਕੇਗੀ ਅਤੇ ਜੋ ਸੁਪਨਾ ਜਾਂ ਟੀਚਾ ਉਸ ਨੇ ਆਪਣੇ ਭਵਿੱਖ ਲਈ ਸਿਰਜਿਆ ਸੀ, ਕੀ ਉਸ ਨੂੰ ਕਦੇ ਪੂਰਾ ਕਰ ਸਕੇਗੀ?

*ਪ੍ਰੋਫੈਸਰ ਜਿਓਗਰਾਫੀ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ।